ਬਾਗ-ਬਗੀਚੇ, ਬੰਦਾ ਤੇ ਬਾਂਦਰ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਰਾਤ ਦਾ ਘੁੱਪ ਹਨੇਰਾ ਸਮਾਪਤ ਹੋ ਰਿਹਾ ਹੈ ਤੇ ਪਹੁ-ਫੁਟਾਲਾ ਹੋ ਚੁੱਕਾ ਹੈ। ਕੁਝ ਪਲਾਂ ਬਾਅਦ ਪਹਾੜ ਦੀ ਗੁੱਠੋਂ ਸੂਰਜ ਦੀ ਸੰਧੂਰੀ ਟਿੱਕੀ ਨਿਕਲਦੀ ਦਿਖਾਈ ਦੇਵੇਗੀ। ਇਥੋਂ ਦੋ ਕੁ ਮੀਲਾਂ ਦੇ ਫਾਸਲੇ ‘ਤੇ ਦੱਖਣ ਵਲ ਵਗਦੇ ਸਤਲੁਜ ਦਰਿਆ ਵੱਲੋਂ ਮੱਠੀ-ਮੱਠੀ ਹਵਾ ਰੁਮਕ ਰਹੀ ਹੈ। ਅਠਖੇਲੀਆਂ ਕਰਦੇ ਹਵਾ ਦੇ ਕਿਸੇ-ਕਿਸੇ ਬੁੱਲੇ ਵਿਚ ਜਾਮਣਾਂ ਦੇ ਬੂਰ ਅਤੇ ਨਿੰਮ ਦੇ ਨਿੱਕੇ-ਨਿੱਕੇ ਚਿੱਟੇ ਫੁੱਲਾਂ ਦੀ ਰਲਵੀਂ-ਮਿਲਵੀਂ ਭਿੰਨੀ-ਭਿੰਨੀ ਖੁਸ਼ਬੋਈ ਵਿਸਮਾਦੀ ਤਰੰਗਾਂ ਛੇੜ ਰਹੀ ਹੈ। ਵੱਡੇ ਤੜਕੇ ਤੋਂ ਚਾਰ-ਚੁਫੇਰੇ ਪਿੰਡਾਂ ਵਿਚ ਵੱਜਦੇ ਨਹੀਂ, ਸਗੋਂ ਗਰਜਦੇ ਲਾਊਡ ਸਪੀਕਰ ਹੁਣ ਖਾਮੋਸ਼ ਹੋ ਚੁੱਕੇ ਨੇ। ਅੰਮ੍ਰਿਤ ਵੇਲੇ ਆਪਣੀ ਰਸੀਲੀ ਜ਼ੁਬਾਨ ਵਿਚ ‘ਭਗਵਾਨ ਤੇਰੀ ਕੁਦਰਤ’ ਦਾ ਰਾਗ ਗਾਉਣ ਵਾਲੇ ਪੰਛੀਆਂ-ਜਨੌਰਾਂ ਨੇ ਸੁੱਖ ਦਾ ਸਾਹ ਲਿਆ ਹੋਵੇਗਾ ਕਿ ਸ਼ੁਕਰ ਹੈ, ਸਾਨੂੰ ਹੁਣ ਦਿਨ ਦੇ ਚੜ੍ਹਾਅ ਦੇ ਆਗਮਨ-ਗੀਤ ਗਾਉਣ ਦਾ ਮੌਕਾ ਮਿਲਿਆ ਹੈ! ਹਰੇ-ਕਚੂਰ ਦਰਖ਼ਤਾਂ ਦੇ ਟਾਹਣੀਆਂ-ਪੱਤੀਆਂ ਵਿਚੋਂ ‘ਚੀਂæææਚੀਂæææ ਚੂੰæææਚੂੰæææਗੁਟਰ-ਗੂੰ’ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਉਚੇ ਨੀਵੇਂ ਦਰਖ਼ਤਾਂ, ਫਲਾਂ, ਫੁੱਲਾਂ ਵਾਲੇ ਵੇਲ-ਬੂਟਿਆਂ ਦੇ ਝੁਰਮਟ ਵਿਚ ਘਿਰੇ ਹੋਏ ਆਪਣੇ ਘਰ ਦੀ ਉਪਰਲੀ ਮੰਜ਼ਿਲ ਦੇ ਜਿਸ ਕਮਰੇ ਵਿਚ ਬੈਠਾ ਮੈਂ ਇਹ ਸਤਰਾਂ ਲਿਖ ਰਿਹਾ ਹਾਂ, ਇਸ ਤੋਂ ਕੁਝ ਘਰ ਹਟਵੇਂ ਇਕ ਮਕਾਨ ਦੀ ਛੱਤ ਉਪਰ ਮੋਰ ਆਣ ਬੈਠਾ ਹੈ। ਜੈਕਾਰਾ ਗਜਾਉਣ ਵਾਂਗ ਪਹਿਲਾਂ ਇਸ ਨੇ ਗਰਜਵੀਂ ਸੁਰ ‘ਚ ‘ਕੁæææਰੱæææਰ, ਕੋæææਕੋæææਕੋ’ ਦਾ ਰਾਗ ਅਲਾਪਿਆ। ਮੁੜਦੀ ਸਰਗਮ ‘ਕਿਆਉਂæææਕਿਆਉਂæææਕਿਆਉਂ’ ਅਲਾਉਂਦਿਆਂ ਇਸ ਨੇ ਪੈਲ ਪਾਉਣੀ ਅਰੰਭ ਦਿੱਤੀ ਹੈ। ਮੇਰੇ ਦੇਖਦਿਆਂ-ਦੇਖਦਿਆਂ ਉਸ ਨੇ ਪੂਰੇ ਖੰਭ ਫੈਲਾ ਕੇ ਪੈਲ ਪਾ ਲਈ ਹੈ। ਇਉਂ ਜਾਪ ਰਿਹਾ ਹੈ ਕਿ ਉਹ ਪ੍ਰਭਾਤ ਦੇ ਸਵਾਗਤ ਲਈ ਨੱਚ ਰਿਹਾ ਹੋਵੇ।
ਘੁਸ-ਮੁਸਾ ਨਿਖਰਦਾ ਜਾ ਰਿਹਾ ਹੈ। ਪਲ-ਪਲ ਵਧਦੀ ਜਾ ਰਹੀ ਊਸ਼ਾ ਦੀ ਲਾਲੀ ਹੁਣ ਸਾਹਮਣੇ ਬੋਗਨਵਿਲੀਏ ਦੀਆਂ ਵੇਲਾਂ ਦੇ ਗੁਲਾਬੀ ਫੁੱਲਾਂ ‘ਤੇ ਪੈ ਰਹੀ ਹੈ। ਜਾਮਣ ਦੇ ਦਰਖ਼ਤ ਤੋਂ ਕੋਇਲ ‘ਕੂਹæææਕੂਹ’ ਕਰ ਕੇ ਚੌਗਿਰਦੇ ਨੂੰ ਇਲਾਹੀ ਸੰਗੀਤ ਨਾਲ ਸਰਸ਼ਾਰ ਕਰ ਰਹੀ ਹੈ। ਗੂੜ੍ਹੀਆਂ ਲਾਲ ਚੁੰਝਾਂ ਵਾਲੇ ਤੋਤੇ ਅਤੇ ‘ਚੀਂæææਚੀਂ’ ਕਰਦੀਆਂ ਚਿੜੀਆਂ ਵੀ ਉਡਾਰੀਆ ਮਾਰਨ ਲੱਗ ਪਈਆਂ ਹਨ।
ਕੁਦਰਤ ਵਲੋਂ ਸਾਜੇ ਹੋਏ ਇਸ ਬਹਿਸ਼ਤ ਜੈਸੇ ਮਾਹੌਲ ਵਿਚ ਰਚਮਿਚ ਕੇ ਇਹਦਾ ਅਨੰਦ ਮਾਣਨ ਲਈ ਮੈਂ ਥੱਲੇ ਉਤਰ ਕੇ ਸੈਰ ਲਈ ਤਿਆਰ ਹੋਇਆ। ਜੇ ਮੈਂ ਆਪਣੀ ਬਗੀਚੀ ਵਿਚ ਖਿੜੇ ਗੁਲਾਬ, ਡੇਲੀਏ, ਕਲੀ ਅਤੇ ਗੁਲਦਾਊਦੀ ਦੇ ਫੁੱਲਾਂ ਉਤੇ ਮੰਡਰਾਉਂਦੀਆਂ ਰੰਗ-ਬਰੰਗੀਆਂ ਤਿਤਲੀਆਂ ਅਤੇ ਭੌਰਿਆਂ ਦੀਆਂ ਬਾਤਾਂ ਪਾਉਣ ਲੱਗ ਪਿਆ, ਜਾਂ ਆਪਣੇ ਹਰਿਆਵਲ ਪ੍ਰੇਮੀ ਬੇਟਿਆਂ ਵੱਲੋਂ ਘਰ ਦੇ ਖੁੱਲ੍ਹੇ-ਡੁੱਲ੍ਹੇ ਚੌਗਿਰਦੇ ਵਿਚ ਲਗਾਏ ਅੰਬ, ਜਾਮਣ, ਤੁਣ, ਅਰਜਣ, ਬਿੱਲ, ਕਦਮ, ਹਰੜ, ਔਲਾ, ਰੀਠੇ, ਗੁਲੱਕੜ, ਗੁਲਮੋਹਰ, ਮੌਲਸਰੀ, ਪਿੰਕਰੇਸ਼ੀਆ, ਨਿੰਮ, ਫਲਾਹੀ, ਸ਼ਰੀਂਹ, ਸੁਹਾਜਣਾ ਅਤੇ ਬਬੂਲ ਵਗੈਰਾ ਝੂਲ ਰਹੇ ਦਰਖ਼ਤਾਂ ਦੀ ਸੋਭਾ ਕਰਨ ਲਗ ਪਿਆ, ਤਦ ਮੇਰੇ ‘ਤੇ ‘ਆਪੇ ਮੈਂ ਰੱਜੀ-ਪੁੱਜੀ, ਆਪੇ ਮੇਰੇ ਬੱਚੇ ਜੀਣ’ ਵਾਲਾ ਦੋਸ਼ ਆਇਦ ਹੋ ਜਾਵੇਗਾ। ਜਿਥੇ ਭਲਾ 99 ਆਰੀਆਂ ਅਤੇ 90 ਕੁਹਾੜੇ ਹਰਿਆਲੀ ਦੀ ਨਸਲਕੁਸ਼ੀ ਕਰਨ ਜੁੱਟੇ ਹੋਏ ਹੋਣ, ਉਥੇ ਨਵੇਂ ਬੂਟੇ ਲਾਉਣ ਵਾਲੇ ਦਹੁੰ-ਚਹੁੰ ਹੱਥਾਂ ਦੀ ਕੀ ਵਟੀਂਦੀ ਹੈ?
ਮੇਰੇ ਪਿੰਡ ਦਾ ਦੱਖਣੀ ਪਾਸਾ ਦੇਖੋ ਜ਼ਰਾ। ਪਿੰਡ ਦੇ ਬਜ਼ੁਰਗ ਦੱਸਦੇ ਨੇ ਕਿ ਹੁਣ ਉਥੋਂ ਦੋ-ਢਾਈ ਮੀਲ ਦੂਰ ਵਗਦਾ ਸਤਲੁਜ ਦਰਿਆ, ਕਿਸੇ ਸਮੇਂ ਪਿੰਡ ਦੀਆਂ ਕੰਧਾਂ ਨਾਲ ਖਹਿ ਕੇ ਵਹਿੰਦਾ ਹੁੰਦਾ ਸੀ। ਸਮੇਂ ਦੇ ਫੇਰ ਨਾਲ ਦੂਰ ਹਟਦਾ-ਹਟਦਾ ਇਹ ਆਪਣੇ ਪਿੱਛੇ ਇਕ ‘ਨਿਸ਼ਾਨੀ’ ਛੱਡ ਗਿਆ। ਸਾਫ਼-ਸਵੱਛ ਪਾਣੀ ਦਾ ਸਦਾ ਬਹਾਰ ਵਗਦਾ ਇਕ ਨਾਲਾ ਜੋ ਕਈ ਪਿੰਡਾਂ ਦੇ ਨਾਲ-ਨਾਲ ਵਹਿੰਦਾ, ਅਖੀਰ ਰਾਹੋਂ ਦੇ ਹੇਠ ਜਾ ਕੇ ਸਤਲੁਜ ਵਿਚ ਹੀ ਸਮਾਉਂਦਾ ਹੈ। ਸਾਡੇ ਇਲਾਕੇ ਵਿਚ ਇਸ ਨੂੰ ‘ਨੈੜੀ’ ਕਿਹਾ ਜਾਂਦਾ ਹੈ। ਬਾਰਾਂ ਮਹੀਨੇ ਵਗਦੀ ਰਹਿੰਦੀ ਇਹ ਨੈੜੀ ਹੁਣ ਸਿਰਫ ਸੁੱਕ ਹੀ ਨਹੀਂ ਗਈ, ਸਗੋਂ ਲੋਪ ਹੋਣ ਦੇ ਨੇੜੇ ਜਾ ਢੁੱਕੀ ਹੈ। ਹਰੇ ਇਨਕਲਾਬ ਨੇ ਇਹਦਾ ਭੋਗ ਪਾ ਦਿੱਤਾ ਹੈ।
ਇਸ ਦੇ ਕੰਢੇ ‘ਤੇ ਬਹੁਤ ਭਾਰੀ ਝਿੜੀ ਹੁੰਦੀ ਸੀ। ਪੰਦਰਾਂ-ਵੀਹ ਕਿੱਲਿਆਂ ਵਿਚ ਫੈਲੀ ਹੋਈ ਇਸ ਝਿੜੀ ਵਿਚ ਐਨੇ ਸੰਘਣੇ ਦਰਖ਼ਤ ਹੁੰਦੇ ਸਨ ਕਿ ਬੰਦਾ ਘੁੰਮਦਾ ਨਜ਼ਰ ਨਹੀਂ ਸੀ ਆਉਂਦਾ ਹੁੰਦਾ। ਉਥੇ ਭਾਵੇਂ ਪਿੱਪਲ, ਕਿੱਕਰਾਂ, ਖਜ਼ੂਰਾਂ ਦੇ ਦਰਖ਼ਤ ਵੀ ਹੁੰਦੇ ਸਨ, ਪਰ ਫਲਾਹੀ ਦੇ ਵਿੰਗੇ-ਟੇਢੇ ਦਰਖ਼ਤਾਂ ਦੀ ਬਹੁਤਾਤ ਹੋਣ ਕਰ ਕੇ ਇਸ ਝਿੜੀ ਨੂੰ ‘ਫਲਾਹੀਆਂ’ ਹੀ ਕਿਹਾ ਜਾਂਦਾ ਸੀ। ਛੋਟੇ ਹੁੰਦੇ ਆਪਣੇ ਹਾਣੀਆਂ ਨਾਲ ਅਸੀਂ ਉਥੇ ਨੰਗੇ ਪੈਰੀਂ ਪਸ਼ੂ ਚਰਾਉਣ ਗਏ ਹੋਏ ਰੱਜ-ਰੱਜ ਖਜ਼ੂਰਾਂ ਖਾਂਦੇ ਹੁੰਦੇ ਸਾਂ। ਲੈਰਾ-ਲੈਰਾ ਘਾਹ ਚੁਗਣ ਤੋਂ ਬਾਅਦ ਪਸ਼ੂ ਨੈੜੀ ‘ਚ ਪਾਣੀ ਪੀਂਦੇ ਅਤੇ ਤਾਰੀਆਂ ਲਾਉਂਦੇ। ਪਾਣੀ ‘ਚ ਵੜ ਕੇ ਅਸੀਂ ਮੱਝਾਂ ਨੂੰ ਮਲ-ਮਲ ਨਲ੍ਹਾਉਂਦੇ ਰਹਿੰਦੇ। ਹੁਣ ‘ਵਿਕਾਸ’ ਦੀ ਹਨੇਰੀ ਨੇ ਉਥੋਂ ਸਭ ਕੁਝ ਉਡਾ ਦਿੱਤਾ ਹੈ। ਇਸ ਥਾਂ ਦੀ ਮਾਲਕੀ ਸਬੰਧੀ ਕੋਰਟ-ਕਚਹਿਰੀਆਂ ‘ਚ ਮੁਕੱਦਮੇ ਚੱਲਦੇ ਹਨ।
ਉਹ ਵੀ ਦਿਨ ਸਨ, ਜਦ ਸਾਡੇ ਪਿੰਡ ਦੇ ਲੋਕ ਇਨ੍ਹਾਂ ਫਲਾਹੀਆਂ ਵਿਚੋਂ ਦਾਤਣ ਤੋੜਨ ਤੋਂ ਵੀ ਡਰਦੇ ਸਨ; ਕਿਉਂਕਿ ਉਥੇ ਪੰਜ ਪੀਰਾਂ ਦੀ ਕਬਰ ਹੋਣ ਕਰ ਕੇ ਇਸ ਨੂੰ ਕਰੜੀ ਜਗ੍ਹਾ ਮੰਨਿਆ ਜਾਂਦਾ ਸੀ। ਇਸ ਵਹਿਮ ਨੂੰ ਪੱਕਿਆਂ ਕਰਨ ਵਾਲੀਆਂ ਕਈ ਮਨ-ਘੜਤ ਦੰਦ-ਕਥਾਵਾਂ ਪ੍ਰਚਲਿਤ ਸਨ, ਪਰ ਹੁਣ ਝਿੜੀ ਦੀ ਇਕ ਵਾਢਿਉਂ ਸਫਾਈ ਕਰਨ ਵਾਲੇ ਨੂੰ ਨਾ ਪੰਜਾਂ ਪੀਰਾਂ ਨੇ ਕੁਝ ਕਿਹਾ ਅਤੇ ਨਾ ਹੀ ਸਖਤ ਜਗ੍ਹਾ ਨੇ ਕੋਈ ਕਰਾਮਾਤ ਦਿਖਾਈ। ਬਚਪਨ ਤੋਂ ਲੈ ਕੇ ਸਾਡੇ ਜਵਾਨ ਹੋਣ ਤੱਕ ਪੰਜਾਂ ਪੀਰਾਂ ਦੀ ਇਹ ਕਬਰ ਲਾਵਾਰਸ ਜਿਹੀ ਹੀ ਰਹੀ, ਪਰ ਹੁਣ ਇਸ ਨੂੰ ਇਕ ਬਾਬਾ ਮਿਲਿਆ ਹੋਇਆ ਹੈ। ਬਾਕੀ ਸਾਰਾ ਸਾਲ ਤਾਂ ਭਾਵੇਂ ਪੰਜ ਪੀਰ ਜੀ ਸ਼ਾਇਦ ਉਥੇ ਈ ਰਹਿੰਦੇ ਹੋਣ, ਪਰ ਜਾਪਦਾ ਐ ਉਹ ਅੱਠ ਹਾੜ੍ਹ ਵਾਲੇ ਦਿਨ ਉਥੋਂ ਜ਼ਰੂਰ ਆਸੇ-ਪਾਸੇ ਚਲੇ ਜਾਂਦੇ ਹੋਣੇ ਨੇ, ਕਿਉਂਕਿ ਉਸ ਦਿਨ ਹਰ ਸਾਲ ਉਥੇ ‘ਲੋਕ ਗਾਇਕ ਬਣੇ ਮਸ਼ਟੰਡੇ, ਤੂੰਬੀ ਵਿਚ ਫਸਾਏ ਡੰਡੇ’, ਮੁਤਾਬਕ ਡੱਬ-ਖੜੱਬੇ ਕਲਾਕਾਰ ਖੂਬ ਅ-ਸਭਿਆਚਾਰ ਫੈਲਾਉਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਸ਼ਰਧਾਲੂ ਬੇਸ਼ੱਕ ਝੂੰਮਦੇ ਰਹਿੰਦੇ ਨੇ, ਪਰ ਪੰਜਾਂ ਪੀਰਾਂ ਨੂੰ ਤਾਂ ਆਪਣੇ ਪੀਰ-ਫਕੀਰ ਹੋਣ ਦੀ ਲਾਜ ਨਿਭਾਉਣੀ ਹੀ ਪੈਂਦੀ ਹੋਵੇਗੀ।
ਮੇਰੇ ਪਿੰਡ ਦੇ ਉਤਰ ਵੱਲ ਡੇਢ ਕੁ ਮੀਲ ਦੀ ਵਿੱਥ ‘ਤੇ ਨੀਲੇ ਪਾਣੀਆਂ ਵਾਲੀ ਬਿਸਤ ਦੁਆਬ ਨਹਿਰ ਵਗਦੀ ਹੈ ਜਿਸ ਦੇ ਕੰਢੇ ਦੇ ਨਾਲ-ਨਾਲ ਖੜ੍ਹੇ ਘਣੇ-ਸੰਘਣੇ ਤੂਤਾਂ-ਟਾਹਲੀਆਂ ਦੀ ਗੂੜ੍ਹੀ ਛਾਂਵੇਂ ਸਾਈਕਲ ਚਲਾਉਂਦੇ ਹੋਏ ਅਸੀਂ ਨਵਾਂ ਸ਼ਹਿਰ ਸਕੂਲੇ ਪੜ੍ਹਨ ਜਾਂਦੇ ਹੁੰਦੇ ਸੀ। ਉਛਲ-ਉਛਲ ਵਗਦੀ ਉਹੀ ਨਹਿਰ ਹੁਣ ਪਾਣੀ ਨੂੰ ਤਰਸਦੀ ਹੈ। ਵਰ੍ਹੀਂ-ਛਿਮਾਹੀ ਜਦ ਕਦੇ ਪਾਣੀ ਆਉਂਦਾ ਵੀ ਹੈ, ਤਾਂ ਉਹ ਨੀਲਾ ਨਹੀਂ ਸਗੋਂ ਚਿੱਕੜ ਵਰਗਾ ਘਸਮੈਲਾ ਹੁੰਦਾ ਹੈ। ਨਹਿਰ ਦੀ ਪਟੜੀ ‘ਤੇ ਛਾਂ ਲਈ ਛਤਰੀ ਬਣਨ ਵਾਲੇ ਉਹ ਤੂਤ ਜਿਨ੍ਹਾਂ ਤੋਂ ਮਿੱਠੀਆਂ ਤੂਤੀਆਂ ਤੋੜ ਅਸੀਂ ਰੱਜਦੇ ਹੁੰਦੇ ਸਾਂ, ਸਭ ਗਾਇਬ ਨੇ। ਗਰਮੀਆਂ ‘ਚ ਠੰਢੀ ਠਾਰ ਹਵਾ ਦੇਣ ਵਾਲੀਆਂ ਹਰੀਆਂ-ਕਚੂਰ ਟਾਹਲੀਆਂ ਕਿਤੇ-ਕਿਤੇ ਖੜਸੁੱਕ ਹੋਈਆਂ ਖੜ੍ਹੀਆਂ ਨੇ। ਲਗਦੈ ਹੇਠ ਲਿਖੀਆਂ ਸਤਰਾਂ, ਸਿਖਰ ਦੁਪਹਿਰੇ ਨਹਿਰ ਦੀ ਪਟੜੀ ‘ਤੇ ਸਫ਼ਰ ਕਰਨ ਵਾਲੇ ਕਿਸੇ ਰਾਹੀਂ ਮੁਸਾਫਰ ਨੇ ਗਾਈਆਂ ਹੋਣਗੀਆਂ,
ਨਜ਼ਰ ਆਉਂਦਾ ਸਫੈਦਾ ਹੀ ਸਫੈਦਾ
ਹੁਣ ਹੈ ਹਰ ਪਾਸੇ
ਕਿ ਲੱਭਦੀ ਬੋਹੜ, ਪਿੱਪਲ, ਤੂਤ ਵਰਗੀ
ਛਾਂ ਨਹੀਂ ਯਾਰਾ!
ਇਕ ਉਹ ਸਮਾਂ ਸੀ ਜਦ ਪੰਜਾਬ ਦੇ ਕਿਸੇ ਪਿੰਡ ਵੱਲ ਵੀ ਨਜ਼ਰ ਮਾਰਦਿਆਂ, ਹਰੇ-ਭਰੇ ਦਰਖ਼ਤਾਂ ਦਾ ਝੁਰਮਟ ਹੀ ਦਿਖਾਈ ਦਿੰਦਾ ਹੁੰਦਾ ਸੀ। ਹੁਣ ਸ਼ਹਿਰਾਂ ਵਾਂਗ ਪਿੰਡਾਂ ਵਿਚ ਵੀ ਹਰਿਆਲੀ ਹਾਰ ਗਈ ਹੈ ਅਤੇ ਸੰਗਮਰਮਰੀ ਕੋਠੀਆਂ ਦੀ ਚਿਟਿਆਈ ਜਿੱਤ ਗਈ ਹੈ। ਉਚੀਆਂ-ਉਚੀਆਂ ਕੋਠੀਆਂ ਦੇ ਗੇਟ ਸਦਾ ਬੰਦ ਰਹਿੰਦੇ ਨੇ ਅਤੇ ਸਿਖਰ ਉਪਰ ਬਣੀਆਂ ਜਹਾਜ਼ਾਂ ਤੇ ਕਾਰਾਂ ਸ਼ੇਪ ਟੈਂਕੀਆਂ ਦੂਰੋਂ ਗਵਾਹੀਆਂ ਦਿੰਦੀਆਂ ਨੇ ਕਿ ਇਹ ‘ਬਾਹਰਲਿਆਂ’ ਦੇ ਬੰਗਲੇ ਨੇ। ਪਿੰਡਾਂ ਵਿਚ ਇਹੋ ਜਿਹੇ ‘ਮਕਾਨ’ ਤਾਂ ਬਥੇਰੇ ਹਨ, ਪਰ ਹੁਣ ‘ਘਰ’ ਵਿਰਲੇ ਹੀ ਲੱਭਦੇ ਹਨ। ਪੱਥਰ ਹੀ ਪੱਥਰ ਥੱਪਣ ਦਾ ਰਿਵਾਜ਼ ਹੁਣ ਪਿੰਡਾਂ ਵਿਚ ਵੀ ਬੇਤਹਾਸ਼ਾ ਵਧ ਗਿਆ ਹੈ ਪਰ ਚੌਗਿਰਦੇ ਨੂੰ ਹਰਿਆ-ਭਰਿਆ ਬਣਾਉਣ ਵਾਲੇ ਵੇਲ-ਬੂਟੇ-ਦਰਖ਼ਤ ਲਾਉਣ ਦਾ ਸ਼ੌਕ ਨਾ ਹੋਇਆਂ ਬਰਾਬਰ ਹੀ ਹੈ।
ਦੂਰ ਭਵਿੱਖ ਦੀਆਂ ਸੂਹਾਂ ਦੇਣ ਵਾਲੇ ਸਮਾਜ ਸ਼ਾਸਤਰੀਆਂ ਵਲੋਂ ਬੜੇ ਤਰਲੇ ਕੱਢੇ ਜਾ ਰਹੇ ਹਨ, ਦੁਹੱਥੜਾਂ ਮਾਰੀਆਂ ਜਾ ਰਹੀਆਂ ਨੇ ਕਿ ‘ਗਲੋਬਲ ਵਾਰਮਿੰਗ ਦੇ ਦੈਂਤ’ ਨਾਲ ਨਜਿੱਠਣ ਲਈ ਦਰਖ਼ਤਾਂ ਦੀ ਕਟਾਈ ਤੁਰੰਤ ਬੰਦ ਕਰੋ। ਨਾੜ ਪਰਾਲੀ ਨੂੰ ਅੱਗ ਲਾ ਕੇ ਨਾ ਸਾੜੋ। ਮੌਸਮੀ ਸੰਤੁਲਨ ਬਣਾਈ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉ ਪਰ ਇਨ੍ਹਾਂ ਉਪਦੇਸ਼ਕਾਂ ਦੀਆਂ ਨਸੀਹਤਾਂ ਨੂੰ ਬੰਦਾ ਮੰਨ ਕਿਉਂ ਨਹੀਂ ਰਿਹਾ? ਆਖਰ ਬੰਦੇ ਦੀ ਕਿਹੜੀ ਖਸਲਤ ਹੈ ਜੋ ਉਸ ਨੂੰ ਵਿਨਾਸ਼ ਵੱਲ ਧੂਹੀ ਲਈ ਜਾਂਦੀ ਹੈ? ਇਨ੍ਹਾਂ ਸਵਾਲਾਂ ਦਾ ਜਵਾਬ ਵੀ ਸੁਣ ਲਓæææ
ਮੰਨੀ ਹੋਈ ਸੱਚਾਈ ਹੈ ਕਿ ਹਰ ਚੀਜ਼ ਆਪਣੇ ਮੂਲ ਅਸਲੇ ਵੱਲ ਭੱਜਦੀ ਹੈ। ਡੋਲ੍ਹਿਆ ਪਾਣੀ, ਸਮੁੰਦਰ ਵੱਲ ਵਗਦਾ ਹੈ। ਅੱਗ ਦੀ ਲਾਟ ਦਾ ਮੂੰਹ ਸੂਰਜ ਵੱਲ ਰਹਿੰਦਾ ਹੈ। ਡਾਰਵਿਨ ਦੇ ਸਿਧਾਂਤ ਅਨੁਸਾਰ ਬੰਦੇ ਦੀ ਅੰਸ-ਬੰਸ ਬਾਂਦਰ ਨਾਲ ਜਾ ਮਿਲਦੀ ਹੈ। ਆਪਾਂ ਬੰਦਿਆਂ ਦੇ ਇਸ ਵਡਾਰੂ ਦੀ ਇਕ ਖਾਸ ਸਿਫਤ ਦੱਸਦੀ ਇਹ ਨੀਤੀ ਕਥਾ ਵੀ ਪੜ੍ਹ ਲਈਏ,
ਪੋਹ ਦੀ ਸਰਦ ਰੁੱਤੇ ਭਾਰੀ ਵਰਖਾ ਹੋ ਰਹੀ ਸੀ। ਸਭ ਜੀਆ-ਜੰਤ ਆਪੋ-ਆਪਣੇ ਘੁਰਨਿਆਂ-ਆਲ੍ਹਣਿਆਂ ਵਿਚ ਵੜਿਆ ਬੈਠਾ ਸੀ। ਸਾਰੇ ਪੰਛੀਆਂ ਵਿਚੋਂ ਮਜ਼ਬੂਤ ਅਤੇ ਸੁਰੱਖਿਅਤ ਆਲ੍ਹਣਾ ਬਣਾਉਣ ਲਈ ਮਸ਼ਹੂਰ ਬਿੱਜੜਾ ਆਪਣੇ ਬੱਚਿਆਂ ਸਮੇਤ ਆਲ੍ਹਣੇ ‘ਚ ਬੈਠਾ ਸੀ। ਜਿਸ ਦਰਖ਼ਤ ਦੀਆਂ ਟਾਹਣੀਆਂ ਨਾਲ ਇਸ ਦਾ ਆਲ੍ਹਣਾ ਲਟਕ ਰਿਹਾ ਸੀ, ਉਸ ਦਰਖ਼ਤ ਦੇ ਥੱਲੇ ਤਾਣੇ ਨਾਲ ਲੱਗ ਕੇ ਖੜ੍ਹਾ ਬਾਂਦਰ ਪਾਲੇ ਨਾਲ ਠੁਰ-ਠੁਰ ਕਰ ਰਿਹਾ ਸੀ। ਨਿੱਘੇ ਆਲ੍ਹਣੇ ‘ਚ ਬੈਠੇ ਬਿੱਜੜੇ ਦੇ ਬੱਚੇ ਆਪਣੇ ਬਾਪ ਨੂੰ ਪੁੱਛਣ ਲੱਗੇ ਕਿ ਐਨੇ ਭਾਰੀ ਮੀਂਹ ਵਿਚ ਇਹ ਕੌਣ ਹੈ ਜੋ ਭਿੱਜ ਰਿਹਾ ਹੈ। ਇਸ ਦਾ ਕੋਈ ਘਰ-ਘਾਟ ਨਹੀਂ ਹੋਵੇਗਾ? ਬਿੱਜੜੇ ਨੇ ਥੱਲੇ ਵੱਲ ਝਾਕ ਕੇ ਬਾਂਦਰ ਨੂੰ ਪੁੱਛਿਆ,
ਦਵੈ ਕਰੁ, ਦਵੈ ਪਗੁ ਆਹਿ ਤੁਵ,
ਦਿਸੀਅਤ ਪੁਰਖ ਅਕਾਰ।
ਸੀਤ ਵਾਤ ਕੇ ਘਾਤ ਹਿਤ,
ਕਿਉਂ ਨਾ ਰਚਹਿ ਅਗਾਰਾ?
æææਸੱਜਣਾ! ਤੇਰੇ ਦੋ ਹੱਥ ਦੋ ਪੈਰ ਹਨ। ਤੇਰੀ ਸ਼ਕਲ ਵੀ ਬੰਦਿਆਂ ਜੈਸੀ ਹੈ ਪਰ ਤੂੰ ਗਰਮੀ ਸਰਦੀ ਤੋਂ ਬਚਾਅ ਲਈ ਆਪਣਾ ਘਰ ਕਿਉਂ ਨਹੀਂ ਬਣਾਇਆ ਹੋਇਆ?
ਮੀਂਹ ‘ਚ ਭਿੱਜੇ ਪਏ ਬਾਂਦਰ ਨੇ ‘ਤਾਂਹ ਨੂੰ ਮੂੰਹ ਚੁੱਕ ਕੇ ਬਿੱਜੜੇ ਦਾ ਸਵਾਲ ਸੁਣਿਆ। ਦੇਖਦਿਆਂ ਹੀ ਦਰਖ਼ਤ ‘ਤੇ ਜਾ ਚੜ੍ਹਿਆ। ਬਿੱਜੜੇ ਦੇ ਆਲ੍ਹਣੇ ਨੂੰ ਜਾ ਹੱਥ ਪਾਇਆ, ਤੇ ਪਲਾਂ ‘ਚ ਕਰ’ਤਾ ਤੀਲ੍ਹਾ-ਤੀਲ੍ਹਾ!! ਫਿਰ ਲਾਲ ਅੱਖਾਂ ਕਰ ਕੇ ਬਾਂਦਰ, ਬਿੱਜੜੇ ਨੂੰ ਕਹਿਣ ਲੱਗਾ,
ਸ਼ੂਚੀ-ਮੁੱਖੀ, ਵਿਭਚਾਰਨੀ,
ਰੰਡੇ! ਪੰਡਿਤ ਰਾਰ?
ਨਹਿ ਸਮੱਰਥ ਨਿਜ-ਗ੍ਰਹਿ ਰਚਨ,
ਸਮਰੱਥ ਹੱਥ ਤਵ-ਦੁਆਰ!!
æææਸੂਈ ਦੇ ਨੱਕੇ ਜਿਹੇ ਮੂੰਹ ਵਾਲੀਏ ਬਦਮਾਸ਼ੇ! ਤੂੰ ਮੇਰੇ ਜਿਹੇ ਵਿਦਵਾਨ ਨਾਲ ਵਾਦ-ਵਿਵਾਦ ਕਰ ਰਹੀ ਹੈਂ? ਮੈਂ ਆਪਣੇ ਘਰ ਬੇਸ਼ੱਕ ਨਹੀਂ ਬਣਾ ਸਕਦਾ, ਪਰ ਬਣੇ ਹੋਏ ਘਰਾਂ ਦੀ ਇਹੀ-ਤਹੀ ਜ਼ਰੂਰ ਫੇਰ ਸਕਦਾਂ।
ਜਿਥੇ ਕਿਤੇ ਵੀ ਕੋਈ ਬੰਦਾ ਚੌਗਿਰਦੇ ਦੇ ਵਿਨਾਸ਼ ਵਿਚ, ਕਿਸੇ ਤਰ੍ਹਾਂ ਦਾ ਵੀ ‘ਯੋਗਦਾਨ’ ਪਾ ਰਿਹਾ ਹੋਵੇ, ਤਦ ਸਮਝੋ ਬੰਦੇ ਦਾ ਵਡਾਰੂ ਹੀ ਆਪਣੀ ਕਰਤੂਤ ਦਿਖਾ ਰਿਹਾ ਹੈ!

Be the first to comment

Leave a Reply

Your email address will not be published.