ਜੀਹਦੀ ਕੋਠੀ ਵਿਚ ਨੇ ਦਾਣੇ…

ਮੇਜਰ ਕੁਲਾਰ ਬੋਪਾਰਾਏਕਲਾਂ
ਫੋਨ:916-273-2856
ਇਕ ਗਰੀਬੀ, ਦੂਜਾ ਰੰਗ ਪੱਕਾ। ਫਿਰ ਰਿਸ਼ਤੇ ਦੀ ਉਡੀਕ ਕਰਨੀ ਵੱਡੀ ਬੇਵਕੂਫੀ ਸੀ, ਪਰ ਮਾਤਾ ਹਮੇਸ਼ਾ ਵੱਡੀ ਭਰਜਾਈ ਨੂੰ ਆਪਣੀ ਛੋਟੀ ਭੈਣ ਦਾ ਸਾਕ ਲਿਆਉਣ ਲਈ ਕਹਿੰਦੀ ਰਹਿੰਦੀ। ਭਰਜਾਈ ਖੁੱਲ੍ਹ ਕੇ ਜਵਾਬ ਤਾਂ ਨਹੀਂ ਸੀ ਦਿੰਦੀ ਪਰ ਮੱਥੇ ਦੀਆਂ ਤਿਊੜੀਆਂ ਨਾਂਹ-ਪੱਖੀ ਹੁੰਗਾਰਾ ਭਰਦੀਆਂ ਸਨ। ਮਾਤਾ ਦਾ ਕੱਦ-ਕਾਠ ਉਚਾ ਲੰਮਾ ਸੀ ਤੇ ਰੰਗ ਗੋਰਾ, ਤੇ ਬਾਪੂ ਬਿਲਕੁਲ ਉਲਟ ਸੀ। ਰੰਗ ਕਾਲਾ ਤੇ ਕੱਦ ਮੱਧਰਾ, ਯਾਨਿ ਮੈਂ ਉਸ ਦੀ ਦੂਜੀ ਕਾਪੀ ਸੀ। ਵੱਡਾ ਭਰਾ ਤੇ ਵੱਡੀ ਭੈਣ ਮਾਤਾ ਵਰਗੇ ਸਨ, ਪਤਾ ਨਹੀਂ ਮੇਰੀ ਵਾਰੀ ਰੱਬ ਕੋਲ ਰੰਗ ਮੁੱਕ ਗਿਆ ਸੀ। ਵੱਡੇ ਭਾਈ ਦੇ ਵਿਆਹ ਵਿਚ ਮੈਂ ਸਰਬਾਲਾ ਬਣਨ ਦੀ ਜ਼ਿੱਦ ਕੀਤੀ। ਮਾਤਾ ਨੇ ਆਪਣੇ ਭਤੀਜੇ ਨੂੰ ਸਰਬਾਲਾ ਬਣਾਉਣਾ ਸੀ, ਪਰ ਮੇਰੀ ਜ਼ਿੱਦ ਪੁੱਗ ਗਈ। ਵਿਆਹ ਵਿਚ ਕੰਮ ਕਰ ਕੇ ਅਸੀਂ ਯੂæਪੀæ ਦਾ ਭਈਆ ਰੱਖ ਲਿਆ। ਵਿਆਹ ਵਾਲੇ ਦਿਨ ਉਹ ਵੀ ਕਿਸੇ ਤੋਂ ਪੱਗ ਬੰਨ੍ਹਵਾ ਲਿਆਇਆ। ਜਦੋਂ ਜੰਝ ਚੜ੍ਹਨ ਲੱਗੀ ਤਾਂ ਮਾਤਾ ਭਈਏ ਨੂੰ ਆਖੀ ਜਾਵੇ, “ਵੇ ਮਿੱਠਿਆ! ਆ ਜਾ ਸਲਾਮੀ ਪੁਆ ਲੈ।” ਇੱਧਰ, ਮੈਨੂੰ ਸਾਡਾ ਚਾਚਾ ਕਹਿੰਦਾ, “ਦੇਖ ਭਈਆ, ਉਥੇ ਜਾ ਕੇ ਖਰਾਬੀ ਨਹੀਂ ਕਰਨੀ।”
ਮੈਂ ਹੈਰਾਨ ਹੋਇਆ ਜਦੋਂ ਮੇਰੇ ਨਾਲ ਇੰਜ ਹੀ ਤਿੰਨ-ਚਾਰ ਵਾਰ ਹੋਇਆ। ਮੈਂ ਜਾ ਕੇ ਭਈਆ ਫੜ ਲਿਆ ਜਿਹੜਾ ਮੇਰਾ ਹਮ-ਉਮਰ ਹੀ ਸੀ, “ਉਏ ਭਈਆ! ਲਾਹ ਪੱਗ। ਕਿਵੇਂ ਸਾਲਾ ਪੱਗ ਬੰਨ੍ਹ ਕੇ ਟਿੰਡਿਆਂ ਵਾਲਿਆਂ ਦਾ ਜਵਾਈ ਬਣਿਆ ਫਿਰਦਾ ਹੈ।” ਭਈਆ ਕਹੇ, “ਸਰਦਾਰ ਜੀ, ਮੈਂ ਪਗੜੀ ਉਤਾਰਨੀ ਨਹੀਂ ਹੈ।”
ਗੱਲ ਮੂੰਹੋਂ-ਮੂੰਹੀਂ ਸਾਰੇ ਤੁਰ ਗਈ। ਲੋਕ ਨਾਲੇ ਹੱਸੀ ਜਾਣ, ਨਾਲੇ ਕਹੀ ਜਾਣ, ਬਈ ਸਰਬਾਲਾ ਜ਼ਿਆਦਾ ਭਈਆ ਜਚਦਾ ਹੈ, ਮਿੱਠੇ ਨੂੰ ਰਹਿਣ ਦਿਓ। ਮੈਂ ਆਪਣੀ ਟੌਹਰ ਬਣਾਉਣ ਲਈ ਭਈਏ ਦੀ ਟੌਹਰ ਸਿਰੋਂ ਉਤਾਰ ਦਿੱਤੀ। ਭਾਈ ਦੇ ਸਹੁਰਿਆਂ ਨੇ ਸਾਡਾ ਚੰਗਾ ਸਵਾਗਤ ਕੀਤਾ। ਭਾਈ ਦੀਆਂ ਸਾਲੀਆਂ ਨੇ ਮੇਰੇ ਰੰਗ ਦੇ ਜੋ-ਜੋ ਗੁਣ ਗਾਏ, ਇਕ ਵਾਰ ਤਾਂ ਮੈਂ ਬੜਾ ਪਛਤਾਇਆ ਕਿ ਜੇ ਇੰਜ ਹੀ ਹੋਣੀ ਸੀ ਤਾਂ ਚੰਗਾ ਸੀ ਭਈਆ ਹੀ ਪੱਗ ਬੰਨ੍ਹ ਕੇ ਆ ਜਾਂਦਾ, ਤੇ ਮੈਂ ਉਸ ਨੂੰ ਬਿਠਾ ਕੇ ਆਪ ਖਿਸਕ ਜਾਂਦਾ।
ਕਾਲੇ ਰੰਗ ਦੀਆਂ ਗੱਲਾਂ ਤੇ ਟਿੱਚਰਾਂ ਸੁਣ ਕੇ ਮੈਂ ਬਹੁਤ ਸ਼ਰਮਿੰਦਾ ਹੁੰਦਾ ਰਿਹਾ। ਵਿਆਹ ਤੋਂ ਬਾਅਦ ਭਰਜਾਈ ਨੇ ਮਿੱਠੀਆਂ ਰੋਟੀਆਂ ਬਣਾਈਆਂ। ਸਾਰੇ ਰੋਟੀ ਖਾ ਰਹੇ ਸਨ। ਮੈਂ ਵੀ ਚੋਰੀ-ਚੋਰੀ ਭਰਜਾਈ ਦੀਆਂ ਗੋਰੀਆਂ ਬਾਹਾਂ ਵਿਚ ਛਣਕਦਾ ਚੂੜਾ ਦੇਖ ਰਿਹਾ ਸੀ। ਚੌਂਕੇ-ਚੁੱਲ੍ਹੇ ਦੀ ਗੁਲਾਮੀ ਗਲੋਂ ਲਾਹ ਕੇ ਮਾਤਾ ਵੀ ਮੰਜੇ ‘ਤੇ ਪਟਰਾਣੀ ਬਣੀ ਬੈਠੀ ਸੀ। ਚਾਰ ਕੁ ਕਦਮਾਂ ਦੀ ਵਿੱਥ ‘ਤੇ ਭਈਆ ਬੈਠਾ ਰੋਟੀ ਖਾ ਰਿਹਾ ਸੀ। ਮਾਤਾ ਭਰਜਾਈ ਨੂੰ ਕਹਿੰਦੀ, “ਕੁੜੇ ਦਲਜੀਤ, ਮਿੱਠੇ ਨੂੰ ਵੀ ਮੱਖਣੀ ਪਾ ਦੇ।”
“ਜੀ ਬੀਬੀ ਜੀ।” ਭਰਜਾਈ ਦੇ ਬੋਲਾਂ ਵਿਚ ਮਿਸਰੀ ਨਾਲੋਂ ਵੱਧ ਮਿਠਾਸ ਸੀ। ਮੈਂ ਮੰਜੇ ‘ਤੇ ਬਾਬੂ ਬਣ ਕੇ ਬੈਠ ਗਿਆ ਕਿ ਹੁਣ ਭਰਜਾਈ ਆਊਗੀ। ਭਰਜਾਈ ਸਿੱਧੀ ਭਈਏ ਵੱਲ ਗਈ, ਤੇ ਉਸ ਨੂੰ ਮੱਖਣੀ ਦਾ ਚਮਚਾ ਪਾ ਆਈ। ਮੈਂ ਹੈਰਾਨ ਹੋ ਗਿਆ। ਮਾਤਾ ਕਹਿੰਦੀ, “ਪੁੱਤ ਦਲਜੀਤ, ਮੈਂ ਮਿੱਠੇ ਨੂੰ ਮੱਖਣੀ ਪਾਉਣ ਵਾਸਤੇ ਕਿਹਾ ਸੀ।”
“ਬੀਬੀ ਜੀ, ਮੈਂ ਸੋਚਿਆ ਮਿੱਠਾ ਉਥੇ ਬੈਠਾ ਹੈ।” ਜਾਣੇ-ਅਣਜਾਣੇ ਵਿਚ ਹੋਈ ਭਰਜਾਈ ਦੀ ਗਲਤੀ ਮੈਂ ਦੂਜੇ ਦਿਨ ਭਈਏ ਦੀ ਛੁੱਟੀ ਕਰ ਕੇ ਮੁਆਫ਼ ਕਰ ਦਿੱਤੀ।
ਖੈਰ! ਮਾਤਾ ਜੀ ਦਾ ਕੰਮ ਤਾਂ ਮੁੱਕ ਗਿਆ ਪਰ ਮੇਰਾ ਕੰਮ ਵਧ ਗਿਆ। ਇਕ ਤਾਂ ਕੰਮ ਕਰਨਾ, ਦੂਜਾ ਚੋਰੀ-ਚੋਰੀ ਭਾਬੀ ਨੂੰ ਤੱਕਣਾ। ਇਕ ਦਿਨ ਮੱਝਾਂ ਨੂੰ ਪੱਠੇ ਪਾ ਰਿਹਾ ਸੀ, ਪਿੱਛੋਂ ਦੀ ਭਾਬੀ ਨੇ ਮੋਢੇ ‘ਤੇ ਸੋਟੀ ਰੱਖਦਿਆਂ ਕਿਹਾ, “ਏ ਭਈਆ, ਤੂੰ ਮੇਰੇ ਕੁ ਚੋਰੀ-ਚੋਰੀ ਕਿਉਂ ਦੇਖਤਾ ਰਹਿਤਾ ਹੈ। ਅਗਰ ਤੁਮ ਨਹੀਂ ਹਟੇ, ਤੋ ਵੱਡੇ ਸਰਦਾਰ ਜੀ ਕੋ ਬਤਾ ਦੇਊਂਗੀæææਸਮਝੇ।” ਮੈਂ ਝੱਟ ਪਿਛਾਂਹ ਮੁੜ ਕੇ ਕਿਹਾ, “ਮੇਰੀ ਸੋਹਣੀ ਭਰਜਾਈ! ਭਈਏ ਹਟੇ ਨੂੰ ਵੀਹ ਦਿਨ ਹੋ ਗਏ।” ਭਰਜਾਈ ਸ਼ਰਮਿੰਦਾ ਹੋਣ ਦੀ ਥਾਂ ਹੱਸਦੀ ਅੰਦਰ ਵੜ ਗਈ। ਭਾਈ ਦੇ ਵਿਆਹ ਤੋਂ ਬਾਅਦ ਦਿਨ ਤੀਆਂ ਵਾਂਗ ਲੱਗਣੇ ਸਨ, ਪਰ ਚਾਰ ਕੁ ਮਹੀਨਿਆਂ ਬਾਅਦ ਮਾਤਾ ਕਹਿੰਦੀ, “ਮਿੱਠਿਆ! ਤੂੰ ਚੌਂਕੇ-ਚੁੱਲ੍ਹੇ ਨੇੜੇ ਨਾ ਆਇਆ ਕਰ। ਮੈਂ ਤੈਨੂੰ ਆਪੇ ਰੋਟੀ ਫੜਾ ਦਿਆਂ ਕਰੂੰ।”
ਮੈਂ ਸੋਚਣ ਲੱਗਿਆ, ਮੈਂ ਭਰਜਾਈ ਨੂੰ ਕੁਝ ਅਜਿਹਾ ਗਲਤ ਤਾਂ ਕਿਹਾ ਨਹੀਂ, ਫਿਰ ਮੇਰੇ ਲਈ ਚੁੱਲ੍ਹੇ ਦੁਆਲੇ ਬਾਰਡਰ ਕਿਉਂ ਬਣ ਗਿਆ? ਫਿਰ ਇਕ ਦਿਨ ਮਾਤਾ ਨੇ ਬੁੜ੍ਹੀਆਂ ਵਾਲੇ ਕਹਾਣੇ ਜਿਹੇ ਪਾ ਕੇ ਦੱਸਿਆ ਕਿ ਦਲਜੀਤ ਦਾ ਪੈਰ ਭਾਰੀ ਹੋ ਗਿਆ। ਪਰਮਾਤਮਾ ਚੰਗਾ ਜੀਅ ਦੇਵੇ। ਮੈਂ ਸਮਝ ਗਿਆ ਕਿ ਘਰ ਟੁਆਂ-ਟੁਆਂ ਹੋਣ ਵਾਲੀ ਹੈ। ਮਾਤਾ ਨੇ ਮੇਰੀ ਦੂਰੀ ਇਸ ਕਰ ਕੇ ਬਣਾ ਦਿੱਤੀ ਸੀ ਕਿ ਭਰਜਾਈ ਵੀ ਨਾ ਕਿਤੇ ਮੇਰੇ ਵਰਗਾ ਨਿਆਣਾ ਜੰਮ ਦੇਵੇ। ਮਾਂਵਾਂ ਨੂੰ ਪੁੱਤ ਬਰਾਬਰ ਹੁੰਦੇ ਨੇ, ਪਰ ਮਾਤਾ ਮੈਨੂੰ ਦੂਰ ਕਰ ਕੇ ਪੋਤਾ-ਪੋਤੀ ਨੇੜੇ ਕਰ ਗਈ। ਖ਼ੈਰ! ਭਰਜਾਈ ਨੇ ਕੁੜੀ ਜੰਮ ਦਿੱਤੀ ਤੇ ਮਾਤਾ ਨੇ ਪੱਥਰ ਸਮਝਿਆ। ਸਾਨੂੰ ਦੋਵਾਂ ਭਰਾਵਾਂ ਨੂੰ ਕੋਈ ਫਰਕ ਨਾ ਪਿਆ ਪਰ ਮਾਤਾ ਤੇ ਵੱਡੀ ਇੰਜ ਬੈਠ ਗਈਆਂ ਜਿਵੇਂ ਕਿਸੇ ਐਕਸੀਡੈਂਟ ਵਿਚ ਗੱਭਰੂ ਪੁੱਤ ਦੀ ਮੌਤ ਹੋ ਗਈ ਹੋਵੇ। ਕਹਿੰਦੇ ਨੇ, ਧੀ ਜੰਮੇ ਤਾਂ ਘਰ ਲਕਸ਼ਮੀ ਆਉਂਦੀ ਹੈ, ਇਹ ਗੱਲ ਸੱਚੀ ਹੋਈ। ਅਸੀਂ ਪੰਚਾਇਤ ਦੀ ਜ਼ਮੀਨ ਸਸਤੇ ਭਾਅ ਠੇਕੇ ‘ਤੇ ਲੈ ਲਈ। ਪਹਿਲਾਂ ਮੂੰਗੀ ਵੀ ਵਧੀਆ ਝਾੜ ਦੇ ਗਈ, ਫਿਰ ਕਣਕ ਵੀ। ਦੋਵੇਂ ਫਸਲਾਂ ਸਾਡਾ ਘਰ ਪੂਰਾ ਕਰ ਕੇ ਚਾਰ ਰੁਪਏ ਬਚਾ ਵੀ ਗਈਆਂ। ਦੂਜੇ ਸਾਲ ਅਸੀਂ ਪੰਚਾਇਤ ਦਾ ਦੂਜਾ ਟੱਕ ਵੀ ਲੈ ਲਿਆ। ਭਤੀਜੀ ਨਾਲ ਸਾਡੀ ਆਮਦਨੀ ਵੀ ਵਧਦੀ ਗਈ। ਅਸੀਂ ਸੁਖਾਲੇ ਜਿਹੇ ਹੋ ਕੇ ਘਰ ਪਾ ਲਿਆ। ਘਰੇ ਚਾਰ ਮਣ ਦਾਣੇ ਦੇਖ ਕੇ ਮਾਤਾ ਨੇ ਭਰਜਾਈ ਨੂੰ ਮੇਰੇ ਰਿਸ਼ਤੇ ਬਾਰੇ ਕਿਹਾ, ਪਰ ਭਰਜਾਈ ਕੀ ਜਵਾਬ ਦਿੰਦੀ। ਉਹ ਤਾਂ ਪਹਿਲਾਂ ਹੀ ਧੀ ਜੰਮ ਕੇ ਮਾਤਾ ਦੀਆਂ ਅੱਖਾਂ ਵਿਚ ਰੜਕਣ ਲੱਗ ਪਈ ਸੀ। ਔਰਤ, ਔਰਤ ਨੂੰ ਜਨਮ ਦੇ ਕੇ ਔਰਤ ਹੱਥੋਂ ਹੀ ਜਲੀਲ ਹੋ ਰਹੀ ਸੀ।
ਭਰਜਾਈ ਹਾਂ-ਹੂੰ ਕਰ ਦਿੰਦੀ। ਭਰਜਾਈ ਦੀ ਭੈਣ ਤਾਂ ਸਮਝੋ ਦੋ ਸੌ ਵਾਟ ਦਾ ਲਾਟੂ ਸੀ ਜਿਹੜਾ ਕਈ ਘਰਾਂ ਵਿਚ ਚਾਨਣ ਕਰ ਦਿੰਦਾ ਪਰ ਮੈਨੂੰ ਲੱਗਦਾ ਸੀ, ਮੇਰੇ ਕਰਮ ਵੀ ਮੇਰੇ ਰੰਗ ਵਾਂਗ ਕਾਲੇ ਹੀ ਹਨ। ਮੇਰੇ ਕਰਮਾਂ ਵਿਚ ਹੁਸਨ ਦਾ ਲਾਟੂ ਨਹੀਂ, ਕੋਈ ਮਾੜੀ ਮੋਟੀ ਮੋਮਬੱਤੀ ਹੀ ਲਿਖੀ ਹੋਵੇਗੀ। ਗੱਲਾਂ ਤੁਰਦੀਆਂ ਰਹਿੰਦੀਆਂ, ਹੁੰਗਾਰੇ ਭਰੇ ਜਾਂਦੇ ਰਹੇ ਪਰ ਮੇਰੇ ਸਿਹਰਾ ਨਾ ਬੰਨ੍ਹ ਹੋਇਆ। ਭਰਜਾਈ ਨੇ ਦੂਜੀ ਧੀ ਜੰਮ ਦਿੱਤੀ। ਫਿਰ ਕੀ ਸੀ, ਮਾਤਾ ਤੇ ਭਰਜਾਈ ਦੀ ਕਾਰਗਿਲ ਦੀ ਲੜਾਈ ਛਿੜ ਗਈ। ਮਾਤਾ ਗੱਲਾਂ-ਗੱਲਾਂ ਵਿਚ ਭਰਜਾਈ ਨੂੰ ਕਹਿ ਦਿੰਦੀ, “ਕਿਸੇ ਨੇ ਗੋਰਾ ਰੰਗ ਰਗੜ ਕੇ ਫੋੜੇ ‘ਤੇ ਲਾਉਣਾ, ਜੇ ਬੰਦੇ ਵਿਚ ਗੁਣ ਹੀ ਨਾ ਹੋਣ।” ਪੋਤੇ ਦੀ ਭੁੱਖ ਮਾਤਾ ਨੂੰ ਸੀ। ਤਾਹੀਉਂ ਉਹ ਜ਼ਿਆਦਾ ਤੜਫਦੀ ਸੀ। ਸਵਰਗਾਂ ਵਰਗੇ ਘਰ ਵਿਚ ਜਿਵੇਂ ਭੂਤਾਂ ਦਾ ਵਾਸਾ ਹੋ ਗਿਆ ਹੋਵੇ। ਮੈਨੂੰ ਆਪਣੀ ਭਰਜਾਈ ਬੇਕਸੁਰ ਜਾਪਦੀ। ਮਾਤਾ ਭਾਈ ਨੂੰ ਕਦੇ ਮਾੜਾ ਨਹੀਂ ਸੀ ਕਹਿੰਦੀ।
ਫਿਰ ਇਕ ਦਿਨ ਸਾਡੇ ਬਾਪੂ ਨੂੰ ਸੱਥ ਵਿਚ ਬੈਠਿਆਂ ਹੀ ਦੌਰਾ ਪੈ ਗਿਆ। ਉਹ ਰੱਬ ਨੂੰ ਪਿਆਰਾ ਹੋ ਗਿਆ। ਮਾਤਾ ਤੀਵੀਆਂ ਵਿਚ ਬੈਠੀ ਬੋਲੀ ਜਾਵੇ, “ਬੱਸ ਭਾਈ, ਪੋਤਾ-ਪੋਤਾ ਕਰਦਾ ਮੁੱਕ ਗਿਆ। ਵਿਚਾਰੇ ਦੇ ਕਰਮਾਂ ਵਿਚ ਪੋਤੇ ਦਾ ਮੂੰਹ ਦੇਖਣਾ ਨਹੀਂ ਸੀ ਲਿਖਿਆ।” ਹਰ ਗੱਲ ਜਾਂ ਨੁਕਸਾਨ ਵਿਚ ਮਾਤਾ ਮੇਰੀ ਭਰਜਾਈ ਨੂੰ ਸੂਲੀ ਟੰਗਣ ਵਾਸਤੇ ਤਿਆਰ ਰਹਿੰਦੀ। ਜਿਹੋ ਜਿਹੇ ਘਰ ਦੇ ਹਾਲਾਤ ਮਾਤਾ ਨੇ ਪੈਦਾ ਕਰ ਦਿੱਤੇ ਸਨ, ਮੈਨੂੰ ਨਹੀਂ ਸੀ ਲੱਗਦਾ ਕਿ ਭਰਜਾਈ ਗੋਰਿਆਂ ਹੱਥਾਂ ਨਾਲ ਸੁਰਮਾ ਪਾ ਕੇ ਆਪਣੀ ਭੈਣ ਦੀ ਡੋਲੀ ਲੈਣ ਵਾਸਤੇ ਜਾਊਗੀ। ਬਾਪੂ ਦੇ ਭੋਗ ‘ਤੇ ਭਰਜਾਈ ਦੀ ਭੈਣ ਵੀ ਆਈ। ਸੋਹਣੀ ਲੱਗ ਰਹੀ ਸੀ। ਉਸ ਨੂੰ ਦੇਖ ਕੇ ਮੈਥੋਂ ਰੱਬ ਨੂੰ ਮੰਦਾ ਬੋਲ ਹੋ ਗਿਆ, ਕਿ ਗੋਰੇ ਰੰਗ ਦੀ ਖਾਲੀ ਡੱਬੀ ਹੀ ਮੇਰੇ ‘ਤੇ ਸੁੱਟ ਦਿੰਦਾ ਤੇ ਮੇਰਾ ਰੰਗ ਘੱਟੋ-ਘੱਟ ਕਣਕਵੰਨਾ ਹੀ ਹੋ ਜਾਂਦਾ। ਸ਼ਾਇਦ ਉਨਾ ਦੁੱਖ ਰਾਂਝੇ ਨੂੰ ਹੀਰ ਦੇ ਵਿਛੜਨ ਦਾ ਨਹੀਂ ਲੱਗਿਆ ਹੋਵੇਗਾ, ਜਿੰਨਾ ਮੈਨੂੰ ਉਸ ਦੇ ਜਾਣ ਤੋਂ ਬਾਅਦ ਲੱਗਿਆ।
ਮੇਰੀ ਹੀਰ ਵਿਛੜ ਗਈ, ਉਸ ਨੂੰ ਕੋਈ ਹੋਰ ਵਿਆਹ ਕੇ ਲੈ ਗਿਆ ਤੇ ਮੇਰਾ ਦਿਲ ਟੁੱਟ ਗਿਆ। ਸੁਣਿਆ, ਕੋਈ ਕੈਨੇਡਾ ਵਾਲਾ ਲੈ ਗਿਆ ਹੈ। ਬਾਪੂ ਦੇ ਮਰਨ ਤੋਂ ਬਾਅਦ ਸਾਡੀ ਜ਼ਮੀਨ ਸਾਡੇ ਦੋਵਾਂ ਭਰਾਵਾਂ ਦੇ ਨਾਮ ਚੜ੍ਹ ਗਈ। ਮੈਂ ਜ਼ਿੱਦ ਕਰ ਕੇ ਆਪਣਾ ਹਿੱਸਾ ਵੇਚ ਦਿੱਤਾ ਤੇ ਕੈਨੇਡਾ ਵਾਸਤੇ ਏਜੰਟ ਲੱਭਣ ਲੱਗਿਆ। ਮੇਰੀ ਹੀਰ ਨੇ ਵੀ ਕੈਨੇਡਾ ਚਲੇ ਜਾਣਾ ਸੀ। ਮੈਂ ਉਸ ਤੋਂ ਪਹਿਲਾਂ ਪਹੁੰਚਣਾ ਚਾਹੁੰਦਾ ਸੀ। ਕਿਸਮਤ ਦੇ ਰੰਗ ਨਿਆਰੇ! ਉਸ ਨਾਲ ਧੋਖਾ ਹੋ ਗਿਆ। ਕੈਨੇਡਾ ਵਾਲਾ ਮੁੜ ਨਾ ਆਇਆ। ਇੱਧਰ ਮੇਰੇ ਏਜੰਟ ਨੂੰ ਪੈਸੇ ਭਰੇ ਹੋਏ ਸਨ, ਤੇ ਹੁਣ ਜਹਾਜ਼ ਚੜ੍ਹਨ ਦੀ ਤਿਆਰੀ ਸੀ। ਮੈਂ ਭਾਵੇਂ ਘੱਟ ਪੜ੍ਹਿਆ ਸੀ, ਪਰ ਭੇਡਾਂ ਵਾਲਿਆਂ ਵਾਂਗ ਅੱਖ ਬੜੀ ਤੇਜ਼ ਸੀ। ਖ਼ੈਰ! ਘਰੋਂ ਤੁਰਨ ਲੱਗਿਆ ਤਾਂ ਭਰਜਾਈ ਨੂੰ ਮਿਲਣ ਅੰਦਰ ਗਿਆ। ਭਰਜਾਈ ਰੋਂਦੀ ਹੋਈ ਮੈਨੂੰ ਚਿੰਬੜ ਗਈ, “ਮਿੱਠਿਆ! ਮੇਰਾ ਕੋਈ ਕਸੂਰ ਨਹੀਂ। ਮੇਰੇ ਮਾਪੇ ਨਹੀਂ ਮੰਨੇ ਪਰੀਤੋ ਦੇ ਰਿਸ਼ਤੇ ਵਾਸਤੇ। ਹੁਣ ਉਹ ਵੀ ਪਛਤਾਉਂਦੇ ਨੇ। ਰੰਗਾਂ ਵਿਚ ਕੀ ਰੱਖਿਆ, ਮੇਰਾ ਗੋਰਾ ਰੰਗ ਸੁਆਹ ਹੋ ਗਿਆ। ਬੰਦੇ ਦੇ ਕਰਮ ਗੋਰੇ ਹੋਣੇ ਚਾਹੀਦੇ ਹਨæææਜੇ ਹੋ ਸਕਿਆ, ਮੈਨੂੰ ਮੁਆਫ਼ ਕਰ ਦੇਈਂ। ਆਪਣੀ ਭਰਜਾਈ ਨੂੰ ਭੁੱਲ ਨਾ ਜਾਈਂ। ਯਾਦ ਕਰ ਕੇ ਚਿੱਠੀ ਲਿਖ ਦਿਆ ਕਰੀਂ।” ਮੈਂ ਰੋਂਦੀ ਹੋਈ ਭਰਜਾਈ ਮਸਾਂ ਗਲੋਂ ਲਾਹੀ। ਮੇਰੀ ਸ਼ਕਤੀ ਮੁੱਕ ਚੁੱਕੀ ਸੀ ਕਿ ਮੈਂ ਉਸ ਨੂੰ ਦੋ ਸ਼ਬਦ ਬੋਲ ਕੇ ਦਿਲਾਸਾ ਦੇ ਸਕਾਂ। ਪਤਾ ਨਹੀਂ, ਮੇਰਾ ਹੱਥ ਕਦੋਂ ਉਸ ਦੇ ਸਿਰ ‘ਤੇ ਟਿਕ ਗਿਆ, ਤੇ ਘਰੋਂ ਤੁਰ ਪਿਆ।
ਦੂਜੇ ਦਿਨ ਏਜੰਟ ਨੇ ਸਾਡੀ ਫਲਾਈਟ ਮੈਕਸੀਕੋ ਦੀ ਕਰਵਾ ਦਿੱਤੀ। ਫਿਰ ਉਥੋਂ ਬਾਰਡਰ ਟੱਪਣਾ ਸੀ, ਤੇ ਅਗਾਂਹ ਕੈਨੇਡਾ ਜਾਣਾ ਸੀ। ਦੂਜੇ ਮੁੰਡੇ ਅਮਰੀਕਾ ਵਾਸਤੇ ਆਏ ਸੀ। ਉਨ੍ਹਾਂ ਨੇ ਮੈਨੂੰ ਵੀ ਅਮਰੀਕਾ ਹੀ ਰੱਖ ਲਿਆ। ਮੈਕਸੀਕੋ ਦੇ ਬਾਰਡਰ ‘ਤੇ ਅਸੀਂ ਖੇਤਾਂ ਵਿਚ ਕੰਮ ਕਰਨ ਲੱਗੇ। ਇਕ ਮੈਕਸੀਕੇ ਦੀ ਬਦੌਲਤ ਅਸੀਂ ਤਿੰਨੇ ਹੀ ਪੇਪਰ ਬਣਾ ਗਏ। ਹੁਣ ਕਾਲੇ ਰੰਗ ਵਾਲੇ ਮਿੱਠੇ ਕੋਲ ਹਰੇ ਰੰਗ ਦਾ ਗਰੀਨ ਕਾਰਡ ਆ ਗਿਆ ਸੀ। ਮੈਂ ਤਿੰਨ ਸਾਲ ਖੂਬ ਕਮਾਈ ਕੀਤੀ। ਸਭ ਤੋਂ ਪਹਿਲਾਂ ਵੇਚੀ ਹੋਈ ਜ਼ਮੀਨ ਖਰੀਦੀ, ਫਿਰ ਪਿੰਡ ਵਿਆਹ ਕਰਵਾਉਣ ਦੀ ਤਿਆਰੀ ਕੀਤੀ। ਸਭ ਤੋਂ ਪਹਿਲਾਂ ਭਰਜਾਈ ਦੇ ਮਾਪੇ ਮਿਲਣ ਆਏ। ਉਨ੍ਹਾਂ ਨੇ ਵੱਛੇ-ਕੱਟੇ ਬੰਨ੍ਹਣੇ ਸ਼ੁਰੂ ਕਰ ਦਿੱਤੇ। ਹੁਣ ਉਨ੍ਹਾਂ ਨੂੰ ਮੇਰਾ ਰੰਗ ਗੋਰਾ ਅੰਗਰੇਜ਼ਾਂ ਵਰਗਾ ਲੱਗਦਾ ਸੀ। ਮੇਰੀ ਮਾਤਾ ਫਿਰ ਕਹੇ, “ਮੈਂ ਤਾਂ ਨੂੰਹ ਗੋਰੀ ਚਿੱਟੀ ਲਿਆਉਣੀ ਹੈ।” ਮੈਂ ਕਹਾਂ, “ਮੈਂ ਆਪਣੇ ਵਰਗੀ ਲੈਣੀ ਹੈ।” ਕੁੜੀ ਤਾਂ ਮੈਂ ਪਹਿਲਾਂ ਹੀ ਦੇਖ ਲਈ ਸੀ, ਪਰ ਵਿਆਹ ਵਾਸਤੇ ਹਾਂ ਕਰਵਾਉਣੀ ਚਾਹੁੰਦਾ ਸੀ। ਮੈਨੂੰ ਵੱਡੇ-ਵੱਡੇ ਘਰਾਂ ਦੀਆਂ ਕੁੜੀਆਂ ਦੇ ਰਿਸ਼ਤੇ ਆ ਰਹੇ ਸਨ। ਮੇਰਾ ਕਾਲਾ ਰੰਗ ਕਿਸੇ ਦੇ ਧਿਆਨ ਵਿਚ ਨਹੀਂ ਸੀ, ਸਗੋਂ ਸਭ ਨੂੰ ਗੋਰਾ ਹੀ ਜਾਪਦਾ ਸੀ। ਫਿਰ ਮੈਂ ਇਕ ਦਿਨ ਭਰਜਾਈ ਨੂੰ ਕਿਹਾ, “ਭਰਜਾਈ, ਮੈਨੂੰ ਰਿਸ਼ਤਾ ਹੀ ਕਰਵਾ ਦੇ।”
“ਮਿੱਠਿਆ! ਰਿਸ਼ਤਾ ਤਾਂ ਕਰਵਾ ਦਿੰਦੀ, ਪਰ ਤੇਰਾ ਰੰਗ ਕਾਲਾ ਹੈ। ਤੇਰੀ ਜਿੰਨੀ ਕਾਲੀ ਕੁੜੀ ਮੇਰੀ ਰਿਸ਼ਤੇਦਾਰੀ ਵਿਚ ਤਾਂ ਹੈ ਨਹੀਂ। ਸ਼ਾਇਦ ਯੂæਪੀæ ਵੱਲ ਲੱਭ ਜਾਵੇਗੀ।” ਭਰਜਾਈ ਗੋਲ ਟਿੱਚਰ ਕਰ ਗਈ।
“ਕਾਲੀ ਕੁੜੀ ਜੇ ਨਹੀਂ ਤਾਂ ਗੋਰੀ ਹੋਵੇਗੀ, ਉਹੋ ਹੀ ਲਿਆ ਦੇ।” ਮੈਂ ਫਿਰ ਕਿਹਾ।
“ਤੇਰਾ ਮਤਲਬ ਪਰੀਤੋ ਨੂੰ।” ਭਰਜਾਈ ਦੀਆਂ ਅੱਖਾਂ ਖੁਸ਼ੀ ਵਿਚ ਨੱਚ ਉਠੀ ਤੇ ਉਸ ਨੇ ਮੈਨੂੰ ਘੁੱਟ ਕੇ ਗਲਫੜੀ ਪਾਉਂਦਿਆਂ ਕਿਹਾ, “ਰਾਂਝਿਆ! ਆਪਣੀ ਹੀਰ ਨੂੰ ਨਹੀਂ ਭੁੱਲਿਆæææ।”
“ਭਰਜਾਈ ਉਹ ਕੁੜੀ ਭੁੱਲਣ ਵਾਲੀ ਨਹੀਂ। ਬੱਸ ਤੁਸੀਂ ਤਾਂ ਰੰਗ ਦੇਖ ਕੇ ਹੀ ਜਵਾਬ ਦੇ ਦਿੱਤਾ ਸੀ ਪਰ ਮੈਂ ਅੱਜ ਅਮਰੀਕਾ ਦਾ ਗਰੀਨ ਕਾਰਡ ਹੋਲਡਰ ਹੋਣ ਕਰ ਕੇ ਵੀ ਪਰੀਤੋ ਦਾ ਹੱਥ ਮੰਗ ਰਿਹਾ ਹਾਂ।”
ਭਰਜਾਈ ਨੇ ਮੇਰੇ ਸਤਿਕਾਰ ਵਿਚ ਸਿਰ ਨੀਵਾਂ ਕਰਦਿਆਂ ਹੰਝੂਆਂ ਰਾਹੀਂ ਕਹਿ ਦਿੱਤਾ, ‘ਮਿੱਠਿਆ! ਜੇ ਤੇਰੇ ਵਰਗੇ ਸਾਰੇ ਬਣ ਜਾਣ ਤਾਂ ਗੁਰਦੁਆਰੇ ਹੋਰ ਨਾ ਬਣਨ, ਡੇਰਿਆਂ ਵਿਚੋਂ ਚੀਕਾਂ ਦੀਆਂ ਆਵਾਜ਼ ਨਾ ਸੁਣਾਈ ਦੇਣ। ਕੁੜੀ-ਮੁੰਡੇ ਦੇ ਟੈਸਟ ਨਾ ਹੋਣ। ਔਰਤ, ਔਰਤ ਦੀ ਦੁਸ਼ਮਣ ਨਾ ਬਣੇ। ਫਿਰ ਕੁੱਖ ਤੇ ਰੁੱਖ ਸਲਾਮਤ ਹਨ।’
ਫਿਰ ਭਰਜਾਈ ਨੇ ਪੇਕਿਆਂ ਤੋਂ ਮੇਰੇ ਲਈ ਪਰੀਤੋ ਦਾ ਹੱਥ ਮੰਗ ਲਿਆ। ਉਹ ਪਹਿਲਾਂ ਹੀ ਤਿਆਰ ਸਨ। ਅੱਜ ਪਹਿਲੀ ਵਾਰੀ ਕਾਲੇ ਰੰਗ ਦਾ ਲਾਟੂ ਸਹੁਰਿਆਂ ਦੇ ਵਿਹੜੇ ਆਪਣੀ ਸਿਆਣਪ ਦਾ ਚਾਨਣ ਕਰ ਰਿਹਾ ਸੀ। ਮਾਤਾ ਨੇ ਚਾਰ ਦਿਨ ਤਾਂ ਮੂੰਹ ਮੋਟਾ ਕੀਤਾ, ਫਿਰ ਕਹਿ ਦਿੱਤਾ, “ਜਿਥੇ ਰਹੋ ਰਾਜ਼ੀ ਰਹੋ।” ਦਸ ਸਾਲਾਂ ਬਾਅਦ ਫਿਰ ਘਰ ਵਿਚ ਸਵਰਗ ਵਰਗੇ ਦਿਨ ਪਰਤ ਆਏ। ਭਰਜਾਈ ਨੇ ਵੀ ਪੁੱਤ ਜੰਮ ਲਿਆ, ਤੇ ਸਾਡੇ ਵੀ ਜੋੜੀ ਪੁੱਤਰਾਂ ਦੀ ਹੈ, ਪਰ ਮਾਤਾ ਵਿਚਾਰੀ ਤੁਰ ਗਈ।
ਇਹ ਹੱਡਬੀਤੀ ਉਸ ਇਲਾਕੇ ਦੇ ਬਾਈ ਨੇ ਸੁਣਾਈ ਜਿਸ ਨੂੰ ਅੱਜ ਕੱਲ੍ਹ ਬਾਦਲਾਂ ਦਾ ਇਲਾਕਾ ਕਿਹਾ ਜਾਂਦਾ ਹੈ।

Be the first to comment

Leave a Reply

Your email address will not be published.