ਸੰਜੇ ਬਾਰੂ ਦਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ

ਅਰਥ-ਸ਼ਾਸਤਰੀ ਵਜੋਂ ਸੰਸਾਰ ਭਰ ਵਿਚ ਚਰਚਿਤ ਰਹੇ ਡਾਕਟਰ ਮਨਮੋਹਨ ਸਿੰਘ ਦਸ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਰਹਿ ਕੇ ਸਿਆਸੀ ਦ੍ਰਿਸ਼ ਤੋਂ ਲਾਂਭੇ ਹੋ ਗਏ ਹਨ। ਉਨ੍ਹਾਂ ਦੀ ਵਿਦਵਤਾ ਦੇ ਹੱਕ ਅਤੇ ਵਿਰੋਧ ਵਿਚ ਬੜਾ ਕੁਝ ਕਿਹਾ-ਸੁਣਿਆ ਗਿਆ ਹੈ। ਸਿਆਸੀ ਲੀਡਰ ਵਜੋਂ ਉਨ੍ਹਾਂ ਦੀ ਲਿਆਕਤ ਦੀ ਚਰਚਾ ਵੀ ਗਾਹੇ-ਬਗਾਹੇ ਹੁੰਦੀ ਰਹਿਣੀ ਹੈ, ਕਿਉਂਕਿ ਉਨ੍ਹਾਂ ਨੇ ਉਨ੍ਹਾਂ ਸਮਿਆਂ ਦੌਰਾਨ ਭਾਰਤ ਦੀ ਅਗਵਾਈ ਕੀਤੀ ਜਦੋਂ ਸਾਰੇ ਜੱਗ-ਜਹਾਨ ਦਾ ਧਿਆਨ ਭਾਰਤ ਵੱਲ ਲੱਗਿਆ ਹੋਇਆ ਸੀ। ਉਂਝ ਜਿਸ ਢੰਗ ਨਾਲ ਉਹ ਸਿਆਸੀ ਮੰਚ ਤੋਂ ਬਾਹਰ ਧੱਕੇ ਗਏ ਹਨ, ਉਹ ਬਹੁਤ ਨਮੋਸ਼ੀ ਵਾਲਾ ਹੈ। ਇਕ ਤਾਂ ਕਾਂਗਰਸ ਨੇ ਮਗਰੋਂ ਉਨ੍ਹਾਂ ਨਾਲ ਚੰਗਾ ਸਲੂਕ ਨਾ ਕੀਤਾ; ਤੇ ਦੂਜਾ ਜਿਸ ਬੰਦੇ (ਸੰਜੇ ਬਾਰੂ) ਉਤੇ ਯਕੀਨ ਕਰ ਕੇ ਉਨ੍ਹਾਂ ਉਸ ਨੂੰ ਆਪਣਾ ਮੀਡੀਆ ਸਲਾਹਕਾਰ ਬਣਾਇਆ, ਉਸ ਨੇ ਹੀ ਇਕ ਤਰ੍ਹਾਂ ਨਾਲ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਨ ਵਰਗਾ ਕੰਮ ਕੀਤਾ। ਸੰਜੇ ਬਾਰੂ ਦੀ ਕਿਤਾਬ ‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਉਸ ਵਕਤ ਆਈ ਜਦੋਂ ਲੋਕ ਸਭਾ ਚੋਣਾਂ ਦਾ ਅਮਲ ਚੱਲ ਰਿਹਾ ਹੈ। ਜਿਸ ਵਕਤ ਅਤੇ ਜਿੰਨੀ ਕਾਹਲੀ ਨਾਲ ਇਹ ਕਿਤਾਬ ਰਿਲੀਜ਼ ਕੀਤੀ ਗਈ, ਉਸ ਤੋਂ ਵਿਦਵਾਨ ਲੇਖਕ ਹਰਪਾਲ ਸਿੰਘ ਪੰਨੂ ਨੂੰ ਵੀ ਸਾਜ਼ਿਸ਼ ਦੀ ਬੂ ਆਈ ਹੈ। ਉਨ੍ਹਾਂ ਆਪਣੇ ਇਸ ਲੇਖ ਵਿਚ ਇਸ ਕਿਤਾਬ ਦੇ ਬਹਾਨੇ ਡਾæ ਮਨਮੋਹਨ ਸਿੰਘ ਬਾਰੇ ਕੁਝ ਕੁ ਗੱਲਾਂ ਕੀਤੀਆਂ ਹਨ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ।-ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਸੰਸਕ੍ਰਿਤ ਵਿਚ ਕਵੀ ਮਾਇਨੇ ਸਾਹਿਤਕਾਰ ਹੈ, ਤੇ ਵਾਚ ਮਾਇਨੇ ਵਾਕ, ਵਚਨ| ਸਾਹਿਤ ਰਚਨਾ ਕਰਦਿਆਂ ਪ੍ਰਸੰਗ ਨਾਲੋਂ ਹਟ ਕੇ ਕਦੀ-ਕਦਾਈਂ ਸਾਹਿਤਕਾਰ ਆਪਣੇ ਖਿਆਲ ਕਲਮਬਧ ਕਰਦਾ ਹੈ ਤਾਂ ਸਿਰਲੇਖ ਦਿੰਦਾ ਹੈ-ਕਬਿਓਬਾਚ| ਇਸ ਲਿਖਤ ਵਿਚ ਪਹਿਲੋਂ ਕਬਿਓਵਾਚ ਹੈ, ਫਿਰ ਇਕ ਕਿਤਾਬ ਅਤੇ ਉਸ ਵਿਚਲੀ ਸਮੱਗਰੀ ਵਿਚਲੇ ਬਿਰਤਾਂਤ ਹਨ|
ਦਸ ਸਾਲ ਪਹਿਲਾਂ 2004 ਵਿਚ ਮੈਂ ਅਮਰੀਕਾ ਵਿਚ ਸਾਂ, ਭਾਰਤ ਦੀ ਪਾਰਲੀਮੈਂਟ ਦੇ ਨਤੀਜੇ ਨਸ਼ਰ ਹੋਏ| ਬਗੈਰ ਲੋਕ ਸਭਾ ਚੋਣ ਜਿੱਤਣ ਦੇ, ਡਾæ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਥਾਪ ਦਿੱਤਾ ਗਿਆ| ਮੇਰੇ ਕੋਲ ਗਰਮਖਿਆਲ ਖਾਲਿਸਤਾਨੀਆਂ ਦੇ ਫੋਨ ਅਤੇ ਈਮੇਲਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਫਲਾਣੀ ਥਾਂ ਸੰਦੇਸ਼ ਟਾਈਪ ਕਰ ਕੇ ਈ-ਮੇਲ ਵਧਾਈ ਭੇਜਾਂ| ਮੈਂ ਉਨ੍ਹਾਂ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਤਰ ਮਿਲਿਆ-ਸਿੱਖਾਂ ਦੀ ਪਛਾਣ ਤੋਂ ਗਲੋਬ ਨਾਵਾਕਫ ਹੈ| ਕਿਤੇ ਜਾਂਗਲੀ ਸਮਝ ਕੇ, ਕਿਤੇ ਮੁਸਲਮਾਨ ਜਾਣ ਕੇ ਉਨ੍ਹਾਂ ਉਤੇ ਹਮਲੇ ਹੋਏ| ਸ਼ ਮਨਮੋਹਨ ਸਿੰਘ ਦੁਨੀਆਂ ਦੇ ਸਭ ਤੋਂ ਵਧੀਕ ਪੜ੍ਹੇ-ਲਿਖੇ ਵਿਦਵਾਨ ਪ੍ਰਧਾਨ ਮੰਤਰੀ ਹਨ| ਉਨ੍ਹਾਂ ਸਦਕਾ ਦੁਨੀਆਂ ਵਿਚ ਸਿੱਖਾਂ ਦੀ ਪਛਾਣ ਹੋਵੇਗੀ|
ਉਥੇ ਹੀ ਇਕ ਮਜ਼ਾਕ ਪੜ੍ਹਿਆ| ਜਦੋਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿਚ ਡਾæ ਮਨਮੋਹਨ ਸਿੰਘ ਪ੍ਰੋਫੈਸਰ ਸਨ, ਉਨ੍ਹਾਂ ਦੇ ਘਰ ਚੋਰੀ ਹੋ ਗਈ| ਸਰਦਾਰਨੀ ਦਿੱਲੀ ਗਏ ਹੋਏ ਸਨ| ਚੋਰੀ ਦੀ ਖਬਰ ਸੁਣ ਕੇ ਵਾਪਸ ਘਰ ਆਏ। ਪੁੱਛਿਆ, ਚੋਰੀ ਕਦੋਂ ਹੋਈ? ਪ੍ਰੋਫੈਸਰ ਸਾਹਿਬ ਨੇ ਕਿਹਾ, ਅੱਧੀ ਰਾਤੀਂ|
-ਪਰ ਅੱਧੀ ਰਾਤ ਤਕ ਤਾਂ ਤੁਸੀਂ ਪੜ੍ਹਦੇ ਰਹਿੰਦੇ ਹੋ?
-ਹਾਂ ਪੜ੍ਹ ਰਿਹਾ ਸਾਂ|
-ਫਿਰ ਰੋਕੇ ਨਹੀਂ?
-ਮੈਂ ਤਾਂ ਬਥੇਰਾ ਕਿਹਾ, ਅੱਜ ਦੀ ਰਾਤ ਰੁਕ ਜਾਣ| ਉਨ੍ਹਾਂ ਕਿਹਾ, ਅੱਜ ਤਾਂ ਹੋਰ ਵੀ ਕੰਮ ਕਰਨੇ ਹਨ, ਕਿਸੇ ਦਿਨ ਫਿਰ ਰੁਕਾਂਗੇ|
ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾæ ਐਚæਕੇæ ਮਨਮੋਹਨ ਸਿੰਘ ਸਾਡੇ ਇਸ ਪ੍ਰਧਾਨ ਮੰਤਰੀ ਦੇ ਦੋਸਤ ਵੀ ਹਨ ਤੇ ਜਮਾਤੀ ਵੀ| ਦੋਵੇਂ ਵਿਦੇਸ਼ਾਂ ਚੋਂ ਅਰਥ ਸ਼ਾਸਤਰ ਦੀਆਂ ਉਚੇਰੀਆਂ ਡਿਗਰੀਆਂ ਕਮਾ ਕੇ ਲਿਆਏ| ਮੈਨੂੰ ਪਤਾ ਲੱਗਾ ਕਿ ਪਟਿਆਲੇ ਵਾਲੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਜੀ ਨੂੰ ਦਿੱਲੀ ਵਧਾਈ ਦੇ ਕੇ ਆਏ ਹਨ| ਮੈਂ ਉਨ੍ਹਾਂ ਨੂੰ ਪੁੱਛਣ ਗਿਆ, ‘ਕੀ ਗੱਲ ਹੋਈ, ਕਿਵੇਂ ਮਿਲੇ|’
ਡਾæ ਐਚæਕੇæ ਮਨਮੋਹਨ ਸਿੰਘ ਨੇ ਦੱਸਿਆ- ਖੁਸ਼ ਹਨ, ਮਿਠਾਈ ਖੁਆਈ, ਹਾਲ-ਚਾਲ ਪੁੱਛਿਆ/ਦੱਸਿਆ| ਮੈਂ ਉਨ੍ਹਾਂ ਤੋਂ ਉਨ੍ਹਾਂ ਦਾ ਫੋਨ ਨੰਬਰ ਮੰਗਿਆ| ਉਤਰ ਮਿਲਿਆ, ਫੋਨਾਂ ਦੇ ਨੰਬਰ ਤਾਂ ਚਾਰ ਲੈ ਜਾਉ ਪਰ ਮੈਨੂੰ ਕੋਈ ਕੰਮ ਨਾ ਆਖਣਾ| ਮੈਥੋਂ ਕਿਸੇ ਦਾ ਕੰਮ ਨਹੀਂ ਕੀਤਾ ਜਾਂਦਾ|
ਉਨ੍ਹਾਂ ਉਪਰ ਬੇਈਮਾਨੀ ਦਾ ਇਲਜ਼ਾਮ ਨਾ ਲੱਗਾ, ਨਾ ਲੱਗੇਗਾ| ਉਨ੍ਹਾਂ ਆਪਣੇ ਪਰਿਵਾਰ, ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਆਪਣੇ ਰੁਤਬੇ ਦਾ ਲਾਭ ਉਠਾ ਕੇ ਨਾਜਾਇਜ਼ ਫਾਇਦੇ ਨਹੀਂ ਪੁਚਾਏ| ਉਹ ਭਲੇ ਸਿੱਖ ਹਨ, ਨਾਜ਼ਕ ਵਕਤ ਉਪਰ ਗੁਰਬਾਣੀ ਦੀ ਓਟ ਲੈਂਦੇ ਹਨ ਪਰ ਉਨ੍ਹਾਂ ਸਦਕਾ ਸਿੱਖਾਂ ਦਾ, ਪੰਜਾਬ ਦਾ ਕੋਈ ਭਲਾ ਹੋਇਆ ਹੋਵੇ, ਸੁਣਨ ਵਿਚ ਨਹੀਂ ਆਇਆ|
2008 ਵਿਚ ਦੁਨੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਗੁਰਿਆਈ ਸ਼ਤਾਬਦੀ ਮਨਾਈ| ਅੰਮ੍ਰਿਤਸਰ ਵਿਚ ਅਕਾਲੀਆਂ ਦਾ ਵੱਖਰਾ, ਤੇ ਕਾਂਗਰਸ ਦਾ ਵੱਖਰਾ ਦੀਵਾਨ ਸਜਿਆ| ਦੋਵਾਂ ਸਮਾਗਮਾਂ ਵਿਚੋਂ ਜੇ ਕਿਸੇ ਦੀ ਤਕਰੀਰ ਚੰਗੀ ਲੱਗੀ, ਉਹ ਡਾæ ਮਨਮੋਹਨ ਸਿੰਘ ਦੀ ਸੀ ਕਿਉਂਕਿ ਦਿਲ ਦੀਆਂ ਗੱਲਾਂ ਕੀਤੀਆਂ| ਕਿਹਾ, ਜਦੋਂ ਹੱਲਿਆਂ ਵੇਲੇ ਪਾਕਿਸਤਾਨੋਂ ਉਜੜ ਕੇ ਇਧਰ ਆਏ, ਮੇਰੇ ਹੱਥ ਵਿਚ ਨਿੱਕੀ ਜਿਹੀ ਸੰਦੂਕੜੀ ਸੀ ਜਿਸ ਵਿਚ ਦੋ ਕਾਪੀਆਂ, ਦੋ ਕਿਤਾਬਾਂ, ਕਲਮ-ਦਵਾਤ, ਕੁਰਤਾ-ਪਜਾਮਾ ਸੀ| ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕ ਕੇ ਮਹਾਰਾਜ ਦਾ ਸ਼ੁਕਰਾਨਾ ਕੀਤਾ- ਸੱਚੇ ਪਾਤਸ਼ਾਹ, ਤੁਹਾਡੀ ਮਿਹਰਬਾਨੀ ਸਦਕਾ ਜਾਨਾਂ ਬਚ ਗਈਆਂ| ਤੁਹਾਡੇ ਚਰਨੀਂ ਲੱਗੇ ਰਹਾਂਗੇ|
ਸਾਬਕਾ ਪ੍ਰਧਾਨ ਮੰਤਰੀ ਨੂੰ ਯਾਦ ਕਰਦਿਆਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਚੇਤੇ ਵਿਚ ਆ ਗਏ| ਪ੍ਰੋæ ਹਰਬੰਸ ਸਿੰਘ ਦੀ ਸਰਦਾਰਨੀ ਦੇ ਦੇਹਾਂਤ ਉਪਰੰਤ ਭੋਗ ਤੋਂ ਦੋ ਦਿਨ ਪਹਿਲਾਂ ਮੈਨੂੰ ਪ੍ਰੋਫੈਸਰ ਸਾਹਿਬ ਦਾ ਸੁਨੇਹਾ ਮਿਲਿਆ, ਕੋਠੀ ਆਉ| ਮੈਂ ਗਿਆ ਤਾਂ ਕਹਿਣ ਲੱਗੇ, ਗਿਆਨੀ ਜੈਲ ਸਿੰਘ ਆਉਣਗੇ| ਹੋ ਸਕਦੈ, ਆਖ ਦੇਣ ਕਿ ਗੁਰੂ ਗੋਬਿੰਦ ਸਿੰਘ ਭਵਨ ਹੋ ਕੇ ਵਾਪਸ ਜਾਵਾਂਗੇ| ਭੋਗ ਐਤਵਾਰ ਨੂੰ ਹੈ| ਤੁਸੀਂ ਸਟਾਫ ਨੂੰ ਆਖ ਦਿਉ ਕਿ ਭਵਨ ਵਿਚ ਰਹਿਣ ਤੇ ਭਵਨ ਖੁੱਲ੍ਹਾ ਰਹੇ| ਆ ਗਏ ਤਾਂ ਚਾਹ ਪਾਣੀ ਦਾ ਇੰਤਜ਼ਾਮ ਰੱਖਣਾ, ਨਾ ਆਏ ਤਾਂ ਨਾ ਸਹੀ|
ਸਟਾਫ ਹਾਜ਼ਰ ਹੋ ਗਿਆ| ਉਹੋ ਗੱਲ ਹੋਈ| ਅਰਦਾਸ ਉਪਰੰਤ ਗੁਰੂ ਗੋਬਿੰਦ ਸਿੰਘ ਭਵਨ ਵਲ ਉਨ੍ਹਾਂ ਦਾ ਕਾਰਵਾਂ ਚੱਲ ਪਿਆ| ਕੀ ਕਹਿਣਾ ਹੈ, ਕੀ ਕਰਨਾ ਹੈ, ਸਟਾਫ ਨੇ ਮੈਨੂੰ ਜ਼ਿੰਮੇਵਾਰੀ ਸੌਂਪ ਦਿੱਤੀ| ਬੂਹਿਓਂ ਬਾਹਰ ਉਨ੍ਹਾਂ ਨੂੰ ਲੈਣ ਲਈ ਖਲੋਤੇ ਸਾਂ| ਸਤਿ ਸ੍ਰੀ ਅਕਾਲ ਤੋਂ ਬਾਅਦ ਮੈਂ ਕਿਹਾ- ਗਿਆਨੀ ਜੀ, ਕਮਾਂਡੋਜ਼ ਨੂੰ ਕਹੋ, ਬਾਹਰ ਰਹਿਣ| ਤੁਹਾਡੀ ਰਾਖੀ ਵਾਸਤੇ ਅਸੀਂ ਸਾਰੇ ਈ ਹਾਜ਼ਰ ਹਾਂ| ਇਵੇਂ ਹੀ ਹੋਇਆ| ਅੰਦਰ ਗਏ| ਠੰਢਾ ਪੀਤਾ, ਚਾਹ ਵਾਸਤੇ ਆਖ ਦਿੱਤਾ| ਮੈਂ ਕਿਹਾ- ਗਿਆਨੀ ਜੀ, ਕੋਈ ਗੱਲ ਅਜਿਹੀ ਹੁੰਦੀ ਹੈ ਕਿ ਸੁਣਾਉਣ ਨੂੰ ਦਿਲ ਕਰੇ, ਸੁਣਾਓ| ਬੋਲੇ- ਬਚਪਨ ਵਿਚ ਗਰੀਬੀ ਦੇਖੀ, ਸਰਕਾਰੀ ਜਬਰ ਝੱਲਿਆ| ਨਿਤਨੇਮ ਕਰਦੇ| ਸੰਕਟ ਵਿਚ ਹੁੰਦੇ ਤਾਂ ਮਹਾਰਾਜ ਅੱਗੇ ਅਰਦਾਸ ਕਰਦੇ| ਮਹਾਰਾਜ ਗਰੀਬੀ ਦੂਰ ਕਰੋ, ਮਹਾਰਾਜ ਜੇਲ੍ਹ ਵਿਚੋਂ ਰਿਹਾਈਆਂ ਬਖਸ਼ੋ| ਅਰਦਾਸ ਸੁਣੀ ਨਾ ਜਾਂਦੀ, ਉਦਾਸ ਹੁੰਦੇ ਪਰ ਜੋ ਮਹਾਰਾਜ ਨੇ ਮੈਨੂੰ ਦੇਣ ਦਾ ਫੈਸਲਾ ਕੀਤਾ ਹੋਇਆ ਸੀ, ਉਹ ਮੰਗਣਾ ਤਾਂ ਸੁਫਨੇ ਵਿਚ ਵੀ ਨਹੀਂ ਸੀ| ਅਸੀਂ ਮੰਗਣ ਵਾਲੇ ਛੋਟੇ ਸਾਂ, ਦਾਤਾ ਵੱਡਾ ਹੈ|
ਉਂਝ, ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਜੋ ਬੇਇਜ਼ਤੀ ਰਾਜੀਵ ਗਾਂਧੀ ਅਤੇ ਸੋਨੀਆਂ ਗਾਂਧੀ ਨੇ ਕੀਤੀ, ਉਹ ਵੀ ਬੇਮਿਸਾਲ ਹੈ| ਗਿਆਨੀ ਜੀ ਰਾਜੀਵ ਗਾਂਧੀ ਹੱਥੋਂ ਤੇ ਡਾਕਟਰ ਸਾਹਿਬ ਸੋਨੀਆ-ਰਾਹੁਲ ਹੱਥੋਂ ਬੇਇਜ਼ਤ ਹੁੰਦਿਆਂ ਵੀ ਕੁਰਸੀ ਮੋਹ ਨਾ ਤਿਆਗ ਸਕੇ| ਗਿਆਨੀ ਜੀ ਨੂੰ ਤਾਂ ਅਸਤੀਫਾ ਉਦੋਂ ਹੀ ਇੰਦਰਾ ਗਾਂਧੀ ਨੂੰ ਸੌਂਪ ਦੇਣਾ ਚਾਹੀਦਾ ਸੀ ਜਦੋਂ ਬਗੈਰ ਉਨ੍ਹਾਂ ਨੂੰ ਦੱਸਿਆਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਸਮੇਤ 42 ਗੁਰਦੁਆਰਿਆਂ ਉਪਰ ਜੂਨ 1984 ਵਿਚ ਟੈਂਕ ਚਾੜ੍ਹ ਦਿੱਤੇ ਸਨ| ਤਿੰਨੇ ਫੌਜਾਂ ਦਾ ਸੁਪਰੀਮ ਕਮਾਂਡਰ ਰਾਸ਼ਟਰਪਤੀ ਹੁੰਦਾ ਹੈ|
ਡਾਕਟਰ ਸਾਹਿਬ ਉਪਰ ਸੰਜੇ ਬਾਰੂ ਦੀ ਕਿਤਾਬ ਆਈ ਹੈ- ‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ’। ਇਹ ਕਿਤਾਬ ਪੈਂਗੁਇਨ ਨੇ ਛਾਪੀ ਹੈ| ਸੰਜੇ ਬਾਰੂ ਪ੍ਰਧਾਨ ਮੰਤਰੀ ਦਾ ਮੀਡੀਆ ਸਲਾਹਕਾਰ ਰਿਹਾ ਤੇ ਤਿੰਨ ਸੌ ਪੰਨਿਆਂ ਦੀ ਕਿਤਾਬ ਪਾਰਲੀਮੈਂਟ ਚੋਣਾਂ ਦੇ ਮੌਕੇ 2014 ਵਿਚ ਰਿਲੀਜ਼ ਕੀਤੀ|
ਇਸ ਕਿਤਾਬ ਵਿਚ ਡਾਕਟਰ ਸਾਹਿਬ ਦੀ ਬਤੌਰ ਪ੍ਰਧਾਨ ਮੰਤਰੀ ਅਉਧ ਦੇ ਵੇਰਵੇ ਦਰਜ ਹਨ| ਕਿਤਾਬ ਦੇ ਅੱਧ ਤੱਕ ਪੁੱਜਾ ਤਾਂ ਮੈਨੂੰ ਲੱਗਣ ਲੱਗਾ ਕਿ ਰਚਨਾ ਕਿਸੇ ਸਾਜ਼ਿਸ਼ ਦਾ ਹਿੱਸਾ ਹੈ| ਪ੍ਰਧਾਨ ਮੰਤਰੀ ਖਿਲਾਫ ਚੋਣਾਂ ਮੌਕੇ ਕਿਤਾਬ ਆਉਣ ਦਾ ਕੀ ਮਨੋਰਥ? ਕੀ ਬਾਰੂ ਵਿਕ ਗਿਆ? ਸਾਰੀ ਲਿਖਤ ਪੜ੍ਹ ਕੇ ਲੇਖਕ ਵਿਰੁਧ ਗਿਲਾ ਸ਼ਿਕਵਾ ਨਹੀਂ ਰਹਿੰਦਾ| ਬਾਰੂ ਅਰਥ-ਸ਼ਾਸਤਰ ਦਾ ਪ੍ਰੋਫੈਸਰ ਰਿਹਾ, ਵੱਡੇ ਅੰਗਰੇਜ਼ੀ ਅਖਬਾਰ ‘ਫਾਈਨਾਂਸ਼ਲ ਐਕਸਪ੍ਰੈਸ’ ਦਾ ਮੁੱਖ ਸੰਪਾਦਕ ਰਿਹਾ ਤੇ ਪ੍ਰਧਾਨ ਮੰਤਰੀ ਦੀ ਇੱਜ਼ਤ ਦਾ ਖੈਰਖ੍ਹਾਹ ਹੈ| ਜੋ ਦੇਖਦਾ ਰਿਹਾ, ਲਿਖ ਦਿੱਤਾ| ਉਸ ਦੀ ਲਿਖਤ ਵਿਚੋਂ ਕੁੱਝ ਹਿੱਸੇ ਇਉਂ ਹਨ:
ਸ਼ਾਰਦਾ ਪ੍ਰਸਾਦ 15 ਸਾਲ ਇੰਦਰਾ ਗਾਂਧੀ ਦਾ ਮੀਡੀਆ ਸਲਾਹਕਾਰ ਰਿਹਾ| ਸਾਲ 1981 ਵਿਚ ਲੇਖਕ ਦਾ ਵਿਆਹ ਹੋਇਆ ਤਾਂ ਪਤਨੀ ਨੇ ਕਿਹਾ- ਸੌਰੀ ਮਾਮਾ ਨੂੰ ਮਿਲਣਾ ਹੈ| ਘਰੋਂ ਗਾਇਬ ਰਹਿੰਦਾ ਸੀ, ਫੈਸਲਾ ਹੋਇਆ ਕਿ ਦਫਤਰ ਮਿਲੀਏ| ਵੱਡਾ ਦਫਤਰ, ਪੂਰੀ ਸ਼ਾਨ ਪਰ ਸ਼ਾਰਦਾ ਪ੍ਰਸਾਦ ਸਾਦਾ, ਨਿਮਰ ਬੰਦਾ| ਮੇਲ-ਜੋਲ ਹੁੰਦਾ ਰਿਹਾ, 1993 ਵਿਚ ਬਾਰੂ ‘ਇਕਨਾਮਿਕਸ ਟਾਈਮਜ਼’ ਛੱਡ ਕੇ ‘ਟਾਈਮਜ਼ ਆਫ ਇੰਡੀਆ’ ਵਿਚ ਆ ਗਿਆ ਤੇ ਸ਼ਾਰਦਾ ਨੂੰ ਕਿਹਾ- ਅਖਬਾਰ ਵਾਸਤੇ ਕੁੱਝ ਲਿਖੋ| ਉਹ ਨਾ ਮੰਨਿਆ। ਫਿਰ ਕਿਹਾ- ਅੰਕਲ ਤੁਹਾਡੇ ਕੋਲ ਪ੍ਰਧਾਨ ਮੰਤਰੀ ਦਫਤਰ ਦਾ ਸੱਚ ਹੈ, ਲਿਖੋ; ਅਸੀਂ ਛਾਪਾਂਗੇ| ਉਤਰ ਮਿਲਿਆ, ਇਸ ਦਫਤਰ ਵਿਚ ਕੀ-ਕੀ ਵਾਪਰਦਾ ਰਿਹਾ, ਮੈਨੂੰ ਪਤਾ ਨਹੀਂ| ਸੱਚ ਦੇ ਸਾਰੇ ਪੱਖ ਜਾਣਨੇ ਤਾਂ ਦਰਕਿਨਾਰ, ਮੈਨੂੰ ਤਾਂ ਇਹ ਪਤਾ ਨਹੀਂ ਕਿ ਸੱਚ ਦੇ ਪੱਖ ਹੁੰਦੇ ਕਿੰਨੇ ਹਨ| ਆਖਰ ਉਸ ਨੇ ਕਿਤਾਬ ਲਿਖ ਹੀ ਦਿੱਤੀ- ‘ਦਿ ਬੁੱਕ ਦੈਟ ਆਈ ਵੋਂਟ ਬੀ ਰਾਈਟਿੰਗ’| ਇਹ ਕਿਤਾਬ ਸੰਜੇ ਬਾਰੂ ਲਈ ਪ੍ਰੇਰਨਾ ਸ੍ਰੋਤ ਬਣੀ|
ਪਹਿਲੀ ਅਵਧੀ ਵੇਲੇ ਜਦੋਂ ਮਨਮੋਹਨ ਸਿੰਘ ਪਰਮਾਣੂ ਊਰਜਾ ਸੰਧੀ ਦਾ ਮਤਾ ਲੋਕ ਸਭਾ ਵਿਚੋਂ ਪਾਸ ਕਰਵਾਉਣ ਵਿਚ ਕਾਮਯਾਬ ਹੋ ਗਿਆ, ਖੁਸ਼ੀ ਵਿਚ ਲੋਕਾਂ ਨੇ ‘ਸਿੰਘ ਇਜ਼ ਕਿੰਗ’ ਗਾਣਾ ਉਚੀ ਆਵਾਜ਼ ਵਿਚ ਸੁਣਿਆ-ਸੁਣਾਇਆ| ਦੂਜੀ ਅਵਧੀ ਵਿਚ ਉਸ ਦੀ ਉਹ ਹੱਤਕ ਹੋਈ ਕਿ ਮੀਡੀਆ ਨੇ ਆਖਣਾ ਸ਼ੁਰੂ ਕਰ ਦਿੱਤਾ- ‘ਸਿੰਘ ਇਜ਼ ਸਿੰਕਿੰਗ’ (ਸਿੰਘ ਡੁੱਬ ਰਿਹੈ)| ਸਿਆਸੀ ਲੀਡਰ ਚੰਗਾ ਲਗਦੈ ਜਾਂ ਬੁਰਾ, ਕੋਈ ਫਰਕ ਨਹੀਂ ਪਰ ਉਹ ਹਾਸੋ-ਹੀਣਾ ਤਾਂ ਨਹੀਂ ਨਾ ਲੱਗਣਾ ਚਾਹੀਦਾ| ਪ੍ਰਣਬ ਮੁਖਰਜੀ ਨੇ ਬਾਰੂ ਨੂੰ 2011 ਵਿਚ ਕਿਹਾ ਸੀ- ‘ਪ੍ਰਧਾਨ ਮੰਤਰੀ ਦਾ ਅਕਸ ਸਰਕਾਰ ਦਾ ਅਕਸ ਹੁੰਦਾ ਹੈ ਤੇ ਸਰਕਾਰ ਦਾ ਅਕਸ ਦੇਸ ਦਾ ਅਕਸ| ਪ੍ਰਧਾਨ ਮੰਤਰੀ ਦਾ ਨਿਰਾਦਰ ਦੇਸ ਦਾ ਨਿਰਾਦਰ ਹੈ|’ ਸਵਾਮੀਨਾਥਨ ਨੇ ਇੰਦਰਾ ਗਾਂਧੀ ਕੋਲ ਬੇਨਤੀ ਕੀਤੀ- ਹੁਣ ਮੈਂ ਸਰਕਾਰ ਛੱਡਣੀ ਚਾਹੁੰਨਾ| ਇੰਦਰਾ ਜੀ ਨੇ ਪੁੱਛਿਆ- ਕਿਉਂ? ਸਵਾਮੀ ਨੇ ਕਿਹਾ- ਜਦੋਂ ਕੋਈ ਪੁੱਛੇ, ਕਦੋਂ ਛੱਡ ਰਿਹੈਂ, ਨਾਲ ਜਦੋਂ ਇਹ ਵੀ ਪੁੱਛਿਆ ਜਾਵੇ, ਕਿਉਂ ਛੱਡ ਰਿਹੈਂ? ਉਦੋਂ ਛੱਡ ਦੇਣਾ ਚਾਹੀਦੈ ਰੁਤਬਾ|
ਪਾਕਿਸਤਾਨ ਦੇ ਧੂੜ ਭਰੇ ਨਿੱਕੇ ਜਿਹੇ ਪਿੰਡ ਗਾਹ ਵਿਚ ਉਸ ਦਾ ਬਚਪਨ ਬੀਤਿਆ ਜਿਥੇ ਨਾ ਬਿਜਲੀ ਸੀ ਨਾ ਨਲਕਾ ਪਰ ਉਹ ਕੈਂਬਰਿਜ ਅਤੇ ਆਕਸਫੋਰਡ ਯੂਨੀਵਰਸਿਟੀਆਂ ਵਿਚ ਪੜ੍ਹਿਆ| ਉਸ ਦਾ ਪਿਛੋਕੜ ਅਬਰਾਹਮ ਲਿੰਕਨ ਅਤੇ ਬਰਾਕ ਓਬਾਮਾ ਵਰਗਾ ਸੀ ਤੇ ਉਹ ਇਨ੍ਹਾਂ ਦੋਹਾਂ ਨਾਲੋਂ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਰਿਹਾ, ਪਰ ਇਨ੍ਹਾਂ ਵਿਚ ਇਕ ਵੱਡਾ ਫਰਕ ਵੀ ਹੈ| ਲਿੰਕਨ ਅਤੇ ਓਬਾਮਾ ਚੋਣ ਜਿੱਤੇ ਤੇ ਰਾਸ਼ਟਰਪਤੀ ਬਣੇ। ਮਨਮੋਹਨ ਸਿੰਘ ਨੇ ਚੋਣ ਨਹੀਂ ਜਿੱਤੀ, ਇਸ ਕਰ ਕੇ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਤਾਂ ਬੈਠਾ, ਉਸ ਨੂੰ ਪ੍ਰਧਾਨ ਮੰਤਰੀ ਦੀ ਤਾਕਤ ਨਹੀਂ ਮਿਲੀ|
1991 ਵਿਚ ਜਦੋਂ ਦੇਸ ਦੀ ਆਰਥਿਕਤਾ ਡਗਮਗਾ ਗਈ, ਉਦੋਂ ਨਰਸਿਮਹਾ ਰਾਓ ਨੇ ਉਸ ਨੂੰ ਵਿਤ ਮੰਤਰੀ ਵਜੋਂ ਸਹੁੰ ਚੁਕਾਈ, ਤੇ ਦੇਸ ਨੂੰ ਮੰਝਧਾਰ ਵਿਚੋਂ ਕੱਢ ਕੇ ਡਾæ ਸਿੰਘ ਨੇ ਆਪਣੀ ਕੁਸ਼ਲਤਾ ਦਾ ਸਬੂਤ ਦਿੱਤਾ| ਇਸ ਤੋਂ ਪਹਿਲੋਂ ਉਹ ਰਿਜ਼ਰਵ ਬੈਂਕ ਦਾ ਗਵਰਨਰ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਚੇਅਰਮੈਨ ਰਹਿ ਚੁੱਕਾ ਸੀ। ਚੰਦਰ ਸ਼ੇਖਰ ਦੀ ਸਰਕਾਰ ਦਾ ਵਿਤ ਸਲਾਹਕਾਰ ਰਿਹਾ ਸੀ|
2004 ਦੀਆਂ ਲੋਕ ਸਭਾ ਚੋਣਾਂ ਵਿਚ ਲਗਦਾ ਸੀ, ਵਾਜਪਾਈ ਦੀ ਸਰਕਾਰ ਬਣ ਜਾਏਗੀ ਪਰ ਕਾਂਗਰਸ ਵਧੀਕ ਸੀਟਾਂ ਲੈ ਗਈ| ਸੰਜੇ ਬਾਰੂ ਨੇ ਵਾਸ਼ਿੰਗਟਨ ਤੋਂ ਅਖਬਾਰ ਵਾਸਤੇ ਸੰਪਾਦਕੀ ਲਿਖ ਭੇਜੀ ਜਿਸ ਵਿਚ ਸਲਾਹ ਦਿੱਤੀ ਗਈ ਸੀ ਕਿ ਸੋਨੀਆਂ ਗਾਂਧੀ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪ੍ਰਹੇਜ ਕਰੇ, ਇਸ ਵਕਤ ਰਾਜ ਸਭਾ ਦਾ ਮੈਂਬਰ ਡਾæ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਲਈ ਸਭ ਤੋਂ ਯੋਗ ਉਮੀਦਵਾਰ ਹੈ| ਉਧਰ ਬੀæਜੇæਪੀæ ਦੀ ਨੇਤਾ ਸੁਸ਼ਮਾ ਸਵਰਾਜ ਨੇ ਬਿਆਨ ਦਾਗ ਦਿੱਤਾ- ਜੇ ਇਹ ਪਰਦੇਸੀ ਔਰਤ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬੈਠ ਗਈ, ਮੈਂ ਸਿਰ ਮੁਨਾ ਲਵਾਂਗੀ|
ਮਾਂਟੇਕ ਸਿੰਘ ਆਹਲੂਵਾਲੀਆ ਵੀ ਵਾਸ਼ਿੰਗਟਨ ਵਿਚ ਸੀ| ਬਾਰੂ ਨੇ ਦੱਸਿਆ- ਸੋਨੀਆਂ ਦਾ ਐਲਾਨ ਆ ਗਿਆ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਨਹੀਂ ਬੈਠੇਗੀ, ਹੁਣ ਤੁਹਾਡੇ ਦੋਸਤ ਮਨਮੋਹਨ ਸਿੰਘ ਨੂੰ ਸੱਦਾ ਆ ਸਕਦੈ| ਅਜਿਹਾ ਹੋ ਗਿਆ ਤਾਂ ਆਈæਐਸ਼ਐਫ਼ ਦੀ ਨੌਕਰੀ ਛੱਡ ਕੇ ਦਿੱਲੀ ਸਰਕਾਰ ਵਿਚ ਜਾਉਗੇ? ਉਸ ਦੀ ਪਤਨੀ ਈਸ਼ਰ ਕੌਰ ਨੇ ਤੁਰੰਤ ਕਿਹਾ- ਕਿਉਂ ਨਹੀਂ? ਈਸ਼ਰ ਕੌਰ ਡਾæ ਮਨਮੋਹਨ ਸਿੰਘ ਦੀ ਵਿਦਿਆਰਥਣ ਹੈ|
ਉਹੀ ਹੋਇਆ, ਕੱਦਾਵਰ ਲੀਡਰ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਦੇਣ ਦਾ ਅਰਥ ਸੀ, ਸੋਨੀਆ ਪਰਿਵਾਰ ਲਈ ਖਤਰਾ| ਪ੍ਰਧਾਨ ਮੰਤਰੀ ਅਜਿਹਾ ਹੋਵੇ ਜਿਹੜਾ ਆਪਣੇ-ਆਪ ਨੂੰ ਪ੍ਰਧਾਨ ਮੰਤਰੀ ਨਾ ਸਮਝੇ| ਮਨਮੋਹਨ ਸਿੰਘ ਨੂੰ ਸਹੁੰ ਚੁਕਾ ਦਿੱਤੀ| ਆਪਣੇ ਸਹਿਯੋਗੀਆਂ ਨੂੰ ਵਜ਼ਾਰਤਾਂ ਵੰਡਣ ਦਾ ਫੈਸਲਾ ਸੋਨੀਆ ਕਰੇਗੀ, ਪ੍ਰਧਾਨ ਮੰਤਰੀ ਨਹੀਂ। ਸੋਨੀਆ ਗਾਂਧੀ ਦਾ ਜੇ ਇਹੋ ਕਸੂਰ ਹੈ ਕਿ ਉਹ ਇਟਲੀ ਵਿਚ ਜੰਮੀ ਸੀ, ਸੋ ਪ੍ਰਧਾਨ ਮੰਤਰੀ ਨਹੀਂ ਬਣ ਸਕਦੀ ਤਾਂ ਸਰਕਾਰ ਚਲਾਉਣ ਤੋਂ ਉਸ ਨੂੰ ਕੌਣ ਰੋਕ ਸਕਦੈ? ਧੀ ਪ੍ਰਿਅੰਕਾ ਦੀ ਮਦਦ ਉਸ ਦੇ ਕਾਰੋਬਾਰ ਵਿਚ ਕਰੇਗੀ ਤੇ ਰਾਹੁਲ ਪੁੱਤਰ ਨੂੰ ਪ੍ਰਧਾਨ ਮੰਤਰੀ ਦੇ ਰੁਤਬੇ ਲਈ ਤਿਆਰ ਕਰੇਗੀ|
ਸੰਜੇ ਬਾਰੂ ਹੈਦਰਾਬਾਦ ਆਪਣੇ ਘਰੇ ਸੀ ਜਦੋਂ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦਾ ਫੋਨ ਆਇਆ- ਡਾæ ਸਿੰਘ ਤੁਹਾਨੂੰ ਮਿਲਣਾ ਚਾਹੁੰਦੇ ਨੇ, ਸ਼ਾਮੀਂ ਆ ਜਾਉਗੇ? ਬਾਰੂ ਨੇ ਦੱਸਿਆ- ਸੋਮਵਾਰ ਆਵਾਂਗਾ, ਦੂਰ ਹਾਂ| ਪ੍ਰਧਾਨ ਮੰਤਰੀ ਨੂੰ ਮਿਲਿਆ| ਮੀਡੀਆ ਸਲਾਹਕਾਰ ਵਜੋਂ ਨਿਯੁਕਤੀ ਦੀ ਪੇਸ਼ਕਸ਼ ਹੋਈ| ਸੰਜੇ ਨੇ ਕਿਹਾ- ਮੇਰੇ ਕੋਲ ਵੱਡੇ ਅਖਬਾਰ ਦੀ ਵੱਡੀ ਜ਼ਿੰਮੇਵਾਰੀ ਹੈ, ਕੀ ਉਹ ਥਾਂ ਛੱਡਣ ਵਿਚ ਮੂਰਖਤਾ ਤਾਂ ਨਹੀਂ? ਪ੍ਰਧਾਨ ਮੰਤਰੀ ਨੇ ਕਿਹਾ- ‘ਕਦੀ-ਕਦਾਈਂ ਮੂਰਖ ਬਣਨ ਵਿਚ ਸਿਆਣਪ ਹੁੰਦੀ ਹੈ| ਤੁਸੀਂ ਮੇਰੇ ਕੰਨ ਹੋ, ਤੁਸੀਂ ਮੇਰੀਆਂ ਅੱਖਾਂ| ਬੇਝਿਜਕ ਹੋ ਕੇ ਗੱਲ ਕਰਨੀ|’
ਪਲੈਨਿੰਗ ਕਮਿਸ਼ਨ ਦਾ ਡਿਪਟੀ ਚੇਅਰਮੈਨ ਲੈਣਾ ਸੀ| ਬਾਰੂ ਤੋਂ ਸਲਾਹ ਮੰਗੀ| ਉਸ ਨੇ ਕਿਹਾ- ਮਾਂਟੇਕ ਸਿੰਘ ਆਹਲੂਵਾਲੀਆ, ਪਰ ਕਾਮਰੇਡ ਉਸ ਦਾ ਵਿਰੋਧ ਕਰਨਗੇ| ਹਰਕਿਸ਼ਨ ਸੁਰਜੀਤ ਸੱਦ ਲਏ, ਮਾਂਟੇਕ ਦੇ ਹੱਕ ਵਿਚ ਪ੍ਰਵਾਨਗੀ ਲੈ ਲਈ| ਦਫਤਰ ਵਿਚ ਖਬਰ ਉਡੀ, ਇਕ ਸਰਦਾਰ ਨੇ ਦੂਜੇ ਸਰਦਾਰ ਦੀ ਮਦਦ ਨਾਲ ਤੀਜਾ ਸਰਦਾਰ ਚੁਣ ਲਿਆ| ਸੀæਪੀæਐਮæ ਹਰਕਿਸ਼ਨ ਸੁਰਜੀਤ ਉਤੇ ਖਫਾ ਹੋਈ| ਸੀæਪੀæਐਮæ ਦੀ ਸਿਫਾਰਿਸ਼ ‘ਤੇ ਅਭੀਜੀਤ ਸੇਨ ਨੂੰ ਕਮਿਸ਼ਨ ਦਾ ਮੈਂਬਰ ਲੈਣ ‘ਤੇ ਪ੍ਰਕਾਸ਼ ਕਰਤ ਚੁੱਪ ਹੋ ਗਿਆ|
2007 ਵਿਚ ਪਰਮਾਣੂ ਊਰਜਾ ਦੀ ਸੰਧੀ ਤਿਆਰ ਹੋਈ| ਸਰਕਾਰ ਵਿਚ ਭਾਈਵਾਲ ਸੀæਪੀæਐਮæ ਨੇ ਡਟ ਕੇ ਵਿਰੋਧ ਕੀਤਾ ਤੇ ਕਿਹਾ- ਜੇ ਇਸ ਸੰਧੀ ਉਤੇ ਭਾਰਤ ਨੇ ਦਸਤਖਤ ਕੀਤੇ, ਅਸੀਂ ਸਰਕਾਰ ਦਾ ਸਾਥ ਛੱਡ ਦਿਆਂਗੇ। ਇਸ ਦਾ ਮਤਲਬ ਸਰਕਾਰ ਟੁੱਟਣਾ ਸੀ| ਬਾਰੂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ- ਬੀæਜੇæਪੀæ ਨੇਤਾ ਐਲ਼ਕੇæ ਅਡਵਾਨੀ ਨੇ ਹਵਨ ਸ਼ੁਰੂ ਕਰ ਦਿੱਤਾ ਹੈ, ਜੋਤਸ਼ੀ ਬੁਲਾ ਲਏ ਹਨ ਤਾਂ ਕਿ ਤੁਹਾਡੀ ਸਰਕਾਰ ਟੁੱਟ ਜਾਵੇ| ਪ੍ਰਧਾਨ ਮੰਤਰੀ ਹੱਸ ਕੇ ਕਹਿਣ ਲੱਗੇ- ਜੋਤਸ਼ੀ ਮੇਰਾ ਕੁੱਝ ਨਹੀਂ ਵਿਗਾੜ ਸਕਦੇ ਕਿਉਂਕਿ ਕਿਸੇ ਨੂੰ ਮੇਰੀ ਅਸਲੀ ਜਨਮ ਤਰੀਕ ਦਾ ਪਤਾ ਨਹੀਂ, ਕਾਗਜ਼ਾਂ ਵਿਚਲੀ ਤਰੀਕ ਗਲਤ ਹੈ|
ਨਰਸਿਮਹਾ ਰਾਓ ਦਾ ਦੇਹਾਂਤ ਹੋ ਗਿਆ, ਉਨ੍ਹਾਂ ਦੇ ਪਰਿਵਾਰ ਦੀ ਇੱਛਾ ਸੀ ਕਿ ਜਮਨਾ ਕਿਨਾਰੇ ਰਾਜਘਾਟ ਨੇੜੇ ਉਨ੍ਹਾਂ ਦਾ ਸਸਕਾਰ ਕਰ ਕੇ ਸਮਾਧੀ ਬਣਾਈ ਜਾਵੇ, ਆਗਿਆ ਨਹੀਂ ਮਿਲੀ| ਇਥੇ ਗਾਂਧੀ, ਨਹਿਰੂ, ਇੰਦਰਾ, ਸੰਜੇ ਗਾਂਧੀ ਜੋ ਸਿਰਫ ਐਮæਪੀæ ਸੀ ਤੇ ਚਰਨ ਸਿੰਘ ਜੋ ਕਾਂਗਰਸੀ ਵੀ ਨਹੀਂ ਸੀ, ਦੀਆਂ ਸਮਾਧਾਂ ਹਨ; ਰਾਓ ਨੂੰ ਹੈਦਰਾਬਾਦ ਲੈ ਗਏ| ਬਾਅਦ ਵਿਚ ਚੰਦਰਸ਼ੇਖਰ ਦਾ ਦੇਹਾਂਤ ਹੋਇਆ, ਉਨ੍ਹਾਂ ਦੇ ਪਰਿਵਾਰ ਨੂੰ ਵੀ ਆਗਿਆ ਨਹੀਂ ਦਿੱਤੀ ਤਾਂ ਪਰਿਵਾਰ ਨੇ ਕਿਹਾ- ਜੇ ਤੁਸੀਂ ਇਥੇ ਰਾਜਘਾਟ ਨੇੜੇ ਸਸਕਾਰ ਦੀ ਆਗਿਆ ਨਾ ਦਿੱਤੀ ਤਾਂ ਅਸੀਂ ਦਿੱਲੀ ਦੇ ਲੋਧੀ ਕਰਿਮੇਟੋਰੀਅਮ ਵਿਚ ਸਸਕਾਰ ਕਰਾਂਗੇ| ਪਰਿਵਾਰ ਦੇ ਹੱਠ ਅੱਗੇ ਸਰਕਾਰ ਝੁਕ ਗਈ, ਉਨ੍ਹਾਂ ਦੀ ਸਮਾਧ ਦਾ ਨਾਮ ਹੈ ਏਕਤਾ ਸਥਲ|
ਵਿਤ ਮੰਤਰੀ ਨੇ ਬਜਟ ਪੇਸ਼ ਕਰਨਾ ਸੀ| ਸੀæਪੀæਐਮæ ਲੀਡਰ ਕਰਤ ਦਾ ਬਿਆਨ ਆਇਆ- ਅਸੀਂ ਬਜਟ ਦੀਆਂ ਕਈ ਮੱਦਾਂ ਨਾਲ ਸਹਿਮਤ ਨਹੀਂ| ਜੇ ਬਜਟ ਪਾਸ ਨਹੀਂ ਹੁੰਦਾ ਤਾਂ ਸਰਕਾਰ ਡਿੱਗ ਜਾਵੇਗੀ| ਸੰਜੇ ਦੀ ਡਿਊਟੀ ਲਾਈ ਕਿ ਕਰਤ ਨੂੰ ਮਿਲੇ ਤੇ ਮਨਾਏ| ਕਰਤ ਨੇ ਸੰਜੇ ਨੂੰ ਕਿਹਾ- ਰੌਲਾ ਪਾਵਾਂਗੇ, ਸਰਕਾਰ ਨਹੀਂ ਡੇਗਾਂਗੇ| ਪ੍ਰੈਸ ਨੇ ਲਿਖਿਆ- ਭੌਂਕਣਗੇ, ਵੱਢਣਗੇ ਨਹੀਂ|
ਪ੍ਰਧਾਨ ਮੰਤਰੀ ਦਫਤਰ ਵਿਚ ਸੋਨੀਆ ਗਾਂਧੀ ਦੇ ਹੁਕਮ ਬਗੈਰ ਪੱਤਾ ਨਹੀਂ ਹਿਲਦਾ ਸੀ| ਜਦੋਂ ਲੋਕਾਂ ਦੀ ਪਸੰਦ ਦਾ ਕੋਈ ਫੈਸਲਾ ਹੁੰਦਾ, ਸਿਹਰਾ ਸੋਨੀਆ ਗਾਂਧੀ ਸਿਰ; ਬਦਨਾਮੀ ਡਾæ ਮਨਮੋਹਨ ਸਿੰਘ ਸਿਰ| ਬਾਰੂ ਨੇ ਕੁੱਝ ਮਹੀਨੇ ਵਿਦੇਸ਼ ਜਾਣ ਦੀ ਆਗਿਆ ਮੰਗੀ| ਪ੍ਰਧਾਨ ਮੰਤਰੀ ਨੇ ਕਿਹਾ- ਤੇਰੀ ਖਾਲੀ ਥਾਂ ਕਿਸੇ ਹੋਰ ਬੰਦੇ ਨਾਲ ਭਰ ਦੇਣਗੇ, ਨਾ ਜਾਹ|
ਖੱਬੇ ਪੱਖੀ ਕਾਂਗਰਸ ਲੀਡਰ ਮਣੀ ਸ਼ੰਕਰ ਅਈਅਰ ਪ੍ਰਧਾਨ ਮੰਤਰੀ ਦੇ ਜਹਾਜ਼ ਵਿਚ ਕਿਧਰੇ ਜਾ ਰਹੇ ਸਨ| ਅਈਅਰ ਨੇ ਬਾਰੂ ਨੂੰ ਕਿਹਾ- ਪਰਮਾਣੂ ਸੰਧੀ ਨਹੀਂ ਹੋਣੀ ਚਾਹੀਦੀ| ਇਸ ਮਸਲੇ ‘ਤੇ ਜੇ ਡਾæ ਮਨਮੋਹਨ ਸਿੰਘ ਅਸਤੀਫਾ ਦੇ ਦਿੰਦੈ ਤਾਂ ਦੇਵੇ, ਹੋਵੇ ਦਫਾ| ਸੰਜੇ ਨੇ ਕਿਹਾ- ਮਨਮੋਹਨ ਸਿੰਘ ਦੇ ਦਫਤਰ ਦੀ ਥਾਂ ਜੇ ਆਪਾਂ ਸਟਾਲਿਨ ਦੇ ਦਫਤਰ ਵਿਚ ਇਨ੍ਹਾਂ ਆਸਾਮੀਆਂ ਉਪਰ ਲੱਗੇ ਹੁੰਦੇ ਤਾਂ ਮੈਂ ਤਾਕੀ ਖੋਲ੍ਹ ਕੇ ਤੈਨੂੰ ਜਹਾਜ਼ੋਂ ਬਾਹਰ ਧੱਕਾ ਦੇ ਦਿੰਦਾ ਕਾਮਰੇਡ|
ਹਮਾਇਤੀ ਧੜਿਆਂ ਅਤੇ ਕਾਂਗਰਸ ਦੇ ਵਜ਼ੀਰਾਂ ਵਲੋਂ ਕੀਤੇ ਜਾਂਦੇ ਭ੍ਰਿਸ਼ਟਾਚਾਰ ਦੀਆਂ ਖਬਰਾਂ ਪ੍ਰਧਾਨ ਮੰਤਰੀ ਨੂੰ ਮਿਲਦੀਆਂ ਰਹਿੰਦੀਆਂ| ਵਜ਼ੀਰ ਚੋਣ ਜਿੱਤ ਕੇ ਆਏ ਹਨ, ਪ੍ਰਧਾਨ ਮੰਤਰੀ ਚੋਣ ਨਹੀਂ ਜਿੱਤ ਸਕਿਆ, ਫਿਰ ਵਜ਼ੀਰਾਂ ਨੂੰ ਕਿਵੇਂ ਟੋਕੇ? ਸਲਾਹ ਹੋਈ ਕਿ ਇਨ੍ਹਾਂ ਨਾਲ ਇਮਾਨਦਾਰ ਅਫਸਰ ਤਾਇਨਾਤ ਕਰ ਦਿਉ ਪਰ ਵਜ਼ੀਰ ਆਪਣੀ ਮਰਜ਼ੀ ਦੇ ਅਫਸਰ ਆਪਣੇ ਨਾਲ ਰੱਖਣਗੇ, ਮਨਮੋਹਨ ਸਿੰਘ ਦੀ ਮਰਜ਼ੀ ਦੇ ਨਹੀਂ|
ਬਾਰੂ ਨੇ ਸਲਾਹ ਦਿੱਤੀ ਕਿ ਡਾæ ਮਨਮੋਹਨ ਸਿੰਘ 2009 ਦੀ ਲੋਕ ਸਭਾ ਇਲੈਕਸ਼ਨ ਵਿਚ ਚੋਣ ਲੜਨ। ਆਸਾਮ ਠੀਕ ਹੈ, ਪੰਜਾਬ ਵਿਚੋਂ ਅੰਮ੍ਰਿਤਸਰ ਠੀਕ ਹੈ| ਪ੍ਰਧਾਨ ਮੰਤਰੀ ਨੇ ਕਿਹਾ- ਪਾਰਟੀ ਜੋ ਚਾਹੇ ਫੈਸਲਾ ਕਰੇ| ਪਾਰਟੀ ਦਾ ਮਤਲਬ ਸੋਨੀਆ ਗਾਂਧੀ| ਬਾਰੂ ਨੇ ਦਲੀਲਾਂ ਦੇਣੀਆਂ ਚਾਹੀਆਂ ਪਰ ਪ੍ਰਧਾਨ ਮੰਤਰੀ ਨੇ ਕਿਹਾ- ਤਾਕਤ ਦਾ ਕੇਂਦਰ ਇਕ ਹੁੰਦੈ, ਦੋ ਨਹੀਂ। ਮੈਂ ਮੰਨ ਲਿਐ ਕਿ ਸੋਨੀਆ ਗਾਂਧੀ ਤਾਕਤ ਦਾ ਕੇਂਦਰ ਹੈ| ਜੇ ਕਿਤੇ ਟੀæਵੀæ ਚੈਨਲ ਜਾਂ ਪ੍ਰਿੰਟ ਮੀਡੀਆ ਸਰਵੇਖਣ ਕਰ ਕੇ ਦੱਸ ਦਿੰਦੇ ਕਿ ਪ੍ਰਧਾਨ ਮੰਤਰੀ ਨਾਲੋਂ ਸੋਨੀਆ ਗਾਂਧੀ ਵੱਧ ਹਰਮਨ ਪਿਆਰੀ ਹੈ ਤਾਂ ਪ੍ਰਧਾਨ ਮੰਤਰੀ ਖੁਸ਼ ਹੋ ਜਾਂਦੇ| ਪ੍ਰਧਾਨ ਮੰਤਰੀ ਵਧੀਕ ਹਰਮਨ ਪਿਆਰਾ ਹੋ ਗਿਆ ਤਾਂ ਗੱਦੀਓਂ ਲਾਹਿਆ ਜਾਏਗਾ|
ਪ੍ਰਧਾਨ ਮੰਤਰੀ ਨੇ ਪੇਂਡੂ ਭਾਰਤੀਆਂ ਦੇ ਭਲੇ ਲਈ ਮਨਰੇਗਾ ਸਕੀਮ ਪਾਸ ਕਰ ਦਿੱਤੀ ਪਰ ਅਜੇ ਪ੍ਰੈਸ ਵਿਚ ਖਬਰ ਨਹੀਂ ਗਈ ਸੀ| ਰਾਹੁਲ ਗਾਂਧੀ ਜਨਮ ਦਿਨ ਮੁਬਾਰਕ ਕਹਿਣ ਪੰਜਾਹ ਕੁ ਕਾਂਗਰਸੀਆਂ ਨਾਲ ਪ੍ਰਧਾਨ ਮੰਤਰੀ ਨਿਵਾਸ ਆਏ| ਚਾਹ-ਪਾਣੀ ਪੀਣ-ਖਾਣ ਪਿੱਛੋਂ ਪਾਲਿਸੀ ਗੱਲਾਂ ਹੋਣ ਲੱਗੀਆਂ| ਇਕ ਬਿਆਨ ਟਾਈਪ ਕਰ ਕੇ ਲਿਆਏ ਸਨ ਕਿ ਮਨਰੇਗਾ ਸਕੀਮ ਰਾਹੁਲ ਗਾਂਧੀ ਦੀ ਮੰਗ ਹੈ, ਪੂਰੀ ਕੀਤੀ ਜਾਵੇ| ਬਾਰੂ ਨੇ ਬਿਆਨ ਵਾਲਾ ਕਾਗਜ਼ ਫੜ ਕੇ ਕਿਹਾ- ਇਸ ਬਿਆਨ ਨੂੰ ਅਸੀਂ ਆਪਣੇ ਹਿਸਾਬ ਨਾਲ ਰਿਲੀਜ਼ ਕਰਾਂਗੇ| ਬਿਆਨ ਤਿਆਰ ਕਰ ਕੇ ਪ੍ਰੈਸ ਨੂੰ ਭੇਜ ਦਿੱਤਾ| ਇਕ ਪੱਤਰਕਾਰ ਦੋਸਤ ਦਾ ਬਾਰੂ ਦੇ ਮੋਬਾਈਲ ‘ਤੇ ਸੁਨੇਹਾ ਆਇਆ- ਇਹ ਕੀ ਡਰਾਮੇ ਹੋ ਰਹੇ ਨੇ? ਬਾਰੂ ਨੇ ਵਾਪਸ ਸੁਨੇਹਾ ਭੇਜਿਆ- ਇਸ ਨੂੰ ਪ੍ਰਧਾਨ ਮੰਤਰੀ ਵਲੋਂ ਜਨਮ ਦਿਨ ਗਿਫਟ ਸਮਝੋ| ਇਹ ਸੁਨੇਹਾ ਅਖਬਾਰ ਨੇ ਛਾਪ ਦਿੱਤਾ| ਪ੍ਰਧਾਨ ਮੰਤਰੀ ਕ੍ਰੋਧਿਤ ਹੋ ਗਏ| ਬਾਰੂ ਦੀ ਪੇਸ਼ੀ ਪੈ ਗਈ|
-ਕਿਉਂ ਭੇਜਿਆ ਸੀ ਇਹ ਐਸ਼ਐਮæਐਸ਼?
-ਮੈਂ ਤੁਹਾਡਾ ਮੀਡੀਆ ਸਲਾਹਕਾਰ ਹਾਂ ਸਰ, ਤੁਹਾਡੀ ਸ਼ੋਭਾ ਕਰਨੀ ਮੇਰਾ ਫਰਜ਼ ਹੈ|
-ਮੈਨੂੰ ਕਿਸੇ ਸ਼ੋਭਾ ਦੀ ਲੋੜ ਨਹੀਂ| ਤੂੰ ਅੱਗੇ ਤੋਂ ਮੇਰੇ ਭਾਸ਼ਣ ਤਿਆਰ ਕਰਿਆ ਕਰ| ਮੈਨੂੰ ਨਹੀਂ ਕਿਸੇ ਮੀਡੀਆ ਸਲਾਹਕਾਰ ਦੀ ਲੋੜ|
ਪਾਕਿਸਤਾਨ ਦਾ ਰਾਸ਼ਟਰਪਤੀ ਮੁਸ਼ੱਰਫ ਭਾਰਤ ਆਇਆ। ਉਹ ਕਸ਼ਮੀਰ ਮਸਲੇ ਦਾ ਹੱਲ ਕਰਨ ਲਈ ਉਤਸਕ ਸੀ, ਬੋਲਿਆ- ਡਾਕਟਰ ਸਾਹਿਬ, ਆਪਾਂ ਦੋਵੇਂ ਇਕ ਘੰਟਾ ਬੈਠਦੇ ਆਂ, ਲੰਚ ਤੋਂ ਪਹਿਲਾਂ ਫੈਸਲਾ ਕਰਲਾਂਗੇ| ਪ੍ਰਧਾਨ ਮੰਤਰੀ ਨੇ ਕਿਹਾ- ਤੁਸੀਂ ਜਰਨੈਲ ਹੋ ਤੇ ਜਵਾਨ ਹੋ ਮਸ਼ੱਰਫ ਸਾਹਿਬ, ਮੈਂ ਬੁੱਢਾ ਹਾਂ। ਮੈਨੂੰ ਹੌਲੀ-ਹੌਲੀ ਚੱਲਣਾ ਪਵੇਗਾ| ਦਰਅਸਲ ਇਸ ਸਮਝੌਤੇ ਕਾਰਨ ਮਨਮੋਹਨ ਸਿੰਘ ਦੀ ਬੱਲੇ-ਬੱਲੇ ਹੋ ਜਾਣੀ ਸੀ| ਅਜੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪੁੱਜਣ ਦਿਉ, ਫਿਰ ਸਮਝੌਤਾ ਹੋਏਗਾ| ਸਮਝੌਤਾ ਤਾਂ ਦਰਕਿਨਾਰ, ਪ੍ਰਧਾਨ ਮੰਤਰੀ ਆਪਣੇ ਪਾਕਿਸਤਾਨ ਵਿਚਲੇ ਪਿੰਡ ਗਾਹ ਵੀ ਨਹੀਂ ਜਾ ਸਕਿਆ|
ਕਮਿਊਨਿਸਟ ਬਲੈਕਮੇਲ ਕਰਦੇ ਰਹੇ ਸਨ, ਮੋਰਾਰਜੀ ਦੇਸਾਈ ਹਟਾ ਕੇ ਉਨ੍ਹਾਂ ਚਰਨ ਸਿੰਘ ਕੁਰਸੀ ‘ਤੇ ਬਿਠਾ ਦਿੱਤੇ, ਵੀæਪੀæ ਸਿੰਘ ਨੂੰ ਹਟਾ ਕੇ ਚੰਦਰ ਸ਼ੇਖਰ ਤੇ ਦੇਵ ਗੌੜਾ ਨੂੰ ਹਟਾ ਕੇ ਆਈæਕੇæ ਗੁਜਰਾਲ ਬਿਠਾ ਦਿੱਤੇ| ਹੁਣ ਪਰਮਾਣੂ ਮਸਲੇ ਤੇ ਮਨਮੋਹਨ ਸਿੰਘ ਨੂੰ ਹਟਾ ਕੇ ਸੈਕੂਲਰ ਅਰਜਨ ਸਿੰਘ ਨੂੰ ਕੁਰਸੀ ਦਿਉ| ਅਜਿਹਾ ਹੋ ਜਾਣਾ ਸੀ, ਜੇ ਸੋਨੀਆ ਅਰਜਨ ਸਿੰਘ ਦੇ ਖਿਲਾਫ ਨਾ ਹੁੰਦੀ, ਤੇ ਕਾਮਰੇਡਾਂ ਵਲੋਂ ਹਮਾਇਤ ਵਾਪਸ ਲੈਣ ਵਕਤ ਅਮਰ ਸਿੰਘ ਦੀ ਸਮਾਜਵਾਦੀ ਪਾਰਟੀ ਦਾ ਸਮਰਥਨ ਨਾ ਮਿਲਿਆ ਹੁੰਦਾ| ਸਰਕਾਰ ਬਚੀ ਤੇ ਪਰਮਾਣੂ ਸਮਝੌਤਾ ਪਾਰਲੀਮੈਂਟ ਵਿਚ ਬਹੁਮਤ ਨਾਲ ਪਾਸ ਹੋ ਗਿਆ|
ਪ੍ਰਧਾਨ ਮੰਤਰੀ ਦੇ ਦਿਲ ਦਾ ਵੱਡਾ ਆਪ੍ਰੇਸ਼ਨ ਹੋਇਆ| ਬਾਰੂ ਪਤਾ ਲੈਣ ਗਿਆ| ਪਰਿਵਾਰ ਅੰਦਰ ਲੈ ਗਿਆ| ਡਾæ ਮਨਮੋਹਨ ਸਿੰਘ ਨੇ ਸਹਿਜੇ-ਸਹਿਜੇ ਗੱਲਾਂ ਕੀਤੀਆਂ, ਜੂਸ ਪੀਤਾ| ਬਾਰੂ ਵਾਪਸ ਜਾਣ ਲੱਗਾ ਤਾਂ ਪਰਿਵਾਰ ਨੇ ਕਿਹਾ- ਕਿਸੇ ਨੂੰ ਦੱਸੀਂ ਨਾ ਤੂੰ ਮਿਲ ਕੇ ਗਿਐਂ| ਸੋਨੀਆ ਗਾਂਧੀ ਅਤੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਮਿਲਣਾ ਚਾਹਿਆ ਹੈ, ਡਾਕਟਰਾਂ ਨੇ ਆਗਿਆ ਨਹੀਂ ਦਿੱਤੀ| ਤੇਰੇ ਬਿਨਾਂ ਕਿਸੇ ਨਾਲ ਗੱਲ ਨਹੀਂ ਕੀਤੀ ਅਜੇ ਡਾਕਟਰ ਸਾਹਿਬ ਨੇ| ਕਲਮਾਡੀ ਅਤੇ ਸ਼ੀਲਾ ਦੀਕਸ਼ਿਤ ਉਪਰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ| ਸਰਕਾਰ ਨੇ ਖਾਮੋਸ਼ੀ ਧਾਰ ਲਈ| ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਦਾਗੀ ਸਜ਼ਾਯਾਫਤਾ ਵਜ਼ੀਰਾਂ ਨੂੰ ਕੁਰਸੀਆਂ ਨਾ ਦਿਉ| ਸਰਕਾਰ ਦਾਗੀਆਂ ਦੇ ਹੱਕ ਵਿਚ ਸੀ| ਸਜ਼ਾਯਾਫਤਾ ਲੀਡਰਾਂ ਨੂੰ ਟਿਕਟਾਂ ਮਿਲਣ, ਕੁਰਸੀਆਂ ਮਿਲਣ, ਇਸ ਵਾਸਤੇ ਪ੍ਰਧਾਨ ਮੰਤਰੀ ਨੇ ਆਰਡੀਨੈਂਸ ਜਾਰੀ ਕਰ ਦਿੱਤਾ, ਐਕਟ ਪਾਸ ਹੋ ਨਹੀਂ ਸਕਦਾ ਸੀ| ਰਾਹੁਲ ਗਾਂਧੀ ਪ੍ਰੈਸ ਕਾਨਫਰੰਸ ਵਿਚ ਗੱਜਿਆ- ਭ੍ਰਿਸ਼ਟ ਬੰਦਿਆਂ ਦੇ ਹੱਕ ਵਿਚ ਪਾਸ ਕੀਤਾ ਆਰਡੀਨੈਂਸ ਵਾਪਸ ਲਵੋ| ਇਹ ਸਭ ਇਸ ਲਈ ਕੀਤਾ ਕਰਾਇਆ ਤਾਂ ਕਿ ਪ੍ਰਧਾਨ ਮੰਤਰੀ ਬਦਨਾਮ ਹੋਵੇ, ਰਾਹੁਲ ਦੀ ਚੜ੍ਹਤ ਹੋਵੇ| ਜਦੋਂ ਰਾਹੁਲ ਦਾ ਬਿਆਨ ਛਪਿਆ, ਉਦੋਂ ਪ੍ਰਧਾਨ ਮੰਤਰੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲਣ ਗਏ ਹੋਏ ਸਨ| ਵ੍ਹਾਈਟ ਹਾਊਸ ਵਿਚ ਪ੍ਰਧਾਨ ਮੰਤਰੀ ਦੀ ਹੈਸੀਅਤ ਖਾਕ ਹੋ ਗਈ| ਅਜਿਹਾ ਬਿਆਨ ਸਰਕਾਰ ਦੀ ਵਿਰੋਧੀ ਧਿਰ ਦੇ ਨੇਤਾ ਦਿਆ ਕਰਦੇ ਹਨ| ਰਾਹੁਲ ਗਾਂਧੀ ਆਪਣੀ ਪਾਰਟੀ ਦੇ ਪ੍ਰਧਾਨ ਮੰਤਰੀ ਵਿਰੁੱਧ ਪ੍ਰੈਸ ਵਿਚ ਗਏ| ਆਰਡੀਨੈਂਸ ਵਾਪਸ ਹੋ ਗਿਆ|
ਵਿਰੋਧੀ ਧਿਰ ਨੇ ਪਾਰਲੀਮੈਂਟ ਵਿਚ ਡਾæ ਮਨਮੋਹਨ ਸਿੰਘ ਨੂੰ ‘ਸ਼ਿਖੰਡੀ’ ਕਿਹਾ| ਮਹਾਂਭਾਰਤ ਦਾ ਪਾਤਰ ‘ਸ਼ਿਖੰਡੀ’ ਨਾ ਔਰਤ ਸੀ ਨਾ ਮਰਦ| ਕਿਸੇ ਨੇ ਉਸ ਨੂੰ ‘ਧ੍ਰਿਤਰਾਸ਼ਟਰ’ ਕਿਹਾ ਜਿਸ ਨੂੰ ਦਿਖਾਈ ਨਹੀਂ ਦਿੰਦਾ ਸੀ ਪਰ ਸੰਜੇ ਬਾਰੂ ਡਾਕਟਰ ਸਾਹਿਬ ਨੂੰ ਭੀਸ਼ਮ ਪਿਤਾਮਾ ਆਖਦਾ ਹੈ ਜੋ ਵਿਦਵਾਨ ਸੀ, ਯੋਧਾ ਸੀ ਪਰ ਗਲਤ ਧਿਰ ਦੀ ਹਮਾਇਤ ਵਿਚ ਉਤਰ ਆਇਆ, ਫਲਸਰੂਪ ਤੀਰਾਂ ਦੀ ਸੇਜ ਉਪਰ ਲੇਟਣਾ ਪਿਆ|

Be the first to comment

Leave a Reply

Your email address will not be published.