ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਵਿਚ ਮਾੜੇ ਪ੍ਰਦਰਸ਼ਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਖਿੱਚੋਤਾਣ ਵਧਦੀ ਜਾ ਰਹੀ ਹੈ। ਸ਼ ਸੁਖਬੀਰ ਸਿੰਘ ਬਾਦਲ ਦੇ ਹੱਥ ਪਾਰਟੀ ਦੀ ਕਮਾਨ ਆਉਣ ਤੋਂ ਬਾਅਦ ਨੁੱਕਰੇ ਲੱਗੇ ਟਕਸਾਲੀ ਆਗੂ ਹੁਣ ਆਵਾਜ਼ ਬੁਲੰਦ ਕਰਨ ਲੱਗੇ ਹਨ। ਪਾਰਟੀ ਦੇ ਚੋਣਾਂ ਵਿਚ ਪ੍ਰਦਰਸ਼ਨ ਦਾ ਲੇਖਾ-ਜੋਖਾ ਕਰਨ ਲਈ ਪਿਛਲੇ ਸਮੇਂ ਦੌਰਾਨ ਹੋਈ ਮੀਟਿੰਗ ਵਿਚ ਕਈ ਟਕਸਾਲੀ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਕਾਰਜਸ਼ੈਲੀ ‘ਤੇ ਸਵਾਲ ਉਠਾਏ।
ਇਨ੍ਹਾਂ ਬਾਗੀ ਸੁਰਾਂ ਨੂੰ ਸ਼ਾਂਤ ਕਰਨ ਲਈ ਮੰਤਰੀ ਮੰਡਲ ਵਿਚ ਵਾਧਾ ਕੀਤਾ ਗਿਆ ਪਰ ਮਾਮਲਾ ਉਸ ਵੇਲੇ ਗੰਭੀਰ ਹੋ ਗਿਆ ਜਦੋਂ ਚਾਰ ਵਾਰ ਜ਼ੀਰੇ ਤੋਂ ਵਿਧਾਇਕ ਰਹੇ ਅਤੇ ਦਲ ਦੇ ਸੀਨੀਅਰ ਉਪ ਪ੍ਰਧਾਨ ਹਰੀ ਸਿੰਘ ਜ਼ੀਰਾ, ਉਨ੍ਹਾਂ ਦੇ ਪੁੱਤਰ ਤੇ ਪੰਜਾਬ ਕੋਆਪਰੇਟਿਵ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਵਤਾਰ ਸਿੰਘ ਜ਼ੀਰਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਨੂੰਹ ਜਸਵਿੰਦਰ ਕੌਰ ਜ਼ੀਰਾ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ।
ਜ਼ੀਰਾ ਪਰਿਵਾਰ ਨੇ ਇਹ ਫੈਸਲਾ ਡਾæ ਦਲਜੀਤ ਸਿੰਘ ਚੀਮਾ, ਸੋਹਨ ਸਿੰਘ ਠੰਡਲ ਤੇ ਤੋਤਾ ਸਿੰਘ ਨੂੰ ਮੰਤਰੀ ਬਣਾਏ ਜਾਣ ਤੋਂ ਤੁਰੰਤ ਮਗਰੋਂ ਕੀਤਾ। ਇਸ ਤੋਂ ਇਲਾਵਾ ਮੰਤਰੀ ਮੰਡਲ ਵਿਚ ਵਾਧੇ ਨੂੰ ਲੈ ਕੇ ਪਾਰਟੀ ਅੰਦਰ ਹੋਰ ਮਤਭੇਦ ਸ਼ੁਰੂ ਹੋ ਗਏ ਹਨ। ਨਵੇਂ ਮੰਤਰੀਆਂ ਨੂੰ ਸਹੁੰ ਚੁੱਕਾਉਣ ਦੇ ਸਮਾਗਮ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਵਿਚੋਂ ਬੀਬੀ ਮਹਿੰਦਰ ਕੌਰ ਜੋਸ਼ ਅਤੇ ਕਈ ਹੋਰ ਆਗੂ ਸ਼ਾਮਲ ਨਾ ਹੋਏ। ਮੋਗਾ ਹਲਕੇ ਦੇ ਚਾਰ ਵਿਧਾਇਕਾਂ ਵਿਚੋਂ ਤਿੰਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਜੋਗਿੰਦਰਪਾਲ ਜੈਨ ਤੇ ਰਾਜਵਿੰਦਰ ਕੌਰ ਭਾਗੀਕੇ ਵੀ ਸਮਾਗਮ ਵਿਚ ਨਾ ਪਹੁੰਚੇ।
ਸ਼੍ਰੋਮਣੀ ਅਕਾਲੀ ਦਲ ਨੇ ਡਾæ ਦਲਜੀਤ ਸਿੰਘ ਚੀਮਾ, ਸੋਹਨ ਸਿੰਘ ਠੰਡਲ ਤੇ ਤੋਤਾ ਸਿੰਘ ਨੂੰ ਮੰਤਰੀ ਵੀ ਇਸ ਕਰ ਕੇ ਬਣਾਇਆ ਹੈ ਤਾਂ ਜੋ ਦਲ ਅੰਦਰਲੀ ਗਰਮੀ ਨੂੰ ਸ਼ਾਂਤ ਕੀਤਾ ਜਾ ਸਕੇ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਉਲਟਾ ਅਸਰ ਹੋ ਸਕਦਾ ਹੈ। ਸਵਾਲ ਇਹ ਵੀ ਉਠ ਰਹੇ ਹਨ ਕਿ ਸੋਹਨ ਸਿੰਘ ਠੰਡਲ ਅਤੇ ਤੋਤਾ ਸਿੰਘ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਸਜ਼ਾਯਾਫਤਾ ਹਨ ਪਰ ਫਿਰ ਵੀ ਹੋਰ ਟਕਸਾਲੀ ਆਗੂਆਂ ਨੂੰ ਅੱਖੋਂ ਓਹਲੇ ਕਰ ਕੇ ਉਨ੍ਹਾਂ ਨੂੰ ਹੀ ਮੰਤਰੀ ਕਿਉਂ ਬਣਾਇਆ ਗਿਆ।
ਦਰਅਸਲ ਵਿਦੇਸ਼ ਤੋਂ ਵਾਪਰਕ ਪ੍ਰਬੰਧਨ ਦੀ ਡਿਗਰੀ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕੰਪਨੀ ਵਾਂਗ ਚਲਾ ਰਹੇ ਹਨ। ਉਹ ਪਾਰਟੀ ਦੇ ਪ੍ਰਧਾਨ ਵਜੋਂ ਨਹੀਂ ਬਲਕਿ ਸੀæਈæਓæ ਵਾਂਗ ਕੰਮ ਕਰਦੇ ਹਨ। ਇਸ ਤੋਂ ਟਕਸਾਲੀ ਆਗੂ ਕਾਫੀ ਖਫਾ ਸਨ ਪਰ ਸੁਖਬੀਰ ਬਾਦਲ ਦੀ ਅਗਵਾਈ ਹੇਠ ਹਾਸਲ ਕੀਤੀਆਂ ਲਗਾਤਾਰ ਜਿੱਤਾਂ ਕਰ ਕੇ ਉਹ ਕੁਝ ਵੀ ਬੋਲਣ ਤੋਂ ਅਸਮਰੱਥ ਸਨ। ਇਹ ਪਹਿਲਾ ਮੌਕਾ ਹੈ ਜਦੋਂ ਟਕਸਾਲੀ ਆਗੂਆਂ ਨੇ ਆਵਾਜ਼ ਚੁੱਕੀ ਹੈ। ਟਕਸਾਲੀ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪਾਰਟੀ ਪੰਥਕ ਏਜੰਡੇ ਤੋਂ ਦੂਰ ਚਲੀ ਗਈ ਹੈ ਜਿਸ ਦਾ ਖਮਿਆਜ਼ਾ ਚੋਣਾਂ ਵਿਚ ਭੁਗਤਣਾ ਪਿਆ।
ਇਸ ਵਾਰ ਲੋਕ ਸਭਾ ਚੋਣਾਂ ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਨੂੰ ਵੱਡਾ ਖੋਰਾ ਲਾਇਆ ਅਤੇ ਸਾਢੇ ਚੌਵੀ ਫੀਸਦੀ ਵੋਟ ਹਾਸਲ ਕਰ ਕੇ ਸੂਬੇ ਵਿਚ ਵੱਡੀ ਤੀਜੀ ਧਿਰ ਵਜੋਂ ਉਭਰੀ ਹੈ। ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਸਾਂ ਸਾਢੇ ਛੱਬੀ ਫੀਸਦੀ ਵੋਟਾਂ ਹੀ ਮਿਲੀਆਂ ਅਤੇ ਬਠਿੰਡੇ ਹਲਕੇ ਤੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਸਿਰਫ 19000 ਵੋਟਾਂ ਦੇ ਫਰਕ ਨਾਲ ਹੀ ਜਿੱਤ ਹਾਸਲ ਕਰ ਸਕੀ।
ਸ਼੍ਰੋਮਣੀ ਅਕਾਲੀ ਦਲ ਨੇ ਮੰਨਿਆ ਹੈ ਕਿ ਚੋਣਾਂ ਵਿਚ ਮਾੜੇ ਪ੍ਰਦਰਸ਼ਨ ਦਾ ਕਾਰਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਰਹੀ। ਚੋਣਾਂ ਵਿਚ ਰੇਤਾ ਬਜਰੀ, ਨਸ਼ਾ ਤਸਕਰੀ, ਬੇਲੋੜੇ ਟੈਕਸ ਤੇ ਅਮਨ ਕਾਨੂੰਨ ਦੀ ਮਾੜੀ ਹਾਲਤ ਵੱਡੇ ਮੁੱਦੇ ਬਣੇ ਰਹੇ। ਪਾਰਟੀ ਪਹਿਲੀ ਵਾਰ ਪੰਥਕ ਮੁੱਦਿਆਂ ‘ਤੇ ਵੀ ਘਿਰੀ ਹੋਈ ਮਹਿਸੂਸ ਹੋਈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਤੋਂ ਚੋਣ ਲੜਦਿਆਂ ਅਜਿਹੇ ਮੁੱਦੇ ਉਭਾਰੇ ਜਿਨ੍ਹਾਂ ਦਾ ਜਵਾਬ ਦੇਣਾ ਅਕਾਲੀ ਦਲ ਲਈ ਔਖਾ ਹੋ ਗਿਆ। ਇਨ੍ਹਾਂ ਪੰਥਕ ਮੁੱਦਿਆਂ ‘ਤੇ ਕੈਪਟਨ ਦੀ ਬਿਆਨਾਂ ਉਤੇ ਬਾਦਲਾਂ ਦੀ ਚੁੱਪ ਅਕਾਲੀ ਦਲ ਲਈ ਘਾਤਕ ਸਿੱਧ ਹੋਈ।
Leave a Reply