ਸਾਕਾ ਨੀਲਾ ਤਾਰਾ ਦੀ 30ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਕਰਵਾਏ ਜਾ ਰਹੇ ਸਮਾਗਮ ਮੌਕੇ ਹੋਈਆਂ ਹਿੰਸਕ ਘਟਨਾਵਾਂ ਨੇ ਸਮੁੱਚੇ ਸਿੱਖ ਜਗਤ ਨੂੰ ਹਲੂਣ ਕੇ ਰੱਖ ਦਿੱਤਾ ਹੈ। ਐਤਕੀਂ 30ਵੀਂ ਬਰਸੀ ਹੋਣ ਕਰ ਕੇ ਆਮ ਨਾਲੋਂ ਵੱਧ ਸ਼ਰਧਾਲੂ ਉਥੇ ਆਪੋ-ਆਪਣਾ ਦਰਦ ਵੰਡਾਉਣ ਅਤੇ ਨਤ-ਮਸਤਕ ਹੋਣ ਪੁੱਜੇ ਹੋਏ ਸਨ। ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਇਹ ਬਰਸੀ ਮਨਾਉਣ ਸਬੰਧੀ ਬਾਕਾਇਦਾ ਲਾਮਬੰਦੀ ਵੀ ਕੀਤੀ ਸੀ। ਇਸ ਬਰਸੀ ਮੌਕੇ ਪੰਜਾਬ ਅਤੇ ਸਿੱਖਾਂ ਨਾਲ ਸਬੰਧਤ ਮਸਲੇ ਉਭਾਰਨ ਦਾ ਬੜਾ ਚੰਗਾ ਮੌਕਾ ਸੀ ਅਤੇ ਸਭ ਧਿਰਾਂ ਨੂੰ ਚਾਹੀਦਾ ਸੀ ਕਿ ਉਸ ਇਨ੍ਹਾਂ ਮੁੱਦਿਆਂ ਉਤੇ ਆਪਣਾ ਧਿਆਨ ਕੇਂਦਰਤ ਕਰਦੀਆਂ, ਕਿਉਂਕਿ ਜਿਨ੍ਹਾਂ ਮੁੱਦਿਆਂ ਕਾਰਨ 30 ਸਾਲ ਪਹਿਲਾਂ ਪੰਜਾਬ ਸਿਰ ਸੰਕਟ ਪਿਆ ਸੀ, ਉਹ ਮੁੱਦੇ ਤਾਂ ਅੱਜ ਵੀ ਜਿਉਂ ਦੇ ਤਿਉਂ ਮੂੰਹ ਅੱਡੀ ਖੜ੍ਹੇ ਹਨ ਅਤੇ ਇਨ੍ਹਾਂ ਮੁੱਦਿਆਂ ਨੂੰ ਜਾਣ-ਬੁੱਝ ਕੇ ਤਾਕ ਵਿਚ ਰੱਖ ਦਿੱਤਾ ਗਿਆ ਹੈ। ਇਸ ਤਰ੍ਹਾਂ ਅਜਿਹੇ ਮੌਕੇ ਆਪਣੀ ਗੱਲ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਵਧੀਆ ਜ਼ਰੀਆ ਬਣ ਸਕਦੇ ਹਨ ਪਰ ਅਫਸੋਸ! ਧੜੇਬੰਦਕ ਅਤੇ ਸੌੜੀ ਸਿਆਸਤ ਤੇ ਸੋਚ ਨੇ ਇਸ ਸਮਾਗਮ ਦੀ ਚਰਚਾ ਸਾਰੇ ਸੰਸਾਰ ਵਿਚ ਹੋਰ ਹੀ ਢੰਗ ਨਾਲ ਕਰਵਾ ਦਿੱਤੀ। ਹਰ ਸੰਜੀਦਾ ਸ਼ਖਸ ਨੇ ਇਨ੍ਹਾਂ ਘਟਨਾਵਾਂ ਦੀ ਨਿੰਦਾ ਕੀਤੀ ਹੈ।
ਇਹ ਸਹੀ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦਾ ਫਰਜ਼ੰਦ ਸੁਖਬੀਰ ਸਿੰਘ ਬਾਦਲ ਅਤੇ ਪਰਿਵਾਰ ਦੇ ਹੋਰ ਮੈਂਬਰ ਸਿੱਧੇ-ਅਸਿੱਧੇ ਢੰਗ ਨਾਲ ਸਿੱਖ ਸੰਸਥਾਵਾਂ ਉਤੇ ਕਬਜ਼ਾ ਕਰੀ ਬੈਠੇ ਹਨ ਅਤੇ ਬਹੁਤ ਮਾਮਲਿਆਂ ਉਤੇ ਆਪਣੀ ਮਨ-ਮਰਜ਼ੀ ਵੀ ਕਰਦੇ ਹਨ, ਪਰ ਉਨ੍ਹਾਂ ਦੇ ਇਸ ਆਪ-ਹੁਦਰੇਪਣ ਦਾ ਜਵਾਬ ਅਜਿਹੀਆਂ ਕਾਰਵਾਈਆਂ ਨਾਲ ਨਹੀਂ ਦਿੱਤਾ ਜਾਣਾ ਚਾਹੀਦਾ ਜਿਸ ਨਾਲ ਸਮੁੱਚੇ ਭਾਈਚਾਰੇ ਲਈ ਹੀ ਨਵੇਂ ਸੰਕਟ ਖੜ੍ਹੇ ਹੋ ਜਾਣ। ਸਭ ਮੰਨਦੇ ਹਨ ਕਿ ਸ਼ ਬਾਦਲ ਬਹੁਤ ਗਿਣ-ਮਿਣ ਕੇ ਆਪਣੀ ਸਿਆਸਤ ਚਲਾ ਰਹੇ ਹਨ। ਫਿਰ ਕੀ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਦੀ ਇਸ ਕਥਿਤ ਗਿਣਤੀ-ਮਿਣਤੀ ਦੇ ਬਰਾਬਰ ਦੀ ਸਿਆਸਤ ਕੀਤੀ ਜਾਵੇ ਅਤੇ ਰੜ੍ਹੇ ਮੈਦਾਨ ਵਿਚ ਉਨ੍ਹਾਂ ਨੂੰ ਪਛਾੜਿਆ ਜਾਵੇ। ਅਸਲ ਵਿਚ ਜਿਸ ਪ੍ਰਸੰਗ ਵਿਚ ਅਤੇ ਜਿਸ ਢੰਗ ਨਾਲ ਇਹ ਘਟਨਾਵਾਂ ਹੋਈਆਂ, ਉਹ ਤਾਂ ਹੋਰ ਵੀ ਨਿਰਾਸ਼ ਕਰਨ ਵਾਲੀ ਗੱਲ ਹੈ। ਤੀਹ ਵਰ੍ਹੇ ਪਹਿਲਾਂ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਸਾਕਾ ਵਰਤਾ ਕੇ ਸਿੱਖਾਂ ਦੇ ਦਿਲਾਂ ਉਤੇ ਚੋਟ ਪਹੁੰਚਾਈ ਸੀ, ਉਸ ਦੀ ਭਰਪਾਈ ਕਦੀ ਵੀ ਹੋ ਨਹੀਂ ਸਕਣੀ। ਸਭ ਨੂੰ ਇਹ ਵੀ ਯਾਦ ਰੱਖਣਾ ਪਵੇਗਾ ਕਿ ਕੇਂਦਰ ਸਰਕਾਰ ਨੇ ਹਿੰਸਾ ਦੀਆਂ ਊਜਾਂ ਲਾ ਕੇ ਹੀ ਸ੍ਰੀ ਅਕਾਲ ਤਖਤ ਉਤੇ ਫੌਜੀ ਹਮਲੇ ਦਾ ਬਹਾਨਾ ਬਣਾ ਲਿਆ ਸੀ। ਸੋ, ਤਾਜ਼ਾ ਘਟਨਾਵਾਂ ਨੇ ਹਾਲਾਤ ਨੂੰ ਵਿਗਾੜਿਆ ਹੀ ਹੈ, ਹੱਲ ਕੱਢਣ ਵੱਲ ਕੋਈ ਪੇਸ਼ਕਦਮੀ ਨਹੀਂ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦਾ ਇਹ ਰੋਸਾ ਬਿਲਕੁਲ ਜਾਇਜ਼ ਹੈ ਕਿ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਪਰ ਜਿਸ ਢੰਗ ਨਾਲ ਹਾਲਾਤ ਹਿੰਸਾ ਵੱਲ ਖਿੱਚੇ ਗਏ, ਉਨ੍ਹਾਂ ਨੂੰ ਕਿਸੇ ਵੀ ਪੱਖ ਤੋਂ ਜਾਇਜ਼ ਕਰਾਰ ਨਹੀਂ ਦਿੱਤਾ ਜਾ ਸਕਦਾ। ਜਿਸ ਤਰ੍ਹਾਂ ਦੇ ਵੀ ਮੁੱਦੇ ਸ਼ ਮਾਨ ਉਥੇ ਉਠਾਉਣਾ ਚਾਹ ਰਹੇ ਸਨ, ਉਹ ਸਿਰਫ ਅਕਾਲ ਤਖਤ ਤੋਂ ਹੀ ਨਹੀਂ, ਸਗੋਂ ਪੰਜਾਬ ਦੇ ਹਰ ਮੰਚ ਤੋਂ ਉਠਾਏ ਜਾਣੇ ਚਾਹੀਦੇ ਹਨ ਅਤੇ ਲਗਾਤਾਰ ਉਠਾਏ ਜਾਣੇ ਚਾਹੀਦੇ ਹਨ। ਆਪਣਾ ਸੁਨੇਹਾ ਕਿਸੇ ਵੀ ਥਾਂ ਤੋਂ ਅਤੇ ਕਿਸੇ ਵੀ ਢੰਗ ਨਾਲ ਦਿੱਤਾ ਜਾ ਸਕਦਾ ਹੈ ਪਰ ਅਜਿਹਾ ਤਦ ਹੀ ਸੰਭਵ ਹੁੰਦਾ ਹੈ ਜਦੋਂ ਸਿਆਸਤ ਸੁੱਚੀ ਹੋਵੇ ਅਤੇ ਮੁਫਾਦਾਂ ਨੂੰ ਅਹਿਮੀਅਤ ਨਾ ਦਿੱਤੀ ਜਾਂਦੀ ਹੋਵੇ। ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਸ਼ ਮਾਨ ਨੂੰ ਪੰਜਾਬ ਦੇ ਸਮੁੱਚੇ ਅਕਾਲੀ ਹਲਕਿਆਂ ਨੇ ਆਪਣੀ ਕਮਾਨ ਸੌਂਪ ਦਿੱਤੀ ਸੀ। ਉਦੋਂ ਉਨ੍ਹਾਂ ਨੂੰ ਲੋਕਾਂ ਵੱਲੋਂ ਜਿਸ ਤਰ੍ਹਾਂ ਦਾ ਸਮਰਥਨ ਅਤੇ ਸਹਿਯੋਗ ਮਿਲਿਆ ਸੀ, ਉਹ ਸਿੱਖ ਸਿਆਸਤ ਵਿਚ ਨਵੀਂਆਂ ਲੀਹਾਂ ਪਾੜ ਸਕਦੇ ਸਨ, ਪਰ ਉਸ ਵਕਤ ਉਹ ਸ਼ਾਇਦ ਆਪਣੀਆਂ ਤਰਜੀਹਾਂ ਮਿਥਣ ਵਿਚ ਸਫਲ ਨਹੀਂ ਹੋ ਸਕੇ। ਅਜਿਹੇ ਵੇਲਿਆਂ ਉਤੇ ਪਬਲਿਕ ਕਦੀ ਵੀ ਉਡੀਕ ਨਹੀਂ ਕਰਦੀ ਹੁੰਦੀ। ਉਹ ਹੌਲੀ-ਹੌਲੀ ਪਿਛਾਂਹ ਪੈਂਦੇ ਗਏ ਅਤੇ ਹੁਣ ਨਤੀਜਾ ਸਭ ਦੇ ਸਾਹਮਣੇ ਹੈ। ਉਦੋਂ ਦੇ ਖੁੰਝੇ ਸ਼ ਮਾਨ ਅੱਜ ਤੱਕ ਸਿਆਸੀ ਪਿੜ ਵਿਚ ਪਛੜ ਰਹੇ ਹਨ। ਇਹ ਕੌੜਾ ਸੱਚ ਸਿਰਫ ਸ਼ ਮਾਨ ਤੱਕ ਹੀ ਮਹਿਦੂਦ ਨਹੀਂ ਹੈ, ਇਹ ਉਨ੍ਹਾਂ ਸਭ ਧਿਰਾਂ ਉਤੇ ਵੀ ਲਾਗੂ ਹੁੰਦਾ ਹੈ ਜੋ ਪੰਜਾਬ ਅਤੇ ਸਿੱਖ ਭਾਈਚਾਰੇ ਲਈ ਫਿਕਰ ਜ਼ਾਹਿਰ ਕਰਦੀਆਂ ਰਹੀਆਂ ਹਨ।
ਰਤਾ ਕੁ ਘੋਖ ਕੇ ਦੇਖਿਆਂ ਪਤਾ ਲਗਦਾ ਹੈ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਵੱਖ-ਵੱਖ ਮੌਕਿਆਂ ਉਤੇ ਪੰਜਾਬ ਦੀਆਂ ਵੱਖ-ਵੱਖ ਧਿਰਾਂ ਨੂੰ ਕੁਝ ਕਰ ਗੁਜ਼ਰਨ ਦਾ ਮੌਕਾ ਮਿਲਿਆ, ਪਰ ਇਹ ਸਾਰੀਆਂ ਧਿਰਾਂ ਸੂਬੇ ਦੀ ਸਿਆਸਤ ਦਾ ਮੁਹਾਣ ਮੋੜਨ ਵਿਚ ਬੁਰੀ ਤਰ੍ਹਾਂ ਅਸਫਲ ਰਹੀਆਂ। ਇਸ ਅਸਫਲਤਾ ਕਾਰਨ ਹੀ ਸ਼ ਪ੍ਰਕਾਸ਼ ਸਿੰਘ ਬਾਦਲ ਵਰਗੇ ਲੀਡਰਾਂ ਦਾ ਸਫਲ ਹੋਣ ਦਾ ਦਾਅ ਲੱਗ ਗਿਆ। ਜ਼ਾਹਿਰ ਹੈ ਕਿ ਬਾਦਲਾਂ ਵੱਲੋਂ ਕਿਸੇ ਵੀ ਤਰੀਕੇ ਨਾਲ ਹਾਸਲ ਕੀਤੀ ਸਫਲਤਾ, ਦੂਜੀਆਂ ਧਿਰਾਂ ਦੀ ਅਸਫਲਤਾ ਵਿਚੋਂ ਹੀ ਨਿਕਲੀ ਹੈ। ਇਸ ਲਈ ਇਨ੍ਹਾਂ ਨੂੰ ਅਸਫਲ ਕਰਨ ਲਈ ਸੁੱਚੀ ਸਿਆਸਤ ਵੀ ਦੂਜੀਆਂ ਧਿਰਾਂ ਨੂੰ ਹੀ ਕਰਨੀ ਪੈਣੀ ਹੈ। ਇਸ ਤੋਂ ਬਿਨਾਂ ਨਾ ਤਾਂ ਕੋਈ ਹੋਰ ਰਾਹ ਹੈ ਅਤੇ ਨਾ ਹੀ ਕੋਈ ਚਾਰਾ; ਸਗੋਂ ਦੂਜੀਆਂ ਧਿਰਾਂ ਨੂੰ ਤਾਂ ਸੁੱਚੀ ਸਿਆਸਤ ਨੂੰ ਇੰਨਾ ਬੁਲੰਦ ਕਰਨਾ ਪਵੇਗਾ ਕਿ ਲੋਕ ਬਾਦਲਾਂ ਦੀ ਸਿਆਸਤ ਨੂੰ ਪਾਸੇ ਕਰਨ ਲਈ ਸੋਚਣ ਲੱਗ ਪੈਣ। ਐਤਕੀਂ ਦੀਆਂ ਲੋਕ ਸਭਾ ਚੋਣਾਂ ਨੇ ਥੋੜ੍ਹਾ ਜਿਹਾ ਰਾਹ ਦਿਖਾਇਆ ਵੀ ਹੈ। ਪੈਸਾ ਅਤੇ ਹਰ ਤਰ੍ਹਾਂ ਦੀ ਤਾਕਤ ਦੇ ਬਾਵਜੂਦ ਬਾਦਲਾਂ ਨੂੰ ਇਨ੍ਹਾਂ ਚੋਣਾਂ ਵਿਚ ਪਛਾੜ ਖਾਣੀ ਪਈ ਹੈ। ਇਸ ਤਰ੍ਹਾਂ ਦੇ ਸਮੁੱਚੇ ਹਾਲਾਤ ਨੂੰ ਸਮਝ ਕੇ ਹੀ ਝੂਠੀ ਸਿਆਸਤ ਦੇ ਪੈਰ ਉਖਾੜੇ ਜਾ ਸਕਦੇ ਹਨ। ਇਹੀ ਵਕਤ ਦਾ ਤਕਾਜ਼ਾ ਵੀ ਹੈ।
Leave a Reply