ਅਮਰੀਕਾ ਹੋਵੇ ਜਾਂ ਪਾਕਿਸਤਾਨ: ਸਬੰਧਾਂ ‘ਚ ਪ੍ਰਪੱਕਤਾ ਦੀ ਲੋੜ

ਜਤਿੰਦਰ ਪਨੂੰ
ਫੋਨ: 91-98140-68455
ਚਿੱਤ ਚਾਹੁੰਦਾ ਹੈ ਕਿ ਇਸ ਵਕਤ ਉਸ ਅਪਰੇਸ਼ਨ ਬਲਿਊ ਸਟਾਰ ਦੀ ਚਰਚਾ ਵੀ ਕੀਤੀ ਜਾਵੇ, ਜਿਸ ਦੇ ਨਾਲ ਜੋੜ ਕੇ ਹਰ ਸਾਲ ਹੁੰਦੇ ਸਮਾਗਮਾਂ ਮੌਕੇ ਅੰਮ੍ਰਿਤਸਰ ਵਿਚ ਧਮੱਚੜ ਪੈਂਦਾ ਅਤੇ ‘ਜਾਤ-ਗੋਤ ਸਿੰਘਨ ਕੀ ਦੰਗਾ’ ਵਾਲੀ ਪੁਰਾਣੀ ਕਹਾਵਤ ਸੱਚੀ ਸਾਬਤ ਹੁੰਦੀ ਲੱਭਦੀ ਹੈ, ਪਰ ਅਸੀਂ ਇਸ ਵੇਲੇ ਇਸ ਨੂੰ ਛੇੜ ਨਹੀਂ ਰਹੇ। ਇਸ ਪਿੱਛੇ ਕਾਰਨ ਇਹ ਹੈ ਕਿ ਹੁਣ ਤੱਕ ਅਕਾਲੀ ਆਗੂ ਹਰ ਗੱਲ ਵਿਚ ਕਹਿੰਦੇ ਸਨ ਕਿ ਸਾਰਾ ਕੁਝ ਕਾਂਗਰਸ ਪਾਰਟੀ ਦਾ ਕੀਤਾ ਪਾਪ ਸੀ। ਭਾਰਤੀ ਜਨਤਾ ਪਾਰਟੀ ਵਾਲੇ ਦਿੱਲੀ ਵਿਚ ਓਸੇ ਅਪਰੇਸ਼ਨ ਬਲਿਊ ਸਟਾਰ ਦੀ ਹਮਾਇਤ ਕਰ ਕੇ ਪੰਜਾਬ ਅੰਦਰ ਹੋਰ ਬੋਲੀ ਬੋਲਦੇ ਸਨ ਤੇ ਕਾਂਗਰਸੀ ਆਗੂਆਂ ਦੀ ਸੱਚ ਦੱਸਣ ਵੇਲੇ ਦੰਦਲ ਨਹੀਂ ਸੀ ਟੁੱਟਦੀ। ਇਸ ਵਾਰੀ ਲੋਕ ਸਭਾ ਚੋਣਾਂ ਵਿਚ ਉਹ ਗੱਲਾਂ ਫਿਰ ਚਰਚਾ ਦਾ ਵਿਸ਼ਾ ਬਣੀਆਂ ਸਨ ਅਤੇ ਅਕਾਲੀ ਲੀਡਰਾਂ ਨੇ ਕਿਹਾ ਸੀ ਕਿ ਜਦੋਂ ਕੇਂਦਰ ਦੀ ਸਰਕਾਰ ਭਾਜਪਾ ਦੀ ਕਮਾਨ ਹੇਠ ਬਣ ਗਈ, ਅਸੀਂ ਉਦੋਂ ਅਪਰੇਸ਼ਨ ਬਲਿਊ ਸਟਾਰ ਦਾ ਸਾਰਾ ਸੱਚ ਲੋਕਾਂ ਅੱਗੇ ਧਰ ਦਿਆਂਗੇ ਤੇ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿਵਾ ਦਿਆਂਗੇ। ਹੁਣ ਕੇਂਦਰ ਦੀ ਸਰਕਾਰ ਭਾਜਪਾ ਦੇ ਆਗੂ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣ ਚੁੱਕੀ ਹੈ, ਤਰਲਾ ਮਾਰ ਕੇ ਲਈ ਹੋਈ ਇੱਕ ਵਜ਼ੀਰੀ ਅਕਾਲੀਆਂ ਕੋਲ ਵੀ ਹੈ ਤੇ ਜਿਹੜੇ ਸੱਚ ਸਾਹਮਣੇ ਲਿਆਉਣ ਦੇ ਦਾਅਵੇ ਕੀਤੇ ਗਏ ਹਨ, ਉਨ੍ਹਾਂ ਨੂੰ ਹੁਣ ਪੂਰੇ ਕਰਨ ਦਾ ਵਕਤ ਆ ਗਿਆ ਹੈ। ਸਾਨੂੰ ਇਹ ਵੀ ਯਕੀਨ ਹੈ ਕਿ ਇਸ ਵਿਚੋਂ ਕੁਝ ਨਹੀਂ ਨਿਕਲਣ ਲੱਗਾ, ਕਿਉਂਕਿ ‘ਝੱਗਾ ਚੁੱਕਿਆਂ ਆਪਣਾ ਢਿੱਡ ਨੰਗਾ ਹੁੰਦਾ’ ਦੇ ਅਖਾਣ ਵਾਂਗ ਇਹ ਕੰਮ ਉਨ੍ਹਾਂ ਦੇ ਆਪਣੇ ਲਈ ਘਾਟੇਵੰਦਾ ਸਾਬਤ ਹੋ ਸਕਦਾ ਹੈ, ਫਿਰ ਵੀ ਅਸੀਂ ਉਨ੍ਹਾਂ ਨੂੰ ਵਕਤ ਦੇਣਾ ਚਾਹਾਂਗੇ ਅਤੇ ਉਡੀਕ ਕਰਾਂਗੇ ਕਿ ਉਹ ਪਟਾਰੀ ਵਿਚੋਂ ਕਿਹੜਾ ਨਾਗ ਕੱਢਦੇ ਹਨ?
ਇਸ ਪਾਸੇ ਮਗਜ਼-ਪੱਚੀ ਕਰਨ ਦੀ ਥਾਂ ਅਸੀਂ ਨਵੀਂ ਬਣੀ ਸਰਕਾਰ ਦੇ ਵਿਦੇਸ਼ ਨੀਤੀ ਦੇ ਉਨ੍ਹਾਂ ਅਹਿਮ ਪੱਖਾਂ ਦੀ ਗੱਲ ਕਰਨੀ ਚਾਹੁੰਦੇ ਹਾਂ, ਜਿਨ੍ਹਾਂ ਦਾ ਸਿੱਧਾ ਸਬੰਧ ਪਾਕਿਸਤਾਨ ਤੇ ਅਮਰੀਕਾ ਦੇ ਨਾਲ ਹੈ।
ਪਹਿਲੀ ਗੱਲ ਤਾਂ ਇਹ ਕਿ ਇਸ ਸਰਕਾਰ ਦੇ ਅੰਦਰੋਂ ਇਸ ਗੱਲ ਦੀ ਖੁਸ਼ੀ ਲੁਕਾਈ ਨਹੀਂ ਜਾ ਰਹੀ ਕਿ ਜਿਸ ਅਮਰੀਕਾ ਨੇ ਕਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵੀਜ਼ਾ ਨਹੀਂ ਸੀ ਦਿੱਤਾ, ਉਹ ਓਸੇ ਨਰਿੰਦਰ ਮੋਦੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਮਿਲਣ ਨੂੰ ਕਾਹਲਾ ਪਿਆ ਹੋਇਆ ਹੈ। ਅਮਰੀਕਾ ਵੱਲੋਂ ਜਿੰਨੀ ਕਾਹਲ-ਕਦਮੀ ਦਾ ਪ੍ਰਭਾਵ ਦਿੱਤਾ ਜਾ ਰਿਹਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ। ਬਿਨਾਂ ਸ਼ੱਕ ਰਾਸ਼ਟਰਪਤੀ ਬਰਾਕ ਓਬਾਮਾ ਦੀ ਇਹ ਇੱਛਾ ਬੜੀ ਤੀਬਰਤਾ ਨਾਲ ਪੇਸ਼ ਕੀਤੀ ਗਈ ਹੈ ਤੇ ਭਾਰਤ ਨੇ ਵੀ ਕਾਹਲੀ ਵਿਖਾਏ ਬਿਨਾ ਇਹ ਕਹਿ ਦਿੱਤਾ ਕਿ ਜਦੋਂ ਯੂ ਐਨ ਓ ਦੇ ਸਮਾਗਮ ਵਿਚ ਨਰਿੰਦਰ ਮੋਦੀ ਉਥੇ ਆਉਣਗੇ, ਰੂਸ, ਚੀਨ, ਬਰਾਜ਼ੀਲ ਆਦਿ ਦੇ ਮੁਖੀਆਂ ਨਾਲ ਮਿਲਣ ਮੌਕੇ ਬਰਾਕ ਓਬਾਮਾ ਨੂੰ ਵੀ ਮਿਲ ਲੈਣਗੇ। ਸ਼ੁਕਰ ਹੈ ਕਿ ਨਰਿੰਦਰ ਮੋਦੀ ਉਸ ਡਾæ ਮਨਮੋਹਨ ਸਿੰਘ ਦੇ ਵਾਂਗ ਇਹੋ ਜਿਹਾ ਸੱਦਾ ਸੁਣ ਕੇ ਬਾਗੋ-ਬਾਗ ਨਹੀਂ ਹੋ ਗਿਆ, ਜਿਸ ਨੇ ਜਾਰਜ ਬੁੱਸ਼ ਨੂੰ ਮਿਲਣ ਪਿੱਛੋਂ ਕਹਿ ਦਿੱਤਾ ਸੀ ਕਿ ਭਾਰਤ ਦੇ ਲੋਕ ਜਾਰਜ ਬੁੱਸ਼ ਨੂੰ ਪਿਆਰ ਹੀ ਬਹੁਤ ਕਰਦੇ ਹਨ। ਨਰਿੰਦਰ ਮੋਦੀ ਨੇ ਵਾਜਪਾਈ ਵਾਲਾ ਕਾਹਲਾਪਣ ਵੀ ਨਹੀਂ ਵਿਖਾਇਆ, ਜਿਸ ਨੇ ਅਫਗਾਨਿਸਤਾਨ ਦੀ ਜੰਗ ਵੇਲੇ ਜਾਰਜ ਬੁੱਸ਼ ਨੂੰ ਬਿਨਾਂ ਮੰਗੀ ਹਮਾਇਤ ਦੇਂਦਿਆਂ ਇਹ ਕਹਿ ਦਿੱਤਾ ਸੀ ਕਿ ਭਾਰਤ ਦਾ ਬੱਚਾ-ਬੱਚਾ ਤੁਹਾਡੇ ਨਾਲ ਖੜਾ ਹੈ। ਅੱਗੋਂ ਜਾਰਜ ਬੁੱਸ਼ ਨੇ ਹਮਾਇਤ ਦਾ ਧੰਨਵਾਦ ਵੀ ਨਹੀਂ ਸੀ ਕੀਤਾ ਤੇ ਪਾਕਿਸਤਾਨ ਦੀਆਂ ਛਾਉਣੀਆਂ ਅਤੇ ਏਅਰਪੋਰਟ ਆਪਣੀ ਫੌਜ ਲਈ ਵਰਤਣ ਦੀ ਆਗਿਆ ਦੇਣ ਵਾਲੇ ਜਨਰਲ ਮੁਸ਼ੱਰਫ ਦੀ ਪਿੱਠ ਥਾਪੜਦਾ ਰਿਹਾ ਸੀ। ਅਮਰੀਕਾ ਨਾਲ ਰਿਸ਼ਤਿਆਂ ਵਿਚ ਏਦਾਂ ਦਾ ਕਾਹਲਾਪਣ ਨਹੀਂ ਵਿਖਾਇਆ ਜਾ ਰਿਹਾ, ਪਰ ਜਿੰਨਾ ਵਿਖਾਇਆ ਜਾ ਰਿਹਾ ਹੈ, ਉਹ ਵੀ ਹੱਦੋਂ ਜ਼ਿਆਦਾ ਹੈ।
ਅਮਰੀਕਾ ਨਾਲ ਰਿਸ਼ਤਿਆਂ ਵਿਚ ਕਾਹਲਾਪਣ ਭਾਜਪਾ ਅਤੇ ਇਸ ਦੇ ਪਿੱਛੇ ਖੜੇ ਸੰਘ ਪਰਿਵਾਰ ਦੀ ਲੋੜ ਇਸ ਕਰ ਕੇ ਹੈ ਕਿ ਉਨ੍ਹਾਂ ਨੂੰ ਇਸਲਾਮੀ ਜਹਾਦ ਵਾਲੀ ਦਹਿਸ਼ਤਗਰਦੀ ਦੇ ਖਿਲਾਫ ਸਾਂਝਾ ਮੋਰਚਾ ਬਣਨ ਦੀ ਝਾਕ ਜਾਪਦੀ ਹੈ, ਪਰ ਸੰਸਾਰ ਕੂਟਨੀਤੀ ਦੇ ਮਾਹਰ ਇਹੋ ਜਿਹੀ ਕੋਈ ਆਸ ਨਹੀਂ ਰੱਖਦੇ। ਦਹਿਸ਼ਤਗਰਦੀ ਇੱਕ ਸੰਸਾਰ ਪੱਧਰ ਦਾ ਵਰਤਾਰਾ ਹੈ, ਜਿਸ ਦੀ ਮਾਰ ਕਿਸੇ ਵੇਲੇ ਕਿਸੇ ਵੀ ਦੇਸ਼ ਨੂੰ ਪੈ ਸਕਦੀ ਹੈ, ਪਰ ਇਸ ਵਿਚ ਜਿਸ ਅਮਰੀਕਾ ਦਾ ਇਹ ਐਲਾਨ ਹੈ ਕਿ ਉਹ ਇਸ ਲੜਾਈ ਦਾ ਮੋਹਰੀ ਹੈ, ਸਭ ਤੋਂ ਵੱਧ ਮੌਕਾਪ੍ਰਸਤ ਨੀਤੀ ਉਸੇ ਦੀ ਹੈ। ਰੂਸ ਦੇ ਨੇੜੇ ਕੋਸੋਵੋ ਰਾਜ ਜਦੋਂ ਉਬਲਦਾ ਪਿਆ ਸੀ, ਉਥੇ ਇਸਲਾਮੀ ਦਹਿਸ਼ਤਗਰਦੀ ਨੂੰ ਅਮਰੀਕਾ ਦੀ ਸ਼ਹਿ ਸੀ ਅਤੇ ਰੂਸ ਦੀ ਫੌਜ ਨੇ ਜਦੋਂ ਝੰਬਣਾ ਸ਼ੁਰੂ ਕੀਤਾ ਤਾਂ ਜਾਰਜ ਬੁੱਸ਼ ਨੇ ਬਿਆਨ ਦੇ ਦਿੱਤਾ ਸੀ ਕਿ ਲੜਨ ਦੀ ਥਾਂ ਕੋਸੋਵੋ ਦੇ ਅਤਿਵਾਦੀਆਂ ਨਾਲ ਰੂਸ ਨੂੰ ਗੱਲਬਾਤ ਸ਼ੁਰੂ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਅੱਗੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਸੀ ਕਿ ਅਫਗਾਨਿਸਤਾਨ ਵਿਚ ਫੌਜਾਂ ਭੇਜਣ ਦੀ ਕੀ ਲੋੜ ਸੀ, ਜਾਰਜ ਬੁੱਸ਼ ਨੂੰ ਵੀ ਓਸਾਮਾ ਬਿਨ ਲਾਦੇਨ ਨਾਲ ਇੱਕ ਡਿਨਰ-ਮੀਟਿੰਗ ਲਾ ਲੈਣੀ ਚਾਹੀਦੀ ਸੀ। ਪੂਤਿਨ ਨੇ ਇਹ ਵੀ ਕਿਹਾ ਸੀ ਕਿ ਅਮਰੀਕਾ ਅੱਗ ਨਾਲ ਖੇਡਣ ਵਾਲੇ ਚੱਕਰ ਵਿਚ ਇੱਕ ਦੇਸ਼ ਵਿਚ ਦਹਿਸ਼ਤਗਰਦਾਂ ਦੀ ਮਦਦ ਤੇ ਦੂਸਰੇ ਵਿਚ ਉਨ੍ਹਾਂ ਨਾਲ ਲੜਾਈ ਕਰਦਾ ਹੈ, ਇੱਕ ਦਿਨ ਉਸ ਨੂੰ ਇਹ ਖੇਡ ਮਹਿੰਗੀ ਪਵੇਗੀ। ਫਿਰ ਇਹੋ ਹੋਇਆ ਸੀ। ਇੱਕ ਦਿਨ ਅਮਰੀਕਾ ਵਿਚ ਮੈਰਾਥਨ ਦੌੜ ਵੇਲੇ ਬੰਬ ਚੱਲ ਗਏ ਤੇ ਜਿਹੜੇ ਦਹਿਸ਼ਤਗਰਦ ਇਸ ਮਾਮਲੇ ਵਿਚ ਦੋਸ਼ੀ ਨਿਕਲੇ, ਉਹ ਉਸੇ ਕੋਸੋਵੋ ਤੋਂ ਆਏ ਸਨ, ਜਿਨ੍ਹਾਂ ਨੂੰ ਰੂਸ ਨਾਲ ਲੜਦੇ ਵੇਖ ਕੇ ਅਮਰੀਕਾ ਦਾ ਰਾਸ਼ਟਰਪਤੀ ਜਾਰਜ ਬੁੱਸ਼ ਖੁਸ਼ ਹੁੰਦਾ ਰਿਹਾ ਸੀ।
ਇਸ ਧਾਰਨਾ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਅਮਰੀਕਾ ਤੋਂ ਇਸਲਾਮੀ ਦਹਿਸ਼ਤਗਰਦੀ ਵਿਰੁਧ ਮੋਰਚੇ ਦੀ ਸਾਂਝ ਦੀ ਆਸ ਰੱਖਣਾ ਬਚਕਾਨੀ ਸੋਚ ਹੈ। ਉਹ ਤਾਂ ਆਪਣੀ ਲੋੜ ਨੂੰ ਮਿਲਣਾ ਚਾਹੁੰਦਾ ਹੈ। ਪਿਛਲੇ ਦਿਨੀਂ ਵਪਾਰ ਦੇ ਚੈਨਲਾਂ ਨੇ ਇਹ ਖਬਰ ਦਿੱਤੀ ਹੈ ਕਿ ਭਾਰਤ ਵਿਚ ਪਿਛਲੇ ਇੱਕ ਸਾਲ ਵਿਚ ਇਨੇ ਸਮਾਰਟ ਫੋਨ ਵਿਕੇ ਹਨ, ਜਿੰਨੇ ਕਿਸੇ ਵੀ ਹੋਰ ਦੇਸ਼ ਵਿਚ ਨਹੀਂ ਵਿਕ ਸਕੇ। ਅਮਰੀਕਾ ਦਾ ਰਾਸ਼ਟਰਪਤੀ ਜਦੋਂ ਨਰਿੰਦਰ ਮੋਦੀ ਨੂੰ ਮਿਲਣਾ ਚਾਹੁੰਦਾ ਹੈ ਤਾਂ ਇਸ ਲਈ ਨਹੀਂ ਕਿ ਉਹ ਸੰਘ ਪਰਿਵਾਰ ਨਾਲ ਤਿੜਕੇ ਰਿਸ਼ਤੇ ਬਹਾਲ ਕਰਨਾ ਚਾਹੁੰਦਾ ਹੈ, ਇਸ ਲਈ ਮਿਲਣਾ ਚਾਹੁੰਦਾ ਹੈ ਕਿ ਭਾਰਤ ਵਿਚ ਇੱਕ ਸੌ ਪੰਝੀ ਕਰੋੜ ਇਨਸਾਨ ਨਹੀਂ, ਇੱਕ ਸੌ ਪੰਝੀ ਕਰੋੜ ਉਹ ਗਾਹਕ ਫਿਰਦੇ ਹਨ, ਜਿਨ੍ਹਾਂ ਨੂੰ ਅਮਰੀਕਾ ਦੀਆਂ ਕਾਰਪੋਰੇਸ਼ਨਾਂ ਆਪਣਾ ਮਾਲ ਵੇਚਣਾ ਚਾਹੁੰਦੀਆਂ ਹਨ। ਉਨ੍ਹਾਂ ਵਾਸਤੇ ਨਰਿੰਦਰ ਮੋਦੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਘੱਟ ਅਤੇ ਇੱਕ ਵੱਡੀ ਮਾਰਕੀਟ ਕਮੇਟੀ ਦਾ ਚੇਅਰਮੈਨ ਵੱਧ ਹੋ ਸਕਦਾ ਹੈ।
ਜਿਹੜੇ ਹਾਲਾਤ ਵਿਚ ਭਾਰਤ ਦੀ ਸਰਕਾਰ ਅਮਰੀਕਾ ਨਾਲ ਮਿਲਣ ਦੀ ਚਾਹਵਾਨ ਵੀ ਹੈ ਤੇ ਆਪਣੀ ਹਿੰਡ ਵੀ ਰੱਖਣਾ ਚਾਹੁੰਦੀ ਹੈ ਕਿ ਸਾਨੂੰ ਉਸ ਦੀ ਬਹੁਤੀ ਪਰਵਾਹ ਨਹੀਂ, ਉਨ੍ਹਾਂ ਹਾਲਾਤ ਦੌਰਾਨ ਇਸ ਨੇ ਪਾਕਿਸਤਾਨ ਵਾਲੇ ਪੱਖ ਦੀ ਕੂਟਨੀਤੀ ਵੀ ਸਰਗਰਮ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕਣ ਵੇਲੇ ਸੱਤਾਂ ਦੇਸ਼ਾਂ ਦੇ ਮੁਖੀ ਸੱਦੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੱਦ ਲਿਆ, ਫਿਰ ਉਸ ਨਾਲ ਇੱਕ ਮੀਟਿੰਗ ਵੀ ਕੀਤੀ ਤੇ ਇਹ ਪ੍ਰਭਾਵ ਦੇ ਦਿੱਤਾ ਕਿ ਹੁਣ ਸਬੰਧਾਂ ਵਿਚ ਸੁਧਾਰ ਹੋ ਜਾਵੇਗਾ। ਦੇਸ਼ਾਂ ਦੇ ਸਬੰਧਾਂ ਵਿਚ ਇਸ ਤਰ੍ਹਾਂ ਸੁਧਾਰ ਨਹੀਂ ਹੋਇਆ ਕਰਦਾ। ਜਿਹੜੀ ਪ੍ਰਪੱਕਤਾ ਦੀ ਲੋੜ ਹੈ, ਉਹ ਨਹੀਂ ਦਿਖਾਈ ਜਾ ਸਕੀ। ਨਵਾਜ਼ ਸ਼ਰੀਫ ਦੇ ਜਾਂਦੇ ਸਾਰ ਦਿੱਲੀ ਤੋਂ ਇਹ ਬਿਆਨ ਬੜੀ ਕਾਹਲੀ ਵਿਚ ਜਾਰੀ ਕਰ ਦਿੱਤਾ ਗਿਆ ਕਿ ਹੁਣ ਤੱਕ ਪਾਕਿਸਤਾਨ ਦੇ ਸਾਰੇ ਲੀਡਰ ਇਥੇ ਆ ਕੇ ਆਪਣੀ ਗੱਲ ਕਸ਼ਮੀਰ ਦੇ ਮਸਲੇ ਤੋਂ ਸ਼ੁਰੂ ਕਰਦੇ ਹੁੰਦੇ ਸਨ ਤੇ ਨਵਾਜ਼ ਸ਼ਰੀਫ ਸਾਹਿਬ ਇਨੇ ‘ਸ਼ਰੀਫ’ ਨਿਕਲੇ ਹਨ ਕਿ ਉਨ੍ਹਾਂ ਨੇ ਕਸ਼ਮੀਰ ਮਸਲੇ ਦੀ ਗੱਲ ਹੀ ਨਹੀਂ ਛੇੜੀ। ਜੇ ਇਦਾਂ ਵੀ ਹੋਇਆ ਸੀ ਤਾਂ ਇਹ ਗੱਲ ਜਨਤਕ ਤੌਰ ਉਤੇ ਦੱਸਣ ਵਾਲੀ ਨਹੀਂ ਸੀ, ਕਿਉਂਕਿ ਇਸ ਨਾਲ ਸਬੰਧਾਂ ਦੇ ਸੁਧਾਰ ਲਈ ਜੇ ਨਵਾਜ਼ ਸ਼ਰੀਫ ਦਿਲੋਂ ਚਾਹਵਾਨ ਵੀ ਹੋਵੇ ਤਾਂ ਉਸ ਲਈ ਮੁਸ਼ਕਲ ਪੈਦਾ ਹੋ ਜਾਣੀ ਸੀ। ਹੋਇਆ ਵੀ ਇਹੋ ਹੀ। ਇਹ ਗੱਲ ਉਸ ਲਈ ਇਨੀ ਘਾਟੇ ਵਾਲੀ ਸੀ ਕਿ ਉਸ ਦੇ ਸੁਰੱਖਿਆ ਸਲਾਹਕਾਰ ਨੂੰ ਖੜੇ ਪੈਰ ਇਹ ਗੱਲ ਪ੍ਰੈਸ ਨੂੰ ਦੱਸਣੀ ਪਈ ਕਿ ਨਵਾਜ਼ ਸ਼ਰੀਫ ਨੇ ਭਾਰਤ ਜਾ ਕੇ ਕਸ਼ਮੀਰ ਦੀ ਗੱਲ ਛੱਡੀ ਨਹੀਂ, ਸਗੋਂ ਪੂਰੀ ਗੰਭੀਰਤਾ ਨਾਲ ਛੇੜੀ ਸੀ। ਦੋਵਾਂ ਦੇਸ਼ਾਂ ਦੇ ਲੋਕਾਂ ਵਿਚ ਇਸ ਨਾਲ ਇਸ ਗੱਲ ਦਾ ਭੰਬਲਭੂਸਾ ਪੈਦਾ ਹੋ ਗਿਆ ਕਿ ਭਾਰਤ ਦਾ ਵਿਦੇਸ਼ ਮੰਤਰਾਲਾ ਠੀਕ ਕਹਿੰਦਾ ਹੈ ਕਿ ਪਾਕਿਸਤਾਨ ਦਾ?
ਹੁਣ ਨਵਾਜ਼ ਸ਼ਰੀਫ ਆਪਣੇ ਮੁਲਕ ਵਿਚ ਚੁਫੇਰੇ ਦੀ ਚਾਂਦਮਾਰੀ ਦਾ ਨਿਸ਼ਾਨਾ ਬਣਿਆ ਪਿਆ ਹੈ ਤੇ ਸਾਰੀਆਂ ਰਾਜਸੀ ਅਤੇ ਫੌਜ ਦੇ ਨੇੜ ਵਾਲੀਆਂ ਧਿਰਾਂ ਉਸ ਨੂੰ ਭਾਰਤ ਅੱਗੇ ਕਮਜ਼ੋਰੀ ਜ਼ਾਹਰ ਕਰਨ ਦਾ ਦੋਸ਼ੀ ਆਖ ਕੇ ਨਿਖੇਧੀ ਕਰ ਰਹੀਆਂ ਹਨ। ਸਾਰਿਆਂ ਨੂੰ ਪਤਾ ਹੈ ਕਿ ਜਦੋਂ ਉਸ ਨੇ ਆਉਣਾ ਸੀ, ਉਦੋਂ ਵੀ ਉਥੋਂ ਦੀ ਫੌਜ ਤੇ ਖੁਫੀਆ ਏਜੰਸੀ ਵਾਲੇ ਇਸ ਨਾਲ ਸਹਿਮਤ ਨਹੀਂ ਸਨ ਅਤੇ ਉਨ੍ਹਾਂ ਨੂੰ ਮਨਾਉਣ ਲਈ ਨਵਾਜ਼ ਸ਼ਰੀਫ ਨੂੰ ਆਪਣੇ ਭਰਾ ਅਤੇ ਪੱਛਮੀ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਫੌਜ ਦੇ ਮੁਖੀ ਕੋਲ ਭੇਜਣਾ ਪਿਆ ਸੀ। ਜਦੋਂ ਉਹ ਦੌਰਾ ਕਰ ਕੇ ਵਾਪਸ ਪਾਕਿਸਤਾਨ ਗਿਆ ਤਾਂ ਫੌਜ ਦੇ ਮੁਖੀ ਅਤੇ ਆਈ ਐਸ ਆਈ ਵਾਲੇ ਫਿਰ ਮੂੰਹ ਵਿੰਗਾ ਕਰ ਬੈਠੇ ਤੇ ਪਤਾ ਇਹ ਲੱਗਾ ਹੈ ਕਿ ਹੁਣ ਨਵਾਜ਼ ਸ਼ਰੀਫ ਫਿਰ ਮਨਾਉਣ ਵਾਲੇ ਵਿਚੋਲੇ ਭਾਲ ਰਿਹਾ ਹੈ। ਭਾਰਤ ਨੂੰ ਇਨ੍ਹਾਂ ਗੱਲਾਂ ਨਾਲ ਕੋਈ ਮਤਲਬ ਨਹੀਂ, ਏਧਰ ਇਸ ਗੱਲ ਦੀ ਖੁਸ਼ੀ ਹੀ ਕਾਫੀ ਹੈ ਕਿ ਨਵਾਜ਼ ਸ਼ਰੀਫ ਨੇ ਮੋੜਵੀਂ ਭਾਜੀ ਭੇਜ ਦਿੱਤੀ ਹੈ।
ਦਿੱਲੀ ਵਿਚ ਆਏ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਿਆ ਸੀ ਕਿ ਜਦੋਂ ਤੁਸੀਂ ਆਪਣੀ ਮਾਤਾ ਨੂੰ ਮਿਲੇ ਸੀ, ਮੇਰੀ ਮਾਂ ਵੀ ਬੜੀ ਭਾਵੁਕ ਹੋ ਗਈ ਸੀ। ਮੋਦੀ ਸਾਹਿਬ ਵੀ ਭਾਵੁਕ ਹੋ ਗਏ। ਉਨ੍ਹਾਂ ਨੇ ਜਾਣ ਲੱਗੇ ਨਵਾਜ਼ ਸ਼ਰੀਫ ਦੇ ਹੱਥ ਉਸ ਦੀ ਮਾਤਾ ਲਈ ਇੱਕ ਸ਼ਾਲ ਭੇਜ ਦਿੱਤੀ। ਹੁਣ ਭਾਜੀ ਮੋੜਨ ਲਈ ਉਨ੍ਹਾਂ ਨੇ ਮੋਦੀ ਸਾਹਿਬ ਦੀ ਮਾਤਾ ਲਈ ਇੱਕ ਸਾੜ੍ਹੀ ਭੇਜ ਦਿੱਤੀ ਹੈ। ਇਹ ਇੱਕ ਪੱਖ ਹੈ, ਸਿਰਫ ਇੱਕ ਪੱਖ ਹੈ।
ਦੂਸਰਾ ਪੱਖ ਕੰਧਾਰ ਵਿਚ ਪੰਜ ਬੰਦੇ ਛੱਡ ਕੇ ਬਦਲੇ ਵਿਚ ਛੁਡਾ ਕੇ ਲਿਆਂਦੇ ਜਹਾਜ਼ ਦੇ ਮੁਸਾਫਰਾਂ ਦੀ ਵਾਪਸੀ ਨਾਲ ਜੁੜੀ ਯਾਦ ਵਾਲਾ ਹੈ। ਉਥੇ ਦਹਿਸ਼ਤਗਰਦਾਂ ਨੇ ਇੱਕ ਸੱਜ-ਵਿਆਹੇ ਨੌਜਵਾਨ ਨੂੰ ਬਾਕੀਆਂ ਤੋਂ ਵੱਖਰੇ ਕੱਢਿਆ ਤੇ ਲਿਜਾ ਕੇ ਗੋਲੀ ਮਾਰ ਦਿੱਤੀ ਸੀ। ਅਗਲੇ ਦਿਨ ਇੱਕ ਮੁਸਾਫਰ ਕੁੜੀ ਦਾ ਜਨਮ ਦਿਨ ਸੀ। ਪਤਾ ਲੱਗਾ ਤਾਂ ਉਨ੍ਹਾਂ ਹੀ ਦਹਿਸ਼ਤਗਰਦਾਂ ਨੇ ਉਸ ਕੁੜੀ ਨੂੰ ਜਨਮ ਦਿਨ ਦੇ ਤੋਹਫੇ ਵਜੋਂ ਇੱਕ ਸ਼ਾਲ ਦੇ ਦਿੱਤੀ। ਜਦੋਂ ਜਹਾਜ਼ ਦਿੱਲੀ ਮੁੜਿਆ ਤਾਂ ਉਸ ਵਿਚ ਇੱਕ ਚੂੜੇ ਵਾਲੀ ਉਹ ਕੁੜੀ ਸੀ, ਜਿਹੜੀ ਪਤੀ ਨਾਲ ਜਹਾਜ਼ ਵਿਚ ਚੜ੍ਹੀ ਸੀ ਤੇ ਮੁੜਨ ਵੇਲੇ ਬਕਸੇ ਵਿਚ ਪਤੀ ਦੀ ਲਾਸ਼ ਲਿਆਈ ਸੀ ਅਤੇ ਉਸ ਨੂੰ ਗੱਸ਼ਾਂ ਪੈ ਰਹੀਆਂ ਸਨ ਤੇ ਦੂਸਰੀ ਉਹ ਕੁੜੀ ਸੀ, ਜਿਸ ਕੋਲੋਂ ਜਨਮ ਦਿਨ ਮੌਕੇ ਮਿਲੇ ਸ਼ਾਲ ਦਾ ਚਾਅ ਨਹੀਂ ਸੀ ਸੰਭਾਲਿਆ ਜਾ ਰਿਹਾ। ਭਾਵੁਕ ਦੋਵੇਂ ਕੁੜੀਆਂ ਸਨ, ਪਰ ਭਾਵ ਵੱਖੋ-ਵੱਖ ਸਨ। ਹੁਣ ਵੀ ਇੱਕ ਜਜ਼ਬਾ ਰਾਜ ਕਰਨ ਵਾਲਿਆਂ ਦਾ ਹੈ, ਦੂਸਰਾ ਮਥਰਾ ਨੇੜੇ ਗਰੀਬੀ ਹੰਢਾ ਰਹੀ ਹੇਮ ਰਾਜ ਨਾਂ ਦੇ ਫੌਜੀ ਦੀ ਵਿਧਵਾ ਦਾ, ਜਿਸ ਨਾਲ ਵਾਅਦਾ ਕੀਤਾ ਗਿਆ ਸੀ ਕਿ ਪਾਕਿਸਤਾਨ ਨਾਲ ਗੱਲ ਕਰਨ ਵੇਲੇ ਤੇਰੇ ਪਤੀ ਦੇ ਸਿਰ ਦਾ ਚੇਤਾ ਰੱਖਿਆ ਜਾਵੇਗਾ।
ਅਸੀਂ ਤਾਂ ਹਮੇਸ਼ਾ ਤੋਂ ਪਾਕਿਸਤਾਨ ਨਾਲ ਸੁਖਾਵੇਂ ਸਬੰਧਾਂ ਦੇ ਹਾਮੀ ਰਹੇ ਹਾਂ, ਹੁਣ ਵੀ ਸੁਖਾਵੇਂ ਸਬੰਧਾਂ ਦੇ ਹੀ ਹਾਮੀ ਹਾਂ, ਪਰ ਸੁਖਾਵੇਂ ਸਬੰਧ ਕੰਧ ਉਤੇ ਲੱਗੀ ਘੜੀ ਦੇ ਹੇਠਾਂ ਲਮਕਦੇ ਪੈਂਡਲਮ ਵਾਂਗ ਨਹੀਂ ਬਣ ਸਕਦੇ, ਜਿਹੜਾ ਕਿਤੇ ਟਿਕਦਾ ਹੀ ਨਹੀਂ, ਕਦੀ ਸੱਜੇ ਤੇ ਕਦੀ ਖੱਬੇ ਪਾਸੇ ਝੂਲਣ ਲੱਗਾ ਰਹਿੰਦਾ ਹੈ। ਅਮਰੀਕਾ ਹੋਵੇ ਜਾਂ ਪਾਕਿਸਤਾਨ, ਭਾਰਤ ਦੀ ਨਵੀਂ ਸਰਕਾਰ ਜਿਹੜੇ ਵੀ ਸਬੰਧ ਬਣਾਵੇਗੀ, ਦੇਸ਼ ਦੇ ਇੱਕ ਸੌ ਪੰਝੀ ਕਰੋੜ ਲੋਕ ਉਸ ਦੇ ਨਾਲ ਖੜੋਣਗੇ, ਪਰ ਇਨ੍ਹਾਂ ਸਬੰਧਾਂ ਵਿਚ ਕੁਝ ਨਾ ਕੁਝ ਪ੍ਰਪੱਕਤਾ ਦਿੱਸਣੀ ਚਾਹੀਦੀ ਹੈ।

Be the first to comment

Leave a Reply

Your email address will not be published.