ਨਰਿੰਦਰ ਮੋਦੀ ਸਰਕਾਰ ਦੇ ਆਗਾਜ਼ ਦੇ ਦਿਨਾਂ ਤੋਂ ਮਿਲਦੇ ਪ੍ਰਭਾਵ

-ਜਤਿੰਦਰ ਪਨੂੰ
26 ਮਈ ਦੇ ਦਿਨ ਇੱਕ ਸ਼ਾਹੀ ਦਰਬਾਰ ਸਜਾ ਕੇ ਇਸ ਦੇਸ਼ ਦੀ ਕਮਾਨ ਸਾਂਭੀ ਹੈ ਭਾਰਤੀ ਜਨਤਾ ਪਾਰਟੀ ਦੇ ਆਗੂ ਨਰਿੰਦਰ ਮੋਦੀ ਨੇ। ਉਸ ਨੂੰ ਪ੍ਰਧਾਨ ਮੰਤਰੀ ਬਣਾਉਣ ਬਾਰੇ ਕੋਈ ਵਿਵਾਦ ਨਹੀਂ ਛਿੜਿਆ, ਕਿਉਂਕਿ ਇਸ ਮਾਮਲੇ ਵਿਚ ਬਣਦਾ ਹੋਮ-ਵਰਕ ਪਿਛਲੇ ਸਾਲ ਉਦੋਂ ਹੀ ਭਾਜਪਾ ਨੇ ਨਿਬੇੜ ਲਿਆ ਸੀ, ਜਦੋਂ ਮੋਦੀ ਨੂੰ ਇਸ ਅਹੁਦੇ ਲਈ ਬਾ-ਕਾਇਦਾ ਉਮੀਦਵਾਰ ਐਲਾਨ ਕਰ ਦਿੱਤਾ ਸੀ। ਜਿਨ੍ਹਾਂ ਦੇ ਮੂੰਹ ਵਿੰਗੇ ਹੋਣੇ ਸਨ, ਉਹ ਉਦੋਂ ਹੀ ਹੋ ਹਟੇ ਸਨ ਤੇ ਹੁਣ ਮਾੜਾ-ਮੋਟਾ ਇੱਕ ਜਾਂ ਦੂਸਰੀ ਦਾ ਵਜ਼ੀਰੀ ਰੋਸਾ ਹੀ ਰਹਿ ਗਿਆ ਸੀ, ਬਾਕੀ ਸਭ ਮੈਦਾਨ ਸਾਫ ਸੀ। ਜਦੋਂ ਵੀ ਨਵੀਂ ਸਰਕਾਰ ਆਵੇ, ਉਸ ਦੇ ਬਾਰੇ ਖੜੇ ਪੈਰ ਠਾਹ-ਸੋਟਾ ਵਰਗੇ ਪ੍ਰਤੀਕਰਮ ਦੇਣ ਦੀ ਥਾਂ ਕੁਝ ਸੋਚਣਾ ਚਾਹੀਦਾ ਹੈ ਤੇ ਉਸ ਦੇ ਪਿਛਲੇ ਰਾਜਨੀਤਕ ਬਿਆਨਾਂ ਦੇ ਆਧਾਰ ਉਤੇ ਚੀਰ-ਪਾੜ ਸ਼ੁਰੂ ਨਹੀਂ ਕਰ ਦੇਣੀ ਚਾਹੀਦੀ। ਇਹ ਲਿਖਤ ਲਿਖਣ ਵੇਲੇ ਨਵੀਂ ਸਰਕਾਰ ਨੂੰ ਬਣਿਆਂ ਹਾਲੇ ਚਾਰ ਦਿਨ ਲੰਘੇ ਤੇ ਪੰਜਵਾਂ ਸ਼ੁਰੂ ਹੋਇਆ ਹੈ, ਪਰ ਲਿਖਣ ਲਈ ਹੁਣੇ ਹੀ ਬਥੇਰਾ ਕੁਝ ਮਿਲ ਗਿਆ ਹੈ, ਜਿਸ ਵਿਚ ਚੰਗਾ ਵੀ ਹੈ, ਮਾੜਾ ਵੀ। ਸਰਕਾਰ ਕਿੱਦਾਂ ਦੀ ਰਹੇਗੀ, ਚਾਰ ਦਿਨਾਂ ਨਾਲ ਸਾਰਾ ਪਤਾ ਨਹੀਂ ਲੱਗ ਸਕਦਾ, ਪਰ ਕੁਝ ਸੰਕੇਤ ਸਮਝਣ ਵਿਚ ਮਦਦ ਮਿਲ ਸਕਦੀ ਹੈ।
ਸਰਕਾਰ ਦੇ ਸਹੁੰ-ਚੁੱਕ ਸਮਾਗਮ ਵਿਚ ਗਵਾਂਢ ਦੇ ਦੇਸ਼ਾਂ ਦੇ ਮੁਖੀਆਂ ਨੂੰ ਸੱਦਾ ਦੇਣ ਦਾ ਕਈ ਪਾਸਿਓਂ ਵਿਰੋਧ ਹੋਇਆ ਸੀ ਤੇ ਕਈ ਪਾਸਿਆਂ ਤੋਂ ਸਵਾਗਤ ਵੀ। ਅਸੀਂ ਸਮਝਦੇ ਸਾਂ ਕਿ ਕੋਈ ਗਲਤ ਨਹੀਂ ਕੀਤਾ। ਜਿਨ੍ਹਾਂ ਨੇ ਵਿਰੋਧ ਕੀਤਾ, ਉਨ੍ਹਾਂ ਵਿਚ ਸ਼ਿਵ ਸੈਨਾ ਤੇ ਤਾਮਿਲ ਨਾਡੂ ਦੀ ਐਮ ਡੀ ਐਮ ਕੇ ਪਾਰਟੀ ਵਾਲੇ ਬਹੁਤੇ ਲੋਕ ਨਵੀਂ ਸਰਕਾਰ ਦੇ ਆਪਣੇ ਸਨ, ਵਿਰੋਧੀ ਧਿਰ ਵਿਚੋਂ ਵਿਰੋਧ ਦੀਆਂ ਸੁਰਾਂ ਘੱਟ ਉਠੀਆਂ ਸਨ। ਮਥਰਾ ਨੇੜੇ ਇੱਕ ਪਿੰਡ ਵਿਚ ਬੈਠੀ ਹੇਮ ਰਾਜ ਦੀ ਪਤਨੀ ਦਾ ਵਿਰੋਧ ਸਭ ਤੋਂ ਹਕੀਕੀ ਸੀ, ਜਿਸ ਦੇ ਪਤੀ ਦਾ ਸਿਰ ਪਾਕਿਸਤਾਨੀ ਫੌਜੀ ਲਾਹ ਕੇ ਲੈ ਗਏ ਸਨ ਤੇ ਚੋਣਾਂ ਦੌਰਾਨ ਉਸ ਦੇ ਸ਼ਹਿਰ ਜਾ ਕੇ ਨਰਿੰਦਰ ਮੋਦੀ ਸਾਹਿਬ ਨੇ ਤਕਰੀਰ ਕਰਦਿਆਂ ਕਿਹਾ ਸੀ ਕਿ ਮੇਰੀ ਸਰਕਾਰ ਹੇਮ ਰਾਜ ਦੀ ਸ਼ਹੀਦੀ ਨੂੰ ਭੁਲਾਵੇਗੀ ਨਹੀਂ। ਨਵਾਜ਼ ਸ਼ਰੀਫ ਨੂੰ ਸੱਦਣ ਬਾਰੇ ਸੁਣ ਕੇ ਉਸ ਬੀਬੀ ਨੇ ਕਿਹਾ, ਬਿਨਾਂ ਸ਼ੱਕ ਸੱਦ ਲਵੋ, ਪਰ ਉਸ ਦਾ ਸਵਾਗਤ ਕਰਨ ਤੋਂ ਪਹਿਲਾਂ ਮੇਰੇ ਪਤੀ ਦਾ ਸਿਰ ਵਾਪਸ ਮੰਗਣ ਦੀ ਜੁਰਅੱਤ ਤਾਂ ਦਿਖਾਓ। ਉਸ ਬੀਬੀ ਨੇ ਸਹੁੰ-ਚੁੱਕ ਸਮਾਗਮ ਵਾਲੇ ਦਿਨ ਭੁੱਖ-ਹੜਤਾਲ ਰੱਖੀ ਤੇ ਨਵਾਜ਼ ਸ਼ਰੀਫ ਦੇ ਵਾਪਸ ਪਰਤਣ ਤੱਕ ਭੁੱਖੀ ਰਹੀ ਸੀ। ਹਰ ਭਾਰਤੀ ਨੂੰ ਉਸ ਬੀਬੀ ਨਾਲ ਹਕੀਕੀ ਹਮਦਰਦੀ ਹੋਣੀ ਚਾਹੀਦੀ ਹੈ।
ਬੀਬੀ ਦਾ ਦੁੱਖ ਆਪਣੀ ਥਾਂ, ਸਰਕਾਰ ਉਸ ਨੂੰ ਨਜ਼ਰ-ਅੰਦਾਜ਼ ਕਰ ਸਕਦੀ ਹੈ, ਪਰ ਨਵਾਜ਼ ਸ਼ਰੀਫ ਦੇ ਨਾਲ ਨਵੇਂ ਪ੍ਰਧਾਨ ਮੰਤਰੀ ਦੀ ਮੀਟਿੰਗ ਦੇ ਵਿਵਾਦ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੀ। ਮੀਟਿੰਗ ਦਾ ਸਾਰਾ ਪ੍ਰਭਾਵ ਬਹੁਤ ਸੁਲੱਖਣਾ ਦਿੱਤਾ ਗਿਆ ਸੀ, ਪਰ ਇੱਕ ਗੱਲ ਇਸ ਤੋਂ ਪਿੱਛੋਂ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਕਹਿ ਦਿੱਤੀ ਗਈ ਕਿ ਸਾਡੇ ਪ੍ਰਧਾਨ ਮੰਤਰੀ ਨੇ ਸਭ ਕੁਝ ਕਹਿ ਦਿੱਤਾ ਹੈ ਤੇ ਨਵਾਜ਼ ਸ਼ਰੀਫ ਨੇ ਇਸ ਵਾਰੀ ਕਸ਼ਮੀਰ ਦੀ ਗੱਲ ਵੀ ਨਹੀਂ ਸੀ ਛੇੜੀ, ਜਿਸ ਨੂੰ ਹੁਣ ਤੱਕ ਪਾਕਿਸਤਾਨ ਦੇ ਆਗੂ ਪਹਿਲਾ ਏਜੰਡਾ ਰੱਖਿਆ ਕਰਦੇ ਸਨ। ਇਸ ਗੱਲ ਦੇ ਬਾਹਰ ਆਉਣ ਨਾਲ ਕਿਸੇ ਨੇ ਇਹ ਨਹੀਂ ਸੀ ਪੁੱਛਣਾ ਕਿ ਗੱਲ ਸੱਚੀ ਹੈ ਜਾਂ ਨਹੀਂ, ਨਵਾਜ਼ ਸ਼ਰੀਫ ਨੂੰ ਪਾਕਿਸਤਾਨ ਦੇ ਲੋਕਾਂ ਕੋਲ ਸਫਾਈ ਦੇਣੀ ਪੈਣੀ ਸੀ ਤੇ ਉਹ ਪੈ ਗਈ। ਉਸ ਦੇ ਸੁਰੱਖਿਆ ਸਲਾਹਕਾਰ ਨੇ ਕਹਿ ਦਿੱਤਾ ਕਿ ਨਵਾਜ਼ ਸ਼ਰੀਫ ਨੇ ਉਥੇ ਜਾ ਕੇ ਨਰਿੰਦਰ ਮੋਦੀ ਨਾਲ ਮੀਟਿੰਗ ਵਿਚ ਕਸ਼ਮੀਰ ਦਾ ਮੁੱਦਾ ਉਠਾਇਆ ਸੀ ਅਤੇ ਪੂਰੀ ਗੰਭੀਰਤਾ ਨਾਲ ਉਠਾਇਆ ਸੀ। ਇਸ ਦੇ ਪਿੱਛੋਂ ਭਾਰਤ ਸਰਕਾਰ ਦਾ ਬੁਲਾਰਾ ਨਹੀਂ ਬੋਲਿਆ। ਪਾਕਿਸਤਾਨ ਦੇ ਲੋਕਾਂ ਦਾ ਦਿਲ ਏਨੇ ਬਿਆਨ ਨਾਲ ਸਾਫ ਹੋਇਆ ਜਾਂ ਨਹੀਂ, ਇਹ ਉਹ ਜਾਣਦੇ ਹੋਣਗੇ। ਭਾਰਤ ਵਿਚ ਇਸ ਚਰਚਾ ਦਾ ਆਧਾਰ ਬਣ ਗਿਆ ਹੈ ਕਿ ਇਸ ਬਾਰੇ ਪਾਕਿਸਤਾਨ ਦਾ ਬੁਲਾਰਾ ਸੱਚ ਕਹਿੰਦਾ ਹੈ ਕਿ ਸੱਚ ਹਾਲੇ ਵੀ ਉਹੋ ਹੈ, ਜੋ ਪਹਿਲਾਂ ਭਾਰਤ ਵੱਲੋਂ ਕਿਹਾ ਗਿਆ ਸੀ? ਇਧਰੋਂ ਉਕਾਈ ਹੋਈ ਜਾਂ ਓਧਰੋਂ ਚੁਸਤੀ ਖੇਡੀ ਗਈ, ਲੋਕਾਂ ਨੂੰ ਸਥਿਤੀ ਤਾਂ ਸਪੱਸ਼ਟ ਹੋਣੀ ਚਾਹੀਦੀ ਹੈ।
ਕੁਝ ਗੱਲਾਂ ਇਸ ਸਰਕਾਰ ਨੇ ਆਣ ਕੇ ਚੰਗੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਗੁਣ-ਦੋਸ਼ ਦੀ ਪਰਖ ਦੇ ਹਿਸਾਬ ਨਾਲ ਠੀਕ ਕਹਿਣ ਵਿਚ ਸ਼ਾਇਦ ਕਿਸੇ ਨੂੰ ਵੀ ਝਿਜਕ ਨਹੀਂ ਹੋਣੀ ਚਾਹੀਦੀ।
ਪਹਿਲੀ ਇਹ ਕਿ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਵੀ ਕੇ ਸਿੰਘ ਨੂੰ ਮੰਤਰੀ ਭਾਵੇਂ ਬਣਾ ਦਿੱਤਾ, ਪਰ ਨਾਲ ਉਸ ਨੂੰ ਹੋਸ਼ ਨਾਲ ਚੱਲਣ ਦਾ ਸੰਕੇਤ ਦੇ ਦਿੱਤਾ। ਪ੍ਰਚਾਰ ਇਹ ਹੁੰਦਾ ਰਿਹਾ ਕਿ ਉਸ ਨੂੰ ਨਵਾਂ ਰੱਖਿਆ ਮੰਤਰੀ ਬਣਾਇਆ ਜਾਣਾ ਹੈ, ਪਰ ਉਸ ਨੂੰ ਰਾਜ ਮੰਤਰੀ ਦੇ ਦਰਜੇ ਨਾਲ ਉਤਰ ਪੂਰਬ ਦੇ ਵਿਕਾਸ ਲਈ ਤੋਰ ਦਿੱਤਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਕਿ ਫੌਜ ਦਾ ਨਵਾਂ ਮੁਖੀ ਲਾਉਣ ਦੇ ਵਿਰੁਧ ਉਸ ਨੇ ਜਿਹੜੀ ਰੱਟ ਲਾਈ ਸੀ, ਤੇ ਚੋਣਾਂ ਦੇ ਅੰਤਲੇ ਦਿਨਾਂ ਵਿਚ ਇਹ ਕਹਿੰਦਾ ਸੀ ਕਿ ਨਵੀਂ ਸਰਕਾਰ ਬਦਲਣ ਪਿੱਛੋਂ ਮੌਜੂਦਾ ਸਰਕਾਰ ਦਾ ਫੈਸਲਾ ਬਦਲਿਆ ਜਾ ਸਕਦਾ ਹੈ, ਉਸ ਦੀ ਥਾਂ ਨਵੇਂ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਸਾਫ ਕਰ ਦਿੱਤਾ ਹੈ ਕਿ ਬਣਾ ਦਿੱਤਾ ਤਾਂ ਬਣਾ ਦਿੱਤਾ, ਉਸ ਨਿਯੁਕਤੀ ਵਿਚ ਕੋਈ ਦਖਲ ਨਹੀਂ ਦੇਣਾ। ਜਨਰਲ ਵੀ ਕੇ ਸਿੰਘ ਦਾ ਵਿਰੋਧ ਭਾਰਤੀ ਫੌਜ ਦੇ ਹੁਣ ਵਾਲੇ ਮੁਖੀ ਜਨਰਲ ਬਿਕਰਮ ਸਿੰਘ ਨਾਲ ਵੀ ਨਿੱਜੀ ਸੀ, ਨਵੇਂ ਬਣ ਰਹੇ ਮੁਖੀ ਦਲਬੀਰ ਸਿੰਘ ਸੁਹਾਗ ਨਾਲ ਪਹਿਲਾਂ ਦੀਆਂ ਨਿੱਜੀ ਕਿੜਾਂ ਸਨ ਤੇ ਵਿਰੋਧ ਦਾ ਇਕ ਕਾਰਨ ਵੀ ਕੇ ਸਿੰਘ ਦੀ ਇੱਕ ਨਿੱਜੀ ਲੋੜ ਸੀ। ਨਵਾਂ ਚੁਣਿਆ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਜੇ ਪਾਸੇ ਧੱਕ ਦਿੱਤਾ ਜਾਵੇ ਤਾਂ ਅਗਲਾ ਸਭ ਤੋਂ ਸੀਨੀਅਰ ਅਫਸਰ ਜਨਰਲ ਵੀ ਕੇ ਸਿੰਘ ਦਾ ਕੁੜਮ ਹੈ ਤੇ ਸਾਰੇ ਜਾਣਦੇ ਸਨ ਕਿ ਜਨਰਲ ਵੀ ਕੇ ਸਿੰਘ ਆਪਣੀ ਸਰਕਾਰ ਬਣੀ ਦਾ ਲਾਭ ਉਠਾ ਕੇ ਉਸ ਕੁੜਮ ਨੂੰ ਕਲਗੀ ਲਵਾਉਣਾ ਚਾਹੁੰਦਾ ਸੀ, ਜਿਹੜੀ ਲਾਈ ਨਹੀਂ ਗਈ। ਨਵੀਂ ਸਰਕਾਰ ਨੇ ਇਹ ਕੰਮ ਠੀਕ ਕੀਤਾ ਹੈ।
ਦੂਸਰੀ ਚੰਗੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਮੰਤਰੀਆਂ ਨੂੰ ਇਹ ਹਦਾਇਤ ਦੇਣ ਵਾਲੀ ਹੈ ਕਿ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਮੰਤਰਾਲਿਆਂ ਵਿਚ ਅੱਡੇ ਨਹੀਂ ਲਾਉਣ ਦੇਣੇ। ਪਿਛਲੀਆਂ ਸਰਕਾਰਾਂ ਦੌਰਾਨ ਇਹ ਇੱਕ ਰੀਤ ਹੀ ਬਣ ਗਈ ਸੀ। ਵਾਜਪਾਈ ਸਰਕਾਰ ਵਿਚ ਵੀ ਇਹੋ ਕੁਝ ਹੁੰਦਾ ਆਇਆ ਸੀ, ਮਨਮੋਹਨ ਸਿੰਘ ਵੇਲੇ ਵੀ ਮੰਤਰੀਆਂ ਦਾ ਕੰਮ ਉਨ੍ਹਾਂ ਦੇ ਪੁੱਤਰ, ਭਤੀਜੇ ਤੇ ਭਾਣਜੇ ਕਰਦੇ ਸਨ ਤੇ ਹੁਣ ਵੀ ਕਈਆਂ ਨੇ ਤਿਆਰੀ ਕੀਤੀ ਪਈ ਸੀ ਕਿ ਜਿਹੜਾ ਕੰਮ ਸਾਬਕਾ ਰੇਲਵੇ ਮੰਤਰੀ ਪਵਨ ਕੁਮਾਰ ਬਾਂਸਲ ਦਾ ਭਾਣਜਾ ਕਰਦਾ ਸੀ, ਉਹ ਹੁਣ ਆਪਾਂ ਉਥੇ ਜਾ ਕੇ ਕਰਿਆ ਕਰਾਂਗੇ। ਬਾਂਸਲ ਦੀ ਚੰਡੀਗੜ੍ਹ ਵਾਲੀ ਕੋਠੀ ਵਿਚ ਮਾਮੇ ਦੇ ਰੇਲ ਮੰਤਰਾਲੇ ਦੇ ਅਹੁਦਿਆਂ ਦੀ ਸੇਲ ਲਾਈ ਬੈਠਾ ਉਸ ਦਾ ਭਾਣਜਾ ਨੱਬੇ ਲੱਖ ਰੁਪਏ ਲੈਂਦਾ ਫੜਿਆ ਗਿਆ ਸੀ। ਇਹ ਕੰਮ ਹੁਣ ਸਿਰਫ ਮੰਤਰੀਆਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਪਿਛਲੀ ਪਾਰਲੀਮੈਂਟ ਵਿਚ ਕਈ ਮੈਂਬਰਾਂ ਨੇ ਘਰ ਦੇ ਜੀਅ ਨਿੱਜੀ ਸਹਾਇਕ ਬਣਾ ਰੱਖੇ ਸਨ। ਬਹੁਤਿਆਂ ਨੇ ਪੁੱਤਰ, ਧੀ, ਜਵਾਈ ਜਾਂ ਹੋਰ ਨੂੰ ਪੀ ਏ ਲਾਇਆ ਸੀ। ਕੁਝ ਮੈਂਬਰਾਂ ਨੇ ਪਤਨੀ ਨੂੰ ਬਣਾ ਲਿਆ ਤੇ ਕੁਝ ਬੀਬੀਆਂ ਇਹੋ ਜਿਹੀਆਂ ਸਨ, ਜਿਨ੍ਹਾਂ ਨੇ ਸਰਕਾਰੀ ਖਾਤੇ ਵਿਚ ਆਪਣੇ ਪਤੀ ਨੂੰ ਆਪਣਾ ਨਿੱਜੀ ਕਾਰਿੰਦਾ ਲਿਖਵਾ ਕੇ ਉਸ ਦੇ ਨਾਂ ਉਤੇ ਤਨਖਾਹਾਂ, ਭੱਤੇ ਅਤੇ ਹੋਰ ਸਹੂਲਤਾਂ ਲਈਆਂ ਹੋਈਆਂ ਸਨ। ਨਰਿੰਦਰ ਮੋਦੀ ਨੂੰ ਮੰਤਰੀਆਂ ਵਾਲੀ ਇਹੋ ਹਦਾਇਤ ਪਾਰਲੀਮੈਂਟ ਦੇ ਸਪੀਕਰ ਤੇ ਰਾਜ ਸਭਾ ਦੇ ਚੇਅਰਮੈਨ ਤੋਂ ਵੀ ਜਾਰੀ ਕਰਵਾ ਦੇਣੀ ਚਾਹੀਦੀ ਹੈ।
ਵਿਵਾਦਾਂ ਦਾ ਮੁੱਢ ਇਸ ਸਰਕਾਰ ਦੇ ਪਹਿਲੇ ਦੋ ਦਿਨਾਂ ਵਿਚ ਇਸ ਗੱਲ ਨਾਲ ਬੱਝ ਗਿਆ ਕਿ ਮਨੁੱਖੀ ਵਸੀਲੇ ਵਿਕਸਤ ਕਰਨ ਵਾਲੇ ਵਿਭਾਗ ਦੀ ਮੰਤਰੀ ਸਿਮਰਤੀ ਇਰਾਨੀ ਨੂੰ ਬਣਾ ਦਿੱਤਾ ਗਿਆ। ਸਿਮਰਤੀ ਇਰਾਨੀ ਇੱਕ ਟੀ ਵੀ ਸੀਰੀਅਲ ਵਿਚ ਦੇਸੀ ਬਹੂ ਵਜੋਂ ਬਹੁਤ ਸੋਹਣੀ ਕਲਾਕਾਰੀ ਕਰ ਕੇ ਪ੍ਰਸਿੱਧੀ ਪ੍ਰਾਪਤ ਕਰ ਗਈ ਤੇ ਇਸ ਤੋਂ ਅੱਗੇ ਦੀ ਕਲਾਕਾਰੀ ਉਸ ਨੇ ਇਹ ਕੀਤੀ ਕਿ ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ਦਾ ਮੁੱਦਾ ਚਰਚਾ ਵਿਚ ਹੋਣ ਕਾਰਨ ਭਾਜਪਾ ਆਗੂਆਂ ਰਾਹੀਂ ਰਾਜਨੀਤੀ ਵਿਚ ਦੇਸੀ ਬਹੂ ਦਾ ਮੰਚ ਮੱਲਣ ਤੁਰ ਪਈ। ਇੱਕ ਚੋਣ ਉਸ ਨੇ ਇਸੇ ਮੁੱਦੇ ਉਤੇ ਦਿੱਲੀ ਦੇ ਚਾਂਦਨੀ ਚੌਕ ਤੋਂ ਲੜੀ ਤੇ ਹਾਰ ਗਈ, ਪਰ ਭਾਜਪਾ ਦੀ ਆਗੂ ਬਣ ਕੇ ਰਾਜ ਸਭਾ ਵਿਚ ਆਉਣ ਵਿਚ ਕਾਮਯਾਬ ਹੋ ਗਈ। ਇਸ ਵਾਰੀ ਉਸ ਨੇ ਰਾਹੁਲ ਗਾਂਧੀ ਨੂੰ ਅਮੇਠੀ ਜਾ ਕੇ ਚੁਣੌਤੀ ਦਿੱਤੀ ਅਤੇ ਪਹਿਲਾਂ ਤੋਂ ਚੁਣੌਤੀ ਦੇ ਰਹੇ ਆਮ ਆਦਮੀ ਪਾਰਟੀ ਦੇ ਕੁਮਾਰ ਵਿਸ਼ਵਾਸ ਨੂੰ ਪਿੱਛੇ ਧੱਕ ਕੇ ਮੁੱਖ ਵਿਰੋਧੀ ਬਣ ਜਾਣ ਦੀ ਚੜ੍ਹਤ ਤੋਂ ਕੈਬਨਿਟ ਮੰਤਰੀ ਦੀ ਕਲਗੀ ਲਾ ਕੇ ਮਨੁੱਖੀ ਵਸੀਲਿਆਂ ਦੇ ਵਿਕਾਸ ਦੀ ਮੰਤਰੀ ਆਣ ਬਣੀ। ਅਗਲੇ ਦਿਨ ਕਾਂਗਰਸ ਪਾਰਟੀ ਨੇ ਇਸ ਬੀਬੀ ਦੀ ਵਿਦਿਅਕ ਯੋਗਤਾ ਦਾ ਮੁੱਦਾ ਉਠਾ ਦਿੱਤਾ, ਜਿਹੜਾ ਇਸ ਸਰਕਾਰ ਦਾ ਪਹਿਲਾ ਵਿਵਾਦ ਬਣ ਗਿਆ।
ਸਿਮਰਤੀ ਇਰਾਨੀ ਦੇ ਵਿਵਾਦ ਦੇ ਤਿੰਨ ਨੁਕਤੇ ਵਿਚਾਰਨ ਵਾਲੇ ਹਨ। ਪਹਿਲਾ ਇਹ ਕਿ ਜਦੋਂ ਸੰਵਿਧਾਨ ਵਿਚ ਮੰਤਰੀ ਦੀ ਵਿਦਿਅਕ ਯੋਗਤਾ ਦਰਜ ਹੀ ਨਹੀਂ ਤਾਂ ਇਹ ਮੁੱਦਾ ਕਾਂਗਰਸ ਨੂੰ ਪੇਸ਼ ਕਰਨ ਦੀ ਕੀ ਲੋੜ ਸੀ? ਜਦੋਂ ਉਹ ਸਿਮਰਤੀ ਇਰਾਨੀ ਦੀ ਵਿਦਿਅਕ ਯੋਗਤਾ ਪੁੱਛਣਗੇ ਤਾਂ ਕੋਈ ਇੰਦਰਾ ਗਾਂਧੀ ਦੀ ਵਿਦਿਅਕ ਯੋਗਤਾ ਵੀ ਪੁੱਛ ਲਵੇਗਾ ਤੇ ਉਹ ਵੀ ਲੱਗਭੱਗ ਏਨੀ ਕੁ ਹੈ। ਦੋਵਾਂ ਨੇ ਗਰੈਜੂਏਸ਼ਨ ਪਾਸ ਨਹੀਂ ਸੀ ਕੀਤੀ। ਦੂਸਰਾ ਨੁਕਤਾ ਇਹ ਕਿ ਇਸ ਬੀਬੀ ਨੇ ਚਾਂਦਨੀ ਚੌਕ ਦੀ ਚੋਣ ਵਿਚ ਖੁਦ ਨੂੰ ਬੀ ਏ ਪਾਸ ਲਿਖਿਆ ਅਤੇ ਅਮੇਠੀ ਜਾ ਕੇ ਕਾਗਜ਼ ਭਰਨ ਵੇਲੇ ਬੀ ਕਾਮ ਲਿਖ ਦਿੱਤਾ, ਜਦ ਕਿ ਨਾ ਉਹ ਬੀ ਏ ਪਾਸ ਸੀ ਅਤੇ ਨਾ ਬੀ ਕਾਮ ਹੈ, ਪਰ ਇਹ ਸਵਾਲ ਕਾਂਗਰਸੀਆਂ ਨੂੰ ਹੁਣ ਯਾਦ ਕਿਉਂ ਆਇਆ ਹੈ? ਉਸ ਦੇ ਇਹ ਦੋਵੇਂ ਝੂਠੇ ਐਫੀਡੇਵਿਟ ਉਦੋਂ ਅਮੇਠੀ ਦੇ ਲੋਕਾਂ ਸਾਹਮਣੇ ਰੱਖ ਕੇ ਕਹਿਣਾ ਬਣਦਾ ਸੀ ਕਿ ਇਹ ਬੀਬੀ ਆਪਣੀ ਚੋਣ ਦਾ ਮੁੱਢ ਹੀ ਝੂਠ ਬੋਲ ਕੇ ਬੰਨ੍ਹ ਰਹੀ ਹੈ। ਸੱਪ ਨਿਕਲ ਜਾਣ ਤੋਂ ਬਾਅਦ ਲਕੀਰ ਨੂੰ ਸੋਟੇ ਮਾਰਨ ਵਾਂਗ ਹੁਣ ਕਾਂਗਰਸੀਆਂ ਨੂੰ ਉਸ ਦੀ ਵਿਦਿਅਕ ਯੋਗਤਾ ਯਾਦ ਆਈ ਹੈ। ਪੰਜਾਬੀ ਮੁਹਾਵਰਾ ਹੈ ਕਿ ‘ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ’ ਹੁੰਦੀਆਂ ਹਨ। ਕਾਂਗਰਸੀ ਇਹੋ ਕੰਮ ਕਰਦੇ ਹਨ। ਤੀਸਰਾ ਨੁਕਤਾ ਬੀਬੀ ਸਿਮਰਤੀ ਇਰਾਨੀ ਦਾ ਹੈ, ਜਿਹੜੀ ਕਹਿੰਦੀ ਹੈ ਕਿ ਉਸ ਦਾ ਕੰਮ ਵੇਖਣਾ ਚਾਹੀਦਾ ਹੈ, ਸਰਟੀਫਿਕੇਟਾਂ ਬਾਰੇ ਪੁੱਛਣਾ ਫਜ਼ੂਲ ਹੈ। ਜਵਾਬ ਏਨਾ ਦਰੁਸਤ ਹੈ ਕਿ ‘ਕੌਨ ਬਨੇਗਾ ਕਰੋੜਪਤੀ’ ਦਾ ਮੁਕਾਬਲਾ ਜਿੱਤ ਸਕਦਾ ਹੈ, ਪਰ ਬੀਬੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹੋ ਜਿਹਾ ਝੂਠ ਬੋਲ ਕੇ ਚੋਣ ਲੜਨਾ ਭਾਰਤ ਦੇ ਲੋਕ ਪ੍ਰਤੀਨਿਧਤਾ ਐਕਟ ਮੁਤਾਬਕ ਵੀ ਜੁਰਮ ਹੈ ਤੇ ਝੂਠਾ ਐਫੀਡੇਵਿਟ ਕਿਸੇ ਥਾਂ ਦਾਖਲ ਕਰਨਾ ਵੀ ਉਹ ਸਜ਼ਾ ਯੋਗ ਅਪਰਾਧ ਹੈ, ਜਿਸ ਦੇ ਬਦਲੇ ਆਮ ਬੰਦੇ ਨੂੰ ਕਿਸੇ ਵੀ ਪੱਧਰ ਦਾ ਜੱਜ ਕੁਝ ਦਿਨਾਂ ਲਈ ਜੇਲ੍ਹ ਭੇਜਣ ਦਾ ਹੁਕਮ ਦੇ ਸਕਦਾ ਹੈ। ਜੇ ਇਸ ਮੁੱਦੇ ਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿਚ ਕੱਲ੍ਹ ਨੂੰ ਕੋਈ ਲੈ ਗਿਆ, ਉਥੇ ਜਾ ਕੇ ਦੇਸੀ ਬਹੂ ਦੇ ਦੇਸੀ ਨੁਸਖੇ ਨਹੀਂ ਚੱਲਣੇ।
ਉਂਜ ਅਸੀਂ ਇਹ ਦੱਸ ਦੇਈਏ ਕਿ ਇਸ ਸਰਕਾਰ ਵਿਚ ਪੜ੍ਹਾਈ ਦੇ ਸਰਟੀਫਿਕੇਟਾਂ ਦਾ ਵਿਵਾਦ ਸਿਰਫ ਇਸ ਬੀਬੀ ਤੱਕ ਸੀਮਤ ਨਹੀਂ। ਇੱਕ ਮੰਤਰੀ ਦਾ ਨਾਂ ਗੋਪੀ ਨਾਥ ਮੁੰਡੇ ਹੈ। ਵਾਜਪਾਈ ਸਰਕਾਰ ਵਿਚ ਜਿਹੜਾ ਧੜੱਲੇਦਾਰ ਮੰਤਰੀ ਪ੍ਰਮੋਦ ਮਹਾਜਨ ਹੁੰਦਾ ਸੀ ਤੇ ਜਿਸ ਨੂੰ ਬਾਅਦ ਵਿਚ ਉਸ ਦੇ ਸਕੇ ਛੋਟੇ ਭਰਾ ਪ੍ਰਵੀਨ ਮਹਾਜਨ ਨੇ ਕਤਲ ਕਰ ਦਿੱਤਾ ਸੀ, ਇਹ ਗੋਪੀ ਨਾਥ ਮੁੰਡੇ ਉਸ ਪ੍ਰਮੋਦ ਮਹਾਜਨ ਦਾ ਜੀਜਾ ਹੈ। ਮੁੰਡੇ ਦੀ ਵਿੱਦਿਆ ਬਾਰੇ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦਾ ਕਾਨੂੰਨ ਦੀ ਪੜ੍ਹਾਈ ਦਾ ਸਰਟੀਫਿਕੇਟ ਵੀ ਝੂਠਾ ਹੈ। ਉਹ ਇਹ ਕਹਿੰਦਾ ਹੈ ਕਿ ਉਸ ਨੇ ਪੁਣੇ ਦੇ ਇੱਕ ਕਾਲਜ ਤੋਂ 1976 ਵਿਚ ਕਾਨੂੰਨ ਦੀ ਡਿਗਰੀ ਲਈ ਸੀ, ਪਰ ਉਸ ਕਾਲਜ ਦੀ ਵੈਬਸਾਈਟ ਉਤੇ ਦਰਜ ਹੈ ਕਿ ਕਾਲਜ 1978 ਵਿਚ ਚਾਲੂ ਹੋਇਆ ਸੀ। ਜਿਹੜਾ ਕਾਲਜ 1978 ਵਿਚ ਚਾਲੂ ਕੀਤਾ ਗਿਆ, ਉਸ ਕਾਲਜ ਤੋਂ ਦੋ ਸਾਲ ਪਹਿਲਾਂ 1976 ਵਿਚ ਗੋਪੀ ਨਾਥ ਮੁੰਡੇ ਨੇ ਡਿਗਰੀ ਕਿਵੇਂ ਲੈ ਲਈ, ਵਿਵਾਦ ਇਸ ਗੱਲ ਦਾ ਵੀ ਹੈ।
ਜਿਹੜੀ ਗੱਲ ਸਾਡੇ ਲਈ ਹੈਰਾਨੀ ਵਾਲੀ ਹੈ, ਉਹ ਵੀ ਸਿਮਰਤੀ ਇਰਾਨੀ ਦੇ ਕੈਬਨਿਟ ਮੰਤਰੀ ਬਣਾਏ ਜਾਣ ਨਾਲ ਸਬੰਧਤ ਹੈ, ਪਰ ਇਸ ਦੀ ਤੰਦ ਉਸ ਦੇ ਸਰਟੀਫਿਕੇਟਾਂ ਦੀ ਬਜਾਏ ਉਸ ਦੀ ਰਾਜਨੀਤੀ ਨਾਲ ਜੋੜ ਕੇ ਵੇਖੀ ਜਾ ਸਕਦੀ ਹੈ। ‘ਸਿਮਰਤੀ’ ਦਾ ਅਰਥ ਯਾਦਦਾਸ਼ਤ ਹੁੰਦਾ ਹੈ। ਇਸ ਸਿਮਰਤੀ ਨੂੰ ਆਪਣੀਆਂ ‘ਸਿਮਰਤੀਆਂ’, ਯਾਦਾਂ ਦੇ ਝਰੋਖੇ ਵਿਚੋਂ ਕੁਝ ਯਾਦ ਆਵੇ ਜਾਂ ਨਾ, ਹੋਰ ਲੋਕਾਂ ਨੂੰ ਯਾਦ ਆ ਸਕਦਾ ਹੈ। ਜਦੋਂ ‘ਇੰਡੀਆ ਸ਼ਾਈਨਿੰਗ’ ਦੇ ਸਾਰੇ ਢੋਲ-ਢਮੱਕੇ ਦੇ ਬਾਵਜੂਦ ਵਾਜਪਾਈ ਸਾਹਿਬ ਦੀ ਸਰਕਾਰ ਨੂੰ ਜਿੱਤ ਨਸੀਬ ਨਹੀਂ ਸੀ ਹੋ ਸਕੀ, ਉਸ ਦੇ ਕੁਝ ਦਿਨਾਂ ਪਿੱਛੋਂ ਇਸੇ ਸਿਮਰਤੀ ਇਰਾਨੀ ਦਾ ਇੱਕ ਬਿਆਨ ਆਇਆ ਸੀ ਕਿ ਗੁਜਰਾਤ ਦੇ ਦੰਗਿਆਂ ਨੇ ਭਾਜਪਾ ਦੇ ਭਾਂਡੇ ਮੂਧੇ ਮਰਵਾ ਦਿੱਤੇ ਹਨ ਤੇ ਜੇ ਨਰਿੰਦਰ ਮੋਦੀ ਨੇ ਅਸਤੀਫਾ ਨਾ ਦਿੱਤਾ, ਮੈਂ ਮਰਨ ਵਰਤ ਰੱਖਾਂਗੀ। ਸਾਰੇ ਦੇਸ਼ ਵਿਚ ਉਸ ਦੇ ਇਸ ਬਿਆਨ ਨਾਲ ਸਨਸਨੀ ਫੈਲ ਗਈ। ਸਿਰਫ ਦੋ ਦਿਨ ਬਾਅਦ ਕਿਸੇ ਥਾਂ ਸ਼ੂਟਿੰਗ ਕਰਨ ਰੁੱਝੀ ਹੋਈ ਸਿਮਰਤੀ ਨੂੰ ਬਾਹਰ ਸੱਦ ਕੇ ਲਿਖਿਆ ਹੋਇਆ ਮੁਆਫੀਨਾਮਾ ਦਿੱਤਾ ਗਿਆ ਅਤੇ ਟੀ ਵੀ ਚੈਨਲਾਂ ਦੇ ਕੈਮਰਿਆਂ ਅੱਗੇ ਪੜ੍ਹਨ ਨੂੰ ਕਿਹਾ ਗਿਆ ਸੀ। ਕਮਾਲ ਦੀ ਗੱਲ ਹੈ ਕਿ ਜਿਹੜੀ ਬੀਬੀ ਪਹਿਲਾਂ ਨਰਿੰਦਰ ਮੋਦੀ ਦਾ ਅਸਤੀਫਾ ਮੰਗਣ ਲਈ ਮਰਨ-ਵਰਤ ਰੱਖਣ ਦਾ ਐਲਾਨ ਕਰਦੀ ਸੀ, ਫਿਰ ਮੋਦੀ ਸਾਹਿਬ ਦੇ ਇਨੇ ਭਰੋਸੇ ਦੀ ਪਾਤਰ ਬਣ ਗਈ ਕਿ ਪਾਰਲੀਮੈਂਟ ਦੇ ਉਤਲੇ ਸਦਨ ਰਾਜ ਸਭਾ ਵਿਚ ਜਾਣ ਲਈ ਉਮੀਦਵਾਰ ਵਜੋਂ ਉਸ ਦਾ ਨਾਂ ਨਰਿੰਦਰ ਮੋਦੀ ਨੇ ਆਪ ਪੇਸ਼ ਕੀਤਾ। ਅਮੇਠੀ ਤੋਂ ਉਮੀਦਵਾਰ ਵੀ ਉਹ ਮੋਦੀ ਦੇ ਕਹੇ ਉਤੇ ਬਣੀ। ਕੈਬਨਿਟ ਵਿਚ ਵੀ ਉਸ ਨੂੰ ਇਨਾ ਮਹੱਤਵ ਓਸੇ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਕਾਰਨ ਮਿਲ ਸਕਿਆ, ਜਿਸ ਦਾ ਮੁੱਖ ਮੰਤਰੀ ਰਹਿਣਾ ਉਸ ਨੂੰ ਪਸੰਦ ਨਹੀਂ ਸੀ ਤੇ ਮਰਨ-ਵਰਤ ਰੱਖਣ ਤੁਰ ਪਈ ਸੀ। ਕੁਝ ਲੋਕ ਆਖਦੇ ਹਨ ਕਿ ਉਹ ਭਾਜਪਾ ਦੀ ਦੂਸਰੀ ਸੁਸ਼ਮਾ ਸਵਰਾਜ ਹੈ। ਇਦਾਂ ਹੋ ਵੀ ਸਕਦਾ ਹੈ। ਸੁਸ਼ਮਾ ਸਵਰਾਜ ਵੀ ਡਿਸਾਈ ਸਰਕਾਰ ਦੇ ਟੁੱਟਣ ਪਿੱਛੋਂ ਜਨਤਾ ਪਾਰਟੀ ਵਿਚ ਰਹਿ ਕੇ ਨਵੀਂ ਬਣ ਰਹੀ ਭਾਜਪਾ ਅਤੇ ਇਸ ਦੇ ਪਿੱਛੇ ਖੜੇ ਆਰ ਐਸ ਐਸ ਦੇ ਵਿਰੁਧ ਝੰਡਾ ਚੁੱਕਣ ਵਾਲਿਆਂ ਨਾਲ ਖੜੀ ਸੀ, ਪਰ ਪਿੱਛੋਂ ਇਸੇ ਭਾਰਤੀ ਜਨਤਾ ਪਾਰਟੀ ਦੀ ਆਗੂ ਆ ਬਣੀ ਸੀ। ਸਿਮਰਤੀ ਦੂਸਰੀ ਸੁਸ਼ਮਾ ਸਵਰਾਜ ਬਣੇ ਜਾਂ ਨਾ ਬਣੇ, ਰਾਜਨੀਤੀ ਦੇ ਖੇਤਰ ਵਿਚ ਸੱਚਮੁੱਚ ਕਮਾਲ ਦੀ ਕਲਾਕਾਰ ਨਿਕਲੀ ਹੈ ‘ਦੇਸੀ ਬਹੂ’।

Be the first to comment

Leave a Reply

Your email address will not be published.