‘ਆਪ’ ਵਲੋਂ ਪੰਜਾਬ ਵਿਚ ਪਾਰਟੀ ਦਾ ਸਮੁੱਚਾ ਢਾਂਚਾ ਨਵਿਆਉਣ ਦਾ ਫੈਸਲਾ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦੀ ਕਨਵੀਨਰਸ਼ਿਪ ਨੂੰ ਲੈ ਕੇ ਉੱਠੇ ਵਿਵਾਦ ਨੂੰ ਸ਼ਾਤ ਕਰਨ ਲਈ ਪਾਰਟੀ ਵੱਲੋਂ ਸੂਬੇ ਦੇ ਸਮੁੱਚੇ ਢਾਂਚੇ ਨੂੰ ਨਵਿਆਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਕਾਰਜ ਲਈ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਨਿਗਰਾਨ ਲਗਾਇਆ ਹੈ। ਉਹ ਸੰਸਦ ਦੇ 11 ਜੂਨ ਨੂੰ ਖਤਮ ਹੋਣ ਵਾਲੇ ਇਜਲਾਸ ਮਗਰੋਂ ਤਿੰਨ ਦਿਨਾਂ ਲਈ ਪੰਜਾਬ ਆਉਣਗੇ ਤੇ ਸੂਬਾਈ ਆਗੂਆਂ ਅਤੇ ਵਲੰਟੀਅਰਾਂ ਦੇ ਵਿਚਾਰ ਹਾਸਲ ਕਰਕੇ ਕੇਂਦਰੀ ਲੀਡਰਸ਼ਿਪ ਨੂੰ ਆਪਣੀ ਰਿਪੋਰਟ ਦੇਣਗੇ।
ਪਾਰਟੀ ਦੇ ਹਲਕਿਆਂ ਮੁਤਾਬਕ ਇਸ ਮੌਕੇ ਪਾਰਟੀ ਦੀਆਂ ਸੂਬੇ ਵਿਚਲੀਆਂ ਪਹਿਲਾਂ ਬਣਾਈਆਂ ਹੋਈਆਂ ਸਾਰੀਆਂ ਕਮੇਟੀਆਂ ਨੂੰ ਭੰਗ ਕਰਨ ਉੱਤੇ ਵੀ ਸਹਿਮਤੀ ਹੋ ਗਈ ਹੈ। ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਪਾਰਟੀ ਦੇ ਦੋ ਸੰਸਦ ਮੈਂਬਰਾਂ ਭਗਵੰਤ ਮਾਨ ਤੇ ਡਾ ਧਰਮਵੀਰ ਗਾਂਧੀ ਤੋਂ ਇਲਾਵਾ ਪਾਰਟੀ ਦੇ ਹਾਰੇ ਹੋਏ ਉਮੀਦਵਾਰ ਡਾæ ਦਲਜੀਤ ਸਿੰਘ, ਭਾਈ ਬਲਦੀਪ ਸਿੰਘ, ਜੋਤੀ ਮਾਨ, ਯਾਮਿਨੀ ਗੋਮਰ, ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ, ਜੱਸੀ ਜਸਰਾਜ ਵੀ ਹਾਜ਼ਰ ਸਨ। ਇਸ ਮੌਕੇ ਪਾਰਟੀ ਦੀ ਭੰਗ ਕੀਤੀ ਗਈ ਸੂਬਾਈ ਕਮੇਟੀ ਦੇ ਆਗੂਆਂ ਪ੍ਰੋæ ਮਨਜੀਤ ਸਿੰਘ ਤੇ ਗੁਲਸ਼ਨ ਛਾਬੜਾ ਨੇ ਵੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ।
ਸ੍ਰੀ ਕੇਜਰੀਵਾਲ ਨੇ ਪਾਰਟੀ ਦੀ ਕਨਵੀਨਰੀ ਨੂੰ ਲੈ ਕੇ ਵਾਪਰੀਆਂ ਘਟਨਾਵਾਂ ਨੂੰ ਪਾਰਟੀ ਲਈ ਮੰਦਭਾਗਾ ਦੱਸਿਆ ਤੇ ਸਾਰੇ ਆਗੂਆਂ ਨੂੰ ਜਥੇਬੰਦਕ ਢਾਂਚੇ ਬਾਰੇ ਮੀਡੀਆ ਵਿਚ ਕੋਈ ਵੀ ਬਿਆਨ ਨਾ ਦੇਣ ਦੀ ਨਸੀਹਤ ਕੀਤੀ। ਫੈਸਲਾ ਕੀਤਾ ਗਿਆ ਕਿ ਪਾਰਟੀ ਦੇ ਸਮੁੱਚੇ ਢਾਂਚੇ ਦੀ ਉਸਾਰੀ ਦਾ ਕੰਮ ਹੁਣ ਹੇਠਲੇ ਪੱਧਰ ਤੋਂ ਆਰੰਭ ਕੀਤਾ ਜਾਵੇਗਾ, ਜਿਸ ਤਹਿਤ ਪਹਿਲਾਂ ਪਿੰਡ, ਬੂਥ ਅਤੇ ਵਾਰਡ ਪੱਧਰ ਉੱਤੇ ਇੰਚਾਰਜਾਂ ਦੀ ਚੋਣ ਕੀਤੀ ਜਾਵੇਗੀ, ਜਿਸ ਮਗਰੋਂ ਸਰਕਲ, ਬਲਾਕ, ਜ਼ਿਲ੍ਹਾ ਅਤੇ ਫਿਰ ਸੂਬਾ ਪੱਧਰ ਦਾ ਢਾਂਚਾ ਉਸਾਰਿਆ ਜਾਵੇਗਾ। ਇੰਚਾਰਜਾਂ ਦੀ ਚੋਣ ਪਾਰਟੀ ਲਈ ਲੋਕ ਸਭਾ ਚੋਣਾਂ ਵਿਚ ਕੀਤੇ ਗਏ ਕੰਮ ਦੇ ਆਧਾਰ ਉੱਤੇ ਹੋਵੇਗੀ। ਇੰਚਾਰਜਾਂ ਨੂੰ ਆਪਣੇ ਨਾਲ ਬਾਕੀ ਮੈਂਬਰ ਨਿਯੁਕਤ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ। ਅਜਿਹੇ ਢਾਂਚੇ ਦੀ ਚੋਣ ਬਾਰੇ ਮਨੀਸ਼ ਸਿਸੋਦੀਆ ਸੂਬੇ ਦੇ ਤਿੰਨ ਦਿਨਾਂ ਦੌਰੇ ਦੌਰਾਨ ਸਾਰੇ ਜ਼ਿਲ੍ਹਿਆਂ ਵਿਚ ਪਾਰਟੀ ਵਲੰਟੀਅਰਾਂ ਨਾਲ ਮੀਟਿੰਗਾਂ ਕਰਨਗੇ।
__________________________________________
ਆਮ ਆਦਮੀ ਪਾਰਟੀ ਨਕਸਲੀ ਪਿਛੋਕੜ ਵਾਲੀ: ਕੈਪਟਨ ਅਮਰਿੰਦਰ
ਪਟਿਆਲਾ: ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨਕਸਲੀ ਪਿਛੋਕੜ ਵਾਲੀ ਪਾਰਟੀ ਹੈ ਜਿਸ ਕਰਕੇ ਲੋਕਾਂ, ਖਾਸ ਕਰਕੇ ਨੌਜਵਾਨ ਵਰਗ ਦਾ ਏਸ ਨਾਲ ਜੁੜਨਾ ਸਮਾਜ ਲਈ ਘਾਤਕ ਹੈ।
ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਕ੍ਰਿਸ਼ਨ ਪੁਰੀ ਦੀ ਅਗਵਾਈ ਹੇਠ ਅਮਰ ਆਸ਼ਰਮ ਵਿਚ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲਹਿਰ ਵਿਚੋਂ ਉੱਭਰੀ ਕੋਈ ਵੀ ਧਿਰ ਬਹੁਤੀ ਦੇਰ ਤੱਕ ਪੱਕੇ ਤੌਰ ‘ਤੇ ਨਹੀਂ ਉਭਰ ਸਕਦੀ, ਸਥਿਰ ਨਹੀਂ ਰਹਿ ਸਕਦੀ। ‘ਆਪ’ ਨੂੰ ਵੀ ਇਸੇ ਕੜੀ ਦਾ ਹਿੱਸਾ ਗਰਦਾਨਦਿਆਂ, ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਆਖਿਆ ਕਿ ਇਸ ਦੇ ਬਹੁਤੇ ਆਗੂਆਂ ਦੀ ਸੀæਪੀæਐਮ ( ਐਲ) ਦੇ ਨਾਲ ਸਾਂਝ ਰਹੀ ਹੈ। ਇਸ ਬਾਰੇ ਉਨ੍ਹਾਂ ਨੇ ਬਾਕਾਇਦਾ ਪਟਿਆਲਾ ਤੋਂ ਐਮæਪੀ ਬਣੇ ਡਾਕਟਰ ਧਰਮਵੀਰ ਗਾਂਧੀ ਤੇ ਫਰੀਦਕੋਟ ਦੇ ਐਮæਪੀ ਪ੍ਰੋæ ਸਾਧੂ ਸਿੰਘ ਦਾ ਉਚੇਚਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਇਹ ਦੋਵੇਂ ਭਾਵੇਂ ਕਿ ਸਤਿਕਾਰਯੋਗ ਹਨ, ਪਰ ਦੋਵਾਂ ਦੀ ਪਹਿਲਾਂ ਸੀæਪੀæਐਮ (ਐਲ) ਨਾਲ ਸਾਂਝ ਰਹੀ ਹੈ। ਉਨ੍ਹਾਂ ਕਿਹਾ ਕਿ ਵਧੀਆ ਸੋਚ ਇਹੀ ਹੈ ਕਿ ਲੋਕ ਸਥਿਰ ਪਾਰਟੀ ਨਾਲ ਜੁੜਨ। ਲੋਕਾਂ ਨੇ ਭਾਵੇਂ ‘ਆਪ’ ਦੇ ਚਾਰ ਉਮੀਦਵਾਰ ਜਿਤਾ ਵੀ ਦਿੱਤੇ, ਪਰ ਲੋਕ ਸਭਾ ਵਿਚ ਮਜ਼ਬੂਤ ਆਧਾਰ ਨਾ ਹੋਣ ਕਰਕੇ ਇਸ ਦਾ ਪੰਜਾਬ ਦੇ ਲੋਕਾਂ ਨੂੰ ਬਹੁਤਾ ਫਾਇਦਾ ਨਹੀਂ ਹੋਣਾ। ਇਸ ਬਾਰੇ ਉਨ੍ਹਾਂ ਨੇ ਅਕਾਲੀ ਦਲ (ਅ) ਦੀ ਉਦਾਹਰਨ ਦਿੰਦਿਆਂ ਕਿਹਾ ਕਿ ਲੋਕਾਂ ਨੇ ਸ੍ਰੀ ਸਿਮਰਨਜੀਤ ਸਿੰਘ ਮਾਨ ਨੂੰ ਰਿਕਾਰਡ ਵੋਟਾਂ ਨਾਲ ਜਿਤਾ ਕੇ ਭੇਜਿਆ ਸੀ, ਪਰ ਉਹ ਉਥੇ ਜਾ ਕੇ ਤਲਵਾਰ ਦੇ ਮਾਮਲੇ ਵਿਚ ਹੀ ਉਲਝ ਕੇ ਰਹਿ ਗਏ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਦੀਆਂ ਦੋਵੇਂ ਪ੍ਰਮੁੱਖ ਧਿਰਾਂ ਆਪਸ ਵਿਚ ਕੱਟੜ ਵਿਰੋਧੀ ਹੋਣ ਦੇ ਬਾਵਜੂਦ ਕਿਸੇ ਤੀਜੀ ਧਿਰ ਨੂੰ ਕੋਸ ਰਹੀਆਂ ਹਨ। ਹਾਲ ਹੀ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ‘ਆਪ’ ਦਾ ਕੋਈ ਆਧਾਰ ਨਾ ਹਣ ਦੀ ਗੱਲ ਕਰਕੇ ਹਟੇ ਹਨ।
ਉਨ੍ਹਾਂ ਦੁਹਰਾਇਆ ਕਿ ‘ਆਪ’ ਦੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਤੇ ਪ੍ਰੋæ ਸਾਧੂ ਸਿੰਘ 1960 ਦੇ ਦਹਾਕੇ ਦੌਰਾਨ ਉੱਠੀ ਨਕਸਲਵਾਦੀ ਲਹਿਰ ਵਿਚ ਸਰਗਰਮ ਸਨ। ਉਨ੍ਹਾਂ ਨੇ ‘ਆਪ’ ਨੂੰ ਚੁਣੌਤੀ ਦਿੱਤੀ ਕਿ ਜੇਕਰ ਇਹ ਗੱਲ ਸਹੀ ਨਹੀਂ ਹੈ ਤਾਂ ਪਾਰਟੀ ਇਨ੍ਹਾਂ ਆਗੂਆਂ ਦੀ ਅੰਦੋਲਨ ਵਿਚ ਸ਼ਮੂਲੀਅਤ ਨਾ ਹੋਣ ਦੀ ਗੱਲ ਨੂੰ ਨਕਾਰੇ। ਸਾਬਕਾ ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੇ ਡਾæ ਦਲਜੀਤ ਸਿੰਘ ਨੂੰ ਨਕਸਲੀ ਨਹੀਂ ਕਿਹਾ। ਪਟਿਆਲਾ ਤੋਂ ਐਮæਪੀæ ਡਾæ ਧਰਮਵੀਰ ਗਾਂਧੀ ਤੇ ਫ਼ਰੀਦਕੋਟ ਤੋਂ ਐਮæਪੀæ ਪ੍ਰੋæ ਸਾਧੂ ਸਿੰਘ ਸਮੇਤ ਹੁਣ ਪਟਿਆਲਾ ਵਿਧਾਨ ਸਭਾ ਸੀਟ ਤੋਂ ਜ਼ਿਮਨੀ ਚੋਣ ਲੜਨ ਦੀ ਯੋਜਨਾ ਬਣਾ ਰਹੇ ਡਾæ ਬਲਬੀਰ ਸਿੰਘ ਵੀ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ-ਲੈਨਿਨਵਾਦੀ) ਦੀਆਂ ਗਤੀਵਿਧੀਆਂ ਵਿਚ ਸ਼ਾਮਲ ਸਨ। ਉਹ ਜਾਣਕਾਰੀ ਇਕੱਤਰ ਕਰ ਰਹੇ ਹਨ ਤੇ ਜਲਦੀ ਹੋਰ ਖੁਲਾਸੇ ਵੀ ਕਰਨਗੇ। ਇਹ ਲੋਕ ਸੂਬੇ ਦੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਗਲਤ ਰਾਹ ਤੋਰਨ ਦਾ ਯਤਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਕ ਸਭਾ ਵਿਚ ਉਹ ਨਸ਼ਿਆਂ ਦਾ ਮਾਮਲਾ ਪ੍ਰਮੁੱਖਤਾ ਨਾਲ ਉਭਾਰਨਗੇ। ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਅਸਤੀਫੇ ਦੇ ਮਾਮਲੇ ‘ਤੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਦੀ ਹੋਈ ਹਾਰ ਦੀ ਜ਼ਿੰਮੇਵਾਰੀ ਕਬੂਲਦਿਆਂ, ਉਨ੍ਹਾਂ ਨੂੰ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦੇਣਾ ਚਾਹੀਦਾ ਹੈ। ਇਸੇ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਉਪ ਚੋਣ ਲਈ ਕਮਰਕਸੇ ਕਰਨ ਦਾ ਸੱਦਾ ਵੀ ਦਿੱਤਾ। ਹਾਰ ਤੋਂ ਬਾਅਦ ਸ੍ਰੀਮਤੀ ਪਰਨੀਤ ਕੌਰ ਵੀ ਸਿੱਧੇ ਤੌਰ ‘ਤੇ ਪਹਿਲੀ ਵਾਰ ਲੋਕਾਂ ਦੇ ਸਨਮੁਖ ਹੋਏ।

Be the first to comment

Leave a Reply

Your email address will not be published.