ਵੱਡੇ ਨਸ਼ਾ ਤਸਕਰਾਂ ਨੂੰ ਹੱਥ ਪਾਉਣ ਤੋਂ ਝਿਜਕ ਰਹੀ ਹੈ ਸਰਕਾਰ

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਮਾੜੀ ਕਾਰਗੁਜਾਰੀ ਤੋਂ ਬਾਅਦ ਭਾਵੇਂ ਪੰਜਾਬ ਸਰਕਾਰ ਨਸ਼ਾ ਤਸਕਰਾਂ ਖ਼ਿਲਾਫ਼ ਵੱਡੇ ਪੱਧਰ ‘ਤੇ ਮੁਹਿੰਮ ਚਲਾਉਣ ਦੇ ਦਾਅਵੇ ਕਰ ਰਹੀ ਹੈ ਪਰ ਸਰਕਾਰ ਇਸ ਧੰਦੇ ਵਿਚ ਸਰਗਰਮ ਵੱਡੇ ਕਾਰੋਬਾਰੀਆਂ ਨੂੰ ਹੱਥ ਪਾਉਣ ਤੋਂ ਝਿਜਕ ਰਹੀ ਹੈ। ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ ਗੰਭੀਰਤਾ ਦਾ ਇਸ ਗੱਲੋਂ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਸਾਬਕਾ ਡੀæਜੀæਪੀ ਸ਼ਸ਼ੀਕਾਂਤ ਵੱਲੋਂ ਕੁਝ ਮੰਤਰੀਆਂ ਤੇ ਰਸੂਖ਼ ਵਾਲੇ ਲੋਕਾਂ ਦੇ ਨਾਂ ਨਸ਼ਾ ਤਸਕਰੀ ਨਾਲ ਜੋੜਨ ਪਿੱਛੋਂ ਵੀ ਇਸ ਪਾਸੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸੱਥਾਂ/ਢਾਣੀਆਂ ਵਿਚੋਂ ਅਮਲੀ ਕਾਬੂ ਕਰਕੇ ਨਸ਼ਿਆਂ ਖ਼ਿਲਾਫ ਮੁਹਿੰਮ ਚਲਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਕੁਝ ਮਹੀਨੇ ਪਹਿਲਾਂ ਹੀ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਦੇ ਪੁੱਤਰ ਦਮਨਵੀਰ ਸਿੰਘ ਦਾ ਨਾਂ ਪੰਜਾਬ ਪੁਲਿਸ ਦੇ ਬਰਤਰਫ਼ ਡੀæਐਸ਼ਪੀæ ਜਗਦੀਸ਼ ਸਿੰਘ ਭੋਲਾ ਨੇ ਨਸ਼ਿਆਂ ਦੇ ਕਾਰੋਬਾਰ ਵਿਚ ਲਿਆ ਸੀ। ਭੋਲਾ 6000 ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਗਰੋਹ ਦਾ ਸਰਗਨਾ ਹੈ। ਭੋਲੇ ਨੇ ਇਹ ਦੋਸ਼ ਉਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਲਾਏ। ਮਜੀਠੀਆ ਤੇ ਦਮਨਵੀਰ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰਦਿਆਂ ਇਸ ਨੂੰ “ਕਾਂਗਰਸ ਵੱਲੋਂ ਘੜੀ ਸਾਜ਼ਿਸ਼” ਕਰਾਰ ਦਿੱਤਾ ਸੀ।
ਪੰਜਾਬ ਵਿਚ ਬਹੁਤ ਪੁਰਾਣੇ ਤੇ ਰਵਾਇਤੀ ਨਸ਼ੀਲੇ ਪਦਾਰਥਾਂ ਅਫੀਮ, ਭੁੱਕੀ ਤੇ ਅਜਿਹੇ ਹੋਰ ਪਦਾਰਥਾਂ ਦੇ ਕਾਰੋਬਾਰ ਦਾ ਧੰਦਾ ਦਹਾਕਿਆਂ ਤੋਂ ਕੁਝ ਸਿਆਸੀ ਵੱਡਿਆਂ ਦੀ ਸਰਪ੍ਰਸਤੀ ਹੇਠ ਚੱਲਦਾ ਆ ਰਿਹਾ ਹੈ। ਰਵਾਇਤੀ ਨਸ਼ਾ ਅਫੀਮ ਆਦਿ ਤਾਂ ਵੱਡੀ ਮਾਤਰਾ ਵਿਚ ਜਾਂ ਤਾਂ ਪਾਕਿਸਤਾਨ ਤੋਂ ਜਾਂ ਫਿਰ ਅਫੀਮ ਬੀਜਦੇ ਇਲਾਕਿਆਂ ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਆਉਂਦੀ ਹੈ ਪਰ ਸਿੰਥੈਟਿਕ ਤੇ ਅਰਧ ਸਿੰਥੈਟਿਕ ਨਸ਼ੇ ਜਾਂ ਡਾਕਟਰਾਂ ਵੱਲੋਂ ਲਿਖੀਆਂ ਜਾਂਦੀਆਂ ‘ਰਾਹਤ’ ਦੇਣ ਵਾਲੀਆਂ ਦਵਾਈਆਂ ਦਾ ਉੱਭਰ ਰਿਹਾ ਕਾਰੋਬਾਰ ਐਨ ਪੰਜਾਬ ਪੁਲਿਸ ਤੇ ਸਿਹਤ ਵਿਭਾਗ ਦੇ ਨੱਕ ਹੇਠ ਵਧ-ਫੁੱਲ ਰਿਹਾ ਹੈ। ਜੇਕਰ ਮੁਲਕ ਦੀ ਔਸਤਨ ਸ਼ਰਾਬ ਦੀ ਖਪਤ 26 ਫੀਸਦੀ ਹੈ ਤਾਂ ਪੰਜਾਬ ਦੁੱਗਣੇ ਦੇ ਨੇੜੇ-ਤੇੜੇ 46 ਫੀਸਦੀ ‘ਤੇ ਹੈ। ਇਸੇ ਤਰ੍ਹਾਂ ਪੂਰੇ ਮੁਲਕ ਦੇ ਮੁਕਾਬਲੇ ਸਿੰਥੈਟਿਕ ਡਰੱਗਜ਼ ਜਿਵੇਂ ਹੈਰੋਇਨ ਤੇ ਸਮੈਕ ਦੀ ਵਰਤੋਂ ਪੰਜਾਬ ਵਿਚ 3æ5 ਫੀਸਦੀ ਵੱਧ ਹੈ। ਪਾਰਟੀ ਡਰੱਗਜ਼ ਹੋਰ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕਰ ਰਹੀਆਂ ਹਨ। ਇਹ ਜਾਣਕਾਰੀ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਚੰਡੀਗੜ੍ਹ ਆਧਾਰਤ ਜ਼ੋਨਲ ਡਾਇਰੈਕਟਰ ਕੌਸਤਭ ਸ਼ਰਮਾ ਤੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਸਿੰਥੈਟਿਕ, ਅਰਧ ਸਿੰਥੈਟਿਕ ਤੇ ਡਾਕਟਰਾਂ ਵੱਲੋਂ ਲਿਖੀਆਂ ਜਾਂਦੀਆਂ ਡਰੱਗਜ਼ ਪੰਜਾਬ ਦੇ ਪਿੰਡਾਂ, ਸ਼ਹਿਰਾਂ ਸਭ ਥਾਈਂ ਮਾਰ ਕਰ ਰਹੀਆਂ ਹਨ, ਹਾਲਾਂਕਿ ਇਸ ਬਾਰੇ ਸਹੀ ਅੰਕੜੇ ਉਪਲਬਧ ਨਹੀਂ ਹਨ ਪਰ ਇਹ ਅਲਾਮਤ ਪੰਜਾਬ ਵਿਚ ਜੜ੍ਹਾਂ ਫੈਲਾ ਰਹੀ ਹੈ। ਸਥਿਤੀ ਇੰਨੀ ਭਿਆਨਕ ਹੈ ਕਿ ਮਨੋਵਿਗਿਆਨੀਆਂ ਦੇ ਅੰਦਾਜ਼ੇ ਮੁਤਾਬਕ ਕਾਲਜ ਪੜ੍ਹਦੇ 25 ਫੀਸਦੀ ਤੋਂ 30 ਫੀਸਦੀ ਤੱਕ ਮੁੰਡੇ-ਕੁੜੀਆਂ ਇਹ ਸਿੰਥੈਟਿਕ, ਅਰਧ ਸਿੰਥੈਟਿਕ ਜਾਂ ਡਾਕਟਰਾਂ ਵੱਲੋਂ ਸੁਝਾਈਆਂ ਡਰੱਗਜ਼ ਦੇ ਆਦੀ ਹਨ। ਜਲੰਧਰ ਦੇ ਇਕ ਨਿਊਰੋ-ਸਾਇਕੈਟਰਿਸਟ ਤੇ ਨਸ਼ੀਲੇ ਪਦਾਰਥਾਂ ਦੀ ਲਤ ਛੁਡਾਉਣ ਦੇ ਮਾਹਰ ਹਿਮਾਂਸ਼ੂ ਸਰੀਨ ਮੁਤਾਬਕ ਪੰਜਾਬ ਵਿਚ ‘ਟਾਈਮ ਬੰਬ’ ਦੀ ਟਿੱਕ-ਟਿੱਕ ਸ਼ੁਰੂ ਹੋ ਗਈ ਹੈ। ਧਮਾਕਾ ਕਿਸੇ ਵੀ ਸਮੇਂ ਹੋ ਸਕਦਾ ਹੈ। ਹਿਮਾਂਸ਼ੂ ਸਰੀਨ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਵਿਚ ਹਰ ਰੋਜ਼ 200 ਤੋਂ 250 ਮਰੀਜ਼ਾਂ (ਓਪੀਡੀ ਵਿਚ) ਦੀ ਜਾਂਚ ਕਰਦੇ ਹਨ। ਉਨ੍ਹਾਂ ਨੂੰ ਜਿਹੜੀ ਗੱਲ ਸਭ ਤੋਂ ਵੱਧ ਤੰਗ ਕਰ ਰਹੀ ਹੈ ਉਹ ਇਹ ਹੈ ਕਿ ਇਨ੍ਹਾਂ ਪਦਾਰਥਾਂ ਦਾ ਸੇਵਨ ਸ਼ੁਰੂ ਕਰਨ ਦੀ ਨੌਜਵਾਨਾਂ ਦੀ ਉਮਰ ਤੇਜ਼ੀ ਨਾਲ ਘਟ ਰਹੀ ਹੈ ਤੇ ਲੜਕੀਆਂ ਵਿਚ ਨਸ਼ੀਲੇ ਟੀਕੇ ਲਾਉਣ ਤੇ ਹੈਰੋਇਨ ਲੈਣ ਦਾ ਰੁਝਾਨ ਵੀ ਤੇਜ਼ੀ ਨਾਲ ਵਧ ਰਿਹਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਅਧਿਆਪਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪ੍ਰੋਫੈਸਰ ਐਮੀਰੇਟਸ ਪ੍ਰੋæ ਰਣਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਕਹਿਣਾ ਔਖਾ ਹੈ ਕਿ ਕੌਣ ਪੱਕਾ ਅਮਲੀ ਹੈ ਤੇ ਕੌਣ ਜਾਂ ਕਿੰਨੇ ਲੋਕ ਕਦੇ ਕਦਾਈਂ ਨਸ਼ਾ ਲੈਣ ਵਾਲੇ ਹਨ। ਪੰਜਾਬ ਵਿਚ ਨਸ਼ਿਆਂ ਦੀ ਲਤ ਬਾਰੇ ਵਿਸਥਾਰਤ ਖੋਜ ਆਧਾਰਤ ਪੁਸਤਕ ਲਿਖਣ ਵਾਲੇ ਪ੍ਰੋæ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਰਵੇਖਣ ਮੁਤਾਬਕ ਪੰਜਾਬ ਦੇ 20-22 ਫੀਸਦੀ ਨੌਜਵਾਨ ਸਿੰਥੈਟਿਕ ਜਾਂ ਡਾਕਟਰਾਂ ਵੱਲੋਂ ਲਿਖੀਆਂ ਡਰੱਗਜ਼ ਦੇ ਆਦੀ ਹਨ ਤੇ 15-20 ਫੀਸਦੀ ਅਲਕੋਹਲ (ਸ਼ਰਾਬ) ਵਾਲੇ ਹਨ। ਕੁੱਲ ਪੰਜ ਫੀਸਦੀ ਕੁ ਹੈਰੋਇਨ ਜਾਂ ਸਮੈਕ ਦੇ ਆਦੀ ਹਨ। ਪੰਜਾਬ ਦੇ ਪੰਜ ਵਿਚੋਂ ਇਕ ਨੌਜਵਾਨ ਦਾ ਡਰੱਗਜ਼ ਲੈਣ ਦੇ ਆਦੀ ਹੋਣਾ, ਆਪਣੇ ਆਪ ਵਿਚ ਖਤਰੇ ਦੀ ਘੰਟੀ ਹੈ।
_____________________________________________
ਨਸ਼ਾ ਤਸਕਰੀ ਬਾਰੇ ਅਕਾਲੀ-ਭਾਜਪਾ ਵਿਚਕਾਰ ਸ਼ਬਦੀ ਜੰਗ ਹੋਰ ਭਖੀ
ਚੰਡੀਗੜ੍ਹ: ਪੰਜਾਬ ਵਿਚ ਨਸ਼ਿਆਂ ਦੀ ਸਮਗਲਿੰਗ ਦੇ ਮੁੱਦੇ ‘ਤੇ ਹਾਕਮ ਗੱਠਜੋੜ ਦਰਮਿਆਨ ਟਕਰਾਅ ਘਟਣ ਦਾ ਨਾਂਅ ਨਹੀਂ ਲੈ ਰਿਹਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਦੇ ਬਿਆਨਾਂ ‘ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਉਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਸ਼ਾਂਤਾ ਕੁਮਾਰ, ਜੋ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਹਨ, ਨੇ ਕਿਹਾ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਸਮਗਲਿੰਗ ਦਾ ਮਾਮਲਾ ਬੇਹੱਦ ਗੰਭੀਰ ਹੈ ਤੇ ਪ੍ਰਸ਼ਾਸਨ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਸ਼ਿਆਂ ਦੀ ਵਧਦੇ ਫੁੱਲਦੇ ਧੰਦੇ ਦੀ ਜ਼ਿੰਮੇਵਾਰੀ ਕਬੂਲਣੀ ਚਾਹੀਦੀ ਹੈ ਤੇ ਇਸ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਦੇ ਬਿਆਨ ‘ਤੇ ਮੁੱਖ ਮੰਤਰੀ ਵੱਲੋਂ ਕੀਤੀ ਪ੍ਰਤੀਕਿਰਿਆ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰਦਿਆਂ ਸ੍ਰੀ ਕੁਮਾਰ ਨੇ ਕਿਹਾ ਕਿ ਅਸੀਂ ਕਿਸੇ ‘ਤੇ ਦੋਸ਼ ਨਹੀਂ ਲਾ ਰਹੇ, ਗੰਭੀਰ ਹੁੰਦੀ ਸਮੱਸਿਆ ‘ਤੇ ਬੋਲ ਰਹੇ ਹਾਂ। ਭਾਜਪਾ ਨੇਤਾ ਨੇ ਕਿਹਾ ਕਿ ਨਸ਼ਿਆਂ ਦੀ ਸਮਗਲਿੰਗ ਦੇ ਮਾਮਲੇ ਨੂੰ ਹਾਂ ਪੱਖੀ ਤਰੀਕੇ ਨਾਲ ਲੈਣਾ ਚਾਹੀਦਾ ਹੈ। ਗੰਭੀਰਤਾ ਨਾਲ ਸੋਚੇ ਬਿਨਾਂ ਸਮੱਸਿਆ ਦਾ ਹੱਲ ਨਹੀਂ ਹੋਣਾ। ਸ਼ਾਂਤਾ ਕੁਮਾਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਸਰਕਾਰ ਦਾ ਜੋ ਅਕਸ ਸਾਹਮਣੇ ਆਇਆ ਹੈ, ਉਸ ਵਿਚ ਕਈ ਤਰ੍ਹਾਂ ਦੀਆਂ ਵੱਡੀਆਂ ਖਾਮੀਆਂ ਦਿਖਾਈ ਦੇ ਰਹੀਆਂ ਹਨ। ਸ਼ਾਂਤਾ ਕੁਮਾਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲਗਾਤਾਰ ਅਕਾਲੀ ਦਲ ਦੇ ਆਗੂਆਂ ਦੀ ਨਸ਼ਿਆਂ ਦੀ ਸਮਗਲਿੰਗ ਤੇ ਰੇਤ ਬੱਜਰੀ ਦੇ ਮਾਮਲੇ ‘ਤੇ ਨੁਕਤਾਚੀਨੀ ਕਰਦੇ ਆ ਰਹੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰੀ ਭਾਜਪਾ ਆਗੂ ਦੇ ਬਿਆਨ ‘ਤੇ ਪ੍ਰਤੀਕਿਰਿਆ ਪ੍ਰਗਟਾਈ ਹੈ।
_________________________________________
ਮੈਡੀਕਲ ਨਸ਼ਾ ਸਪਲਾਈ ਕਰਨ ਵਾਲਿਆਂ ‘ਤੇ ਤਰਸ?
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਲਾਇਸੈਂਸਧਾਰੀ ਕੈਮਿਸਟਾਂ ਰਾਹੀਂ ਡਰੱਗਜ਼ ਦੀ ਸਪਲਾਈ ਪੰਜਾਬ ਵਿਚ ਨਸ਼ਿਆਂ ਦਾ ਸਭ ਤੋਂ ਵੱਡਾ ਸਰੋਤ ਹੈ ਤੇ ਇਸ ਮਾਮਲੇ ਵਿਚ ‘ਤਰਸ’ ਨਹੀਂ ਕੀਤਾ ਜਾ ਸਕਦਾ। ਚੀਫ ਜਸਟਿਸ ਸੰਜੇ ਕਿਸ਼ਨ ਕੌਲ ਤੇ ਜਸਟਿਸ ਅਰੁਣ ਪੱਲੀ ‘ਤੇ ਆਧਾਰਤ ਡਿਵੀਜ਼ਨ ਬੈਂਚ ਨੇ ਕਿਹਾ ਕਿ ਅਸੀਂ ਅਖੀਰ ਇਹ ਸਿੱਟਾ ਕੱਢਿਆ ਹੈ ਕਿ ਆਦਤ ਬਣ ਜਾਣ ਵਾਲੇ ਨਸ਼ਿਆਂ ਦੀ ਸਪਲਾਈ ਗੰਭੀਰ ਸਮੱਸਿਆ ਹੈ, ਖਾਸ ਕਰਕੇ ਪੰਜਾਬ ਵਿਚ ਜਿਥੇ ਵੱਡੇ ਪੱਧਰ ‘ਤੇ ਨਸ਼ਿਆਂ ਦਾ ਕੋਹੜ ਫੈਲਿਆ ਹੋਇਆ ਹੈ। ਅਜਿਹੇ ਨਸ਼ਿਆਂ ਦੀ ਸਪਲਾਈ ਦਾ ਇਕ ਮੁੱਖ ਸਰੋਤ ਲਾਇਸੈਂਸਧਾਰੀ ਕੈਮਿਸਟ ਹਨ।
ਇਹ ਅਜਿਹਾ ਮਾਮਲਾ ਨਹੀਂ ਹੈ, ਜਿਸ ਵਿਚ ਕਿਸੇ ਨੂੰ ਤਰਸ ਦੇ ਆਧਾਰ ‘ਤੇ ਛੱਡ ਦਿੱਤਾ ਜਾਵੇ। ਡਿਵੀਜ਼ਨ ਬੈਂਚ ਨੇ ਇਹ ਹੁਕਮ ਇਕ ਕੈਮਿਸਟ ਵੱਲੋਂ ਪੰਜਾਬ ਸਰਕਾਰ ਤੇ ਹੋਰਨਾਂ ਖ਼ਿਲਾਫ਼ ਪਾਈ ਗਈ ਪਟੀਸ਼ਨ ‘ਤੇ ਦਿੱਤੇ।

Be the first to comment

Leave a Reply

Your email address will not be published.