ਚੋਣਾਂ ਵਿਚ ਮਾੜੀ ਕਾਰਗੁਜ਼ਾਰੀ ਲਈ ਬਾਦਲ ਪਰਿਵਾਰ ‘ਦੋਸ਼ੀ ਕਰਾਰ’

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਦੇ ਕਾਰਨਾਂ ਦੀ ‘ਫੀਡ ਬੈਕ’ ਲੈਣ ਲਈ ਕੀਤੀਆਂ ਮੀਟਿੰਗਾਂ ਵਿਚ ਸੀਨੀਅਰ ਆਗੂਆਂ ਨੇ ਘੁਮਾ-ਫਿਰਾ ਕੇ ਬਾਦਲ ਪਰਿਵਾਰ ਨੂੰ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਹੈ। ‘ਫੀਡ ਬੈਕ’ ਮੀਟਿੰਗਾਂ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੇ ‘ਮਾਡਲ’ ਉਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਪਾਰਲੀਮਾਨੀ ਹਲਕੇ ਨਾਲ ਸਬੰਧਤ ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਹੈ ਕਿ ਗੈਰ ਰਾਜਨੀਤਕ ਵਿਅਕਤੀਆਂ ਨੂੰ ਵਿਧਾਨ ਸਭਾ ਹਲਕਿਆਂ ਦੇ ਮੈਨੇਜਰ ਲਗਾਉਣ ਕਾਰਨ ਅਕਾਲੀਆਂ ਦੀ ਲੋਕਾਂ ਵਿਚ ਭਰੋਸੇਯੋਗਤਾ ਨੂੰ ਸੱਟ ਵੱਜੀ ਹੈ ਤੇ ਟਕਸਾਲੀ ਆਗੂਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਜਿਸ ਕਾਰਨ ਮਾਨਸਾ ਤੇ ਬਠਿੰਡਾ ਵਰਗੇ ਸ਼ਹਿਰੀ ਵੋਟਰਾਂ ‘ਤੇ ਅਕਾਲੀ ਦਲ ਦੀ ਪਕੜ ਢਿੱਲੀ ਪੈ ਗਈ।
ਮੀਟਿੰਗਾਂ ਵਿਚ ਸੀਨੀਅਰ ਆਗੂਆਂ, ਮੁੱਖ ਸੰਸਦੀ ਸਕੱਤਰਾਂ, ਵਿਧਾਇਕਾਂ, ਹਲਕਾ ਇੰਚਾਰਜਾਂ, ਜ਼ਿਲ੍ਹਾ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਮਣੇ ਖੁਲਾਸਾ ਕੀਤਾ ਹੈ ਕਿ ਪੁਲਿਸ, ਮਾਲ ਤੇ ਬਿਜਲੀ ਵਿਭਾਗ ਦੇ ਭ੍ਰਿਸ਼ਟਾਚਾਰ ਕਾਰਨ ਸਰਕਾਰ ਦਾ ਲੋਕਾਂ ਵਿਚ ਅਕਸ ਵਿਗੜ ਰਿਹਾ ਹੈ। ਮੁਹਾਲੀ, ਸੰਗਰੂਰ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ ਤੇ ਹੋਰਨਾਂ ਕਈ ਜ਼ਿਲ੍ਹਿਆਂ ਦੇ ਅਕਾਲੀਆਂ ਨੇ ਕਿਹਾ ਕਿ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਿਥੇ ਰੇਤ ਬੱਜਰੀ, ਪ੍ਰਾਪਰਟੀ ਟੈਕਸ, ਕਲੋਨੀਆਂ ਨਿਯਮਤ ਕਰਨ ਲਈ ਲਗਾਈ ਫੀਸ ਆਦਿ ਦੇ ਮੁੱਦੇ ਭਾਰੂ ਰਹੇ ਉਥੇ ਇਨ੍ਹਾਂ ਵਿਭਾਗਾਂ ਦੇ ਭ੍ਰਿਸ਼ਟਾਚਾਰ ਕਾਰਨ ਵੀ ਲੋਕਾਂ ਵਿਚ ਸਰਕਾਰ ਵਿਰੁੱਧ ਰੋਹ ਹੈ।
ਰੌਚਕ ਤੱਥ ਇਹ ਹੈ ਕਿ ਬਿਜਲੀ ਵਿਭਾਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇਖ ਰਹੇ ਹਨ। ਪੁਲਿਸ ਵਿਭਾਗ ਸੁਖਬੀਰ ਸਿੰਘ ਬਾਦਲ ਤੇ ਮਾਲ ਮਹਿਕਮੇ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਹਨ। ਇਹ ਮੀਟਿੰਗਾਂ ਪਾਰਟੀ ਆਗੂਆਂ ਤੋਂ ਲੋਕ ਸਭਾ ਚੋਣਾਂ ਵਿਚ ਹਾਰ ਦੇ ਕਾਰਨਾਂ ਦੀ ਸਮੀਖਿਆ ਲਈ ਬੁਲਾਈਆਂ ਗਈਆਂ ਸਨ। ਸੁਖਬੀਰ ਬਾਦਲ ਆਪਣੇ ਵਿਭਾਗਾਂ ਵਿਚ ਰਿਸ਼ਵਤਖੋਰੀ ਬਿਨਾਂ ਕੰਮ ਨਾ ਹੋਣ ਤੇ ਅਫਸਰਾਂ ਦੇ ਬੇਲਗਾਮ ਹੋਣ ਦੇ ਤੱਥ ਸੁਣਕੇ ਹੈਰਾਨ ਰਹਿ ਗਏ ਕਿਉਂਕਿ ਪ੍ਰਸ਼ਾਸਕੀ ਸੁਧਾਰਾਂ ਨੂੰ ਲਾਗੂ ਕਰਦਿਆਂ ਸ਼ ਬਾਦਲ ਨੇ ਇਨ੍ਹਾਂ ਵਿਭਾਗਾਂ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਦਾਅਵਾ ਕੀਤਾ ਸੀ।
ਸੂਤਰਾਂ ਮੁਤਾਬਕ ਅਕਾਲੀ ਦਲ ਦੇ ਆਗੂਆਂ ਨੇ ਦੱਸਿਆ ਕਿ ਪੁਲਿਸ ਵਿਚ ਭ੍ਰਿਸ਼ਟਾਚਾਰ ਇਸ ਹੱਦ ਤੱਕ ਹੈ ਕਿ ਸ਼ਿਫਾਰਿਸ਼ਾਂ ਤੋਂ ਬਾਅਦ ਵੀ ਪੁਲਿਸ ਮੁਲਾਜ਼ਮ ਵੱਢੀ ਲਏ ਬਿਨਾਂ ਕਿਸੇ ਦਾ ਕੰਮ ਨਹੀਂ ਕਰਦੇ। ਅਕਾਲੀ ਆਗੂਆਂ ਨੇ ਪੁਲਿਸ ਮੁਲਾਜ਼ਮਾਂ ਦੀ ਅਮਰਵੇਲ ਵਾਂਗ ਵਧਦੀ ਜਾਇਦਾਦ ‘ਤੇ ਵੀ ਸਵਾਲ ਖੜ੍ਹੇ ਕੀਤੇ। ਕਈ ਆਗੂਆਂ ਨੇ ਪੁਲਿਸ ਜ਼ਿਆਦਤੀਆਂ ਦੇ ਮੁੱਦੇ ਵੀ ਚੁੱਕੇ। ਮੀਟਿੰਗ ਵਿਚ ਸ਼ਾਮਲ ਆਗੂਆਂ ਨੇ ਦੱਸਿਆ ਕਿ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹੀ ਸਵਾਲ ਪੁੱਛਿਆ ਕਿ ਸਰਕਾਰ ਵੱਲੋਂ ਵਿਕਾਸ ਕਾਰਜ ਕਰਨ ਦੇ ਬਾਵਜੂਦ ਲੋਕ ਹਾਕਮ ਪਾਰਟੀਆਂ ਵਿਰੁੱਧ ਕਿਉਂ ਭੁਗਤੇ। ਅਕਾਲੀ ਆਗੂਆਂ ਨੇ ਪਾਰਟੀ ਪ੍ਰਧਾਨ ਨੂੰ ਦੱਸਿਆ ਕਿ ਮਾਲ ਵਿਭਾਗ ਵਿਚ ਪਟਵਾਰੀ ਤੋਂ ਤਹਿਸੀਲਦਾਰ ਤੱਕ ਰਿਸ਼ਵਤਖੋਰੀ ਦਾ ਜੋ ਰੁਝਾਨ ਸੀ ਉਸ ਵਿਚ ਕੋਈ ਕਮੀ ਨਹੀਂ ਆਈ ਸਗੋਂ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਵੀ ਵਧਿਆ ਹੈ। ਇਸੇ ਤਰ੍ਹਾਂ ਬਿਜਲੀ ਨਿਗਮ ਦਾ ਹਰ ਕਰਮਚਾਰੀ ਪੈਸੇ ਲੈ ਕੇ ਹੀ ਕੰਮ ਕਰਦਾ ਹੈ ਤਾਂ ਲੋਕ ਵੋਟਾਂ ਵੇਲੇ ਸਰਕਾਰ ਵਿਰੁੱਧ ਗੁੱਸਾ ਕੱਢਣ ਤੱਕ ਚਲੇ ਗਏ।
ਮੀਟਿੰਗ ਵਿਚ ਸ਼ਾਮਲ ਹੋਏ ਅਕਾਲੀ ਆਗੂਆਂ ਨੇ ਕਿਹਾ ਕਿ ਰੇਤ ਬਜਰੀ ਦੇ ਭਾਅ ਆਸਮਾਨੀ ਚੜ੍ਹਨ ਤੇ ਕਿੱਲਤ ਕਾਰਨ ਸਰਕਾਰ ਪ੍ਰਤੀ ਲੋਕਾਂ ਵਿਚ ਬਹੁਤ ਜਿਆਦਾ ਨਾਰਾਜ਼ਗੀ ਹੈ। ਵਿਭਾਗਾਂ ਵਿਚ ਭ੍ਰਿਸ਼ਟਾਚਾਰ ਦੇ ਤੱਥਾਂ ਨੂੰ ਉਪ ਮੁੱਖ ਮੰਤਰੀ ਸਿਰਫ਼ ਲਿਖਦੇ ਹੀ ਰਹੇ ਤੇ ਕੋਈ ਟਿੱਪਣੀ ਨਹੀਂ ਕੀਤੀ। ਉਹ ਸ਼ਾਇਦ ਇਸ ਕਰਕੇ ਕਿਉਂਕਿ ਵਿਭਾਗ ਤਾਂ ਬਾਦਲ ਪਰਿਵਾਰ ਹੀ ਦੇਖ ਰਿਹਾ ਹੈ। ਅਕਾਲੀ ਆਗੂਆਂ ਵੱਲੋਂ ਸਾਹਮਣੇ ਲਿਆਂਦੇ ਤੱਥਾਂ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਉਪ ਮੁੱਖ ਮੰਤਰੀ ਦੀ ਪ੍ਰਸ਼ਾਸਕੀ ਸੁਧਾਰਾਂ ਦੀ ਗੱਡੀ ਅਜੇ ਤਾਈਂ ਲੀਹ ਉਤੇ ਨਹੀਂ ਚੜ੍ਹੀ। ਇਸੇ ਤਰ੍ਹਾਂ ਸੇਵਾ ਦਾ ਅਧਿਕਾਰ ਕਾਨੂੰਨ ਤੇ ਕਮਿਸ਼ਨ ਵੀ ਬਹੁਤੇ ਕਾਰਗਰ ਸਾਬਤ ਨਹੀਂ ਹੋ ਰਹੇ। ਸੂਤਰਾਂ ਮੁਤਾਬਕ ਇਸ ਮੀਟਿੰਗ ਦੌਰਾਨ ਹਲਕਾ ਇਚਾਰਜਾਂ ਤੇ ਵਿਧਾਇਕਾਂ ਨੂੰ ਸ਼ ਬਾਦਲ ਵੱਲੋਂ ਇਹ ਵੀ ਇਸ਼ਾਰਾ ਕਰ ਦਿੱਤਾ ਗਿਆ ਹੈ ਕਿ ਅਫਸਰਾਂ ਦੀਆਂ ਤਾਇਨਾਤੀਆਂ ਤੇ ਨਿਯੁਕਤੀਆਂ ਵਿਚ ਕੋਈ ਸਿਫਾਰਿਸ਼ ਨਾ ਕੀਤੀ ਜਾਵੇ।
_______________________________________________
ਹੁਣ ਵੱਡੀਆਂ ਤਬਦੀਲੀਆਂ ਹੋਣਗੀਆਂ: ਸੁਖਬੀਰ
ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪਾਰਟੀ ਆਗੂਆਂ ਤੋਂ ਮਿਲੀ ਫੀਡ ਬੈਕ ਦੇ ਆਧਾਰ ‘ਤੇ ਭਵਿੱਖ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਕਈ ਅਜਿਹੇ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਬਾਦਲ ਨੇ ਐਲਾਨ ਕੀਤਾ ਹੈ ਕਿ ਉਹ ਹਰ ਬੁੱਧਵਾਰ ਨੂੰ ਪਾਰਟੀ ਦਫ਼ਤਰ ਵਿਚ ਬੈਠ ਕੇ ਵਰਕਰਾਂ ਦੀਆਂ ਸ਼ਿਕਾਇਤਾਂ ਸੁਣਨਗੇ। ਉਨ੍ਹਾਂ ਪੁਲਿਸ, ਮਾਲ, ਬਿਜਲੀ ਤੇ ਹੋਰਨਾਂ ਵਿਭਾਗਾਂ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਮੁਹਿੰਮ ਚਲਾਉਣ ਦਾ ਫ਼ੈਸਲਾ ਵੀ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਮੰਤਰੀਆਂ ਨੂੰ ਹਰ ਮਹੀਨੇ ਜ਼ਿਲ੍ਹਾ ਪੱਧਰ ‘ਤੇ ਬੈਠਣ ਦੀ ਹਦਾਇਤ ਵੀ ਦਿੱਤੀ। ਮੀਟਿੰਗਾਂ ਦੌਰਾਨ ਅਕਾਲੀ ਆਗੂਆਂ ਨੇ ਭ੍ਰਿਸ਼ਟਾਚਾਰ ਤੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਵਰਕਰਾਂ ਤੋਂ ਦੂਰ ਹੋਣ ਦੀ ਗੱਲ ਕੀਤੀ। ਸੁਖਬੀਰ ਸਿੰਘ ਬਾਦਲ ਵੱਲੋਂ ਫੀਡ ਬੈਕ ਮੀਟਿੰਗਾਂ ਖ਼ਤਮ ਕਰਨ ਤੋਂ ਬਾਅਦ ਪਾਰਟੀ ਸੰਗਠਨ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਪਾਰਟੀ ਪ੍ਰਧਾਨ ਦੀ ਚੋਣ ਤਾਂ ਪਿਛਲੇ ਸਾਲ ਹੋਏ ਜਨਰਲ ਇਜਲਾਸ ਦੌਰਾਨ ਹੋ ਗਈ ਸੀ ਪਰ ਬਾਕੀ ਨਿਯੁਕਤੀਆਂ ਨਹੀਂ ਸਨ ਕੀਤੀਆਂ ਗਈਆਂ। ਪਾਰਟੀ ਨੇ ਐਨæਆਰæਆਈæ ਵਿੰਗ ਪਹਿਲਾਂ ਹੀ ਭੰਗ ਕਰ ਦਿੱਤੇ ਹਨ। ਇਨ੍ਹਾਂ ਮੀਟਿੰਗਾਂ ਦੌਰਾਨ ਯੂਥ ਅਕਾਲੀ ਦਲ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲੀਆ ਨਿਸ਼ਾਨ ਲੱਗੇ ਹਨ। ਯੂਥ ਵਿੰਗ ਵਿਚ ਵੀ ਤਬਦੀਲੀਆਂ ਸੰਭਵ ਮੰਨੀਆਂ ਜਾ ਰਹੀਆਂ ਹਨ। ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪਾਰਟੀ ਦੀਆਂ ਮੀਟਿੰਗਾਂ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਹਾਜ਼ਰ ਨਹੀਂ ਹੋਏ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਪਾਰਟੀ ਦੇ ਸਰਪ੍ਰਸਤ ਹਨ, ਵੀ ਮੀਟਿੰਗਾਂ ‘ਚ ਸ਼ਾਮਲ ਨਹੀਂ ਹੋਏ। ਇਸ ਤੋਂ ਇਹ ਵੀ ਸਪਸ਼ਟ ਹੈ ਕਿ ਪਾਰਟੀ ਦਾ ਪੂਰਾ ਕੰਮ ਸ਼ ਬਾਦਲ ਨੇ ਆਪਣੇ ਪੁੱਤਰ ‘ਤੇ ਹੀ ਛੱਡ ਦਿੱਤਾ ਹੈ।
____________________________________________________
ਭਾਜਪਾ ਦੀ ਪੰਜਾਬ ਇਕਾਈ ਵੱਲੋਂ ਵੀ ਚੋਣਾਂ ਬਾਰੇ ਮੰਥਨ ਜਾਰੀ
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਹੁਕਮਰਾਨ ਗੱਠਜੋੜ ਦੇ ਮਾੜੇ ਪ੍ਰਦਰਸ਼ਨ ਲਈ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਜਾ ਰਹੇ ਹਨ। ਪਾਰਟੀ ਵੱਲੋਂ ਹਾਰ ਦੇ ਕਾਰਨਾਂ ਦੀ ਜਾਂਚ ਲਈ ਸੀਨੀਅਰ ਆਗੂ ਬਲਰਾਮਜੀ ਦਾਸ ਟੰਡਨ ਦੀ ਅਗਵਾਈ ਹੇਠ ਗਠਿਤ ਕਮੇਟੀ ਦੀ ਪਲੇਠੀ ਮੀਟਿੰਗ ਦੌਰਾਨ ਭਾਜਪਾ ਆਗੂਆਂ ਨੇ ਅਕਾਲੀ ਦਲ ਵੱਲੋਂ ਘੱਟ ਸੀਟਾਂ ਜਿੱਤਣ ਲਈ ਵਿਭਾਗਾਂ ਦੇ ਭ੍ਰਿਸ਼ਟਾਚਾਰ, ਕਾਨੂੰਨ ਵਿਵਸਥਾ ਦੀ ਨਿੱਘਰੀ ਹਾਲਤ, ਨਸ਼ਿਆਂ ਦੀ ਸਮਗਲਿੰਗ, ਰੇਤ ਬਜਰੀ ਦੀ ਕਾਲਾ ਬਾਜ਼ਾਰੀ ਤੇ ਪ੍ਰਾਪਰਟੀ ਟੈਕਸ ਆਦਿ ਨੂੰ ਮੁੱਖ ਕਾਰਨ ਦੱਸਿਆ ਹੈ। ਭਾਜਪਾ ਮੁਤਾਬਕ ਮੁੱਖ ਮੁੱਦੇ ਸਨ, ਜਿਨ੍ਹਾਂ ਕਾਰਨ ਪੰਜਾਬ ਦੇ ਲੋਕਾਂ ਵਿਚ ਹਾਕਮ ਪਾਰਟੀਆਂ ਵਿਰੁੱਧ ਰੋਸ ਸੀ। ਸੂਤਰਾਂ ਮੁਤਾਬਕ ਭਾਜਪਾ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਪਾਰਟੀ ਨਾਲ ਸਬੰਧਤ ਮੰਤਰੀ ਕੈਬਨਿਟ ਮੀਟਿੰਗਾਂ ਦੌਰਾਨ ਲੋਕ ਮੁੱਦਿਆਂ ‘ਤੇ ਆਪਣੀ ਰਾਇ ਪੇਸ਼ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਹਰ ਮੁੱਦੇ ‘ਤੇ ਹਾਂ ਵਿਚ ਹਾਂ ਨਾ ਮਿਲਾਉਣ। ਮੀਟਿੰਗ ਦੌਰਾਨ ਇਹ ਗੱਲ ਕਬੂਲੀ ਗਈ ਕਿ ਭ੍ਰਿਸ਼ਟ ਤੰਤਰ ਅਕਾਲੀ ਮੰਤਰੀਆਂ ਦੇ ਵਿਭਾਗਾਂ ਵਿਚ ਹੀ ਨਹੀਂ ਸਗੋਂ ਭਾਜਪਾ ਨਾਲ ਸਬੰਧਤ ਮੰਤਰੀਆਂ ਦੇ ਵਿਭਾਗਾਂ ਵਿਚ ਵੀ ਹੈ। ਭਾਜਪਾ ਆਗੂਆਂ ਨੇ ਇਹ ਚਰਚਾ ਕੀਤੀ ਕਿ ਪੂਰੇ ਦੇਸ਼ ਵਿਚ ਮੋਦੀ ਲਹਿਰ ਕਾਰਨ ਭਾਜਪਾ ਤੇ ਸਹਿਯੋਗੀ ਪਾਰਟੀਆਂ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਪਰ ਪੰਜਾਬ ਹੀ ਇਕ ਅਜਿਹਾ ਸੂਬਾ ਰਿਹਾ ਜਿਥੇ ਕਾਂਗਰਸ ਨੇ ਨਾ ਸਿਰਫ ਪਾਰਟੀ ਦੇ ਕੱਦਾਵਰ ਨੇਤਾ ਅਰੁਣ ਜੇਤਲੀ ਨੂੰ ਹਰਾਇਆ ਸਗੋਂ ਆਮ ਆਦਮੀ ਪਾਰਟੀ (ਆਪ) ਨੇ ਵੀ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ। ਅਜਿਹਾ ਸੂਬਾ ਸਰਕਾਰ ਖ਼ਿਲਾਫ਼ ਰੋਸੇ ਕਾਰਨ ਹੀ ਹੋਇਆ। ਇਸ ਲਈ ਸਰਕਾਰ ਦਾ ਅਕਸ ਸੁਧਾਰਨ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ। ਲੋਕ ਮਸਲਿਆਂ ਖਾਸ ਕਰ ਭ੍ਰਿਸ਼ਟਾਚਾਰ, ਰੇਤ ਬਜਰੀ ਦੀ ਸਪਲਾਈ, ਨਸ਼ਿਆਂ ਦੀ ਸਮਗਲਿੰਗ ਆਦਿ ਦਾ ਢੁਕਵਾਂ ਹੱਲ ਹੋਣਾ ਚਾਹੀਦਾ ਹੈ। ਇਸ ਮੀਟਿੰਗ ਦੌਰਾਨ ਪਾਰਟੀ ਦੇ ਸੂਬਾਈ ਅਹੁਦੇਦਾਰਾਂ ਦੀ ਕਾਰਗੁਜ਼ਾਰੀ ਉੱਤੇ ਵੀ ਚਰਚਾ ਕੀਤੀ ਗਈ। ਪਾਰਟੀ ਦਾ ਮੰਨਣਾ ਹੈ ਕਿ ਭਾਜਪਾ ਦੀ ਸੂਬਾਈ ਲੀਡਰਸ਼ਿਪ ਲੋਕਾਂ ‘ਤੇ ਪ੍ਰਭਾਵ ਨਹੀਂ ਛੱਡ ਸਕੀ। ਸੂਬਾਈ ਲੀਡਰਸ਼ਿਪ ਦੇ ਘਟੇ ਪ੍ਰਭਾਵ ਕਾਰਨ ਹੀ ਪਾਰਟੀ ਅੰਮ੍ਰਿਤਸਰ ਹਲਕੇ ਤੋਂ ਹਾਰ ਗਈ। ਮੀਟਿੰਗ ਦੌਰਾਨ ਅੰਮ੍ਰਿਤਸਰ ਤੋਂ ਸਾਬਕਾ ਸੰਸਦ ਮੈਂਬਰ ਨਵਜੋਤ ਸਿੱਧੂ ਸਿੰਘ ਤੇ ਉਨ੍ਹਾਂ ਦੀ ਮੁੱਖ ਸੰਸਦੀ ਸਕੱਤਰ ਪਤਨੀ ਡਾæ ਨਵਜੋਤ ਕੌਰ ਦੀਆਂ ਟਿੱਪਣੀਆਂ ਤੇ ਦੋਵਾਂ ਦੀ ਕਾਰਗੁਜ਼ਾਰੀ ‘ਤੇ ਵੀ ਵਿਚਾਰ ਕੀਤਾ ਗਿਆ। ਕੁੱਲ ਮਿਲਾ ਕੇ ਮੀਟਿੰਗ ਨੇ ਹਾਰ ਦਾ ਭਾਂਡਾ ਸੂਬਾ ਸਰਕਾਰ ਸਿਰ ਭੰਨਿਆ। ਭਾਜਪਾ ਦੀ ਸੂਬਾਈ ਕੋਰ ਕਮੇਟੀ ਦੀ ਨਵੀਂ ਦਿੱਲੀ ਵਿਚ 27 ਮਈ ਨੂੰ ਹੋਈ ਮੀਟਿੰਗ ਦੌਰਾਨ ਸ੍ਰੀ ਟੰਡਨ ਦੀ ਅਗਵਾਈ ਹੇਠ ਇਸ ਕਮੇਟੀ ਦਾ ਗਠਨ ਕੀਤਾ ਗਿਆ ਸੀ। ਸ੍ਰੀ ਸ਼ਾਂਤਾ ਕੁਮਾਰ ਨੇ ਉਸ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ।

Be the first to comment

Leave a Reply

Your email address will not be published.