ਦਕਿਆਨੂਸ

ਬਲਜੀਤ ਬਾਸੀ
ਫੋਨ: 734-259-9353
ਕੁਝ ਹੀ ਦਿਨ ਹੋਏ ਮੈਂ ਵਰਿਆਮ ਸੰਧੂ ਦੇ ਵੈਬਮੈਗਜ਼ੀਨ ‘ਸੀਰਤ’ ਵਿਚ ਅੰਮ੍ਰਿਤਾ ਪ੍ਰੀਤਮ ਬਾਰੇ ਸਾਧੂ ਸਿੰਘ ਵਲੋਂ ਲਿਖਿਆ ਇੱਕ ਬਹੁਤ ਉਮਦਾ ਲੇਖ ਪੜ੍ਹਿਆ ਜਿਸ ਵਿਚ ਉਨ੍ਹਾਂ ਦਾ ਇਕ ਫਿਕਰਾ ਕੁਝ ਇਸ ਪ੍ਰਕਾਰ ਦਾ ਸੀ, “ਮਨ, ਬਚਨ ਅਤੇ ਕਰਮ ਵਿਚ ਤਾਲ-ਮੇਲ ਬਿਠਾਉਣ ਦੀ ਜੁਰਅੱਤ ਕਰਨੀ ਹੀ ਇਨਸਾਨ ਹੋਣ ਦੀ ਅਜ਼ਮਤ ਨੂੰ ਛੂਹ ਲੈਣਾ ਹੁੰਦਾ ਹੈ। ਅੰਮ੍ਰਿਤਾ ਹੋਰਾਂ ਨੇ ਏਸ ਇਨਸਾਨੀ ਬੁਲੰਦੀ ਨੂੰ ਔਰਤ ਦੇ ਜਾਮੇ ਵਿਚ ਹਾਸਿਲ ਕੀਤਾ ਹੈ, ਇਸ ਵਿਚ ਉਨ੍ਹਾਂ ਦੀ ਹਿੰਮਤ ਦੀ ਹੋਰ ਵੀ ਦਾਦ ਦਿੱਤੀ ਜਾਣੀ ਬਣਦੀ ਹੈ। ਕਹਿਣ ਦੀ ਲੋੜ ਨਹੀਂ ਕਿ ਇਸ ਅਵਸਥਾ ਨੂੰ ਪਹੁੰਚਦਾ ਤਾਂ ਆਦਮੀ ਵੀ ਕੋਈ ਵਿਰਲਾ ਟਾਵਾਂ ਹੀ ਹੈ, ਪਰ ਸਾਡਾ ਪੰਜਾਬੀ ਸਮਾਜ ਮਰਦਾਵੀਂ ਹਿੰਡ, ਦਕਿਆਨੂਸੀ ਰਵਈਏ, ਦੰਭਯੁਕਿਤ ਸਦਾਚਾਰਕ ਕਦਰਾਂ-ਕੀਮਤਾਂ ਵਿਚ ਰੋਗੀ ਹੱਦ ਤੱਕ ਗ੍ਰਸਿਆ ਹੋਇਆ ਹੋਣ ਕਾਰਨ, ਔਰਤ ਲਈ ਆਪਣੇ ਇਰਦ ਗਿਰਦ ਵਾਹੀਆਂ ਲਛਮਣ ਰੇਖਾਵਾਂ ਨੂੰ ਉਲੰਘਣਾ ਅਤੇ ਰਵਾਇਤੀ ਰਹੁ-ਰੀਤਾਂ ਦੇ ਜਕੜਬੰਦ ਨੂੰ ਤੋੜ ਕੇ ਆਪਣੀ ਸੁਤੰਤਰ ਸੋਚ ਦੀ ਰੋਸ਼ਨੀ ਵਿਚ ਨਵਾਂ ਰਾਹ ਉਲੀਕ ਸਕਣਾ ਹੋਰ ਵੀ ਮੁਸ਼ਕਲ ਹੁੰਦਾ ਹੈ।”
ਇਸ ਲੇਖ ਤੋਂ ਪ੍ਰਭਾਵਤ ਹੋ ਕੇ ਸੋਚਿਆ ਕਿਉਂ ਨਾ ਇਸ ਵਿਚ ਆਏ ਸ਼ਬਦ ਦਕਿਆਨੂਸ ਬਾਰੇ ਹੀ ਕੁਝ ਲਿਖਿਆ ਜਾਵੇ। ਦਕਿਆਨੂਸ ਵਿਅਕਤੀ ਅਤੇ ਦਕਿਆਨੂਸੀ ਉਸ ਦੇ ਵਿਹਾਰ ਬਾਰੇ ਵਿਸ਼ੇਸ਼ਣ ਰੂਪੀ ਇਹ ਸ਼ਬਦ ਪੰਜਾਬੀ ਵਿਚ ਆਮ ਹੀ ਵਰਤੇ ਜਾਂਦੇ ਹਨ ਖਾਸ ਤੌਰ ‘ਤੇ ਪੜ੍ਹੇ ਲਿਖੇ ਲੋਕਾਂ ਵਲੋਂ। ਸ਼ਬਦ ਦੀ ਧੁਨੀ ਬੜੀ ਅਜੀਬ ਜਿਹੀ ਹੈ ਜੋ ਪੰਜਾਬੀ ਦੇ ਮੇਲ ਦੀ ਨਹੀਂ ਲਗਦੀ। ਆਓ, ਪਹਿਲਾਂ ਇਸ ਦੇ ਅਰਥ ਸਮਝੀਏ। ਦਕਿਆਨੂਸ ਸ਼ਬਦ ਮੋਟੇ ਤੌਰ ‘ਤੇ ਪੁਰਾਣੇ ਜਾਂ ਰੂੜੀਵਾਦੀ ਵਿਚਾਰਾਂ ਵਾਲੇ ਬੰਦੇ ਜਾਂ ਉਸ ਦੇ ਰਵੱਈਏ ਬਾਰੇ ਵਰਤਿਆ ਜਾਂਦਾ ਹੈ। ਪੁਰਾਣੇ ਤੋਂ ਭਾਵ ਹੈ ਜੋ ਆਧੁਨਿਕ ਉਦਾਰਵਾਦੀ ਵਿਚਾਰਾਂ ਨਾਲ ਮੇਲ ਨਾ ਖਾਂਦਾ ਹੋਵੇ। ਇਹ ਵਿਚਾਰ ਰੰਗ, ਨਸਲ, ਲਿੰਗ, ਫੈਸ਼ਨ, ਜਾਤ ਜਾਂ ਵਰਤੋਂ ਵਿਹਾਰ ਦੇ ਪ੍ਰਸੰਗ ਵਿਚ ਹੋ ਸਕਦੇ ਹਨ। ਉਂਜ ਹਰ ਪੀੜੀ ਨੂੰ ਪਿਛਲੀ ਪੀੜੀ ਦੇ ਲੋਕ ਦਕਿਆਨੂਸੀ ਹੀ ਲਗਦੇ ਹਨ।
ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਦਕਿਆਨੂਸੀ ਸ਼ਬਦ ਅਰਬੀ-ਫਾਰਸੀ ਰਾਹੀਂ ਆਇਆ ਇਸੇ ਲਈ ਇਸ ਦੀ ਧੁਨੀ ਕੁਝ ਅਜੀਬ ਜਿਹੀ ਲਗਦੀ ਹੈ। ਹਰ ਭਾਸ਼ਾ ਵਿਚ ਕਈ ਸ਼ਬਦ ਅਜਿਹੇ ਹੁੰਦੇ ਹਨ ਜਿਨ੍ਹਾਂ ਪਿਛੇ ਕਿਸੇ ਇਤਿਹਾਸਕ ਸ਼ਖਸੀਅਤ ਦਾ ਨਾਂ ਬੋਲਦਾ ਹੁੰਦਾ ਹੈ ਜਿਵੇਂ ਜੋ ਸੁੱਖ ਛੱਜੂ ਦੇ ਚਬਾਰੇ, ਉਹ ਬਲਖ ਨਾ ਬੁਖਾਰੇ ਵਿਚ ਛੱਜੂ ਨਾਂ ਦਾ ਪਾਤਰ ਸਪਸ਼ਟ ਝਲਕਦਾ ਹੈ। “ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਜਾਏ, ਜਿਉਂ ਜਿਉਂ ਮੰਨੂ ਵਢਦਾ ਅਸੀਂ ਦੂਣ ਸਵਾਏ ਹੋਏ।” ਵਿਚ ਮੰਨੂ ਇਕ ਇਤਿਹਾਸਕ ਪੁਰਸ਼ ਹੈ। ਮੰਨੂਵਾਦੀ ਸੋਚ ਵਿਚ ਇਕ ਹੋਰ ਮੰਨੂ ਬੋਲਦਾ ਹੈ।
ਦਰਅਸਲ ਦਕਿਆਨੂਸ ਇਕ ਰੋਮਨ ਸਮਰਾਟ ਦਾ ਨਾਂ ਸੀ ਜਿਸ ਦੇ ਰਾਜ ਅਧੀਨ ਅਜੋਕਾ ਤੁਰਕੀ ਵੀ ਸ਼ਾਮਿਲ ਸੀ। ਕੁਝ ਸਰੋਤਾਂ ਅਨੁਸਾਰ ਉਹ ਈਸਾ ਤੋਂ ਪਹਿਲਾਂ ਹੋਇਆ ਪਰ ਲਗਦਾ ਹੈ ਕਿ ਉਹ ਦਰਅਸਲ ਈਸਾ ਤੋਂ ਦੋ ਤਿੰਨ ਸਦੀਆਂ ਬਾਅਦ ਵਿਚ ਹੋਇਆ ਹੋਵੇਗਾ। ਰੋਮਨ ਸਾਮਰਾਜ ਵਿਚ ਮੂਰਤੀ ਪੂਜਾ ਬਹੁਤ ਸਮੇਂ ਤੱਕ ਪ੍ਰਚਲਿਤ ਰਹੀ, ਈਸਾ ਤੋਂ ਸੱਤ ਅੱਠ ਸਦੀਆਂ ਬਾਅਦ ਤੱਕ ਵੀ ਹਾਲਾਂ ਕਿ ਈਸਾਈਅਤ ਅਤੇ ਇਸਲਾਮੀ-ਦੋਵੇਂ ਧਰਮ ਮੂਰਤੀ ਪੂਜਾ ਦੇ ਵਿਰੋਧੀ ਸਨ। ਦਕਿਆਨੂਸ ਦਾ ਜ਼ਿਕਰ ਬਾਈਬਲ ਅਤੇ ਕੁਰਾਨ ਵਿਚ ਵੀ ਆਉਂਦਾ ਹੈ ਭਾਵੇਂ ਦੋਵਾਂ ਵਿਚ ਸ਼ਬਦ-ਜੋੜ ਹੋਰ ਹੋਰ ਹਨ। ਗਰੀਕ ਵਿਚ ਇਸ ਦਾ ਨਾਂ ਦੇਸਿਅਸ ਵਜੋਂ ਪ੍ਰਸਿਧ ਹੈ। ਕਿਹਾ ਜਾਂਦਾ ਹੈ ਕਿ ਦੇਸਿਅਸ ਤੁਰਕੀ ਦੇ ਵੱਡੇ ਸ਼ਹਿਰਾਂ ਤਾਰਸਸ ਅਤੇ ਇਫੇਸਸ ‘ਤੇ ਰਾਜ ਕਰਦਾ ਸੀ। ਉਸ ਵੇਲੇ ਦੇ ਤੁਰਕ ਲੋਕ ਤਾਰਕ ਨਾਂ ਦੇ ਦੇਵਤੇ ਦੀ ਪੂਜਾ ਕਰਦੇ ਸਨ। ਇਫੇਸਿਸ ਦਾ ਮੰਦਿਰ ਸੱਤ ਅਜੂਬਿਆਂ ਵਿਚ ਵੀ ਗਿਣਿਆ ਜਾਂਦਾ ਹੈ। ਦਕਿਆਨੂਸ ਜਾਂ ਦੇਸਿਅਸ ਦੀ ਕਹਾਣੀ ਸਾਡੇ ਕੰਸ ਨਾਲ ਮਿਲਦੀ ਹੈ। ਦੇਸਿਅਸ ਮੂਰਤੀ-ਪੂਜਕ ਸੀ ਤੇ ਆਪਣੇ ਵਿਸ਼ਵਾਸ ਵਿਚ ਕੱਟੜ ਸੀ। ਉਹ ਬੜੀ ਸਖਤਾਈ ਨਾਲ ਮੂਰਤੀ ਪੂਜਾ ਲਾਗੂ ਕਰਦਾ ਸੀ, ਮੰਦਰਾਂ ‘ਚ ਬਲੀ ਚੜ੍ਹਾਉਣ ਲਈ ਲੋਕਾਂ ਨੂੰ ਮਜਬੂਰ ਕਰਦਾ ਸੀ। ਇਥੋਂ ਤੱਕ ਕਿ ਆਪਣੀ ਪਰਜਾ ਦੇ ਧਾਰਮਕ ਵਿਸ਼ਵਾਸਾਂ ‘ਤੇ ਨਜ਼ਰਸਾਨੀ ਰਖਦਾ ਸੀ। ਪਰ ਰੋਮਨ ਸਾਮਰਾਜ ਵਿਚ ਇਸਾਈਅਤ ਦਾ ਪ੍ਰਭਾਵ ਵਧਦਾ ਜਾ ਰਿਹਾ ਸੀ ਜਿਸ ਅਨੁਸਾਰ ਦੁਨੀਆਂ ਦਾ ਕਰਤਾ-ਧਰਤਾ ਨਿਰਾਕਾਰ ਰੱਬ ਹੈ। ਇਨ੍ਹਾਂ ਕਾਰਨਾਂ ਕਰਕੇ ਦੇਸਿਅਸ ਦਾ ਵਿਹਾਰ ਵੀ ਸਖਤ ਤੋਂ ਸਖਤ ਹੁੰਦਾ ਗਿਆ। ਉਹ ਅਜਿਹੇ ਵਿਚਾਰ ਰੱਖਣ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੰਦਾ, ਜ਼ਮੀਨ ਵਿਚ ਗੱਡ ਦਿੰਦਾ, ਹੱਥ ਪੈਰ ਕਟਵਾ ਦਿੰਦਾ, ਜਿਉਂਦਿਆਂ ਨੂੰ ਹੀ ਜਲਾ ਦਿੰਦਾ ਜਾਂ ਮੌਤ ਦੇ ਘਾਟ ਉਤਾਰ ਦਿੰਦਾ। ਬਾਈਬਲ ਵਿਚ ਇਹ ਵਾਕਿਆ ਦਰਜ ਹੈ ਕਿ ਸੱਤ ਨੌਜਵਾਨਾਂ ਨੇ ਸ਼ਹਿਰ ਦੀ ਦੇਵੀ ਦੇ ਮੰਦਿਰ ‘ਤੇ ਸਿਰ ਝੁਕਾਉਣ ਜਾਂ ਬਲੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇਸਿਅਸ ਦੀ ਕਰੋਪੀ ਤੋਂ ਬਚਣ ਲਈ ਬਾਹਰਵਾਰ ਇਕ ਗੁਫਾ ਵਿਚ ਜਾ ਕੇ ਪਨਾਹ ਲਈ ਜਿਥੇ ਜਾਂਦਿਆਂ ਨੀਂਦ ਨੇ ਉਨ੍ਹਾਂ ਨੂੰ ਦਬੋਚ ਲਿਆ। ਦੇਸਿਅਸ ਨੂੰ ਜਦ ਖਬਰ ਹੋਈ ਤਾਂ ਉਸ ਨੇ ਇਸ ਗੁਫਾ ਦੇ ਮੂੰਹ ਨੂੰ ਪੱਥਰਾਂ ਨਾਲ ਬੰਦ ਕਰਵਾ ਦਿੱਤਾ ਤਾਂ ਕਿ ਉਹ ਅੰਦਰੇ ਦਮ ਘੁਟ ਕੇ ਮਰ ਜਾਣ।
ਕੁਰਾਨ ਵਿਚ ਸੱਤ ਇਸਾਈਆਂ ਦਾ ਜ਼ਿਕਰ ਆਉਂਦਾ ਹੈ ਜੋ ਦੇਸਿਅਸ ਦੀ ਕੈਦ ਵਿਚੋਂ ਭੱਜ ਕੇ ਗੁਫਾ ਵਿਚ ਜਾ ਵੜੇ ਤੇ ਦੇਸਿਅਸ ਦੇ ਹੁਕਮਾਂ ਅਨੁਸਾਰ ਇਸ ਗੁਫਾ ਦਾ ਮੂੰਹ ਬੰਦ ਕਰਵਾ ਦਿੱਤਾ ਗਿਆ। ਇਨ੍ਹਾਂ ਲੋਕਾਂ ਨੂੰ ਅਸਹਾਬੇ-ਕਹਫ਼ ਕਿਹਾ ਜਾਂਦਾ ਹੈ। ਅਸਾਹਬੇ ਦਾ ਮਤਲਬ ਜਿਸ ‘ਤੇ ਪੈਗੰਬਰ ਦੀ ਮਿਹਰ ਹੈ। ਪੰਜਾਬੀ ਵਿਚਲਾ ਸਾਹਿਬ ਸ਼ਬਦ ਇਸੇ ਦਾ ਰੁਪਾਂਤਰ ਹੈ ਜਿਸ ਬਾਰੇ ਕਦੇ ਫਿਰ ਜ਼ਿਕਰ ਕਰਾਂਗੇ। ਕਹਾਫ਼ ਦਾ ਅਰਥ ਗੁਫਾ ਹੁੰਦਾ ਹੈ, ਕੋਹਕਾਫ ਵਿਚ ਇਹ ਸ਼ਬਦ ਆਉਂਦਾ ਹੈ। ਗੁਫਾ ਦੇ ਅਰਥਾਂ ਵਾਲਾ ਪੰਜਾਬੀ ਖੋਹ ਵੀ ਇਸੇ ਦਾ ਬਦਲਿਆ ਰੂਪ ਹੈ। ਬਾਈਬਲ ਅਨੁਸਾਰ ਇਹ ਨੌਜਵਾਨ ਗੁਫਾ ਵਿਚ ਦੋ ਸੌ ਸਾਲ ਤੇ ਕੁਰਾਨ ਅਨੁਸਾਰ ਤਿੰਨ ਸੌ ਸਾਲ ਸੱਤੇ ਰਹੇ। ਏਨੇ ਸਮੇਂ ਪਿਛੋਂ ਜਦ ਇਨ੍ਹਾਂ ਦੀ ਨੀਂਦ ਖੁਲ੍ਹੀ ਤਾਂ ਭੁਖ ਦੇ ਮਾਰੇ ਗੁਫਾ ‘ਚੋਂ ਬਾਹਰ ਆ ਕੇ ਰੋਟੀ ਖਰੀਦਣ ਚਲੇ ਗਏ। ਉਨ੍ਹਾਂ ਪਾਸ ਸਿੱਕੇ ਵੀ ਤਿੰਨ ਸੌ ਸਾਲ ਪੁਰਾਣੇ ਸਨ ਜਿਨ੍ਹਾਂ ਉਤੇ ਦੇਸਿਅਸ ਦੀ ਤਸਵੀਰ ਸੀ। ਸਾਰੇ ਲੋਕ ਹੈਰਾਨ ਹੋ ਗਏ ਕਿ ਅਤਿਆਚਾਰੀ ਦਕਿਆਨੂਸ ਦੇ ਸਿੱਕੇ ਕਿਥੋਂ ਆ ਗਏ। ਖੁਦ ਇਹ ਨੌਜਵਾਨ ਹੈਰਾਨ ਹੋ ਗਏ। ਉਨ੍ਹਾਂ ਤਾਂ ਸੋਚਿਆ ਸੀ ਕਿ ਉਨ੍ਹਾਂ ਨੂੰ ਬੱਸ ਨੀਂਦ ਦਾ ਝੌਂਕਾ ਹੀ ਆਇਆ ਹੈ। ਫਿਰ ਉਨ੍ਹਾਂ ਜ਼ੁਲਮੀ ਦਕਿਆਨੂਸ ਦੀ ਕਹਾਣੀ ਸੁਣਾਈ ਕਿ ਕਿਵੇਂ ਉਹ ਉਸ ਦੇ ਕਹਿਰ ਤੋਂ ਬਚਣ ਖਾਤਿਰ ਇਸ ਗੁਫਾ ਵਿਚ ਆ ਲੁਕੇ ਸਨ। ਫਿਰ ਇਹ ਸੱਤੇ ਜਣੇ ਇਥੇ ਹੀ ਰਹਿਣ ਲੱਗੇ ਤੇ ਇੱਛਾ ਕੀਤੀ ਕਿ ਮਰਨ ਤੋਂ ਬਾਅਦ ਉਨ੍ਹਾਂ ਨੂੰ ਉਸੇ ਗੁਫਾ ਵਿਚ ਦਫਨਾਇਆ ਜਾਵੇ। ਲੋਕਾਂ ਅਜਿਹਾ ਹੀ ਕੀਤਾ। ਹੁਣ ਪੱਛਮੀ ਏਸ਼ੀਆ, ਇਥੋਂ ਤੱਕ ਕਿ ਪਛਮੀ ਚੀਨ ਦੇ ਇਲਾਕੇ ਵਿਚ ਕਈ ਅਜਿਹੀਆਂ ਗੁਫਾਵਾਂ ਮਿਲਦੀਆ ਹਨ ਜਿਨ੍ਹਾਂ ਵਿਚ ਇਨ੍ਹਾਂ ਸੱਤ ਨੌਜਵਾਨਾਂ ਦੀਆਂ ਕਬਰਾਂ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ਅਸਾਹਬੇ-ਕਹਾਫ਼ ਕਿਹਾ ਜਾਂਦਾ ਹੈ।
ਹਰ ਖੇਤਰ ਦੀਆਂ ਮਿਥਾਂ ਬਾਰੇ ਅਜਿਹਾ ਹੀ ਹੁੰਦਾ ਹੈ। ਅਯੁਧਿਆ ਵਿਚ ਅਨੇਕਾਂ ਸਥਾਨ ਹਨ ਜਿਥੇ ਰਾਮ ਦੇ ਜਨਮ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਇਹ ਕਹਾਣੀ ਈਸਾ ਤੇ ਪੈਗੰਬਰ ਦੀ ਕਰਨੀ ਦਰਸਾਉਣ ਲਈ ਇਨ੍ਹਾਂ ਧਰਮਾਂ ਦੇ ਲੋਕਾਂ ਨੇ ਪ੍ਰਚਾਰੀ ਹੈ। ਉਹ ਦੱਸਣਾ ਚਾਹੁੰਦੇ ਸਨ ਕਿ ਉਨ੍ਹਾਂ ਦੇ ਮਸੀਹਾਂ ਨੇ ਇਕ ਅਤਿਆਚਾਰੀ ਤੋਂ ਆਪਣੇ ਭਗਤਾਂ ਦੀ ਕਿਵੇਂ ਰੱਖਿਆ ਕੀਤੀ। ਇਸ ਕਹਾਣੀ ਤੋਂ ਦਕਿਆਨੂਸ ਦੇ ਅਤਿਆਚਾਰੀ ਹੋਣ ਦੀ ਸੂਹ ਤਾਂ ਮਿਲਦੀ ਹੈ ਪਰ ਸਾਡੀਆਂ ਭਾਸ਼ਾਵਾਂ ਵਿਚ ਇਹ ਰੂੜੀਵਾਦੀ ਦੇ ਅਰਥਾਂ ਵਜੋਂ ਪ੍ਰਚਲਿਤ ਹੋਇਆ ਕਿਉਂਕਿ ਦੇਸਿਅਸ/ ਦਕਿਆਨੂਸ ਮੂਰਤੀ ਪੂਜਕ ਹੋਣ ਕਰਕੇ ਪੁਰਾਣੇ ਵਿਚਾਰਾਂ ਦਾ ਸੀ ਜਦ ਕਿ ਈਸਾਈਅਤ ਜਾਂ ਇਸਲਾਮ ਉਨ੍ਹਾਂ ਦਿਨਾਂ ਵਿਚ ਨਵੀਨ ਵਿਚਾਰਾਂ ਦੇ ਸੂਚਕ ਸਨ। ਇਰਾਨ ਦੇ ਲੋਕਾਂ ਨੇ ਅੱਜ ਵੀ ਜਦ ਕਿਸੇ ਪੁਰਾਤਨ ਜਾਂ ਪੁਰਾਤਨਪੰਥੀ ਗੱਲ ‘ਤੇ ਟਿੱਪਣੀ ਕਰਨੀ ਹੋਵੇ ਤਾਂ ਉਹ ਕਹਿ ਦਿੰਦੇ ਹਨ, ‘ਅਹਦੇ ਦਕਿਆਨੂਸ।’

Be the first to comment

Leave a Reply

Your email address will not be published.