ਬਾਲ ਠਾਕਰੇ: ਫਿਰਕੂ ਸਿਆਸਤ ਦੇ ਇਕ ਯੁੱਗ ਦਾ ਅੰਤ

ਸਾਲ 1966 ਵਿਚ ਸ਼ਿਵ ਸੈਨਾ ਬਣਾਉਣ ਤੋਂ ਲੈ ਕੇ ਹੁਣ ਤੱਕ, ਤਕਰੀਬਨ ਸਾਢੇ ਚਾਰ ਦਹਾਕੇ ਬਾਲ ਠਾਕਰੇ ਨੇ ਦਹਿਸ਼ਤ ਦੇ ਜ਼ੋਰ ਆਪਣੀ ਸਿਆਸਤ ਚਲਾਈ।  ਉਸ ਖਿਲਾਫ ਬੋਲਣ ਅਤੇ ਉਸ ਦੇ ਸਾਹਮਣੇ ਅੜਨ ਵਾਲੇ ਲਈ ਉਸ ਦਾ ਇਕ ਹੀ ਜਵਾਬ ਹੁੰਦਾ ਸੀ: ਤਬਾਹੀ। ਉਸ ਦੇ ਸਿਖਾਏ ਸ਼ਿਵ ਸੈਨਿਕ ਮਿੰਟਾਂ ਸਕਿੰਟਾਂ ਵਿਚ ਕਾਰਵਾਈ ਕਰਕੇ ਅਹੁ ਜਾਂਦੇ ਅਤੇ ਪ੍ਰਸ਼ਾਸਨ ਵਿਚ ਵੀ ਉਸ ਦੀ ਇੰਨੀ ਧਾਂਕ ਬੈਠ ਗਈ ਸੀ ਕਿ ਕੋਈ ਵੀ ਉਸ ਖਿਲਾਫ ਕਾਰਵਾਈ ਕਰਨ ਦੀ ਜੁਰਅਤ ਨਹੀਂ ਕਰ ਸਕਿਆ। ਉਸ  ਦੀ ਜ਼ੁਬਾਨ ਨੇ ਸਦਾ ਹੀ ਜ਼ਹਿਰ ਛਿੜਕਿਆ ਅਤੇ ਦੂਜੇ ਫਿਰਕਿਆਂ ਦੇ ਲੋਕਾਂ ਵੱਲ ਨਫਰਤ ਦਾ ਇਜ਼ਹਾਰ ਕੀਤਾ।

ਮੁੰਬਈ ਵਿਚ ਦਹਿਸ਼ਤ ਕਰਦੀ ਸੀ ਰਾਜ਼ææ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਕਈ ਦਹਾਕਿਆਂ ਤੱਕ ਸਿਆਸਤ ਵਿਚ ‘ਦਹਿਸ਼ਤ’ ਭਰੀ ਬੜ੍ਹਕ ਰੱਖਣ ਵਾਲੇ ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ ਇਸ ਦੁਨੀਆ ਤੋਂ ਕੂਚ ਕਰ ਗਏ ਹਨ। ਇਹ 86 ਸਾਲਾ ਆਗੂ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਿਵਾਜੀ ਪਾਰਕ ਵਿਚ ਕੀਤਾ ਗਿਆ 1920 ਵਿਚ ਬਾਲ ਗੰਗਾਧਰ ਤਿਲਕ ਦੀਆਂ ਅੰਤਿਮ ਰਸਮਾਂ ਤੋਂ ਬਾਅਦ ਪਹਿਲੀ ਵਾਰ ਇੱਥੇ ਕਿਸੇ ਜਨਤਕ ਆਗੂ ਦਾ ਸਸਕਾਰ ਕੀਤਾ ਗਿਆ ਹੈ। ਇਸੇ ਮੈਦਾਨ ਵਿਚ ਉਨ੍ਹਾਂ ਨੇ ਸ਼ਿਵ ਸੈਨਾ ਦੀ ਪਹਿਲੀ ਰੈਲੀ ਕੀਤੀ ਸੀ।
ਗਰਮ ਹਿੰਦੂ ਵਿਚਾਰਧਾਰਾ ਦੇ ਨੇਤਾ ਬਾਲ ਠਾਕਰੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਦੀ ਮੌਤ ਨਾਲ ਫਿਰਕੂ ਸਿਆਸਤ ਦੇ ਇਕ ਯੁੱਗ ਦਾ ਅੰਤ ਹੋ ਗਿਆ। ਮੁੰਬਈ ‘ਚ ਉਨ੍ਹਾਂ ਦੇ ਨਾਂ ਦਾ ਸਿੱਕਾ ਚੱਲਦਾ ਸੀ। ਬਾਲੀਵੁੱਡ ਤੋਂ ਲੈ ਤੇ ਵੱਡੇ-ਵੱਡੇ ਉਦਯੋਗਪਤੀ ਵੀ ਉਨ੍ਹਾਂ ਦੀ ਇਸ਼ਾਰਿਆਂ ‘ਤੇ ਨੱਚਦੇ ਸਨ। ਉਨ੍ਹਾਂ ਦੀ ਬੜਕ ਕੇਂਦਰ ਤੱਕ ਵੀ ਕਾਇਮ ਸੀ।  ਉਹ ਹਮੇਸ਼ਾ ਆਪਣੇ ਪਿਤਾ ਕੇਸ਼ਵ ਰਾਮ ਠਾਕਰੇ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਰਹੇ। ਉਹ ਬੇਸ਼ੱਕ ਫਿਰਕੂ ਸਿਆਸਤ ਦੇ ਹਮਾਇਤੀ ਰਹੇ ਪਰ ਕਰਨੀ ਤੇ ਕਥਨੀ ਦੇ ਉਹ ਹਮੇਸ਼ਾ ਪੱਕੇ ਰਹੇ।
ਸਿਆਸਤ ‘ਚ ਸ੍ਰੀ ਠਾਕਰੇ ਦੀ ਅਹਿਮੀਅਤ ਦਾ ਇਸ ਗੱਲ ਤੋਂ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਉਨ੍ਹਾਂ ਦੇਹਾਂਤ ਮਗਰੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਜਪਾ ਆਗੂਆਂ ਨੂੰ ਦਿੱਤੇ ਜਾਣ ਵਾਲਾ ਰਾਤਰੀ ਭੋਜ ਰੱਦ ਕਰ ਦਿੱਤਾ ਹੈ ਤੇ ਮੁੰਬਈ ਦੇ ਸਿਨੇਮਾ ਮਾਲਕਾਂ ਨੇ ਤਰੰਤ ਫਿਲਮ ਸ਼ੋਅ ਬੰਦ ਕਰ ਦਿੱਤੇ। ਹੜਤਾਲ ਦੇ ਸੱਦੇ ‘ਤੇ ਵੀ ਆਮ ਵਾਂਗ ਰਹਿਣ ਵਾਲਾ ਸ਼ਹਿਰ ਮੁੰਬਈ ਸ੍ਰੀ ਠਾਕਰੇ ਦੇ ਸਸਕਾਰ ਵਾਲੇ ਦਿਨ ਪੂਰਾ ਬੰਦ ਰਿਹਾ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਤੋਂ ਇਲਾਵਾ ਹੋਰ ਲੋਕ ਬਾਹਰ ਘੱਟ ਹੀ ਨਿਕਲੇ।
ਹਮੇਸ਼ਾ ਮੁਲਸਮਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸ਼ਿਵ ਸੈਨਾ ਮੁਖੀ ਠਾਕਰੇ ਦਾ ਇਲਾਜ ਇਕ ਮੁਸਲਮਾਨ ਡਾਕਟਰ ਜਲੀਲ ਪਾਰਕਰ ਹੀ ਕਰ ਰਿਹਾ ਸੀ। ਡਾਕਟਰ ਪਾਰਕਰ ਦਾ ਕਹਿਣਾ ਹੈ ਕਿ ਸ੍ਰੀ ਠਾਕਰੇ ਨੂੰ ਦਿਲ ਦਾ ਦੌਰਾ ਪਿਆ ਸੀ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਕਾਰਟੂਨਿਸਟ ਤੋਂ ਸਿਆਸਤਦਾਨ ਬਣੇ ਸ੍ਰੀ ਠਾਕਰੇ ਨੂੰ ਸਾਹ ਦੀ ਬਿਮਾਰੀ ਦੇ ਨਾਲ ਪੈਂਕਰੀਆਜ਼ ਦੀ ਬਿਮਾਰੀ ਵੀ ਸੀ। ਉਨ੍ਹਾਂ ਦੇ ਪਰਿਵਾਰ ਵਿਚ ਦੋ ਪੁੱਤਰ ਜੈਦੇਵ ਤੇ ਉਧਵ ਹਨ। ਉਧਵ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਹਨ।
1950 ਦੇ ਦਹਾਕੇ ਵਿਚ ਕਾਰਟੂਨਿਸਟ ਆਰæਕੇæ ਲਕਸ਼ਮਣ ਨਾਲ ਫ੍ਰੀ ਪ੍ਰੈੱਸ ਜਰਨਲ ਵਿਚ ਕਾਰਟੂਨ ਬਣਾਊਣ ਵਾਲੇ ਠਾਕਰੇ ਨੇ 1966 ਵਿਚ ਸ਼ਿਵ ਸੈਨਾ ਦੀ ਸਥਾਪਨਾ ਕੀਤੀ। ਉਨ੍ਹਾਂ ਵੱਲੋਂ ‘ਮਰਾਠੀ ਮਾਨੁਸ਼’ ਨਾਅਰਾ ਦੇਣ ਦਾ ਮਕਸਦ ਮਰਾਠੀਆਂ ਦੀਆਂ ਨੌਕਰੀਆਂ ਖੋਹਣ ਵਾਲੇ ਦੱਖਣੀ ਭਾਰਤੀਆਂ ਨੂੰ ਨਿਸ਼ਾਨਾ ਬਣਾਉਣਾ ਸੀ। ਇਸ ਮਗਰੋਂ ਪਾਰਟੀ ਨੇ ਹਿੰਦੂਵਾਦ ਅਪਣਾ ਲਿਆ ਤੇ ਕਾਂਗਰਸ ਦੇ ਵਿਰੋਧ ਵਿਚ ਖੜ੍ਹੀ ਹੋ ਗਈ। ਇਸ ਨੇ ਮੁਸਲਮਾਨਾਂ ਨੂੰ ਆਪਣੇ ਨਿਸ਼ਾਨੇ ‘ਤੇ ਰੱਖਿਆ। ਉਨ੍ਹਾਂ ਦੇ ਕਹੇ ਬਗੈਰ ਮੁੰਬਈ ਵਿਚ ਪਰਿੰਦਾ ਵੀ ਪਰ ਨਹੀਂ ਸੀ ਮਾਰ ਸਕਦਾ।
ਸ਼ਿਵ ਸੈਨਾ ਨੇ ਭਾਜਪਾ ਨਾਲ ਸਾਂਝ ਪਾ ਕੇ 1994 ਵਿਚ ਮਹਾਰਾਸ਼ਟਰ ਵਿਚ ਕਾਂਗਰਸ ਤੋਂ ਸੱਤਾ ਖੋਹੀ ਤੇ 1998 ਤੇ 2004 ਵਿਚ ਕੇਂਦਰ ਵਿਚ ਸੱਤਾ ਵਿਚ ਰਹੀ। 23 ਜਨਵਰੀ 1926 ਨੂੰ ਕੇਸ਼ਵ ਸੀਤਾਰਾਮ ਠਾਕਰੇ ਦੇ ਘਰ ਜਨਮੇ ਬਾਲ ਠਾਕਰੇ ਦੇ ਚਾਰ ਭੈਣ-ਭਰਾ ਸਨ। ਉਨ੍ਹਾਂ ਨੇ ਕਦੇ ਵੀ ਆਪ ਚੋਣ ਨਹੀਂ ਲੜੀ ਤੇ ਸਾਰੀ ਉਮਰ ਪਾਰਟੀ ਲੇਖੇ ਲਾ ਦਿੱਤੀ। ਮੁੰਬਈ ਦੇ ਮਜ਼ਦੂਰ ਤੋਂ ਲੈ ਕੇ ਫ਼ਿਲਮੀ ਦੁਨੀਆਂ ਦੀਆਂ ਹਸਤੀਆਂ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਜਾਣ ਦੀ ਸੋਚ ਵੀ ਨਹੀਂ ਸੀ ਸਕਦੀਆਂ। ਸ੍ਰੀ ਠਾਕਰੇ ਦੀ ਮੌਤ ‘ਤੇ ਭਾਜਪਾ ਨੇ ਕਿਹਾ ਹੈ ਕਿ ਇਕ ਸ਼ੇਰ ਨਹੀਂ ਰਿਹਾ। ਭਾਜਪਾ ਸੰਸਦੀ ਦਲ ਦੇ ਚੇਅਰਮੈਨ ਤੇ ਐਨæਡੀæਏæ ਦੇ ਕਾਰਜਕਾਰੀ ਪ੍ਰਧਾਨ ਐਲ਼ਕੇæ ਅਡਵਾਨੀ ਨੇ ਕਿਹਾ ਕਿ ਇਕ ਅਸਧਾਰਨ ਵਿਅਕਤੀ ਚਲਾ ਗਿਆ।
______________________________________
ਵਿਵਾਦਾਂ ਦਾ ਦੂਜਾ ਨਾਂ ਸੀ ਠਾਕਰੇ
ਮਹਾਰਾਸ਼ਟਰ ਦੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਦੇ ਬਾਵਜੂਦ ਬਾਲ ਠਾਕਰੇ ਹਮੇਸ਼ਾ ਵਿਵਾਦਾਂ ‘ਚ ਘਿਰੇ ਰਹੇ। ਉਨ੍ਹਾਂ ਭਾਸ਼ਾ ਦੇ ਆਧਾਰ ‘ਤੇ ਮਹਾਰਾਸ਼ਟਰ ਦੇ ਗਠਨ ਲਈ ਅੰਦੋਲਨ ਚਲਾਇਆ। ਮਹਾਰਾਸ਼ਟਰੀਆਂ ਲਈ ਨੌਕਰੀਆਂ ਤੇ ਹੋਰ ਵਿਸ਼ੇਸ਼ ਸਹੂਲਤਾਂ ਲਈ ਸੰਘਰਸ਼ ਕੀਤਾ ਪਰ ਨਾਲ ਹੀ ਗੁਜਰਾਤੀਆਂ, ਮਾਰਵਾੜੀਆਂ ਤੇ ਦੱਖਣੀ ਭਾਰਤੀਆਂ ਦੇ ਮਹਾਰਾਸ਼ਟਰ ਵਿਚ ਪ੍ਰਭਾਵ ਨੂੰ ਘਟਾਉਣ ਦੀ ਵਕਾਲਤ ਕਰਨ ਕਰਕੇ ਉਹ ਵਿਵਾਦਾਂ ਵਿਚ ਘਿਰੇ ਰਹੇ।
1980 ਤੋਂ ਬਾਅਦ ਮੁਸਲਮਾਨਾਂ ਪ੍ਰਤੀ ਉਨ੍ਹਾਂ ਦੇ ਵਿਚਾਰ ਵੱਡੇ ਵਿਵਾਦ ਦਾ ਕਾਰਨ ਬਣਦੇ ਰਹੇ। ਤਾਨਾਸ਼ਾਹ ਹਿਟਲਰ, ਖਾੜਕੂ ਸੰਗਠਨ ਲਿੱਟੇ, ਪਾਕਿਸਤਾਨੀ ਕ੍ਰਿਕਟ ਟੀਮ ਦੇ ਵਿਰੋਧ ਤੇ ਬਾਬਰੀ ਮਸਜਿਦ ਦੇ ਮੁੱਦੇ ‘ਤੇ ਉਨ੍ਹਾਂ ਦੇ ਵਿਚਾਰਾਂ ‘ਤੇ ਹਮੇਸ਼ਾ ਵੱਡਾ ਵਿਵਾਦ ਖੜ੍ਹਾ ਹੁੰਦਾ ਰਿਹਾ। ਇਸ ਤੋਂ ਇਲਾਵਾ ਵੈਲਨਟਾਈਨ ਡੇਅ, ਕੁੜੀਆਂ ਦੇ ਆਧੁਨਿਕ ਪਹਿਰਾਵੇ ਤੇ ਫ਼ਿਲਮਾਂ ਦੇ ਵਿਰੋਧ ਕਰਕੇ ਉਹ ਹਮੇਸ਼ਾ ਚਰਚਾ ਵਿਚ ਰਹੇ। ਬਾਲ ਠਾਕਰੇ ਦਾ ਨਾ ਸਿਰਫ ਮਹਾਰਾਸ਼ਟਰ ਬਲਕਿ ਸਮੁੱਚੇ ਦੇਸ਼ ਦੀ ਸਿਆਸਤ ‘ਤੇ ਕਈ ਦਹਾਕਿਆਂ ਤੱਕ ਸਿੱਕਾ ਚੱਲਦਾ ਰਿਹਾ। ਉਨ੍ਹਾਂ ਦੇ ਇਕ ਇਸ਼ਾਰੇ ‘ਤੇ ਮੁੰਬਈ ਦੀ ਧੜਕਣ ਰੁਕ ਜਾਂਦੀ । ਹਿੰਦੂਆਂ ਵੱਲੋਂ ਉਨ੍ਹਾਂ ਨੂੰ ‘ਹਿੰਦੂ ਹਿਰਦੇ ਸਮਰਾਟ’ ਕਿਹਾ ਜਾਂਦਾ ਰਿਹਾ। 1966 ਵਿਚ ਕੱਟੜ ਵਿਚਾਰਧਾਰਾ ਦੀ ਹਮਾਇਤੀ ਪਾਰਟੀ ‘ਸ਼ਿਵ ਸੈਨਾ’ ਦੇ ਗਠਨ ਤੋਂ ਬਾਅਦ ਉਨ੍ਹਾਂ ਨੇ ਹਿੰਦੂਵਾਦੀ ਸਿਆਸਤ ਨੂੰ ਉਤਸ਼ਾਹਤ ਕੀਤਾ। ਉਨ੍ਹਾਂ ਮਹਾਰਾਸ਼ਟਰ ਵਿਚ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਲਈ ਪਹਿਲਾਂ ਭਾਵੇਂ ਕਾਂਗਰਸ ਨਾਲ ਗੱਠਜੋੜ ਕਰਕੇ ਚੋਣ ਲੜੀ ਪਰ 1987 ਵਿਚ ਉਨ੍ਹਾਂ ਭਾਜਪਾ ਨਾਲ ਆਪਣਾ ਨਾਤਾ ਪੱਕੇ ਤੌਰ ‘ਤੇ ਜੋੜ ਲਿਆ। 1995 ਵਿਚ ਉਨ੍ਹਾਂ ਭਾਜਪਾ ਨਾਲ ਸਹਿਯੋਗ ਕਰਕੇ ਮਹਾਰਾਸ਼ਟਰ ਵਿਚੋਂ ਕਾਂਗਰਸ ਦੇ ਪੈਰ ਉਖਾੜ ਦਿੱਤੇ ਤੇ ਸੱਤਾ ਹਾਸਲ ਕੀਤੀ। 1999 ਤਕ ਸੱਤਾ ਵਿਚ ਰਹੇ ਇਸ ਗੱਠਜੋੜ ਵਿਚ ਉਨ੍ਹਾਂ ਕੋਈ ਸਰਕਾਰੀ ਅਹੁਦਾ ਭਾਵੇਂ ਨਹੀਂ ਕਬੂਲਿਆ ਪਰ ਪਰਦੇ ਪਿੱਛੇ ਉਹ ਕਰਤਾ ਧਰਤਾ ਰਹੇ ਜਿਸ ਕਰਕੇ ਉਨ੍ਹਾਂ ਨੂੰ ਰਿਮੋਟ ਕੰਟਰੋਲ ਵੀ ਕਿਹਾ ਜਾਣ ਲੱਗਾ। ਸਿਆਸਤ ਦੇ ਖਿਡਾਰੀ ਠਾਕਰੇ ਨੂੰ 2006 ਵਿਚ ਪਹਿਲਾ ਵੱਡਾ ਝਟਕਾ ਉਸ ਵੇਲੇ ਲੱਗਾ ਜਦੋਂ ਉਨ੍ਹਾਂ ਦੇ ਭਤੀਜੇ ਰਾਜ ਠਾਕਰੇ ਨੇ ਅਲੱਗ ਹੋ ਕੇ ਨਵੀਂ ਪਾਰਟੀ ‘ਮਹਾਰਾਸ਼ਟਰ ਨਵਨਿਰਮਾਣ ਸੈਨਾ’ ਬਣਾ ਲਈ। ਇਸ ਉਪਰੰਤ ਮਹਾਰਾਸ਼ਟਰ ਦੇ ਇਸ ਸ਼ੇਰ ਦੀ ਤਾਕਤ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ।
ਬਾਲ ਠਾਕਰੇ ਨੇ ਆਪਣੇ ਸਰਗਰਮ ਜੀਵਨ ਦੀ ਸ਼ੁਰੂਆਤ ‘ਕਾਰਟੂਨਿਸਟ ਪੱਤਰਕਾਰ’ ਦੇ ਤੌਰ ‘ਤੇ 1950 ਵਿਚ ‘ਫ਼ਰੀ ਪ੍ਰੈਸ ਜਨਰਲ’ ਤੋਂ ਆਰੰਭ ਕੀਤੀ। ਉਸ ਦੇ ਵਿਅੰਗ ਕਾਰਟੂਨ ‘ਟਾਈਮਜ਼ ਆਫ਼ ਇੰਡੀਆ’ ਵਿਚ ਵੀ ਛਪਦੇ ਰਹੇ। 1960 ਵਿਚ ਉਨ੍ਹਾਂ ਕਾਰਟੂਨਾਂ ‘ਤੇ ਆਧਾਰਤ ਆਪਣਾ ਮਰਾਠਾ ਸਿਆਸੀ ਹਫ਼ਤਾਵਾਰੀ ਅਖ਼ਬਾਰ ‘ਮਾਰਮਿਕ’ ਸ਼ੁਰੂ ਕੀਤਾ। ਪੱਤਰਕਾਰੀ ਦੇ ਖੇਤਰ ਵਿਚ ਉਨ੍ਹਾਂ ਮਰਾਠੀ ਦੈਨਿਕ ‘ਸਾਮਨਾ’ ਤੇ ਹਿੰਦੀ ਦੈਨਿਕ ‘ਦੁਪਹਿਰ ਕਾ ਸਾਮਨਾ’ ਦੇ ਪ੍ਰਕਾਸ਼ਨ ਨਾਲ ਯੋਗਦਾਨ ਪਾਇਆ।
ਇਨ੍ਹਾਂ ਅਖ਼ਬਾਰਾਂ ਰਾਹੀਂ ਉਹ ਆਪਣੇ ਵਿਰੋਧੀਆਂ ‘ਤੇ ਤਾਬੜਤੋੜ ਹਮਲੇ ਕਰਦੇ ਰਹੇ। ਸਿਆਸਤ ਲਈ ਅਖ਼ਬਾਰ ਦੀ ਸਭ ਤੋਂ ਸੁਚੱਜੀ ਵਰਤੋਂ ਕਰਨ ਵਿਚ ਬਾਲ ਠਾਕਰੇ ਦਾ ਕੋਈ ਸਾਨੀ ਨਹੀਂ ਸੀ।
______________________________________
ਜੀਵਨ ਝਾਤ
ਬਾਲਾ ਠਾਕਰੇ ਨੇ ਆਪਣੇ ਕਰੀØਅਰ ਦੀ ਸ਼ੁਰੂਆਤ ਕਾਰਟੂਨਿਸਟ ਦੇ ਰੂਪ ਵਿਚ ਕੀਤੀ ਸੀ। ਜਦੋਂਕਿ ਉਨ੍ਹਾਂ ਨੇ 1960 ਵਿਚ ‘ਮਾਰਮਿਕ’ ਨਾਮੀ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਤੇ 1966 ਵਿਚ ਸ਼ਿਵ ਸੈਨਾ ਦੀ ਸਥਾਪਨਾ ਕੀਤੀ ਜਿਸ ਨੇ ਭਾਰਤੀ ਸਿਆਸੀ ਤੇ ਸਮਾਜਕ ਜੀਵਨ ਵਿਚ ਇਕ ਵੱਖਰਾ ਸਥਾਨ ਬਣਾਇਆ। ਮਹਾਰਾਸ਼ਟਰ ਦੀ ਸਿਆਸਤ ਵਿਚ ਸ਼ਿਵ ਸੈਨਾ ਦਾ ਬਹੁਤ ਮਹੱਤਵਪੂਰਨ ਸਥਾਨ ਹੈ। 1989 ਨੇ ਸ੍ਰੀ ਠਾਕਰੇ ਨੇ ਮਰਾਠੀ ਭਾਸ਼ਾ ਵਿਚ ‘ਸਾਮਨਾ’ ਨਾਂ ਦੀ ਅਖਬਾਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਪਿਤਾ ਸੰਯੁਕਤ ਮਹਾਰਾਸ਼ਟਰ ਅੰਦੋਲਨ ਨਾਲ ਜੁੜੇ ਹੋਏ ਸਨ। ਸ਼ਿਵ ਸੈਨਕਾਂ ਵਿਚ ਬਾਲਾ ਸਾਹਿਬ ਨੂੰ ‘ਹਿੰਦੂ ਹਿਰਦੈ ਸਮਰਾਟ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਸਾਲ 2005 ਵਿਚ ਉਨ੍ਹਾਂ ਦੇ ਭਤੀਜੇ ਰਾਜ ਨੇ ‘ਮਨਸੇ’ ਨਾਂ ਦੀ ਵੱਖਰੀ ਪਾਰਟੀ ਬਣਾ ਲਈ ਜਿਸ ਨਾਲ ਉਨ੍ਹਾਂ ਨੂੰ ਗਹਿਰਾ ਧੱਕਾ ਲੱਗਾ ਤੇ ਸ਼ਿਵ ਸੈਨਾ ਦਾ ਪਤਨ ਸ਼ੁਰੂ ਹੋ ਗਿਆ। ਸ਼ਿਵ ਸੈਨਾ ਦੇ ਵਰਕਰ ਹਮੇਸ਼ਾ ਉਨ੍ਹਾਂ ਦੇ ਸ਼ਬਦਾਂ ‘ਤੇ ਫੁੱਲ ਚੜਾਉਣ ਲਈ ਤਿਆਰ ਰਹਿੰਦੇ ਸਨ।
____________________________________
ਹਿਟਲਰ ਦਾ ਸੀ ਪ੍ਰਸ਼ੰਸਕ
ਠਾਕਰੇ ਆਪਣੀ ਉਂਗਲੀ ਦੇ ਇਕ ਇਸ਼ਾਰੇ ਨਾਲ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਦੀ ਰੌਣਕ ਨੂੰ ਸੰਨਾਟੇ ਵਿਚ ਬਦਲਣ ਦੀ ਤਾਕਤ ਰੱਖਦੇ ਸਨ। ਖੁਦ ਨੂੰ ਅਡੋਲਫ ਹਿਟਲਰ ਦਾ ਪ੍ਰਸ਼ੰਸਕ ਦੱਸਣ ਵਾਲੇ ਬਾਲ ਠਾਕਰੇ ਮਰਾਠੀ ਗੌਰਵ ਤੇ ਹਿੰਦੂਤਵ ਦੇ ਪ੍ਰਤੀਕ ਮੰਨੇ ਜਾਂਦੇ ਸਨ ਜਿਨ੍ਹਾਂ ਦੇ ਜੋਸ਼ੀਲੇ ਅੰਦਾਜ਼ ਨੇ ਉਨ੍ਹਾਂ ਨੂੰ ਸ਼ਿਵ ਸੈਨਿਕਾਂ ਦਾ ਭਗਵਾਨ ਬਣਾ ਦਿੱਤਾ। ਉਨ੍ਹਾਂ ਨੂੰ ਉਨ੍ਹਾਂ ਦੇ ਸ਼ਿਵ ਸੈਨਿਕ ਭਗਵਾਨ ਦੀ ਤਰ੍ਹਾਂ ਪੂਜਦੇ ਸਨ ਤੇ ਉਨ੍ਹਾਂ ਦੇ ਵਿਰੋਧੀ ਵੀ ਉਨ੍ਹਾਂ ਦੇ ਇਸ ਕੱਦ ਤੋਂ ਪੂਰੀ ਤਰ੍ਹਾਂ ਵਾਕਫ ਸਨ। ਹਾਲਾਂਕਿ ਉਹ ਰਾਜਸਥਾਨੀ, ਮਾਰਵਾੜੀ, ਸਿੰਧੀ ਸਮਾਜ ਸਮੇਤ ਉੱਤਰ ਭਾਰਤੀਆਂ ਦੇ ਖਿਲਾਫ ਸਨ। ਮੁੰਬਈ ਵਾਸੀਆਂ ਨੂੰ ਉਨ੍ਹਾਂ ਨੇ ਇਹ ਯਕੀਨ ਦੁਆਉਣ ਦੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਗੈਰ-ਮਰਾਠੀਆਂ ਦੇ ਕਾਰਨ ਹੀ ਮਰਾਠੀਆਂ ਦੀ ਰੋਟੀ ਖੋਹ ਹੋ ਰਹੀ ਹੈ।
ਪਿਤਾ ਪੁਰਖੀ ਸਿਆਸਤ
ਬਾਲਾ ਠਾਕਰੇ ਦਾ ਸਿਆਸੀ ਦਰਸ਼ਨ ਉਨ੍ਹਾਂ ਦੇ ਪਿਤਾ ਤੋਂ ਪ੍ਰਭਾਵਿਤ ਰਿਹਾ। ਉਨ੍ਹਾਂ ਦੇ ਪਿਤਾ ਕੇਸ਼ਵ ਸੀਤਾ ਰਾਮ ਠਾਕਰੇ  ‘ਸੰਯੁਕਤ ਮਹਾਰਾਸ਼ਟਰ ਮੂਵਮੈਂਟ’ ਦੇ ਜਾਣੇ ਪਛਾਣੇ ਚਿਹਰੇ ਸਨ। ਬਾਲ ਠਾਕਰੇ ਦੇ ਪਿਤਾ ਕੇਸ਼ਵ ਸੀਤਾਰਾਮ ਠਾਕਰੇ ਦੇ ਭਾਸ਼ਾਈ ਆਧਾਰ ‘ਤੇ ਮਹਾਰਾਸ਼ਟਰ ਰਾਜ ਦੇ ਨਿਰਮਾਣ ਦੀ ਨੀਂਹ ਤਿਆਰ ਤਿਆਰ ਕੀਤੀ ਸੀ। ਪਹਿਲਾਂ ਉਸ ਦੀ ਖਾਹਿਸ਼ ਆਪਣੇ ਟੀਚੇ ਨੂੰ ਕਿਸੇ ਮਾਧਿਅਮ ਦੀ ਬਜਾਏ ਖੁਦ ਇਕੱਲੇ ਹਾਸਲ ਕਰਨ ਦੀ ਸੀ।  ਬਾਅਦ ਵਿਚ ਉਨ੍ਹਾਂ ਧਰਮ ਤੇ ਉਸਦੇ ਚਿੰਨ੍ਹਾਂ ਦੀ ਵਰਤੋਂ ਕਰਕੇ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ।
ਰੁਕ ਗਈ ਮੁੰਬਈ
ਸ਼ਿਵ ਸੈਨਾ ਦੇ ਬਾਨੀ ਬਾਲ ਠਾਕਰੇ ਦੇ ਸਸਕਾਰ ਵੇਲੇ ਮੁੰਬਈ ਸ਼ਹਿਰ ਪੂਰੀ ਸੁਨਸਾਨ ਹੋ ਗਿਆ। ਮੁੰਬਈ ਦੇ ਵੱਡੇ-ਵੱਡੇ ਕਾਰੋਬਾਰਾਂ ਤੋਂ ਲੈ ਕੇ ਟੀ ਸਟਾਲ ਤੇ ਬੀੜੀ ਪਾਨ ਵਾਲੇ ਖੋਖੇ ਤਕ ਬੰਦ ਰਹੇ। ਸੜਕਾਂ ‘ਤੇ ਰਿਕਸ਼ੇ ਤੇ ਆਟੋ ਗਾਇਬ ਸਨ। ਲੋਕਾਂ ਦੀ ਵਹੀਰਾਂ ਸ੍ਰੀ ਠਾਕਰੇ ਦੀ ਰਿਹਾਇਸ਼ ਵੱਲ ਜਾ ਰਹੀਆਂ ਸਨ। ਸੜਕਾਂ ‘ਤੇ ਲੋਕਾਂ ਨੂੰ ਰੋਂਦੇ ਹੋਏ ਵੇਖਿਆ ਗਿਆ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੇ-ਵੱਡੇ ਉਦਯੋਗਪਤੀਆਂ ਤੇ ਫ਼ਿਲਮੀ ਹਸਤੀਆਂ ਪਹੁੰਚੀਆਂ ਹੋਈਆਂ ਸਨ। ਕੁਝ ਲੋਕਾਂ ਦਾ ਕਹਿਣਾ ਸੀ ਕਿ ਮੁੰਬਈ ਉਸ ਦੇ ਸਤਿਕਾਰ ਵਿਚ ਨਹੀਂ, ਸਗੋਂ ਦਹਿਸ਼ਤ ਕਾਰਨ ਜਾਮ ਹੋਈ। ਸ਼ਿਵ ਸੈਨਿਕਾਂ ਦੀ ਹਰ ਪਾਸੇ ਇੰਨੀ ਦਹਿਸ਼ਤ ਹੁੰਦੀ ਸੀ ਕਿ ਕੋਈ ਉਨ੍ਹਾਂ ਖਿਲਾਫ ਬੋਲਣ ਦੀ ਹਿੰਮਤ ਨਹੀਂ ਸੀ ਕਰਦਾ।

Be the first to comment

Leave a Reply

Your email address will not be published.