ਕੀਤਾ ਪਸਾਉ ਏਕੋ ਕਵਾਉ

ਡਾæ ਗੋਬਿੰਦਰ ਸਿੰਘ ਸਮਰਾਓ ਨੇ ਆਪਣੇ ਲੇਖ ‘ਕੀਤਾ ਪਸਾਉ ਏਕੋ ਕਵਾਉ’ ਵਿਚ ਧਰਮ ਅਤੇ ਵਿਗਿਆਨ ਦੀਆਂ ਸਾਂਝਾ ਬਾਰੇ ਕੁਝ ਨੁਕਤੇ ਸਾਂਝੇ ਕੀਤੇ ਹਨ। ਉਨ੍ਹਾਂ ਦੇ ਇਨ੍ਹਾਂ ਨੁਕਤਿਆਂ ਨਾਲ ਕਿਸੇ ਦੀ ਸਹਿਮਤੀ-ਅਸਹਿਮਤੀ ਹੋ ਸਕਦੀ ਹੈ, ਪਰ ਇਹ ਨੁਕਤੇ ਵਿਚਾਰਨਯੋਗ ਹਨ ਕਿਉਂਕਿ ਗੁਰੂ ਸਾਹਿਬਾਨ ਨੇ ਵੀ ਅਨੰਤ ਦੇ ਨਵੇਂ ਭੇਤ ਸਮਝਣ/ਸਮਝਾਉਣ ਦਾ ਸੁਨੇਹਾ ਦਿੱਤਾ ਹੈ। -ਸੰਪਾਦਕ
ਡਾæ ਗੋਬਿੰਦਰ ਸਿੰਘ ਸਮਰਾਓ
ਫੋਨ: 408-991-4249
ਕੁਝ ਸਾਲਾਂ ਵਿਚ ਵਿਗਿਆਨ ਨੇ ਤਿੰਨ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ ਜਿਨ੍ਹਾਂ ਨਾਲ ਮਨੁੱਖੀ ਗਿਆਨ ਸਦੀਆਂ ਦੀਆਂ ਪੁਲਾਂਘਾਂ ਭਰ ਕੇ ਨਵੇਂ ਪੜਾਅ ‘ਤੇ ਪਹੁੰਚ ਗਿਆ ਹੈ। ਪਹਿਲੀ ਪ੍ਰਾਪਤੀ ਹਿਗਿਨ-ਬੋਸੋਨ ਪਾਰਟੀਕਲ, ਭਾਵ ਰੱਬੀ-ਕਣ ਦੀ ਖੋਜ ਹੈ ਜਿਸ ਨੇ ਜੱਗ ਰਚਨਾ ਦੇ ਰਹੱਸ ਨੂੰ ਧੁਰ ਅੰਦਰੋਂ ਸਮਝਣ ਵਿਚ ਯੋਗਦਾਨ ਪਾਇਆ ਹੈ। ਦੂਜੀ ਪ੍ਰਾਪਤੀ ਬ੍ਰਹਿਮੰਡੀ ਖਲਾਅ ਵਿਚ ਸਭ ਤੋਂ ਪਾਰਲੇ ਆਕਾਸ਼ ਪਿੰਡ ਦੇ ਦੂਰਬੀਨੀ ਦਰਸ਼ਨਾਂ ਦੀ ਹੈ ਜੋ ਪਿਛਲੇ 14æ7 ਬਿਲੀਅਨ ਸਾਲਾਂ ਤੋਂ ਰੋਸ਼ਨੀ ਦੀ ਗਤੀ ਨਾਲ ਦੌੜਦਾ ਹੋਇਆ ਆਪਣੇ ਮੂਲ ਸਥਾਨ ਤੋਂ ਤਕਰੀਬਨ 100 ਬਿਲੀਅਨ ਲਾਈਟ ਸਾਲ ਦਾ ਪੈਂਡਾ ਤੈਅ ਕਰ ਗਿਆ ਹੈ। ਤੀਜੀ ਪ੍ਰਾਪਤੀ ਹਾਲ ਹੀ ਵਿਚ ਹੋਈ ਬਿੱਗ-ਬੈਂਗ ਸਿਧਾਂਤ ਦੀ ਵਿਗਿਆਨਕ ਪ੍ਰੋੜਤਾ ਹੈ ਜੋ ਸਿੱਧ ਕਰਦੀ ਹੈ ਕਿ ਬ੍ਰਹਿਮੰਡੀ ਰਚਨਾ ਅਚਨਚੇਤ ਧਮਾਕੇ ਨਾਲ ਹੋਈ ਸੀ, ਤੇ ਇਸ ਦਾ ਅਮਿੱਤ ਖਰਬਾਂ ਮੀਲ ਦਾ ਪਸਾਰਾ ਕੇਵਲ ਇਕ ਸਕਿੰਟ ਦੇ ਅਤਿ ਨਿੱਕੇ ਭਾਗ ਵਿਚ ਹੋਇਆ ਸੀ।
ਸ਼ਾਇਦ ਬਹੁਤਿਆਂ ਨੂੰ ਪਤਾ ਨਹੀਂ ਕਿ ਬ੍ਰਹਿਮੰਡ ਉਤਪਤੀ ਦੇ ਸਿਧਾਂਤ ਦੇ ਅਸਲ ਮੋਢੀ ਗੁਰੂ ਨਾਨਕ ਦੇਵ ਸਨ। ਉਨ੍ਹਾਂ ਨੇ ਸਦੀਆਂ ਪਹਿਲਾਂ ਜਪੁਜੀ ਸਾਹਿਬ ਵਿਚ ‘ਕੀਤਾ ਪਸਾਉ ਏਕੋ ਕਵਾਉ’ ਦੀ ਗੱਲ ਕਹੀ ਸੀ। ਇਹ ਗੱਲ ਉਨ੍ਹਾਂ ਨੇ ਸਹਿਜ ਸੁਭਾਅ ਹੀ ਨਹੀਂ ਕਹੀ, ਸਗੋਂ ਇਹ ਉਨ੍ਹਾਂ ਦੀ ਲੰਮੇਰੀ ਸਿਧਾਂਤਕ ਪੈਰਵੀ ਦਾ ਅੰਸ਼ ਹੈ। ਇਹ ਉਨ੍ਹਾਂ ਦੇ ਉਮਰ ਭਰ ਦੇ ਤਜਰਬੇ ਅਤੇ ਤੀਖਣ ਦਾਰਸ਼ਨਿਕ ਅਨੁਭਵ ਦਾ ਨਿਚੋੜ ਹੈ ਜੋ ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਸਮੁੱਚੇ ਸੰਸਾਰ ਨੂੰ ਦਿੱਤਾ। ਉਹ ਵਿਗਿਆਨਕ ਵਿਚਾਰਧਾਰਾ ਦੇ ਹਾਮੀ ਸਨ ਤੇ ਇਸ ਦੇ ਮੋਢੀ ਵੀ। ਉਹ ਮੂਲ ਰੂਪ ਵਿਚ ਵਿਗਿਆਨੀਆਂ ਦੇ ਵਿਗਿਆਨੀ ਸਨ ਜਿਨ੍ਹਾਂ ਦੇ ਉਲੀਕੇ ਉਦੇਸ਼ਾਂ ਦੀ ਪ੍ਰਾਪਤੀ ਲਈ ਦੁਨੀਆਂ ਭਰ ਦੇ ਵਿਗਿਆਨੀ ਰਹਿੰਦੀ ਦੁਨੀਆਂ ਤੀਕਰ ਯਤਨਸ਼ੀਲ ਰਹਿਣਗੇ। ਇਸ ਲਈ ਹਾਲ ਹੀ ਵਿਚ ਹੋਈਆਂ ਖੋਜਾਂ, ਖਾਸ ਕਰ ਕੇ ਬਿੱਗ-ਬੈਂਗ ਦੇ ਸਿਧਾਂਤ ਦੀ ਵਿਗਿਆਨਕ ਪ੍ਰਮਾਣਿਕਤਾ ਦੀ ਖ਼ਬਰ ਸਿੱਖ ਜਗਤ ਵਿਚ ਵੱਡੇ ਪੱਧਰ ‘ਤੇ ਮਨਾਉਣੀ ਬਣਦੀ ਸੀ। ਇਸ ਨਾਲ ਗੁਰੂ ਸਾਹਿਬ ਦੇ ਵਿਗਿਆਨਕ ਕਥਨਾਂ ਦੀ ਚੇਤਨਾ ਹਰ ਸਿੱਖ ਤੀਕਰ ਪਹੁੰਚਦੀ, ਤੇ ਉਨ੍ਹਾਂ ਦੇ ਵਿਚਾਰਾਂ ਦੀ ਰੋਸ਼ਨੀ ਸਮੁੱਚੇ ਸੰਸਾਰ ਵਿਚ ਫੈਲਦੀ; ਪਰ ਇਹ ਮੌਕੇ ਅਣਗੌਲੇ ਹੀ ਵਿਸਰ ਗਏ। ਸ਼ਾਇਦ ਇਕ ਵੀ ਸਿੱਖ ਨੇ ਇਨ੍ਹਾਂ ਘਟਨਾਵਾਂ ਦਾ ਜਸ਼ਨ ਨਹੀਂ ਮਨਾਇਆ ਤੇ ਕਿਸੇ ਵੀ ਗੁਰਦੁਆਰੇ ਦੀ ਅਰਦਾਸ ਵਿਚ ਇਨ੍ਹਾਂ ਖੋਜਾਂ ਪਿਛੇ ਮੁਸ਼ੱਕਤ ਘਾਲਣ ਵਾਲੇ ਵਿਗਿਆਨੀਆਂ ਦੀ ਨੇਕ ਕਰਮੀ ਦਾ ਜ਼ਿਕਰ ਨਹੀਂ ਹੋਇਆ। ਅਜਿਹਾ ਇਸ ਕਰ ਕੇ ਹੋਇਆ ਕਿਉਂਕਿ ਬਹੁਤ ਸਾਰੇ ਸਿੱਖ ਤੇ ਸਿੱਖ ਵਿਦਵਾਨ ਗੁਰੂ ਸਾਹਿਬ ਦਾ ਵਿਗਿਆਨ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਸਮਝਦੇ। ਉਹ ਤਾਂ ਉਨ੍ਹਾਂ ਨੂੰ ਭਾਰਤ ਵਿਚ ਮੱਧ-ਕਾਲੀਨ ਭਗਤੀ ਲਹਿਰ ਦਾ ਪੈਰੋਕਾਰ ਹੀ ਮੰਨਦੇ ਹਨ।
ਸਿੱਖ ਜਗਤ ਵਿਚ ਗੁਰੂ ਨਾਨਕ ਬਾਰੇ ਅੱਜ ਦੀ ਹਾਲਤ ਇਹ ਹੈ ਕਿ ਉਨ੍ਹਾਂ ਦੀ ਬਾਣੀ ਪੜ੍ਹਦੇ ਸੁਣਦੇ ਤਾਂ ਸਾਰੇ ਹਨ ਪਰ ਇਸ ਦੇ ਵਿਗਿਆਨਕ ਮਹੱਤਵ ਨੂੰ ਸ਼ਾਇਦ ਕੋਈ ਵਿਰਲਾ ਹੀ ਸਮਝਦਾ ਹੈ। ਕਈ ਤਾਂ ਵਿਗਿਆਨ ਨੂੰ ਧਰਮ ਦਾ ਵਿਰੋਧੀ ਸਮਝ ਕੇ ਉਕਾ ਹੀ ਨਕਾਰ ਦਿੰਦੇ ਹਨ ਅਤੇ ਕਈਆਂ ਦੇ ਦਿਮਾਗ਼ ਵਿਚ ਸਾਇੰਸ ਦਾ ਨਾਂ ਸੁਣ ਕੇ ਰਾਕਟ, ਕੰਪਿਊਟਰ, ਹਵਾਈ ਜਹਾਜ਼, ਰੇਲ, ਸਿਨੇਮਾ ਤੇ ਹੋਰ ਮਸ਼ੀਨੀ ਜੰਤਰ ਘੁੰਮਣ ਲੱਗ ਪੈਂਦੇ ਹਨ। ਇਹ ਅਸਲ ਵਿਚ ਵਿਗਿਆਨ ਨਹੀਂ, ਸਗੋਂ ਵਿਗਿਆਨਕ ਸਮਝ ਦਾ ਸਿੱਟਾ ਮਾਤਰ ਹਨ। ਵਿਗਿਆਨਕ ਸਮਝ ਤਾਂ ਤੱਤ, ਤੱਥ, ਤਰਕ ਤੇ ਗਣਿਤੀ ਸੂਝ-ਬੂਝ ਨਾਲ ਹਰ ਵਰਤਾਰੇ ਦੇ ਕਾਰਜ ਅਤੇ ਕਾਰਨ ਦੇ ਸਿੱਕੇਬੰਦ ਸਬੰਧ ਭਾਲਣ ਤੇ ਇਨ੍ਹਾਂ ਨੂੰ ਚਾਨਣ-ਮੁਨਾਰਾ ਬਣਾ ਕੇ ਬੌਧਿਕਤਾ ਦੇ ਉਚੇਰੇ ਪੱਧਰ ਤੋਂ ਅਨੰਤ ਦੇ ਨਵੇਂ ਭੇਤ ਸਮਝਣ ਦੀ ਸਮਰੱਥਾ ਹਾਸਲ ਕਰਨ ਦਾ ਰੁਝਾਨ ਹੈ। ਇਹ ਰੁਝਾਨ ਜਪੁਜੀ ਦੀ ਹਰ ਤੁਕ ‘ਚ ਸਮਾਇਆ ਹੋਇਆ ਹੈ ਤੇ ਹਰ ਪਉੜੀ ‘ਚ ਇਸ ਦਾ ਸਿਲਸਿਲੇਵਾਰ ਵਿਕਾਸ ਹੋਇਆ ਮਿਲਦਾ ਹੈ। ਇਸ ਵਿਗਿਆਨਕ ਰੁਝਾਨ ਕਾਰਨ ਹੀ ਜਪੁਜੀ ਸਾਹਿਬ, ਗੁਰੂ ਜੀ ਦੀ ਸਿਖਰਲੀ ਕਿਰਤ ਕਹਾਉਂਦੀ ਹੈ ਜੋ ਉਨ੍ਹਾਂ ਦੀ ਅਨੰਤ ਪ੍ਰਤੀ ਤੀਖਣ ਚੇਤਨਾ ਦਾ ਪ੍ਰਗਟਾਵਾ ਕਰਦੀ ਹੈ; ਪਰ ਅੱਜ ਦੇ ਸਿੱਖਾਂ ਤੇ ਸਿੱਖ ਵਿਦਵਾਨਾਂ ਵਿਚ ਗੁਰੂ ਨਾਨਕ ਤੇ ਉਨ੍ਹਾਂ ਦੀ ਬਾਣੀ ਦੇ ਇਸ ਵਿਗਿਆਨਕ ਪੱਖ ਨੂੰ ਛੋਹਣ ਤੇ ਸਮਝਣ ਦੀ ਪ੍ਰਵਿਰਤੀ ਦਾ ਅਭਾਵ ਜਾਪਦਾ ਹੈ। ਇਸ ਕਥਨ ਦੀ ਪ੍ਰੋੜਤਾ ‘ਚ ਕੁਝ ਸੱਚੇ ਵਾਕਿਆਤ ਪੇਸ਼ ਕਰ ਰਿਹਾ ਹਾਂ।
ਕੁਝ ਸਾਲ ਪਹਿਲਾਂ ਮੈਂ ਗੁਰੂ ਨਾਨਕ ਦੇਵ ਦੀ ਬਾਣੀ ਦੇ ਵਿਗਿਆਨਕ ਆਧਾਰਾਂ ਬਾਰੇ ਜਾਣਕਾਰੀ ਲਈ ਕੋਈ ਸੌ ਕੁ ਨੁਮਾਇਆਂ ਸਿੱਖ ਵਿਦਵਾਨਾਂ ਦੇ ਵਿਚਾਰਾਂ ਦਾ ਸਰਵੇਖਣ ਕੀਤਾ। ਸਭ ਨੇ ਕਿਹਾ ਕਿ ਗੁਰੂ ਸਾਹਿਬ ਵਿਗਿਆਨਕ ਵਿਚਾਰਧਾਰਾ ਦੇ ਹਾਮੀ ਸਨ ਪਰ ਜਦੋਂ ਉਦਾਹਰਣ ਦੇ ਕੇ ਸਪਸ਼ਟ ਕਰਨ ਲਈ ਕਿਹਾ ਤਾਂ ਤਕਰੀਬਨ 80% ਵਿਦਵਾਨਾਂ ਨੇ ਉਨ੍ਹਾਂ ਦੀ ਤੁਕ ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥’ ਦਾ ਹਵਾਲਾ ਦਿੱਤਾ। ਮੈਂ ਪੁੱਛਿਆ, ਉਹ ਇਸ ਤੁਕ ਨੂੰ ਹੀ ਵਿਗਿਆਨਕ ਕਿਉਂ ਸਮਝਦੇ ਹਨ? ਜਵਾਬ ਸੀ, ਇਸਲਾਮ ਕੇਵਲ ਸੱਤ ਅੰਬਰਾਂ ਵਿਚ ਹੀ ਵਿਸ਼ਵਾਸ ਕਰਦਾ ਹੈ ਜਦੋਂ ਕਿ ਹਰ ਸਿਤਾਰੇ ਦਾ ਆਪਣਾ ਅੰਬਰ ਹੈ; ਇਸ ਲਈ ਲੱਖਾਂ ਤਾਰਿਆਂ ਦੇ ਲੱਖਾਂ ਆਕਾਸ਼ ਹੋਣਾ ਵਧੇਰੇ ਵਿਗਿਆਨਕ ਹੈ! ਕਈਆਂ ਨੇ ਕਿਹਾ, ਗੁਰੂ ਸਾਹਿਬ ਨੇ ਇਕ ਰੱਬ ਦਾ ਸਿਧਾਂਤ ਦਿੱਤਾ ਹੈ ਜੋ ਉਨ੍ਹਾਂ ਦੀ ਵਿਗਿਆਨਕ ਪ੍ਰਾਪਤੀ ਹੈ। ਜਦੋਂ ਪੁੱਛਿਆ, ਕਿ ਦੋ ਰੱਬਾਂ ਦਾ ਸਿਧਾਂਤ ਵਿਗਿਆਨਕ ਨਹੀਂ ਹੋ ਸਕਦਾ, ਤਾਂ ਉਨ੍ਹਾਂ ਕਿਹਾ, ਕਈ ਮੱਤਾਂ ਵਿਚ ਕਈ-ਕਈ ਇਸ਼ਟਾਂ ਦਾ ਖਿਲਾਰਾ ਹੈ ਪਰ ਧਿਆਉਣ ਲਈ ਤਾਂ ਇਕ ਹੀ ਠੀਕ ਹੈ, ਇਸ ਲਈ ਇਕ ਹੀ ਵਿਗਿਆਨਕ ਹੈ!
ਗੁਰਬਾਣੀ ਦੀ ਵਿਆਖਿਆਕਾਰ ਇਕ ਬੀਬੀ ਨੂੰ ਮੈਂ ਪੁੱਛਿਆ, ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’ ਦਾ ਕੀ ਅਰਥ ਹੈ? ਕਹਿਣ ਲੱਗੀ, ਇਸ ਤੋਂ ਪਹਿਲੀ ਲਾਈਨ ਵਿਚ ਗੁਰੂ ਸਾਹਿਬ ਨੇ ਜੋ ਦੋ ਸਵਾਲ ਕੀਤੇ ਹਨ ਕਿ ਝੂਠ ਦੀ ਦੀਵਾਰ ਕਿਵੇਂ ਤੋੜੀਏ, ਤੇ ਕਿਵੇਂ ਸੱਚੇ-ਸੁੱਚੇ ਬਣੀਏ, ਪਰ ਇਹ ਤਾਂ ਹੀ ਸੰਭਵ ਹੈ, ਜੇ ਮਨੁੱਖ ਪਰਮਾਤਮਾ ਦੇ ਹੁਕਮ ਅਨੁਸਾਰ ਚੱਲੇ। ਮੈਂ ਕਿਹਾ, ਇਸ ਤੋਂ ਅਗਲੀ ਲਾਈਨ ਵਿਚ ਗੁਰੂ ਸਾਹਿਬ ਲਿਖਦੇ ਹਨ ਕਿ ਸਭ ਆਕਾਰ ਹੁਕਮ ਰਾਹੀਂ ਬਣਦੇ ਹਨ, ਪਰ ਹੁਕਮ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਜੇ ‘ਹੁਕਮਿ’ ਮਾਲੂਮ ਹੀ ਨਹੀਂ, ਤਾਂ ਉਸ ਅਨੁਸਾਰ ਚੱਲਿਆ ਕਿਵੇਂ ਜਾ ਸਕਦਾ ਹੈ? ਇਸ ਲਈ ਪ੍ਰਸ਼ਨ ਤੇ ਉਤਰ ਦੀ ਦੋਹਰੇ ਭਾਵ ਦੀ ਉਕਤੀ ਠੀਕ ਨਜ਼ਰ ਨਹੀਂ ਆਉਂਦੀ। ਬੀਬੀ ਤਲਖੀ ਨਾਲ ਕਹਿਣ ਲੱਗੀ, ‘ਇਹ ਮੇਰੀ ਵਿਆਖਿਆ ਤਾਂ ਹੈ ਨਹੀਂ। ਜੋ ਸਟੀਕਾਂ ਵਿਚ ਲਿਖਿਆ ਹੈ, ਮੈਂ ਤਾਂ ਉਹੀ ਠੀਕ ਸਮਝਦੀ ਹਾਂ।’
ਜਪੁਜੀ ਸਾਹਿਬ ਬਾਰੇ ਆਪਣੀ ਪੁਸਤਕ ‘ਟਰੂਥ ਅਬੱਵ ਆਲ: ਦਿ ਜਪੁਜੀ ਆਫ ਗੁਰੂ ਨਾਨਕ’ ਦੀ ਖੋਜ ਦੌਰਾਨ ਮੈਂ ਆਪਣੀ ਹੀ ਯੂਨੀਵਰਸਿਟੀ ਦੇ ਸਿੱਖ ਧਰਮ ਅਧਿਐਨ ਵਿਭਾਗ ਦੇ ਇਕ ਪ੍ਰੋਫੈਸਰ ਨੂੰ ਪੁੱਛਿਆ, ਜਪੁਜੀ ਸਾਹਿਬ ਦੇ ਅਖੀਰਲੇ ਸਲੋਕ ਵਿਚ ਆਈ ਤੁਕ ‘ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ’ ਤੋਂ ਕੀ ਭਾਵ ਹੈ? ਕਹਿਣ ਲੱਗਿਆ, ‘ਉਸ ਤੋਂ ਉਪਰਲੀ ਤੁਕ ਵੀ ਪੜ੍ਹੋ! ਭਾਵ ਸਾਫ ਹੈ ਕਿ ਜਿਨ੍ਹਾਂ ਨੇ ਘੋਰ ਮੁਸ਼ੱਕਤ ਘਾਲ ਕੇ ਰੱਬ ਨੂੰ ਧਿਆਇਆ, ਉਹ ਤਾਂ ਉਸ ਦੇ ਦਰਬਾਰ ਵਿਚ ਉਜਲ-ਦੀਦਾਰ ਹੋ ਹੀ ਗਏ ਪਰ ਉਨ੍ਹਾਂ ਦੀ ਭਗਤੀ ਦਾ ਲਾਭ ਲੈ ਕੇ ਕਿੰਨੀਆਂ ਹੋਰ ਸੰਗਤਾਂ ਵੀ ਇਸ ਦੋਜ਼ਖ ਰੂਪੀ ਸੰਸਾਰ ਤੋਂ ਛੁੱਟ ਗਈਆਂ।’ ਮੈਂ ਕਿਹਾ, ਜ਼ਰਾ ਹੋਰ ਉਪਰ ਵੀ ਪੜ੍ਹੋ। ਇਸ ਤੋਂ ਪਹਿਲੀ ਤੁਕ ਵਿਚ ਗੁਰੂ ਸਾਹਿਬ ਸਭਨਾਂ ਲਈ ‘ਕਰਨੀ ਆਪੋ ਆਪਣੀ’ ਦਾ ਸਿਧਾਂਤ ਫਰਮਾਉਂਦੇ ਹਨ। ਇਸ ਤੁਕ ਦੀ ਲੋਅ ਵਿਚ ਦੂਜਿਆਂ ਦੀ ਭਗਤੀ ਨਾਲ ਛੁਟਕਾਰਾ ਪਾਉਣ ਵਾਲੀ ਗੱਲ ਤਾਂ ਬਣਦੀ ਨਹੀਂ। ਕਹਿਣ ਲੱਗੇ, ‘ਮੈਂ ਤਾਂ ਜਿੰਨੇ ਉਲਥੇ ਵੇਖੇ ਹਨ, ਇਹੀ ਵਿਆਖਿਆ ਪੜ੍ਹੀ ਹੈ। ਪ੍ਰੋæ ਸਾਹਿਬ ਸਿੰਘ ਨੇ ਵੀ ਇਹੀ ਲਿਖਿਆ ਹੈ।’
ਮੈਨੂੰ ਲੱਗਿਆ ਕਿ ਡਾਕਟਰ ਸਾਹਿਬ ਮੁੱਦੇ ਤੋਂ ਪਾਸਾ ਵੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੂੰ ਮੁੜ ਲੀਹ ‘ਤੇ ਲਿਆਉਣ ਲਈ ਮੈਂ ਕਿਹਾ, ‘ਗੱਲ ਪ੍ਰੋæ ਸਾਹਿਬ ਸਿੰਘ ਦੇ ਜਪੁਜੀ ਅਨੁਵਾਦ ਦੀ ਨਹੀਂ, ਗੱਲ ਗੁਰੂ ਨਾਨਕ ਦੇ ਜਪੁਜੀ ਸਾਹਿਬ ਦੀ ਹੈ। ਤੁਸੀਂ ਦੱਸੋ, ਗੁਰੂ ਸਾਹਿਬ ਦੇ ਕਰਮ ਸਿਧਾਂਤ ਦੇ ਸਨਮੁੱਖ ‘ਕੇਤੀ ਛੁਟੀ ਨਾਲ’ ਦਾ ਅਣਗਿਣਤ ਸ਼ਰਧਾਲੂਆਂ ਦੀ ਮੁਕਤੀ ਦਾ ਭਾਵ ਕਿਸ ਤਰ੍ਹਾਂ ਵਾਜਬ ਹੋ ਸਕਦਾ ਹੈ?’ ਉਨ੍ਹਾਂ ਕਿਹਾ, ‘ਇਹ ਮੈਂ ਕਿਵੇਂ ਦੱਸ ਸਕਦਾ ਹਾਂ? ਮੈਂ ਕੋਈ ਭਾਈ ਜੋਧ ਸਿੰਘ ਜਾਂ ਭਾਈ ਵੀਰ ਸਿੰਘ ਤਾਂ ਨਹੀਂ।’ ਮੈਂ ਹੈਰਾਨੀ ਨਾਲ ਕਿਹਾ, ‘ਤੁਸੀਂ ਵੀ ਤਾਂ ਪ੍ਰੋਫੈਸਰ ਹੋ, ਮੈਂ ਤੁਹਾਨੂੰ ਦੂਜੇ ਵਿਦਵਾਨਾਂ ਤੋਂ ਘੱਟ ਨਹੀਂ ਸਮਝਦਾ। ਜੋ ਉਹ ਨਹੀਂ ਵਿਚਾਰ ਸਕੇ, ਤੁਸੀਂ ਵਿਚਾਰ ਸਕਦੇ ਹੋ।’ ਕਹਿਣ ਲੱਗਿਆ, ‘ਮੈਂ ਅਜਿਹਾ ਨਹੀਂ ਕਰ ਸਕਦਾ, ਸੋਚ ਵੀ ਨਹੀਂ ਸਕਦਾ। ਮੈਂ ਆਪਣੇ ਬੱਚੇ ਪਾਲਣੇ ਹਨ।’
ਜਦੋਂ ਜਪੁਜੀ ਸਾਹਿਬ ਬਾਰੇ ਮੇਰੀ ਪੁਸਤਕ ਛਪੀ ਤਾਂ ਇਸ ਦੀ ਇਕ ਕਾਪੀ ਮੈਂ ਆਪਣੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਤੇ ਸਿੱਖ ਧਰਮ ਦੇ ਮੰਨੇ-ਪ੍ਰਮੰਨੇ ਵਿਦਵਾਨ ਜਿਸ ਨੇ ਗੁਰੂ ਨਾਨਕ ‘ਤੇ ਕਾਫੀ ਕੰਮ ਕੀਤਾ ਹੋਇਆ ਹੈ, ਨੂੰ ਭੇਂਟ ਕੀਤੀ। ਉਸ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ, ‘ਮੈਂ ਇਸ ਦਾ ਰੀਵੀਊ ਲਿਖਾਂਗਾ।’ ਇਕ ਹਫਤੇ ਵਿਚ ਹੀ ਉਸ ਨੇ ਰੀਵੀਊ ਲਿਖ ਕੇ ਮੈਨੂੰ ਵਿਖਾਉਣ ਹਿੱਤ ਕਾਪੀ ਈ-ਮੇਲ ਕਰ ਦਿੱਤੀ। ਇਸ ਵਿਚ ਬਹੁਤੀ ਸਮੱਗਰੀ ਤਾਂ ਇੱਧਰ ਉਧਰ ਦੀ ਹੀ ਸੀ, ਤੇ ਕਿਤਾਬ ਬਾਰੇ ਕੇਵਲ ਦੋ ਹੀ ਨੁਕਤੇ ਸਨ। ਪਹਿਲਾ ਇਹ ਕਿ ਲੇਖਕ ਦਾ ਵਿਸ਼ਾ ਧਰਮ-ਅਧਿਐਨ ਨਹੀਂ ਹੈ, ਇਸ ਲਈ ਮੈਨੂੰ ਪਤਾ ਹੀ ਸੀ ਕਿ ਇਸ ਵਿਚ ਕੋਈ ਕੰਮ ਦੀ ਗੱਲ ਤਾਂ ਹੋਣੀ ਨਹੀਂ। ਫਿਰ ਵੀ ਮੈਂ ਇਸ ਨੂੰ ਇਸ ਉਤਸੁਕਤਾ ਕਰ ਕੇ ਪੜ੍ਹਨ ਦਾ ਮਨ ਬਣਾਇਆ, ਦੇਖਾਂ! ਇਹ ਲਿਖਦਾ ਕੀ ਹੈ? ਦੂਜਾ ਨੁਕਤਾ ਇਹ, ਲੇਖਕ ਦਾ ਮੱਤ ਹੈ ਕਿ ਜਪੁਜੀ ਸਾਹਿਬ ਗਾ ਕੇ ਨਹੀਂ ਪੜ੍ਹਿਆ ਜਾ ਸਕਦਾ ਜਦੋਂ ਕਿ ਕਈ ਸਿੱਖ ਇਸ ਨੂੰ ਗਾ ਕੇ ਵੀ ਪੜ੍ਹਦੇ ਹਨ।
ਮੈਂ ਕੋਈ ਜਵਾਬ ਨਾ ਦਿੱਤਾ। ਇਕ ਦਿਨ ਯੂਨੀਵਰਸਿਟੀ ਵਿਚ ਮਿਲਿਆ ਤਾਂ ਉਲਾਂਭਾ ਦੇ ਕੇ ਪੁੱਛਣ ਲੱਗਾ, ‘ਰੀਵੀਊ ਚੈੱਕ ਕਰ ਕੇ ਵਾਪਸ ਕਿਉਂ ਨਹੀਂ ਭੇਜਿਆ?’ ਮੈਂ ਕਿਹਾ, ਮੈਂ ਤਾਂ ਆਪਣੀ ਕਿਤਾਬ ਦੇ ਪੰਨੇ ਹੀ ਚੈੱਕ ਕਰਦਾ ਰਿਹਾ ਕਿ ਜਪੁਜੀ ਸਾਹਿਬ ਦੇ ਗਾ ਕੇ ਨਾ ਪੜ੍ਹੇ ਜਾਣ ਵਾਲੀ ਗੱਲ ਕਿਥੇ ਲਿਖੀ ਹੈ! ਇਹ ਸੁਣ ਕੇ ਉਹ ਨਿਰਉਤਰ ਜਿਹਾ ਹੋ ਗਿਆ ਤੇ ਕਹਿਣ ਲੱਗਾ, ‘ਦਰਅਸਲ ਕਿਤਾਬ ਮੈਂ ਚੰਗੀ ਤਰ੍ਹਾਂ ਪੜ੍ਹ ਨਹੀਂ ਸੀ ਸਕਿਆ। ਰੀਵੀਊ ਤਾਂ ਤੁਹਾਨੂੰ ਆਪ ਹੀ ਲਿਖਣਾ ਪੈਣਾ ਹੈ। ਜੋ ਠੀਕ ਲਗਦਾ ਹੈ, ਲਿਖ ਕੇ ਭੇਜ ਦਿਓ। ਮੈਂ ਇੰਨ-ਬਿੰਨ ਅਖਬਾਰ ਨੂੰ ਭੇਜ ਦਿਆਂਗਾ।’æææ ਕਿਤਾਬ ਦਾ ਨਾਂ ‘ਟਰੂਥ ਅਬੱਵ ਆਲ’, ਤੇ ਉਸ ਦੇ ਰੀਵੀਊ ਬਾਰੇ ਇੰਨੀ ਮਾੜੀ ਤਜਵੀਜ਼! ਮੈਂ ਉਸ ਨੂੰ ਕਟਾਖਸ਼ ਕਰਦਿਆਂ ਪੁੱਛਿਆ, ‘ਜਨਾਬ ਨੇ ਕਿਤਾਬ ਦਾ ਟਾਈਟਲ ਤਾਂ ਪੜ੍ਹਿਆ ਹੀ ਹੋਵੇਗਾ?’ ਕਹਿਣ ਲੱਗਾ, ‘ਹਾਂ, ਹਾਂ। ਉਂਜ ਤਾਂ ਮੈਂ ਵਿਚੋਂ-ਵਿਚੋਂ ਕਈ ਸਫੇ ਵੀ ਪੜ੍ਹੇ ਹਨ।’ ਮੈਨੂੰ ਭਰਮ ਸੀ ਕਿ ਸ਼ਾਇਦ ਇਸ ਵਿਦਵਾਨ ਦੀ ‘ਮਤਿ’ ਵਿਚ ਕੁਝ ‘ਰਤਨ ਜਵਾਹਰ ਮਾਣਿਕ’ ਹਨ, ਪਰ ਉਸ ਦਿਨ ਮੇਰਾ ਇਹ ਭਰਮ ਦੂਰ ਹੋ ਗਿਆ।
ਮੇਰੇ ਇਕ ਪ੍ਰਿੰਸੀਪਲ ਦੋਸਤ ਸਰਕਾਰੀ ਕਾਲਜਾਂ ਵਿਚ ਸੰਸਕ੍ਰਿਤ ਵਿਸ਼ੇ ਦੇ ਅਧਿਆਪਕ ਰਹੇ ਹਨ। ਸਿੱਖ ਹੋਣ ਨਾਤੇ ਉਹ ਗੁਰਬਾਣੀ ਬਾਰੇ ਖੂਬ ਲਿਖਦੇ ਰਹੇ ਤੇ ਜਪੁਜੀ ਸਾਹਿਬ ਉਤੇ ਵੀ ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ। ਮੈਂ ਉਨ੍ਹਾਂ ਨੂੰ ਜਾ ਕੇ ਕਿਹਾ, ‘ਮੰਨੈ ਮਗੁ ਨਾ ਚਲੈ ਪੰਥ’ ਵਾਲੀ ਤੁਕ ਦਾ ਅਰਥ ਸਮਝਾਓ। ਕਹਿਣ ਲਗੇ, ‘ਬੜਾ ਚੰਗਾ ਸਵਾਲ ਹੈ। ਪਹਿਲਾਂ-ਪਹਿਲਾਂ ਮੈਂ ਵੀ ਇਸ ਬਾਰੇ ਬੜਾ ਅਟਕਲ-ਪੱਚੂ ਲਗਾਉਂਦਾ ਰਿਹਾ ਪਰ ਬੜੀ ਖੋਜ ਤੋਂ ਬਾਅਦ ਪਤਾ ਲੱਗਿਆ ਕਿ ਗੁਰੂ ਸਾਹਿਬ ਦੇ ਕਾਲ ਵਿਚ ‘ਮਗ’ ਨਾਮੀ ਵੱਡਾ ਧਾਰਮਿਕ ਫਿਰਕਾ ਹੁੰਦਾ ਸੀ ਜੋ ਆਪਣੇ ਸ਼ਰਧਾਲੂਆਂ ਦੀ ਵਿਸ਼ਵਾਸਹੀਣਤਾ ਕਾਰਨ ਫੇਲ੍ਹ ਹੋ ਗਿਆ। ਉਸੇ ਦਾ ਜ਼ਿਕਰ ਕਰਦੇ ਹੋਏ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮੰਨਣ ਬਿਨਾਂ ਤਾਂ ‘ਮਗ’ ਨਾਂ ਦਾ ਧਰਮ ਵੀ ਨਹੀਂ ਸੀ ਚੱਲ ਸਕਿਆ।’
ਇਸ ਵਿਦਵਾਨ ਦੀ ਵਿਦਵਤਾ ‘ਤੇ ਹਾਸਾ ਵੀ ਆਇਆ ਤੇ ਤਰਸ ਵੀ। ਮੈਂ ਕਿਹਾ, ‘ਇੰਨੀ ਖੋਜ ਕਰਨ ਦੀ ਕੀ ਲੋੜ ਸੀ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਇਕੋ ਅਰਥ ਨਾਲ 20-30 ਵਾਰ ਆਇਆ ਹੈ, ਉਥੋਂ ਪੜ੍ਹ ਕੇ ਅੰਦਾਜ਼ਾ ਲਾ ਲੈਣਾ ਸੀ।’ ਉਹ ਆਪਣੇ ਸੰਸਕ੍ਰਿਤ ਦੇ ਪਿਛੋਕੜ ਦਾ ਫਖਰ ਕਰਦਿਆਂ ਬੋਲਿਆ, ‘ਜਦੋਂ ਬਾਣੀ ਦੇ ਹਰ ਸ਼ਬਦ ਦੀ ਜੜ੍ਹ ਸੰਸਕ੍ਰਿਤ ਵਿਚ ਹੈ ਤਾਂ ਮੈਂ ਲੇਅ-ਮੈਨਾਂ ਵਾਲੀ ਗੱਲ ਕਿਉਂ ਕਰਦਾ?’ ਮਨ ਹੀ ਮਨ ਉਸ ਲਈ ਮੈਨੂੰ ਗੁਰੂ ਸਾਹਿਬ ਦਾ ‘ਵਸਦੇ ਰਹੋ’ ਦਾ ਵਰਦਾਨ ਯਾਦ ਆਇਆ।
ਮੇਰੇ ਇਕ ਦੋਸਤ ਨੇ ਗੁਰਦੁਆਰੇ ਇਕ ਮਸ਼ਹੂਰ ਸਿੱਖ ਵਿਦਵਾਨ ਤੇ ਅਲੋਚਕ ਨਾਲ ਮੁਲਾਕਾਤ ਕਰਵਾਈ। ਉਹ ਹਰ ਐਤਵਾਰ ਮੈਨੂੰ ਉਥੇ ਮਿਲਦਾ ਤੇ ਅਸੀਂ ਵਿਚਾਰ-ਵਟਾਂਦਰਾ ਕਰਦੇ। ਜਦੋਂ ਉਸ ਨੂੰ ਪਤਾ ਲੱਗਿਆ ਕਿ ਮੈਂ ਜਪੁਜੀ ਸਾਹਿਬ ‘ਤੇ ਕੰਮ ਕਰ ਰਿਹਾ ਹਾਂ, ਪੁੱਛਣ ਲੱਗਾ, ‘ਤੁਸੀਂ ਓਸ਼ੋ ਦਾ ਜਪੁਜੀ ਸਾਹਿਬ ਪੜ੍ਹਿਆ ਹੈ?’ ਮੈਂ ਕਿਹਾ, ਹਾਂ, ਮੈਂ ਉਸ ਦਾ ਟੀਕਾ ਪੜ੍ਹਿਆ ਹੈ ਤੇ ਵਿਨੋਭਾ ਭਾਵੇ ਦਾ ਵੀ। ਮੇਰੀ ਗੱਲ ਸੁਣ ਕੇ ਕਹਿਣ ਲੱਗਿਆ, ‘ਠੀਕ ਹੈ, ਅਗਲੇ ਹਫਤੇ ਮਿਲਾਂਗਾ।’ ਅਗਲੇ ਹਫਤੇ ਜਦੋਂ ਮਿਲਿਆ ਤਾਂ ਭਾਈ ਵੀਰ ਸਿੰਘ ਦਾ ਜਪੁਜੀ ਸਟੀਕ ਦੇ ਕੇ ਕਹਿਣ ਲੱਗਾ, ‘ਇਸ ਨੂੰ ਪੜ੍ਹੋ, ਇਸ ਤੋਂ ਉਪਰ ਕੁਝ ਨਹੀਂ।’ ਜਦੋਂ ਕਿਹਾ ਕਿ ਇਹ ਪੜ੍ਹਿਆ ਹੈ, ਤਾਂ ਉਹ ਹੈਰਾਨ ਹੋ ਕੇ ਬੋਲਿਆ, ‘ਜੇ ਤੁਸੀਂ ਓਸ਼ੋ ਤੇ ਭਾਈ ਵੀਰ ਸਿੰਘ, ਦੋਵੇਂ ਪੜ੍ਹੇ ਹਨ ਤਾਂ ਜਪੁਜੀ ਦਾ ਹੋਰ ਟੀਕਾ ਕਰਨ ਦੀ ਕੀ ਲੋੜ ਪੈ ਗਈ ਸੀ?’ ਮੈਂ ਕਿਹਾ, ਹੁਣ ਤੀਕ ਜਪੁਜੀ ਸਾਹਿਬ ਦੇ ਨੌਂ ਸੌ ਤੋਂ ਵੱਧ ਸਟੀਕ ਲਿਖੇ ਜਾ ਚੁੱਕੇ ਹਨ। ਇਹ ਸਾਰੇ ਤਰਕ-ਸੰਗਤ ਨਹੀਂ ਹਨ। ਗੈਰ-ਵਿਗਿਆਨਕ ਹੋਣ ਕਾਰਨ ਮੈਂ ਇਨ੍ਹਾਂ ਸਭ ਨੂੰ ਇਕ ਹੀ ਖਾਨੇ ਵਿਚ ਰੱਖਦਾ ਹਾਂ।
ਉਸ ਨੇ ਅਸੀਮ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ, ‘ਤਰਕ-ਸੰਗਤ ਕਿਵੇਂ ਨਹੀਂ?’ ਮੈਂ ਕਿਹਾ, ਮੂਲ ਮੰਤਰ ਤੇ ਸਲੋਕਾਂ ਸਮੇਤ ਜਪੁਜੀ ਸਾਹਿਬ ਦੇ 41 ਅੰਗ ਨਿਰੰਤਰ ਵਿਚਾਰ ਲੜੀ ਵਿਚ ਪਰੋਏ ਹੋਏ ਹਨ ਜਿਸ ਦਾ ਬੱਝਵਾਂ ਅਰਥ ਹੈ, ਪਰ ਇਹ ਸਟੀਕ ਕਰਤਾ ਇਸ ਨੂੰ ਬਿਖਰੇ ਹੋਏ ਕਾਵਿ ਟੁਕੜੇ ਸਮਝ ਕੇ ਮਨ ਭਾਉਂਦੇ ਅਰਥ ਕਰਦੇ ਹਨ। ਉਦਾਹਰਣਾਂ ਤਾਂ ਬਹੁਤ ਹਨ ਪਰ ਇਹੀ ਇਕ ਦੇਖੋ। 12ਵੀਂ ਤੋਂ 15ਵੀਂ ਪਉੜੀ ਵਿਚ ਗੁਰੂ ਸਾਹਿਬ ‘ਮੰਨੈ’ ਦੀ ਮਹਿਮਾ ਕਰਦੇ ਹਨ ਪਰ 16ਵੀਂ ਪਉੜੀ ਸ਼ੁਰੂ ਹੁੰਦੇ ਹੀ ਉਹ ਪੰਚਾਂ ਦਾ ਜ਼ਿਕਰ ਸ਼ੁਰੂ ਕਰ ਦਿੰਦੇ ਹਨ। ਇਹ ਵਿਦਵਾਨ ਮੰਨੇ ਤੇ ਪੰਚਾਂ ਵਿਚਕਾਰ ਕਿਤੇ ਕੋਈ ਸਾਂਝ ਨਹੀਂ ਦੱਸਦੇ।
ਇਸੇ ਦੌਰਾਨ ਮੈਨੂੰ ਸੈਕਰਾਮੈਂਟੋ ਦੇ ਇਕ ਗੁਰਦੁਆਰੇ ਜਾਣ ਦਾ ਮੌਕਾ ਮਿਲਿਆ। ਲੰਗਰ ਹਾਲ ਵਿਚ ਚਾਹ ਪੀਂਦਿਆਂ ਨੇੜੇ ਬੈਠੇ ਅੰਮ੍ਰਿਤਧਾਰੀ ਵਿਦਵਾਨ ‘ਤੇ ਨਜ਼ਰ ਪਈ ਜੋ ਕਲੀਨ-ਸ਼ੇਵ ਸੱਜਣ ਨਾਲ ਬਚਨ-ਬਿਲਾਸ ਕਰ ਰਿਹਾ ਸੀ। ਮੈਂ ਉਸ ਨੂੰ ਮੂਲ ਮੰਤਰ ਬਾਰੇ ਦੱਸਦੇ ਸੁਣਿਆਂ ਕਿ ਇਸ ਵਿਚਲਾ ੴ ਇਸਲਾਮੀ ਤੇ ਹਿੰਦੂਤਵੀ ਧਾਰਮਿਕ ਚਿੰਨ੍ਹਾਂ ਦੀ ਯੁਕਤੀ ਉਪਰੰਤ ‘ਕਾਰ’ ਜੋੜਨ ਨਾਲ ਬਣਿਆ ਹੈ ਤੇ ਇਸ ਦਾ ਅਰਥ ਸਰਬ-ਸ਼ਕਤੀਮਾਨ ਪਰਮਾਤਮਾ ਹੈ। ਮੈਂ ਉਸ ਕੋਲੋਂ ਗੱਲ ਕਰਨ ਦਾ ਸਮਾਂ ਮੰਗਿਆ। ਸ਼ਰਧਾਲੂ ਸਿੱਖ ਨੇ ਦੱਸਿਆ ਕਿ ਉਹ ਵਿਦਵਾਨ ਆਪਣੇ ਇੰਜੀਨੀਅਰ ਚਾਹਵਾਨ ਦੇ ਉਚੇਚੇ ਸੱਦੇ ‘ਤੇ ਉਸ ਨੂੰ ਗੁਰਬਾਣੀ ਉਪਦੇਸ਼ ਦੇਣ ਲਈ ਆਇਆ ਹੈ, ਤੇ ਉਸ ਦੀ ਅਪੁਆਇੰਟਮੈਂਟ ਖਤਮ ਹੋਣ ਉਪਰੰਤ ਅੱਧੇ ਘੰਟੇ ਬਾਅਦ ਵਿਹਲਾ ਹੋਵੇਗਾ। ਮੈਂ ਇੰਤਜ਼ਾਰ ਕਰਨ ਲੱਗਿਆ। ਸਮਾਂ ਮਿਲਦੇ ਹੀ ਪੁੱਛਿਆ, ‘ਬਾਬਾ ਜੀ, ਮੈਂ ਆਪ ਦੇ ਬਚਨ ਸੁਣਨ ਦੀ ਗੁਸਤਾਖੀ ਕੀਤੀ ਹੈ, ਤੁਸੀਂ ੴ ਨੂੰ ਪਰਮਾਤਮਾ ਦੀ ਸੰਗਿਆ ਦਿੱਤੀ ਹੈ, ਅਜਿਹਾ ਕਿਉਂ?’
‘ਇਹ ਸਵਾਲ ਕਰਨ ਵਾਲੇ ਤੁਸੀਂ ਕੌਣ ਹੋ?’
‘ਇਕ ਜਗਿਆਸੂ’, ਮੈਂ ਕਿਹਾ।
ਉਹ ਬੋਲਿਆ, ‘ਜੋ ਗੱਲ ਮੈਂ ਤੁਹਾਨੂੰ ਕਹੀ ਨਹੀਂ, ਉਸ ਦਾ ਉਤਰ ਦੇਣਾ ਬਣਦਾ ਤਾਂ ਨਹੀਂ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ੴ ਨੂੰ ਪਰਮਾਤਮਾ ਦੀ ਸੰਗਿਆ ਗੁਰੂ ਨਾਨਕ ਨੇ ਦਿੱਤੀ ਹੈ, ਮੈਂ ਨਹੀਂ।’ ਮੈਂ ਕਿਹਾ, ਖਿਮਾ ਦਾ ਜਾਚਕ ਹਾਂ, ਪਰ ਗੁਰੂ ਨਾਨਕ ਨੇ ਤਾਂ ਇਸ ਨੂੰ ‘ਸਤਿ’ ਕਹਿ ਕੇ ਪੁਕਾਰਿਆ ਹੈ। ਬੋਲਿਆ, ‘ਸਤਿ ਤੇ ਪਰਮਾਤਮਾ ਇਕ ਹੀ ਚੀਜ਼ ਹੈ।’ ਮੈਂ ਕਿਹਾ, ਗੁਰੂ ਨਾਨਕ ਬੋਲੀ ਦੇ ਧਨੀ ਸਨ। ਉਹ ਹਰ ਭਾਵ ਲਈ ਸ਼ੁਧ, ਸਹੀ ਤੇ ਢੁੱਕਵੀਂ ਸ਼ਬਦਾਵਲੀ ਦੀ ਵਰਤੋਂ ਕਰਦੇ ਸਨ। ਜੇ ਉਹ ਚਾਹੁੰਦੇ ਤਾਂ ਇਸ ਲਈ ਪਰਮਾਤਮਾ, ਰੱਬ, ਪ੍ਰਭੂ, ਨਿਰੰਕਾਰ ਜਾਂ ਕੋਈ ਹੋਰ ਅਜਿਹਾ ਸ਼ਬਦ ਵਰਤ ਸਕਦੇ ਸਨ, ਪਰ ਉਨ੍ਹਾਂ ਨੇ ਇਸ ਲਈ ‘ਸਤਿ’ ਸ਼ਬਦ ਵਰਤਣਾ ਹੀ ਯੋਗ ਸਮਝਿਆ।
ਬੁਧੀਜੀਵੀ ਸੋਚ ਕੇ ਬੋਲਿਆ, ‘ਤੀਹ ਸਾਲ ਪਹਿਲਾਂ ੴ ਵਿਸ਼ੇ ‘ਤੇ ਪਟਿਆਲੇ ਵਿਚ ਸੰਸਾਰ ਪੱਧਰੀ ਸੈਮੀਨਾਰ ਹੋਇਆ ਸੀ। ਉਸ ਵਿਚ ਬੜਾ ਵਿਚਾਰ ਹੋਇਆ ਸੀ ਪਰ ਕਿਸੇ ਨੇ ਵੀ ੴ ਤੇ ਪਰਮਾਤਮਾ ਦੇ ਸੰਕਲਪ ਨੂੰ ਵੱਖ-ਵੱਖ ਨਹੀਂ ਸੀ ਦੱਸਿਆ। ਤੁਸੀਂ ਆਪਣੇ ਕੋਲੋਂ ਕਿਸ ਤਰ੍ਹਾਂ ਦੇ ਸਕਦੇ ਹੋ ਅਜਿਹਾ ਤਰਕ?’ 80ਵਿਆਂ ਦੇ ਸ਼ੁਰੂ ਵਿਚ ਹੋਏ ਉਸ ਸੈਮੀਨਾਰ ਵਿਚ ਮੈਂ ਵੀ ਹਾਜ਼ਰ ਸਾਂ। ਉਸ ਵਿਚ ਪੇਸ਼ ਹੋਏ ਪਰਚੇ ਹਾਲੇ ਵੀ ਮੇਰੇ ਕੋਲ ਹਨ। ਉਥੇ ਇਸ ਵਿਸ਼ੇ ‘ਤੇ ਕੋਈ ਸਰਬਸੰਮਤੀ ਨਹੀਂ ਸੀ ਹੋਈ। ਰਿਹਾ ਮੇਰੇ ਤਰਕ ਦਾ ਸਵਾਲ, ਇਹ ਤੱਥਾਂ ‘ਤੇ ਆਧਾਰਤ ਹੈ। ਗੁਰੂ ਸਾਹਿਬ ਨੇ ਸਾਰੇ ਜਪੁਜੀ ਸਾਹਿਬ ਵਿਚ ਕਿਤੇ ਪਰਮਾਤਮਾ ਦੀ ਅਨੁਭੂਤੀ ਦਾ ਕੋਈ ਸ਼ਬਦ ਨਹੀਂ ਵਰਤਿਆ। ਇਹ ਜਪੁਜੀ ਸਾਹਿਬ ਨੂੰ ਸਮਝਣ ਲਈ ਮਹੱਤਵਪੂਰਨ ਸੰਕੇਤ ਹੈ।
ਵਿਦਵਾਨ ਥੋੜ੍ਹਾ ਰੁਕ ਕੇ ਕਹਿਣ ਲੱਗਾ, ‘ਡਾæ ਸਾਹਿਬ, ਕਿਹਾ ਸੁਣਿਆਂ ਮੁਆਫ ਕਰਨਾ। ਜੇ ਆਪਣੀ ਸਹਿਮਤੀ ਨਹੀਂ, ਤਾਂ ਕੋਈ ਤਕਰਾਰ ਵੀ ਨਹੀਂ। ਮੈਂ ਰਵਾਇਤੀ ਗੱਲ ਕਰਦਾ ਹਾਂ, ਤੁਸੀਂ ਨਵੀਨ। ਹੋ ਸਕਦਾ ਹੈ ਤੁਹਾਡੇ ਕੋਲ ਕੁਝ ਅਜਿਹਾ ਹੋਵੇ ਜਿਸ ਨਾਲ ਤੁਹਾਡੀ ਦਲੀਲ ਸਥਾਪਤ ਹੋ ਜਾਵੇ। ਤਾਂ ਫਿਰ ਸ਼ਾਇਦ ਕੱਲ੍ਹ ਨੂੰ ਸਾਨੂੰ ਤੁਹਾਡੀ ਹੀ ਗੱਲ ਕਹਿਣੀ ਪੈ ਜਾਵੇ!’
ਹੁਣ ਤੀਕਰ ਅਜਿਹੇ ਵਿਦਵਾਨਾਂ ਨਾਲ ਜਪੁਜੀ ਸਾਹਿਬ ਬਾਰੇ ਵਿਚਾਰ-ਵਟਾਂਦਰਾ ਕਰ ਚੁੱਕਾ ਹਾਂ, ਕਿਸੇ ਨੂੰ ਇਸ ਦੀਆਂ ਵਿਗਿਆਨਕ ਸੰਭਾਵਨਾਵਾਂ ਦਾ ਪਤਾ ਨਹੀਂ ਹੈ। ਇਹੀ ਕਾਰਨ ਹੈ ਕਿ ਸਿੱਖ ਵਿਦਵਾਨ ਅੱਜ ਛੋਟੇ-ਛੋਟੇ ਮਸਲਿਆਂ ਵਿਚ ਉਲਝ ਰਹੇ ਹਨ ਅਤੇ ‘ਬਿੱਗ-ਬੈਂਗ’ ਤੇ ‘ਕੀਤਾ ਪਸਾਉ ਏਕੋ ਕਵਾਉ’ ਵਰਗੇ ਮਹਤੱਵਪੂਰਨ ਮਸਲਿਆਂ ਦੀਆਂ ਪਰਸਪਰ ਤੰਦਾਂ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾ ਰਿਹਾ।

Be the first to comment

Leave a Reply

Your email address will not be published.