ਗੁਲਜ਼ਾਰ ਸਿੰਘ ਸੰਧੂ
ਮਈ ਮਹੀਨੇ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਵੈਨਕੂਵਰ (ਕੈਨੇਡਾ) ਦੀ ਬੰਦਰਗਾਹ ਉਤੇ ਰੋਕ ਲੈਣ ਦੀ ਵਾਰਦਾਤ ਨੂੰ ਸੌ ਸਾਲ ਹੋ ਗਏ ਹਨ। ਭਾਰਤ ਵਾਸੀ ਗਦਰ ਪਾਰਟੀ ਦੀ ਸਥਾਪਨਾ ਦੇ ਸੌ ਸਾਲਾਂ ਦੇ ਸਮਾਗਮ ਰਚਾ ਹੀ ਰਹੇ ਹਨ ਕਿ ਇਹ ਵਾਰਦਾਤ ਵੀ ਉਨ੍ਹਾਂ ਨਾਲ ਆ ਜੁੜੀ ਹੈ। ਚੇਤੇ ਰਹੇ ਕਿ ਕੈਨੇਡਾ ਦੀ ਸਰਕਾਰ ਵਲੋਂ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ ਆਪਣੇ ਸਮੁੰਦਰੀ ਤੱਟ ਉਤੇ ਦੋ ਮਹੀਨੇ ਖੱਜਲ ਖੁਆਰ ਕਰਕੇ ਵਾਪਸ ਭੇਜਣ ਨੇ ਦੁਨੀਆਂ ਭਰ ਦੇ ਪੰਜਾਬੀਆਂ ਵਿਚ ਰੋਸ ਪੈਦਾ ਕਰ ਦਿੱਤਾ ਸੀ, ਖਾਸ ਕਰਕੇ ਉਤਰੀ ਅਮਰੀਕਾ ਦੇ ਪੱਛਮੀ ਤੱਟ ਤੇ ਵੱਸੇ ਸਿੱਖਾਂ ਦੇ ਮਨ ਵਿਚ। ਉਹ ਗੋਰਿਆਂ ਦੇ ਦੁਰਵਿਹਾਰ ਤੋਂ ਪਹਿਲਾਂ ਹੀ ਏਨੇ ਦੁਖੀ ਸਨ ਕਿ ਉਨ੍ਹਾਂ ਨੇ ਗਦਰ ਪਾਰਟੀ ਦੀ ਸਥਾਪਨਾ ਕਰਕੇ ਆਪਣੇ ਦੇਸ਼ ਪਰਤ ਕੇ ਬਰਤਾਨਵੀ ਸਰਕਾਰ ਵਿਰੁਧ ਹਥਿਆਰਬੰਦ ਘੋਲ ਕਰਨ ਦਾ ਪੱਕਾ ਨਿਸ਼ਚਾ ਕਰ ਰਖਿਆ ਸੀ। ਇਸ ਜਹਾਜ਼ ਦੀ ਵਾਪਸੀ ਸਮੇਂ ਵੀ ਰਸਤੇ ਵਿਚ ਆਉਂਦੇ ਸਭ ਦੇਸ਼ਾਂ ਦੇ ਗਦਰੀ ਸੋਚ ਰੱਖਣ ਵਾਲੇ ਭਾਰਤੀ ਇਸ ਵਿਚ ਕੁੱਦ ਪਏ ਸਨ। ਮੰਤਵ ਗੋਰੀ ਸਰਕਾਰ ਤੋਂ ਮੁਕਤੀ ਪ੍ਰਾਪਤ ਕਰਨਾ ਹੀ ਸੀ।
1912 ਵਿਚ ਗਦਰ ਪਾਰਟੀ ਦੀ ਸਥਾਪਨਾ ਤੇ ਕਾਮਾਗਾਟਾ ਮਾਰੂ ਦੀ ਵਾਰਦਾਤ ਦਾ ਹਲੂਣਾ ਉਤਰੀ ਅਮਰੀਕਾ ਦੇ ਪੱਛਮੀ ਤੱਟ ਉਤੇ ਵਸੇ ਅਜੋਕੇ ਪੰਜਾਬੀਆਂ ਲਈ ਏਨਾ ਮਹੱਤਵ ਰੱਖਦਾ ਹੈ ਕਿ ਉਨ੍ਹਾਂ ਨੇ ਸਟਾਕਟਨ (ਅਮਰੀਕਾ) ਦੇ ਗੁਰਦੁਆਰੇ ਦੀ ਇਤਿਹਾਸਕ ਇਮਾਰਤ ਨੂੰ 2012 ਦੇ ਸਤੰਬਰ ਮਹੀਨੇ ਗਦਰੀ ਅਜਾਇਬ ਘਰ ਵਿਚ ਬਦਲ ਕੇ ਇਥੇ ਸਿੱਖ ਅਮਰੀਕਨ ਖੋਜ ਕੇਂਦਰ ਸਥਾਪਤ ਕੀਤਾ ਹੈ। ਇਸ ਖੋਜ ਕੇਂਦਰ ਵਲੋਂ ਜਿਹੜੇ ਸੈਮੀਨਾਰ ਕਰਵਾਏ ਉਨ੍ਹਾਂ ਵਿਚ ਦੁਨੀਆਂ ਭਰ ਦੇ ਸਿੱਖ ਚਿੰਤਕਾਂ ਤੋਂ ਬਿਨਾ ਉਘੇ ਗੈਰ ਭਾਰਤੀ ਵਿਦਵਾਨਾਂ ਨੂੰ ਵੀ ਖੁੱਲ੍ਹਾ ਸੱਦਾ ਦਿੱਤਾ। ਡਾæ ਬਰੂਸ ਬਰਾਕ, ਡਾæ ਹਿਊ ਜਾਨਸਟਨ, ਡਾæ ਹੈਰਲਡ ਗੋਲਡ, ਡਾæ ਕੇਰਨ ਲਿਓਨਾਰਡ, ਡਾæ ਪਾਲ ਏਂਗਲਜ਼ਬਰਗ ਹੀ ਨਹੀਂ ਡਾæ ਜਸਪਾਲ ਸਿੰਘ ਚੰਡੀਗੜ੍ਹ, ਡਾæ ਤੇਜਵੰਤ ਸਿੰਘ ਗਿੱਲ, ਡਾæ ਗੁਰੂਮੇਲ ਸਿੱਧੂ, ਡਾæ ਮਾਲਵਿੰਦਰਜੀਤ ਸਿੰਘ ਵੜੈਚ, ਡਾæ ਬਲਕਾਰ ਸਿੰਘ, ਡਾæ ਜੇ ਐਸ ਗਰੇਵਾਲ, ਡਾæ ਪ੍ਰਿਥੀਪਾਲ ਸਿੰਘ ਕਪੂਰ, ਡਾæ ਗੁਰਦਰਸ਼ਨ ਸਿੰਘ ਢਿਲੋਂ, ਅਜਮੇਰ ਸਿੰਘ, ਡਾæ ਗੁਰਨਾਮ ਕੌਰ, ਡਾæ ਇਕਤਦਾਰ ਕਦਾਮਤ ਚੀਮਾ, ਡਾæ ਤਰਲੋਚਨ ਸਿੰਘ ਨਾਹਲ, ਪ੍ਰੋæ ਸੋਹਣ ਸਿੰਘ ਪੂਨੀ, ਡਾæ ਅਮਰੀਕ ਸਿੰਘ ਅਤੇ ਡਾæ ਜਸਬੀਰ ਸਿੰਘ ਮਾਨ ਨੇ ਇਨ੍ਹਾਂ ਸੈਮੀਨਾਰਾਂ ਵਿਚ ਹਾਜ਼ਰੀ ਭਰੀ ਜਾਂ ਲਿਖਤੀ ਪਰਚੇ ਭੇਜੇ। ਡਾæ ਜਸਪਾਲ ਸਿੰਘ (ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ) ਉਚੇਚੇ ਪਹੁੰਚੇ। ਡਾæ ਹਿਊ ਜਾਨਸਟਨ ਨੇ ਦੋਨਾਂ ਸੈਮੀਨਾਰਾਂ ਵਿਚ ਗੱਜ ਵੱਜ ਕੇ ਹਿੱਸਾ ਲਿਆ।
ਉਪਰੋਕਤ ਭਾਰਤੀ ਤੇ ਗੈਰ ਭਾਰਤੀ ਵਿਦਵਾਨਾਂ ਨੇ ਭਾਰਤ ਸੁਤੰਤਰਤਾ ਸੰਗ੍ਰਾਮ ਵਿਚ ਗਦਰ ਪਾਰਟੀ ਲਹਿਰ ਦੇ ਸਿੱਧੇ ਅਤੇ ਅਸਿੱਧੇ ਯੋਗਦਾਨ ਨੂੰ ਯੋਗ ਮਹੱਤਤਾ ਦੇ ਕੇ ਅਦੁਤੀ ਕੰਮ ਕੀਤਾ ਹੈ। ਇਹ ਲੇਖ ਦਸਦੇ ਹਨ ਕਿ ਗਦਰੀ ਬਾਬਿਆਂ ਵਜੋਂ ਜਾਣੇ ਜਾਂਦੇ ਇਨ੍ਹਾਂ ਯੋਧਿਆਂ ਨੇ ਸੁਤੰਤਰਤਾ ਸੰਗ੍ਰਾਮ ਵਿਚ ਕੁੱਦਣ ਸਮੇਂ ਇਹ ਨਹੀਂ ਦੇਖਿਆ ਕਿ ਉਹ ਆਪਣੇ ਪਰਵਾਸ ਸਮੇਂ ਦੀਆਂ ਵੱਡੀਆਂ ਜਾਇਦਾਦਾਂ ਛੱਡ ਕੇ ਜਾ ਰਹੇ ਹਨ। ਉਨ੍ਹਾਂ ਦਾ ਯੋਗਦਾਨ ਭਾਰਤੀ ਸੰਗ੍ਰਾਮੀਆਂ ਨਾਲੋਂ ਉਤਮ ਤੇ ਨਵੇਕਲਾ ਸੀ। ਇਤਿਹਾਸ ਗਵਾਹ ਹੈ ਕਿ ਇਨ੍ਹਾਂ ਯੋਧਿਆਂ ਨੇ ਬਰਤਾਨਵੀ ਸਰਕਾਰ ਸਮੇਂ ਮੁੜ ਆਪਣੀ ਮਾਤ ਭੂਮੀ ਦੇ ਦਰਸ਼ਨ ਵੀ ਨਹੀਂ ਕੀਤੇ। ਕਈਆਂ ਨੂੰ ਫਾਂਸੀ ਲਟਕਾ ਦਿੱਤਾ ਤੇ ਕਈ ਕਾਲੇ ਪਾਣੀ ਦੇ ਜੰਗਲਾਂ ਵਿਚ ਰੁਲਦੇ ਰਹੇ।
ਸਿੱਖ ਅਮਰੀਕਨ ਰਿਸਰਚ ਸੈਂਟਰ, ਸਟਾਕਟਨ ਨੇ ਸੈਮੀਨਾਰ ਦੇ ਇਨ੍ਹਾਂ ਸਾਰੇ ਭਾਸ਼ਣਾਂ ਨੂੰ ਡਾæ ਜਸਬੀਰ ਸਿੰਘ ਮਾਨ, ਡਾæਜਸਪਾਲ ਸਿੰਘ ਤੇ ਡਾæ ਅਮਰੀਕ ਸਿੰਘ ਦੇ ਸੰਕਲਨ ਤੇ ਸੰਪਾਦਨ ਅਧੀਨ ਯੂਨੀਸਟਾਰ ਬੁਕਸ-ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਤੋਂ ਦੋ ਵਡ ਅਕਾਰੀ ਪੁਸਤਕਾਂ ਦੇ ਰੂਪ ਵਿਚ ਛਪਵਾ ਕੇ ਵਧੀਆ ਕੰਮ ਕੀਤਾ ਹੈ।
ਮੇਰੇ ਵਿਚਾਰ ਅਨੁਸਾਰ ਇਹ ਕੰਮ ਯੂਗਾਂਤਰ ਆਸ਼ਰਮ, ਸੈਨ ਫਰਾਂਸਿਸਕੋ ਨੂੰ ਕਰਨਾ ਚਾਹੀਦਾ ਸੀ, ਜਿਹੜਾ ਭਾਰਤ ਸਰਕਾਰ ਦੇ ਅਧੀਨ ਕੰਮ ਕਰਦਾ ਹੈ। ਜਦੋਂ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀਆਂ ਤਾਂ ਅਜਿਹਾ ਬੀੜਾ ਗੈਰ ਸਰਕਾਰੀ ਸੰਸਥਾਵਾਂ ਹੀ ਚੁਕਦੀਆਂ ਹਨ। ਸਿੱਖ ਸੈਂਟਰ ਦੀ ਪ੍ਰਕਾਸ਼ਨਾ ਹੋਣ ਦੇ ਬਾਵਜੂਦ ਇਨ੍ਹਾਂ ਵਿਚੋਂ ਖੱਬੀ, ਸੱਜੀ ਤੇ ਵਿਚਕਾਰਲੀ ਸੋਚ ਦੇ ਪਾਠਕਾਂ ਤੇ ਵਿਦਿਆਰਥੀਆਂ ਲਈ ਸੰਤੁਲਿਤ ਸਮਗਰੀ ਮਿਲਦੀ ਹੈ।
ਕਾਂਗਰਸ ਪ੍ਰਧਾਨ ਦੇ ਰੰਗ ਦਾ ਨਵਾਂ ਪੱਤਾ: ਤਾਸ਼ ਦੀ ਖੇਡ ਦਾ ਗਿਆਨ ਰੱਖਣ ਵਾਲੇ ਜਾਣਦੇ ਹਨ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਰੰਗ ਦੱਬਣ ਦੀ ਮਾਹਰ ਹੈ। ਜਦੋਂ ਉਸ ਨੇ ਭਾਰਤੀ ਆਰਥਕਤਾ ਦੀ ਡਾਵਾਂਡੋਲ ਬੇੜੀ ਨੂੰ ਡੁੱਬਣ ਤੋਂ ਬਚਾਉਣਾ ਸੀ ਤਾਂ ਆਰਥਕਤਾ ਦੇ ਮਾਹਰ ਡਾæ ਮਨਮੋਹਨ ਸਿੰਘ ਨੂੰ ਖੂਬ ਵਰਤਿਆ। ਹੁਣ ਜਦਕਿ ਦੇਸ਼ ਦੀ ਰਾਜਨੀਤੀ ਸੁਨਾਮੀ ਦੀ ਲਪੇਟ ਵਿਚ ਆ ਚੁੱਕੀ ਹੈ ਤਾਂ ਦੂਰ ਦੱਖਣ ਤੋਂ ਮਲਿਕ ਅਰਜਨ ਖੜਗੇ ਨੂੰ ਭਾਰਤੀ ਸੰਸਦ ਵਿਚ ਵਿਰੋਧੀ ਧਿਰ ਦੇ ਪੱਤੇ ਵਜੋਂ ਵਰਤਣ ਦਾ ਫੈਸਲਾ ਕਰ ਲਿਆ ਹੈ। ਉਹ ਜਾਣਦੀ ਹੈ ਕਿ ਖੜਗੇ ਨੇ ਆਪਣੇ 46 ਸਾਲ ਦੇ ਰਾਜਨੀਤਕ ਜੀਵਨ ਵਿਚ ਕਦੀ ਹਾਰ ਦਾ ਮੂੰਹ ਨਹੀਂ ਦੇਖਿਆ। ਉਹ ਤਿੰਨ ਵਾਰ ਆਪਣੇ ਰਾਜ ਦਾ ਮੁੱਖ ਮੰਤਰੀ ਬਣਦਾ ਬਣਦਾ ਰਹਿ ਗਿਆ ਸੀ। ਇਸ ਵਾਰ ਮੈਡਮ ਨੇ ਦਲਿਤ ਰੰਗ ਦੱਬਿਆ ਹੈ। ਨਹੀਂ ਤਾਂ ਉਸ ਦੇ ਪੁੱਤਰ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਨ ਤੋਂ ਰੋਕਣ ਵਾਲਾ ਉਕਾ ਹੀ ਕੋਈ ਨਹੀਂ ਸੀ ਜੰਮਿਆ ਪਰ ਇਹ ਰੰਗ ਚੱਲਣ ਵਾਲਾ ਨਹੀਂ ਸੀ।
ਉਹ ਕਾਸ਼ੀ ਰਾਮ ਦੇ ਹੁੰਦਿਆਂ ਦਲਿਤ ਰੰਗ ਦੀ ਸ਼ਕਤੀ ਦੇਖ ਚੁੱਕੀ ਹੈ। ਉਹ ਜਾਣਦੀ ਹੈ ਕਿ ਉਤਰ ਪ੍ਰਦੇਸ਼ ਵਿਚ ਮਾਇਆਵਤੀ ਨੇ ਵੀ ਇਸ ਹੀ ਰੰਗ ਦੀ ਖੱਟੀ ਖਾਧੀ ਹੈ। ਕੋਈ ਕਾਰਨ ਨਹੀਂ ਕਿ ਇਹ ਵਾਲਾ ਰੰਗ ਉਸ ਦੀ ਖੇਰੂੰ ਖੇਰੂੰ ਹੋ ਚੁੱਕੀ ਪਾਰਟੀ ਨੂੰ ਰਾਸ ਨਾ ਆਵੇ। ਇਹ ਖੀਰ ਫਟਾ ਫਟ ਰਿੱਝਣ ਵਾਲੀ ਨਾ ਵੀ ਹੋਵੇ ਇਸ ਦੇ ਕੱਚੀ ਰਹਿ ਜਾਣ ਦੀ ਕੋਈ ਸੰਭਾਵਨਾ ਨਹੀਂ। ਖੜਗੇ ਦਾ ਹੁੰਗਾਰਾ ਭਰਨਾ ਵੀ ਸਮਝ ਆਉਂਦਾ ਹੈ। ਡੋਲਦੇ ਪਾਣੀਆਂ ਵਿਚ ਕੁੱਦਣ ਵਾਲੇ ਇਹ ਨਹੀਂ ਦੇਖਦੇ ਹੁੰਦੇ ਕਿ ਉਨ੍ਹਾਂ ਨੂੰ ਕੰਢੇ ਲੱਗਣ ਵਿਚ ਕਿੰਨਾ ਸਮਾਂ ਲਗਦਾ ਹੈ। ਸੋਨੀਆ ਗਾਂਧੀ ਨੂੰ ਨਵਾਂ ਰੰਗ ਮੁਬਾਰਕ!
ਅੰਤਿਕਾ: (ਹਰਿਭਜਨ ਸਿੰਘ)
ਮੈਂ ਚੁੰਮ ਹੀ ਲਿਆ ਜਾ ਕੇ ਲਹਿਰਾਂ ਦਾ ਜੋਬਨ
ਅੜੇ ਮੇਰੇ ਪੈਰੀਂ ਕਿਨਾਰੇ ਬੜੇ ਨੇ।
Leave a Reply