ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਨੇ ਪੰਜਾਬ ਦੀ ਸੱਤਾ ਧਿਰ ਸ਼੍ਰੋਮਣੀ ਅਕਾਲੀ ਦਲ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਇਨ੍ਹਾਂ ਚੋਣਾਂ ਵਿਚ ਜਿੱਥੇ ਸੱਤਾ ਧਿਰ ਨੂੰ ਤਿੱਖੇ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ, ਉਥੇ ਨਵੀਂ ਉਭਰੀ ਆਮ ਆਦਮੀ ਪਾਰਟੀ ਨੇ ਇਕੋ ਝਟਕੇ ਨਾਲ ਅਕਾਲੀ ਦਲ ਦੇ ਬਰਾਬਰ ਵੋਟ ਹਾਸਲ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਸਾਢੇ ਛੱਬੀ ਫੀਸਦੀ ਵੋਟ ਮਿਲੇ ਹਨ ਜਦੋਂਕਿ ਆਮ ਆਦਮੀ ਪਾਰਟੀ ਸਾਢੇ ਚੌਵੀ ਫੀਸਦੀ ਵੋਟ ਲੈ ਗਈ ਹੈ। ਚੋਣਾਂ ਵਿਚ ਨਸ਼ਿਆਂ ਦਾ ਮੁੱਦਾ ਸਭ ਤੋਂ ਜ਼ਿਆਦਾ ਭਾਰੂ ਰਿਹਾ।
ਸੱਤਾ ਧਿਰ ਦਾ ਇੰਨਾ ਮਾੜਾ ਹਾਲ ਹੋਣ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਵਿਚ ਤਰੇੜਾਂ ਵੀ ਆ ਗਈਆਂ ਹਨ। ਭਾਜਪਾ ਇਸ ਮਾੜੀ ਕਾਰਗੁਜ਼ਾਰੀ ਲਈ ਅਕਾਲੀ ਦਲ ਨੂੰ ਮੰਨ ਰਹੀ ਹੈ। ਭਾਜਪਾ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਪੰਜਾਬ ਵਿਚ ਨਸ਼ਾ ਤਸਕਰੀ ਨੂੰ ਅਕਾਲੀ ਆਗੂਆਂ ਦੀ ਸ਼ਹਿ ਹਾਸਲ ਹੈ। ਭਾਜਪਾ ਦੇ ਸੂਬਾ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਹੈ ਕਿ ਨਸ਼ੀਲੇ ਪਦਾਰਥਾਂ ਦਾ ਧੰਦਾ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਵਧ ਫੁੱਲ ਨਹੀਂ ਸਕਦਾ ਤੇ ਸੂਬੇ ਦੇ ਲੋਕ ਇਸ ਧੰਦੇ ਵਿਚ ਲੱਗੇ ਵੱਡੇ ਮਗਰਮੱਛਾਂ ਨੂੰ ਸੀਖਾਂ ਪਿੱਛੇ ਦੇਖਣਾ ਚਾਹੁੰਦੇ ਹਨ। ਸ੍ਰੀ ਸ਼ਰਮਾ ਨੇ ਕਿਹਾ ਹੈ ਕਿ ਇੰਨੇ ਵੱਡੇ ਪੱਧਰ ‘ਤੇ ਨਸ਼ਿਆਂ ਦਾ ਕਾਰੋਬਾਰ ਸਿਆਸੀ ਸਰਪ੍ਰਸਤੀ ਬਿਨਾਂ ਸੰਭਵ ਹੀ ਨਹੀਂ ਹੈ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਾ ਮਾਫੀਆ ਨਿਡਰ ਹੋ ਕੇ ਪੂਰੇ ਸੂਬੇ ਵਿਚ ਨਸ਼ੇ ਵੇਚ ਰਿਹਾ ਹੈ, ਕਿਉਂਕਿ ਇਸ ਨੂੰ ਸਿਆਸੀ ਥਾਪੜਾ ਹਾਸਲ ਹੈ।
ਜ਼ਿਕਰਯੋਗ ਹੈ ਕਿ ਚੋਣ ਵਿਚ ਮਾੜੀ ਕਾਰਗੁਜ਼ਾਰੀ ਮਗਰੋਂ ਪੰਜਾਬ ਸਰਕਾਰ ਦੇ ਹੋਸ਼ ਉਡ ਗਏ ਹਨ ਤੇ ਹੁਣ ਨਸ਼ਿਆਂ ਵਿਰੁਧ ਵੱਡੇ ਪੱਧਰ ‘ਤੇ ਮੁਹਿੰਮ ਵਿੱਢੀ ਹੈ ਪਰ ਪੰਜਾਬ ਪੁਲਿਸ ਵੱਲੋਂ ਨਸ਼ੇੜੀਆਂ ਜਾਂ ਛੋਟੇ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਜਦਕਿ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਨਸ਼ਿਆਂ ਦੀ ਸਪਲਾਈ ਦੀ ਸਰਪ੍ਰਸਤੀ ਕਰਦੇ ਵੱਡੇ ਮਗਰਮੱਛ ਜਾਂ ਸਿਆਸੀ ਆਗੂ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਹਨ।
ਪੰਜਾਬ ਵਿਚ ਸਿੰਥੈਟਿਕ ਡਰੱਗ ਦੇ ਵਧੇ ਕਾਰੋਬਾਰ ਨੇ ਸੂਬੇ ਦੇ ਵੱਡੀ ਗਿਣਤੀ ਨੌਜਵਾਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਪਿੰਡਾਂ ਵਿਚ ਵੀ ਖੁੱਲ੍ਹ ਰਹੀਆਂ ਕੈਮਿਸਟ ਦੀਆਂ ਦੁਕਾਨਾਂ ਇਸ ਗੱਲ ਦਾ ਸੰਕੇਤ ਹਨ। ਕੈਮਿਸਟ ਦੀਆਂ ਦੁਕਾਨਾਂ ਤੋਂ ਮਿਲਦੀਆਂ ਦਵਾਈਆਂ ਦੇ ਨਾਲ-ਨਾਲ ਨੌਜਵਾਨਾਂ ਦੇ ਬੂਹਿਆਂ ਤੱਕ ਹੈਰੋਇਨ ਤੋਂ ਲੈ ਕੇ ਕਲਮਈ ਜਾਂ ਬੂਆ (ਅਫੀਮ), ਸਮੈਕ ਆਦਿ ਪੁੱਜ ਜਾਂਦੇ ਹਨ। ਇਹ ਨਸ਼ੀਲੇ ਪਦਾਰਥ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਹੋਸਟਲਾਂ ਤੱਕ ਵੀ ਪੁੱਜਦਾ ਕੀਤੇ ਜਾਂਦੇ ਹਨ। ਜਲੰਧਰ ਤੋਂ ਕਾਂਗਰਸ ਦੇ ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਕਹਿਣਾ ਹੈ, “ਫਿਲੌਰ ਵਿਚ ਹੈਰੋਇਨ ਤੇ ਅਫੀਮ ਲਈ ਆਰਡਰ ਫੋਨ ‘ਤੇ ਦਿੱਤੇ ਜਾਂਦੇ ਹਨ ਤੇ ਇਹ ਪਦਾਰਥ ਘਰਾਂ ਦੇ ਬੂਹਿਆਂ ਤੱਕ ਪੁੱਜਦੇ ਕੀਤੇ ਜਾਂਦੇ ਹਨ।”
ਚੇਤੇ ਰਹੇ ਕਿ ਇਸ ਕਾਰੋਬਾਰ ਨਾਲ ਕਈ ਸ਼ਕਤੀਸ਼ਾਲੀ ਸਿਆਸਤਦਾਨਾਂ ਦੇ ਨਾਂ ਵੀ ਜੁੜੇ ਹੋਏ ਹਨ। ਕੁਝ ਮਹੀਨੇ ਪਹਿਲਾਂ ਹੀ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਦੇ ਪੁੱਤਰ ਦਮਨਵੀਰ ਸਿੰਘ ਦਾ ਨਾਂ ਪੰਜਾਬ ਪੁਲਿਸ ਦੇ ਬਰਤਰਫ਼ ਡੀæਐਸੀæਪੀæ ਜਗਦੀਸ਼ ਸਿੰਘ ਭੋਲਾ ਨੇ ਨਸ਼ਿਆਂ ਦੇ ਕਾਰੋਬਾਰ ਵਿਚ ਲਿਆ ਸੀ। ਭੋਲਾ 6000 ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਗਰੋਹ ਦਾ ਸਰਗਨਾ ਹੈ। ਭੋਲੇ ਨੇ ਇਹ ਦੋਸ਼ ਉਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਲਾਏ ਸਨ। ਰਵਾਇਤੀ ਨਸ਼ੀਲੇ ਪਦਾਰਥਾਂ ਅਫੀਮ, ਭੁੱਕੀ ਤੇ ਅਜਿਹੇ ਹੋਰ ਪਦਾਰਥਾਂ ਦੇ ਕਾਰੋਬਾਰ ਦਾ ਧੰਦਾ ਦਹਾਕਿਆਂ ਤੋਂ ਕੁਝ ਸਿਆਸੀ ਵੱਡਿਆਂ ਦੀ ਸਰਪ੍ਰਸਤੀ ਹੇਠ ਚਲਦਾ ਆ ਰਿਹਾ ਹੈ। ਰਵਾਇਤੀ ਨਸ਼ਾ ਅਫੀਮ ਆਦਿ ਤਾਂ ਵੱਡੀ ਮਾਤਰਾ ਵਿਚ ਜਾਂ ਤਾਂ ਪਾਕਿਸਤਾਨ ਤੋਂ ਜਾਂ ਫਿਰ ਅਫੀਮ ਬੀਜਦੇ ਇਲਾਕਿਆਂ ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਆਉਂਦੀ ਹੈ ਪਰ ਸਿੰਥੈਟਿਕ ਤੇ ਅਰਧ-ਸਿੰਥੈਟਿਕ ਨਸ਼ੇ ਜਾਂ ਡਾਕਟਰਾਂ ਵੱਲੋਂ ਲਿਖੀਆਂ ਜਾਂਦੀਆਂ ਰਾਹਤ ਦੇਣ ਵਾਲੀਆਂ ਦਵਾਈਆਂ ਦਾ ਉੱਭਰ ਰਿਹਾ ਕਾਰੋਬਾਰ ਐਨ ਪੰਜਾਬ ਪੁਲਿਸ ਅਤੇ ਸਿਹਤ ਵਿਭਾਗ ਦੇ ਨੱਕ ਹੇਠ ਵਧ-ਫੁੱਲ ਰਿਹਾ ਹੈ। ਜੇ ਮੁਲਕ ਦੀ ਔਸਤਨ ਸ਼ਰਾਬ ਦੀ ਖਪਤ 26 ਫੀਸਦੀ ਹੈ ਤਾਂ ਪੰਜਾਬ ਦੁੱਗਣੇ ਦੇ ਨੇੜੇ-ਤੇੜੇ 46 ਫੀਸਦੀ ‘ਤੇ ਹੈ। ਇਸੇ ਤਰ੍ਹਾਂ ਪੂਰੇ ਮੁਲਕ ਦੇ ਮੁਕਾਬਲੇ ਸਿੰਥੈਟਿਕ ਡਰੱਗਜ਼ ਜਿਵੇਂ ਹੈਰੋਇਨ ਤੇ ਸਮੈਕ ਦੀ ਵਰਤੋਂ ਪੰਜਾਬ ਵਿਚ 3æ5 ਫੀਸਦੀ ਵੱਧ ਹੈ।
ਉਧਰ, ਪੰਜਾਬ ਦੀ ਹਾਲਤ ਇੰਨੀ ਭਿਆਨਕ ਹੈ ਕਿ ਮਨੋਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਕਾਲਜ ਪੜ੍ਹਦੇ 25 ਫੀਸਦੀ ਤੋਂ 30 ਫੀਸਦੀ ਤੱਕ ਮੁੰਡੇ-ਕੁੜੀਆਂ ਇਹ ਸਿੰਥੈਟਿਕ, ਅਰਧ-ਸਿੰਥੈਟਿਕ ਜਾਂ ਡਾਕਟਰਾਂ ਵੱਲੋਂ ਸੁਝਾਈਆਂ ਡਰੱਗਜ਼ ਦੇ ਆਦੀ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਅਧਿਆਪਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪ੍ਰੋਫੈਸਰ ਐਮੀਰੇਟਸ ਪ੍ਰੋæ ਰਣਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਰਵੇਖਣ ਮੁਤਾਬਕ ਪੰਜਾਬ ਦੇ 20-22 ਫੀਸਦੀ ਨੌਜਵਾਨ ਸਿੰਥੈਟਿਕ ਜਾਂ ਡਾਕਟਰਾਂ ਵੱਲੋਂ ਲਿਖੀਆਂ ਡਰੱਗਜ਼ ਦੇ ਆਦੀ ਹਨ ਤੇ 15-20 ਫੀਸਦੀ ਅਲਕੋਹਲ (ਸ਼ਰਾਬ) ਵਾਲੇ ਹਨ। ਕੁੱਲ 5 ਫੀਸਦੀ ਕੁ ਹੈਰੋਇਨ ਜਾਂ ਸਮੈਕ ਦੇ ਆਦੀ ਹਨ। ਪੰਜਾਬ ਦੇ ਪੰਜ ਵਿੱਚੋਂ ਇਕ ਨੌਜਵਾਨ ਦਾ ਡਰੱਗਜ਼ ਲੈਣ ਦੇ ਆਦੀ ਹੋਣਾ, ਆਪਣੇ ਆਪ ਵਿਚ ਖਤਰੇ ਦੀ ਘੰਟੀ ਹੈ।
Leave a Reply