ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਕਾਂਗਰਸ ਵਿਚਲੀ ਖਾਨਾਜੰਗੀ ਇਕ ਵਾਰ ਮੁੜ ਤਿੱਖੀ ਹੋ ਗਈ ਹੈ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ ਕਾਂਗਰਸ ਦੀ ਕਮਾਨ ਉਨ੍ਹਾਂ ਹੱਥ ਸੌਂਪਣ ਦੀ ਮੰਗ ਉੱਠਣ ਲੱਗੀ ਹੈ। ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖੁਦ ਗੁਰਦਾਸਪੁਰ ਤੋਂ ਚੋਣ ਹਾਰ ਗਏ ਹਨ ਤੇ ਉਨ੍ਹਾਂ ਦੀ ਅਗਵਾਈ ਹੇਠ ਲੜੀ ਗਈ ਲੋਕ ਸਭਾ ਚੋਣ ਵਿਚ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਹੈ।
ਚੇਤੇ ਰਹੇ ਕਿ ਪੰਜਾਬ ਵਿਚ ਸੱਤਾ ਵਿਰੋਧੀ ਲਹਿਰ ਹੋਣ ਦੇ ਬਾਵਜੂਦ ਕਾਂਗਰਸ ਸਿਰਫ ਤਿੰਨ ਸੀਟਾਂ ਜਿੱਤ ਸਕੀ ਹੈ ਤੇ ਪਾਰਟੀ ਦਾ ਵੋਟ ਸਾਢੇ 45 ਫੀਸਦੀ ਤੋਂ ਘਟ ਕੇ ਤਕਰੀਬਨ 33 ਫੀਸਦੀ ਹੋ ਗਿਆ ਹੈ। ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਵੋਟ ਨੂੰ 12 ਫੀਸਦੀ ਖੋਰਾ ਲਾਇਆ ਹੈ। ਕਾਂਗਰਸੀ ਖੇਮਿਆਂ ਵਿਚ ਮੰਨਿਆ ਜਾ ਰਿਹਾ ਹੈ ਕਿ ਸ਼ ਪ੍ਰਤਾਪ ਸਿੰਘ ਬਾਜਵਾ ਨਾ ਤਾਂ ਸੱਤਾ ਧਿਰ ਦੀਆਂ ਨਾਕਾਮੀਆਂ ਲੋਕਾਂ ਸਾਹਮਣੇ ਨਹੀਂ ਰੱਖ ਸਕੇ ਅਤੇ ਨਾ ਹੀ ਕਾਂਗਰਸ ਨੂੰ ਸਹੀ ਸੇਧ ਦੇ ਸਕੇ ਜਿਸ ਕਰ ਕੇ ਹਾਰ ਦਾ ਮੂੰਹ ਵੇਖਣਾ ਪਿਆ।
ਪਾਰਟੀ ਵਿਚ ਉੱਠ ਰਹੀਆਂ ਬਾਗੀ ਸੁਰਾਂ ਦੌਰਾਨ ਸ਼ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਹਾਈ ਕਮਾਨ ਕੋਲ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਪਰ ਲੀਡਰਸ਼ਿਪ ਨੇ ਉਨ੍ਹਾਂ ਦੀ ਕਾਰਗੁਜ਼ਾਰੀ ਉਪਰ ਤਸੱਲੀ ਪ੍ਰਗਟ ਕਰਦਿਆਂ ਪੰਜਾਬ ਇਕਾਈ ਦੀ ਕਮਾਨ ਜਾਰੀ ਰੱਖਣ ਲਈ ਕਿਹਾ ਹੈ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਵੱਲੋਂ ਸ਼ ਬਾਜਵਾ ਦੇ ਅਸਤੀਫੇ ਲਈ ਵਿਆਪਕ ਪੱਧਰ ‘ਤੇ ਮੁਹਿੰਮ ਜਾਰੀ ਹੈ। ਕੈਪਟਨ ਦੇ ਖੇਮੇ ਨਾਲ ਸਬੰਧਤ ਵਿਧਾਇਕ ਤੇ ਹੋਰ ਆਗੂ ਯੋਜਨਾਬੱਧ ਢੰਗ ਨਾਲ ਸ਼ ਬਾਜਵਾ ਉਪਰ ਸਿਆਸੀ ਹਮਲੇ ਕਰ ਕੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰਦੇ ਆ ਰਹੇ ਹਨ।
ਸ਼ ਬਾਜਵਾ ਨੇ ਕਿਹਾ ਕਿ ਦੇਸ਼ ਵਿਆਪੀ ਮੋਦੀ ਲਹਿਰ ‘ਤੇ ਲੋਕ ਸਭਾ ਚੋਣਾਂ ਦੌਰਾਨ ਪੈਦਾ ਹੋਏ ਸਿਆਸੀ ਮਾਹੌਲ ਦਾ ਹੋਰ ਸੂਬਿਆਂ ਵਾਂਗ ਪੰਜਾਬ ਉਪਰ ਵੀ ਉਲਟ ਅਸਰ ਪਿਆ ਹੈ। ਇਸ ਉਲਟ ਮਾਹੌਲ ਦੌਰਾਨ ਵੀ ਪਾਰਟੀ ਪੰਜਾਬ ਵਿਚ ਤਿੰਨ ਸੀਟਾਂ ਜਿੱਤੀ ਤੇ ਚਾਰ ਸੀਟਾਂ ਤੋਂ 20 ਹਜ਼ਾਰ ਤੋਂ ਘੱਟ ਵੋਟਾਂ ਨਾਲ ਹਾਰੀ। ਕਾਂਗਰਸ ਵੱਲੋਂ ਪਿਛਲੇ ਇਕ ਸਾਲ ਤੋਂ ਅਕਾਲੀ ਦਲ-ਭਾਜਪਾ ਗਠਜੋੜ ਵਿਰੁੱਧ ਡਰੱਗਜ਼, ਰੇਤ-ਬਜਰੀ, ਪ੍ਰਾਪਰਟੀ ਟੈਕਸ, ਪਰਿਵਾਰਵਾਦ, ਥਾਣਿਆਂ ਉਪਰ ਜਥੇਦਾਰਾਂ ਦੇ ਗਲਬੇ ਆਦਿ ਮੁੱਦਿਆਂ ਵਿਰੁੱਧ ਚਲਾਈ ਮੁਹਿੰਮ ਕਾਰਨ ਹੀ ਇਨ੍ਹਾਂ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨੇ ਸਰਕਾਰ ਵਿਰੁੱਧ ਵੱਡੇ ਪੱਧਰ ‘ਤੇ ਗੁੱਸਾ ਕੱਢਿਆ ਹੈ। ਇਹ ਵੱਖਰੀ ਗੱਲ ਹੈ ਕਿ ਸਰਕਾਰ ਵਿਰੁੱਧ ਜਨਤਾ ਵਿਚ ਪੈਦਾ ਹੋਏ ਰੋਸ ਦਾ ਕਾਂਗਰਸ ਨਾਲੋਂ ਆਮ ਆਦਮੀ ਪਾਰਟੀ (ਆਪ) ਨੂੰ ਵੱਧ ਲਾਭ ਹੋਇਆ।
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਇਸ ਦਾਅਵੇ ਨੂੰ ਬੇਤੁਕਾ ਤੇ ਹਾਸੋਹੀਣਾ ਦੱਸਿਆ ਹੈ ਕਿ ਕਾਂਗਰਸ ਹਾਈ ਕਮਾਨ ਨੇ ਉਨ੍ਹਾਂ (ਬਾਜਵਾ) ਦੀ ਪਿੱਠ ਥਾਪੜੀ ਹੈ।
Leave a Reply