ਤੱਥ ਖੋਜ ਕਮੇਟੀ ਅੱਗੇ ਖੁੱਲ੍ਹ ਕੇ ਬੋਲੇ ਕਾਂਗਰਸੀ ਆਗੂ
ਚੰਡੀਗੜ੍ਹ: ਕਾਂਗਰਸ ਹਾਈਕਮਾਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਦੀ ਹੋਈ ਅਣਕਿਆਸੀ ਹਾਰ ਦੇ ਕਾਰਨਾਂ ਦੀ ਘੋਖ ਕਰਨ ਲਈ ਬਣਾਈ ਤੱਥ ਖੋਜ ਕਮੇਟੀ ਦੀਆਂ ਇਥੇ ਪਾਰਟੀ ਦੇ ਹਾਰੇ ਉਮੀਦਵਾਰਾਂ ਨਾਲ ਅੱਡ-ਅੱਡ ਮੀਟਿੰਗਾਂ ਦੌਰਾਨ ਆਪਸੀ ਗੁੱਟਬੰਦੀ, ਆਮ ਆਦਮੀ ਪਾਰਟੀ ਦੀ ਚੜ੍ਹਤ ਤੇ ਯੂਪੀਏ-2 ਵਿਰੁੱਧ ਲੋਕਾਂ ਦੇ ਰੋਹ ਨੂੰ ਹਾਰ ਦਾ ਕਾਰਨ ਦੱਸਿਆ ਹੈ।
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਹੋਈ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਅਸਤੀਫਾ ਲੈਣ ਦੀ ਚਲਾਈ ਮੁਹਿੰਮ ਨਾਲ ਫੁੱਟ ਖੁੱਲ੍ਹ ਕੇ ਸਾਹਮਣੇ ਆ ਗਈ ਸੀ। ਇਸ ਨੂੰ ਠੱਲ੍ਹ ਪਾਉਣ ਲਈ ਹਿਮਾਚਲ ਪ੍ਰਦੇਸ਼ ਦੇ ਮੰਤਰੀ ਧਨੀ ਰਾਮ ਸਾਂਡਿਲ ਦੀ ਅਗਵਾਈ ਹੇਠ ਤੱਥ ਖੋਜ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਨੇ ਹਾਰ ਦੇ ਕਾਰਨਾਂ ਦੀ ਖੋਜ ਕਰਨ ਦੀ ਪ੍ਰਕਿਰਿਆ ਵਿੱਢੀ ਹੈ। ਸ੍ਰੀ ਸਾਂਡਿਲ ਸਮੇਤ ਇਸ ਕਮੇਟੀ ਦੇ ਮੈਂਬਰਾਂ ਹਰਿਆਣੇ ਦੇ ਮੰਤਰੀ ਆਫਤਾਬ ਅਹਿਮਦ, ਦਿੱਲੀ ਦੇ ਵਿਧਾਇਕ ਜੈ ਕਿਸ਼ਨ ਤੇ ਦਵਿੰਦਰ ਯਾਦਵ ਤੇ ਪੰਜਾਬ ਕਾਂਗਰਸ ਦੀ ਸਕੱਤਰ ਲਖਵਿੰਦਰ ਕੌਰ ਗਰਚਾ ਨੇ ਪਾਰਟੀ ਉਮੀਦਵਾਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਕਮੇਟੀ ਨੇ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਹਲਕੇ ਤੋਂ ਬੁਰੀ ਤਰ੍ਹਾਂ ਚੋਣ ਹਾਰੇ ਪ੍ਰਤਾਪ ਸਿੰਘ ਬਾਜਵਾ ਨਾਲ ਇਕੱਲਿਆ ਲੰਮੀ ਮੀਟਿੰਗ ਕੀਤੀ। ਕਮੇਟੀ ਨੇ ਸ੍ਰੀ ਬਾਜਵਾ ਤੋਂ ਇਲਾਵਾ ਫਰੀਦਕੋਟ ਤੋਂ ਜੋਗਿੰਦਰ ਸਿੰਘ ਪੰਜਗਰਾਈਂ ਤੇ ਫਤਿਹਗੜ੍ਹ ਸਾਹਿਬ ਤੋਂ ਸਾਧੂ ਸਿੰਘ ਧਰਮਸੋਤ ਨਾਲ ਅੱਡ-ਅੱਡ ਮੀਟਿੰਗਾਂ ਕੀਤੀਆਂ।
ਸੂਤਰਾਂ ਮੁਤਾਬਕ ਸ਼ ਬਾਜਵਾ ਨੇ ਕਮੇਟੀ ਅੱਗੇ ਲੋਕ ਸਭਾ ਚੋਣਾਂ ਦੌਰਾਨ ਸਮੂਹ ਵਿਧਾਨ ਸਭਾ ਹਲਕਿਆਂ ਵਿਚੋਂ ਪਾਰਟੀ ਦੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦਾ ਚਿੱਠਾ ਰੱਖਿਆ ਹੈ। ਇਸ ਤਹਿਤ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਹਾਰ ਲਈ ਜ਼ਿੰਮੇਵਾਰ ਦਸ ਕੇ ਅਸਤੀਫ਼ਾ ਮੰਗਣ ਵਾਲੇ ਕੈਪਟਨ ਖੇਮੇ ਦੇ ਵਿਧਾਇਕ ਸਿਰਫ ਢਿਲੋਂ, ਰਾਣਾ ਗੁਰਮੀਤ ਸਿੰਘ ਸੋਢੀ, ਰਮਨਜੀਤ ਸਿੰਘ ਸਿੱਕੀ, ਮੁਹੰਮਦ ਸਦੀਕ, ਹਰਚੰਦ ਕੌਰ, ਗੁਰਜੀਤ ਸਿੰਘ ਰਾਣਾ ਆਦਿ ਦੇ ਵਿਧਾਨ ਸਭਾ ਹਲਕਿਆਂ ਵਿਚੋਂ ਹੀ ਪਾਰਟੀ ਉਮੀਦਵਾਰਾਂ ਨੂੰ ਵੱਡੀ ਹਾਰ ਮਿਲੀ ਹੈ। ਹਾਰ ਦਾ ਦੂਸਰਾ ਕਾਰਨ ਕੁਝ ਵਿਧਾਇਕਾਂ ਵੱਲੋਂ ਆਪਣੇ ਵਿਧਾਨ ਸਭਾ ਹਲਕਿਆਂ ਨੂੰ ਭੁੱਲ ਕੇ ਚਹੇਤੇ ਲੀਡਰਾਂ ਦੇ ਹਲਕਿਆਂ ਵਿਚ ਹੀ ਚੋਣ ਪ੍ਰਚਾਰ ਤੱਕ ਸੀਮਤ ਰਹਿਣਾ ਦੱਸਿਆ ਗਿਆ ਹੈ।
ਇਸ ਤੋਂ ਇਲਾਵਾ ਸੂਬੇ ਦੇ ਲੋਕਾਂ ਵਿਚ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਦੇ ਬਰਾਬਰ ਹੀ ਯੂਪੀਏ-2 ਸਰਕਾਰ ਪ੍ਰਤੀ ਰੋਸ ਨੂੰ ਵੀ ਪਾਰਟੀ ਦੀ ਹਾਰ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਕਮੇਟੀ ਮੂਹਰੇ ਪੇਸ਼ ਹੋਣ ਆਏ ਸ੍ਰੀ ਪੰਜਗਰਾਈਂ ਨੇ ਇਸ ਮੌਕੇ ਦੱਸਿਆ ਕਿ ਉਹ ਹਾਰ ਦਾ ਮੁੱਖ ਕਾਰਨ ਸ਼ੋਸ਼ਲ ਮੀਡੀਆ ਵੱਲੋਂ ਵਿਆਪਕ ਪੱਧਰ ‘ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭਵਿੱਖ ਦਾ ਪ੍ਰਧਾਨ ਮੰਤਰੀ ਦੱਸਣਾ ਮੰਨਦੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਚਾਰ ਕਾਰਨ ਅਕਾਲੀ-ਭਾਜਪਾ ਗਠਜੋੜ ਨੂੰ ਸਬਕ ਸਿਖਾਉਣ ਦਾ ਮਨ ਬਣਾਈ ਬੈਠੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੀ ਥਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਹਨ। ਹਾਰ ਦਾ ਦੂਜਾ ਕਾਰਨ ਪਾਰਟੀ ਵਿਚਲੀ ਗੁੱਟਬੰਦੀ ਵੀ ਹੈ।
Leave a Reply