ਸਾਕਾ ਨੀਲਾ ਤਾਰਾ: ਤਿੰਨ ਦਹਾਕੇ ਪਿੱਛੋਂ ਵੀ ਮੁਆਵਜ਼ੇ ਲਈ ਜੱਦੋਜਹਿਦ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ‘ਤੇ ਜੂਨ 1984 ਵਿਚ ਹੋਏ ਫੌਜੀ ਹਮਲੇ ਨੂੰ ਤਿੰਨ ਦਹਾਕੇ ਬੀਤ ਚੁੱਕੇ ਹਨ ਤੇ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਥੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਪ੍ਰਾਪਤੀ ਤੇ ਸ੍ਰੀ ਗੁਰੂ ਰਾਮਦਾਸ ਰੈਫਰੈਂਸ ਲਾਇਬਰੇਰੀ ਦੇ ਚੁੱਕੇ ਗਏ ਅਮੁੱਲੇ ਖ਼ਜ਼ਾਨੇ ਦੀ ਵਾਪਸੀ ਲਈ ਜੱਦੋਜਹਿਦ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਨੀਲਾ ਤਾਰਾ ਸਮੇਂ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਪ੍ਰਾਪਤੀ ਲਈ 1985 ਵਿਚ ਹੇਠਲੀ ਅਦਾਲਤ ਵਿਚ ਇਕ ਹਜ਼ਾਰ ਕਰੋੜ ਰੁਪਏ ਹਰਜਾਨੇ ਦਾ ਕੇਸ ਦਾਇਰ ਕੀਤਾ ਗਿਆ ਸੀ, ਜੋ ਹੁਣ ਸਰਵਉਚ ਅਦਾਲਤ ਵਿਚ ਵਿਚਾਰ ਅਧੀਨ ਹੈ।
ਇਹ ਕੇਸ ਅੰਮ੍ਰਿਤਸਰ ਦੀ ਅਦਾਲਤ ਵਿਚ ਦਾਇਰ ਕੀਤਾ ਗਿਆ ਸੀ, ਜੋ ਬਾਅਦ ਵਿਚ ਦਿੱਲੀ ਵਿਖੇ ਤਬਦੀਲ ਹੋ ਗਿਆ। ਲੰਬਾ ਸਮਾਂ ਕੇਸ ਦੀ ਸੁਣਵਾਈ ਚੱਲਦੀ ਰਹੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੇਸ ਨੂੰ ਅਗਾਂਹ ਤੋਰਨ ਲਈ ਲੋੜੀਂਦੀ ਦਸ ਕਰੋੜ ਰੁਪਏ ਦੀ ਫੀਸ ਮੁਆਫ ਕਰਨ ਲਈ ਚਾਰਾਜੋਈ ਕੀਤੀ ਗਈ। ਕੋਈ ਰਾਹਤ ਨਾ ਮਿਲਣ ਕਾਰਨ ਸ਼੍ਰੋਮਣੀ ਕਮੇਟੀ ਨੇ ਇਹ ਕੇਸ ਵਿਚਾਲੇ ਛੱਡ ਦੇਣ ਦਾ ਮਨ ਬਣਾ ਲਿਆ ਸੀ ਪਰ ਪਿਛਲੇ ਵਰ੍ਹੇ ਸਿੱਖ ਸੰਗਤ ਦੇ ਦਬਾਅ ਤੇ ਅੰਤ੍ਰਿੰਗ ਕਮੇਟੀ ਵੱਲੋਂ ਪ੍ਰਵਾਨਗੀ ਦਿੱਤੇ ਜਾਣ ਤੋਂ ਬਾਅਦ ਕੇਸ ਲਈ ਲੋੜੀਂਦੀ ਦਸ ਕਰੋੜ ਰੁਪਏ ਦੀ ਅਦਾਲਤੀ ਫੀਸ ਜਮ੍ਹਾਂ ਕਰਵਾਈ ਗਈ ਸੀ। ਸ਼੍ਰੋਮਣੀ ਕਮੇਟੀ ਵੱਲੋਂ ਉਸ ਸਮੇਂ ਹੋਏ ਨੁਕਸਾਨ ਦੇ ਸਬੂਤ ਵਜੋਂ ਅੱਜ ਵੀ ਤੇਜਾ ਸਿੰਘ ਸਮੁੰਦਰੀ ਹਾਲ ਦੀ ਬਾਹਰੀ ਸਥਿਤੀ ਪਹਿਲਾਂ ਵਾਂਗ ਹੀ ਰੱਖੀ ਗਈ ਹੈ, ਜਿਸ ‘ਤੇ ਅੱਜ ਵੀ ਕਈ ਥਾਵਾਂ ‘ਤੇ ਗੋਲੀਆਂ ਦੇ ਨਿਸ਼ਾਨ ਤੇ ਅੱਗ ਲਾਏ ਜਾਣ ਕਾਰਨ ਕਈ ਥਾਵਾਂ ‘ਤੇ ਸੜੇ ਹੋਣ ਦੇ ਨਿਸ਼ਾਨ ਮੌਜੂਦ ਹਨ। ਇਸਦੇ ਬਾਹਰੀ ਰੂਪ ਨੂੰ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ ਤੇ ਹੁਣ ਤੱਕ ਰੰਗ ਰੋਗਨ ਨਹੀਂ ਕਰਵਾਇਆ ਗਿਆ।
ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਸਿੱਖ ਰੈਫਰੈਂਸ ਲਾਇਬਰ੍ਰੇਰੀ, ਜਿਸ ਨੂੰ ਉਸ ਵੇਲੇ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ, ਵਿਚੋਂ ਚੁੱਕੇ ਗਏ ਅਮੁੱਲੇ ਖ਼ਜ਼ਾਨੇ ਦੀ ਹੁਣ ਤੱਕ ਵਾਪਸੀ ਨਹੀਂ ਹੋ ਸਕੀ ਹੈ।
ਸ਼੍ਰੋਮਣੀ ਕਮੇਟੀ ਨੇ ਦਾਅਵਾ ਕੀਤਾ ਸੀ ਕਿ ਇਸ ਲਾਇਬ੍ਰੇਰੀ ਵਿਚੋਂ 15000 ਪੁਸਤਕਾਂ, ਜਿਨ੍ਹਾਂ ਵਿਚ ਹੱਥ ਲਿਖਤ ਖਰੜੇ ਤੇ ਹੋਰ ਇਤਿਹਾਸਕ ਪੁਸਤਕਾਂ ਸ਼ਾਮਲ ਸਨ, ਨੂੰ ਭਾਰਤੀ ਫੌਜ ਆਪਣੇ ਨਾਲ ਲੈ ਗਈ ਸੀ। ਇਸਦੀ ਵਾਪਸੀ ਲਈ ਸ਼ੋਮਣੀ ਕਮੇਟੀ ਵੱਲੋਂ ਕਈ ਵਾਰ ਯਤਨ ਕੀਤੇ ਜਾ ਚੁੱਕੇ ਹਨ। ਪਹਿਲਾਂ ਤਾਂ ਕਦੇ ਵੀ ਭਾਰਤੀ ਫੌਜ ਵੱਲੋਂ ਇਹ ਖ਼ਜ਼ਾਨਾ ਹੋਣ ਬਾਰੇ ਪ੍ਰਗਟਾਵਾ ਨਹੀਂ ਕੀਤਾ ਸੀ ਪਰ ਜਦੋਂ ਸ੍ਰੀ ਜਾਰਜ ਫਰਨਾਂਡਿਸ ਰੱਖਿਆ ਮੰਤਰੀ ਬਣੇ ਤਾਂ ਉਨ੍ਹਾਂ ਨੇ ਇਕ ਪੱਤਰ ਭੇਜ ਕੇ ਇੰਕਸ਼ਾਫ ਕੀਤਾ ਸੀ ਕਿ ਭਾਰਤੀ ਫੌਜ ਨੇ ਇਹ ਅਮੁੱਲਾ ਖਜ਼ਾਨਾ ਸੀæਬੀæਆਈæ ਹਵਾਲੇ ਕਰ ਦਿੱਤਾ ਸੀ। ਉਸ ਵੇਲੇ ਦੇ ਪੰਜਾਬ ਪੁਲਿਸ ਦੇ ਇਕ ਇੰਸਪੈਕਟਰ, ਜਿਸ ਦੀ ਡਿਊਟੀ ਉਸ ਵੇਲੇ ਸੀæਬੀæਆਈæ ਨਾਲ ਸੀ, ਨੇ ਇੰਕਸ਼ਾਫ ਕੀਤਾ ਸੀ ਕਿ ਭਾਰਤੀ ਫੌਜ ਇਸ ਅਮੁੱਲੇ ਖਜ਼ਾਨੇ ਨੂੰ ਬੋਰੀਆਂ ਵਿਚ ਭਰ ਕੇ ਆਪਣੇ ਨਾਲ ਲੈ ਗਈ ਸੀ।

Be the first to comment

Leave a Reply

Your email address will not be published.