ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ

ਡਾæ ਗੁਰਨਾਮ ਕੌਰ, ਕੈਨੇਡਾ
ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਉਸ ਅਕਾਲ ਪੁਰਖ ਦੀ ਜੀਵਾਂ ਵੱਲੋਂ ਕੀਤੀ ਜਾ ਰਹੀ ਸਿਫ਼ਤ-ਸਾਲਾਹ ਨੂੰ ਬਿਆਨ ਕਰ ਰਹੇ ਹਨ ਕਿ ਅਣਗਿਣਤ ਜੀਵ ਉਸ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਦੇ ਆਏ ਹਨ ਅਤੇ ਅਣਗਿਣਤ ਜੀਵ ਉਸ ਦੇ ਗੁਣਾਂ ਦਾ ਗਾਇਨ ਕਰ ਕੇ ਇਸ ਸੰਸਾਰ ਤੋਂ ਕੂਚ ਕਰ ਗਏ ਹਨ। ਧਾਰਮਿਕ ਪੁਸਤਕ ਜਿਵੇਂ ਵੇਦ ਆਦਿ ਵੀ ਉਸ ਦੇ ਅਣਗਿਣਤ ਗੁਣ ਦੱਸਦੇ ਆਏ ਹਨ ਪਰ ਕਿਸੇ ਨੇ ਵੀ ਉਸ ਦੇ ਗੁਣਾਂ ਦੀ ਥਾਹ ਨਹੀਂ ਪਾਈ ਅਰਥਾਤ ਉਸ ਦੇ ਅਨੇਕ ਗੁਣ ਧਾਰਮਿਕ ਪੁਸਤਕਾਂ ਵਿਚ ਪੜ੍ਹਨ ਨਾਲ ਵੀ ਉਸ ਦਾ ਭੇਦ ਪਾ ਸਕਣਾ ਸੰਭਵ ਨਹੀਂ ਹੈ। ਸੋਝੀ ਅਰਥਾਤ ਪਰਮਾਤਮ-ਅਨੁਭਵ ਨਾਲ ਜਦੋਂ ਮਨੁੱਖ ਦੀ ਸਮਝ ਜਾਂ ਬੁੱਧੀ ਉਚੀ ਹੋ ਜਾਂਦੀ ਹੈ ਤਾਂ ਮਨੁੱਖ ਨੂੰ ਉਸ ਦਾ ਭੇਦ ਸਮਝ ਆਉਂਦਾ ਹੈ (ਭੇਦ ਇਹ ਹੈ ਕਿ ਉਹ ਬੇਅੰਤ ਅਤੇ ਅਸੀਮ ਹੈ)। ਬਾਹਰਲੇ ਧਾਰਮਿਕ ਭੇਖ ਜਿਵੇਂ ਸਾਧੂਆਂ ਦੇ ਛੇ ਭੇਖ ਆਦਿ ਰਾਹੀਂ ਵੀ ਉਸ ਸੱਚ ਨਾਲ ਨਹੀਂ ਜੁੜਿਆ ਜਾ ਸਕਦਾ, ਉਸ ਵਿਚ ਸਮਾਇਆ ਨਹੀਂ ਜਾ ਸਕਦਾ। ਉਹ ਅਕਾਲ ਪੁਰਖ ਅਦਿੱਖ ਹੈ, ਉਸ ਨੂੰ ਲਖਿਆ ਨਹੀਂ ਜਾ ਸਕਦਾ ਪਰ ਗੁਰੂ ਦੇ ਸ਼ਬਦ ਰਾਹੀਂ ਉਹ ਸੋਹਣਾ ਲੱਗਦਾ ਹੈ। ਕਹਿਣ ਤੋਂ ਭਾਵ ਹੈ ਕਿ ਗੁਰੂ ਦੇ ਸ਼ਬਦ ਰਾਹੀਂ ਉਸ ਦੇ ਗੁਣਾਂ ਦਾ ਗਾਇਨ ਕਰਨਾ ਮਨ ਨੂੰ ਚੰਗਾ ਲੱਗਦਾ ਹੈ।
ਗੁਰੂ ਨਾਨਕ ਸਾਹਿਬ ਅੱਗੇ ਦੱਸਦੇ ਹਨ ਕਿ ਜਿਹੜੇ ਮਨੁੱਖ ਉਸ ਦੇ ਨਾਮ ਦਾ ਮੰਨਣ ਕਰਦੇ ਹਨ, ਉਸ ਦੇ ਨਾਮ ਦੀ ਵਿਚਾਰ ਕਰਦੇ ਅਤੇ ਉਸ ਨੂੰ ਆਪਣੇ ਹਿਰਦੇ ਵਿਚ ਵਸਾਉਂਦੇ ਹਨ, ਉਹ ਅਕਾਲ ਪੁਰਖ ਦੀ ਦਰਗਾਹ ਵਿਚ ਪਹੁੰਚ ਜਾਂਦੇ ਹਨ, ਉਸ ਦੇ ਦਰਵਾਜ਼ੇ ਨੂੰ ਪ੍ਰਾਪਤ ਕਰ ਲੈਂਦੇ ਹਨ। ਜੋ ਜੀਵ ਉਸ ਦੀ ਹਜ਼ੂਰੀ ਵਿਚ ਪਹੁੰਚ ਜਾਂਦਾ ਹੈ, ਉਹ ਉਸ ਅਕਾਲ ਪੁਰਖ ਅੱਗੇ ਸਿਰ ਨਿਵਾਉਂਦਾ ਹੈ, ਉਸ ਦੇ ਗੁਣਾਂ ਦਾ ਗਾਇਨ ਕਰਨ ਵਾਲਾ ਢਾਢੀ ਹੋ ਜਾਂਦਾ ਹੈ ਅਤੇ ਅਜਿਹਾ ਮਨੁੱਖ ਹਰ ਸਮੇਂ ਹਰ ਜੁਗ ਵਿਚ ਸਦੀਵੀ ਕਾਇਮ ਰਹਿਣ ਵਾਲੇ ਉਸ ਅਕਾਲ ਪੁਰਖ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ,
ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ॥
ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ॥æææ
ਖਾਲਕ ਕਉ ਆਦੇਸੁ ਢਾਢੀ ਗਾਵਣਾ॥
ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ॥
(ਪੰਨਾ ੧੪੮)
ਅਗਲਾ ਸਲੋਕ ਗੁਰੂ ਅੰਗਦ ਦੇਵ ਜੀ ਦਾ ਹੈ ਜਿਸ ਵਿਚ ਉਹ ਮਨੁੱਖ ਦੀ ਮੂਰਖਤਾਈ ਦੀ ਗੱਲ ਕਰਦੇ ਹਨ ਕਿ ਜਿਸ ਕਾਰਜ ਦੀ ਮਨੁੱਖ ਕੋਲ ਯੋਗਤਾ ਨਾ ਹੋਣ ਤੇ ਕੋਈ ਉਸ ਕਾਰਜ ਨੂੰ ਕਰਦਾ ਹੈ ਤਾਂ ਨਤੀਜਾ ਸਹੀ ਨਹੀਂ ਨਿਕਲਦਾ।
ਗੁਰੂ ਸਾਹਿਬ ਦੱਸਦੇ ਹਨ ਕਿ ਮੰਨ ਲਵੋ ਕਿ ਕੋਈ ਮਨੁੱਖ ਮਾਂਦਰੀ ਤਾਂ ਅਠੂੰਹਿਆਂ ਦਾ ਹੈ ਪਰ ਜਾ ਕੇ ਲੱਗ ਜਾਵੇ ਸੱਪਾਂ ਨੂੰ ਹੱਥ ਪਾਉਣ ਤਾਂ ਉਹ ਆਪਣੇ ਹੱਥਾਂ ਨੂੰ ਆਪ ਹੀ ਅੱਗ ਵਿਚ ਹੱਥ ਪਾਉਂਦਾ ਹੈ, ਆਪਣੇ ਲਈ ਆਪ ਹੀ ਮੁਸੀਬਤ ਨੂੰ ਸੱਦਾ ਦਿੰਦਾ ਹੈ। ਇਹ ਅਕਾਲ ਪੁਰਖ ਦਾ ਧੁਰੋਂ ਆਇਆ ਹੁਕਮ ਹੈ ਕਿ ਇਸ ਅੱਤ ਦੇ ਕਾਰਨ ਉਸ ਨੂੰ ਧੱਕਾ ਵੱਜਦਾ ਹੈ, ਭਾਵ ਅਕਾਲ ਪੁਰਖ ਦਾ ਇਹ ਹੁਕਮ ਜਾਂ ਕਾਨੂੰਨ ਧੁਰੋਂ ਲਿਖਿਆ ਹੈ ਕਿ ਅਜਿਹੀ ਮੂਰਖਤਾ ਦਾ ਨਤੀਜਾ ਇਹੋ ਜਿਹਾ ਨੁਕਸਾਨ ਕਰਨ ਵਾਲਾ ਹੀ ਹੋਵੇਗਾ। ਜੇ ਮੂਰਖ ਆਦਮੀ, ਆਪਣੇ ਮਨ ਦੇਪਿੱਛੇ ਚੱਲਣ ਵਾਲਾ ਮਨੁੱਖ ਗੁਰਮੁਖ ਨਾਲ ਖਹਿਬੜਦਾ ਹੈ ਤਾਂ ਅਕਾਲ ਪੁਰਖ ਦੇ ਸੱਚੇ ਨਿਆਂ ਅਨੁਸਾਰ ਉਸ ਦਾ ਬੇੜਾ ਸੰਸਾਰ-ਸਮੁੰਦਰ ਵਿਚ ਡੁੱਬਣਾ ਹੀ ਡੁੱਬਣਾ ਹੈ ਭਾਵ ਉਸ ਨੇ ਵਿਕਾਰਾਂ ਕਾਰਨ ਆਪਣਾ ਜੀਵਨ ਖ਼ਰਾਬ ਕਰਨਾ ਹੀ ਕਰਨਾ ਹੈ। ਇਸ ਵਿਚ ਕਿਸੇ ਦਾ ਦੋਸ਼ ਨਹੀਂ ਹੈ ਕਿਉਂਕਿ ਇਹ ਅਕਾਲ ਪੁਰਖ ਦਾ ਆਪਣਾ ਨਿਆਉਂ ਹੈ ਕਿ ਉਹ ਦੋਵੇਂ ਪਾਸੇ ਅਰਥਾਤ ਗੁਰਮੁਖ ਅਤੇ ਮਨਮੁਖ ਦਾ ਨਿਰਣਾ ਆਪ ਹੀ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਗੱਲ ਮਨੁੱਖ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਭ ਕੁਝ ਉਸ ਦੇ ਭਾਣੇ ਵਿਚ, ਉਸ ਦੇ ਹੁਕਮ ਅਨੁਸਾਰ ਹੀ ਵਾਪਰ ਰਿਹਾ ਹੈ,
ਮੰਤ੍ਰੀ ਹੋਇ ਅਠੂਹਿਆ
ਨਾਗੀ ਲਗੈ ਜਾਇ॥
ਆਪਣ ਹਥੀ ਆਪਣੈ
ਦੇ ਕੂਚਾ ਆਪੇ ਲਾਇ॥æææ
ਨਾਨਕ ਏਵੈ ਜਾਣੀਐ
ਸਭ ਕਿਛੁ ਤਿਸਹਿ ਰਜਾਇ॥ (ਪੰਨਾ ੧੪੮)
ਅਗਲਾ ਸਲੋਕ ਵੀ ਗੁਰੂ ਅੰਗਦ ਦੇਵ ਜੀ ਦਾ ਹੀ ਹੈ ਜਿਸ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਜਿਹੜਾ ਮਨੁੱਖ ਦੂਸਰਿਆਂ ਨੂੰ ਪਰਖਣ ਦੀ ਥਾਂ ਤੇ, ਦੂਸਰਿਆਂ ਦੀ ਪੜਚੋਲ ਕਰਨ ਦੀ ਥਾਂ ਤੇ ਸਵੈ-ਪੜਚੋਲ ਕਰਦਾ ਹੈ, ਆਪਣੇ ਆਪੇ ਦਾ ਨਿਰੀਖਣ ਕਰਦਾ ਹੈ, ਉਸ ਨੂੰ ਸਹੀ ਅਤੇ ਅਸਲੀ ਪਾਰਖੂ ਸਮਝਣਾ ਚਾਹੀਦਾ ਹੈ। ਵੈਦ ਉਹ ਸਿਆਣਾ ਹੁੰਦਾ ਹੈ ਜਿਹੜਾ ਮਰੀਜ਼ ਦੀ ਮਰਜ਼ ਅਰਥਾਤ ਰੋਗ ਦੀ ਸਹੀ ਪਛਾਣ ਕਰ ਸਕਦਾ ਹੋਵੇ ਅਤੇ ਉਸ ਰੋਗ ਦੀ ਸਹੀ ਦਵਾਈ ਵੀ ਜਾਣਦਾ ਹੈ, ਭਾਵ ਜਿਸ ਨੂੰ ਮਰਜ਼ ਅਤੇ ਇਲਾਜ ਦੋਹਾਂ ਦਾ ਗਿਆਨ ਹੋਵੇ ਉਹ ਹੀ ਸਿਆਣਾ ਵੈਦ ਹੈ। ਅਜਿਹਾ ਸਿਆਣਾ ਵੈਦ ਜੀਵਨ-ਰਾਹ ‘ਤੇ ਦੂਸਰਿਆਂ ਨਾਲ ਝਗੜੇ ਪਾ ਕੇ ਨਹੀਂ ਬੈਠਦਾ ਬਲਕਿ ਆਪਣੇ ਆਪ ਨੂੰ ਇਸ ਸੰਸਾਰ ‘ਤੇ ਮਹਿਮਾਨ ਦੀ ਤਰ੍ਹਾਂ ਸਮਝਦਾ ਹੈ। ਇਸ ਲਈ ਆਪਣੇ ਅਸਲੇ, ਆਪਣੇ ਮੂਲ ਅਕਾਲ ਪੁਰਖ ਨਾਲ ਡੂੰਘੀ ਸਾਂਝ ਪਾ ਕੇ, ਜੋ ਵੀ ਗੱਲ ਕਰਦਾ ਹੈ, ਆਪਣਾ ਸਮਾਂ ਗੁਰਮੁਖਾਂ ਦੀ ਸੰਗਤਿ (ਆਪਣੇ ਸੁਭਾਅ ਵਰਗਿਆਂ ਦੀ ਸੰਗਤਿ) ਵਿਚ ਗੁਜ਼ਾਰਦਾ ਹੈ। ਅਜਿਹਾ ਮਨੁੱਖ ਲੋਭ-ਲਾਲਚ ਦੇ ਆਸਰੇ ਨਹੀਂ ਤੁਰਦਾ, ਸੱਚ ਵਿਚ ਟਿਕਿਆ ਰਹਿੰਦਾ ਹੈ ਅਤੇ ਇਸੇ ਲਈ ਦੂਸਰਿਆਂ ਵਾਸਤੇ ਪਰਖ਼ਿਆ ਹੋਇਆ, ਪਰਮਾਣੀਕ ਵਿਚੋਲਾ ਬਣ ਜਾਂਦਾ ਹੈ ਜੋ ਉਨ੍ਹਾਂ ਦੀ ਸੰਸਾਰ ਸਾਗਰ ਨੂੰ ਪਾਰ ਕਰਨ ਵਿਚ ਮੱਦਦ ਕਰਦਾ ਹੈ। ਅਜਿਹੇ ਮਨੁੱਖ ਦੇ ਉਲਟ ਜਿਹੜਾ ਮਨੁੱਖ ਆਪਣੀ ਮੂਰਖ਼ਤਾ ਕਾਰਨ ਆਕਾਸ਼ ਵੱਲ ਤੀਰ ਚਲਾਉਂਦਾ ਹੈ, ਉਸ ਦਾ ਤੀਰ ਨਿਸ਼ਾਨੇ ‘ਤੇ ਕਿਵੇਂ ਪਹੁੰਚੇਗਾ? ਉਹ ਆਕਾਸ਼ ਤਾਂ ਅੱਗੋਂ ਅਪਹੁੰਚ ਹੈ, ਇਸ ਲਈ ਤੀਰ ਚਲਾਉਣ ਵਾਲਾ ਆਪ ਹੀ ਤੀਰ ਖਾ ਬੈਠਦਾ ਹੈ ਤੇ ਵਿੰਨ੍ਹਿਆ ਜਾਂਦਾ ਹੈ,
ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ॥
ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ॥
ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ॥
ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣਿ॥
ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ॥
ਸਰੁ ਸੰਧੈ ਆਗਾਸ ਕਉ ਕਿਉ ਪਹੁਚੈ ਬਾਣੁ॥
ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ॥੨॥
(ਪੰਨਾ ੧੪੮)
ਇਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਨੇ ਜੀਵ ਦੇ ਅਕਾਲ ਪੁਰਖ ਪ੍ਰਤੀ ਪ੍ਰੇਮ ਨੂੰ ਇਸਤਰੀ ਅਤੇ ਪਤੀ ਦੇ ਪ੍ਰਤੀਕ ਰਾਹੀਂ ਸਮਝਾਇਆ ਹੈ। ਗੁਰੂ ਨਾਨਕ ਸਮਝਾਉਂਦੇ ਹਨ ਕਿ ਜਿਹੜੀਆਂ ਜੀਵ-ਇਸਤਰੀਆਂ ਦਾ ਆਪਣੇ ਅਕਾਲ ਪੁਰਖ ਪਤੀ ਨਾਲ ਪਿਆਰ ਹੈ, ਸੱਚਾ ਪ੍ਰੇਮ ਹੈ, ਉਹ ਇਸ ਪ੍ਰੇਮ ਨਾਲ ਸਜੀਆਂ ਹੋਈਆਂ ਹਨ (ਪਰਮਾਤਮਾ ਦਾ ਪਿਆਰ ਉਨ੍ਹਾਂ ਦਾ ਗਹਿਣਾ ਹੈ)। ਉਹ ਦਿਨ ਰਾਤ ਅਕਾਲ ਪੁਰਖ ਦੀ ਭਗਤੀ ਕਰਦੀਆਂ ਹਨ। ਜੇ ਉਨ੍ਹਾਂ ਨੂੰ ਕੋਈ ਵਰਜੇ ਵੀ ਤਾਂ ਵੀ ਉਹ ਇਹ ਭਗਤੀ ਨਹੀਂ ਛੱਡਦੀਆਂ। ਗੁਰੂ ਦੇ ਸ਼ਬਦ ਰਾਹੀਂ ਸਵਾਰੀਆਂ ਹੋਈਆਂ, ਗੁਰੂ ਦੇ ਸ਼ਬਦ ਦੀ ਅਗਵਾਈ ਵਿਚ ਉਹ ਮਹਿਲਾਂ ਵਿਚ ਵਸਦੀਆਂ ਹਨ, ਅਕਾਲ ਪੁਰਖ ਦਾ ਦਰ ਪ੍ਰਾਪਤ ਕਰ ਲੈਂਦੀਆਂ ਹਨ। ਉਹ ਸ਼ਬਦ ਰਾਹੀਂ ਸਿਆਣੀਆਂ ਹੋ ਜਾਂਦੀਆਂ ਹਨ, ਇਸ ਲਈ ਹਮੇਸ਼ਾ ਅਕਾਲ ਪੁਰਖ ਦਾ ਸਦਾ ਕਾਇਮ ਰਹਿਣ ਵਾਲਾ ਪ੍ਰੇਮ ਹੀ ਮੰਗਦੀਆਂ ਹਨ। ਉਨ੍ਹਾਂ ਨੂੰ ਅਕਾਲ ਪੁਰਖ ਦੇ ਹੁਕਮ ਅਨੁਸਾਰ ਅਕਾਲ ਪੁਰਖ ਦਾ ਸਦੀਵੀ ਪ੍ਰੇਮ ਮਿਲ ਜਾਂਦਾ ਹੈ ਅਤੇ ਉਹ ਉਸ ਕੋਲ ਪਹੁੰਚੀਆਂ ਹੋਈਆਂ ਸ਼ੋਭਾ ਦਿੰਦੀਆਂ ਹਨ। ਉਨ੍ਹਾਂ ਨੂੰ ਅਕਾਲ ਪੁਰਖ ਨਾਲ ਦਿਲੋਂ ਸੱਚਾ ਪ੍ਰੇਮ ਹੋਣ ਕਰਕੇ ਉਸ ਨੂੰ ਆਪਣਾ ਸਖੀ ਮੰਨ ਕੇ ਅਰਦਾਸ ਕਰਦੀਆਂ ਹਨ। ਨਾਮ ਦੇ ਆਸਰੇ ਤੋਂ ਬਿਨਾਂ ਜੀਵਿਆ ਜੀਵਨ ਲਾਹਣਤ ਭਰਿਆ ਹੈ।
ਜਿਸ ਮਨੁੱਖ ਨੂੰ ਅਕਾਲ ਪੁਰਖ ਨੇ ਗੁਰੂ ਦੇ ਸ਼ਬਦ ਰਾਹੀਂ ਸੁਧਾਰਿਆ ਹੈ, ਜਿਸ ਨੇ ਵਾਹਿਗੁਰੂ ਦੀ ਮਿਹਰ ਸਦਕਾ ਗੁਰੂ ਦੇ ਸ਼ਬਦ ਦੀ ਅਗਵਾਈ ਵਿਚ ਚੱਲ ਕੇ ਆਪਣਾ ਜੀਵਨ ਚੰਗਾ ਬਣਾ ਲਿਆ ਹੈ ਉਸ ਨੇ ਨਾਮ-ਅੰਮ੍ਰਿਤ ਪੀ ਲਿਆ ਹੈ,
ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ॥
ਕਰਨਿ ਭਗਤਿ ਦਿਨੁ ਰਾਤਿ
ਨਾ ਰਹਨੀ ਵਾਰੀਆ॥
ਮਹਲਾ ਮੰਝਿ ਨਿਵਾਸੁ
ਸਬਦਿ ਸਵਾਰੀਆ॥æææ
ਸਬਦਿਸਵਾਰੀਆਸੁ
ਅੰਮ੍ਰਿਤੁ ਪੀਵਿਆ॥੨੨॥ (ਪੰਨਾ ੧੪੮)
ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ ਕਿ ਜਿਸ ਕਿਸਮ ਦਾ ਕਿਸੇ ਵਸਤੂ ਜਾਂ ਜੀਵ ਦਾ ਸੁਭਾਅ ਹੁੰਦਾ ਹੈ, ਉਸ ਸੁਭਾਅ ਦੀ ਭੁੱਖ ਜਾਂ ਊਣਤਾਈ ਕਿਸੇ ਤਰ੍ਹਾਂ ਨਾਲ ਵੀ ਤ੍ਰਿਪਤ ਨਹੀਂ ਹੁੰਦੀ। ਮਾਰੂਥਲ ਦੀ ਉਦਾਹਰਣ ਦਿੱਤੀ ਹੈ ਕਿ ਉਸ ਦਾ ਸੁੱਕਾ ਰਹਿਣ ਦਾ ਸੁਭਾ ਹੈ, ਇਸ ਕਰਕੇ ਜਿੰਨਾ ਮਰਜ਼ੀ ਮੀਂਹ ਪੈ ਜਾਵੇ ਪਰ ਮਾਰੂਥਲ ਦਾ ਸੁੱਕੇ ਰਹਿਣ ਦਾ ਸੁਭਾਅ ਹਟਦਾ ਨਹੀਂ। ਇਸੇ ਤਰ੍ਹਾਂ ਅੱਗ ਦਾ ਸੁਭਾ ਸਾੜਨਾ ਹੈ, ਜਿੰਨੀਆਂ ਮਰਜ਼ੀ ਲੱਕੜਾਂ ਹੋਣ, ਉਹ ਅੱਗ ਦੇ ਸਾੜਨ ਦੇ ਸੁਭਾਅ ਨੂੰ ਖ਼ਤਮ ਨਹੀਂ ਕਰ ਸਕਦੀਆਂ। ਰਾਜੇ ਦੀ ਰਾਜ ਕਰਨ ਦੀ ਭੁੱਖ ਕਦੇ ਨਹੀਂ ਮਿਟਦੀ ਭਾਵੇਂ ਜਿੰਨਾ ਮਰਜ਼ੀ ਰਾਜ ਕਰ ਲਵੇ ਅਤੇ ਉਸ ਨੂੰ ਵਧਾ ਲਵੇ। ਇਸੇ ਤਰ੍ਹਾਂ ਭਰੇ ਹੋਏ ਸਮੁੰਦਰ ਦੇ ਡੂੰਘੇ ਪਾਣੀਆਂ ਨੂੰ ਸੁੱਕ ਨਹੀਂ ਮੁਕਾ ਸਕਦੀ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਸੇ ਤਰ੍ਹਾਂ ਨਾਮ ਦਾ ਸਿਮਰਨ ਕਰਨ ਵਾਲਿਆਂ ਦੇ ਅੰਦਰ ਨਾਮ ਦੀ ਕਿੰਨੀ ਕੁ ਤਾਂਘ ਹੈ, ਇਸ ਗੱਲ ਨੂੰ ਦੱਸਿਆ ਨਹੀਂ ਜਾ ਸਕਦਾ,
ਮਾਰੂ ਮੀਹਿ ਨ ਤ੍ਰਿਪਤਿਆ
ਅਗੀ ਲਹੈ ਨ ਭੁਖ॥
ਰਾਜਾ ਰਾਜਿ ਨ ਤ੍ਰਿਪਤਿਆ
ਸਾਇਰ ਭਰੇ ਕਿਸੁਕ॥
ਨਾਨਕ ਸਚੇ ਨਾਮ ਕੀ
ਕੇਤੀ ਪੁਛਾ ਪੁਛ॥ (ਪੰਨਾ ੧੪੮)
ਅਗਲਾ ਸਲੋਕ ਗੁਰੂ ਅੰਗਦ ਦੇਵ ਜੀ ਦਾ ਹੈ ਜਿਸ ਵਿਚ ਉਨ੍ਹਾਂ ਦੱਸਿਆ ਹੈ ਕਿ ਅਕਾਲ ਪੁਰਖ ਨੂੰ ਜਾਣਨ ਤੋਂ ਬਿਨਾ ਮਨੁੱਖ ਦਾ ਜੀਵਨ ਬੇਅਰਥ ਚਲਿਆ ਜਾਂਦਾ ਹੈ।
ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜਦੋਂ ਤੱਕ ਮਨੁੱਖ ਅਕਾਲ ਪੁਰਖ ਨੂੰ ਨਹੀਂ ਪਛਾਣਦਾ, ਉਸ ਨੂੰ ਨਹੀਂ ਜਾਣਦਾ ਉਦੋਂ ਤੱਕ ਉਸ ਦਾ ਜਨਮ ਬੇਅਰਥ ਹੈ। ਪਰ ਜਿਹੜੇ ਜੀਵ ਗੁਰੂ ਦੀ ਮਿਹਰ ਸਦਕਾ ਅਕਾਲ ਪੁਰਖ ਦੇ ਨਾਮ ਨਾਲ ਜੁੜ ਜਾਂਦੇ ਹਨ ਉਹ ਸੰਸਾਰ-ਸਾਗਰ ਤੋਂ ਪਾਰ ਲੰਘ ਜਾਂਦੇ ਹਨ। ਗੁਰੂ ਸਾਹਿਬ ਮਨੁੱਖ ਨੂੰ ਉਸ ਅਕਾਲ ਪੁਰਖ ਦਾ ਧਿਆਨ ਧਰਨ ਦੀ ਪ੍ਰੇਰਨਾ ਕਰਦੇ ਹਨ ਜਿਹੜਾ ਇਸ ਦੁਨੀਆਂ ਦਾ ਸਿਰਜਣਹਾਰ ਹੈ ਅਤੇ ਸਭ ਕੁਝ ਕਰ ਸਕਣ ਦੇ ਸਮਰੱਥ ਹੈ, ਇਸ ਸੰਸਾਰ ਦਾ ਮੂਲ ਹੈ, ਸਰੋਤ ਹੈ ਅਤੇ ਜਿਸ ਨੇ ਸੰਸਾਰ ਵਿਚ ਆਪਣੀ ਕਲਾ ਟਿਕਾਈ ਹੋਈ ਹੈ,
ਨਿਹਫਲੰ ਤਸਿ ਜਨਮਸਿ ਜਾਵਤੁ
ਬ੍ਰਹਮ ਨ ਬਿੰਦਤੇ॥
ਸਾਗਰੰ ਸੰਸਾਰਸਿ ਗੁਰਪਰਸਾਦੀ
ਤਰਹਿ ਕੇ॥
ਕਰਣ ਕਾਰਣ ਸਮਰਥੁ ਹੈ
ਕਹੁ ਨਾਨਕ ਬੀਚਾਰਿ॥
ਕਾਰਣੁ ਕਰਤੇ ਵਸਿ ਹੈ
ਜਿਨਿ ਕਲ ਰਖੀ ਧਾਰਿ॥੨॥ (ਪੰਨਾ ੧੪੮)
ਇਸ ਤੋਂ ਅੱਗੇ ਪਉੜੀ ਵਿਚ ਗੁਰੂ ਨਾਨਕ ਸਾਹਿਬ ਉਸ ਮਨੁੱਖ ਦੀ ਵਡਿਆਈ ਦੱਸ ਰਹੇ ਹਨ ਜੋ ਗੁਰੂ ਸ਼ਬਦ ਰਾਹੀਂ ਸੰਵਰਿਆ ਹੋਇਆ ਸਦੀਵੀ ਗੁਣ ਗਾਇਨ ਕਰਦਾ ਹੈ। ਅਜਿਹੇ ਮਨੁੱਖ ਨੂੰ ਜੋ ਸਦਾ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰਦਾ ਹੈ, ਢਾਢੀ ਦੀ ਸੰਗਿਆ ਦਿੱਤੀ ਹੈ।
ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਜੋ ਮਨੁੱਖ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਦੇ ਗੁਣਾਂ ਦਾ ਗਾਇਨ ਕਰਦਾ ਹੈ, ਉਸ ਨੂੰ ਅਕਾਲ ਪੁਰਖ ਦੇ ਦਰਬਾਰ ਵਿਚ, ਉਸ ਦੀ ਹਜ਼ੂਰੀ ਵਿਚ ਨਿਵਾਸ ਮਿਲ ਜਾਂਦਾ ਹੈ। ਸੱਚੇ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰਕੇ ਉਸ ਦਾ ਹਿਰਦਾ-ਕੰਵਲ ਸਦਾ ਖਿੜਿਆ ਰਹਿੰਦਾ ਹੈ ਅਰਥਾਤ ਉਸ ਦਾ ਮਨ ਖੇੜੇ ਵਿਚ ਰਹਿੰਦਾ ਹੈ। ਉਸ ਅਕਾਲ ਪੁਰਖ ਤੋਂ ਪੂਰਨ ਅਵਸਥਾ ਨੂੰ ਪ੍ਰਾਪਤ ਕਰਕੇ ਉਹ ਅੰਦਰੋਂ ਹੁਲਾਸ ਵਿਚ ਰਹਿੰਦਾ ਹੈ, ਖਿੜਿਆ ਰਹਿੰਦਾ ਹੈ। ਉਹ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ ਤੇ ਹਉਮੈ ਆਦਿ ਦੁਸ਼ਮਣਾਂ ਨੂੰ ਖ਼ਤਮ ਕਰ ਦਿੰਦਾ ਹੈ। ਉਸ ਦੇ ਗਿਆਨ ਇੰਦ੍ਰੇ ਪਰਮਾਤਮ-ਗੁਣਾਂ ਨਾਲ ਅਨੰਦਤ ਰਹਿੰਦੇ ਹਨ ਅਤੇ ਸਤਿਗੁਰ ਦੀ ਰਜ਼ਾ ਵਿਚ ਚੱਲਦੇ ਹਨ ਜਿਹੜਾ ਇਨ੍ਹਾਂ ਨੂੰ ਸੱਚਾ ਮਾਰਗ ਦਿਖਾਉਂਦਾ ਹੈ। ਅਜਿਹਾ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਆਪਣੇ ਅੰਦਰੋਂ ਮੌਤ ਦੇ ਭੈ ਨੂੰ ਦੂਰ ਕਰ ਦਿੰਦਾ ਹੈ, ਉਸ ਨੂੰ ਮੌਤ ਦਾ ਭੈ ਨਹੀਂ ਸਤਾ ਸਕਦਾ। ਗੁਰੂ ਦੇ ਸ਼ਬਦ ਰਾਹੀਂ ਸੰਵਾਰਿਆ ਢਾਢੀ ਉਸ ਅਕੱਥ ਅਕਾਲ ਪੁਰਖ ਦੇ ਗੁਣ ਗਾਉਂਦਾ ਹੈ।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਸ ਤਰ੍ਹਾਂ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦੇ ਹੋਏ ਉਸ ਦੇ ਗੁਣਾਂ ਦੀ ਰਾਸ ਇਕੱਠੀ ਕਰਕੇ, ਉਸ ਦੇ ਗੁਣਾਂ ਦੀ ਪੂੰਜੀ ਇਕੱਤਰ ਕਰਕੇ ਉਹ ਪਿਆਰੇ ਅਕਾਲ ਪੁਰਖ ਨਾਲ ਮਿਲ ਜਾਂਦਾ ਹੈ, ਉਸ ਵਿਚ ਲੀਨ ਹੋ ਜਾਂਦਾ ਹੈ,
ਖਸਮੈ ਕੈ ਦਰਬਾਰਿ ਢਾਢੀ ਵਸਿਆ॥
ਸਚਾ ਖਸਮੁ ਕਲਾਣਿ
ਕਮਲੁ ਵਿਗਸਿਆ॥æææ
ਨਾਨਕ ਗੁਣ ਗਹਿ ਰਾਸਿ
ਹਰਿ ਜੀਉ ਮਿਲੇ ਪਿਆਰਿਆ॥੨੩॥
(ਪੰਨਾ ੧੪੮-੧੪੯)
ਗੁਰਬਾਣੀ ਅਨੁਸਾਰ ਮਨੁੱਖ ਆਪਣੇ ਕੀਤੇ ਹੋਏ ਮਾੜੇ ਕੰਮਾਂ ਦੇ ਫਲ ਤੋਂ ਮੁਕਤੀ ਕਿਸੇ ਤੀਰਥ-ਇਸ਼ਨਾਨ ਜਾਂ ਦਾਨ-ਪੁੰਨ ਕਰਨ ਨਾਲ ਨਹੀਂ ਪਾ ਸਕਦਾ। ਮਨੁੱਖ ਮੰਦੇ ਕਰਮਾਂ ਦੇ ਫਲ ਤੋਂ ਮੁਕਤੀ ਤਾਂ ਹੀ ਪਾ ਸਕਦਾ ਹੈ ਜੇ ਉਸ ਉਤੇ ਅਕਾਲ ਪੁਰਖ ਦੀ ਮਿਹਰ ਹੋ ਜਾਵੇ ਅਤੇ ਮਿਹਰ ਦਾ ਪਾਤਰ ਬਣਨ ਲਈ ਮਨੁੱਖ ਨੂੰ ਉਦਮ ਕਰਨਾ ਪੈਂਦਾ ਹੈ।
ਗੁਰੂ ਨਾਨਕ ਸਾਹਿਬ ਇਸ ਸਲੋਕ ਵਿਚ ਦੱਸਦੇ ਹਨ ਕਿ ਜਿਹੜੇ ਮਨੁੱਖ ਪਾਪ ਤੋਂ ਪੈਦਾ ਹੁੰਦੇ ਹਨ ਉਹ ਪਾਪ ਹੀ ਕਰਦੇ ਹਨ ਅਤੇ ਅੱਗੇ ਵੀ ਇਨ੍ਹਾਂ ਕੀਤੇ ਹੋਏ ਮਾੜੇ ਕੰਮਾਂ ਤੋਂ ਸੰਚਤਿ ਸੰਸਕਾਰਾਂ ਕਾਰਨ ਪਾਪਾਂ ਵਿਚ ਪ੍ਰਵਿਰਤ ਹੁੰਦੇ ਹਨ। ਇਹ ਪਾਪ ਧੋਣ ਨਾਲ ਨਹੀਂ ਉਤਰਦੇ ਭਾਵੇਂ ਇਨ੍ਹਾਂ ਨੂੰ ਜਿੰਨਾ ਮਰਜੀ ਧੋਈਏ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜੇ ਅਕਾਲ ਪੁਰਖ ਕਿਰਪਾ ਕਰੇ, ਆਪਣੀ ਮਿਹਰ ਕਰੇ ਤਾਂ ਹੀ ਮਨੁੱਖ ਦੇ ਇਹ ਪਾਪ ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਉਸ ਨੂੰ ਇਨ੍ਹਾਂ ਦੀ ਮਾਰ ਸਹਿਣੀ ਪੈਂਦੀ ਹੈ,
ਖਤਿਅਹੁ ਜੰਮੇ ਖਤੇ ਕਰਨਿ
ਤ ਖਤਿਆ ਵਿਚਿ ਪਾਹਿ॥
ਧੋਤੇ ਮੂਲਿ ਨ ਉਤਰਹਿ
ਜੇ ਸਉ ਧੋਵਣ ਪਾਹਿ॥
ਨਾਨਕ ਬਖਸੇ ਬਖਸੀਅਹਿ
ਨਾਹਿ ਤ ਪਾਹੀ ਪਾਹਿ॥੧॥
(ਪੰਨਾ ੧੪੯)

Be the first to comment

Leave a Reply

Your email address will not be published.