ਹਕੂਮਤੀ ਨਸ਼ੇ ਦੇ ਹਰਜਾਨੇ

ਐਸ਼ ਅਸ਼ੋਕ ਭੌਰਾ

ਜੇ ਕਾਂਵਾਂ ਦੇ ਯੁੱਗ ਵਿਚ ਵੀ ਕੂੰਜਾਂ ਮਿੱਠੇ ਗੀਤ ਗਾਉਣੋਂ ਨਹੀਂ ਹਟੀਆਂ ਤਾਂ ਇਸ ਕਰ ਕੇ ਕਿਉਂਕਿ ਧਰਤੀ ‘ਤੇ ਸਿਰਫ ਪਾਪ ਹੀ ਨਹੀਂ, ਪੁੰਨ ਦਾ ਪ੍ਰਸ਼ਾਦ ਵੀ ਵੰਡਿਆ ਜਾ ਰਿਹਾ ਹੈ। ਆਮ ਲੋਕ ਹਥਿਆਰਾਂ ਦੇ ਨਿਰਮਾਣ ਨੂੰ ਵੇਖ ਕੇ ਝੂਰ ਰਹੇ ਹਨ, ਪਰ ਸਿਆਣੇ ਬੰਦੇ ਸੋਚਦੇ ਹਨ। ਬਾਗ ਫੁੱਲਾਂ ਨਾਲ ਵੀ ਭਰੇ ਪਏ ਹਨ ਤੇ ਤਿਤਲੀਆਂ ਭੌਰਿਆਂ ਦੀ ਪ੍ਰਵਾਹ ਕੀਤੇ ਬਿਨਾਂ ਨਾ ਹਾਰੀਆਂ ਨੇ, ਨਾ ਹੰਭੀਆਂ ਨੇ। ਵੈਣ ਭਾਵੇਂ ਵੱਧ ਵੀ ਪੈ ਰਹੇ ਹਨ, ਪਰ ਘੋੜੀਆਂ ਗਾਉਣ ਦੀ ਰੁਚੀ ਵੀ ਘੱਟ ਨਹੀਂ ਹੋਈ। ਬਲਾਤਕਾਰਾਂ ਦੀ ਗਿਣਤੀ ਵਧਣ ਨਾਲ ਦਹਿਲ ਤਾਂ ਵਧ ਗਿਆ ਹੈ ਪਰ ਹੌਸਲਾ ਤਾਂ ਕਾਇਮ ਹੈ ਕਿ ਕਿਤੇ-ਕਿਤੇ ਸੁੱਚੇ ਸੂਰਮੇ ਵੀ ਅੱਖ ਪੁੱਟੀ ਜਾ ਰਹੇ ਹਨ। ਅੱਖ ਭਟਕ ਜਾਣ ਕਾਰਨ ਹੀ ਬੁੱਢਿਆਂ ਨੂੰ ਇਸ਼ਕ ਦਾ ਰੋਗ ਕੈਂਸਰ ਵਾਂਗ ਚਿੰਬੜਦਾ ਜਾ ਰਿਹਾ ਹੈ। ਸਿਆਸੀ ਲੋਕ ਸੋਚਦੇ ਨੇ, ਪਰਜਾ ਸੌਂ ਰਹੀ ਹੈ ਤੇ ਉਨ੍ਹਾਂ ਨੂੰ ਇਹ ਭਰਮ ਵੀ ਨਹੀਂ ਕਿ ਪਹਿਰੇ ਰਾਤਾਂ ਨੂੰ ਲੱਗੇ ਹੋਏ ਹਨ। ਤਿਉਹਾਰ ਇਸ ਕਰ ਕੇ ਫਿੱਕੇ ਪੈਂਦੇ ਜਾ ਰਹੇ ਹਨ ਕਿਉਂਕਿ ਚਾਅਵਾਂ ਉਤੇ ਫੈਸ਼ਨ ਅਤੇ ਲੀੜਾ-ਲੱਤਾ ਭਾਰੂ ਹੁੰਦਾ ਜਾ ਰਿਹਾ ਹੈ। ਕਬੂਤਰਾਂ ਵਿਚਾਰਿਆਂ ਨੂੰ ਨਹੀਂ ਪਤਾ ਕਿ ਬਾਜ ਪਹਿਲਾਂ ਨਾਲੋਂ ਵੀ ਹੋਰ ਹੰਕਾਰੀ ਹੁੰਦਾ ਜਾ ਰਿਹਾ ਹੈ। ਕਈ ਲੋਕ ਹੱਥ ਘੁੱਟ ਕੇ ਬਹੁਤ ਮਿਲਾਉਂਦੇ ਹਨ ਪਰ ਜਦੋਂ ਛੱਡਦੇ ਹਨ ਤਾਂ ਅਹਿਸਾਸ ਹੋ ਜਾਂਦਾ ਹੈ ਕਿ ਡਰਾਮਾ ਬਿਨਾਂ ਮੰਚ ਤੋਂ ਵੀ ਵੇਖਿਆ ਜਾ ਸਕਦਾ ਹੈ। ਜਿਹੜੇ ਅੱਖਾਂ ਦੀ ਕਹਾਣੀ ਨੂੰ ਨਹੀਂ ਸਮਝ ਸਕਦੇ, ਉਨ੍ਹਾਂ ਨੂੰ ਨਹੀਂ ਪਤਾ ਲੱਗਦਾ ਕਿ ਜ਼ੁਬਾਨ ਇਸ਼ਾਰਿਆਂ ਦੀ ਵੀ ਹੁੰਦੀ ਹੈ। ਕਈ ਲੋਕ ਹੁੰਦੇ ਤਾਂ ਬਿਜਲੀ ਵਾਲਾ ਖੰਭਾ ਖਿੱਚਣ ਵਾਲਿਆਂ ਦੀ ਅਸ਼ਲੀਲ ਬੋਲੀ ਵਰਗੇ ਨੇ, ਪਰ ਸੋਚੀ ਇਹ ਜਾਂਦੇ ਨੇ ਕਿ ਲੋਕ ਸਾਨੂੰ ਲੋਕ ਗੀਤਾਂ ਵਰਗਾ ਪਿਆਰ ਦੇਣ। ਜ਼ਮਾਨੇ ਦੀ ਤਸੀਰ ਇਹ ਦੱਸਦੀ ਹੈ ਕਿ ਨੌਜਵਾਨਾਂ ਦੀ ਚਾਹਤ ਇਹ ਬਣਦੀ ਜਾ ਰਹੀ ਹੈ ਕਿ ਉਨ੍ਹਾਂ ਦੀ ਜੀਵਨ ਸਾਥਣ ਕਿਸੇ ਮੈਗਜ਼ੀਨ ਦੇ ਪਹਿਲੇ ਪੰਨੇ ‘ਤੇ ਛਪੀ ਕਿਸੇ ਖੂਬਸੂਰਤ ਤਸਵੀਰ ਵਰਗੀ ਹੋਵੇ, ਪਰ ਉਨ੍ਹਾਂ ਦੀ ਆਪਣੀ ਹਾਲਤ ਉਸ ਰੱਦੀ ਵਰਗੀ ਹੁੰਦੀ ਹੈ ਜਿਸ ਦਾ ਕੋਈ ਚੀਜ਼ ਪਾਉਣ ਲਈ ਲਫਾਫਾ ਵੀ ਨਹੀਂ ਬਣ ਸਕਦਾ। ਪਿੰਡ ਦੀ ਪਰ੍ਹਿਆ ਇਕ ਬੁੱਢੇ ਦੀ ਇਸ਼ਕੀ ਕਰਤੂਤ ‘ਤੇ ਫਿੱਟ ਲਾਹਣਤ ਪਾਉਣ ਲਈ ਇਕੱਠੀ ਹੋਈ, ਤਾਂ ਇਕ ਨੇ ਕਿਹਾ, ਚਿੱਟੀ ਦਾੜ੍ਹੀ ਦਾ ਚਲੋ ਖਿਆਲ ਕਰ ਲਵੋ; ਦੂਜੇ ਨੇ ਕਿਹਾ, ਮਸ਼ਵਰਾ ਤਾਂ ਠੀਕ ਹੈ ਪਰ ਫਿਰ ਕਾਲੀ ਵਾਲਿਆਂ ਦੀਆਂ ਬਾਗਾਂ ਖੁੱਲ੍ਹੀਆਂ ਛੱਡਣੀਆਂ ਪੈਣਗੀਆਂ, ਤੇ ਜਦ ਨੂੰ ਬੋਹੜ ਦੀ ਟਾਹਣ ‘ਤੇ ਬੈਠੇ ਕਾਂ ਨੇ ਬਿੱਠ ਕਰ ਕੇ ਬੁੱਢੇ ਦੀ ਚਿੱਟੀ ਵਿਚ ਪੂਰਾ ਹੀ ਫੁੱਲ ਪਾ ਦਿੱਤਾ। ਅਸਲ ਵਿਚ ਇਕ ਜੁਰਮ ਦੀਆਂ ਕਈ ਵਾਰ ਦੋ ਸਜ਼ਾਵਾਂ ਮਿਲਣ ‘ਤੇ ਵੀ ਨਾ ਦੁੱਖ ਲਗਦਾ ਹੈ, ਤੇ ਨਾ ਹੈਰਾਨੀ ਹੁੰਦੀ ਹੈ। ਗਲਤੀਆਂ ਤਾਂ ਚਲੋ ਉਮਰ ਦੇ ਕਿਸੇ ਵੀ ਮੋੜ ‘ਤੇ ਹੋ ਸਕਦੀਆਂ ਹਨ, ਪਰ ਇਨ੍ਹਾਂ ਕਰ ਕੇ ਜਦੋਂ ਅਕਲ ਦੁਹੱਥੜ ਮਾਰ ਕੇ ਪਿੱਟੇ ਤਾਂ ਪਤਾ ਲੱਗਦਾ ਕਿ ਦਿਮਾਗ ਦਿਵਾਲੀਆ ਹੋ ਚੁੱਕਾ ਹੈ। ਜਿਨ੍ਹਾਂ ਦੇ ਸੁਪਨਿਆਂ ਨੂੰ ਅਧਰੰਗ ਹੋ ਗਿਆ ਹੋਵੇ, ਉਨ੍ਹਾਂ ਦੀਆਂ ਮੰਜ਼ਿਲਾਂ ਵੀ ਲੰਗੜੀਆਂ ਹੀ ਹੁੰਦੀਆਂ ਹਨ। ਵੋਟਾਂ ਦੀ ਸਿਆਸਤ ਲਾਇਕ ਲੋਕਾਂ ਨੂੰ ਲੱਭਣ ਲਈ ਬਣਾਈ ਗਈ ਸੀ, ਪਰ ਖ਼ਰਬੂਜੇ ਬੀਜ ਕੇ ਵੇਲ ਨੂੰ ਲਗਾਤਾਰ ਕਰੇਲੇ ਹੀ ਲੱਗਦੇ ਵੇਖੀ ਜਾ ਰਹੇ ਹਾਂ। ਕਈ ਵਾਰ ਜੱਜ ਤਾਂ ਛੁੱਟੀ ‘ਤੇ ਹੁੰਦਾ ਹੈ, ਫੈਸਲਾ ਫਿਰ ਵੀ ਆ ਜਾਂਦਾ ਹੈ। ਇਸ ਲਈ ਕਈ ਸਜ਼ਾਵਾਂ ਅਦਾਲਤਾਂ ਨਾਲੋਂ ਵੀ ਸਖ਼ਤ ਮਿਲ ਜਾਂਦੀਆਂ ਹਨ। ਬਹਿਸ ਕਰਨ ਵਾਲੇ ਦਲੀਲ ਦਾ ਕਤਲ ਕਰ ਦਿੰਦੇ ਹਨ, ਤੇ ਹਕੂਮਤਾਂ ਕਰਨ ਵਾਲੇ ਸਾਰੇ ਔਰੰਗਜ਼ੇਬ ਤਾਂ ਨਹੀਂ ਹੁੰਦੇ, ਪਰ ਹਰਜਾਨੇ ਕਈ ਵਾਰ ਇੱਦਾਂ ਵੀ ਭਰਨੇ ਪੈਂਦੇ ਹਨ।

ਸਿਆਣੇ ਬੰਦੇ ਗੋਲ ਦਾਇਰੇ ਵਿਚ ਬਹਿ ਕੇ ਇਨਸਾਫ ਦੀਆਂ ਸੱਥਾਂ ਲਾਉਂਦੇ ਰਹੇ ਹਨ, ਹਕੂਮਤਾਂ ਵੱਡੇ ਮਸਲਿਆਂ ਦੇ ਹੱਲ ਗੋਲਮੇਜ਼ ਦੁਆਲੇ ਬਹਿ ਕੇ ਕਰਦੀਆਂ ਰਹੀਆਂ ਹਨ। ਕਈ ਕਾਨਫਰੰਸਾਂ ਦਾ ਨਾਂ ਗੋਲਮੇਜ਼ ਇਸ ਕਰ ਕੇ ਪੈ ਗਿਆ ਸੀ, ਕਿਉਂਕਿ ਗੋਲ ਵਸਤੂਆਂ ਅਤੇ ਗੋਲ ਚੀਜ਼ਾਂ ਨੇ ਨਾ ਅੜਿੱਕਾ ਬਣਨਾ ਹੁੰਦਾ ਹੈ, ਤੇ ਨਾ ਅੜਿੱਕੇ ਨਾਲ ਪ੍ਰਭਾਵਿਤ ਹੁੰਦੀਆਂ ਹਨ। ਦੁਨੀਆਂ ਨੂੰ ਪੈਸੇ ਵਰਗੀ ਗੋਲ ਇਸ ਕਰ ਕੇ ਕਿਹਾ ਜਾਂਦਾ ਹੈ ਕਿ ਪੈਸਾ ਵੀ ਆਈ ਜਾਂਦਾ ਹੈ, ਜਾਈ ਜਾਂਦਾ ਹੈ; ਤੇ ਲੋਕ ਵੀ ਜੰਮੀ ਜਾਂਦੇ ਹਨ, ਮਰੀ ਜਾਂਦੇ ਹਨ। ਕਈ ਖੇਡੇ ਤਾਂ ਸਿਆਸੀ ਖੇਡ ਸਨ ਪਰ ਜ਼ਿੰਦਗੀ ਵਿਚ ਅਜਿਹਾ ਗੋਲ ਕਰਵਾ ਲਿਆ ਕਿ ਹਾਰ ਓਲੰਪਿਕ ਤੋਂ ਵੀ ਵੱਡੀ ਜਾਪਣ ਲੱਗ ਪਈ। ਹਿੰਦੋਸਤਾਨ ਦੀ ਸਿਆਸਤ ਨੇ ਹੀ ਦੱਸਿਆ ਹੈ ਕਿ ਬੁੱਢਿਆਂ ਦੇ ਇਸ਼ਕ ਕਰਨ ਅਤੇ ਠਰਕ ਭੋਰਨ ‘ਤੇ ਬਹੁਤਾ ਹੈਰਾਨ ਨਹੀਂ ਹੋਣਾ ਚਾਹੀਦਾ।
ਵੱਡੇ ਬਣਨਾ ਚੰਗੀ ਗੱਲ ਹੈ ਪਰ ਆਪਣੇ ਆਪ ਨੂੰ ਵੱਡੇ ਸਮਝਣ ਦਾ ਭਰਮ ਪਾਲਣਾ ਸਭ ਤੋਂ ਵੱਡੀ ਗੁਸਤਾਖ਼ੀ ਹੈ; ਕਿਉਂਕਿ ਗਣਿਤ ਵਿਚ ਕਈ ਵੱਡੀਆਂ ਰਕਮਾਂ ਦੇ ਉਤਰ ਸਿਫਰ ਵਿਚ ਵੀ ਨਿਕਲ ਆਉਂਦੇ ਨੇ। ਕਿਸੇ ਦੀ ਗਰਦਨ ਨੂੰ ਕੋਈ ਪੈ ਨਿਕਲੇ, ਜਾਂ ਕਿਸੇ ਦੀ ਕੋਈ ਪੱਗ ਨੂੰ ਹੱਥ ਪਾ ਲਵੇ, ਤਾਂ ਫਿਰ ਝਟਕਾ ਸਹਿਣਾ ਔਖਾ ਬਹੁਤ ਹੁੰਦਾ ਹੈ। ਕਈ ਵਾਰ ਕਈਆਂ ਦੇ ਮੂੰਹੋਂ ਸੁਣਦੇ ਤਾਂ ਹਾਂ ਕਿ ਚੱਲ ਮੇਰੀ ਕਿਹੜਾ ਕਲਗੀ ਲਹਿ ਗਈ ਆ? ਪਰ ਸੱਚੀਂ ਜਦੋਂ ਕਲਗੀਆਂ ਲੱਥਦੀਆਂ ਹਨ ਤਾਂ ਮੁਰਗੇ ਵੀ ਤੜਕੇ ਨਹੀਂ, ਆਥਣੇ ਬਾਂਗਾਂ ਦੇਣ ਲੱਗ ਪੈਂਦੇ ਹਨ। ਜੇ ਕੋਈ ਗਲਤੀ ਕਰ ਕੇ ਪਛਤਾਵੇ ਵਿਚ ਭੁੱਬਾਂ ਮਾਰੇ, ਤਾਂ ਉਹਨੂੰ ਸਜ਼ਾ ਦੇਣ ਤੋਂ ਪਹਿਲਾਂ ਸੌ ਵਾਰ ਸੋਚ ਲੈਣਾ ਚਾਹੀਦਾ ਹੈ, ਕਿਉਂਕਿ ਜਿਨ੍ਹਾਂ ਦਾ ਬਚਪਨ ਨੰਗੇ ਪੈਰੀਂ ਗੁਜ਼ਰਿਆ ਹੋਵੇ, ਉਨ੍ਹਾਂ ਦੇ ਪੈਰਾਂ ਵਿਚ ਜੁੱਤੀਆਂ ਕਲਬੂਤ ਦੇ ਕੇ ਵੀ ਨਹੀਂ ਆਉਂਦੀਆਂ।
ਚਲੋ! ਹੁਣ ਆਪਾਂ ਦੋ ਕੁ ਗੱਲਾਂ ਕਰਦੇ ਆਂæææ ਹੈਗੀਆਂ ਹਕੂਮਤ ਕਰਨ ਵਾਲੇ ਲੋਕਾਂ ਦੀਆਂ। ਇਨ੍ਹਾਂ ਦੇ ਸਿਰਾਂ ‘ਤੇ ਕਲਗੀਆਂ ਦੀ ਥਾਂ ਤਾਜ ਸਨ, ਪਰ ਇਨ੍ਹਾਂ ਨਾਲ ਜਿਹੜੀ ਜੱਗੋਂ-ਪੰਦਰਵੀਂ ਹੋਈ ਹੈ, ਉਹ ਸੁਣ ਕੇ ਲੱਗੇਗਾ ਕਿ ਕਲਗੀ ਮੁਰਗੇ ਦੇ ਸਿਰ ‘ਤੇ ਹੀ ਸੋਹਣੀ ਲੱਗਦੀ ਰਹਿਣੀ ਚਾਹੀਦੀ ਹੈ।
ਊ ਆਂਹਦੇ ਤਾਂ ਐਨæਡੀæ ਤਿਵਾੜੀ ਆ, ਪਰ ਹੈ ਪੂਰਾ ਨਾਂ ਨਰਾਇਣ ਦੱਤ ਤਿਵਾੜੀ। ਇਸ ਵੇਲੇ ਬਿਆਸੀ ਸਾਲਾਂ ਦਾ ਬੁੱਢਾ ਆਪਣੇ ਤੋਂ ਵੀਹ ਸਾਲ ਛੋਟੀ ਉਜਵਲ ਸ਼ਰਮਾ ਨਾਲ ਫੇਰੇ ਲੈ ਕੇ ਮਾਂਗ ਵਿਚ ਸੰਧਰੂ ਭਰ ਕੇ ਹਟਿਆ ਹੈ। ਇਹ ਤਾਂ ਕਹਿ ਨਹੀਂ ਸਕਦੇ ਕਿ ਸਾਧ ਨੇ ਵਕਤ ਦੀ ਫੂਕ ਕੱਢੀ ਹੈ, ਜਾਂ ਵਕਤ ਨੇ ਸਾਥ ਬਣਾ ਦਿੱਤਾ ਹੈ, ਪਰ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਸਿਆਲ ਦੀਆਂ ਲੱਗੀਆਂ ਰੋਹੀ ‘ਚ ਆ ਕੇ ਸਿਰੇ ਚੜ੍ਹੀਆਂ ਹਨ। ਜੁਆਨੀ ‘ਚ ਗੁਆਈ ਪ੍ਰੇਮਿਕਾ ਤੋਂ ਬੁਢਾਪੇ ‘ਚ ਆ ਕੇ ਜੈ ਮਾਲਾ ਪੁਆ ਤਾਂ ਲਈ ਹੈ, ਪਰ ਇਸ ਮਾਲਾ ਵਿਚ ਫੁੱਲ ਸ਼ਰਮ ਦੇ ਨਹੀਂ ਲਗਦੇ।
ਜੱਗ ਜ਼ਾਹਿਰ ਹੋਈ ਕਹਾਣੀ ਤੋਂ ਹਰ ਕੋਈ ਵਾਕਿਫ ਹੈ ਕਿ ਉਤਰ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਬਣਨ ਵਾਲੇ ਤਿਵਾੜੀ ਨੂੰ ਆਂਧਰਾ ਪ੍ਰਦੇਸ਼ ਦੇ ਦੋ ਸਾਲ ਗਵਰਨਰ ਰਹਿਣ ਪਿੱਛੋਂ ਇਸ ਅਹੁਦੇ ਨੂੰ ਇਸ ਕਰ ਕੇ ਛੱਡਣਾ ਪਿਆ ਕਿਉਂਕਿ ਇਸ਼ਕ ਦੀਆਂ ਮੁਸ਼ਕੀ ਵਾਸਨਾਵਾਂ ਅੱਗ ਦੀਆਂ ਲਾਟਾਂ ਬਣ ਕੇ ਉਠ ਪਈਆਂ ਸਨ। ਬੀਬੀ ਉਜਵਲ ਸ਼ਰਮਾ ਨਾਲ ਹਕੂਮਤ ਦੇ ਨਸ਼ੇ ਵਿਚ ਵਿਆਹ ਦਾ ਹਵਾਈ ਲੱਡੂ ਖੁਆ ਕੇ ਸਰੀਰਕ ਸਬੰਧ ਬਣਾ ਲਏ, ਪਰ ਜਦੋਂ ਵਿਚਾਰੀ ਦੇ ਪੈਰ ਭਾਰੇ ਹੋਏ ਤਾਂ ਤਿਵਾੜੀ ਸਾਹਿਬ ਆਪ ਵੀ ਭਾਰੇ ਹੋ ਗਏ। ਫਿਰ ਉਸ ਸ਼ਰਮਾ ਦੀ ਕੁੱਖੋਂ ਜਨਮੇ ਰੋਹਿਤ ਨੂੰ ਗੈਰ-ਕਾਨੂੰਨੀ ਪੁੱਤਰ ਤੋਂ ਅਸਲੇ ਦਾ ਕਾਨੂੰਨੀ ਪੁੱਤ ਕਹਾਉਣ ਲਈ ਵਰ੍ਹਿਆਂ ਤੱਕ ਅਦਾਲਤਾਂ ਵਿਚ ਧੱਕੇ ਖਾਣੇ ਪਏ। ਮਾਂ ਨੇ ਤਾਂ ਪੁੱਤ ਦੇ ਕੰਨ ਵਿਚ ਦੱਸਿਆ ਸੀ ਕਿ ਤੂੰ ਔਲਾਦ ਤਿਵਾੜੀ ਦੀ ਆਂ, ਪਰ ਪਹਿਲਾਂ ਤਾਂ ਜਨਾਬ ਨੇ ਪਿੰਡੇ ‘ਤੇ ਇਸ ਸੱਚਾਈ ਵਾਲੀ ਪਾਣੀ ਦੀ ਬੂੰਦ ਨਾ ਡਿੱਗਣ ਦਿੱਤੀ, ਪਰ ਜਦੋਂ ਵਿਗਿਆਨ ਨੇ ਦੋਵੇਂ ਹੱਥ ਕੱਢ ਕੇ ਡੀæਐਨæਏæ ਦਾ ਫਰਲਾ ਦਿੱਤਾ, ਤਾਂ ਭੱਜਿਆ ਜਾਂਦਾ ਤਿਵਾੜੀ ਸੱਚਾਈ ਦੇ ਪਿੰਜਰੇ ਵੜਨ ਲਈ ਇਕ ਤਰ੍ਹਾਂ ਨਾਲ ਬੇਵੱਸ ਅਤੇ ਮਜਬੂਰ ਜਿਹਾ ਹੀ ਹੋ ਗਿਆ। ਪੁੱਤ ਤਾਂ ਚਲੋ ਵਾਰਿਸ ਬਣ ਹੀ ਗਿਆ, ਪਰ ਖੇਹ ਖਾਣ ਦਾ ਸੁਆਦ, ਸਿਰ ਖੇਹ ਪੁਆ ਕੇ ਦੇਖਿਆ ਤਾਂ ਕੀ ਦੇਖਿਆ! ਛੱਲੋæææ ਚੰਗਾ ਇਹ ਵੀ ਹੋਇਆ ਕਿ ਖਾਧਾ ਤਾਂ ਅਨਾਰ ਸੀ, ਪਰ ਦੇਰ ਨਾਲ ਸੁਆਦ ਔਲੇ ਦਾ ਆ ਗਿਆ। ਰੰਡੇ ਹੋਏ ਤਿਵਾੜੀ ਨੇ ਭਲਾ ਸੋਚਿਆ ਕਿ ਰੋਹਿਤ ਤਾਂ ਹੁਣ ਕਰੋੜਾਂ ਦੀ ਜਾਇਦਾਦ ਲੈ ਹੀ ਜਾਵੇਗਾ, ਫਿਰ ਬੁਢਾਪਾ ‘ਕੱਲਿਆਂ ਕੱਟਣ ਨਾਲੋਂ ਚੰਗਾ ਹੈ, ਉਹਦੀ ਮਾਂ ਤਾਂ ਬੀਵੀ ਬਣਾ ਕੇ ਵੇਖ ਲਈਏ।
ਖ਼ੈਰ! ਰੋਹਿਤ ਨੇ ਤਾਂ ਕਾਨੂੰਨ ਅਤੇ ਵਿਗਿਆਨ ਨਾਲ ਹੱਥ ਮਿਲਾ ਕੇ ਹਾਰੀ ਜੰਗ ਜਿੱਤ ਲਈ, ਪਰ ਆਹ ਫੌਜਾਂ ਜਿਹੜੀਆਂ ਜਿੱਤ ਕੇ ਹਾਰੀਆਂ ਨੇ, ਉਨ੍ਹਾਂ ਦੇ ਕਮਾਂਡਰ ਦੀ ਕਲਗੀ ਵੇਖੋ ਕਿਵੇਂ ਲੱਥਦੀ ਐ। ਗੱਲ ਮਹਿਜ਼ ਹਾਸੇ ‘ਚ ਗੁਆਉਣ ਵਾਲੀ ਨਹੀਂ ਹੈ।
ਇਹ ਗਰੀਕੀ ਕਥਾ ਇਕ ਰੋਮਨ ਬਾਦਸ਼ਾਹ ਦੀ ਹੈ।
ਉਮਰ ਤਾਂ ਉਹਦੀ ਜੁਆਨੀ ਵਰੇਸ ਵਾਲੀ ਮਸਾਂ ਚਾਲੀ ਕੁ ਸਾਲਾਂ ਸੀ, ਪਰ ਅੱਠ ਸਾਲ ਨਾਮੁਰਾਦ ਬਿਮਾਰੀ ਨੇ ਉਸ ਦੀ ਹਾਲਤ ਇੱਦਾਂ ਦੀ ਕਰ ਦਿੱਤੀ ਸੀ ਕਿ ਵਿਚਾਰੀ ਰੁਮਾਨਾ ਕੋਲ ਖਲੋ ਕੇ ਵੀ ਮੰਜੇ ‘ਤੇ ਪਈ ਨਹੀਂ ਸੀ ਦਿਸਦੀ। ਅਸਲ ਵਿਚ ਗ਼ਮਾਂ ਨੇ ਦੁੱਖ ਦੀ ਤਾਸੀਰ ਹੀ ਬਦਲ ਦਿੱਤੀ ਸੀ। ਰੁਮਾਨਾ ਦਾ ਇਕ ਹੀ ਬੇਟਾ ਸੀ-ਫਜ਼ਲ, ਮਸਾਂ ਚੌਦਾਂ ਵਰ੍ਹਿਆਂ ਦਾ। ਉਹ ਜੰਗਲ ‘ਚੋਂ ਲੱਕੜਾਂ ਇਕੱਠੀਆਂ ਕਰਦਾ, ਫਿਰ ਸਾਰਾ ਦਿਨ ਵੇਚਣ ਜਾਂਦਾ, ਤੇ ਇਉਂ ਮਾਂ ਤੇ ਪੁੱਤ ਦੇ ਢਿੱਡ ਨੂੰ ਝੁਲਕਾ ਲਗਦਾ; ਰੀਂਗਦੀਆਂ ਦੋ ਜਿੰਦੜੀਆਂ ਲਈ ਵਕਤ ਅੱਗੇ ਤੁਰ ਪੈਂਦਾ।
ਰੁਮਾਨਾ ਦੀ ਜਾਨ ਕਈ ਸਾਲਾਂ ਤੋਂ ਘੰਡ ‘ਚ ਫਸੀ ਹੋਈ ਸੀ, ਕਿਉਂਕਿ ਪੁੱਤਰ ਨੂੰ ਦੱਸਣ ਵਾਲੇ ਭੇਤ ਦੀ ਇਕ ਉਹਦੇ ਅੰਦਰ ਸੱਲ ਬਣਦੀ-ਬਣਦੀ ਹੁਣ ਨਾਸੂਰ ਬਣ ਚੁੱਕੀ ਸੀ। ਬਹੁਤ ਵਾਰ ਉਹਨੇ ਹੌਸਲਾ ਕੀਤਾ ਕਿ ਗਰੀਬੜੇ ਪੁੱਤ ਨੂੰ ਇਹ ਦੱਸ ਦਿਆਂ, ਪਰ ਬੁੱਲ੍ਹ ਫਿਰ ਖੁਸ਼ਕ ਹੋ ਜਾਂਦੇ।
æææ ਤੇ ਉਸ ਦਿਨ ਉਹ ਸਰੀਰਕ ਪੀੜਾ ਵਿਚ ਇਕ ਤਰ੍ਹਾਂ ਨਾਲ ਹਾਰ ਗਈ ਸੀ। ਫਜ਼ਲ ਨੂੰ ਉਹਨੇ ਅੱਖ ਦੇ ਇਸ਼ਾਰੇ ਨਾਲ ਕੋਲ ਬੁਲਾਇਆ, ਤੇ ਬੜੇ ਹੌਸਲੇ ਤੇ ਜ਼ੋਰ ਨਾਲ ਜ਼ੁਬਾਨ ਖੋਲ੍ਹ ਲਈ। ਉਹ ਆਖਣ ਲੱਗੀ, “ਮੇਰੇ ਬੱਚਿਆ! ਮੇਰੀ ਸਾਰੀ ਦਰਦ ਕਹਾਣੀ ਸੁਣ ਲਈਂ, ਵਿਚ ਬੋਲੀ ਨਾ। ਕਿਤੇ ਸਾਹਾਂ ਦੀ ਤੰਦ ਵਿਚਾਲੇ ਨਾ ਟੁੱਟ ਜਾਵੇæææ ਪੁੱਤ ਮੈਂ ਰੱਜ ਕੇ ਸੁਨੱਖੀ ਸਾਂ। ਬਾਦਸ਼ਾਹ ਸੁਨੇਰ ਤੱਕ ਇਹ ਗੱਲ ਪੁੱਜ ਗਈ। ਉਹਨੇ ਮੇਰੇ ਗਰੀਬ ਬਾਪ ਨੂੰ ਮਹਿਲਾਂ ਵਿਚ ਸੱਦ ਕੇ ਕਿਹਾ ਕਿ ਤੁਹਾਡੀ ਬੇਟੀ ਮੇਰਾ ਖਾਣਾ ਬਣਾਇਆ ਕਰੇ। ਬਦਲੇ ਵਿਚ ਮੈਂ ਇਸ ਨੂੰ ਚਾਂਦੀ ਦੀਆਂ ਮੋਹਰਾਂ ਦਿਆਂ ਕਰਾਂਗਾ, ਪਰ ਇਹ ਮਹਿਲਾਂ ਵਿਚ ਹੀ ਰਹੇਗੀ।
ਪਿਉ ਨੇ ਬਾਦਸ਼ਾਹ ਦਾ ਹੁਕਮ ਮੰਨ ਲਿਆ। ਉਹਦੀ ਘਸਮੈਲੀ ਅੱਖ ਨੂੰ ਮੈਂ ਜਾਣ ਤਾਂ ਲਿਆ ਸੀ, ਪਰ ਬੇਵੱਸ ਹੋ ਗਈ ਸੀ।
ਸੁਨੇਰ ਦੀਆਂ ਤਿੰਨ ਰਾਣੀਆਂ ਪਹਿਲਾਂ ਹੀ ਸਨ। ਇਕ ਦਿਨ ਉਹ ਰਸੋਈ ‘ਚ ਆਇਆ, ਤਾਂ ਆਪਣੇ ਅਹਿਲਕਾਰਾਂ ਨੂੰ ਬਾਹਰ ਭੇਜ ਕੇ ਕਹਿਣ ਲੱਗਾ, ਮੇਰੀਆਂ ਬਾਹਾਂ ਤੇਰੀ ਬੜੇ ਚਿਰ ਤੋਂ ਇੰਤਜ਼ਾਰ ਕਰ ਰਹੀਆਂ ਸਨ। ਤੈਨੂੰ ਮੈਂ ਦੋ ਕੁ ਸਾਲ ਤੱਕ ਮਹਿਲਾਂ ਦੀ ਵੀ ਤੇ ਦਿਲ ਦੀ ਵੀ ਰਾਣੀ ਬਣਾ ਲਵਾਂਗਾ।æææ ਤੇ ਮੈਨੂੰ ਖਿੱਚ ਕੇ ਨਾਲ ਲਾ ਲਿਆ। ਫਿਰ ਉਹ ਮੇਰੇ ਹੱਥੀਂ ਖਾਣਾ ਖੁਆਉਣ ਦੇ ਬਹਾਨੇ ਆਪਣੇ ਕੋਲ ਬੁਲਾਉਣ ਲੱਗ ਪਿਆ।
ਦੋ ਸਾਲ ਬੀਤ ਗਏ, ਉਹਦਾ ਮਨ ਮੈਥੋਂ ਭਰਨ ਲੱਗ ਪਿਆ। ਇਕ ਰਾਤ ਜਦੋਂ ਮੈਂ ਉਹਨੂੰ ਦੱਸਿਆ ਕਿ ਮੈਂ ਗਰਭਵਤੀ ਹਾਂ, ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ, ਮੇਰੇ ਪੇਟ ‘ਚ ਚਾਰ ਮਹੀਨੇ ਦਾ ਭਰੂਣ ਹੈ; ਤਾਂ ਉਹਦੇ ਜਿਸਮ ਦਾ ਕੋਈ ਹਿੱਸਾ ਅਜਿਹਾ ਨਹੀਂ ਸੀ ਜਿਥੇ ਗੁੱਸੇ ਵਿਚ ਅੱਗ ਨਾ ਲੱਗੀ ਹੋਵੇ। ਉਹਨੇ ਮੈਨੂੰ ਕਮਰੇ ਵਿਚ ਸਾਰੀ ਰਾਤ ਬੰਦ ਰੱਖਿਆ, ਤੇ ਅਗਲੀ ਸਵੇਰ ਮੇਰੇ ਉਤੇ ਚੋਰੀ ਦਾ ਇਲਜ਼ਾਮ ਲਾ ਕੇ ਰੱਜ ਕੇ ਬੇਇੱਜ਼ਤ ਕੀਤਾ, ਤੇ ਹਨੇਰੀ ਰਾਤ ‘ਚ ਉਹਦੇ ਸਿਪਾਹੀ ਮੂੰਹ ਬੰਦ ਰੱਖਣ ਦੀ ਧਮਕੀ ਦੇ ਕੇ ਇਥੇ ਛੱਡ ਕੇ ਚਲੇ ਗਏ। ਇਸੇ ਝੁੱਗੀ ਵਿਚ ਰਹਿੰਦੇ ਇਕ ਬੁੱਢੇ ਇਨਸਾਨ ਨੇ ਮੈਨੂੰ ਧੀ ਬਣਾ ਕੇ ਰੱਖਿਆ, ਪਰ ਕੀ ਕਰਦੀæææ ਉਹ ਵੀ ਛੇ ਮਹੀਨੇ ਸਾਥ ਨਹੀਂ ਦੇ ਸਕਿਆ, ਸਰੀਰ ਛੱਡ ਗਿਆ।
ਤੂੰ ਬਾਦਸ਼ਾਹ ਸੁਨੇਰ ਦਾ ਪੁੱਤ ਏਂ। ਜੇ ਮੇਰਾ ਦੁੱਧ ਚੁੰਘਿਆ ਏ ਤਾਂ ਉਸ ਤੋਂ ਬਦਲਾ ਲਵੀਂ, ਸ਼ਾਇਦ ਮੇਰੀ ਆਤਮਾ ਸ਼ਾਂਤ ਰਹੇ। æææ ਤੇ ਨਾਲ ਹੀ ਰੁਮਾਨਾ ਦੇ ਸਾਹਾਂ ਦੀ ਤੰਦ ਟੁੱਟ ਗਈ।
ਮਾਂ ਦੀ ਮੌਤ ਅਤੇ ਮੌਤ ਦੇ ਕਾਰਨਾਂ ਦੀ ਹਕੀਕਤ ਨੇ ਹਾਲਾਤ ਇੱਦਾਂ ਦੇ ਬਣਾ ਦਿੱਤੇ ਜਿਵੇਂ ਫਜ਼ਲ ਸਾਰੇ ਦਾ ਸਾਰਾ ਪਹਾੜ ਥੱਲੇ ਆ ਗਿਆ ਹੋਵੇ। ਉਹ ਬਦਲਾ ਲੈਣ ਲਈ ਉਬਲਣ ਲੱਗਾ। ਉਹ ਉਦੋਂ ਚੌਦਾਂ ਤੋਂ ਛੱਬੀ ਸਾਲਾਂ ਦਾ ਹੋ ਗਿਆ ਸੀ। ਉਹਨੇ ਫਕੀਰਾਂ ਵਾਲਾ ਲਿਬਾਸ ਪਹਿਨਿਆ, ਹੱਥ ‘ਚ ਲਾਲ ਰੀਬਨਾਂ ਵਰਗੇ ਕੱਪੜੇ ਨਾਲ ਸੁਨਹਿਰੀ ਰੰਗ ਦੀ ਸੰਦੂਕੜੀ ਫੜ ਕੇ ਬਾਦਸ਼ਾਹ ਸੁਨੇਰ ਦੇ ਮਹਿਲਾਂ ਵਿਚ ਪਹੁੰਚ ਅਲਖ ਜਗਾਈ।
ਸੰਤਰੀ ਨੇ ਪੁੱਛਿਆ, “ਭਲਿਆ ਮਾਣਸਾ, ਕੌਣ ਏ ਤੂੰ?”
“ਮੈਂ ਸਵਰਗ ‘ਚੋਂ ਆਇਆ ਹਾਂ, ਦੇਵਤਿਆਂ ਦਾ ਇਕ ਖਾਸ ਪੈਗ਼ਾਮ ਲੈ ਕੇ। ਬਾਦਸ਼ਾਹ ਸਲਾਮਤ ਨੂੰ ਮਿਲਣਾ ਏ।”
“ਉਹ ਤਾਂ ਇਸ ਵੇਲੇ ਆਰਾਮ ਫਰਮਾ ਰਹੇ ਨੇ। ਸੂਰਜ ਅਸਤ ਹੋ ਗਿਐ। ਮਹਿਲਾਂ ‘ਚ ਉਨ੍ਹਾਂ ਦੀਆਂ ਰਾਣੀਆਂ ਤੋਂ ਸਿਵਾ ਕਿਸੇ ਨੂੰ ਆਗਿਆ ਨਹੀਂ ਕਿ ਉਹ ਬਾਦਸ਼ਾਹ ਨੂੰ ਜਗਾ ਸਕਣ। ਤੁਸੀਂ ਦਿਨ ਚੜ੍ਹਨ ‘ਤੇ ਹੀ ਮਿਲ ਸਕਦੇ ਹੋ।”
“ਤੇ ਮੈਂ ਇਥੇ ਹੀ ਬਾਦਸ਼ਾਹ ਸਲਾਮਤ ਨੂੰ ਮਿਲਣ ਦੀਆਂ ਘੜੀਆਂ ਦਾ ਇੰਤਜ਼ਾਰ ਕਰਾਂਗਾ।”
“ਨਾਂ ਕੀ ਏ ਤੇਰਾ?” ਸੰਤਰੀ ਨੇ ਪੁੱਛਿਆ।
“ਨਾਂ ਤਾਂ ਮੈਂ ਬਾਦਸ਼ਾਹ ਨੂੰ ਹੀ ਦੱਸਾਂਗਾ। ਇੰਨਾ ਆਖ ਦੇਣਾ ਕਿ ਕੋਈ ਸਵਰਗ ‘ਚੋਂ ਉਸ ਲਈ ਦੇਵਤਿਆਂ ਦਾ ਪੈਗਾਮ ਲੈ ਕੇ ਆਇਆ ਹੈ।”
ਉਹ ਮਹਿਲਾਂ ਦੇ ਬਾਹਰ ਹੀ ਸੰਦੂਕੜੀ ਸਿਰਹਾਣੇ ਰੱਖ ਕੇ ਸੌਂ ਗਿਆ।
ਦਿਨ ਚੜ੍ਹਿਆ ਤਾਂ ਰਾਜ-ਦਰਬਾਰ ਖ਼ਬਰ ਪੁੱਜ ਗਈ। ਬਾਦਸ਼ਾਹ ਦੇਵਤਿਆਂ ਦਾ ਪੈਗਾਮ ਸੁਣ ਕੇ ਆਪ ਬਾਹਰ ਆਇਆ ਤੇ ਫਜ਼ਲ ਨੂੰ ਅੰਦਰ ਲੈ ਗਿਆ।
“ਕੀ ਪੈਗਾਮ ਆਇਆ ਹੈ ਮੇਰੇ ਲਈ ਸਵਰਗ ‘ਚੋਂ ਜਨਾਬ?” ਬਾਦਸ਼ਾਹ ਸੁਨੇਰ ਨੇ ਬੜੀ ਉਤਸੁਕਤਾ ਨਾਲ ਪੁੱਛਿਆ।
“ਬਾਦਸ਼ਾਹ ਸਲਾਮਤ, ਤੁਹਾਡੇ ਧਰਮੀ ਰਾਜ ਦੀਆਂ ਗੂੰਜਾਂ ਸਵਰਗ ਤੱਕ ਪੁੱਜ ਗਈਆਂ ਨੇ। ਦੇਵਤਿਆਂ ਨੇ ਤੁਹਾਡੇ ਵਾਸਤੇ ਸੋਨੇ ਦੀਆਂ ਲੜੀਆਂ ਨਾਲ ਸ਼ਿੰਗਾਰੀ ਕੀਮਤੀ ਪੁਸ਼ਾਕ ਅਤੇ ਹੀਰੇ ਮੋਤੀਆਂ ‘ਚ ਜੜਿਆ ਮੁਕਟ ਭੇਜਿਆ ਹੈ ਤੁਹਾਨੂੰ ਪਹਿਨਾਉਣ ਵਾਸਤੇ।”
“æææ ਤੇ ਮੈਂ ਕੱਲ੍ਹ ਨੂੰ ਵੱਡਾ ਦੀਵਾਨ ਸਜਾਵਾਗਾ, ਤੇ ਭਰੀ ਸਭਾ ਵਿਚ ਇਹ ਮੈਨੂੰ ਪਹਿਨਾਉਣਾ ਤਾਂ ਕਿ ਮੇਰੀ ਪਰਜਾ ਨੂੰ ਪਤਾ ਲੱਗ ਸਕੇ ਕਿ ਸਾਡੇ ਬਾਦਸ਼ਾਹ ਦੀਆਂ ਧੁੰਮਾਂ ਸਵਰਗ ਤੱਕ ਪੁੱਜ ਗਈਆਂ ਹਨ।”
“ਬਾਦਸ਼ਾਹ ਸਲਾਮਤ, ਅਰਜ਼ ਇਹ ਹੈ ਕਿ ਪਹਿਨਾਵਾਂਗਾ ਤਾਂ ਮੈਂ ਇਹ ਭਰੀ ਸਭਾ ਵਿਚ ਹੀ, ਪਰ ਤੁਹਾਨੂੰ ਅੱਜ ਤੋਂ ਪੂਰੇ ਤਿੰਨ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪਵੇਗਾ।”
ਬਾਦਸ਼ਾਹ ਨੇ ਇਕ ਪਲ ਲਈ ਸੋਚਿਆ ਕਿ ਕੀ ਪਤਾ ਇਹ ਬੰਦਾ ਤਿੰਨ ਮਹੀਨਿਆਂ ਪਿੱਛੋਂ ਲੱਭੇ ਹੀ ਨਾ। ਉਹਨੇ ਫਜ਼ਲ ਨੂੰ ਮਸ਼ਵਰਾ ਦਿੱਤਾ, “ਫਿਰ ਇਹ ਸੰਦੂਕੜੀ ਮੈਂ ਆਪਣੇ ਖ਼ਜ਼ਾਨੇ ‘ਚ ਰਖਵਾ ਦਿੰਦਾ ਹਾਂ, ਸਖ਼ਤ ਪਹਿਰੇ ਹੇਠ।”
“ਨਹੀਂ, ਧਰਤੀ ਦੇ ਜੇ ਕਿਸੇ ਹੋਰ ਜੀਵ ਦਾ ਇਸ ਨੂੰ ਹੱਥ ਲੱਗ ਗਿਆ, ਤਾਂ ਇਹ ਭਸਮ ਹੋ ਜਾਵੇਗੀ।”
“ਤੂੰ ਆ ਜਾਏਂਗਾ ਨਾ ਮੁੜ ਕੇ?”
“ਜੇ ਤੁਹਾਨੂੰ ਕੋਈ ਸ਼ੱਕ ਹੈ, ਤਾਂ ਉਦੋਂ ਤੱਕ ਮੈਨੂੰ ਮਹਿਲਾਂ ‘ਚ ਹੀ ਰੱਖ ਲਵੋ।”
ਗੱਲ ਬਾਦਸ਼ਾਹ ਦੇ ਮਨ ਲੱਗ ਗਈ। ਫ਼ਜ਼ਲ ਲਈ ਸਵਰਗ ਵਰਗੀ ਥਾਂ ਹੀ ਮਹਿਲਾਂ ‘ਚ ਤਿਆਰ ਕੀਤੀ ਗਈ। ਮਖਮਲ ਵਰਗਾ ਪਲੰਘ ਲੱਗ ਗਿਆ, ਤੇ ਹਰ ਪਹਿਰ ਦੇ ਖਾਣੇ ਵਿਚ ਸੱਤ ਤਰ੍ਹਾਂ ਦੇ ਪਕਵਾਨਾਂ ਦਾ ਬੰਦੋਬਸਤ ਵੀ ਕੀਤਾ ਗਿਆ। ਤਿੰਨ ਮਹੀਨਿਆਂ ਲਈ ਫਜ਼ਲ ਸ਼ਾਹੀ ਮਹਿਲਾਂ ਦਾ ਸ਼ਾਹੀ ਮਹਿਮਾਨ ਬਣ ਗਿਆ ਸੀ।
ਬਾਦਸ਼ਾਹ ਲਈ ਤਿੰਨ ਮਹੀਨੇ ਦਾ ਸਮਾਂ ਇੰਤਜ਼ਾਰ ਵਿਚ ਮਸਾਂ ਲੰਘਿਆ।
ਸਮਾਂ ਪੂਰਾ ਹੋਣ ਤੋਂ ਇਕ ਦਿਨ ਪਹਿਲਾਂ ਫਜ਼ਲ ਨੇ ਬਾਦਸ਼ਾਹ ਨੂੰ ਦੱਸਿਆ ਕਿ ਭਲਕੇ ਸਵੇਰੇ ਨੌਂ ਵਜੇ ਤੁਹਾਨੂੰ ਬਸਤਰ ਤੇ ਮੁਕਟ ਪਹਿਨਾਇਆ ਜਾਵੇਗਾ।
“ਨਹੀਂ ਪਰਸੋਂæææ ਕਿਉਂਕਿ ਮੇਰੀ ਛੋਟੀ ਰਾਣੀ ਕੱਲ੍ਹ ਸ਼ਾਮ ਨੂੰ ਯਾਤਰਾ ਤੋਂ ਪਰਤੇਗੀ।”
“ਬਾਦਸ਼ਾਹ ਸਮਾਂ ਸਵਰਗ ‘ਚੋਂ ਨਿਰਧਾਰਤ ਕੀਤਾ ਗਿਆ ਹੈ। ਮੇਰੀ ਹਿੰਮਤ ਨਹੀਂ ਕਿ ਮੈਂ ਇਸ ਨੂੰ ਅੱਗੇ ਕਰ ਸਕਾਂ। ਤੁਸੀਂ ਅੱਜ ਹੀ ਆਪਣੇ ਸਾਰੇ ਰਾਜ-ਭਾਗ ਵਿਚ ਮੁਨਿਆਦੀ ਕਰਵਾ ਦਿਓ, ਪਰਜਾ ਨੂੰ ਹੁਮ-ਹੁਮਾ ਕੇ ਪਹੁੰਚਣ ਲਈ।”
ਤੇ ਉਸੇ ਵਕਤ ਗਲੀ-ਗਲੀ ਵਿਚ ਇਸ ਰਸਮ ਦਾ ਜਸ਼ਨ ਦੇਖਣ ਲਈ ਹੋਕਾ ਦਿੱਤਾ ਜਾਣ ਲੱਗ ਪਿਆ।
ਲੋਕਾਂ ਦਾ ਹੜ੍ਹ ਸਵੇਰੇ ਅੱਠ ਵਜੇ ਹੀ ਆ ਗਿਆ ਸੀ, ਬਾਦਸ਼ਾਹ ਦਾ ਸਵਰਗ ਦੇ ਵਸਤਰ ਨਾਲ ਸਨਮਾਨ ਵੇਖਣ ਲਈ। ਮਹਿਲਾਂ ਦੀਆਂ ਕੰਧਾਂ ਅਤੇ ਬਨੇਰੇ ਬੱਚਿਆਂ, ਔਰਤਾਂ ਤੇ ਮਰਦਾਂ ਨਾਲ ਭਰ ਗਏ, ਜਿਵੇਂ ਘਰ ਕੋਈ ਰਿਹਾ ਹੀ ਨਾ ਹੋਵੇ।
ਪੂਰੇ ਵਕਤ ‘ਤੇ ਬਾਦਸ਼ਾਹ ਸੋਨੇ ਦੇ ਸਿੰਘਾਸਣ ‘ਤੇ ਬੈਠ ਗਿਆ ਤੇ ਬਿਲਕੁਲ ਸਾਹਮਣੇ ਫਜ਼ਲ ਆਪਣੀ ਸੰਦੂਕੜੀ ਲਈ ਆਣ ਬੈਠਾ। ਗੱਲਬਾਤ ਕਰਨਾ ਤਾਂ ਦੂਰ ਦੀ ਗੱਲ, ਕੋਈ ਉਚੀ ਸਾਹ ਵੀ ਨਹੀਂ ਸੀ ਭਰ ਰਿਹਾ।
ਬਾਦਸ਼ਾਹ ਦੀ ਸਹਿਮਤੀ ਨਾਲ ਰਸਮ ਸ਼ੁਰੂ ਕਰਨ ਦਾ ਐਲਾਨ ਹੋਇਆ ਤਾਂ ਫਜ਼ਲ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ, “ਮੁਆਫੀ ਚਾਹਾਂਗਾ, ਇਹ ਉਨ੍ਹਾਂ ਲੋਕਾਂ ਨੂੰ ਨਹੀਂ ਦਿਸਣਗੇ ਜਿਹੜੇ ਆਪਣੇ ਪਿਉ ਦੀ ਔਲਾਦ ਨਹੀਂ ਹੋਣਗੇ।”
ਇਸ ਸ਼ਰਤ ਨਾਲ ਲੋਕਾਂ ਵਿਚ ਘੁਸਰ-ਪੁਸਰ ਹੋਣ ਲੱਗ ਪਈ ਸੀ।
ਕਾਰਵਾਈ ਸ਼ੁਰੂ ਹੋਈ। ਫਜ਼ਲ ਨੇ ਸੰਦੂਕੜੀ ਖੋਲ੍ਹੀ, ਤੇ ਨਾਲ ਹੀ ਆਪਣੇ ਦੋਵੇਂ ਹੱਥਾਂ ਨਾਲ ਬਾਦਸ਼ਾਹ ਦੇ ਸਿਰ ਤੋਂ ਮੁਕਟ ਉਤਾਰ ਕੇ ਹੇਠਾਂ ਰੱਖ ਕੇ ਹਵਾ ਵਿਚ ਸੰਦੂਕੜੀ ‘ਚੋਂ ਹੱਥ ਉਲਾਰ ਕੇ ਕਿਹਾ, “ਲਓ ਜੀ, ਮੈਂ ਹੀਰੇ ਮੋਤੀ ਜੜਿਆ ਮੁਕਟ ਬਾਦਸ਼ਾਹ ਦੇ ਸਿਰ ‘ਤੇ ਰੱਖਦਾ ਹਾਂ। ਇਸ ਨੂੰ ਪਰੀਆਂ ਨੇ ਗੁੰਦ ਕੇ ਭੇਜਿਆ ਹੈ।”
ਬਾਦਸ਼ਾਹ ਨੇ ਸਿਰ ‘ਤੇ ਹੱਥ ਫੇਰ ਕੇ ਕਿਹਾ, “ਮੁਕਟ ਤਾਂ ਹੈ ਹੀ ਨਹੀਂæææ ਮੇਰਾ ਸਿਰ ਤਾਂ ਨੰਗਾ ਹੈ।”
“ਬਾਦਸ਼ਾਹ ਸਲਾਮਤ, ਕਿਉਂ ਬਦਨਾਮੀ ਖੱਟ ਰਹੇ ਹੋ। ਲੋਕ ਕਹਿਣਗੇ, ਬਾਦਸ਼ਾਹ ਆਪਣੇ ਪਿਉ ਦੀ ਔਲਾਦ ਹੀ ਨਹੀਂ ਹੈ, ਨਾ ਖੋਲ੍ਹੋ ਭੇਤ।”
ਤੇ ਉਹ ਚੁੱਪ ਹੋ ਗਿਆ।
ਫਿਰ ਬਾਦਸ਼ਾਹ ਨੂੰ ਕਮੀਜ਼ ਉਤਾਰਨ ਲਈ ਕਿਹਾ ਗਿਆ। ਫਜ਼ਲ ਨੇ ਖਾਲੀ ਹੱਥ ਹਵਾ ‘ਚ ਬਾਦਸ਼ਾਹ ਦੇ ਜਿਸਮ ਦੁਆਲੇ ਫੇਰ ਕੇ ਕਿਹਾ, “ਸ਼ੇਰਵਾਨੀ ਕਿਆ ਕਮਾਲ। ਚਾਰ ਸਾਲ ਲੱਗੇ ਨੇ ਇਸ ਨੂੰ ਤਿਆਰ ਕਰਨ ਵਿਚ।”
“ਤਿਲਕਵੀਂ ਹੈ। ਬਹੁਤ ਅੱਛੀ।” ਅੰਦਰੋਂ ਬਾਦਸ਼ਾਹ ਟੁੱਟ ਰਿਹਾ ਸੀ।
ਫਿਰ ਤੰਗ ਪਜਾਮੀ ਉਤਾਰ ਕੇ ਫਜ਼ਲ ਨੇ ਕਿਹਾ, “ਕਛਹਿਰਾ ਵੀ ਲਾਹ ਦਿਓ। ਬਾਦਸ਼ਾਹ ਸਲਾਮਤ, ਰੇਸ਼ਮ ਦੇ ਨਾਲੇ ਵਾਲਾ ਮੈਂ ਲੈ ਕੇ ਆਇਆ ਹਾਂ।”
ਬਾਦਸ਼ਾਹ ਅਲਫ਼ ਨੰਗਾ ਹੋ ਗਿਆ ਸੀ। ਪਿਉ ਦੀ ਔਲਾਦ ਨਾ ਕਹਾਉਣ ਦੇ ਡਰੋਂ ਜਨਤਾ ਵਿਚੋਂ ਕੋਈ ਵੀ ਨੰਗਾ ਹੋਣ ਦੀ ਗੱਲ ਨਹੀਂ ਸੀ ਕਰ ਰਿਹਾ, ਸਗੋਂ ਲੋਕ ਵਾਹ! ਵਾਹ!! ਦੀਆਂ ਤਾਲੀਆਂ ਵਜਾ ਕੇ ਆਖ ਰਹੇ ਸਨ ਕਿ ਸਵਰਗ ਦੀ ਪੁਸ਼ਾਕ ਵੇਖ ਕੇ ਉਨ੍ਹਾਂ ਦੀਆਂ ਅੱਖਾਂ ਧੰਨ ਹੋ ਗਈਆਂ ਹਨ।
ਫਜ਼ਲ ਨੇ ਕਿਹਾ, “ਹੁਣ ਰੱਥ ਮੰਗਵਾਓ। ਕਿਉਂ ਨਾ ਜਲੂਸ ਵਿਚ ਬਾਦਸ਼ਾਹ ਨੂੰ ਸ਼ਹਿਰ ਵਿਚ ਘੁਮਾਇਆ ਜਾਵੇ, ਤਾਂ ਕਿ ਕੋਈ ਸਵਰਗ ਦੇ ਲੀੜੇ ਵੇਖਣ ਤੋਂ ਵਿਰਵਾਂ ਨਾ ਰਹਿ ਜਾਵੇ।” ਫਜ਼ਲ ਨੇ ਨਾਲ ਹੀ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਬਾਦਸ਼ਾਹ ਦੀ ਪੁਸ਼ਾਕ ‘ਤੇ ਨਿਗ੍ਹਾ ਟਿਕਾ ਕੇ ਰੱਖੇਗਾ, ਉਹਦੇ ਪਾਪ ਕੱਟੇ ਜਾਣਗੇ, ਤੇ ਉਹ ਸਿੱਧਾ ਸਵਰਗ ਨੂੰ ਜਾਵੇਗਾ।
ਲੋਕ ਬਨੇਰਿਆਂ ‘ਤੇ ਬੈਠ ਕੇ, ਮਕਾਨਾਂ ਦੀਆਂ ਛੱਤਾਂ ‘ਤੇ ਖੜ੍ਹ ਕੇ ਬਾਦਸ਼ਾਹ ਨੂੰ ਰੱਥ ‘ਤੇ ਬੈਠੇ ਨੂੰ ਦੇਖ ਕੇ ਹੈਰਾਨ ਸਨ ਕਿ ਇਹ ਕੀ ਹੋ ਰਿਹਾ ਹੈ; ਪਰ ਬੋਲ ਕੋਈ ਕੁਝ ਨਹੀਂ ਸੀ ਰਿਹਾ। ਦਸ ਕੁ ਸਾਲ ਦੇ ਇਕ ਬੱਚੇ ਨੇ ਮਕਾਨ ਤੋਂ ਕਿਲਕਾਰੀ ਮਾਰ ਕੇ ਜਦੋਂ ਕਿਹਾ, “ਵੇਖੋ ਵੇਖੋ, ਬਾਦਸ਼ਾਹ ਨੰਗਾ ਹੋ ਕੇ ਘੁੰਮ ਰਿਹਾ ਹੈ,” ਤਾਂ ਮਾਂ ਨੇ ਉਹਦੇ ਮੂੰਹ ‘ਤੇ ਵੱਟ ਕੇ ਚਪੇੜ ਮਾਰਦਿਆਂ ਇਸ਼ਾਰਾ ਕੀਤਾ, ਤੇਰਾ ਬਾਪ ਕੋਲ ਖੜ੍ਹਾ ਹੈ, ਲੋਕ ਕੀ ਕਹਿਣਗੇ ਔਲਾਦ ਹੋਰ ਕਿਸੇ ਦੀ ਹੈ।
ਢੋਲ ਤੇ ਨਗਾਰੇ ਵੱਜ ਰਹੇ ਸਨ। ਬਾਦਸ਼ਾਹ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਹੋ ਕੀ ਰਿਹਾ ਹੈ। ਫਜ਼ਲ ਰੱਥ ‘ਤੇ ਬਾਦਸ਼ਾਹ ਨਾਲ ਸ਼ਾਂਤ ਚਿੱਤ ਬੈਠਾ ਆਪਣੀ ਜਿੱਤ ‘ਤੇ ਖੁਸ਼ ਦਿਖ ਰਿਹਾ ਸੀ।
ਜਲੂਸ ਜਦੋਂ ਸ਼ਹਿਰ ਦੇ ਐਨ ਦੂਜੇ ਕਿਨਾਰੇ ਪੁੱਜਾ ਤਾਂ ਅੱਗਿਉਂ ਬੱਕੀ ‘ਤੇ ਆ ਰਹੀ ਛੋਟੀ ਰਾਣੀ ਨੇ ਪਿੱਟ ਸਿਆਪਾ ਪਾ ਦਿੱਤਾ, “ਮੇਰੇ ਪਤੀ ਨੂੰ ਨੰਗਾ ਕਰ ਕੇ ਕਿਉਂ ਘੁਮਾਇਆ ਜਾ ਰਿਹਾ ਹੈ, ਇਸ ਤੋਂ ਕੀ ਖੁਨਾਮੀ ਹੋਈ ਹੈ।”
ਹਾਰਿਆ ਹੋਇਆ ਬਾਦਸ਼ਾਹ ਬੋਲਿਆ, “ਰਾਣੀ ਚੁੱਪ ਕਰ, ਮੈਂ ਸਵਰਗ ਤੋਂ ਆਈ ਪੁਸ਼ਾਕ ਪਹਿਨੀ ਹੋਈ ਹੈ।”
“ਨਹੀਂ ਤੁਸੀਂ ਤਾਂ ਅਲਫ਼ ਨੰਗੇ ਹੋ।”
ਫ਼ਜ਼ਲ ਨੇ ਟੋਕਿਆ, “ਤੈਨੂੰ ਪਤੈ ਕਿ ਇਹ ਵਸਤਰ ਉਸ ਨੂੰ ਨਹੀਂ ਦਿਸਣਗੇ ਜੋ ਆਪਣੇ ਬਾਪ ਦੀ ਔਲਾਦ ਨਹੀਂ ਹੋਵੇਗੀ।”
“ਹਾਂ ਮੈਂ ਆਪਣੇ ਬਾਪ ਦੀ ਔਲਾਦ ਨਹੀਂ ਹਾਂ, ਕਿਉਂਕਿ ਮੇਰੀ ਮਾਂ ਨੂੰ ਡਾਕੂ ਚੁੱਕ ਕੇ ਲੈ ਗਏ ਸਨ ਜੰਗਲਾਂ ਵਿਚ, ਤੇ ਬਾਦਸ਼ਾਹ ਮੇਰਾ ਹੁਸਨ ਵੇਖ ਕੇ ਮੈਨੂੰ ਵੀਹ ਸਾਲ ਛੋਟੀ ਨੂੰ ਵੀ ਸ਼ਿਕਾਰ ਖੇਡਣ ਗਿਆ ਆਪਣੀ ਰਾਣੀ ਬਣਾ ਕੇ ਲਿਆਇਆ ਸੀ, ਤੇ ਤੂੰ ਕੌਣ ਏ ਜਿਹਨੇ ਮੇਰੇ ਪਤੀ ਨੂੰ ਨੰਗਾ ਕਰ ਕੇ ਸ਼ਹਿਰ ਵਿਚ ਘੁਮਾਇਆ ਹੈ?”
“ਤੂੰ ਠੀਕ ਆਂਹਦੀ ਏ। ਬਾਦਸ਼ਾਹ ਸੱਚ ਮੁੱਚ ਹੀ ਨੰਗਾ ਏ।”
“ਤੂੰ ਵੀ ਆਪਣੇ ਪਿਉ ਦੀ ਔਲਾਦ ਨਹੀਂ?”
“ਨਹੀਂ।”
“ਫਿਰ ਤੇਰਾ ਪਿਉ ਕੌਣ ਆ?”
ਤੇ ਫਜ਼ਲ ਨੇ ਚੀਕ-ਚੀਕ ਆਪਣੀ ਮਾਂ ਦੀ ਕਹਾਣੀ ਲੋਕਾਂ ਨੂੰ ਦੱਸੀ ਕਿ ਮੈਂ ਇਸੇ ਬਾਦਸ਼ਾਹ ਦੀ ਔਲਾਦ ਹਾਂ, ਤੇ ਮੈਂ ਆਪਣੀ ਮਾਂ ਦੀ ਆਤਮਿਕ ਸ਼ਾਂਤੀ ਤੇ ਇੱਛਾ ਲਈ ਇਉਂ ਬਦਲਾ ਲਿਆ ਹੈ।
æææ ਤੇ ਕਹਿੰਦੇ ਨੇ ਬਾਦਸ਼ਾਹ ਨੇ ਪਾਗ਼ਲ ਹੋ ਕੇ ਉਹ ਸ਼ਹਿਰ ਛੱਡ ਦਿੱਤਾ, ਤੇ ਫਜ਼ਲ ਉਥੋਂ ਦਾ ਬਾਦਸ਼ਾਹ ਬਣ ਗਿਆ ਸੀ। ਸਭ ਤੋਂ ਛੋਟੀ ਰਾਣੀ ਨਾਲ ਉਹਦਾ ਵਿਆਹ ਹੋ ਗਿਆ।
ਲਗਦਾ ਨਹੀਂæææ ਰੋਹਿਤ ਨਾਲੋਂ ਫਜ਼ਲ ਗੈਰ-ਵਿਗਿਆਨਕ ਯੁੱਗ ਵਿਚ ਵੀ ਬਹੁਤ ਚੰਗਾ ਰਹਿ ਗਿਆ ਸੀ।
ਜ਼ਰੂਰੀ ਨਹੀਂ, ਸਾਰੇ ਪਟਾਕੇ ਫੀਤੇ ਨੂੰ ਅੱਗ ਲਾ ਕੇ ਹੀ ਚੱਲਦੇ ਹਨ!

ਗੱਲ ਬਣੀ ਕਿ ਨਹੀਂ

ਨਕਲੀ ਭੇਸ ‘ਚ ਮਸੰਦ

ਜਦ ਛਵੀਆਂ ਲਿਸ਼ਕੀਆਂ ਮਾਲਕਾ,
ਤੇਰਾ ਕੰਬ ਉਠਿਆ ਦਰਬਾਰ।
ਤੇ ਪੱਗਾਂ ਲਾਹੀਆਂ ਉਨ੍ਹਾਂ ਨੇ,
ਜਿਹੜੇ ਖੁਦ ਵੀ ਸਨ ਸਰਦਾਰ।
ਸਭ ਰਿਹਾ ਤਮਾਸ਼ਾ ਵੇਖਦਾ,
ਇਕ ਚੰਡੀਗੜ੍ਹ ਸਰਦਾਰ।
ਜਦ ਬੇਈਮਾਨ ਮਲਾਹ ਹੈ,
ਕਿੰਜ ਬੇੜੀ ਹੋ’ਜੂ ਪਾਰ।
ਜਿੱਥੇ ਚਹੁੰ ਪਾਸਿਉਂ ਆਂਵਦੀ,
ਇਕ ਬਾਣੀ ਦੀ ਖੁਸ਼ਬੋ।
ਉਥੇ ਨਫ਼ਰਤਾਂ ਭਰੀਆਂ ਮਨਾਂ ਵਿਚ,
ਤੇ ਬੰਦੇ ਮਾਰਨ ਬੋਅ।
ਗੁਰੂ ਨਗਰੀ ਰਾਮਦਾਸ ਦੀ,
ਜਿਥੇ ਬੈਠਾ ਮੀਆਂ ਮੀਰ।
ਉਥੇ ਫੁੱਲਾਂ ਲੱਦੇ ਬਾਗ ਵਿਚ,
ਕੁਝ ਉਗ ਪਏ ਜੰਡ ਕਰੀਰ।
ਦਸਮੇਸ਼ ਪਿਤਾ ਤੇਰੀ ਲੋੜ ਪਈ,
ਖੰਡਿਉਂ ਤਿੱਖੀ ਵਾਲੋਂ ਨਿੱਕੀ ਨੂੰ।
ਨਕਲੀ ਭੇਸ ‘ਚ ਛੁਪੇ ਮਸੰਦਾਂ ਤੋਂ,
ਅੱਜ ਖ਼ਤਰਾ ਤੇਰੀ ਸਿੱਖੀ ਨੂੰ।
-ਐਸ਼ ਅਸ਼ੋਕ ਭੌਰਾ

Be the first to comment

Leave a Reply

Your email address will not be published.