ਔਰਤਾਂ ਵੀ ਪਈਆਂ ਨਸ਼ਾ ਤਸਕਰੀ ਦੇ ਰਾਹ

ਬਠਿੰਡਾ: ਪੰਜਾਬ ਵਿਚ ਵੱਡੀ ਗਿਣਤੀ ਔਰਤਾਂ ਵੀ ਨਸ਼ਾ ਤਸਕਰੀ ਦੇ ਰਾਹ ਪੈ ਗਈਆਂ ਹਨ। ਕੁਝ ਦਿਨਾਂ ਤੋਂ ਤਸਕਰੀ ਵਿਚ ਔਰਤਾਂ ਦੀ ਗ੍ਰਿਫਤਾਰੀ ਹੋਣ ਲੱਗੀ ਹੈ। ਉਂਜ ਤਾਂ ਕੁਝ ਅਰਸੇ ਤੋਂ ਪੰਜਾਬ ਦੀਆਂ ਤਕਰੀਬਨ ਤਿੰਨ ਹਜ਼ਾਰ ਔਰਤਾਂ ਨਸ਼ਿਆਂ ਦੇ ਕਾਰੋਬਾਰ ਵਿਚ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ ਨੂੰ ਮਜਬੂਰੀ ਵਿਚ ਇਸ ਰਾਹ ‘ਤੇ ਤੁਰਨਾ ਪਿਆ। ਬਠਿੰਡਾ ਜੇਲ੍ਹ ਵਿਚ ਇਸ ਵੇਲੇ ਕੁੱਲ 70 ਔਰਤਾਂ ਬੰਦ ਹਨ, ਜਿਨ੍ਹਾਂ ਵਿਚੋਂ 32 ਔਰਤਾਂ ਵਿਰੁੱਧ ਨਸ਼ਿਆਂ ਦੇ ਕੇਸ ਦਰਜ ਹਨ।
ਮੋਗਾ ਦੇ ਪਿੰਡ ਝੰਡੇਆਣਾ ਦੀ ਰਮਨਦੀਪ ਕੌਰ ਤੇ ਉਸ ਦੇ ਪਤੀ ਮੰਦਰ ਸਿੰਘ ਨੂੰ ਥਾਣਾ ਨੰਦਗੜ੍ਹ ਦੀ ਪੁਲਿਸ ਨੇ 10 ਕਿਲੋ ਭੁੱਕੀ ਸਮੇਤ ਫੜਿਆ ਹੈ। ਇਸ ਔਰਤ ਦਾ ਕਹਿਣਾ ਹੈ ਕਿ ਉਸ ਨੂੰ ਘਰ ਦੇ ਹਾਲਾਤ ਨੇ ਮਜਬੂਰੀ ਵਿਚ ਇਸ ਰਾਹ ‘ਤੇ ਤੋਰ ਦਿੱਤਾ। ਇਹ ਜੋੜਾ ਬੀਕਾਨੇਰ ਤੋਂ ਭੁੱਕੀ ਲਿਆਉਂਦਾ ਸੀ ਤੇ ਅੱਗੇ ਪੁੜੀਆਂ ਬਣਾ ਕੇ ਵੇਚਦਾ ਸੀ। ਬਠਿੰਡਾ ਪੁਲਿਸ ਨੇ ਸਥਾਨਕ ਬੰਗੀ ਨਗਰ ਦੀਆਂ ਤਿੰਨ ਔਰਤਾਂ ਨੂੰ ਤਸਕਰੀ ਦੇ ਕੇਸ ਵਿਚ ਫੜਿਆ ਹੈ। ਇਨ੍ਹਾਂ ਵਿਚ ਹਰਬੰਸ ਕੌਰ, ਪਰਮਜੀਤ ਕੌਰ ਤੇ ਬਿੰਦਰ ਕੌਰ ਸ਼ਾਮਲ ਹਨ। ਮਹਿਲਾ ਤਫ਼ਤੀਸ਼ੀ ਅਫਸਰ ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਪਰਮਜੀਤ ਕੌਰ ਸੰਗਰੀਆ ਤੋਂ ਭੁੱਕੀ ਲਿਆ ਕੇ ਵੇਚਦੀ ਸੀ। ਮੁੱਖ ਮੰਤਰੀ ਦੇ ਹਲਕਾ ਲੰਬੀ ਦੇ ਥਾਣਾ ਲੰਬੀ ਵਿਚ ਇਕ ਜਨਵਰੀ 2004 ਤੋਂ ਹੁਣ ਤੱਕ ਤਕਰੀਬਨ 42 ਔਰਤਾਂ ਖ਼ਿਲਾਫ਼ ਤਸਕਰੀ ਦੇ ਪੁਲਿਸ ਕੇਸ ਦਰਜ ਹੋ ਚੁੱਕੇ ਹਨ। ਜ਼ਿਲ੍ਹਾ ਮੁਕਤਸਰ ਵਿਚ ਇਕ ਦਹਾਕੇ ਦੌਰਾਨ ਤਸਕਰੀ ਦੇ ਤਕਰੀਬਨ 190 ਕੇਸ ਦਰਜ ਹੋਏ ਹਨ। ਫਿਰੋਜ਼ਪੁਰ ਪੁਲਿਸ ਵੱਲੋਂ ਵੀ 20 ਮਈ ਤੋਂ ਮਗਰੋਂ ਤਿੰਨ ਔਰਤਾਂ ਖ਼ਿਲਾਫ਼ ਤਸਕਰੀ ਦੇ ਕੇਸ ਦਰਜ ਕੀਤੇ ਗਏ ਹਨ।
ਕੁਝ ਅਰਸਾ ਪਹਿਲਾਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਪੰਜਾਬ ਦੇ 10 ਜ਼ਿਲ੍ਹਿਆਂ ਵਿਚੋਂ ਪ੍ਰਾਪਤ ਸੂਚਨਾ ਤੋਂ ਇਹ ਤੱਥ ਉਭਰੇ ਸਨ ਕਿ ਪੰਜਾਬ ਦੀਆਂ ਤਕਰੀਬਨ ਤਿੰਨ ਹਜ਼ਾਰ ਔਰਤਾਂ ਨਸ਼ਿਆਂ ਦੀ ਤਸਕਰੀ ਦੇ ਕਾਰੋਬਾਰ ਵਿਚ ਹਨ। ਫਿਰੋਜ਼ਪੁਰ ਜ਼ਿਲ੍ਹੇ ਵਿਚ ਔਰਤਾਂ ਸ਼ਰਾਬ ਦੇ ਕਾਰੋਬਾਰ ਵਿਚ ਸ਼ਾਮਲ ਹਨ ਅਤੇ ਤਕਰੀਬਨ 10 ਵਰ੍ਹਿਆਂ ਦੌਰਾਨ 200 ਤੋਂ ਵੱਧ ਕੇਸ ਸਿਰਫ ਔਰਤਾਂ ਖ਼ਿਲਾਫ਼ ਦਰਜ ਹੋਏ ਹਨ। ਪੰਜਾਬ ਦਾ ਜਲੰਧਰ ਦਿਹਾਤੀ ਜ਼ਿਲ੍ਹਾ ਅਜਿਹਾ ਹੈ, ਜਿਥੇ ਇਕ ਦਹਾਕੇ ਦੌਰਾਨ ਸਭ ਤੋਂ ਵੱਧ ਤਕਰੀਬਨ ਤਸਕਰੀ ਦੇ 250 ਪੁਲਿਸ ਕੇਸ ਔਰਤਾਂ ਵਿਰੁੱਧ ਦਰਜ ਹੋਏ ਹਨ। 20 ਮਈ 2014 ਤੋਂ ਹੁਣ ਤੱਕ ਜਲੰਧਰ ਦਿਹਾਤੀ ਜ਼ਿਲ੍ਹੇ ਵਿਚ 30 ਔਰਤਾਂ ਖ਼ਿਲਾਫ਼ ਪੁਲਿਸ ਕੇਸ ਦਰਜ ਹੋਏ ਹਨ। ਜਲੰਧਰ (ਦਿਹਾਤੀ) ਦੇ ਐਸ਼ਐਸ਼ਪੀ ਡਾæ ਨਰੇਂਦਰ ਭਾਰਗਵ ਦਾ ਕਹਿਣਾ ਸੀ ਕਿ ਸਮਗਲਰ ਆਪਣੇ ਧੰਦੇ ਵਿਚ ਔਰਤਾਂ ਨੂੰ ਵਰਤਦੇ ਹਨ ਕਿਉਂਕਿ ਤਸਕਰ ਸਮਝਦੇ ਹਨ ਕਿ ਪੁਲਿਸ ਨੂੰ ਔਰਤ ‘ਤੇ ਛੇਤੀ ਕਿਤੇ ਸ਼ੱਕ ਨਹੀਂ ਹੁੰਦਾ। ਬਹੁਤੇ ਨਸ਼ੇੜੀਆਂ ਨੇ ਆਪਣੀਆਂ ਔਰਤਾਂ ਨੂੰ ਇਸ ਰਾਹ ‘ਤੇ ਪਾ ਦਿੱਤਾ ਹੈ।
ਵੇਰਵਿਆਂ ਮੁਤਾਬਕ ਜ਼ਿਲ੍ਹਾ ਮੁਕਤਸਰ ਦੇ ਪਿੰਡ ਝੋਰੜ ਦੀਆਂ ਔਰਤਾਂ ਖ਼ਿਲਾਫ਼ ਤਕਰੀਬਨ 26 ਪੁਲਿਸ ਕੇਸ ਤਸਕਰੀ ਦੇ ਦਰਜ ਹਨ। ਬਠਿੰਡਾ ਜ਼ਿਲ੍ਹੇ ਵਿਚ 140 ਔਰਤਾਂ ਵਿਰੁੱਧ ਤਸਕਰੀ ਦੇ ਦੋਸ਼ ਹੇਠ ਪੁਲਿਸ ਕੇਸ ਦਰਜ ਹੋਏ ਹਨ ਤੇ ਇਕ ਮਹਿਲਾ ਤਸਕਰ ਦੀ ਬਠਿੰਡਾ ਪੁਲਿਸ ਨੇ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਵੀ ਸ਼ੁਰੂ ਕੀਤੀ ਹੋਈ ਹੈ। ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦੋਨਾਖੁਰਦ ਦੀਆਂ ਔਰਤਾਂ ਵਿਰੁੱਧ ਤਕਰੀਬਨ 60 ਪੁਲਿਸ ਕੇਸ ਦਰਜ ਹੋਏ ਹਨ। ਪੰਜਾਬ ਦੇ ਇਸ ਪਿੰਡ ਦੀਆਂ ਔਰਤਾਂ ਵਿਰੁੱਧ ਸਭ ਤੋਂ ਜ਼ਿਆਦਾ ਤਸਕਰੀ ਦੇ ਕੇਸ ਦਰਜ ਹੋਏ ਹਨ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਥਾਣਾ ਸਦਰ ਤੇ ਥਾਣਾ ਬੰਗਾ ਵਿਚ ਔਰਤਾਂ ਵਿਰੁੱਧ 140 ਪੁਲਿਸ ਕੇਸ ਤਸਕਰੀ ਦੇ ਦਰਜ ਹੋਏ ਹਨ।

Be the first to comment

Leave a Reply

Your email address will not be published.