ਸ੍ਰੀ ਹਰਿਮੰਦਰ ਸਾਹਿਬ ਉਤੇ ਭਾਰਤੀ ਹਾਕਮਾਂ ਵੱਲੋਂ ਕੀਤੇ ਫੌਜੀ ਹੱਲੇ ਨੂੰ ਤੀਹ ਸਾਲ ਬੀਤ ਗਏ ਹਨ। ਤੀਹ ਸਾਲ ਪਹਿਲਾਂ ਤੱਕ ਪੰਜਾਬ ਦੇ ਲੋਕ, ਖਾਸ ਕਰ ਕੇ ਸਿੱਖ, ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ ਮੌਕੇ ਤਪਦੇ ਮੌਸਮ ਵਿਚ ਦਿਲਾਂ ‘ਚ ਠੰਢਕ ਪਹੁੰਚਾਉਣ ਲਈ ਛਬੀਲਾਂ ਲਾਉਂਦੇ ਸਨ; ਵਕਤ ਦੇ ਹਾਕਮਾਂ ਨੇ ਉਨ੍ਹਾਂ ਨੂੰ ਜਿਸ ਤਰ੍ਹਾਂ ਤੱਤੀ ਤਵੀ ਉਤੇ ਬਿਠਾ ਕੇ ਅਤੇ ਉਤੋਂ ਜਲਦੀ/ਬਲਦੀ ਰੇਤ ਪਾ ਕੇ ਸ਼ਹੀਦ ਕੀਤਾ ਸੀ, ਲੋਕ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਆਪ-ਮੁਹਾਰੇ ਇਹ ਸੇਵਾ ਕਰਦੇ ਸਨ। ਗੁਰੂ ਜੀ ਨੇ ਸੱਚ ‘ਤੇ ਪਹਿਰਾ ਦਿੰਦਿਆਂ ਇਹ ਭਾਣਾ ਮੰਨਿਆ ਸੀ। ਤੀਹ ਸਾਲ ਪਹਿਲਾਂ ਹਾਕਮਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚੋਂ ਕੱਢਣ ਦਾ ਬਹਾਨਾ ਬਣਾ ਕੇ ਫੌਜੀ ਕਾਰਵਾਈ ਕਰ ਦਿੱਤੀ। ਇਉਂ ਸ਼ਹੀਦੀ ਦਿਹਾੜੇ ਉਤੇ ਜੁੜੀ ਸੰਗਤ ਵੀ ਫੌਜ ਦੇ ਘੇਰੇ ਵਿਚ ਆ ਗਈ ਅਤੇ ਫਿਰ ਉਹ ਭਾਣਾ ਵਰਤਾਇਆ ਗਿਆ ਜਿਸ ਦੀ ਮਿਸਾਲ ਸ਼ਾਇਦ ਸੰਸਾਰ ਭਰ ਵਿਚ ਨਹੀਂ ਲੱਭਦੀ। ਸਿੱਖਾਂ ਦੇ ਸਰਬ-ਉਚ ਸਥਾਨ ਸ੍ਰੀ ਅਕਾਲ ਤਖਤ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਵੀ ਸਿੱਖੀ ਵਿਚ ਸ਼ਹਾਦਤਾਂ ਹੋਈਆਂ, ਉਸ ਤੋਂ ਬਾਅਦ ਸਿੱਖ ਹਥਿਆਰਬੰਦ ਹੋਏ ਅਤੇ ਹਾਕਮਾਂ ਦੀਆਂ ਅੱਖਾਂ ਵਿਚ ਸਿੱਧਾ ਝਾਕਿਆ। ਗੁਰੂ ਅਰਜਨ ਦੇਵ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਸੰਤ ਅਤੇ ਸਿਪਾਹੀ ਦਾ ਸੰਕਲਪ ਤੋਰਿਆ। ਇਸੇ ਤਰ੍ਹਾਂ ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਹਥਿਆਰਬੰਦ ਕਰਨ ਲਈ ਵਿਧੀਵਤ ਢੰਗ ਨਾਲ ਖਾਲਸਾ ਪੰਥ ਸਾਜਿਆ ਅਤੇ ਹਾਕਮਾਂ ਨਾਲ ਟੱਕਰ ਲਈ। ਫਿਰ 20ਵੀਂ ਸਦੀ ਦੇ ਆਖਰੀ ਦਹਾਕਿਆਂ ਦੌਰਾਨ ਜਦੋਂ ਹਾਕਮਾਂ ਨੇ ਸ੍ਰੀ ਅਕਾਲ ਤਖਤ ਉਤੇ ਚੜ੍ਹਾਈ ਕੀਤੀ ਤਾਂ ਉਸ ਤੋਂ ਬਆਦ ਵੀ ਸਿੱਖ ਆਪ-ਮੁਹਾਰੇ ਹਥਿਆਰਬੰਦੀ ਵੱਲ ਧਾਏ। ਸ੍ਰੀ ਅਕਾਲ ਤਖਤ ਉਤੇ ਹੱਲੇ ਤੋਂ ਸਿਰਫ ਪੰਜ ਮਹੀਨੇ ਬਾਅਦ ਹੀ ਇਸ ਹੱਲੇ ਦੀ ਜ਼ਿੰਮੇਵਾਰ ਸਮਝੀ ਜਾਂਦੀ ਪ੍ਰਧਾਨ ਮੰਤਰੀ ਨੂੰ ਮਾਰ ਮੁਕਾ ਦਿੱਤਾ ਗਿਆ।
ਉਦੋਂ ਤੋਂ ਲੈ ਕੇ ਹੁਣ ਤੱਕ ਤਕਰੀਬਨ ਹਰ ਧਿਰ ਨੇ ਕਿਸੇ ਨਾ ਕਿਸੇ ਢੰਗ ਨਾਲ ਇਸ ਹੱਲੇ ਦਾ ਵਿਰੋਧ ਕੀਤਾ ਹੈ ਅਤੇ ਆਪਣਾ ਰੋਸ ਵੀ ਜ਼ਾਹਿਰ ਕੀਤਾ ਹੈ। ਹੁਣ ਤਾਂ ਤਕਰੀਬਨ ਸਾਰੇ ਮੰਨ ਚੁੱਕੇ ਹਨ ਕਿ ਸ੍ਰੀ ਅਕਾਲ ਤਖਤ ਉਤੇ ਹਮਲਾ ਹਾਕਮਾਂ ਦੀ ਸਭ ਤੋਂ ਵੱਡੀ ਭੁੱਲ ਸੀ। ਸਰਕਾਰ ਦੇ ਵੱਖ-ਵੱਖ ਅੰਗਾਂ ਵਿਚ ਉਚ ਅਹੁਦਿਆਂ ਉਤੇ ਤਾਇਨਾਤ ਬਹੁਤ ਸਾਰੇ ਅਫਸਰ ਤੱਥਾਂ ਸਮੇਤ ਦੱਸ ਚੁੱਕੇ ਹਨ ਕਿ ਕਿਸ ਤਰ੍ਹਾਂ ਇਕਪਾਸੜ ਕਾਰਵਾਈ ਕਰ ਕੇ ਪੰਜਾਬ ਅਤੇ ਸਿੱਖਾਂ ਨੂੰ ਬਲਦੀ ਦੇ ਬੁਥੇ ਧੱਕਿਆ ਗਿਆ। ਇਹ ਅਸਲ ਵਿਚ ਨਿਰਾ ਸਿਆਸੀ ਫੈਸਲਾ ਸੀ। ਬਹੁਤ ਸਾਰੇ ਸਿਆਸੀ ਮਾਹਿਰ ਅਤੇ ਕਾਲਮਨਵੀਸ ਵੀ ਇਹ ਖੁਲਾਸਾ ਕਰ ਚੁੱਕੇ ਹਨ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜ਼ਿਹਨ ਵਿਚ ਨੇੜੇ ਢੁੱਕੀਆਂ ਲੋਕ ਸਭਾ ਚੋਣਾਂ ਖੌਰੂ ਪਾ ਰਹੀਆਂ ਸਨ। 1977 ਵਾਲੀ ਕਰਾਰੀ ਹਾਰ ਅਜੇ ਤੱਕ ਪ੍ਰਧਾਨ ਮੰਤਰੀ ਨੂੰ ਭੁੱਲੀ ਨਹੀਂ ਸੀ ਅਤੇ ਉਸ ਵਕਤ ਪੰਜਾਬ ਵਿਚ ਸ਼ੋਮਣੀ ਅਕਾਲੀ ਦਲ ਨੇ ਜੋ ਭੂਮਿਕਾ ਨਿਭਾਈ ਸੀ, ਉਸ ਤੋਂ ਪ੍ਰਧਾਨ ਮੰਤਰੀ ਬੜੀ ਔਖੀ ਸੀ। ਸਿਆਸੀ ਪਿੜ ਵਿਚੋਂ ਅਕਾਲੀਆਂ ਦੀ ਲਗਾਤਾਰ ਵਧ ਰਹੀ ਤਾਕਤ ਨੂੰ ਖੋਰਾ ਲਾਉਣ ਲਈ ਉਸ ਨੇ ਹਰ ਹੀਲਾ-ਵਸੀਲਾ ਕੀਤਾ। ਅੰਗਰੇਜ਼ ਸ਼ਾਸਕਾਂ ਨਾਲ ਜੁੜੀ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਨਾਲ ਪੰਜਾਬ ਉਤੇ ਵਾਰ-ਵਾਰ ਅਤੇ ਤਿੱਖੇ ਵਾਰ ਕੀਤੇ ਗਏ। ਇਨ੍ਹਾਂ ਵਾਰਾਂ ਦਾ ਸਿਖਰ ਸ੍ਰੀ ਅਕਾਲ ਤਖਤ ਉਤੇ ਹੱਲਾ ਹੋ ਨਿਬੜਿਆ ਅਤੇ ਇਸ ਦੇ ਨਾਲ ਹੀ ਇਤਿਹਾਸ ਦਾ ਸਭ ਤੋਂ ਭਿਅੰਕਰ ਸਫਾ ਪੰਜਾਬ ਅੱਗੇ ਖੁੱਲ੍ਹ ਗਿਆ। ਇਹੀ ਅਸਲ ਵਿਚ ਜੂਨ ’84 ਦਾ ਸੱਚ ਹੈ ਜਿਸ ਦਾ ਕਹਿਰ ਪੰਜਾਬ ਦੇ ਲੋਕਾਂ ਨੇ ਲੰਮਾ ਸਮਾਂ ਆਪਣੇ ਪਿੰਡੇ ਉਤੇ ਹੰਢਾਇਆ।
ਜੂਨ ’84 ਦੇ ਸੱਚ ਦਾ ਇਹੀ ਉਹ ਪ੍ਰਸੰਗ ਹੈ ਜਿਸ ਬਾਰੇ ਵੱਧ ਤੋਂ ਵੱਧ ਸੰਵਾਦ ਦੀ ਜ਼ਰੂਰਤ ਹੈ। ਪਹਿਲੇ ਪਾਤਿਸ਼ਾਹ ਬਾਬੇ ਨਾਨਕ ਨੇ ਆਪਣੀ ਬਾਣੀ ਵਿਚ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥’ ਦਾ ਸੁਨੇਹਾ ਦਿੱਤਾ ਸੀ। ਸੰਵਾਦ ਦੀ ਇਹ ਲੜੀ ਬਾਬੇ ਨਾਨਕ ਦੀਆਂ ਉਦਾਸੀਆਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਵੱਲੋਂ ਮੁਗਲ ਬਾਦਸ਼ਾਹ ਨੂੰ ਲਿਖੇ ਜ਼ਫਰਨਾਮੇ ਤੱਕ ਫੈਲੀ ਹੋਈ ਹੈ। ਗੁਰੂ ਸਾਹਿਬਾਨ ਨੇ ਆਪਣੇ ਜਿਉੜਿਆਂ ਨੂੰ ਜੀਵਨ ਦਾ ਸਾਰ ਇਸ ਸੰਵਾਦ ਵਿਚੋਂ ਲੱਭਣ ਲਈ ਪ੍ਰੇਰਿਆ। ਅੱਜ ਸੰਸਾਰ ਭਰ ਵਿਚ ਇਸੇ ਸੰਵਾਦ ਦੀ ਲੜੀ ਵਿਚ ਜੂਨ ’84 ਦੇ ਸੱਚ ਬਾਰੇ ਸੰਵਾਦ ਚੱਲਣਾ ਚਾਹੀਦਾ ਹੈ। ਇਸ ਸੰਵਾਦ ਵਿਚ ਮੀਰੀ ਅਤੇ ਪੀਰੀ ਦਾ ਸੰਕਲਪ ਬੇਹੱਦ ਅਹਿਮ ਹੈ। ਸੰਕਲਪ ਮੁਤਾਬਕ, ਮੀਰੀ ਨੇ ਸਦਾ ਪੀਰੀ ਦੇ ਹੇਠ ਰਹਿ ਕੇ ਚੱਲਣਾ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਸਿਆਸਤ ਉਤੇ ਧਰਮ ਦਾ ਕੁੰਡਾ ਸਦਾ ਲੱਗਿਆ ਰਹਿਣਾ ਚਾਹੀਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਸਿਆਸਤ ਧਰਮ ਉਤੇ ਭਾਰੂ ਹੀ ਨਹੀਂ ਹੋਈ, ਸਗੋਂ ਕੁਝ ਜ਼ਿਆਦਾ ਹੀ ਭਾਰੂ ਹੋ ਗਈ ਹੈ। ਨਤੀਜਾ ਇਹ ਨਿਕਲਿਆ ਹੈ ਕਿ ਸਿੱਖੀ ਨਾਲ ਜੁੜੀ ਤਕਰੀਬਨ ਹਰ ਸੰਸਥਾ ਵਿਚ ਮੂਲ ਸੰਕਲਪ ਪਛੜ ਗਿਆ ਹੈ ਅਤੇ ਨਿੱਜ ਭਾਰੂ ਪੈ ਗਿਆ ਹੈ। ਇਸ ਸਬੰਧ ਵਿਚ ਪੰਜਾਬ ਦੀ ਮਿਸਾਲ ਸਭ ਦੇ ਸਾਹਮਣੇ ਹੈ ਜਿਥੇ ਇਤਿਹਾਸਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਸਰਕਾਰ ਹੈ। ਧਰਮ ਦੇ ਮੁਕਾਬਲੇ ਸਿਆਸਤ ਦੀ ਚੜ੍ਹਤ ਹੋਣ ਕਰ ਕੇ ਸਭ ਕੁਝ ਹੀ ਉਲਟਾ-ਪੁਲਟਾ ਹੋ ਗਿਆ ਹੈ। ਹੋਰ ਤਾਂ ਹੋਰ ‘ਪੰਚਾਂ ਵਿਚ ਪਰਮੇਸ਼ਰ’ ਦਾ ਸੱਚਾ ਅਤੇ ਸੁੱਚਾ ਖਿਆਲ ਵੀ ਹਾਰ ਗਿਆ ਜਾਪਦਾ ਹੈ। ਸਿਆਸੀ ਜੋੜ-ਤੋੜਾਂ ਦੇ ਰੂਪ ਵਿਚ ਝੂਠ ਦੀ ਦੁਕਾਨ ਚੱਲ ਪਈ ਹੈ ਜਿਸ ਦੇ ਖਿਲਾਫ ਗੁਰੂ ਸਹਿਬਾਨ ਨੇ ਆਪਣੇ ਸਿੱਖਾਂ ਨੂੰ ਸੁਚੇਤ ਕੀਤਾ ਸੀ। ਇਸੇ ਕਰ ਕੇ ਅੱਜ ਦੇਸ-ਪਰਦੇਸ ਵਿਚ ਸੌੜੀ ਸਿਆਸਤ ਦੀ ਥਾਂ ਧਰਮ ਦੀ ਜੈ-ਜੈਕਾਰ ਕਰਨ ਦੀ ਬੇਲਾ ਹੈ। ਜੂਨ ’84 ਦੇ ਸੱਚ ਦਾ ਵੀ ਇਹੀ ਸੁਨੇਹਾ ਹੈ। ਇਸ ਸੁਨੇਹੇ ਉਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਸੁਨੇਹੇ ਨਾਲ ਕਰੋੜਾਂ ਸਿੱਖ/ਪੰਜਾਬੀ ਜਿਉੜੇ ਜੁੜੇ ਹੋਏ ਹਨ।
Leave a Reply