ਮਾਇਆ ਜਾਲ ਬਣਿਆ ਚੱਢਾ ਭਰਾਵਾਂ ਦਾ ਅੰਤ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸ਼ਰਾਬ ਦੇ ਕਾਰੋਬਾਰ ਦਾ ਬਾਦਸ਼ਾਹ ਕਹਾਉਣ ਵਾਲਾ ਪੌਂਟੀ ਚੱਢਾ ਆਖ਼ਰ ਮਾਇਆ ਦੇ ਜਾਲ ਵਿਚ ਉਲਝ ਕੇ ਹੀ ਜਾਨ ਗਵਾ ਬੈਠਾ। ਉਸ ਦੇ ਦੱਖਣੀ ਦਿੱਲੀ ਸਥਿਤ ਫਾਰਮ ਹਾਊਸ ‘ਤੇ ਲੰਘੇ ਦਿਨ ਸੰਪਤੀ ਵਿਵਾਦ ਨੂੰ ਸੁਲਝਾਉਣ ਲਈ ਕੀਤੀ ਜਾ ਰਹੀ ਗੱਲਬਾਤ ਦੌਰਾਨ ਦੋਵਾਂ ਭਾਰਵਾਂ ਵਿਚਾਲੇ ਹੋਈ ਗੋਲੀਬਾਰੀ ਵਿਚ ਪੌਂਟੀ ਚੱਢਾ ਤੇ ਉਸ ਦਾ ਭਰਾ ਹਰਦੀਪ ਸਿੰਘ ਮਾਰਿਆ ਗਿਆ। 55 ਸਾਲਾ ਗੁਰਦੀਪ ਸਿੰਘ ਚੱਢਾ ਉਰਫ ਪੌਂਟੀ ਦੇ ਆਪਣੇ ਭਰਾ ਨਾਲ ਚੰਗੇ ਸਬੰਧ ਨਹੀਂ ਸਨ ਤੇ ਉਨ੍ਹਾਂ ਵਿਚਾਲੇ ਸੰਪਤੀ ਕਾਰਨ ਤਕਰਾਰ ਚੱਲ ਰਿਹਾ ਸੀ।
ਪੁਲਿਸ ਅਨੁਸਾਰ ਸੰਪਤੀ ਦਾ ਵਿਵਾਦ ਸੁਲਝਾਉਣ ਲਈ ਬੈਠਕ ਸੱਦੀ ਗਈ ਸੀ। ਸ਼ੁਰੂ ਵਿਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਛੇਤੀ ਹੀ ਗਰਮਾ ਗਰਮੀ ਹੋ ਗਈ। ਹਰਦੀਪ ਤੈਸ਼ ਵਿਚ ਆ ਗਿਆ ਤੇ ਉਸ ਨੇ ਆਪਣੇ ਭਰਾ ਉਪਰ ਗੋਲੀਆਂ ਦੀ  ਬੁਛਾੜ ਕਰ ਦਿੱਤੀ। ਇਸ ਦੇ ਨਾਲ ਹੀ ਪੌਂਟੀ ਦੇ ਸੁਰੱਖਿਆ ਗਾਰਡਾਂ ਨੇ ਹਰਦੀਪ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਨਾਲ ਉਸ ਦੀ ਵੀ ਮੌਤ ਹੋ ਗਈ। ਇਹ ਵੀ ਚਰਚਾ ਹੈ ਕਿ ਹਰਦੀਪ ਤੇ ਪੌਂਟੀ ਨੇ ਇਕ ਦੂਜੇ ਉਪਰ ਗੋਲੀਆਂ ਚਲਾਈਆਂ ਤੇ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੇ ਵੀ ਫਾਇਰਿੰਗ ਕੀਤੀ।
ਪੌਂਟੀ ਚੱਢਾ ਦੇ ਘਰ ਉਪਰ ਗੋਲੀਬਾਰੀ ਦੀ ਇਹ ਦੂਜੀ ਘਟਨਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਮੁਰਾਦਾਬਾਦ ਸਥਿਤ ਘਰ ਵਿਚ ਪੰਜ ਅਕਤੂਬਰ ਨੂੰ ਗੋਲੀਬਾਰੀ ਹੋਈ ਸੀ। ਉਨ੍ਹਾਂ ਦਾ ਕਾਫੀ ਕਾਰੋਬਾਰ ਹੈ ਜਿਸ ਵਿਚ ਸ਼ਰਾਬ ਫੈਕਟਰੀਆਂ, ਮਲਟੀਪਲੈਕਸ ਚੀਨੀ ਤੇ ਕਾਗਜ਼ ਦੀਆਂ ਮਿੱਲਾਂ, ਰੀਅਲ ਅਸਟੇਟ ਤੇ ਫਿਲਮਾਂ ਸ਼ਾਮਲ ਹਨ। ਉਹ ‘ਜੋ ਬੋਲੇ ਸੋ ਨਿਹਾਲ’ ਫ਼ਿਲਮ ਦੇ ਨਿਰਮਾਤਾ ਵੀ ਸਨ। ਫ਼ਿਲਮ ਦਾ ਮੁੱਖ ਕਲਾਕਾਰ ਸੰਨੀ ਦਿਓਲ ਸੀ।
ਹਰਦੀਪ ਸਿੰਘ ਦੇ ਵਕੀਲ ਅਨੁਸਾਰ “ਪਿਤਾ ਕੁਲਵੰਤ ਸਿੰਘ ਚੱਢਾ ਦੀ ਮੌਤ ਤੋਂ ਬਾਅਦ ਦੋਵਾਂ ਭਰਾਵਾਂ ਵਿਚਾਲੇ ਸੰਪਤੀ ਦੀ ਵੰਡ ਨੂੰ ਲੈ ਕੇ ਲੜਾਈ ਕਾਫੀ ਗੰਭੀਰ ਹੋ ਚੁੱਕੀ ਸੀ। ਪਰਿਵਾਰ ਦੇ ਕਈ ਸਾਂਝੇ ਕਾਰੋਬਾਰ ਹਨ ਤੇ ਸੰਪਤੀ ਹੈ। ਉਨ੍ਹਾਂ ਦੇ ਹੱਲ ਲਈ ਗੱਲਬਾਤ ਤਾਂ ਚੱਲ ਰਹੀ ਸੀ ਪਰ ਉਹ ਸਹੀ ਦਿਸ਼ਾ ਵੱਲ ਨਹੀਂ ਸੀ ਜਾ ਰਹੀ। ਪੌਂਟੀ ਦੀ ਉੱਤਰ ਪ੍ਰਦੇਸ਼ ਦੇ ਸਿਆਸਤਦਾਨਾਂ ਦੇ ਕਾਫੀ ਨੇੜਤਾ ਸੀ। ਉਹ ਸੂਬੇ ਵਿਚ ਸ਼ਰਾਬ ਕਾਰੋਬਾਰ ਖੇਤਰ ਦੇ ਪ੍ਰਮੁੱਖ ਨਾਵਾਂ ਵਿਚੋਂ ਇਕ ਸੀ। ਪੰਜਾਬ ਵਿਚ ਕਿਸੇ ਸਮੇਂ ਉਨ੍ਹਾਂ ਦੀ ਪੂਰੀ ਠੁੱਕ ਸੀ। ਇਸੇ ਸਾਲ ਫਰਵਰੀ ਵਿਚ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਉਨ੍ਹਾਂ ਦੇ 13 ਟਿਕਾਣਿਆਂ ਉਪਰ ਛਾਪੇ ਮਾਰੇ ਸਨ।
_________________________
ਅਕਾਲੀਆਂ ਤੇ ਕਾਂਗਰਸੀਆਂ ਨਾਲ ਯਾਰੀ
ਚੰਡੀਗੜ੍ਹ: ਪੌਂਟੀ ਚੱਢਾ ਦੀ ਬੇਟੀ ਦੇ ਵਿਆਹ ਸਮਾਰੋਹ ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੋਵੇਂ ਹੀ ਸ਼ਾਮਲ ਹੋਏ ਸਨ। ਛਤਰਪੁਰ ਦੇ ਫਾਰਮ ਹਾਊਸ ਜਿਥੇ ਪੌਂਟੀ ਚੱਢਾ ਤੇ ਉਸ ਦੇ ਭਰਾ ਨੇ ਇਕ-ਦੂਜੇ ਦੀ ਗੋਲੀ ਮਾਰ ਕੇ ਹੱਤਿਆ ਕੀਤੀ, ਵਿਚ ਹੀ ਪੌਂਟੀ ਚੱਢਾ ਦੀ ਬੇਟੀ ਦੇ ਵਿਆਹ ਪਿੱਛੋਂ ਰਿਸੈਪਸ਼ਨ ਕੀਤੀ ਗਈ ਸੀ। ਇਸ ਸਮਾਰੋਹ ਵਿਚ ਮਾਇਆਵਤੀ ਨਹੀਂ ਸੀ ਆਈ ਕਿਉਂਕਿ ਉੱਤਰ ਪ੍ਰਦੇਸ਼ ਵਿਖੇ ਪੌਂਟੀ ਚੱਢਾ ਦੇ ਕਾਰੋਬਾਰ ‘ਤੇ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ ਸਨ। ਵਿਆਹ ਸਮਾਰੋਹ ਇਸ ਸਾਲ ਫਰਵਰੀ ਮਹੀਨੇ ਦੇ ਦੂਜੇ ਹਫਤੇ ਹੋਇਆ ਸੀ। ਇਸ ਸਮਾਰੋਹ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਸਮਾਜਵਾਦੀ ਪਾਰਟੀ ਦੇ ਨੇਤਾ ਰਾਮਗੋਪਾਲ ਯਾਦਵ, ਬਸਪਾ ਦੇ ਸਾਬਕਾ ਐਮæਪੀæ ਅਕਬਰ ਅਹਿਮਦ ਡੰਪੀ, ਉਦਯੋਗਪਤੀ ਵਿਜੇ ਮਾਲਿਆ,  ਸੁਰੇਸ਼  ਨੰਦਾ ਤੇ 2000 ਦੇ ਕਰੀਬ ਲੋਕਾਂ ਨੇ ਹਾਜ਼ਰੀ ਭਰੀ ਸੀ। ਪੌਂਟੀ ਚੱਢਾ ਨੇ ਵਿਆਹ ਸਮਾਰੋਹ ਵਿਚ ਮਹਿਮਾਨਾਂ ਦੇ ਮਨੋਰੰਜਨ ਲਈ ਪਾਕਿਸਤਾਨ ਤੋਂ ਸੂਫੀ ਗਾਇਕਾਂ ਨੂੰ ਸੱਦਿਆ ਸੀ। ਪੌਂਟੀ ਚੱਢਾ ਨੇ ਮਹਿਮਾਨਾਂ ਨੂੰ ਸਮਾਰੋਹ ਵਿਚ ਸ਼ਰਾਬ ਨਹੀਂ ਪਿਲਾਈ ਸੀ।
__________________________
ਪੰਜਾਬ ਦੀ ਸਿਆਸਤ ਵਿਚ ਰਹੀ ਪੂਰੀ ਪੈਂਠ
ਗੁਰਦੀਪ ਸਿੰਘ ਚੱਢਾ ਉਰਫ਼ ਪੌਂਟੀ ਤੇ ਉਸ ਦੇ ਭਰਾ ਹਰਦੀਪ ਸਿੰਘ ਚੱਢਾ ਦੇ ਪੰਜਾਬ ਨਾਲ ਗੂੜ੍ਹੇ ਕਾਰੋਬਾਰੀ ਸਬੰਧ ਸਨ ਤੇ ਇਸ ਪਰਿਵਾਰ ਦੇ ਸਿਆਸੀ ਸਬੰਧ ਕਿਸੇ ਤੋਂ ਲੁਕੇ ਨਹੀਂ ਰਹੇ। ਬਹੁਤੇ ਲੋਕਾਂ ਨੂੰ ਲੱਗਦਾ ਸੀ ਕਿ  ਪੌਂਟੀ ਕਾਂਗਰਸ ਦੇ ਨੇੜੇ ਹੈ ਪਰ ਉੱਤਰ ਪ੍ਰਦੇਸ਼ ਵਿਚ ਉਸ ਦੀ ਸਮਾਜਵਾਦੀ ਪਾਰਟੀ ਤੇ ਬਸਪਾ ਨਾਲ ਵੀ ਨੇੜਤਾ ਸੀ। ਪੰਜਾਬ ਵਿਚ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਾਲ ਲੈ ਕੇ ਤੁਰਿਆ।
ਚੱਢਾ ਪਰਿਵਾਰ ਨੇ ਬਸਪਾ ਦੀ ਉੱਤਰ ਪ੍ਰਦੇਸ਼ ਵਿਚਲੀ ਪਿਛਲੀ ਸਰਕਾਰ ਦੌਰਾਨ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕੀਤੀ। ਪੌਂਟੀ ਨੇ ਆਪਣੇ ਪਿਤਾ ਕੁਲਵੰਤ ਸਿੰਘ ਚੱਢਾ ਨਾਲ ਰਲ ਕੇ ਆਪਣਾ ਕਰੀਅਰ ਮੁਰਾਦਾਬਾਦ ਵਿਚ ਸ਼ਰਾਬ ਦੇ ਠੇਕੇ ਦੇ ਬਾਹਰ ਖਾਣਾ-ਪੀਣ ਦਾ ਸਾਮਾਨ ਵੇਚਣ ਨਾਲ ਸ਼ੁਰੂ ਕੀਤਾ। ਹਰਦੀਪ ਦਾ ਮੁੱਖ ਕਾਰੋਬਾਰ ਪੇਪਰ ਤੇ ਖੰਡ ਮਿੱਲਾਂ ਸਨ। ਦੋਵਾਂ ਭਰਾਵਾਂ ਵਿਚ ਲੜਾਈ, ਨਵੀਆਂ ਖੰਡ  ਮਿੱਲਾਂ ਦੀ ਮਾਲਕੀ ਨੂੰ ਲੈ ਕੇ ਸੀ। ਆਪਣੀ ਕੰਪਨੀ ਵੇਵ ਇੰਕ ਦੇ ਮੁਕਾਬਲੇ ਇਹ ਪਰਿਵਾਰ ਚੱਢਾ ਗਰੁੱਪ ਕਰਕੇ ਵੱਧ ਮਸ਼ਹੂਰ ਹੈ। ਇਸ ਗਰੁੱਪ ਦੇ ਦਿੱਲੀ, ਨੋਇਡਾ, ਕੌਸਾਂਬੀ, ਲਖਨਊ, ਲੁਧਿਆਣਾ, ਮੁਰਾਦਾਬਾਦ ਤੇ ਹਰਿਦੁਆਰ ਵਿਚ 8107 ਸੀਟਾਂ ਤੇ 28 ਸਕਰੀਨਾਂ ਵਾਲੇ ਮਲੀਪਲੈਕਸ ਹਨ ਤੇ ਪਰਿਵਾਰ ਦੀ ਠੁੱਕ ਰੀਅਲ ਅਸਟੇਟ ਵਿਚ ਵੀ ਹੈ।
ਪੰਜਾਬ ਵਿਚ 1990 ਦੇ ਦਹਾਕੇ ਦੌਰਾਨ ਸ਼ਰਾਬ ਕਾਰੋਬਾਰ ਵਿਚ ਪੈਰ ਪਸਾਰਨ ਤੋਂ ਪਹਿਲਾਂ ਪੌਂਟੀ ਚੱਢਾ ਫਿਲਮ ਡਿਸਟਰੀਬਿਊਸ਼ਨ (ਗਿੰਨੀ ਆਰਟਸ) ਦਾ ਜਾਣਿਆ-ਪਛਾਣਿਆ ਨਾਂ ਸੀ ਪਰ ਉਸ ਦਾ ਮੁੱਖ ਕਾਰੋਬਾਰ ਸ਼ਰਾਬ ਤੇ ਖੰਡ ਮਿੱਲਾਂ ਸਨ। 1997 ਵਿਚ ਜਦੋਂ ਅਕਾਲੀ-ਭਾਜਪਾ ਸਰਕਾਰ ਸ਼ਰਾਬ ਕਾਰੋਬਾਰ ਵਿਚ ਲੁਧਿਆਣਾ ਵਿਚ ਗਰਚਾ ਭਰਾਵਾਂ ਤੇ ਮਾਝੇ ਵਿਚ ਕੈਰੋਂ ਦੀ ਸਰਦਾਰੀ ਖਤਮ ਕਰਨਾ ਚਾਹੁੰਦੀਆਂ ਸੀ ਤਾਂ ਉਦੋਂ ਲੁਧਿਆਣਾ ਦੇ ਰਾਜੂ ਨਰੂਲਾ ਨੇ ਪੌਂਟੀ ਨੂੰ ਤੱਤਕਾਲੀ ਵਿੱਤ ਮੰਤਰੀ ਕੈਪਟਨ ਕੰਵਲਜੀਤ ਸਿੰਘ ਨਾਲ ਮਿਲਾਇਆ। ਇਸ ਮਗਰੋਂ ਪੌਂਟੀ ਪੰਜਾਬ ਦੇ ਸ਼ਰਾਬ ਕਾਰੋਬਾਰ ਵਿਚ ਪੂਰੀ ਤਰ੍ਹਾਂ ਛਾ ਗਿਆ।
ਅਕਾਲੀ-ਭਾਜਪਾ ਸਰਕਾਰ ਦੇ ਜਾਣ ਮਗਰੋਂ ਸੂਬੇ ਵਿਚ ਆਈ ਕਾਂਗਰਸ ਸਰਕਾਰ ਦੌਰਾਨ ਉਹ ਕਾਂਗਰਸ ਨਾਲ ਘਿਓ-ਖਿਚੜੀ ਹੋ ਗਿਆ। ਉਦੋਂ ਠੇਕਿਆਂ ਦੀ ਨਿਲਾਮੀ ਉਸ ਵੇਲੇ ਤਕ ਸ਼ੁਰੂ ਨਹੀਂ ਸੀ ਹੁੰਦੀ ਜਦੋਂ ਤਕ ਪੌਂਟੀ ਆਪਣੇ ਅੱਗ-ਰੱਖਿਅਕਾਂ ਨਾਲ ਬੋਲੀ ਵਾਲੀ ਥਾਂ ਨਹੀਂ ਸੀ ਪੁੱਜਦਾ।
ਉਸ ਦੇ ਸਰਨਾ ਭਰਾਵਾਂ, ਪਰਮਜੀਤ ਸਿੰਘ ਤੇ ਹਰਵਿੰਦਰ ਸਿੰਘ ਨਾਲ ਵੀ ਚੰਗੇ ਸਬੰਧ ਸਨ। ਦੋਵਾਂ ਭਰਾਵਾਂ ਦੀ ਬਦੌਲਤ ਹੀ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਪੁੱਜਾ।
_________________________________
ਪੰਜਾਬ ਵਿਚ ਅਰਬਾਂ ਦਾ ਕਾਰੋਬਾਰ
ਚੱਢਾ ਭਰਾਵਾਂ ਦਾ ਪੰਜਾਬ ਵਿਚ ਹੀ ਅਰਬਾਂ ਦਾ ਕਾਰੋਬਾਰ ਤੇ ਜਾਇਦਾਦ ਹੈ। ਪੌਂਟੀ ਚੱਢਾ ਦੀ ਇਕ ਭੈਣ ਲੁਧਿਆਣਾ ਦੇ ਸਰਾਭਾ ਨਗਰ ਵਿਚ ਰਹਿ ਰਹੀ ਹੈ। ਪੌਂਟੀ ਦਾ ਆਪਣੀ ਭੈਣ ਨਿਸ਼ੀ ਨਾਲ ਬਹੁਤ ਸਨੇਹ ਸੀ। ਉਹ ਜਦੋਂ ਵੀ ਲੁਧਿਆਣਾ ਆਉਂਦਾ ਤਾਂ ਆਪਣੀ ਭੈਣ ਨਿਸ਼ੀ ਕੋਲ ਹੀ ਠਹਿਰਦਾ।ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪਹਿਲੀ ਵਾਰ ਪੌਂਟੀ ਚੱਢਾ ਪੰਜਾਬ ਵਿਚ ਸ਼ਰਾਬ ਦਾ ਕਾਰੋਬਾਰ ਕਰਨ ਆਇਆ ਤਾਂ ਉਸ ਨੇ ਇੱਥੇ ਜੰਮੇ ਹੋਏ ਸ਼ਰਾਬ ਦੇ ਕਾਰੋਬਾਰੀਆਂ ਗਰਚਾ ਗਰੁੱਪ, ਸਿੱਧੂ ਗਰੁੱਪ, ਛਾਬੜਾ ਗਰੁੱਪ, ਢਿੱਲੋਂ ਗਰੁੱਪ ਦੇ ਪੈਰ ਉਖਾੜ ਦਿੱਤੇ। ਪੌਂਟੀ ਗਰੁੱਪ ਨੇ ਹੀ ਪਹਿਲੀ ਵਾਰ ਲੁਧਿਆਣਾ ਵਿਚ ਫਿਰੋਜ਼ਪੁਰ ਰੋਡ ‘ਤੇ ਇਕ ਅਰਬ ਰੁਪਏ ਦੀ ਲਾਗਤ ਨਾਲ ਵੈਸਟਰਨ ਮਾਲ ਉਸਾਰਿਆ। ਉਸ ਨੇ ਪੰਜਾਬ ਵਿਚ ਸ਼ੂਗਰ ਮਿੱਲਾਂ ਤੇ ਪੇਪਰ ਮਿੱਲਾਂ ਲਾਈਆਂ। ਰੀਅਲ ਅਸਟੇਟ ਤੇ ਫਿਲਮ ਸਨਅਤ ਵਿਚ ਉਨ੍ਹਾਂ ਆਪਣੇ ਪੈਰ ਜਮਾ ਲਏ। ਪੌਂਟੀ ਚੱਢਾ ਲੁਧਿਆਣਾ ਦੇ ਆਮ ਲੋਕਾਂ ਵਿਚ ਬਹੁਤ ਘੱਟ ਵਿਚਰਦਾ ਸੀ। ਉਂਜ ਉਹ ਸ਼ਹਿਰ ਦੇ ਧਨਾਢ ਲੋਕਾਂ ਦੇ ਸਮਾਗਮ ਵਿਚ ਅਕਸਰ ਸ਼ਮੂਲੀਅਤ ਕਰਦਾ ਸੀ। ਪੌਂਟੀ ਦਾ ਮੁਹਾਲੀ ਵਿਚ 264 ਏਕੜ ਦਾ ਫੇਅਲੇਕਸ ਕੰਟਰੀ ਰਿਹਾਇਸ਼ੀ ਪ੍ਰਾਜੈਕਟ ਹੈ। ਇਸ ਤੋਂ ਇਲਾਵਾ ਵੇਵ ਮਾਲ ਲੁਧਿਆਣਾ ਵਿਚ ਹੈ। ਕੋਕਾ ਕੋਲਾ ਬਾਟਲਿੰਗ ਪਲਾਂਟ ਅੰਮ੍ਰਿਤਸਰ ਵਿਚ ਹੈ। ਉਸ ਦੇ ਸਾਫ਼ਟ ਡਰਿੰਕਸ, ਰੀਅਲ ਅਸਟੇਟ, ਸ਼ਰਾਬ ਤੇ ਮਲਟੀਪਲੈਕਸ ਤੋਂ ਇਲਾਵਾ ਏਬੀ ਸ਼ੂਗਰਜ਼ (ਦਸੂਹਾ) ਤੇ ਏਬੀ ਗਰੇਨਜ਼ ਸਪਿਰਟਸ (ਗੁਰਦਾਸਪੁਰ) ਹੈ। ਦੋਵੇਂ ਬਿਜਲੀ ਪੈਦਾ ਕਰਨ ਦੇ ਸਮਰੱਥ ਹਨ।
____________________________
ਫਿਲਮੀ ਦੁਨੀਆ ਤੱਕ ਉਡਾਣ
ਰਾਜੂ ਨਰੂਲਾ ਜਿਸ ਦੇ ਸਿਰ ਐਲਾਨ, ਗੁੰਡਾ ਰਾਜ, ਉਡਾਨ, ਅਫਲਾਤੂਨ ਤੇ ਚੋਰੀ-ਚੋਰੀ ਫਿਲਮਾਂ ਬਣਾਉਣ ਦਾ ਸਿਹਰਾ ਬੱਝਦਾ ਹੈ, ਨੇ ਪੌਂਟੀ ਨਾਲ ਰਲ ਕੇ ਮਰਡਰ-2, ਖਾਕੀ, ਕੰਪਨੀ ਤੇ ਗ਼ਦਰ ਦੀ ਡਿਸਟਰੀਬਿਊਸ਼ਨ ਵੀ ਕੀਤੀ ਪਰ ਨਰੂਲਾ ਦੀ ਛੋਟੀ ਉਮਰੇ ਹੀ ਮੌਤ ਹੋ ਗਈ। 2005 ਵਿਚ ਪੌਂਟੀ ‘ਜੋ ਬੋਲੇ ਸੋ ਨਿਹਾਲ’ ਫਿਲਮ ਦਾ ਨਿਰਮਾਤਾ ਬਣਿਆ। ਉਸ ਦਾ ਸਭ ਤੋਂ ਪਹਿਲਾ ਮਲਟੀਪਲੈਕਸ ਸੈਂਟਰਸਟੇਜ ਮਾਲ ਨੋਇਡਾ ਵਿਚ ਖੜ੍ਹਾ ਹੋਇਆ ਜਿਸ ਦਾ ਘੇਰਾ 3æ50 ਲੱਖ ਵਰਗ ਫੁੱਟ ਹੈ। ਉੱਤਰ ਪ੍ਰਦੇਸ਼ ਵਿਚ ਝੰਡੇ ਗੱਡਣ ਮਗਰੋਂ ਉਸ ਨੇ ਪੰਜਾਬ ਵਿਚ ਸ਼ਰਾਬ, ਮਲਟੀਪਲੈਕਸ, ਰੀਅਲ ਅਸਟੇਟ ਤੇ ਮਨੋਰੰਜਨ ਦੇ ਖੇਤਰ ਵਿਚ ਸਰਦਾਰੀ ਕਾਇਮ ਕੀਤੀ।
ਰੇਹੜੀ ਤੋਂ ਅਰਬਾਂ ਖਰਬਾਂ ਤੱਕ
ਪੌਂਟੀ ਚੱਢਾ ਦੇ ਪਿਤਾ ਮਰਹੂਮ ਕੁਲਵੰਤ ਸਿੰਘ ਚੱਢਾ ਕਿਸੇ ਵੇਲੇ ਇਕ ਠੇਕੇ ਦੇ ਸਾਹਮਣੇ ਰੇਹੜੀ ਲਾਉਂਦੇ ਹੁੰਦੇ ਸਨ। ਉਨ੍ਹਾਂ ਨੇ 1968 ਵਿਚ ਛੋਟੀ ਜਿਹੀ ਗੁੜ ਮਿੱਲ ਲਾ ਕੇ ਕਾਰੋਬਾਰ ਦੀ ਸ਼ੁਰੂਆਤ ਕੀਤੀ। ਇਸ ਮਗਰੋਂ ਪਿਤਾ ਤੇ ਉਨ੍ਹਾਂ ਦੇ ਤਿੰਨ ਪੁੱਤਰਾਂ ਪੌਂਟੀ, ਹਰਦੀਪ ਤੇ ਰਾਜਿੰਦਰ ਸਿੰਘ ਨੇ ਰਲ ਕੇ ਫੂਡ ਪ੍ਰੋਸੈਸਿੰਗ, ਪੇਪਰ ਤੇ ਸ਼ੂਗਰ ਮਿੱਲ, ਸ਼ਰਾਬ ਫੈਕਟਰੀਆਂ, ਬੌਟਲਿੰਗ ਪਲਾਂਟ, ਰੀਅਲ ਅਸਟੇਟ ਤੇ ਫ਼ਿਲਮ ਡਿਸਟਰੀਬਿਊਸ਼ਨ ਸਣੇ ਹੋਰ ਕਈ ਕੰਮਾਂ ਵਿਚ ਹੱਥ ਪਾ ਕੇ 6000 ਕਰੋੜ ਰੁਪਏ ਦੀ ਸਲਤਨਤ ਖੜ੍ਹੀ ਕਰ ਦਿੱਤੀ। ਇਨ੍ਹਾਂ ਨੇ ਵੇਵ ਇੰਕ ਨਾਮ ਦੀ ਕੰਪਨੀ ਖੜ੍ਹੀ ਕੀਤੀ ਜਿਹੜੀ ਚੱਢਾ ਗਰੁੱਪ ਨਾਲ ਮਸ਼ਹੂਰ ਹੈ।
ਪਰਿਵਾਰ ਨੂੰ ਸਾਜ਼ਿਸ਼ ਦਾ ਸ਼ੱਕ
ਚੱਢਾ ਭਰਾਵਾਂ ਗੁਰਦੀਪ ਉਰਫ਼ ਪੌਂਟੀ ਅਤੇ ਹਰਦੀਪ ਦੀਆਂ ਹੱਤਿਆਵਾਂ ਦੀ ਦੂਹਰੀ ਤ੍ਰਾਸਦੀ ਨਾਲ ਜੂਝ ਰਹੇ ਇਸ ਪਰਿਵਾਰ ਦੇ ਕੁਝ ਮੈਂਬਰਾਂ ਦਾ ਮੰਨਣਾ ਹੈ ਕਿ ਇਸ ਘਟਨਾ ਪਿੱਛੇ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ। ਇਸ ਪਰਿਵਾਰ ਕੋਲ ਸਾਂਝੇ ਤੌਰ ‘ਤੇ 40 ਤੋਂ 50 ਹਜ਼ਾਰ ਕਰੋੜ ਰੁਪਏ ਤੱਕ ਦੀ ਸੰਪਤੀ ਹੈ। ਪਰਿਵਾਰਕ ਸੂਤਰਾਂ ਅਨੁਸਾਰ ਇਨ੍ਹਾਂ ਮੌਤਾਂ ਪਿੱਛੇ ਕਿਸੇ ਸਾਜ਼ਿਸ਼ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਦੋਵਾਂ ਭਰਾਵਾਂ ਦੇ ਵੱਖੋ-ਵੱਖਰੇ ਕਾਰੋਬਾਰ ਸਨ ਤੇ ਅਜਿਹੀ ਕਿਹੜੀ ਗੱਲ ਸੀ ਜਿਸ ਨੇ ਇਨ੍ਹਾਂ ਨੂੰ ਖੁੱਲ੍ਹੇਆਮ ਇਕ-ਦੂਜੇ ‘ਤੇ ਗੋਲੀਆਂ ਚਲਾਉਣ ਲਈ ਮਜਬੂਰ ਕਰ ਦਿੱਤਾ।
ਉਤਰਾਖੰਡ ਦਾ ਆਗੂ ਸ਼ੱਕ ਦੇ ਘੇਰੇ ‘ਚ
ਲਿੱਕਰ ਕਿੰਗ ਪੌਂਟੀ ਚੱਢਾ ਤੇ ਉਸ ਦੇ ਭਰਾ ਦੇ ਕਤਲ ਦੇ ਮਾਮਲੇ ਵਿਚ ਉਤਰਾਖੰਡ ਦੇ ਇਕ ਆਗੂ ਤੇ ਸੂਬਾਈ ਪੁਲਿਸ ਦੇ ਇਕ ਕਾਂਸਟੇਬਲ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਉਤਰਾਖੰਡ ਦੇ ਡੀਜੀਪੀ ਸੱਤਿਆਵਰਤ ਬਾਂਸਲ ਨੇ ਦੱਸਿਆ ਕਿ ਇੰਸਪੈਕਟਰ ਪ੍ਰਮੋਦ ਸ਼ਾਹ ਦੀ ਅਗਵਾਈ ਹੇਠ ਟੀਮ ਦਿੱਲੀ ਭੇਜੀ ਗਈ ਹੈ। ਇਹ ਟੀਮ ਉਤਰਾਖੰਡ ਪੁਲਿਸ ਦੇ ਕਾਂਸਟੇਬਲ ਸਚਿਨ ਤਿਆਗੀ ਦੀ ਇਸ ਹੱਤਿਆ ਕਾਂਡ ਵਿਚ ਕਥਿਤ ਭੂਮਿਕਾ ਬਾਰੇ ਜਾਂਚ ਕਰੇਗੀ। ਤਿਆਗੀ ਇਸ ਵੇਲੇ ਸੂਬੇ ਦੇ ਘੱਟ-ਗਿਣਤੀਆਂ ਸਬੰਧੀ ਕਮਿਸ਼ਨ ਦੇ ਚੇਅਰਮੈਨ ਸੁਖਦੇਵ ਸਿੰਘ ਨਾਮਧਾਰੀ ਦੇ ਅੰਗ-ਰੱਖਿਅਕ ਵਜੋਂ ਤਾਇਨਾਤ ਹੈ ਜੋ ਸ਼ਨਿਚਰਵਾਰ ਨੂੰ ਵਾਪਰੀ ਇਸ ਘਟਨਾ ਮੌਕੇ ਹਾਜ਼ਰ ਸਨ। ਡੀਜੀਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਸੂਚਨਾ ਅਨੁਸਾਰ ਸ੍ਰੀ ਨਾਮਧਾਰੀ ਨੇ ਆਪਣੀ ਐਫ਼ਆਈæਆਰæ ਵਿਚ ਕਿਹਾ ਹੈ ਕਿ ਤਿਆਗੀ ਨੇ ਉਨ੍ਹਾਂ ਦੀ ਰੱਖਿਆ ਵਾਸਤੇ ਘਟਨਾ ਮੌਕੇ ਕੁਝ ਗੋਲੀਆਂ ਚਲਾਈਆਂ ਸਨ।

Be the first to comment

Leave a Reply

Your email address will not be published.