ਪਿਆਰ ਤੇ ਪਰਿਵਾਰ

ਕਾਰਲ ਮਾਰਕਸ ਦੀ ਜੀਵਨ ਕਹਾਣੀ-4
ਜਰਮਨੀ ਵਿਚ ਜਨਮੇ ਸੰਸਾਰ ਦੇ ਉਘੇ ਵਿਦਵਾਨ ਕਾਰਲ ਮਾਰਕਸ (5 ਮਈ 1818-14 ਮਰਚ 1883) ਨੇ ਸੰਸਾਰ ਨੂੰ ਦੋ ਅਜਿਹੀਆਂ ਅਦੁੱਤੀ ਰਚਨਾਵਾਂ ‘ਦਿ ਕਮਿਊਨਿਸਟ ਮੈਨੀਫੈਸਟੋ’ ਅਤੇ ‘ਦਾਸ ਕੈਪੀਟਲ’ ਦਿੱਤੀਆਂ ਜਿਸ ਨੇ ਕਿਰਤੀਆਂ ਦੇ ਹੱਕ ਵਿਚ ਸੰਸਾਰ ਭਰ ਵਿਚ ਤਰਥਲੀ ਮਚਾ ਦਿੱਤੀ। ਇਨ੍ਹਾਂ ਰਚਨਾਵਾਂ ਦਾ ਨਿਚੋੜ ਸਰਬੱਤ ਦਾ ਭਲਾ ਹੈ। ਇਨ੍ਹਾਂ ਨੂੰ ਪੜ੍ਹ-ਗੁੜ ਕੇ ਰੂਸੀ ਲੀਡਰ ਲੈਨਿਨ ਨੇ ਸੰਸਾਰ ਦਾ ਪਹਿਲਾ ਇਨਕਲਾਬ ਲਿਆਂਦਾ ਜਿਸ ਨੇ ਸੰਸਾਰ ਭਰ ਦੇ ਨਿਤਾਣਿਆਂ ਅਤੇ ਨਿਮਾਣਿਆਂ ਲਈ ਆਸ ਦੀ ਕਿਰਨ ਜਗਾਈ। ਨਾਸਤਿਕ ਹੋਣ ਕਰ ਕੇ ਮਾਰਕਸ ਨੂੰ ਉਮਰ ਭਰ ਔਕੜਾਂ ਝਾਗਣੀਆਂ ਪਈਆਂ ਪਰ ਜਿਸ ਤਰ੍ਹਾਂ ਦਾ ਸਿਧਾਂਤ ਉਹ ਮਨੁੱਖ ਜਾਤੀ ਲਈ ਦੇ ਗਿਆ, ਉਹ ਲਾ-ਜਵਾਬ ਹੈ। ਹੁਣ ਤੱਕ ਸੈਕੜੇ-ਹਜ਼ਾਰਾਂ ਗ੍ਰੰਥ ਮਾਰਕਸ ਅਤੇ ਉਸ ਦੇ ਸਿਧਾਂਤ ਬਾਰੇ ਛਪ ਚੁੱਕੇ ਹਨ। 2011 ਵਿਚ ਅਮਰੀਕੀ ਲੇਖਕਾ ਮੇਰੀ ਜਬਰੀਲ ਨੇ ਮਾਰਕਸ ਤੇ ਉਹਦੇ ਜੀਵਨ ਬਾਰੇ ਕਿਤਾਬ ਲਿਖੀ-‘ਲਵ ਐਂਡ ਕੈਪੀਟਲ’। ਇਸ ਕਿਤਾਬ ਦੇ ਆਧਾਰ ‘ਤੇ ਪ੍ਰੋæ ਹਰਪਾਲ ਸਿੰਘ ਪੰਨੂ ਨੇ ਲੰਮਾ ਲੇਖ ਲਿਖਿਆ ਹੈ। ਇਹ ਲੇਖ ਇਸ ਕਰ ਕੇ ਵੀ ਦਿਲਚਸਪ ਹੈ ਕਿਉਂਕਿ ਇਹ ਆਸਤਿਕ ਚਿੰਤਕ ਵੱਲੋਂ ਨਾਸਤਿਕ ਚਿੰਤਕ ਬਾਰੇ ਲਿਖਿਆ ਗਿਆ ਹੈ। ਲੇਖ ਦੀ ਇਸ ਚੌਥੀ ਲੜੀ ਵਿਚ ਮਾਰਕਸ ਦੇ ਪਰਿਵਾਰ ਅਤੇ ਉਸ ਦੇ ਜੁਝਾਰੀ ਜੀਵਨ ਬਾਰੇ ਚਰਚਾ ਹੈ।-ਸੰਪਾਦਕ
ਹਰਪਾਲ ਸਿੰਘ ਪੰਨੂ
ਫੋਨ: 91-94642-51454
1871 ਦਾ ਸਾਲ ਮੁੱਦਤ ਬਾਅਦ ਉਨ੍ਹਾਂ ਵਾਸਤੇ ਖੁਸ਼ੀ ਭਰਿਆ ਚੜ੍ਹਿਆ, ਕਈ ਕਾਰਨ ਹਨ- ḔਕੈਪੀਟਲḔ ਦਾ ਬੋਝ ਲੱਥ ਗਿਆ, ਏਂਗਲਜ਼ ਨੇੜੇ ਆ ਕੇ ਵੱਸ ਗਿਆ, ਨਾਲੇ ਕਰਜ਼ਈ ਨਹੀਂ ਹੋਣ ਦਿੱਤਾ। ਦੁਨੀਆਂ ਵਿਚ ਕਾਰਲ ਕਾਰਲ ਹੋ ਗਈ, ਉਸ ਦੇ ਮਿਸ਼ਨ ਨੂੰ ਸਮਝਿਆ ਜਾਣ ਲੱਗਾ।
ਸੱਤਵੀਂ ਇੰਟਰਨੈਸ਼ਨਲ ਲੰਡਨ ਵਿਚ ਹੋਈ। ਪੈਰਿਸ ਵਿਚ ਹੋਣੀ ਸੀ, ਪਰ ਉਥੇ ਮਾਹੌਲ ਗਰਮ ਸੀ। ਸਰਕਾਰ ਬਦਲਾ ਲਊ ਕਾਰਵਾਈਆਂ ਕਰ ਰਹੀ ਸੀ। ਸਮਾਪਤੀ ਵੇਲੇ ਕਾਰਲ ਨੇ ਮਤਾ ਪੜ੍ਹਿਆ-ਕਮਿਊਨਿਸਟਾਂ ਉਪਰ ਉਵੇਂ ਸਖਤੀਆਂ ਹੋ ਰਹੀਆਂ ਹਨ ਜਿਵੇਂ ਰੋਮ ਵਿਚ ਈਸਾਈਆਂ ਉਪਰ ਅਤਿਆਚਾਰ ਹੁੰਦਾ ਸੀ। ਤਾਂ ਵੀ, ਜਿਵੇਂ ਰੋਮਨ ਸਾਮਰਾਜ ਨਹੀਂ ਰਿਹਾ, ਇਹ ਸਰਕਾਰਾਂ ਵੀ ਨਹੀਂ ਰਹਿਣਗੀਆਂ। ਆਪਣੀ ਸਾਰੀ ਮਜ਼ਦੂਰ ਸ਼ਕਤੀ ਇਕੱਠੀ ਕਰ ਕੇ ਅਸੀਂ ਦੱਸਾਂਗੇ ਕਿ ਸ਼ਾਂਤ ਰਹਾਂਗੇ, ਲੋੜ ਪਈ ਤਾਂ ਹਥਿਆਰ ਵੀ ਵਰਤਾਂਗੇ।
ਕਾਰਲ ਮਾਰਕਸ ਦੀ ਕਿਤਾਬ Ḕਫਰਾਂਸ ਦਾ ਯੁੱਧḔ ਏਂਗਲਜ਼ ਨੇ ਜਰਮਨ ਵਿਚ ਅਨੁਵਾਦ ਕਰ ਕੇ ਛਾਪ ਦਿੱਤੀ। ਏਂਗਲਜ਼ ਦੀ ਮਾਂ ਨੇ ਕਾਰਲ ਦੇ ਨਾਮ ਨਾਲ ਆਂਪਣੇ ਬੇਟੇ ਦਾ ਨਾਮ ਲਿਖਿਆ ਦੇਖਿਆ ਤਾਂ ਚੌਂਕ ਪਈ। ਚਿੱਠੀ ਲਿਖੀ-ਇਹ ਕਾਰਲ ਮਾਰਕਸ ਨਾਮ ਦਾ ਬੰਦਾ ਤੈਨੂੰ ਤਬਾਹ ਕਰ ਦਏਗਾ। ਮੈਂ ਸੋਚਦੀ ਰਹੀ, ਤੂੰ ਇਹਦਾ ਖਹਿੜਾ ਛੱਡ ਦਿੱਤੈ। ਏਂਗਲਜ਼ ਨੇ ਜਵਾਬ ਦਿੱਤਾ, ਕਾਰਲ ਕਦੀ ਜੰਮਿਆ ਈ ਨਾ ਹੁੰਦਾ, ਮੈਂ ਤਾਂ ਵੀ ਇਹੋ ਕੁਝ ਕਰਦਾ। ਇਕ ਗੱਲ ਦੀ ਦਰੁਸਤੀ ਕਰਾਂæææ ਕਾਰਲ ਨੇ ਮੈਨੂੰ ਨਹੀਂ, ਮੈਂ ਉਸ ਨੂੰ ਤਬਾਹੀ ਦੇ ਰਸਤੇ ਤੋਰਿਆ ਹੋਇਐ, ਉਹ ਵੀ ਪੈਸੇ ਦੇ ਕੇ। ਉਹ ਨਾ ਹੁੰਦਾ, ਉਹਦੇ ਵਾਲਾ ਕੰਮ ਮੈਂ ਕਰਦਾ।
ਕਾਰਲ ਦੀ ਭੈਣ ਮਿਲਣ ਆਈ, ਰੋਸ ਨਾਲ ਕਿਹਾ, ਤੂੰ ਵੱਡੇ ਘਰ ਦਾ ਪੁੱਤਰ ਐਂ, ਪ੍ਰਸਿੱਧ ਵਕੀਲ ਦਾ ਬੇਟਾ। ਤੂੰ ਕਿਸ ਰਸਤੇ ਪੈ ਗਿਐਂ? ਕਾਰਲ ਨੇ ਕਿਹਾ, ਵਧਾਈ ਬੀਬੀ ਭੈਣ, ਮੇਰੀ ḔਕੈਪੀਟਲḔ ਦੀ ਦੂਜੀ ਐਡੀਸ਼ਨ ਆ ਰਹੀ ਐ।
ਬੁੱਲ੍ਹੇ ਨੂੰ ਸਮਝਾਵਣ ਆਈਆਂ
ਭੈਣਾਂ ਤੇ ਭਰਜਾਈਆਂ।
ਤੂੰ ਕਿਉਂ ਬੁੱਲ੍ਹਿਆ ਸੱਯਦ ਹੋ ਕੇ
ਕੁਲ ਨੂੰ ਲੀਕਾਂ ਲਾਈਆਂ।
ਤਿੰਨ ਸਾਲ ਦੀ ਨੌਕਰੀ ਤੋਂ ਬਾਅਦ ਚਿਨ ਨੂੰ ਮਾਲਕਾਂ ਨੇ ਇਹ ਕਹਿ ਕੇ ਹਟਾ ਦਿੱਤਾ, ਸਾਨੂੰ ਤਾਂ ਹੁਣ ਪਤਾ ਲੱਗੈæææ ਤੂੰ ਕਿੰਨੇ ਖਤਰਨਾਕ ਆਦਮੀ ਦੀ ਧੀ ਹੈਂ। ਤਾਂ ਕੀ, ਘਰ ਵਿਚ ਕਿਹੜਾ ਘੱਟ ਕੰਮ ਹੈ। ਇਟਲੀ, ਸਵੀਡਨ, ਫਰਾਂਸ, ਰੂਸ, ਹਾਂਗਕਾਂਗ ਤੋਂ ਆਈਆਂ ਚਿੱਠੀਆਂ ਦੇ ਢੇਰ ਲੱਗ ਜਾਂਦੇ ਨੇ, ਜਵਾਬ ਦੇਣੇ ਨੇ, ਰਫਿਊਜੀਆਂ ਦਾ ਬੰਦੋਬਸਤ ਕਰਨੈ, ਪ੍ਰੈਸ ਨੋਟ ਦੇਣੇ ਨੇ, ਸਵੇਰ ਤੋਂ ਰਾਤ ਤੱਕ ਭੱਜੀ ਫਿਰਦੀ। ਰਫਿਊਜੀਆਂ ਨੂੰ ਕੰਮ ਮਿਲਦਾ। ਜਦੋਂ ਮਾਲਕਾਂ ਨੂੰ ਪਤਾ ਲਗਦਾ ਕਾਮਰੇਡ ਨੇ, ਛੁੱਟੀ ਕਰ ਦਿੰਦੇ। ਇਕ ਵਾਰ 460 ਸ਼ਰਨਾਰਥੀ ਇਕੋ ਦਿਨ ਆ ਗਏ। ਇਹ ਫਰਾਂਸੀਸੀ ਬੰਦੀ ਸਨ ਜਿਨ੍ਹਾਂ ਵਿਰੁਧ ਸਬੂਤ ਨਾ ਹੋਣ ਕਾਰਨ ਸਰਕਾਰ ਨੂੰ ਛੱਡਣੇ ਪਏ ਪਰ ਲੰਡਨ ਵਾਲੇ ਕਿਨਾਰੇ Ḕਤੇ ਛੱਡ ਦਿੱਤੇ। ਨਾ ਖਾਣ ਨੂੰ, ਨਾ ਪੀਣ ਨੂੰ ਕੁਝ। ਨਾ ਜੇਬ ਵਿਚ ਪੈਸਾ। ਵਰ੍ਹਦੇ ਮੀਂਹ ਵਿਚ ਲਿਆ ਸੁੱਟੇ ਕਿ ਫਰਾਂਸ ਵਿਚ ਨਹੀਂ ਵੜਨਾ ਮੁੜ ਕੇ।
ਲੋਂਗੇ ਨਾਂ ਦਾ ਇਕ ਜੁਆਨ ਚਿਨ ਉਤੇ ਮੋਹਿਤ ਹੋ ਗਿਆ। ਪਿਛੋਕੜ ਕਾਰਲ ਵਰਗਾ ਸੀ। ਚੰਗੇ ਘਰ ਦਾ ਬੱਚਾ, ਲਾਅ ਗ੍ਰੈਜੂਏਟ, ਮਾਪਿਆਂ ਤੋਂ ਬਾਗੀ ਹੋਇਆ ਕਾਮਰੇਡ, ਗੰਭੀਰ ਚਿੰਤਕ ਜੋ ਬਾਅਦ ਵਿਚ ਨਾਮਵਰ ਇਤਿਹਾਸਕਾਰ ਹੋਇਆ। ਕਾਰਲ ਨੇ ਹਾਂ ਕਰ ਦਿੱਤੀ। ਹਾਂ ਤਾਂ ਜੈਨੀ ਨੇ ਵੀ ਕੀਤੀ, ਪਰ ਕਿਹਾ, ਅੰਗਰੇਜ਼ ਹੁੰਦਾ ਤਾਂ ਠੀਕ ਸੀ। ਲੋਂਗੇ ਸਾਊ ਜੁਆਨ ਐ ਪਰ ਫਰਾਂਸੀਸੀਆਂ ਵਿਚ ਨਲਾਇਕੀਆਂ ਵੀ ਹੁੰਦੀਆਂ ਨੇ। ਅੰਦਰੋਂ ਸਿਰੇ ਦੇ ਨੈਸ਼ਨਲਿਸਟ। ਔਰਤ ਵਲੋਂ ਲਾਪ੍ਰਵਾਹ। ਮਰਜ਼ੀ ਦੇ ਮਾਲਕ। ਚਿਨ ਖੁਸ਼ ਰਹਿ ਸਕੇਗੀ?
ਨਿੱਕੀ ਤੂਸੀ 16 ਸਾਲ ਦੀ ਹੋ ਗਈ। ਉਹ ਵੀ ਆਪਣੀ ਉਮਰੋਂ ਦੁੱਗਣੇ ਵੱਡੇ ਫਰਾਂਸੀਸੀ ਬੰਦੇ ਦੇ ਰੋਮਾਂਸ ਵਿਚ ਪੈ ਗਈ। ਇਥੇ ਕਾਰਲ ਤੇ ਜੈਨੀ ਚਿੰਤਿਤ ਵੀ ਹੋਏ, ਸਖਤ ਵੀ। ਚੋਰੀ ਛੁਪੀ ਮਿਲਣੋਂ ਨਾ ਹਟੇ। ਜੈਨੀ ਨੇ ਕਾਰਲ ਨੂੰ ਕਿਹਾ, ਜਿਆਦਾ ਮਿਲਣਗੇ ਤਾਂ ਛੇਤੀ ਦੂਰ ਹੋ ਜਾਣਗੇ, ਛੇਤੀ। ਦੇਖਦੇ ਰਹੋ। ਕਹੋ ਕੁਝ ਨਾ।
ਪਹਿਲੀ ਜੁਲਾਈ 1872 ਨੂੰ ਲਾਰਾ ਦਾ ਤੀਜਾ, ਚਾਰ ਸਾਲ ਦਾ ਬੱਚਾ ਹੈਜ਼ੇ ਤੋਂ ਪੀੜਤ ਚੱਲ ਵਸਿਆ। ਲਾਰਾ ਨਿਰਸੰਤਾਨ ਹੋ ਗਈ। ਚਿਨ ਦਾ ਵਿਆਹ ਇਸ ਦੁੱਖ ਕਾਰਨ ਅੱਗੇ ਪਾ ਦਿੱਤਾ। 26 ਸਾਲ ਦੀ ਸੁਨੱਖੀ ਜੁਆਨ ਲਾਰਾ ਹੱਡੀਆਂ ਦਾ ਢਾਂਚਾ ਹੋ ਗਈ। ਬੇਨੂਰ ਅੱਖਾਂ ਅੰਦਰ ਧਸ ਗਈਆਂ। ਪਤੀ ਸਮੇਤ ਪਾਪਾ ਕੋਲ ਆ ਗਈ।
ḔਕੈਪੀਟਲḔ ਰਸ਼ੀਅਨ ਭਾਸ਼ਾ ਵਿਚ ਛਪ ਗਈ। ਖੁਫੀਆ ਏਜੰਸੀ ਨੇ ਰਿਪਰੋਟ ਲਿਖੀ-ਇਹ ਖਤਰਨਾਕ ਨਹੀਂ, ਕਿਉਂਕਿ ਕਿਸੇ ਨੂੰ ਪਤਾ ਨਹੀਂ ਲੱਗੇਗਾ ਕੀ ਲਿਖਿਐ। ਲੋਕ ਪੜ੍ਹਨਗੇ ਹੀ ਨਹੀਂ। ਬੈਨ ਲਾਉਣ Ḕਤੇ ਜੇ ਕਿਸੇ ਨੇ ਮੁਕੱਦਮਾ ਕਰ ਦਿੱਤਾ, ਨਾ ਵਕੀਲਾਂ ਨੂੰ ਪਤਾ ਲੱਗਣਾ, ਇਹ ਹੈ ਕੀ, ਨਾ ਜੱਜਾਂ ਨੂੰ। ਕੁਝ ਹਿਸਾਬ-ਕਿਤਾਬ ਦੀਆਂ ਗੱਲਾਂ ਨੇ, ਕੁਝ ਇਕਨਾਮਿਕਸ ਦੀਆਂ। ਹਾਂ, ਕਾਰਲ ਦੀ ਫੋਟੋ ਹਟਾ ਦੇਣੀ ਚਾਹੀਦੀ ਐ, ਕਿਉਂਕਿ ਜੁਆਨ ਉਹਦਾ ਆਦਰ ਕਰਦੇ ਨੇ, ਫੋਟੋ ਕਰ ਕੇ ਈ ਚੁੱਕੀ ਫਿਰਨਗੇ।
ਪਹਿਲੀ ਐਡੀਸ਼ਨ ਦੀਆਂ 3000 ਕਾਪੀਆਂ ਦੋ ਮਹੀਨਿਆਂ ਵਿਚ ਵਿਕ ਗਈਆਂ। ਸਾਰੇ ਯੂਰਪ ਵਿਚ ਇੰਨੇ ਧਿਆਨ ਨਾਲ ਨਹੀਂ ਪੜ੍ਹੀ ਗਈ ਜਿੰਨੀ ਰੂਸ ਵਿਚ। ਇਕ-ਇਕ ਕਿਤਾਬ ਕਈ ਹੱਥਾਂ ਵਿਚੋਂ ਲੰਘੀ। ਅਨੁਵਾਦਕ ਨੇ ਇਕ ਕਾਪੀ ਕਾਰਲ ਨੂੰ ਭੇਜੀ। ਕਾਰਲ ਨੇ ਕਿਹਾ, ਦੂਜੀ ਐਡੀਸ਼ਨ ਦੀ ਕਾਪੀ ਵੀ ਜਲਦੀ ਭੇਜੀਂ, ਮੈਂ ਲੰਡਨ ਆਰਕਾਈਵਜ਼ ਵਿਚ ਰੱਖਾਂਗਾ। ਅਨੁਵਾਦ ਪਰਖਣ ਲਈ ਕਾਰਲ ਨੇ ਬਹੁਤ ਛੇਤੀ ਰੂਸੀ ਜ਼ਬਾਨ ਸਿੱਖ ਲਈ।
ਜਗਤ ਪ੍ਰਸਿੱਧ ਰੂਸੀ ਅਰਾਜਕਤਾਵਾਦੀ ਆਗੂ ਮਾਈਕਲ ਬਾਕੁਨਿਨ ਬਹੁਤ ਕਾਹਲੇ ਸੁਭਾਅ ਦਾ ਇਨਕਲਾਬੀ ਸੀ ਅਤੇ ਉਹ ਕਾਰਲ ਲਈ ਖਤਰਾ ਬਣ ਰਿਹਾ ਸੀ, ਕਿਉਂਕਿ ਥਿਉਰੀ ਦੀ ਥਾਂ ਉਹ ਅਮਲ ਕਰਨ ਲਈ ਕਹਿੰਦਾ ਸੀ। ਉਸ ਦੀ ਬਹਾਦਰੀ ਭਰੀ ਹਰ ਗੱਲ ਕਾਮਿਆਂ ਨੂੰ ਸੌਖੀ ਸਮਝ ਆਉਂਦੀ ਸੀ। ਉਸ ਦੀ ਕਿਤਾਬ Ḕਕ੍ਰਾਂਤੀ ਦੇ ਗੁਰ’ ਛਪੀ ਜਿਸ ਵਿਚ ਬਹੁਤ ਹੀ ਜ਼ੋਰਦਾਰ ਸ਼ਬਦਾਂ ਵਿਚ ਇਸ ਗੱਲ ਦੀ ਵਕਾਲਤ ਕੀਤੀ ਗਈ ਸੀ ਕਿ ਇਨਸਾਨ ਦਾ ਅੰਤਿਮ ਨਿਸ਼ਾਨਾ ਜੇ ਸਹੀ ਹੈ, ਤਾਂ ਉਸ ਦੀ ਪੂਰਤੀ ਲਈ ਗ਼ਲਤ ਜਾਂ ਠੀਕ ਕੋਈ ਵੀ ਢੰਗ ਤਰੀਕੇ ਵਰਤ ਲਏ ਜਾਣ, ਕੋਈ ਫ਼ਰਕ ਨਹੀਂ ਪੈਂਦਾ, ਬੁਰੇ ਤੋਂ ਬੁਰੇ ਰਸਤੇ ਵੀ ਵਧੀਆ ਹਨ। ਹਰ ਉਹ ਬੰਦਾ ਅਤੇ ਤਰੀਕਾ ਸਹੀ ਹੈ ਜੋ ਕ੍ਰਾਂਤੀ ਵਲ ਲਿਜਾਂਦਾ ਹੈ। ਜੋ ਰੋਕ ਬਣਦਾ ਹੈ, ਉਸ ਨੂੰ ਕਿਸੇ ਵੀ ਤਰੀਕੇ ਨਾਲ ਪਾਸੇ ਹਟਾਉਣਾ ਜਾਇਜ਼ ਹੀ ਜਾਇਜ਼ ਹੈ, ਉਹ ਅਪਰਾਧੀ ਹੈ। ਹਨੇਰਾ ਪੈਣ Ḕਤੇ ਦੀਵਾ ਨਾ ਬਾਲੋ, ਸ਼ਹਿਰ ਬਾਲ ਦਿਉ। ਇਨਕਲਾਬ ਦਾ ਕੇਵਲ ਇਕੋ ਵਿਗਿਆਨ ਹੈ, ਉਹ ਹੈ ਮੁਕੰਮਲ ਤਬਾਹੀ।
ਕਿਤਾਬ ਦੀ ਜਿੰਨੀ ਰਾਇਲਟੀ ਬਾਕੁਨਿਨ ਨੂੰ ਮਿਲੀ, ਕਾਰਲ ਨੂੰ ਸਾਰੀ ਉਮਰ ਨਹੀਂ ਮਿਲੀ।
ਇੰਟਰਨੈਸ਼ਨਲ ਦੀ ਮੀਟਿੰਗ ਹਾਲੈਂਡ ਵਿਚ 7 ਸਤੰਬਰ 1872 ਨੂੰ ਰੱਖੀ ਗਈ। ਕਾਰਲ ਦੀ ਇੱਛਾ ਸੀ, ਬਾਕੁਨਿਨ ਨੂੰ ਕੱਢ ਦਿੱਤਾ ਜਾਵੇ ਕਿਉਂਕਿ ਉਹ ਹਿੰਸਾ ਦੀ ਵਕਾਲਤ ਕਰ ਰਿਹਾ ਸੀ। ਅਫਵਾਹਾਂ ਸਨ ਕਿ ਗਰਮ ਕਾਮਰੇਡ ਵੱਡੀ ਹਿੰਸਾ ਵਾਸਤੇ ਲਲਕਾਰਨਗੇ। ਦੁਨੀਆਂ ਭਰ ਦੀ ਪ੍ਰੈਸ ਪੁੱਜੀ ਹੋਈ ਸੀ। ਸਰਕਾਰ ਨੇ ਇਸ਼ਤਿਹਾਰ ਚਿਪਕਾਏ ਕਿ ਔਰਤਾਂ, ਬੱਚੇ ਸੜਕਾਂ Ḕਤੇ ਨਾ ਨਿਕਲਣ। ਸੁਨਿਆਰੇ ਦੁਕਾਨਾਂ ਬੰਦ ਰੱਖਣæææਕਾਮਰੇਡ ਕੁਝ ਵੀ ਕਰ ਸਕਦੇ ਹਨ। ਪੱਤਰਕਾਰ ਇਹ ਦੇਖ ਕੇ ਦੁਖੀ ਹੋਏ ਕਿ ਇਹ ਤਾਂ ਆਮ ਬਿਜ਼ਨਸ ਕਾਨਫਰੰਸਾਂ ਵਰਗੀ ਕਾਨਫਰੰਸ ਹੈ, ਖਾਸ ਖਬਰ ਬਣਦੀ ਹੀ ਨਹੀਂ। ਕਾਰਲ, ਏਂਗਲਜ਼ ਦੀਆਂ ਔਰਤਾਂ ਸ਼ਾਮਲ ਹੋਈਆਂ, ਲਾਰਾ ਤੋਂ ਮਸਾਂ ਤੁਰਿਆ ਜਾ ਰਿਹਾ ਸੀ। ਮੂੰਹ ਛੁਪਾ ਲਿਆ ਤਾਂ ਕਿ ਦੁਨੀਆਂ ਨੂੰ ਪਤਾ ਨਾ ਲੱਗੇ ਕਾਰਲ ਦੀ ਧੀ ਦੁੱਖ ਵਿਚ ਹੈ, ਕਮਜ਼ੋਰ ਹੈ।
ਮੀਟਿੰਗ ਦੇ ਅਖੀਰ ਵਿਚ ਕਾਰਲ ਨੇ ਕਿਹਾ, ਬਾਕੁਨਿਨ ਦੀਆਂ ਹਿੰਸਕ ਕਾਰਵਾਈਆਂ ਦਾ ਤੁਹਾਨੂੰ ਪਤੈ, ਮੈਂ ਪਬਲਿਕ ਵਿਚ ਨਸ਼ਰ ਨਹੀਂ ਕਰਨਾ ਚਾਹੁੰਦਾ। ਮੈਂ ਉਸ ਨੂੰ ਇੰਟਰਨੈਸ਼ਨਲ ਵਿਚੋਂ ਕੱਢਣ ਦਾ ਪ੍ਰਸਤਾਵ ਪੇਸ਼ ਕਰਦਾ ਹਾਂ। ਬਾਕੁਨਿਨ ਖੁਦ ਨਹੀਂ ਆਇਆ ਸੀ, ਜਾਣਦਾ ਸੀ ਘੱਟ-ਗਿਣਤੀ ਵਿਚ ਹੈ। ਵੋਟਾਂ ਨਾਲ ਪ੍ਰਸਤਾਵ ਪਾਸ ਹੋ ਗਿਆ। ਬਾਕੁਨਿਨ ਦੇ ਚੇਲੇ ਨੇ ਬੰਦੂਕ ਤਾਣ ਕੇ ਕਿਹਾ, ਇਹੋ ਜਿਹੇ ਗੱਦਾਰਾਂ ਲਈ ਗੋਲੀ ਸਹੀ ਇਲਾਜ ਹੈ। ਝਪਟ ਮਾਰ ਕੇ ਬੰਦੂਕ ਖੋਹ ਲਈ, ਤੇ ਕਾਮਰੇਡ ਨੂੰ ਬਾਹਰ ਲੈ ਗਏ। ਇਸ ਘਟਨਾ ਨੇ ਕਾਰਲ ਦੇ ਫੈਸਲੇ ਦੀ ਸਹੀ ਉਪਰ ਮੁਹਰ ਲਾ ਦਿੱਤੀ।
ਬਾਕੁਨਿਨ ਨੇ ਕਾਰਲ ਤੋਂ ਹਾਰ ਮੰਨਦਿਆਂ ਕਿਹਾ, ਦੁਨੀਆਂ ਵਿਚ ਜੇ ਕੇਵਲ ਤਿੰਨ ਬੰਦੇ ਹੁੰਦੇ, ਤਾਂ ਦੋ ਨੇ ਰਲ ਕੇ ਤੀਜਾ ਢਾਹ ਲੈਣਾ ਸੀ। ਹੌਸਲੇ ਕਾਰਨ ਨਹੀਂ, ਮੈਂ ਗਿਣਤੀ ਕਾਰਨ ਹਾਰਿਆ। ਹੁਣ ਮੈਂ ਸਦਾ ਲਈ ਪਾਰਟੀ ਤੋਂ ਸੰਨਿਆਸ ਲੈ ਲਿਐ, ਕਿਰਪਾ ਕਰ ਕੇ ਮੈਨੂੰ ਛੇੜੋ ਨਾ।
ਚਿਨ ਅਤੇ ਲੋਂਗੇ ਵਿਆਹੇ ਗਏ। ਚਿਨ 28 ਤੇ ਲੋਂਗੇ 23 ਸਾਲ ਦਾ। ਲੰਡਨ ਛੱਡ ਕੇ ਆਕਸਫੋਰਡ ਚਲੇ ਗਏ ਜਿਥੇ ਲੋਂਗੇ ਫਰੈਂਚ ਪੜ੍ਹਾਉਂਦਾ ਸੀ। ਯੂਨੀਵਰਸਿਟੀ ਵਿਚ ਖਬਰ ਉਡੀ ਕਿ ਲੋਂਗੇ ਇੰਟਰਨੈਸ਼ਨਲ ਦਾ ਮੈਂਬਰ ਹੈ, ਤੇ ਹੇਗ ਦੀ ਮੀਟਿੰਗ ਅਟੈਂਡ ਕਰ ਕੇ ਆਇਆ ਹੈ। ਕੋਈ ਵਿਦਿਆਰਥੀ ਪੜ੍ਹਨ ਨਾ ਆਇਆ। ਛੁੱਟੀ ਹੋ ਗਈ। ਵਿਆਹ ਬੇਰੁਜ਼ਗਾਰੀ ਦੀ ਸੁਗਾਤ ਲੈ ਕੇ ਆਇਆ। ਪਿਤਾ ਨੂੰ ਇਸ ਘਟਨਾ ਬਾਰੇ ਤਾਂ ਨਹੀਂ ਦੱਸਿਆ, ਪਰ ਲਿਖਿਆ-ਪਿਆਰੇ ਪਾਪਾ, ਤੁਹਾਥੋਂ ਦੂਰ ਜਾ ਕੇ ਉਦਾਸ ਹਾਂ। ਤੁਹਾਡੀ ਚਿੱਠੀ ਮਿਲੀ, ਤੁਹਾਡੇ ਹੱਥਾਂ ਦੇ ਲਿਖੇ ਅੱਖਰ ਦੇਖ ਕੇ ਖੂਬ ਰੋਈ। ਜੀ ਕੀਤਾ, ਮਿਲਣ ਆ ਜਾਵਾਂ। ਵੀਹ ਸ਼ਲਿੰਗ ਲਗਦੇ ਨੇæææਮਨ ਤਕੜਾ ਕਰ ਲਿਐ।
ਉਹਨੂੰ ਪੱਤਰਕਾਰਾਂ, ਸੂਹੀਆਂ, ਆਲੋਚਕਾਂ ਦੇ ਸਵਾਲਾਂ ਤੋਂ ਖਿਝ ਆਉਣ ਦੀ ਥਾਂ ਅਨੰਦ ਆਉਣ ਲੱਗ ਪਿਆ। ਵੱਡੇ ਪੰਜਿਆਂ ਵਾਲੀ ਬਿੱਲੀ ਚਾਹੁੰਦੀ ਤਾਂ ਚੂਹੇ ਨੂੰ ਮਾਰ ਸਕਦੀ ਪਰ ਖੇਡਣ ਵਿਚ ਅਨੰਦ ਲੈਂਦੀ।
ਉਸ ਨੇ ਬਰਤਾਨੀਆਂ ਦਾ ਪਾਸਪੋਰਟ ਲੈਣ ਵਾਸਤੇ ਅਰਜ਼ੀ ਪਾ ਦਿੱਤੀ ਤਾਂ ਕਿ ਜਦੋਂ ਦਿਲ ਕਰੇ ਆਪਣੀਆਂ ਧੀਆਂ ਨੂੰ ਮਿਲਣ ਫਰਾਂਸ ਜਾ ਸਕੇ। ਅਰਜ਼ੀ ਰੱਦ ਕਰਨ ਵਾਲੇ ਹੁਕਮ ਵਿਚ ਲਿਖਿਆ ਸੀ-ਇਹ ਖਤਰਨਾਕ ਜਰਮਨ ਕ੍ਰਾਂਤੀਕਾਰੀ ਹੈ, ਕਮਿਊਨਿਸਟਾਂ ਦੀ ਇੰਟਰਨੈਸ਼ਨਲ ਦਾ ਚੀਫ ਹੈ। ਇਹ ਤਾਂ ਆਪਣੇ ਦੇਸ਼, ਆਪਣੇ ਬਾਦਸ਼ਾਹ ਦਾ ਵਫਾਦਾਰ ਨਹੀਂ ਰਿਹਾ।
ਚਿਨ ਦੇ ਘਰ ਬੇਟਾ ਕਾਰੋ ਜਨਮਿਆ ਪਰ ਬਿਮਾਰ ਰਹਿੰਦਾ। ਗਿਆਰਾਂ ਮਹੀਨਿਆਂ ਦਾ ਹੋ ਕੇ ਚਲਾ ਗਿਆ। ਧੀਆਂ ਦੇ ਚਾਰ ਬੱਚਿਆਂ ਵਿਚੋਂ ਕੋਈ ਨਹੀਂ ਰਿਹਾ, ਜਿਵੇਂ ਘਰ ਨਾ ਹੋ ਕੇ, ਕਬਰਿਸਤਾਨ ਹੋਵੇ। ਉਦਾਸੀ, ਡਿਪਰੈਸ਼ਨ ਤੋਂ ਬਚਣ ਵਾਸਤੇ ਤੂਸੀ ਨਾਲ ਕਾਰਲਬਾਦ ਚਲਾ ਗਿਆ। ਇਹ ਉਹ ਸੁਹਣਾ ਕਸਬਾ ਸੀ ਜਿਥੇ ਕਦੀ ਬਾਖ, ਗੇਟੇ, ਸ਼ਿੱਲਰ, ਬੀਥੋਵਨ ਵਰਗੇ ਬੰਦੇ ਗਏ ਸਨ। ਜਿਸ ਹੋਟਲ ਵਿਚ ਠਹਿਰਿਆ, ਉਸੇ ਵਿਚ ਤੁਰਗਨੇਵ ਠਹਿਰਿਆ ਹੋਇਆ ਸੀ। ਦੋਹਾਂ ਨੇ ਕਿਸੇ ਥਾਂ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਆਪਸ ਵਿਚ ਗੱਲਬਾਤ ਹੋਈ ਕਿ ਨਹੀਂ। ਤੁਰਗਨੇਵ, ਬਾਕੁਨਿਨ ਦਾ ਪੱਕਾ ਯਾਰ ਸੀ ਤੇ ਬਰਲਿਨ ਵਿਚ ਦੋਵੇਂ ਇਕੱਠੇ ਰਹੇ ਸਨ। ਆਪਣੇ ਪ੍ਰਕਾਸ਼ਕ ਅਤੇ ਦੋਸਤਾਂ ਨੂੰ ਬਰਲਿਨ ਵਿਚ ਮਿਲ ਕੇ ਲੰਡਨ ਪਰਤ ਆਇਆ।
ਖਿੜਕੀ ਵਿਚੋਂ ਉਹ ਥਾਂ ਦਿਸਦੀ, ਜਿਥੇ ਕਾਰੋ ਦਫਨ ਕੀਤਾ ਸੀ। ਦੇਰ ਤੱਕ ਚਿਨ ਉਧਰ ਦੇਖਦੀ ਰਹਿੰਦੀ। ਇਕ ਦਿਨ ਪਤੀ ਲੋਂਗੇ ਨੂੰ ਕਿਹਾ, ਸਾਡਾ ਚਿਰਾਗ ਉਥੇ ਠੰਢ ਵਿਚ ਇਕੱਲਾ ਸੁੱਤਾ ਪਿਐ, ਮੇਰਾ ਜੀ ਕਰਦੈ ਆਪਾਂ ਉਸ ਦੇ ਨਾਲ ਸੌਂ ਜਾਂਦੇ। ਕਿਸੇ ਔਰਤ ਨੂੰ ਬੱਚੇ ਨਾਲ ਜਾਂਦੀ ਦੇਖਦੀ, ਉਧਰੇ ਦੇਖੀ ਜਾਂਦੀ। ਮਹਿਮਾਨਾਂ ਨੂੰ ਬੇਨੂਰ ਚਿਹਰਾ ਪ੍ਰੇਸ਼ਾਨ ਨਾ ਕਰੇ-ਮੂੰਹ ਢਕੀ ਰੱਖਦੀ। ਪਤੀ ਨੂੰ ਖਤ ਵਿਚ ਲਿਖਿਆ, ਇਹ ਬਸੰਤ ਸੁਹਣੇ ਫਲ-ਫੁੱਲ ਲੈ ਕੇ ਆਈ ਹੈ, ਦੂਰ ਦੂਰ ਤੱਕ ਹਰਿਆਵਲ ਅਤੇ ਰੰਗੀਨੀਆਂ, ਪਰ ਮੇਰੀਆਂ ਅੱਖਾਂ ਅੱਗੇ ਕਬਰਿਸਤਾਨ ਰਹਿੰਦੈ। ਡੂੰਘੇ ਦੁੱਖ ਮਿਲੇ।
ਦਿਨ ਕੁਝ ਬਦਲੇ, ਲੋਂਗੇ ਨੂੰ ਲੰਡਨ ਦੇ ਕਿੰਗਜ਼ ਕਾਲਜ ਵਿਚ ਫਰੈਂਚ ਅਧਿਆਪਕ ਚੁਣ ਲਿਆ। ਡੇਢ ਸੌ ਉਮੀਦਵਾਰ ਸਨ, ਵਿਕਟਰ ਹਿਊਗੋ ਵਿਸ਼ਾ-ਮਾਹਿਰ ਸੀ, ਇਕ ਨੰਬਰ Ḕਤੇ ਨਾਮ ਲਿਖ ਦਿੱਤਾ। ਉਧਰ ਚਿਨ ਨੂੰ ਡਾਂਸ ਸਕੂਲ ਵਿਚ ਨੌਕਰੀ ਮਿਲ ਗਈ। ਦੋਵਾਂ ਨੇ ਵੱਖਰਾ ਫਲੈਟ ਲੈ ਲਿਆ।
ਪਹਿਲੀ ਵਾਰ ਦੁਕਾਨ ਵਿਚ ਕਾਰਲ ਨੇ ਫਿਲਟਰ ਦੇਖੇ, ਸਿਗਾਰ ਵਾਸਤੇ ਦੋ ਸੌ ਖਰੀਦ ਲਏ। ਡਾਕਟਰਾਂ ਨੇ ਬਥੇਰੀ ਵਾਰ ਕਿਹਾ ਸੀ ਤੰਬਾਕੂ ਅਤੇ ਸ਼ਰਾਬ ਛੱਡ ਦਿਉ, ਕੋਈ ਅਸਰ ਨਹੀਂ। ਹਰ ਐਤਵਾਰ ਏਂਗਲਜ਼ ਦੇ ਘਰ ਡਿਨਰ ਹੁੰਦਾ। ਮਹਿਮਾਨ ਵਿਦਾ ਹੋ ਜਾਂਦੇ, ਪਰਿਵਾਰ ਸੌ ਜਾਂਦਾ, ਦੋਵੇਂ ਜਾਮ ਛਲਕਾਉਂਦਿਆਂ ਰਾਤ ਬਿਤਾਉਂਦੇ।
ਮਈ 1876 ਵਿਚ ਚਿਨ ਦਾ ਬੱਚਾ ਆਉਣਾ ਸੀ। ਇਸ ਵਾਰ ਕੋਈ ਲਾਪ੍ਰਵਾਹੀ ਨਹੀਂ ਵਰਤੀ ਜਾਵੇਗੀ। ਚਿਨ ਦਾ ਕਮਰਾ ਪੂਰੀ ਤਰ੍ਹਾਂ ਸਾਫ ਕੀਤਾ ਗਿਆ ਤਾਂ ਕਿ ਇਨਫੈਕਸ਼ਨ ਨਾ ਹੋਵੇ। ਉਹ ਇਕੱਲੀ ਕਮਰੇ ਵਿਚ ਰਹੇਗੀ, ਕੇਵਲ ਨਰਸ ਜਾਇਆ ਕਰੇਗੀ। ਲੋਂਗੇ ਵੀ ਮਾਂ ਕੋਲ ਪਿੰਡ ਚਲਾ ਗਿਆ। ਦਸ ਮਈ ਨੂੰ ਪੁੱਤਰ ਨੇ ਜਨਮ ਲਿਆ, ਨਾਮ ਰੱਖਿਆ ਜੀਨ। ਜਾਨੀ ਵੀ ਕਹਿੰਦੇ।
ਏਂਗਲਜ਼ ਨੇ ਲਿਖਿਆ, ਕਾਮਿਆਂ ਕੋਲ ਵੋਟ ਅਤੇ ਹਥਿਆਰ ਦੋਵਾਂ ਉਪਰ ਹੱਕ ਹੈ। ਹਥਿਆਰਾਂ ਉਪਰ ਜੇ ਕੇਵਲ ਸਟੇਟ ਦਾ ਅਧਿਕਾਰ ਰਹੇਗਾ; ਤਦ ਯਕੀਨਨ ਇਹ ਕਿਰਤੀਆਂ ਵਿਰੁਧ ਵਰਤੇ ਜਾਣਗੇ। ਜਾਂਗਲੀ ਕਬੀਲਿਆਂ ਤੋਂ ਲੈ ਕੇ ਅੱਜ ਤੱਕ ਇਹੀ ਹੋ ਰਿਹਾ ਹੈ। ਜਿਸ ਕੋਲ ਵਧੀਆ ਹਥਿਆਰ, ਉਸੇ ਕੋਲ ਜਾਇਦਾਦ; ਉਸੇ ਕੋਲ ਰਾਜਸੀ ਤਾਕਤ।
ਮਲਕਾ ਵਿਕਟੋਰੀਆ ਦੀ ਸ਼ਾਹਜ਼ਾਦੀ ਜਿਸ ਨੇ ਜਰਮਨੀ ਦੇ ਬਾਦਸ਼ਾਹ ਦੀ ਮਹਾਰਾਣੀ ਬਣਨਾ ਸੀ, ਨੇ ਪਾਰਲੀਮੈਂਟ ਮੈਂਬਰ ਗ੍ਰਾਂਟ ਡਫ ਤੋਂ ਪੁੱਛਿਆ, ਇਹ ਕਾਰਲ ਮਾਰਕਸ ਕੀ ਚੀਜ਼ ਹੈ? ਗ੍ਰਾਂਟ ਨੇ ਕਿਹਾ, ਸਨਮਾਨਯੋਗ ਸ਼ਾਹਜ਼ਾਦੀ! ਮੈਨੂੰ ਕੁਝ ਪਤਾ ਨਹੀਂ, ਪਰ ਮੈਂ ਪਤਾ ਕਰ ਦਿਆਂਗਾ। ਉਸ ਨੇ ਕਾਰਲ ਨੂੰ ਸੱਦਾ ਭੇਜਿਆ ਕਿ ਕਲੱਬ ਵਿਚ ਮਿਲੋ। ਦੋਵਾਂ ਨੇ ਲੰਚ ਕੀਤਾ ਤੇ ਤਿੰਨ ਘੰਟੇ ਗੱਲਾਂ ਕਰਨ ਵਿਚ ਰੁੱਝੇ ਰਹੇ। ਵਾਪਸ ਜਾ ਕੇ ਦੱਸਿਆ, ਸ਼ਾਹਜ਼ਾਦੀ, ਪੁਲਿਸ ਨੇ ਜਿਵੇਂ ਉਸ ਦਾ ਅਕਸ ਪੰਘੂੜਿਆਂ ਵਿਚੋਂ ਬੱਚੇ ਚੁੱਕ ਕੇ ਖਾ ਜਾਣ ਵਾਲਾ ਆਦਮਖੋਰ ਬਣਾ ਰੱਖਿਐ, ਇਸ ਤਰ੍ਹਾਂ ਦਾ ਬਿਲਕੁਲ ਨਹੀਂ ਉਹ। ਕਾਰਲ ਮਾਰਕਸ ਸਿਆਣਾ ਵਿਦਵਾਨ ਤੇ ਪੂਰਨ ਸਾਊ ਬੰਦਾ ਹੈ। ਉਸ ਨੂੰ ਭੂਤਕਾਲ ਅਤੇ ਵਰਤਮਾਨ ਦੀ ਸਹੀ ਪਛਾਣ ਹੈ ਪਰ ਭਵਿੱਖ ਬਾਰੇ ਹਵਾਈ ਕਿਲੇ ਉਸਾਰਦਾ ਹੈ। ਕਹਿੰਦੈ ਪਹਿਲਾਂ ਰੂਸ ਦੀ ਸਲਤਨਤ ਟੁੱਟੇਗੀ, ਫਿਰ ਜਰਮਨੀ ਵਿਚ ਇਨਕਲਾਬ ਆਏਗਾ। ਮੈਂ ਪੁੱਛਿਆ, ਪਰ ਸੈਨਾ ਆਪਣੀ ਹਕੂਮਤ ਵਿਰੁਧ ਕਿਵੇਂ ਹੋ ਜਾਵੇਗੀ? ਕਾਰਲ ਨੇ ਕਿਹਾ, ਵੱਡੀ ਗਿਣਤੀ ਵਿਚ ਫੌਜੀ ਖੁਦਕੁਸ਼ੀਆਂ ਕਰ ਰਹੇ ਨੇ, ਉਹ ਵੇਲਾ ਦੂਰ ਨਹੀਂ ਜਦੋਂ ਉਨ੍ਹਾਂ ਦੀਆਂ ਬੰਦੂਕਾਂ ਦੀਆਂ ਨਾਲੀਆਂ ਅਫਸਰਾਂ ਵੱਲ ਹੋ ਜਾਣਗੀਆਂ। ਫਿਰ ਪੁੱਛਿਆ, ਕੀ ਇਹ ਹੋ ਸਕਦੈ ਕਿ ਯੂਰਪ ਦੇ ਸਾਰੇ ਦੇਸ਼ ਹਥਿਆਰ ਘਟਾਉਣ ਲਈ ਕੋਈ ਸਮਝੌਤਾ ਕਰ ਲੈਣ, ਕਿਉਂਕਿ ਯੁੱਧ ਦੀ ਤਬਾਹੀ ਭਿਆਨਕ ਹੈ। ਕਾਰਲ ਨੇ ਕਿਹਾ, ਬਿਲਕੁਲ ਨਹੀਂ। ਮੰਡੀ ਵਿਚ ਸਖਤ ਮੁਕਾਬਲਾ ਹੋਣ ਕਰ ਕੇ ਸਟੇਟਾਂ ਅਸੁਰੱਖਿਅਤ ਹਨ। ਵੱਧ ਹਥਿਆਰ ਬਣਨਗੇ ਤੇ ਵਧੀਕ ਖਤਰਨਾਕ ਬਣਨਗੇ। ਸਭ ਤੋਂ ਵੱਡੇ ਬਜਟ ਜੰਗੀ ਇੰਜਣ ਚਲਾਉਣ ਵਾਸਤੇ ਰੱਖੇ ਜਾਣਗੇ।
ਗ੍ਰਾਂਟ ਦੇ ਸ਼ਾਹਜ਼ਾਦੀ ਨੂੰ ਕਹੇ ਆਖਰੀ ਸ਼ਬਦ-ਸੁਫਨਸਾਜ਼ ਹੋਣ ਕਰ ਕੇ ਉਹ ਖਤਰਨਾਕ ਨਹੀਂ। ਮੈਂ ਉਸ ਦੇ ਇਕਦਮ ਉਲਟ ਖਿਆਲਾਂ ਦਾ ਬੰਦਾ ਹਾਂ, ਪਰ ਇਕ ਵਾਰ ਫਿਰ ਮਿਲਾਂਗਾ। ਉਹਦੀ ਇੱਛਾ ਮੁਤਾਬਕ ਉਪਰਲੀ ਦੁਨੀਆਂ ਹੇਠ ਹੋ ਜਾਵੇਗੀ, ਅਜਿਹਾ ਨਹੀਂ ਹੋਣ ਲੱਗਾ ਪਰ ਉਹ ਸੰਸਾਰ ਉਪਰ ਅਸਰ-ਅੰਦਾਜ਼ ਹੋ ਰਿਹੈ।
ਬੱਚਿਆਂ ਨੂੰ ਪਿਆਰ ਕਰਨ ਵਾਲਾ; ਕਿਸੇ ਥਾਂ ਬੱਚਾ ਉਦਾਸ ਖਲੋਤਾ ਦੇਖਦਾ, ਉਸ ਦੀ ਜੇਬ ਵਿਚ ਪੈਸਾ ਦੋ ਪੈਸੇ ਪਾ ਦਿੰਦਾ; ਜੇਬ ਖਾਲੀ ਹੁੰਦੀ ਤਾਂ ਮਿੱਠੇ ਬੋਲ ਬੋਲਦਾ, ਸਿਰ Ḕਤੇ ਹੱਥ ਫੇਰਦਾ। ਕਦੀ ਕਦਾਈਂ ਤਾਂ ਬੱਚਿਆਂ ਦੀ ਟੋਲੀ ਖੇਡਣ ਵਾਸਤੇ ਇਉਂ ਘੇਰਾ ਪਾ ਲੈਂਦੀ ਜਿਵੇਂ ਉਨ੍ਹਾਂ ਦਾ ਫਾਦਰ ਕ੍ਰਿਸਮਸ ਹੋਵੇ ਪਰ ਆਪਣੇ ਨਾਜਾਇਜ਼ ਬੇਟੇ ਫਰੈਡੀ ਲਈ ਉਸ ਨੇ ਕੁਝ ਨਾ ਕੀਤਾ, ਉਹ ਉਨੱਤੀ ਸਾਲ ਦਾ ਹੋ ਗਿਆ ਤੇ ਸ਼ਾਦੀ ਸ਼ੁਦਾ। ਕਦੀ ਕਦਾਈਂ ਆਪਣੀ ਮਾਂ ਲਿੰਚਨ ਨੂੰ ਮਿਲ ਜਾਂਦਾ।
ਫਰਾਂਸ ਸਰਕਾਰ ਨੇ ਆਮ ਮੁਆਫੀ ਦਾ ਐਲਾਨ ਕਰ ਦਿੱਤਾ। ਸ਼ੁਕਰ ਹੋਇਆ, ਜਲਾਵਤਨ ਆਪਣੇ ਟਿਕਾਣਿਆਂ Ḕਤੇ ਪਰਤਣ, ਖਾਨਾਬਦੋਸ਼ੀ ਖਤਮ। ਕਾਰਲ ਤੇ ਏਂਗਲਜ਼ ਨਵੀਂ ਪੀੜ੍ਹੀ ਦੇ ਮਸੀਹੇ ਬਣ ਗਏ ਸਨ। ਨਵਾਂ ਕੰਮ ਸ਼ੁਰੂ ਕਰਨ ਵੇਲੇ ਅਸੀਸ ਲੈਣ ਆਉਂਦੇ। ਪਾਰਟੀ ਦੇ ਮਸਲੇ ਹੋਣ ਜਾਂ ਘਰ ਦੇ, ਉਨ੍ਹਾਂ ਦੀ ਇਹੋ ਸੁਪਰੀਮ ਕੋਰਟ ਹੁੰਦੀ। ਲੀਓ ਹਰਟਮੈਨ ਮਿਲਣ ਆਇਆ ਜਿਸ ਨੇ ਜ਼ਾਰ ਸਿਕੰਦਰ ਦੂਜੇ ਦੇ ਕਤਲ ਦੀ ਸਕੀਮ ਬਣਾਈ ਸੀ, ਸਫਲ ਨਹੀਂ ਹੋਈ ਤੇ ਦੌੜ ਆਇਆ। ਕਾਰਲ ਖੁਸ਼ੀ ਨਾਲ ਮਿਲਿਆ, ਉਸ ਦੀਆਂ ਚਮਕਦੀਆਂ ਅੱਖਾਂ, ਮੁਸਕਾਉਂਦੇ ਹੋਠ, ਨਿਮਰ ਬੋਲ ਸਭ ਨੂੰ ਚੰਗੇ ਲਗਦੇ।
ਚਿਨ ਨੂੰ ਮਿਲਣ ਕਾਰਲ ਤੇ ਜੈਨੀ ਪੈਰਿਸ ਲਈ ਰਵਾਨਾ ਹੋ ਗਏ। ਬੱਚਿਆਂ ਸਮੇਤ ਜਦੋਂ ਦੀ ਗਈ ਸੀ, ਘਰ ਭਾਂ-ਭਾਂ ਕਰ ਰਿਹਾ ਸੀ। ਫਲਸਰੂਪ ਜੈਨੀ ਨੇ ਮੰਜਾ ਮੱਲ ਲਿਆ। ਟੈਸਟਾਂ ਵਿਚ ਕੈਂਸਰ ਦੇ ਲੱਛਣ ਆ ਗਏ। ਨਾਲੇ ਦੋਹਤੇ ਦੋਹਤੀਆਂ ਨੂੰ ਮਿਲੇਗੀ, ਨਾਲੇ ਉਹ ਥਾਂਵਾਂ ਦੇਖੇਗੀ ਜਿਥੇ ਜੁਆਨੀ ਵਕਤ ਰਹੀ, ਤੇ 32 ਸਾਲ ਪਹਿਲਾਂ ਦੇਸ਼ ਨਿਕਾਲਾ ਮਿਲਿਆ। ਬੱਚਿਆਂ ਦੀਆਂ ਕਿਲਕਾਰੀਆਂ, ਹਾਸੇ ਦੇਖ ਕੇ ਲੱਗਾ ਜਿਵੇਂ ਕਦੀ ਬਿਮਾਰ ਨਹੀਂ ਹੋਈ। ਪੁਰਾਣਾ ਪੈਰਿਸ ਦੇਖਣ ਲਈ ਜਾਣ ਤੋਂ ਪਹਿਲਾਂ ਡਾਕਟਰ ਨੇ ਅਫੀਮ ਦੀ ਤਕੜੀ ਡੋਜ਼ ਖੁਆਈ।
ਲੰਡਨ ਵਾਪਸੀ ਦੇ ਸਫਰ ਵਿਚ ਫਿਰ ਬਿਮਾਰ ਹੋ ਗਈ। ਨਿੱਕੀ ਧੀ ਤੂਸੀ ਸਿਆਸਤ ਵਿਚ ਸਰਗਰਮ ਹੋ ਗਈ। ਵੱਡੀਆਂ ਭੈਣਾਂ ਵਾਂਗ ਉਹ ਪਾਪਾ ਦਾ ਪਰਛਾਵਾਂ ਬਣ ਕੇ ਨਹੀਂ ਤੁਰੇਗੀ, ਆਪਣੀ ਤਕਦੀਰ ਖੁਦ ਘੜੇਗੀ। ਉਸ ਨੇ ਕਾਮਿਆਂ ਅਤੇ ਆਇਰਲੈਂਡ ਦੇ ਲੋਕਾਂ ਦੇ ਹੱਕ ਵਿਚ ਨਿੱਤਰਨਾ ਸ਼ੁਰੂ ਕੀਤਾ। ਇਨ੍ਹਾਂ ਮੀਟਿੰਗਾਂ ਵਿਚ ਉਸ ਨੂੰ ਇਕ ਜੁਆਨ ਜਿਸ ਦਾ ਨਾਮ ਬਰਨਾਰਡ ਸ਼ਾਅ ਸੀ, ਮਿਲਿਆ। ਸ਼ਾਅ ਨੇ ਦੱਸਿਆ ਕਿ ਉਸ ਨੇ ਫਰੈਂਚ ਵਿਚ ḔਕੈਪੀਟਲḔ ਪੜ੍ਹੀ ਹੈ ਤੇ ਉਹ ਕਮਿਊਨਿਸਟ ਹੋ ਗਿਐ। ਤੂਸੀ ਦਾ ਦੂਜਾ ਸ਼ੌਕ ਥਿਏਟਰ ਅਤੇ ਸੰਗੀਤ ਸੀ।
ਮਾਂ ਜੈਨੀ ਦਿਨੋ-ਦਿਨ ਨਿੱਘਰਦੀ ਜਾ ਰਹੀ ਸੀ, ਬਿਮਾਰੀ ਲਾਇਲਾਜ। ਕਾਰਲ ਨੂੰ ਦਮਾ ਹੋ ਗਿਆ, ਖੰਘ ਵਿਚ ਖੂਨ ਆਉਂਦਾ। ਦੋ ਅਕਤੁਬਰ 1881 ਨੂੰ ਜੈਨੀ ਚੱਲ ਵਸੀ। ਕਾਰਲ ਕਬਰਸਤਾਨ ਤੱਕ ਨਾ ਜਾ ਸਕਿਆ। ਏਂਗਲਜ਼ ਨੇ ਸ਼ਰਧਾਂਜਲੀ ਪੜ੍ਹੀ। ਉਮਰ 67 ਸਾਲ। ਸ਼ਰਧਾਂਜਲੀ ਦਾ ਆਖਰੀ ਵਾਕ-ਇਹ ਸੀ ਉਹ ਅਦਭੁਤ ਔਰਤ ਜਿਹੜੀ ਲੋੜਵੰਦਾਂ ਦੀ ਮਦਦ ਰਾਹੀਂ ਉਨ੍ਹਾਂ ਨੂੰ ਖੁਸ਼ ਕਰਦੀ, ਇਸ ਵਿਚੋਂ ਉਹ ਆਪਣੀ ਖੁਸ਼ੀ ਹਾਸਲ ਕਰ ਲੈਂਦੀ। ਸਿਬਲੀ ਨੇ ਲਿਖਿਆ, ਕੁਦਰਤ ਨੇ ਆਪਣਾ ਸ਼ਾਹਕਾਰ ਆਪ ਖਤਮ ਕਰ ਦਿੱਤਾ। ਇੰਨੀ ਹਮਦਰਦ ਅਤੇ ਹਸਮੁਖ ਔਰਤ ਮੈਂ ਹੋਰ ਨਹੀਂ ਦੇਖੀ।æææਏਂਗਲਜ਼ ਨੇ ਕਿਹਾ, ਕਾਰਲ ਨੂੰ ਵੀ ਹੁਣ ਮਰਿਆ ਸਮਝੋ ਭਾਈਓ।
ਕਾਰਲ ਹੈਟ ਕੋਟ ਪਹਿਨਦਾ, ਕਿਸੇ ਪਾਸੇ ਤੁਰ ਪੈਂਦਾ। ਕੋਈ ਮੰਜ਼ਲ ਨਹੀਂ ਕਿਉਂਕਿ ਨਕਸ਼ਾ ਗੁਆਚ ਗਿਆ। ਵਾਪਸੀ ਵੇਲੇ ਘਰ ਪਛਾਣਨਾ ਭੁੱਲ ਜਾਂਦਾ। ਜਦੋਂ ਚਾਬੀ ਨਾਲ ਜੰਦਰਾ ਨਾ ਖੁੱਲ੍ਹਦਾ ਤਾਂ ਪਤਾ ਲਗਦਾ, ਇਹ ਆਪਣਾ ਘਰ ਨਹੀਂ। ਵਿਗੜੀ ਸਿਹਤ ਮੁੜ ਕਦੀ ਨਾ ਸੰਵਰੀ। ਡਾਕਟਰਾਂ ਨੇ ਕਿਹਾ, ਕਦੀ ਕਦਾਈਂ ਸਾਰੇ ਸਰੀਰ ਉਤੇ ਆਇਓਡੀਨ ਦਾ ਲੇਪ ਕਰ ਲਿਆ ਕਰੋ। ਆਇਓਡੀਨ ਦਾ ਲੇਪ ਇੰਨਾ ਲੜਦਾ ਕਿ ਚਮੜੀ Ḕਤੇ ਧੱਫੜ ਪੈ ਜਾਂਦੇ। ਚਿਨ ਨੂੰ ਕਿਹਾ, ਬਸ ਇਹ ਥੋੜ੍ਹਾ ਕੁ ਸਮਾਂ ਮੇਰੇ ਲਈ ਸੁਖਦਾਈ ਹੁੰਦੈ, ਕਿਉਂਕਿ ਇਸ ਵੇਲੇ ਮੈਨੂੰ ਜੈਨੀ ਯਾਦ ਨਹੀਂ ਰਹਿੰਦੀ। ਅਠੱਤੀ ਸਾਲ ਦਾ ਸਾਥ ਕਿਵੇਂ ਭੁੱਲਾਂ? ਚਿਨ ਨੂੰ ਕਿਹਾ, ਮਨ ਦੇ ਰੋਗ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਸਰੀਰਕ ਕਸ਼ਟ ਹੈ। ਸਾਰੀ ਦੁਨੀਆਂ ਦਾ ਦੁਖ ਇਕ ਪਾਸੇ, ਦਰਦ ਕਰਦੀ ਜਾੜ੍ਹ ਦਾ ਦੁਖ ਇਕ ਪਾਸੇ, ਜਾੜ੍ਹ ਦਾ ਦੁਖ ਭਾਰੂ ਹੈ। ਜਵਾਈ ਲੋਂਗੇ ਨੇ ਪੈਰਿਸ ਅਖਬਾਰ ਵਿਚ ਆਪਣੀ ਸੱਸ ਨੂੰ ਜੋ ਸ਼ਰਧਾਂਜਲੀ ਦਿੱਤੀ, ਉਸ ਵਿਚ ਇਹ ਵੀ ਲਿਖ ਦਿੱਤਾ-ਦੋਵਾਂ ਦੀ ਜੋੜੀ ਵਿਚ ਤਕਰਾਰ ਉਠਦਾ ਰਿਹਾ। ਜੈਨੀ ਈਸਾਈ ਸੀ, ਕਾਰਲ ਯਹੂਦੀ। ਕਾਰਲ ਨੇ ਜਵਾਈ ਨੂੰ ਕਿਹਾ, ਤਕਰਾਰ ਹਰ ਘਰ ਵਿਚ ਹੁੰਦੇ ਨੇ, ਇਹ ਤਕਰਾਰ ਕਦੀ ਨਹੀਂ ਹੋਇਆ। ਤੂੰ ਮੇਰਾ ਜਵਾਈ ਹੈਂ, ਤੇਰੇ ਹਵਾਲੇ ਨਾਲ ਪ੍ਰੈਸ ਮਸਾਲੇਦਾਰ ਗੱਲਾਂ ਛਾਪੇਗੀ। ਅੱਜ ਤੋਂ ਬਾਅਦ ਆਪਣੀ ਕਿਸੇ ਲਿਖਤ ਵਿਚ ਮੇਰਾ ਅਤੇ ਜੈਨੀ ਦਾ ਜ਼ਿਕਰ ਨਾ ਕਰੀਂ।
ਕਾਰਲ ਨੂੰ ਡਾਕਟਰਾਂ ਨੇ ਕਿਹਾ, ਦੂਰ ਜਾ ਕੇ ਆਰਾਮ ਕਰੋ। ਤਣਾਉ ਦੂਰ ਹੋਵੇਗਾ। ਰਿਵਾਜ ਮੁਤਾਬਕ ਸਭ ਤੋਂ ਛੋਟੇ ਨੇ ਨਾਲ ਜਾ ਕੇ ਸੇਵਾ ਕਰਨੀ ਹੁੰਦੀ ਹੈ ਪਰ ਤੂਸੀ ਨੇ ਇਨਕਾਰ ਕਰ ਦਿੱਤਾ। ਕਿਉਂ? ਮੈਂ ਕਿਉਂ ਜਾਵਾਂ? ਮੇਰੀ ਆਪਣੀ ਵੀ ਕੋਈ ਲਾਈਫ ਐ। ਸਾਰਿਆਂ ਦੇ ਜ਼ੋਰ ਪਾਉਣ Ḕਤੇ ਆਖਰ ਹਾਂ ਕਰ ਦਿੱਤੀ। ਖੁਦ ਬਿਮਾਰ ਹੋ ਗਈ। ਆਪਣੀ ਸਹੇਲੀ ਨੂੰ ਸੁਨੇਹਾ ਭੇਜਿਆ, ਫਟਾਫਟ ਆ। ਆਈ ਤਾਂ ਦੇਖਿਆ ਤੂਸੀ ਪੂਰੀ ਮੰਜੇ ਨਾਲ ਲੱਗ ਚੁੱਕੀ ਸੀ। ਸਹੇਲੀ ਤੋਂ ਪਿਤਾ ਨੇ ਤਕਲੀਫ ਜਾਣੀਂ। ਗੁੱਸੇ ਵਿਚ ਆ ਗਿਆ, ਤੂੰ ਸਾਰੇ ਜਹਾਨ ਨੂੰ ਦੱਸਿਆ ਹੋਣੈ ਤੂੰ ਬਿਮਾਰ ਐਂ, ਮੇਰੇ ਸਿਵਾ। ਕਿਉਂ? ਤੂਸੀ ਨੇ ਕਿਹਾ, ਤੁਸੀਂ ਫਿਰ ਵੀ ਨਾਰਾਜ਼ ਹੋਣਾ ਸੀ, ਕਿ ਬੱਚੇ ਬਿਮਾਰ ਹੋਣ ਦੀ ਅੱਯਾਸ਼ੀ ਨਹੀਂ ਕਰ ਸਕਦੇ।
ਸਤਾਈ ਸਾਲ ਦੀ ਹੋ ਗਈ, ਪੁਰਾਣਾ ਰੋਮਾਂਸ ਭੁੱਲ ਗਿਆ। ਆਪਣੀ ਸਹੇਲੀ ਨੂੰ ਕਿਹਾ, ਮੈਂ ਇੰਨੀ ਬੁੱਧੀਵਾਨ ਨਹੀਂ ਕਿ ਅਕਲ ਦੀ ਧਾਂਕ ਜਮਾ ਦਿਆਂ ਪਰ ਇੰਨੀ ਮੂਰਖ ਵੀ ਨਹੀਂ ਕਿ ਕੁਝ ਵੀ ਨਾ ਕਰ ਸਕਾਂ ਤੇ ਬੈਠੀ ਰਹਾਂ। ਚਿਨ ਨੂੰ ਦੱਸਿਆ, ਮੇਰਾ 9 ਸਾਲ ਪੁਰਾਣਾ ਇਸ਼ਕ ਖਤਮ ਹੋਇਆ। ਉਡੀਕਦੀ ਰਹੀ ਕਿ ਮੰਗੇਤਰ ਵਲੋਂ ਟੁੱਟਣ ਦਾ ਵਾਕ ਆ ਜਾਵੇ, ਉਹ ਇੰਨਾ ਚੰਗਾ ਤੇ ਸ਼ਰੀਫ ਨਿਕਲਿਆ ਕਿ ਜਵਾਬ ਦਿੱਤਾ ਹੀ ਨਾ। ਆਖਰ ਮੈਨੂੰ ਹੀ ਕਹਿਣਾ ਪਿਆ, ਗੱਲ ਖਤਮ। ਚਿਨ ਨੇ ਜਵਾਬ ਦਿੱਤਾ, ਚੰਗਾ ਕੀਤਾ। ਤੇਰੇ ਵਿਚ ਮੇਰੇ ਨਾਲੋਂ ਵੱਧ ਤਾਕਤ ਹੈ। ਤੂੰ ਥਿਏਟਰ ਕਰਨਾ ਹੈ ਤਾਂ ਵੱਡੇ ਕਲਾਕਾਰਾਂ ਕੋਲ ਜਾਣ ਤੋਂ ਝਿਜਕੀ ਨਾ। ਉਨ੍ਹਾਂ ਦਾ ਨਾਮ ਵੱਡਾ ਹੈ ਤਾਂ ਕੀ, ਤੇਰੇ ਨਾਮ ਨਾਲ ਵੀ ਮਾਰਕਸ ਸ਼ਬਦ ਲੱਗਿਆ ਹੋਇਐ।
ਕਾਰਲ ਨੇ ਏਂਗਲਜ਼ ਨੂੰ ਲਿਖਿਆ, ਪਿਆਰੇ ਸ੍ਰੀਮਾਨ, ਲਿਖਾਈ ਤਾਂ ਮੁੱਢੋਂ ਖਰਾਬ ਸੀ, ਹੁਣ ਸਪੈਲਿੰਗ ਵੀ ਗਲਤ ਹੋਣ ਲੱਗੇ, ਗ੍ਰਾਮਰ ਵੀ ਗਲਤ। ਕੁਝ ਵੀ ਠੀਕ ਨਹੀਂ ਰਿਹਾ। ਜੈਨੀ ਗਲਤ ਨੂੰ ਠੀਕ ਸਮਝ ਲੈਂਦੀ, ਠੀਕ ਕਰ ਦਿੰਦੀ, ਹੁਣ ਤੁਸੀਂ ਆਪ ਇਹ ਕੰਮ ਕਰਿਉ। ਬਿਮਾਰ ਹਾਂ, ਸਿਰ ਦੇ ਵਾਲ ਛੋਟੇ ਕਰਵਾ ਦਿੱਤੇ, ਦਾਹੜੀ ਸਫਾਚੱਟ। ਇਸ ਘੋੜੇ ਦੀ ਗਰਦਣ ਰੁੰਡ ਮਰੁੰਡ ਹੈ। ਸਾਬਤ ਚਿਹਰੇ ਵਾਲੀ ਫੋਟੋ ਖਿਚਵਾ ਲਈ ਹੈ। ਨਾਈ ਦੀ ਵੇਦੀ ਉਪਰ ਬਲਿਦਾਨ ਦੇ ਦਿੱਤਾ। ਦੋਹਤਿਆਂ ਦੀਆਂ ਕਿਲਕਾਰੀਆਂ ਸੁਣਨ ਚਿਨ ਕੋਲ ਚੱਲਿਆਂ। ਵੱਡੇ ਨਾਲੋਂ ਛੋਟਾ ਜਹਾਨ ਠੀਕ ਐ।
ਤੂਸੀ ਨੇ ਕਿਸੇ ਸਭਾ ਵਿਚ ਰਾਬਰਟ ਬਰਾਊਨਿੰਗ ਦੀਆਂ ਕਵਿਤਾਵਾਂ ਇੰਨੇ ਦਿਲਕਸ਼ ਅੰਦਾਜ਼ ਵਿਚ ਸੁਣਾਈਆਂ ਕਿ ਇਕ ਔਰਤ ਉਸ ਕੋਲ ਆਈ, ਕਿਹਾ, ਕੁੜੀਏ ਮੈਂ ਤੈਨੂੰ ਬਰਾਊਨਿੰਗ ਕੋਲ ਲੈ ਚੱਲਾਂਗੀ, ਉਹਨੂੰ ਸੁਣਾਈਂ। ਮੇਰਾ ਮੁੰਡਾ ਵੀ ਲਿਖਦਾ, ਅਮਰੀਕਾ ਵਿਚ। ਉਹਦਾ ਨਾਂ ਆਸਕਰ ਵਾਈਲਡ ਐ। ਖੋਤਾ ਹੈ ਇਕ ਦਮ।
ਕਾਰਲ ਨੂੰ ਜਦੋਂ ਕੋਈ ਦੱਸਦਾ ਕਿ ਮੈਂ ਮਾਰਕਸਵਾਦੀ ਆਂ, ਖਿਝ ਕੇ ਆਖਦਾ, ਮੈਂ ਮਾਰਕਸ ਹਾਂ, ਮਾਰਕਸਵਾਦ ਨਹੀਂ। ਮਾਰਕਸਵਾਦੀ ਹੋਣਾ ਚੰਗੀ ਗੱਲ ਨਹੀਂ ਹੁੰਦੀ।
ਚਿਨ ਬਿਮਾਰ ਰਹਿੰਦੀ, ਕਮਜ਼ੋਰ ਹੋ ਗਈ, ਇਲਾਜ ਲਈ ਪੈਸੇ ਨਹੀਂ, 11 ਜਨਵਰੀ 1883 ਨੂੰ ਮੌਤ ਹੋਈ। ਕਾਰਲ, ਮੇਟਲੈਂਡ ਪਾਰਕ ਗਿਆ ਹੋਇਆ ਸੀ। ਇਹ ਖਬਰ ਉਸ ਲਈ ਮੌਤ ਦਾ ਵਾਰੰਟ ਹੋਵੇਗੀ, ਤੂਸੀ ਨੂੰ ਭੇਜਿਆ ਗਿਆ। ਸਾਰੇ ਰਾਹ ਤੂਸੀ ਸੋਚਦੀ ਰਹੀ, ਕਿਵੇਂ ਪਾਪਾ ਨੂੰ ਦੱਸਾਂਗੀ। ਜਦੋਂ ਮਿਲੀ, ਉਸ ਨੂੰ ਇਕ ਸ਼ਬਦ ਵੀ ਨਹੀਂ ਬੋਲਣਾ ਪਿਆ। ਉਹਨੂੰ ਦੇਖਣ ਸਾਰ ਸਮਝ ਗਿਆ ਤੇ ਬੋਲਿਆ, ਚਿਨ ਗਈ। ਤੂੰ ਬੱਚਿਆਂ ਦੀ ਖਬਰਸਾਰ ਲੈਣ ਜਾਹ। ਕਹਿੰਦੀ ਰਹੀ, ਪਾਪਾ ਤੁਹਾਡੇ ਕੋਲ ਰਹਿਣਾ ਜ਼ਰੂਰੀ ਹੈ ਮੇਰਾ। ਨਹੀਂ ਮੰਨਿਆਂ। ਅੱਧੇ ਘੰਟੇ ਬਾਅਦ ਤੂਸੀ ਫਰਾਂਸ ਵੱਲ ਚੱਲ ਪਈ।
ਜੈਨੀ ਦੀ ਮੌਤ ਬਾਅਦ ਅਫਸੋਸ ਦੇ ਪੱਤਰਾਂ ਦਾ ਜਵਾਬ ਦੇ ਦਿੱਤਾ ਸੀ। ਹੁਣ ਸੱਤਿਆ ਨਹੀਂ ਰਹੀ। ਤੂਸੀ ਨੂੰ ਆਖ ਦਿੱਤਾ ਕਿ ਹਰ ਇਕ ਨੂੰ ਇਕ-ਇਕ ਸਤਰ ਸ਼ੁਕਰਾਨੇ ਦੀ ਲਿਖ, ਲਿਖ ਕਿ ਲਿਖਣਾ ਤਾਂ ਕੀ ਪਾਪਾ ਤੋਂ ਬੋਲ ਨਹੀਂ ਹੁੰਦਾ। ਨੀਂਦ ਅਤੇ ਭੁੱਖ ਉਡ ਗਈਆਂ।
ਹਮੇਸ਼ਾ ਵਾਂਗ 14 ਮਾਰਚ ਨੂੰ ਸ਼ਾਮੀਂ ਏਂਗਲਜ਼, ਕਾਰਲ ਦੇ ਘਰ ਗਿਆ। ਧੁੰਦ ਪਸਰੀ ਹੋਈ ਸੀ। ਲਿੰਚਨ ਨੇ ਦਰਵਾਜ਼ਾ ਖੋਲ੍ਹਿਆ, ਨਮ ਅੱਖਾਂ ਨਾਲ ਦੱਸਿਆ, ਕਾਰਲ ਬਹੁਤ ਕਮਜ਼ੋਰ ਹੋ ਗਿਐ, ਹੁਣ ਸੌਂਂ ਗਿਐ। ਉਸ ਦੇ ਪਿੱਛੇ-ਪਿੱਛੇ ਏਂਗਲਜ਼ ਤੁਰ ਪਿਆ। ਅੰਗੀਠੀ ਨਜ਼ਦੀਕ ਆਰਾਮ ਕੁਰਸੀ Ḕਤੇ ਲੇਟਿਆ ਸੁੱਤਾ ਪਿਆ ਸੀ, ਹਮੇਸ਼ਾ ਲਈ। ਏਂਗਲਜ਼ ਨੇ ਲਿਖਿਆ, ਮਨੁੱਖਤਾ ਇਸ ਫਿਲਾਸਫਰ ਬਗੈਰ ਗਰੀਬ ਹੋ ਗਈ ਹੈ। ਅੱਜ ਦੇ ਸਮੇਂ ਉਸ ਜਿੱਡਾ ਕੱਦਾਵਰ ਸ਼ਖਸ ਕੋਈ ਨਹੀਂ। ਕਾਮਿਆਂ ਦੀ ਮੁਕਤੀ ਲਈ ਲਹਿਰ ਚੱਲ ਪਈ ਹੈ ਜੋ ਰੁਕੇਗੀ ਨਹੀਂ।
ਉਮਰ 64 ਸਾਲ, 17 ਮਾਰਚ 1883 ਨੂੰ ਦਫਨ ਕਰਨ ਵਕਤ ਗਿਆਰਾਂ ਬੰਦੇ ਜਨਾਜ਼ੇ ਨਾਲ ਸਨ। ਕੋਟ ਦੀ ਅੰਦਰਲੀ ਜੇਬ ਵਿਚੋਂ ਤਿੰਨ ਤਸਵੀਰਾਂ ਮਿਲੀਆਂ-ਇਕ ਕਾਰਲ ਦੇ ਪਿਤਾ ਦੀ, ਦੂਜੀ ਜੈਨੀ ਦੀ, ਤੀਜੀ ਚਿਨ ਦੀ। ਏਂਗਲਜ਼ ਨੇ ਇਹ ਤਸਵੀਰਾਂ ਤਾਬੂਤ ਵਿਚ ਟਿਕਾ ਦਿੱਤੀਆਂ। ਥੋੜ੍ਹੇ ਸਮੇਂ ਵਿਚ ਏਂਗਲਜ਼ ਨੂੰ ਤਿੰਨ ਸ਼ਰਧਾਂਜਲੀਆਂ ਲਿਖਣੀਆਂ ਪਈਆਂ। ਲਿਖਿਆ, ਕਾਰਲ ਵਰਗਾ ਬਲਵਾਨ ਕੌਣ ਹੋਏਗਾ ਜਿਸ ਨੇ ਨਿਹੱਥਿਆਂ ਚੱਟਾਨਾਂ ਤੋੜੀਆਂ। ਮਜ਼ਬੂਤ ਸਲਤਨਤਾਂ ਦੇ ਮਹਿਲਾਂ ਅੰਦਰ ਉਸ ਦੀ ਲਲਕਾਰ ਪੁੱਜ ਗਈ ਸੀ। ਡਾਰਵਿਨ ਨੇ ਜੀਵਾਂ ਦੇ ਵਿਕਾਸ ਦਾ ਫਲਸਫਾ ਸਪਸ਼ਟ ਕੀਤਾ, ਕਾਰਲ ਨੇ ਮਨੁੱਖਤਾ ਦੇ ਆਰਥਿਕ ਵਿਕਾਸ ਦਾ ਫਲਸਫਾ ਰਚਦਿਆਂ ਕਿਹਾ, ਸਿਆਸਤ, ਵਿਗਿਆਨ, ਆਰਟ, ਧਰਮ ਆਦਿਕ ਸਭਨਾਂ ਬਾਰੇ ਸਿੱਖ ਲਵਾਂਗੇ, ਪਹਿਲਾਂ ਰੋਟੀ ਮਿਲੇ ਖਾਣ ਨੂੰ। ਉਸ ਨੇ ਪੂੰਜੀ ਦੀ ਗਤੀ ਦਾ ਲਾਅ ਤਿਆਰ ਕੀਤਾ- Ḕਲਾਅ ਆਫ ਕੈਪੀਟਲ ਮੋਸ਼ਨ।’ ਜਿੰਨੀ ਨਫਰਤ ਅਤੇ ਤ੍ਰਿਸਕਾਰ ਉਸ ਨੂੰ ਮਿਲੇ, ਕਿਸੇ ਬੰਦੇ ਦੇ ਹਿੱਸੇ ਨਹੀਂ ਆਏ। ਨਾ ਤਾਨਾਸ਼ਾਹਾਂ ਨੇ ਉਸ ਨੂੰ ਪਸੰਦ ਕੀਤਾ, ਨਾ ਰਿਪਬਲਿਕਾਂ ਨੇ। ਉਸ ਨੂੰ ਰੱਜਵੀਂ ਬਦਨਾਮੀ ਮਿਲੀ। ਤ੍ਰਿਸਕਾਰ ਅਤੇ ਬਦਨਾਮੀ ਨੂੰ ਉਹ ਜਾਲਿਆਂ ਵਾਂਗ ਹੂੰਝ ਦਿੰਦਾ, ਪਰ ਸਾਇਬੇਰੀਆ ਦੀਆਂ ਖਾਣਾਂ ਤੋਂ ਲੈ ਕੇ ਅਮਰੀਕਾ ਤੱਕ, ਗਲੋਬ ਉਪਰ ਉਸ ਨੂੰ ਪਿਆਰ ਕਰਨ ਵਾਲੇ ਲੱਖਾਂ ਕਾਮੇ ਵੀ ਹਨ। ਉਸ ਦੇ ਵਿਰੋਧੀ ਅਣਗਿਣਤ ਸਨ, ਦੁਸ਼ਮਣ ਇਕ ਵੀ ਨਹੀਂ। ਉਸ ਦਾ ਨਾਮ ਅਤੇ ਸਿਧਾਂਤ ਚੱਲੇਗਾ।
ਏਂਗਲਜ਼ ਦੇ ਇਨ੍ਹਾਂ ਵਾਕਾਂ ਵਿਚ ਕਿੰਨੀ ਕੁ ਸੱਚਾਈ ਹੈ? ਫਿਰ ਉਸ ਦੇ ਜਨਾਜ਼ੇ ਵਿਚ ਕੇਵਲ ਗਿਆਰਾਂ ਆਦਮੀ ਕਿਉਂ ਤੁਰੇ? ਬੇਸ਼ਕ ਗਿਆਰਾਂ ਵੀ ਨਾ ਹੁੰਦੇæææਏਂਗਲਜ਼ ਇਕੱਲਾ ਹੁੰਦਾ, ਤਾਂ ਵੀ ਉਸ ਨੇ ਇਹੋ ਵਾਕ ਲਿਖਣੇ ਸਨ। ਐਪੀਕਿਊਰਸ ਦਾ ਵਾਕ-ਮਰਨ ਵਾਲਾ ਬਦਕਿਸਮਤ ਨਹੀਂ, ਬਦਕਿਸਮਤ ਉਹ ਜਿਹੜੇ ਜਿਉਂਦੇ ਰਹਿ ਗਏ।
(ਚੱਲਦਾ)

Be the first to comment

Leave a Reply

Your email address will not be published.