ਵੇਲੇ ਤੋਂ ਪਹਿਲਾਂ ਲੋਕ ਸਭਾ ਚੋਣਾਂ ਦਾ ਰੌਲਾ ਤੇ ਇਸ ਪਿੱਛੇ ਲੁਕਵੀਂ ਚਾਲ

-ਜਤਿੰਦਰ ਪਨੂੰ
ਜੇ ਸਾਰਾ ਕੁਝ ਆਮ ਵਾਂਗ ਚੱਲਦਾ ਰਹੇ ਤਾਂ ਲੋਕਾਂ ਵੱਲੋਂ ਸਿੱਧੀ ਵੋਟ ਨਾਲ ਚੁਣੇ ਜਾਂਦੇ ਭਾਰਤੀ ਪਾਰਲੀਮੈਂਟ ਦੇ ਹੇਠਲੇ ਸਦਨ, ਲੋਕ ਸਭਾ, ਲਈ ਚੋਣਾਂ ਅਗਲੇਰੇ ਸਾਲ 2014 ਦੇ ਮਈ ਮਹੀਨੇ ਵਿਚ ਹੋਣਗੀਆਂ। ਇਸ ਲਿਹਾਜ ਨਾਲ ਅਜੇ 18 ਮਹੀਨੇ ਬਾਕੀ ਰਹਿੰਦੇ ਹਨ ਪਰ ਅੰਦਾਜ਼ੇ ਇਸ ਤਰ੍ਹਾਂ ਦੇ ਲੱਗਣ ਲੱਗ ਪਏ ਹਨ, ਜਿਵੇਂ ਚੋਣਾਂ ਨੇ ਉਦੋਂ ਤੀਕ ਉਡੀਕ ਨਹੀਂ ਕਰਨੀ ਤੇ ਅਗਾਊਂ ਹੀ ਆ ਕੇ ਕੁੰਡਾ ਖੜਕਾ ਦੇਣਾ ਹੈ। ਅਸੀਂ ਇਹ ਗੱਲ ਯਕੀਨੀ ਨਹੀਂ ਕਹਿ ਸਕਦੇ। ਇਸ ਸਬੰਧੀ ਜੋ ਅੰਦਾਜ਼ੇ ਲਾਏ ਜਾਂਦੇ ਹਨ, ਉਹ ਕੇਂਦਰ ਸਰਕਾਰ ਦੀ ਅਗਵਾਈ ਕਰਦੀ ਕਾਂਗਰਸ ਪਾਰਟੀ ਅਤੇ ਉਸ ਦੇ ਨਿਕਟ ਸਹਿਯੋਗੀਆਂ ਦੀਆਂ ਹਰਕਤਾਂ ਤੋਂ ਲੱਗਣ ਲੱਗੇ ਹਨ।
ਕਾਂਗਰਸ ਪਾਰਟੀ ਇਸ ਵਕਤ ਪੰਜਵੇਂ ਗੇਅਰ ਵਿਚ ਚੱਲ ਰਹੀ ਜਾਪਦੀ ਹੈ। ਕਾਫੀ ਸਮਾਂ ਇਹ ਪਾਰਟੀ ਇੰਜ ਸੁਸਤ ਜਿਹੀ, ਤੇ ਕਈ ਵਾਰੀ ਬੇਹਰਕਤ ਵੀ, ਜਾਪਦੀ ਰਹੀ, ਜਿਸ ਤੋਂ ਸਰਕਾਰ ਅਤੇ ਸਿਆਸਤ ਦਾ ਸਾਰਾ ਕੰਮ ਰੱਬ ਆਸਰੇ ਚੱਲਦਾ ਹੋਣ ਦਾ ਪ੍ਰਭਾਵ ਬਣਨ ਲੱਗ ਪਿਆ ਸੀ। ਫਿਰ ਇਸ ਦੇ ਖਿਲਾਫ ਰਾਜਸੀ ਹਮਲੇ ਸ਼ੁਰੂ ਹੋ ਗਏ। ਕਈ ਲੋਕ ਇਹ ਕਹਿਣ ਲੱਗ ਪਏ, ਜਿਨ੍ਹਾਂ ਵਿਚ ਅਸੀਂ ਵੀ ਸ਼ਾਮਲ ਸਾਂ ਕਿ ਕਾਂਗਰਸ ਪਾਰਟੀ ਹਿੰਦੁਸਤਾਨ ਦੀ ਅੱਜ ਤੱਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਦੀ ਅਗਵਾਈ ਕਰ ਰਹੀ ਹੈ। ਅਚਾਨਕ ਇਸ ਰੌਲੇ ਵਿਚ ਮੋੜ ਆ ਗਿਆ। ਆਪਣੇ ਪੱਲੇ ਉਤੇ ਲੱਗੇ ਦਾਗ ਤਾਂ ਕਾਂਗਰਸ ਪਾਰਟੀ ਏਡੀ ਛੇਤੀ ਨਾ ਧੋ ਸਕਦੀ ਸੀ ਤੇ ਨਾ ਧੋ ਸਕੀ, ਪਰ ਇਸ ਦੇ ਵਿਰੋਧ ਦੀ ਮੁੱਖ ਧਿਰ ਮੰਨੀ ਜਾਂਦੀ ਭਾਰਤੀ ਜਨਤਾ ਪਾਰਟੀ ਦਾ ਖਿਲਾਰਾ ਇੰਨਾ ਵਧ ਗਿਆ ਕਿ ਕਾਂਗਰਸ ਦੀ ਬਜਾਏ ਲੋਕਾਂ ਵਿਚ ਉਸ ਦੀ ਚਰਚਾ ਵੱਧ ਚੱਲ ਪਈ। ਭਾਜਪਾ ਦਾ ਕੌਮੀ ਪ੍ਰਧਾਨ ਨਿਤਿਨ ਗਡਕਰੀ ਇੱਕ ਪਿੱਛੋਂ ਦੂਸਰੇ ਸਕੈਂਡਲ ਦੀ ਮਾਰ ਹੇਠ ਆਉਂਦਾ ਗਿਆ ਤੇ ਉਸ ਦਾ ਬਚਾਅ ਕਰਨ ਦੇ ਯਤਨ ਵਿਚ ਭਾਜਪਾ ਆਪਣੀ ਸਥਿਤੀ ਹੋਰ ਖਰਾਬ ਕਰ ਬੈਠੀ। ਇਹ ਉਹ ਮੌਕਾ ਸੀ, ਜਦੋਂ ਕਾਂਗਰਸ ਇੱਕ ਦਮ ਸੁਸਤੀ ਛੱਡ ਕੇ ਦੁੜਕੀ ਚਾਲੇ ਤੁਰ ਪਈ।
ਪਹਿਲ ਇਸ ਨੇ ਕੀਤੀ ਸਰਕਾਰ ਦੀ ਭੰਨ-ਤੋੜ ਤੋਂ, ਜਿਸ ਵਿਚੋਂ ਕੁਝ ਪੁਰਾਣੇ ਕੱਢ ਕੇ ਕੁਝ ਨਵੇਂ ਵਜ਼ੀਰ ਪਾ ਲਏ ਅਤੇ ਇਸ ਦੀ ਦਿੱਖ ਸੁਧਾਰਨ ਵਾਲਾ ਪ੍ਰਭਾਵ ਪਾਉਣ ਦਾ ਯਤਨ ਕੀਤਾ। ਇਸ ਯਤਨ ਵਿਚ ਸਲਮਾਨ ਖੁਰਸ਼ੀਦ ਤੇ ਸ੍ਰੀਪ੍ਰਕਾਸ਼ ਜਾਇਸਵਾਲ ਦੇ ਵਜ਼ੀਰੀ ਅਹੁਦੇ ਕਾਇਮ ਰੱਖਣ ਕਾਰਨ ਜਦੋਂ ਬਹੁਤ ਜ਼ਿਆਦਾ ਫਰਕ ਪਿਆ ਨਾ ਲੱਭਾ ਤਾਂ ਉਸ ਨੇ ਇਸ ਦੇ ਮਗਰੇ-ਮਗਰ ਸੂਰਜ ਕੁੰਡ ਦੇ ਸੈਰ-ਸਪਾਟਾ ਅਸਥਾਨ ਉਤੇ ਆਪਣੇ ਵੱਡੇ ਲੀਡਰਾਂ ਦੀ ਸੰਵਾਦ ਬੈਠਕ ਨਾਲ ਇਹ ਗੱਲ ਹੋਰ ਅੱਗੇ ਵਧਾ ਦਿੱਤੀ ਕਿ ਉਹ ਹੁਣ ਸਰਗਰਮ ਹੋ ਰਹੀ ਹੈ। ਹਾਲੇ ਚਾਰ ਦਿਨ ਵੀ ਨਹੀਂ ਸਨ ਹੋਏ ਕਿ ਉਸ ਨੇ ਦਿੱਲੀ ਤੋਂ ਇਹ ਐਲਾਨ ਕਰ ਦਿੱਤਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਪੁੱਤਰ ਰਾਹੁਲ ਗਾਂਧੀ ਨੂੰ ਇੱਕ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਕੀਤਾ ਗਿਆ ਹੈ ਤੇ ਉਹ ਅਗਲੀਆਂ ਪਾਰਲੀਮੈਂਟ ਚੋਣਾਂ ਲਈ ਤਾਲਮੇਲ ਕਮੇਟੀ ਦੇ ਮੁਖੀ ਦੀ ਜ਼ਿੰਮੇਵਾਰੀ ਨਿਭਾਵੇਗਾ, ਜਿਸ ਵਿਚ ਕਈ ਸੀਨੀਅਰ ਆਗੂ ਵੀ ਹੋਣਗੇ। ਚੋਣਾਂ ਦੇ 18 ਮਹੀਨੇ ਪਹਿਲਾਂ ਹੀ ਜਦੋਂ ਕੇਂਦਰ ਸਰਕਾਰ ਦੀ ਅਗਵਾਈ ਕਰ ਰਹੀ ਕਾਂਗਰਸ ਨੇ ਚੋਣ ਤਾਲਮੇਲ ਕਮੇਟੀ ਵੀ ਬਣਾ ਲਈ ਤੇ ਰਾਹੁਲ ਗਾਂਧੀ ਨੂੰ ਅੱਗੇ ਵੀ ਜੋੜ ਲਿਆ, ਚੋਣਾਂ ਦੀ ਚਰਚਾ ਨੂੰ ਇਸ ਨਾਲ ਬਲ ਮਿਲ ਗਿਆ ਹੈ।
ਇਸ ਚਰਚਾ ਨੂੰ ਦੂਸਰਾ ਹੁਲਾਰਾ ਸਮਾਜਵਾਦੀ ਪਾਰਟੀ ਨੇ ਦੇ ਦਿੱਤਾ ਹੈ, ਜਿਹੜੀ ਉਤਰ ਪ੍ਰਦੇਸ਼ ਵਿਚ ਕਾਂਗਰਸ ਨਾਲ ਆਢਾ ਲਾਉਣ ਦਾ ਕੰਮ ਵੀ ਕਰੀ ਜਾਂਦੀ ਹੈ ਤੇ ਕੇਂਦਰ ਵਿਚ ਜਦੋਂ ਲੋੜ ਪਵੇ, ਉਸ ਦੀ ਸਰਕਾਰ ਚੱਲਦੀ ਰੱਖਣ ਲਈ ਸਾਥ ਵੀ ਦਿੰਦੀ ਰਹਿੰਦੀ ਹੈ। ਉਸ ਨੇ ਲੋਕ ਸਭਾ ਲਈ ਆਪਣੇ 55 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅੱਜ ਕੱਲ੍ਹ ਭਾਰਤ ਵਿਚ ਇਹ ਧਾਰਨਾ ਬਣਦੀ ਜਾ ਰਹੀ ਹੈ ਕਿ ਜਿਹੜੀ ਪਾਰਟੀ ਆਪਣੇ ਉਮੀਦਵਾਰਾਂ ਦਾ ਐਲਾਨ ਪਹਿਲਾਂ ਕਰ ਦੇਵੇ, ਉਹ ਬਾਕੀਆਂ ਤੋਂ ਅੱਗੇ ਨਿਕਲ ਜਾਂਦੀ ਹੈ। ਵੋਟਰਾਂ ਦੇ ਮੂਡ ਦਾ ਭਾਵੇਂ ਕੋਈ ਵੀ ਪਤਾ ਨਹੀਂ ਲੱਗ ਸਕਦਾ, ਪਰ ਸਮਾਜਵਾਦੀ ਪਾਰਟੀ ਨੇ ਇਸ ਧਾਰਨਾ ਨੂੰ ਵਰਤਣ ਦਾ ਯਤਨ ਕੀਤਾ ਜਾਪਦਾ ਹੈ।
ਕਾਂਗਰਸ ਪਾਰਟੀ ਦੇ ਪੱਕੇ ਜੋੜੀਦਾਰ ਐਨ ਸੀ ਪੀ ਪਾਰਟੀ ਵਾਲੇ ਸ਼ਰਦ ਪਵਾਰ ਹੁਣ ਦਿੱਲੀ ਵਿਚ ਥੋੜ੍ਹਾ ਸਮਾਂ ਦੇ ਕੇ ਬਹੁਤਾ ਆਪਣੇ ਰਾਜ ਮਹਾਰਾਸ਼ਟਰ ਦੀ ਰਾਜਨੀਤੀ ਵਿਚ ਦੇ ਰਹੇ ਹਨ। ਕਾਰਨ ਸਿਰਫ ਭਤੀਜੇ ਅਜੀਤ ਪਵਾਰ ਦੀ ਖਾਲੀ ਕੀਤੀ ਥਾਂ ਮੱਲ ਕੇ ਆਪਣੀ ਧੀ ਸੁਪ੍ਰਿਆ ਸੂਲੇ ਨੂੰ ਰਾਜ ਦੀ ਰਾਜਨੀਤੀ ਵਿਚ ਉਹਦੀ ਥਾਂ ਦਿਵਾਉਣਾ ਨਹੀਂ, ਸਗੋਂ ਇਹ ਵੀ ਹੈ ਕਿ ਕੇਂਦਰ ਵਿਚ ਉਸ ਦੀ ਪੁੱਛਗਿੱਛ ਤਦੇ ਹੋਣੀ ਹੈ, ਜੇ ਉਸ ਨੂੰ ਆਪਣੇ ਰਾਜ ਵਿਚੋਂ ਪਾਰਲੀਮੈਂਟ ਲਈ ਕੁਝ ਸੀਟਾਂ ਮਿਲ ਜਾਣਗੀਆਂ। ਇਹ ਪਾਰਟੀ ਮਹਾਰਾਸ਼ਟਰ ਤੋਂ ਬਾਹਰ ਕਿਤੇ ਹੈ ਨਹੀਂ। ਇਸ ਪੱਖੋਂ ਮਹਾਰਾਸ਼ਟਰ ਦੇ ਅੰਦਰ ਸ਼ਰਦ ਪਵਾਰ ਦੀ ਵਧੀ ਹੋਈ ਸਰਗਰਮੀ ਵੀ ਲੋਕ ਸਭਾ ਚੋਣਾਂ ਨੇੜੇ ਹੋਣ ਦਾ ਪ੍ਰਭਾਵ ਦੇ ਰਹੀ ਹੈ।
ਵਿਰੋਧੀ ਪਾਰਟੀਆਂ ਵਿਚੋਂ ਸਭ ਤੋਂ ਵੱਧ ਇਹ ਪ੍ਰਭਾਵ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਬੂਲਿਆ ਹੈ ਤੇ ਉਹ ਧਮਕੜੇ ਨੱਸ ਤੁਰੇ ਹਨ। ਅਗਲੇ ਮਹੀਨੇ ਦੋ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੋਣ ਨਤੀਜੇ ਆਉਣੇ ਹਨ। ਹਿਮਾਚਲ ਪ੍ਰਦੇਸ਼ ਵਿਚ ਸ਼ਾਇਦ ਬਹੁਤਾ ਕੁਝ ਪੱਲੇ ਨਾ ਪਵੇ, ਗੁਜਰਾਤ ਤੋਂ ਉਨ੍ਹਾਂ ਨੂੰ ਵੱਡੀ ਝਾਕ ਹੈ ਪਰ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਜਿਹੜਾ ਗੁਜਰਾਤ ਸੀਟਾਂ ਦੇ ਪੱਖ ਤੋਂ ਆਸ ਬੰਨ੍ਹਾਉਂਦਾ ਹੈ, ਅਗਵਾਈ ਲਈ ਨਰਿੰਦਰ ਮੋਦੀ ਦੀ ਉਠਾਣ ਦੇ ਪੱਖ ਤੋਂ ਉਹੋ ਗੁਜਰਾਤ ਕੰਬਣੀ ਛੇੜ ਰਿਹਾ ਹੈ। ਇਸ ਸੰਕਟ ਵਿਚੋਂ ਨਿਕਲਣ ਲਈ ਉਸ ਨੇ ਆਪਣੇ ਕੇਂਦਰੀ ਲੀਡਰਾਂ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਵਿਰੁਧ ਸਾਰੇ ਦੇਸ਼ ਵਿਚ ‘ਹੱਲਾ ਬੋਲ’ ਦਾ ਪ੍ਰੋਗਰਾਮ ਉਲੀਕ ਦਿੱਤਾ ਹੈ, ਤਾਂ ਕਿ ਗੁਜਰਾਤ ਦੇ ਬਾਹਰੋਂ ਏਨੀਆਂ ਕੁ ਸੀਟਾਂ ਜਿੱਤਣ ਦਾ ਜ਼ੋਰ ਲਾਇਆ ਜਾਵੇ ਕਿ ਅੰਤਲੇ ਲੇਖੇ ਵਿਚ ਨਰਿੰਦਰ ਮੋਦੀ ਨੂੰ ਸ਼ੀਸ਼ਾ ਵਿਖਾਇਆ ਜਾ ਸਕੇ। ਇਸ ਤਰ੍ਹਾਂ ਉਹ ਪਾਰਟੀ ਹੁਣ ਕਾਂਗਰਸ ਨੂੰ ਨਿਸ਼ਾਨਾ ਮੰਨ ਕੇ ਚੱਲਣ ਦੀ ਬਜਾਏ ਆਪਣੇ ਘਰ ਵਿਚ ਪੈਦਾ ਹੋਏ ਟਕਰਾਵਾਂ ਦੇ ਕਾਰਨ ਆਪਸੀ ਨਿਸ਼ਾਨੇ ਫੁੰਡਣ ਦੀ ਉਸ ਤਿਆਰੀ ਵਿਚ ਜੁੱਟ ਗਈ ਹੈ, ਜਿਸ ਤੋਂ ਉਸ ਨੂੰ ਚੋਣਾਂ ਵਿਚ ਫਾਇਦਾ ਹੋਣ ਦੀ ਖੁਦ ਨੂੰ ਹੀ ਆਸ ਘੱਟ ਨਜ਼ਰ ਆਉਂਦੀ ਹੈ।
ਇਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਹੁਣ ‘ਹੱਲਾ ਬੋਲ’ ਵਰਗਾ ਪ੍ਰੋਗਰਾਮ ਮਿਥਣ ਦਾ ਕਾਰਨ ਸਿਰਫ ਕਾਂਗਰਸ ਜਾਂ ਨਰਿੰਦਰ ਮੋਦੀ ਦਾ ਵਿਰੋਧ ਨਹੀਂ, ਇੱਕ ਪੱਖ ਹੋਰ ਵੀ ਹੈ। ਇੱਕ ਪਾਸੇ ਬਾਬਾ ਅੰਨਾ ਹਜ਼ਾਰੇ ਨਵਾਂ ਮੋਰਚਾ ਲਾਉਣ ਤੁਰ ਪਿਆ ਹੈ, ਜਿਹੜਾ ਭਾਜਪਾ ਨਾਲ ਲਿਹਾਜ ਰੱਖਦੀ ਕਿਰਨ ਬੇਦੀ ਦੇ ਆਪਣੇ ਨਾਲ ਖੜੀ ਹੁੰਦਿਆਂ ਵੀ ਇਸ ਵਾਰੀ ਕਾਂਗਰਸ ਅਤੇ ਭਾਜਪਾ-ਦੋਵਾਂ ਬਾਰੇ ਬਰਾਬਰ ਗੁਬਾਰ ਕੱਢ ਰਿਹਾ ਹੈ। ਦੂਸਰੇ ਪਾਸੇ ਰਾਜਨੀਤੀ ਦੇ ਖੇਤਰ ਵਿਚ ਅਰਵਿੰਦ ਕੇਜਰੀਵਾਲ ਆ ਵੜਿਆ ਹੈ। ਉਹ ਜਦੋਂ ਬਾਬਾ ਅੰਨਾ ਦੇ ਨਾਲ ਖੜੋ ਕੇ ਕਾਂਗਰਸ ਦੇ ਕੇਂਦਰੀ ਮੰਤਰੀਆਂ ਤੇ ਹੋਰ ਆਗੂਆਂ ਦੇ ਖਿਲਾਫ ਚਾਂਦਮਾਰੀ ਕਰਦਾ ਸੀ, ਭਾਜਪਾ ਦੇ ਆਗੂ ਇਹ ਸਮਝਦੇ ਸਨ ਕਿ ਉਹ ਜਿੰਨੀ ਤਿੱਖੀ ਤੋਰ ਤੁਰੇਗਾ, ਓਨਾ ਕਾਂਗਰਸ ਦਾ ਨੁਕਸਾਨ ਹੋਵੇਗਾ ਤੇ ਇਸ ਦਾ ਰਾਜਸੀ ਲਾਭ ਵਿਰੋਧੀ ਧਿਰ ਦੀ ਮੁੱਖ ਪਾਰਟੀ ਹੋਣ ਕਰ ਕੇ ਅਸੀਂ ਹੀ ਲਵਾਂਗੇ। ਹੁਣ ਇਹ ਗੱਲ ਨਹੀਂ ਰਹਿ ਗਈ। ਸਾਰੇ ਦੇਸ਼ ਵਿਚ ਇਹ ਗੱਲ ਜ਼ੋਰ ਫੜ ਗਈ ਹੈ ਕਿ ਜਿਹੜਾ ਕੰਮ ਵਿਰੋਧੀ ਧਿਰ ਦੀ ਮੁੱਖ ਪਾਰਟੀ ਵਜੋਂ ਭਾਜਪਾ ਨੂੰ ਕਰਨਾ ਬਣਦਾ ਸੀ, ਜੇ ਉਹ ਕਰਦੀ ਹੁੰਦੀ ਤਾਂ ਬਾਹਰ ਇਹ ਅੰਦੋਲਨ ਅੰਨਾ ਹਜ਼ਾਰੇ ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਨਹੀਂ ਚੱਲਣੇ ਸਨ। ਭਾਜਪਾ ਦੀ ਅਗਵਾਈ ਗਲੀਆਂ ਅਤੇ ਬਾਜ਼ਾਰਾਂ ਵਿਚ ਨਾ ਸਹੀ, ਪਾਰਲੀਮੈਂਟ ਵਿਚ ਵੀ ਖਾਸ ਨਹੀਂ ਦਿੱਸੀ। ਆਪਣੇ ਖਿਲਾਫ ਬਣੇ ਇਸ ਪ੍ਰਭਾਵ ਨੂੰ ਦੂਰ ਕਰਨ ਲਈ ਵੀ ਭਾਜਪਾ ਲੀਡਰਸ਼ਿਪ ਨੂੰ ਸਰਗਰਮ ਹੋਣਾ ਪਿਆ ਹੈ। ਇਸ ਮੋੜ ਉਤੇ ਆ ਕੇ ਉਸ ਦੀ ਸਰਗਰਮੀ ਲੋਕਾਂ ਵਿਚ ਇਹ ਪ੍ਰਭਾਵ ਵਧਾਉਣ ਵਾਲੀ ਸਾਬਤ ਹੋਈ ਹੈ ਕਿ ਚੋਣਾਂ ਇਸ ਵਾਰ ਵੇਲੇ ਤੋਂ ਪਹਿਲਾਂ ਆ ਜਾਣੀਆਂ ਹਨ।
ਅੰਦਾਜ਼ੇ ਹਰ ਕੋਈ ਲਾ ਸਕਦਾ ਹੈ ਤੇ ਇਨ੍ਹਾਂ ਉਤੇ ਕੋਈ ਰੋਕ ਨਹੀਂ ਹੁੰਦੀ। ਇਹੋ ਜਿਹੇ ਅੰਦਾਜ਼ੇ ਪਿਛਲੀ ਵਾਰ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਾਏ ਸਨ ਕਿ ਬਾਦਲ ਸਰਕਾਰ ਨੇ ਪੰਜ ਸਾਲ ਨਹੀਂ ਕੱਢ ਸਕਣੇ, ਤੇ ਉਹ ਪੰਜ ਸਾਲ ਕੱਢ ਕੇ ਦੋਬਾਰਾ ਪੰਜ ਸਾਲ ਰਾਜ ਕਰਨ ਲਈ ਅੱਗੇ ਆ ਗਈ ਹੈ। ਹੁਣ ਕਾਂਗਰਸ ਦੀ ਇੱਕ ਬੀਬੀ ਕਹਿ ਰਹੀ ਹੈ ਕਿ ਬਾਦਲ ਸਰਕਾਰ ਨੇ ਪੰਜ ਸਾਲ ਨਹੀਂ ਕੱਢ ਸਕਣੇ। ਅੰਦਾਜ਼ੇ ਹੀ ਤਾਂ ਹਨ, ਜਿਨ੍ਹਾਂ ਉਤੇ ਕੋਈ ਰੋਕ ਨਹੀਂ। ਕੇਂਦਰ ਦੀ ਸਰਕਾਰ ਬਾਰੇ ਵੀ ਭਾਜਪਾ ਦੇ ਲੀਡਰ ਉਦੋਂ ਤੋਂ ਇਹ ਕਹਿ ਰਹੇ ਹਨ ਕਿ ਇਸ ਨੇ ਆਪਣੀ ਮਿਆਦ ਪੂਰੀ ਨਹੀਂ ਕਰ ਸਕਣੀ, ਜਦੋਂ ਉਸ ਨੂੰ ਬਣੀ ਨੂੰ ਹਾਲੇ ਇੱਕ ਸਾਲ ਨਹੀਂ ਸੀ ਹੋਇਆ। ਇਸ ਦੇ ਬਾਵਜੂਦ ਇਹ ਸਰਕਾਰ ਨਾ ਸਿਰਫ ਚੱਲਦੀ ਰਹੀ, ਸਗੋਂ ਇਹ ਆਪਣੇ ਉਤੇ ਆਜ਼ਾਦੀ ਮਿਲਣ ਦੇ ਦਿਨ ਤੋਂ ਬਾਅਦ ਦੇ ਸਭ ਤੋਂ ਵੱਡੇ ਸਿਆਸੀ ਹਮਲਿਆਂ ਦੇ ਬਾਵਜੂਦ ਚੱਲਦੀ ਰਹੀ ਹੈ। ਜਿਵੇਂ ਹੁਣ ਤੱਕ ਚੱਲਦੀ ਰਹੀ ਹੈ, ਉਵੇਂ ਹੀ ਇਹ ਸਰਕਾਰ ਅੱਗੇ ਵੀ ਚੱਲਦੀ ਰਹਿ ਸਕਦੀ ਹੈ।
ਕਾਂਗਰਸ ਪਾਰਟੀ ਨੇ ਜੇ ਮਿਆਦ ਪੂਰੀ ਕਰਨ ਤੋਂ ਪਹਿਲਾਂ ਲੋਕ ਸਭਾ ਚੋਣਾਂ ਦਾ ਖਤਰਾ ਹੀ ਸਹੇੜਨਾ ਹੋਵੇ ਤਾਂ ਉਹ ਸਿਰਫ ਦੋ ਗੱਲਾਂ ਕਰ ਕੇ ਸਹੇੜ ਸਕਦੀ ਹੈ। ਪਹਿਲੀ ਇਹ ਕਿ ਉਸ ਦੇ ਸਾਥੀ ਉਸ ਦਾ ਸਾਥ ਛੱਡਣਾ ਸ਼ੁਰੂ ਕਰ ਦੇਣ ਤੇ ਸਰਕਾਰ ਚਲਾਉਣੀ ਔਖੀ ਹੋ ਜਾਵੇ। ਇਹ ਖਤਰਾ ਹਾਲ ਦੀ ਘੜੀ ਨਜ਼ਰ ਨਹੀਂ ਆ ਰਿਹਾ। ਬਸਪਾ ਦੀ ਮੁਖੀ ਬੀਬੀ ਮਾਇਆਵਤੀ ਨੇ ਇਹੋ ਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਉਹ ਮਨਮੋਹਨ ਸਿੰਘ ਸਰਕਾਰ ਤੋਂ ਕੁਝ ਦੂਰੀ ਪਾ ਜਾਵੇਗੀ ਜਾਂ ਉਸ ਨੂੰ ਡੇਗਣ ਵਾਲਿਆਂ ਨਾਲ ਜਾ ਖੜੋਵੇਗੀ। ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਨੇ ਆਪਣੇ 55 ਉਮੀਦਵਾਰ ਐਲਾਨ ਕਰਨ ਸਮੇਂ ਵੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਾਲੇ ਦੋ ਹਲਕੇ ਛੱਡ ਦਿੱਤੇ ਹਨ, ਕਿਉਂਕਿ ਜਦੋਂ ਉਸ ਦੀ ਨੂੰਹ ਡਿੰਪਲ ਯਾਦਵ ਨੇ ਚੋਣ ਲੜੀ ਸੀ, ਕਾਂਗਰਸ ਨੇ ਉਸ ਦੇ ਮੁਕਾਬਲੇ ਕਿਸੇ ਨੂੰ ਖੜਾ ਨਹੀਂ ਸੀ ਕੀਤਾ ਤੇ ਉਸ ਦੀ ਜਿੱਤ ਸੌਖੀ ਬਣਾ ਦਿੱਤੀ ਸੀ। ਜਦੋਂ ਉਨ੍ਹਾਂ ਦੀ ਉਤਰ ਪ੍ਰਦੇਸ਼ ਵਿਚ ਇਹੋ ਜਿਹੀ ਸਾਂਝ ਚੱਲ ਰਹੀ ਹੈ ਤਾਂ ਕੇਂਦਰ ਦੀ ਸਰਕਾਰ ਦਾ ਫੱਟਾ ਵੀ ਛੇਤੀ ਨਹੀਂ ਖਿੱਚਣ ਲੱਗੇ। ਕੇਂਦਰ ਦੀ ਸਰਕਾਰ ਨੂੰ ਜਦੋਂ ਤੱਕ ਦੋ ਆਪੋ ਵਿਚ ਵਿਰੋਧੀ ਆਗੂਆਂ ਮਾਇਆਵਤੀ ਤੇ ਮੁਲਾਇਮ ਸਿੰਘ ਦਾ ਸਾਥ ਹਾਸਲ ਹੈ, ਉਹ ਸਰਕਾਰ ਟੁੱਟਣ ਨਹੀਂ ਲੱਗੀ।
ਅਗਾਊਂ ਚੋਣਾਂ ਦਾ ਖਤਰਾ ਸਹੇੜਨ ਲਈ ਦੂਸਰਾ ਪੱਖ ਇਹ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਨੂੰ ਹਵਾ ਦਾ ਰੁਖ ਆਪਣੇ ਵੱਲ ਜਾਪਦਾ ਹੋਵੇ। ਇਸ ਪੱਖੋਂ ਬਿਲਕੁਲ ਹੀ ਕਾਟਾ ਵੱਜ ਜਾਂਦਾ ਹੈ। ਕਾਂਗਰਸ ਪਾਰਟੀ ਲਈ ਇਹ ਸਾਲ ਬਹੁਤਾ ਚੰਗਾ ਨਹੀਂ ਰਿਹਾ। ਪੰਜਾਬ ਵਿਚ ਉਹ ਜਿੱਤੀ ਹੋਈ ਬਾਜ਼ੀ ਹਾਰ ਗਈ ਸੀ। ਗੋਆ ਉਸ ਦੇ ਹੱਥੋਂ ਨਿਕਲ ਗਿਆ। ਜਿਸ ਰਾਹੁਲ ਗਾਂਧੀ ਨੂੰ ਹੁਣ ਚੋਣ ਤਾਲਮੇਲ ਕਮੇਟੀ ਦਾ ਮੁਖੀ ਬਣਾਇਆ ਹੈ, ਉਸ ਦੀ ਪਰਖ ਦੀ ਕਸਵੱਟੀ ਵਜੋਂ ਪੇਸ਼ ਕੀਤੇ ਗਏ ਉਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਚੜ੍ਹਤ ਦੀ ਝਾਕ ਨੂੰ ਫਲ ਨਹੀਂ ਲੱਗ ਸਕਿਆ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਨਾਲ ਮਿਲ ਕੇ ਕੁਝ ਸੀਟਾਂ ਆ ਸਕਦੀਆਂ ਸਨ, ਪਰ ਉਸ ਦੇ ਨਾਲ ਨਿਭ ਨਹੀਂ ਸਕੀ ਤੇ ਉਸ ਨਾਲੋਂ ਟੁੱਟ ਕੇ ਜਿਹੜਾ ਹਾਲ ਹੋਣਾ ਹੈ, ਉਸ ਦਾ ਪਤਾ ਰਾਸ਼ਟਰਪਤੀ ਪ੍ਰਣਬ ਮੁਕਰਜੀ ਦੇ ਪੁੱਤਰ ਵੱਲੋਂ ਆਪਣੇ ਪਿਤਾ ਦੀ ਛੱਡੀ ਹੋਈ ਸੀਟ ਰਿੜ-ਖੁੜ੍ਹ ਕੇ ਜਿੱਤਣ ਤੋਂ ਲੱਗ ਸਕਦਾ ਹੈ। ਆਂਧਰਾ ਪ੍ਰਦੇਸ਼ ਵਿਚ ਪਿਛਲੀਆਂ ਸੀਟਾਂ ਵਿਚੋਂ ਅੱਧੀਆਂ ਵੀ ਇਸ ਵਾਰੀ ਨਹੀਂ ਆ ਸਕਣੀਆਂ ਤੇ ਤਾਮਿਲਨਾਡੂ ਵਿਚ ਨਾ ਉਸ ਦੇ ਆਪਣੇ ਪੱਲੇ ਕੁਝ ਦਿੱਸਦਾ ਹੈ ਅਤੇ ਨਾ ਉਸ ਦੀ ਸਹਿਯੋਗੀ ਡੀ ਐਮ ਕੇ ਪਾਰਟੀ ਦੇ ਪੱਲੇ ਕੁਝ ਪੈ ਸਕਣਾ ਹੈ।
ਇਹੋ ਜਿਹੇ ਹਾਲਾਤ ਵਿਚ ਵੇਲੇ ਤੋਂ ਪਹਿਲਾਂ ਪਾਰਲੀਮੈਂਟ ਚੋਣਾਂ ਕਰਵਾ ਲੈਣ ਦਾ ਰਿਸਕ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਕਿਉਂ ਲਵੇਗੀ, ਇਸ ਦਾ ਕੋਈ ਕਾਰਨ ਸਾਨੂੰ ਦਿਖਾਈ ਨਹੀਂ ਦਿੰਦਾ। ਇਸ ਦੇ ਬਾਵਜੂਦ ਚੋਣਾਂ ਲਈ ਤਿਆਰ ਹੋ ਜਾਣ ਦਾ ਰੌਲਾ ਹਰ ਪਾਸੇ ਸੁਣਾਈ ਦੇ ਰਿਹਾ ਹੈ ਤਾਂ ਕਾਰਨ ਚੋਣਾਂ ਨਹੀਂ, ਇੱਕ ਖਾਸ ਤਰ੍ਹਾਂ ਦੀ ਰਾਜਨੀਤੀ ਹੋ ਸਕਦੀ ਹੈ। ਰਾਜ ਕਰਦੀ ਧਿਰ ਦੀ ਅਗਵਾਨੂੰ ਪਾਰਟੀ ਇਹ ਪ੍ਰਭਾਵ ਪੈਦਾ ਕਰਕੇ ਸਾਰਿਆਂ ਦਾ ਧਿਆਨ ਉਸ ਪਾਸੇ ਲਾ ਸਕਦੀ ਹੈ ਕਿ ਹੁਣ ਬਾਕੀ ਗੱਲਾਂ ਲਈ ਐਵੇਂ ਸਿੰਗ ਫਸਾਈ ਜਾਣ ਦਾ ਫਾਇਦਾ ਨਹੀਂ ਰਿਹਾ, ਚੋਣਾਂ ਹੋਣ ਵਾਲੀਆਂ ਹਨ, ਸਾਰਾ ਜ਼ੋਰ ਉਧਰ ਲਾਇਆ ਜਾਵੇ। ਕਾਂਗਰਸ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਏਨੀ ਸਿਆਣੀ ਜਾਪਦੀ ਤਾਂ ਨਹੀਂ, ਪਰ ਜੇ ਇਸ ਵਾਰ ਉਹ ਇਹ ਦਾਅ ਖੇਡ ਗਈ ਹੋਵੇ ਤਾਂ ਮੰਨਣਾ ਪੈ ਜਾਵੇਗਾ ਕਿ ਰਾਜਸੀ ਪੱਖ ਤੋਂ ਇੱਕ ਸਫਲ ਚਾਲ ਉਸ ਨੇ ਚੱਲ ਲਈ ਹੈ, ਜਿਸ ਨਾਲ ਉਸ ਨੇ ਕਈਆਂ ਨੂੰ ਬਿਨਾਂ ਸ਼ਿਕਾਰ ਨਿਕਲੇ ਤੋਂ ਦੌੜਾਂ ਲਾਉਣ ਲਾ ਦਿੱਤਾ ਹੈ।

Be the first to comment

Leave a Reply

Your email address will not be published.