ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸਾਕਾ ਨੀਲਾ ਤਾਰਾ ਦੀ 30ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਾਪਰੀ ਹਿੰਸਕ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਸਿੱਖ ਵਿਦਵਾਨਾਂ ਦਾ ਮੰਨਣਾ ਹੈ ਕਿ ਇਸ ਨਾਲ ਦੇਸ਼-ਵਿਦੇਸ਼ਾਂ ਵਿਚ ਸਿੱਖ ਕੌਮ ਦਾ ਅਕਸ ਖਰਾਬ ਹੋਇਆ ਹੈ। ਇਸ ਘਟਨਾ ਤੋਂ ਬਾਅਦ ਸਿੱਖ ਆਗੂਆਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਸਮੁੱਚੇ ਮਾਮਲਿਆਂ ਬਾਰੇ ਸਵੈ-ਪੜਚੋਲ ਕਰਨੀ ਚਾਹੀਦੀ ਹੈ ਤਾਂ ਜੋ ਇਸ ਰੂਹਾਨੀ ਅਸਥਾਨ ਦੀ ਪਵਿੱਤਰਤਾ ਤੇ ਮਰਿਆਦਾ ਨੂੰ ਕਾਇਮ ਰੱਖਿਆ ਜਾ ਸਕੇ।
ਸਾਕਾ ਨੀਲਾ ਤਾਰਾ ਦੀ 30ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ‘ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਗਰਮ-ਖਿਆਲੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵਿਚਾਲੇ ਹਿੰਸਕ ਝੜਪ ਹੋਈ ਜਿਸ ਵਿਚ ਕਿਰਪਾਨਾਂ ਚੱਲੀਆਂ, ਇਕ ਦੂਜੇ ਦੀਆਂ ਦਸਤਾਰਾਂ ਉਤਾਰੀਆਂ ਗਈਆਂ ਤੇ ਖ਼ੂਨ ਡੁੱਲਿਆ। ਇਸ ਝੜਪ ਵਿਚ ਦੋਹਾਂ ਧਿਰਾਂ ਦੇ ਦਰਜਨ ਦੇ ਕਰੀਬ ਕਾਰਕੁਨ ਜ਼ਖ਼ਮੀ ਹੋ ਗਏ। ਪੁਲਿਸ ਨੇ ਇਸ ਕੇਸ ਵਿਚ 28 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ ਜਿਨ੍ਹਾਂ ਵਿਚੋਂ 22 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਸਲ ਵਿਚ ਲੋਕ ਸਭਾ ਚੋਣਾਂ ਵਿਚ ਇਹ ਮੁੱਦਾ ਭਖਿਆ ਰਹਿਣ ਕਾਰਨ ਸਾਕਾ ਨੀਲਾ ਤਾਰਾ ਦੀ 30ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ‘ਤੇ ਪਹਿਲਾਂ ਨਾਲੋਂ ਵੱਧ ਲੋਕ ਪਹੁੰਚੇ। ਇਨ੍ਹਾਂ ਵਿਚ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਸੀ। ਸੋਸ਼ਲ ਮੀਡੀਆ ਨਾਲ ਵੀ ਸਾਕਾ ਨੀਲਾ ਤਾਰਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਬਾਰੇ ਖ਼ੂਬ ਪ੍ਰਚਾਰ ਹੋਇਆ। ਇਸ ਲਈ ਹਜ਼ਾਰਾਂ ਨੌਜਵਾਨ ਬਰਸੀ ਮਨਾਉਣ ਉਥੇ ਪਹੁੰਚੇ।
ਉਧਰ, ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਅਮਰੀਕ ਸਿੰਘ ਅਜਨਾਲਾ ਧੜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜਦੋਂਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਵਿਚ ਸਿਮਰਨਜੀਤ ਸਿੰਘ ਮਾਨ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਉਂਜ, ਹੁਣ ਤੱਕ ਉਭਰ ਕੇ ਸਾਹਮਣੇ ਆਏ ਤੱਥਾਂ ਅਨੁਸਾਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਅਤੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨ ਦੀ ਕਾਰਵਾਈ ਜਿਵੇਂ ਹੀ ਖ਼ਤਮ ਹੋਈ, ਉਥੇ ਮੌਜੂਦ ਨੌਜਵਾਨਾਂ ਨੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਜਥੇਦਾਰ ਗੁਰਬਚਨ ਸਿੰਘ ਨੇ ਨੇੜੇ ਬੈਠੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਇਹ ਨਾਅਰੇ ਬੰਦ ਕਰਾਉਣ ਲਈ ਕਿਹਾ। ਸ਼ ਮਾਨ ਨੇ ਮਾਈਕ ‘ਤੇ ਸੰਬੋਧਨ ਕਰਨ ਦੀ ਆਗਿਆ ਮੰਗੀ, ਪਰ ਇਨਕਾਰ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਉਹ ਤੁਰੰਤ ਹੇਠਾਂ ਆ ਗਏ ਅਤੇ ਅਕਾਲ ਤਖ਼ਤ ਦੇ ਸਾਹਮਣੇ ਇਕੱਠੀ ਹੋਈ ਸੰਗਤ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਆਵਾਜ਼ ਸੰਗਤ ਤੱਕ ਨਾ ਪੁੱਜਣ ਕਾਰਨ ਕੁਝ ਨੌਜਵਾਨ ਉਪਰ ਅਕਾਲ ਤਖ਼ਤ ਵਿਚ ਰੱਖੇ ਮਾਈਕ ਲੈਣ ਲਈ ਚਲੇ ਗਏ ਜਿਥੇ ਪ੍ਰਬੰਧਕਾਂ ਵੱਲੋਂ ਨਾਂਹ ਕਰਨ ‘ਤੇ ਤਕਰਾਰ ਸ਼ੁਰੂ ਹੋ ਗਈ। ਛੇਤੀ ਹੀ ਇਹ ਤਕਰਾਰ ਹੱਥੋਪਾਈ ਵਿਚ ਬਦਲ ਗਈ ਅਤੇ ਅਕਾਲ ਤਖ਼ਤ ਦੇ ਪੰਜ ਪਿਆਰਿਆਂ ਵਿਚ ਸ਼ਾਮਲ ਭਾਈ ਸਤਨਾਮ ਸਿੰਘ ਜ਼ਖ਼ਮੀ ਹੋ ਗਏ। ਇਸ ਮਗਰੋਂ ਵੱਡੀ ਗਿਣਤੀ ਗਰਮ-ਖਿਆਲ ਕਾਰਕੁਨ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਅਕਾਲੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦੇ ਅਕਾਲ ਤਖ਼ਤ ਵਿਖੇ ਪਹੁੰਚ ਗਏ ਜਿਥੇ ਟਾਸਕ ਫੋਰਸ ਦੇ ਕਰਮਚਾਰੀ ਵੀ ਇਕੱਠੇ ਹੋ ਗਏ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਹੀ ਦੋਹਾਂ ਧਿਰਾਂ ਨੇ ਕਿਰਪਾਨਾਂ ਖਿੱਚ ਲਈਆਂ ਅਤੇ ਇਕ-ਦੂਜੇ ‘ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਟਾਸਕ ਫੋਰਸ ਦੇ ਕਰਮਚਾਰੀਆਂ ਨੇ ਹਮਲਾ ਬੋਲਦਿਆਂ ਇਨ੍ਹਾਂ ਸਾਰਿਆਂ ਨੂੰ ਇਕ ਵਾਰ ਅਕਾਲ ਤਖ਼ਤ ਤੋਂ ਖਦੇੜ ਦਿੱਤਾ। ਹਿੰਸਕ ਝਗੜੇ ਕਾਰਨ ਪੈਦਾ ਹੋਏ ਤਣਾਅ ਕਰ ਕੇ ਅਕਾਲ ਤਖ਼ਤ ਦੀ ਪਹਿਲੀ ਅਤੇ ਹੇਠਲੀ ਮੰਜ਼ਲ ‘ਤੇ ਅਖੰਡ ਪਾਠ ਕਰ ਰਹੇ ਪਾਠੀ ਵੀ ਪਾਠ ਛੱਡ ਕੇ ਭੱਜ ਗਏ।
ਇਸ ਬਾਰੇ ਸ਼ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਮਾਗਮ ਦੌਰਾਨ ਉਨ੍ਹਾਂ ਸਿਰਫ਼ ਮਾਈਕ ਦੀ ਹੀ ਮੰਗ ਕੀਤੀ ਸੀ ਤਾਂ ਜੋ ਉਹ ਸੰਗਤਾਂ ਨੂੰ ਸੰਬੋਧਨ ਕਰ ਸਕਣ, ਪਰ ਪ੍ਰਬੰਧਕਾਂ ਨੇ ਮਾਈਕ ਨਹੀਂ ਦਿੱਤਾ ਜਿਸ ਕਾਰਨ ਸੰਗਤਾਂ ਰੋਹ ਵਿਚ ਆ ਗਈਆਂ ਅਤੇ ਉਨ੍ਹਾਂ ਨੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਸੰਗਤਾਂ ਖ਼ਾਲਿਸਤਾਨ ਦੇ ਮੁੱਦੇ ‘ਤੇ ਗੱਲ ਕਰਨਾ ਚਾਹੁੰਦੀਆਂ ਸਨ ਪਰ ਪ੍ਰਬੰਧਕਾਂ ਨੇ ਆਗਿਆ ਨਾ ਦਿੱਤੀ। ਇਸੇ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਤੋਂ ਇਸ ਮਾਮਲੇ ਦੀ ਰਿਪੋਰਟ ਮੰਗ ਲਈ ਹੈ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਹਿੰਸਾ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਕਾਲ ਤਖ਼ਤ ਦੀ ਮਰਿਆਦਾ ਨੂੰ ਭੰਗ ਕਰਨ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਕੁੱਟ-ਮਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।
Leave a Reply