ਜਤਿੰਦਰ ਮੌਹਰ
ਫੋਨ: 91-97799-34747
ਓਲਨੇ ਸਾਓ ਪਾਲੋ ਬਰਾਜ਼ੀਲ ਦਾ ਸਿਰਕੱਢ ਫ਼ਿਲਮਸਾਜ਼ ਸੀ। ਬੈਂਕ ਕਰਮਚਾਰੀ ਰਿਹਾ ਪਾਲੋ ਚੰਗਾ ਅਦਾਕਾਰ ਵੀ ਸੀ। ਉਹਨੇ ਬਤੌਰ ਹਦਾਇਤਕਾਰ ‘ਕਰਾਈ ਆਫ ਦਿ ਅਰਥ’ (ਧਰਤੀ ਦਾ ਰੁਦਨ-1964), ‘ਗਰੇ ਮੌਰਨਿੰਗ’ (ਸਲੇਟੀ ਸਵੇਰ-1969) ਅਤੇ ‘ਫੋਰਟ’ (ਕਿਲ੍ਹਾ-1974) ਜਿਹੀਆਂ ਫ਼ਿਲਮਾਂ ਬਣਾਈਆਂ ਸਨ। ਪਾਲੋ ਦੀ ਪਹਿਲੀ ਫ਼ਿਲਮ ‘ਕਰਾਈ ਆਫ ਦਿ ਅਰਥ’ ਉੱਤਰ-ਪੂਰਬੀ ਬਰਾਜ਼ੀਲ ਦੇ ਕਿਸਾਨਾਂ ਦੀ ਕੰਗਾਲੀ, ਜ਼ਮੀਨੀ ਸਵਾਲ ਅਤੇ ਸੰਗਰਾਮ ਬਾਰੇ ਸੀ। ਪਾਲੋ ਦੇ ਸਮਿਆਂ ਵਿਚ ਬਰਾਜ਼ੀਲ ਜਾਬਰ ਫ਼ੌਜੀ ਸੱਤਾ ਦੀ ਮਾਰ ਝੱਲ ਰਿਹਾ ਸੀ। ਪਾਲੋ ਦੀ ਫ਼ਿਲਮ ਨੂੰ ਭੜਕਾਊ ਕਰਾਰ ਦਿੱਤਾ ਗਿਆ। ਸੱਜੇ-ਪੱਖੀ ਫ਼ੌਜੀ ਜਰਨੈਲਾਂ ਨੇ ਆਮ ਸ਼ਹਿਰੀਆਂ ਦੇ ਸਵੈ-ਪ੍ਰਗਟਾਵੇ ਦੀ ਆਜ਼ਾਦੀ ਉੱਤੇ ਪਾਬੰਦੀਆਂ ਮੜ੍ਹੀਆਂ ਹੋਈਆਂ ਸਨ। ਸਿਨੇਮਾ ਇਸ ਰੁਝਾਨ ਤੋਂ ਬਾਹਰ ਨਹੀਂ ਸੀ। ਸਰਕਾਰ ਵਿਰੁੱਧ ਬੋਲਣ ਦੇ ਨਤੀਜੇ ਵਿਚ ਗੰਭੀਰ ਸਿੱਟੇ ਭੁਗਤਣੇ ਪੈਂਦੇ ਸਨ। ਤਾਨਾਸ਼ਾਹੀ ਨੇ ਸਿਨੇਮੇ ਉੱਤੇ ਕਰੜੀ ਸੈਂਸਰਸ਼ਿਪ ਬਿਠਾਈ ਹੋਈ ਸੀ। ਇਸ ਜਾਬਰ ਰਾਜ ਵਿਚ ਰੋਸ ਮੁਜ਼ਾਹਰਾ ਕਰਨਾ ‘ਮੁਲਕ ਵਿਰੋਧੀ’ ਅਤੇ ‘ਭੜਕਾਊ ਕਾਰਵਾਈ’ ਕਰਾਰ ਦਿੱਤਾ ਹੋਇਆ ਸੀ। ਸਰਕਾਰੀ ਹੁਕਮਾਂ ਦੇ ਬਾਵਜੂਦ ਸੰਨ 1968 ਵਿਚ ਪਾੜ੍ਹਿਆਂ ਨੇ ਤਾਨਾਸ਼ਾਹੀ ਵਿਰੁਧ ਰੋਸ ਮੁਜ਼ਾਹਰਿਆਂ ਦਾ ਲੰਬਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਸੀ। ਇਸੇ ਨਾਬਰੀ ਦੀ ਕੜੀ ਵਿਚ ਬਰਾਜ਼ੀਲੀ ਅਦਾਕਾਰ ਬੀਬੀਆਂ ਨੇ ਲੋਕਾਂ ਨਾਲ ਮਿਲ ਕੇ ਫ਼ੌਜੀ-ਸੱਤਾ ਦੇ ਵਿਰੁਧ ਮਿਸਾਲੀ ਰੋਸ ਮੁਜ਼ਾਹਰਾ ਕੀਤਾ ਸੀ। ਮੁਜ਼ਾਹਰੇ ਦੀ ਇਤਿਹਾਸਕ ਤਸਵੀਰ ਵਿਚ ਖੱਬੇ ਤੋਂ ਸੱਜੇ ਅਦਾਕਾਰਾ ਈਵਾ ਤੋਦੋਰ, ਤੋਨੀਆ ਸਿਰੈਰੋ, ਈਵਾ ਵਿਲਮਾ, ਲੇਇਲਾ ਦਿਨੀਜ਼, ਉਦਤੇ ਲਾਰਾ ਅਤੇ ਨੌਰਮਾ ਬੈਂਗਲ ਜੋਟੀ ਪਾ ਕੇ ਕਦਮ ਵਧਾ ਰਹੀਆਂ ਹਨ।
ਉਨ੍ਹਾਂ ਸਮਿਆਂ ਵਿਚ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਫ਼ਿਲਮ ਕਲੱਬ ਬਣੇ ਹੋਏ ਸਨ। ਇਹ ਫ਼ਿਲਮਾਂ ਦਿਖਾਉਣ ਅਤੇ ਫ਼ਿਲਮ ਕਲਾ ਬਾਰੇ ਚੇਤਨਾ ਵਧਾਉਣ ਦਾ ਕੰਮ ਕਰਦੇ ਸਨ। ਇਨ੍ਹਾਂ ਕਲੱਬਾਂ ਦੀ ਫ਼ਿਲਮ ਕਲਾ ਦੇ ਖ਼ੇਤਰ ਵਿਚ ਜ਼ਿਕਰਯੋਗ ਦਖ਼ਲਅੰਦਾਜ਼ੀ ਰਹਿੰਦੀ ਸੀ। ਫ਼ੌਜੀ ਸੱਤਾ ਵਿਰੁਧ ਆਵਾਜ਼ ਬੁਲੰਦ ਕਰਨ ਵਿਚ ਇਨ੍ਹਾਂ ਫ਼ਿਲਮ ਕਲੱਬਾਂ ਨੇ ਅਹਿਮ ਭੂਮਿਕਾ ਨਿਭਾਈ। ਫ਼ੌਜੀ ਸੱਤਾ ਨੇ ਨੇਵੀ ਦੇ ਸਮਾਗਮਾਂ ਵਿਚ ਸੋਵੀਅਤ ਫ਼ਿਲਮਸਾਜ਼ ਸਰਗੇਈ ਐਂਜੇਸਤਾਈਨ ਦੀ ਫ਼ਿਲਮ ‘ਬੈਟਲਸ਼ਿਪ ਪੋਟੇਮਕਿਨ’ ਦਿਖਾਉਣ ਉੱਤੇ ਪਾਬੰਦੀ ਲਾ ਦਿੱਤੀ ਸੀ। ਇਹ ਫ਼ਿਲਮ 1964 ਤੋਂ ਪਹਿਲਾਂ ਦਿਖਾਈ ਜਾਂਦੀ ਸੀ, ਪਰ ਹੁਣ ਫ਼ੌਜੀ ਜਰਨੈਲਾਂ ਲਈ ਬਗ਼ਾਵਤ ਭੜਕਣ ਦਾ ਸਬੱਬ ਬਣ ਗਈ ਸੀ। ਇਸ ਫ਼ਿਲਮ ਉੱਤੇ ਪਾਬੰਦੀ ਲਾਉਣ ਤੋਂ ਬਾਅਦ ਸੱਤਾ ਨੇ ਪੂਰੇ ਸਿਨੇਮੇ ਉੱਤੇ ਹੀ ਆਰਾ ਧਰ ਲਿਆ। ਇਸ ਪਾਬੰਦੀ ਨੇ ਫ਼ਿਲਮ ਕਲੱਬਾਂ ਦੇ ਪ੍ਰਾਈਵੇਟ ਫ਼ਿਲਮ ਮੇਲਿਆਂ ਨੂੰ ਵੀ ਘੇਰੇ ਵਿਚ ਲਿਆਂਦਾ। ਫ਼ਿਲਮਾਂ ਦਿਖਾਉਣ ਤੋਂ ਪਹਿਲਾਂ ਮਨਜ਼ੂਰੀ ਲੈਣੀ ਲਾਜ਼ਮੀ ਕਰ ਦਿੱਤੀ ਗਈ। ਫ਼ਿਲਮ ਕਲੱਬਾਂ ਨੇ ਪਾਬੰਦੀ ਦੇ ਵਿਰੁਧ ਪੈਂਤੜਾ ਲਿਆ। ਪਾਬੰਦੀਯਾਫ਼ਤਾ ਬਰਾਜ਼ੀਲੀ ਕਮਿਊਨਿਸਟ ਪਾਰਟੀ ਦੇ ਅਸਰ ਹੇਠਲੇ ਨੌਜਵਾਨ ਜਾਬਰ ਸੱਤਾ ਵਿਰੁਧ ਜੰਗ ਜਾਰੀ ਰੱਖਣ ਦੀਆਂ ਕੋਸ਼ਿਸ਼ਾਂ ਵਜੋਂ ਫ਼ਿਲਮ ਕਲੱਬਾਂ ਦੀ ਲਹਿਰ ਵਿਚ ਸ਼ਾਮਲ ਹੋ ਗਏ। ਸਿਆਸੀ ਸਿਖਲਾਈ ਨਾਲ ਲੈਸ ਇਨ੍ਹਾਂ ਨੌਜਵਾਨਾਂ ਦੀ ਆਮਦ ਨਾਲ ਫ਼ਿਲਮ ਕਲੱਬਾਂ ਦੀ ਲਹਿਰ ਨੂੰ ਨਵੀਂ ਦਿਸ਼ਾ ਮਿਲ ਗਈ। ਦੋ ਸੌ ਤੋਂ ਵੱਧ ਫ਼ਿਲਮ ਕਲੱਬ ਸਾਂਝੀ ਜਥੇਬੰਦੀ ‘ਨੈਸ਼ਨਲ ਕੌਂਸਲ ਆਫ ਸਿਨੇ ਕਲੱਬਜ਼’ ਨਾਲ ਜੁੜ ਚੁੱਕੇ ਸਨ। ਫ਼ਿਲਮ ਕਲੱਬਾਂ ਨੇ ਫ਼ਿਲਮ ਵਰਤਾਉਣ (ਡਿਸਟ੍ਰੀਬਿਊਸ਼ਨ) ਦੇ ਆਪਣੇ ਢੰਗ ਈਜ਼ਾਦ ਕਰ ਲਏ ਸਨ। ਇਸ ਲਹਿਰ ਨੇ ਪਾਬੰਦੀਯਾਫ਼ਤਾ ਫ਼ਿਲਮਾਂ ਦਿਖਾਉਣੀਆਂ ਜਾਰੀ ਰੱਖੀਆਂ। ਫ਼ਿਲਮ ‘ਬੈਟਲਸ਼ਿਪ ਪੋਟੇਮਕਿਨ’ ਫ਼ਿਲਮ-ਕਲੱਬਾਂ ਦੀ ਨਾਬਰ ਲਹਿਰ ਦਾ ਬਿੰਬ ਬਣ ਚੁੱਕੀ ਸੀ। ਪਾਬੰਦੀਯਾਫ਼ਤਾ ਫ਼ਿਲਮਾਂ ਚੋਰੀ ਛਿਪੇ ਬਰਾਜ਼ੀਲ ਵਿਚ ਲਿਆਂਦੀਆਂ ਅਤੇ ਦਿਖਾਈਆਂ ਜਾਂਦੀਆਂ ਰਹੀਆਂ।
ਓਲਨੇ ਸਾਓ ਪਾਲੋ ਇਸ ਉਥਲ-ਪੁਥਲ ਦੇ ਦੌਰ ਦਾ ਫ਼ਿਲਮਸਾਜ਼ ਹੈ। ਉਹਨੇ ਸੰ੍ਹ 1968 ਦੇ ਰੋਸ ਮੁਜ਼ਾਹਰਿਆਂ ਦੇ ਪਿਛੋਕੜ ਉੱਤੇ ਬਣਾਈ ਫ਼ਿਲਮ ‘ਗਰੇ ਮੌਰਨਿੰਗ’ ਵਿਚ ਕਲਪਨਿਕ ਕਿਰਦਾਰਾਂ ਦੇ ਨਾਲ-ਨਾਲ ਅਸਲੀ ਦ੍ਰਿਸ਼ ਵੀ ਵਰਤੇ। 1969 ਵਿਚ ਬਣੀ ਇਸ ਫ਼ਿਲਮ ਦਾ ਮੁੱਢਲਾ ਵਿਚਾਰ 1966 ਵਿਚ ਲਿਖਿਆ ਗਿਆ ਸੀ। ਇਸ ਫ਼ਿਲਮ ਨੇ ਆਲਮ ਨੂੰ ਬਰਾਜ਼ੀਲੀਆਂ ਉੱਤੇ ਵਰਤਾਏ ਜਾ ਰਹੇ ਫ਼ੌਜੀ ਕਹਿਰ ਤੋਂ ਜਾਣੂ ਕਰਵਾਇਆ। ਫ਼ਿਲਮ ਦੀ ਕਹਾਣੀ ਮੁਤਾਬਕ ਇੱਕ ਬੇਨਾਮ ਮੁਲਕ ਵਿਚ ਕੁਝ ਪਾੜ੍ਹੇ ਰੇਡੀਉ ਉੱਤੇ ਜਾਬਰ ਫ਼ੌਜੀ ਤਾਨਸ਼ਾਹੀ ਦੀ ਆਮਦ ਦੀ ਖ਼ਬਰ ਸੁਣ ਰਹੇ ਹਨ। ਖ਼ਬਰ ਸੁਣਨ ਤੋਂ ਬਾਅਦ ਉਹ ਤਨ-ਮਨ ਉੱਤੇ ਤਸ਼ੱਦਦ ਮਹਿਸੂਸ ਕਰਨ ਲਗਦੇ ਹਨ। ਉਨ੍ਹਾਂ ਪਾੜ੍ਹਿਆਂ ਵਿਚੋਂ ਇੱਕ ਜੋੜਾ ਸਰਕਾਰ ਵਿਰੋਧੀ ਰੋਸ ਮੁਜ਼ਾਹਰਿਆਂ ਵਿਚ ਹਿੱਸਾ ਲੈਂਦਾ ਹੈ। ਜੋੜੇ ਨੂੰ ਗ਼੍ਰਿਫ਼ਤਾਰ ਕਰ ਕੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਅੰਤ ਵਿਚ ਕਾਤਲ-ਦਸਤਾ ਜੋੜੇ ਨੂੰ ਗੋਲੀਆਂ ਨਾਲ ਉਡਾ ਦਿੰਦਾ ਹੈ। ਪਾਲੋ ਇਹ ਫ਼ਿਲਮ ਦਿਖਾਉਣ ਲਈ ਚਿੱਲੀ ਗਿਆ ਹੋਇਆ ਸੀ ਜਦੋਂ ਦੋ ਮੁੰਡਿਆਂ ਨੇ ਜ਼ਹਾਜ਼ ਅਗਵਾ ਕਰ ਕੇ ਕਿਊਬਾ ਵਿਚ ਉਤਾਰ ਲਿਆ। ਮੁੰਡਿਆਂ ਨੇ ਆਪਣੇ ਨਾਲ ਲਿਆਂਦੀ ਪਾਲੋ ਦੀ ਫ਼ਿਲਮ ਕਿਊਬਾ ਵਿਚ ਦਿਖਾਈ। ਬਦਨਾਮੀ ਤੋਂ ਖਿਝੀ ਬਰਾਜ਼ੀਲੀ ਫ਼ੌਜੀ ਸੱਤਾ ਨੇ ਪਾਲੋ ਨੂੰ ਗ਼੍ਰਿਫ਼ਤਾਰ ਕਰ ਲਿਆ। ਕਿਤਾਬ ‘ਬਰਾਜ਼ੀਲ ਨੈਵਰ ਅਗੇਨ’ ਵਿਚ ਪਾਲੋ ਦੀ ਗ਼੍ਰਿਫ਼ਤਾਰੀ ਬਾਰੇ ਇਹ ਵੇਰਵਾ ਮਿਲਦਾ ਹੈ, “ਹਵਾਬਾਜ਼ੀ ਮੰਤਰੀ ਨੇ ਨਿੱਜੀ ਤੌਰ ਉੱਤੇ ਉੱਦਮ ਕਰ ਕੇ ਪਾਲੋ ਖਿਲਾਫ ਜਾਂਚ ਪੜਤਾਲ ਸ਼ੁਰੂ ਕੀਤੀ। ਪਾਲੋ ਦੀ ਫ਼ਿਲਮ ‘ਗਰੇ ਮੌਰਨਿੰਗ’ ਨੂੰ ਭੜਕਾਊ ਪ੍ਰਾਪੇਗੰਡਾ ਕਰਨ ਲਈ ਜ਼ਿੰਮੇਵਾਰ ਮੰਨਿਆ ਗਿਆ। ਇਸ ਫ਼ਿਲਮ ਰਾਹੀਂ ਉਹਨੂੰ ਮੁਲਕ ਦੀ ‘ਕੌਮੀ ਸਰੱਖਿਆ’ ਨੂੰ ਅੰਦਰੂਨੀ ਸੱਟ ਮਾਰਨ ਦਾ ਦੋਸ਼ੀ ਠਹਿਰਾਇਆ ਗਿਆ।”
ਪਾਲੋ ਨੂੰ ਫ਼ਿਲਮ ਦੀ ਪਹਿਲੀ ਪੇਸ਼ਕਾਰੀ ਸਮੇਂ ਹੀ ਮਹਿਸੂਸ ਹੋ ਗਿਆ ਸੀ ਕਿ ਇਸ ਫ਼ਿਲਮ ਉੱਤੇ ਪਾਬੰਦੀ ਲੱਗ ਸਕਦੀ ਹੈ। ਉਹਨੇ ਫ਼ਿਲਮ ਦੀਆਂ ਕਈ ਨਕਲਾਂ ਵੱਖਰੇ-ਵੱਖਰੇ ਲੋਕਾਂ ਅਤੇ ਫ਼ਿਲਮ ਕਲੱਬਾਂ ਨੂੰ ਭੇਜ ਦਿੱਤੀਆਂ ਸਨ। ਫ਼ੌਜੀਆਂ ਨੇ ਪਾਲੋ ਉੱਤੇ ਬੇਤਹਾਸ਼ਾ ਤਸ਼ੱਦਦ ਢਾਹਿਆ ਅਤੇ ਉਸ ਨੂੰ ਸਾਰੀਆਂ ਨਕਲਾਂ ਸਪੁਰਦ ਕਰਨ ਲਈ ਮਜਬੂਰ ਕੀਤਾ ਗਿਆ। ਫ਼ੌਜੀਆਂ ਨੇ ਫ਼ਿਲਮ ਦੀਆਂ ਸਾਰੀਆਂ ਨਕਲਾਂ ਅਤੇ ਨੈਗੇਟਿਵ ਜ਼ਬਤ ਕਰ ਲਏ। ਲੰਬਾ ਸਮਾਂ ਇਹ ਫ਼ਿਲਮ ‘ਗੁਆਚੀ ਫ਼ਿਲਮ’ ਬਣੀ ਰਹੀ। ਆਖ਼ਰ ਇਸ ਫ਼ਿਲਮ ਦੀ ਇੱਕ ਨਕਲ ਸ਼ਹਿਰ ਰੀਉ ਡੀ ਜਨੇਰੀਉ ਦੇ ‘ਮਿਊਜ਼ੀਅਮ ਔਫ ਮੌਡਰਨ ਆਰਟ’ ਵਿਚੋਂ ਕਿਸੇ ਹੋਰ ਨਾਮ ਹੇਠ ਮਿਲ ਗਈ। ਇਹ ਫ਼ਿਲਮ ਦੀ ਬਚੀ ਇੱਕੋ ਇੱਕ ਨਕਲ ਹੈ। ਇਹ ਨਕਲ ਪੱਚੀ ਸਾਲ ਫ਼ਿਲਮ ਸੰਸਥਾ ਸਿਨੇਮਾ ਥੈਕ ਦੇ ‘ਮਿਊਜ਼ਿਅਮ ਔਫ ਮੌਡਰਨ ਆਰਟ’ ਵਿਚ ਪਈ ਰਹੀ ਸੀ। 35 ਐਮæਐਮæ ਦੀ ਇਹ ਨਕਲ, ਸੰਸਥਾ ਦੇ ਡਾਇਰੈਕਟਰ ਕੋਜ਼ਮੇ ਐਲਵਸ ਨੇਟੋ ਨੇ ਕਿਸੇ ਹੋਰ ਨਾਮ ਉੱਤੇ ਛੁਪਾ ਦਿੱਤੀ ਸੀ। ਸ਼ਾਇਦ ਪਾਲੋ ਕੁੱਲ ਆਲਮ ਦਾ ਇਕੋ-ਇੱਕ ਫ਼ਿਲਮਸਾਜ਼ ਹੈ ਜਿਹਨੂੰ ਫ਼ਿਲਮ ਬਣਾਉਣ ਦੇ ਦੋਸ਼ ਵਿਚ ਗ਼੍ਰਿਫ਼ਤਾਰ ਕੀਤਾ ਗਿਆ ਅਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਸੀ। ਜੇਲ੍ਹ ਵਿਚ ਉਹ ਨਾਮੁਰਾਦ ਬਿਮਾਰੀਆਂ ਦੀ ਲਪੇਟ ਵਿਚ ਆ ਗਿਆ ਅਤੇ ਲੰਬਾ ਸਮਾਂ ਨਹੀਂ ਜਿਉਂ ਸਕਿਆ। 15 ਫਰਵਰੀ 1978 ਨੂੰ ਇਕਤਾਲੀ ਸਾਲਾਂ ਦੀ ਉਮਰ ਵਿਚ ਪਾਲੋ ਦੁਨੀਆਂ ਤੋਂ ਵਿਦਾ ਹੋ ਗਿਆ ਪਰ ਉਹਦੀਆਂ ਫ਼ਿਲਮਾਂ ਨੇ ਉਹਨੂੰ ਅਮਰ ਕਰ ਦਿੱਤਾ। ਲੇਖਕ ਗਲਾਉਬਰ ਰੋਚਾ ਆਪਣੀ ਕਿਤਾਬ ਵਿਚ ਪਾਲੋ ਨੂੰ ਬਰਾਜ਼ੀਲੀ ਸਿਨੇਮਾ ਦਾ ਨਾਇਕ ਅਤੇ ਸ਼ਹੀਦ ਕਹਿੰਦਾ ਹੈ ਜਿਹਦੀ ਵਿਰਾਸਤ ਆਲਮੀ ਫ਼ਿਲਮ ਕਲਾ ਦਾ ਮਾਣਯੋਗ ਹਿੱਸਾ ਹੈ। ਇਸ ਵਿਰਾਸਤ ਨੂੰ ਜ਼ਿੰਮੇਵਾਰ ਫ਼ਿਲਮਸਾਜ਼ ਅੱਗੇ ਵਧਾ ਰਹੇ ਹਨ। ਆਲਮੀ ਫ਼ਿਲਮਸਾਜ਼ਾਂ ਨੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਵਿਰੁਧ ਲੰਬੀ ਜੰਗ ਲੜੀ ਹੈ ਅਤੇ ਇਹ ਜੰਗ ਅਜੇ ਵੀ ਜਾਰੀ ਹੈ। ਧਾਰਮਿਕ, ਸਮਾਜਕ ਅਤੇ ਸਿਆਸੀ ਪਾਬੰਦੀਆਂ ਦੇ ਨਾਲ-ਨਾਲ ਵਿੱਤੀ ਪਾਬੰਦੀਆਂ ਨੂੰ ਜੋੜਨਾ ਵੀ ਅਹਿਮ ਰਹੇਗਾ, ਜਿੱਥੇ ਪੈਸੇ ਦੇ ਜ਼ੋਰ ਉੱਤੇ ਵਿੱਤੀ ਮਾਲਕ ਅਪਣੀਆਂ ਮਨਮਰਜ਼ੀਆਂ ਫ਼ਿਲਮਸਾਜ਼ ਉੱਤੇ ਥੋਪਦੇ ਹਨ। ਪਾਬੰਦੀਆਂ ਵਿਰੁਧ ਲੜੀ ਜਾ ਰਹੀ ਜੰਗ ਦੀ ਕੜੀ ਵਿਚ ਮੁਕਾਮੀ ਪੰਜਾਬੀ ਫ਼ਿਲਮਸਾਜ਼ਾਂ ਦੀਆਂ ਸੁਹਿਰਦ ਕੋਸ਼ਿਸ਼ਾਂ ਨੂੰ ਵੀ ਜੋੜ ਕੇ ਦੇਖਣਾ ਚਾਹੀਦਾ ਹੈ। ਬੇਸ਼ੱਕ ਇਹ ਪੰਜਾਬੀ ਫ਼ਿਲਮਸਾਜ਼ ਘੱਟ-ਗਿਣਤੀ ਵਿਚ ਹੋਣ, ਪਰ ਇਨ੍ਹਾਂ ਦੀ ਛੋਟੀ ਲੜਾਈ ਵੱਡੀ ਜੰਗ ਦੀ ਮੁਕਾਮੀ ਕੜੀ ਹੈ। ਇਹਦੇ ਨਾਲ ਪਾਬੰਦੀਆਂ ਅਤੇ ਇਨ੍ਹਾਂ ਖਿਲਾਫ ਚੱਲਦੇ ਵੱਖਰੇ-ਵੱਖਰੇ ਸੰਘਰਸ਼ਾਂ ਦੀ ਝਲਕ ਦਿਖਾਈ ਦਿੰਦੀ ਹੈ।
Leave a Reply