ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ

ਡਾæ ਗੁਰਨਾਮ ਕੌਰ, ਕੈਨੇਡਾ
ਇਸ ਸਲੋਕ ਵਿਚ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਨਾਮ ਦੀ ਵਡਿਆਈ ਦੱਸ ਰਹੇ ਹਨ ਕਿ ਇਹ ਹਰ ਤਰ੍ਹਾਂ ਦੀਆਂ ਸੰਸਾਰਕ ਪ੍ਰਾਪਤੀਆਂ ਅਤੇ ਨਿਹਮਤਾਂ ਤੋਂ ਉਤੇ ਹੈ ਅਤੇ ਨਾਮ ਦੀ ਦਾਤ ਦੀ ਪ੍ਰਾਪਤੀ ਅਕਾਲ ਪੁਰਖ ਦੀ ਮਿਹਰ ਰਾਹੀਂ ਪ੍ਰਾਪਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਹਰ ਤਰ੍ਹਾਂ ਦੀਆਂ ਸੰਸਾਰਕ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹਨ ਕਿ ਜੇ ਮੈਂ ਅੱਗ ਨੂੰ ਆਪਣਾ ਪਹਿਰਾਵਾ ਬਣਾ ਲਵਾਂ ਜਾਂ ਬਰਫ ਦਾ ਘਰ ਬਣਾ ਕੇ ਰਹਿਣ ਲੱਗ ਪਵਾਂ, ਲੋਹੇ ਵਰਗੀ ਸਖ਼ਤ ਵਸਤੂ ਨੂੰ ਖਾ ਸਕਦਾ ਹੋਵਾਂ, ਭਾਵ ਮੇਰੇ ਅੰਦਰ ਏਨੀ ਮਾਨਸਿਕ ਸ਼ਕਤੀ ਆ ਜਾਵੇ ਕਿ ਅੱਗ ਵਰਗੀ ਸਾੜ ਦੇਣ ਵਾਲੀ ਵਸਤੂ ਅਤੇ ਬਰਫ ਵਰਗੀ ਠੰਢੀ ਵਸਤੂ ਜੋ ਸਰੀਰ ਵਿਚ ਲਹੂ ਨੂੰ ਵੀ ਜਮਾ ਦਿੰਦੀ ਹੈ, ਲੋਹਾ ਜਿਸ ਨੂੰ ਜੀਵ ਵਾਸਤੇ ਖਾ ਸਕਣਾ ਮੁਸ਼ਕਿਲ ਹੀ ਨਹੀਂ, ਅਸੰਭਵ ਵੀ ਹੈ, ਸਹਿਣ ਦੀ ਸ਼ਕਤੀ ਆ ਜਾਵੇ ਤਾਂ ਇਹ ਪ੍ਰਾਪਤੀਆਂ ਅਕਾਲ ਪੁਰਖ ਦੇ ਨਾਮ ਦੀ ਪ੍ਰਾਪਤੀ ਦੇ ਸਾਹਮਣੇ ਤੁੱਛ ਹਨ। ਜੇ ਮੇਰੇ ਵਿਚ ਏਨੀ ਤਾਕਤ ਆ ਜਾਵੇ ਕਿ ਮੈਂ ਸਾਰੇ ਦੁੱਖਾਂ ਨੂੰ ਪਾਣੀ ਵਾਂਗ ਪੀ ਲਵਾਂ ਅਰਥਾਤ ਸਾਰੇ ਦੁੱਖਾਂ ਨੂੰ ਅਰਾਮ ਨਾਲ ਸਹਾਰ ਸਕਦਾ ਹੋਵਾਂ ਅਤੇ ਸਾਰੀ ਧਰਤੀ ‘ਤੇ ਮੇਰਾ ਹੁਕਮ ਚੱਲਦਾ ਹੋਵੇ, ਸਾਰੀ ਧਰਤੀ ਮੇਰੇ ਹੁਕਮ ਅਨੁਸਾਰ ਚੱਲ ਰਹੀ ਹੋਵੇ, ਜੇ ਮੈਂ ਤੱਕੜੀ ਵਿਚ ਅਸਮਾਨ ਨੂੰ ਰੱਖ ਕੇ ਉਸ ਦੇ ਦੂਸਰੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ, ਜੇ ਮੈਂ ਆਪਣੇ ਸਰੀਰ ਦਾ ਆਕਾਰ ਏਨਾ ਵੱਡਾ ਕਰ ਸਕਦਾ ਹੋਵਾਂ ਕਿ ਇਹ ਕਿਧਰੇ ਸਮਾ ਹੀ ਨਾ ਸਕੇ ਅਤੇ ਸੰਸਾਰ ਦੇ ਸਾਰੇ ਜੀਵਾਂ ਨੂੰ ਆਪਣੇ ਹੁਕਮ ਵਿਚ ਚਲਾ ਸਕਦਾ ਹੋਵਾਂ, ਜੇ ਮੈਂ ਏਨਾ ਤਾਕਤਵਰ ਹੋ ਜਾਵਾਂ ਕਿ ਜੋ ਚਾਹੇ ਕਰਾਂ ਅਤੇ ਆਪਣੇ ਹੁਕਮ ਨਾਲ ਦੂਸਰਿਆਂ ਪਾਸੋਂ ਕਰਵਾ ਸਕਾਂ ਤਾਂ ਵੀ ਇਹ ਸਾਰੀਆਂ ਪ੍ਰਾਪਤੀਆਂ ਅਕਾਲ ਪੁਰਖ ਦੇ ਨਾਮ ਦੇ ਸਾਹਮਣੇ ਤੁੱਛ ਹਨ।
ਉਹ ਅਕਾਲ ਪੁਰਖ ਜੋ ਸਭ ਦਾ ਮਾਲਕ ਹੈ, ਜਿੱਡਾ ਵੱਡਾ ਆਪ ਹੈ, ਓਨੀਆਂ ਵੱਡੀਆਂ ਹੀ ਉਸ ਦੀਆਂ ਬਖ਼ਸ਼ਿਸ਼ਾਂ ਹਨ ਅਤੇ ਜੇ ਉਹ ਆਪਣੀ ਰਜ਼ਾ ਦਾ ਸੁਆਮੀ ਅਕਾਲ ਪੁਰਖ ਹੋਰ ਵੀ ਬੇਅੰਤ ਦਾਤਾਂ ਦੇ ਦੇਵੇ ਤਾਂ ਉਹ ਵੀ ਉਸ ਦੇ ਨਾਮ ਦੇ ਸਾਹਮਣੇ ਤੁੱਛ ਹਨ। ਇਸ ਆਪਣੇ ਸੱਚੇ ਨਾਮ ਦੀ ਦਾਤ ਦੀ ਵਡਿਆਈ ਅਕਾਲ ਪੁਰਖ ਉਸ ਨੂੰ ਬਖਸ਼ਿਸ਼ ਕਰਦਾ ਹੈ ਜਿਸ ‘ਤੇ ਉਸ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਜਿਸ ‘ਤੇ ਉਹ ਆਪਣੀ ਮਿਹਰ ਕਰਦਾ ਹੈ। ਉਸ ਦੇ ਨਾਮ ਦੀ ਬਰਕਤ ਹਰ ਤਰ੍ਹਾਂ ਦੀਆਂ ਤਾਕਤਾਂ ਨਾਲੋਂ ਵੱਧ ਹੈ,
ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ॥
ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ॥æææ
ਜੇਵਡੁ ਸਾਹਿਬੁ ਤੇਵਡ ਦਾਤੀ ਦੈ ਦੈ ਕਰੇ ਰਜਾਈ॥
ਨਾਨਕ ਨਦਰਿ ਜਿਸੁ ਉਪਰਿ ਸਚਿ ਨਾਮਿ ਵਡਿਆਈ॥੧॥ (ਪੰਨਾ ੧੪੬)
ਇਸ ਤੋਂ ਅਗਲਾ ਸਲੋਕ ਗੁਰੂ ਅੰਗਦ ਦੇਵ ਦਾ ਹੈ ਜਿਸ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਤ੍ਰਿਸ਼ਨਾ ਨਾਲ ਮਾਰੇ ਹੋਏ ਮਨੁੱਖ ਦੀ ਕਿਸੇ ਤਰ੍ਹਾਂ ਨਾਲ ਵੀ ਤ੍ਰਿਪਤੀ ਨਹੀਂ ਹੁੰਦੀ। ਉਸ ਦੀ ਭੁੱਖ ਤਾਂ ਹੀ ਮਿਟਦੀ ਹੈ ਜੇ ਉਹ ਉਸ ਗੁਣਾਂ ਦੇ ਭੰਡਾਰ ਅਕਾਲ ਪੁਰਖ ਦੇ ਗੁਣ ਗਾਵੇ ਅਤੇ ਗੁਣ ਗਾਉਂਦਿਆਂ ਹੋਇਆਂ ਉਸ ਵਿਚ ਲੀਨ ਹੋ ਜਾਵੇ। ਗੁਰੂ ਅੰਗਦ ਦੇਵ ਦੱਸਦੇ ਹਨ, ਮਨੁੱਖ ਦਾ ਮੂੰਹ ਬੋਲ ਬੋਲ ਕੇ ਰੱਜਦਾ ਨਹੀਂ ਕਿਉਂਕਿ ਉਸ ਨੂੰ ਬੋਲਣ ਦਾ ਚਸਕਾ ਹੁੰਦਾ ਹੈ। ਇਸੇ ਤਰ੍ਹਾਂ ਕੰਨ ਗੱਲਾਂ ਸੁਣ ਸੁਣ ਕੇ ਅਤੇ ਅੱਖਾਂ ਦੁਨੀਆਂ ਦੇ ਰੰਗ ਤਮਾਸ਼ੇ ਦੇਖ ਦੇਖ ਕੇ ਨਹੀਂ ਰੱਜਦੀਆਂ। ਮਨੁੱਖ ਦੇ ਇਹ ਸਾਰੇ ਇੰਦਰੇ ਇੱਕ ਇੱਕ ਕਿਸਮ ਦੇ ਗੁਣਾਂ ਦੇ, ਰਸਾਂ ਦੇ ਗ੍ਰਾਹਕ ਹਨ ਅਤੇ ਇਸ ਆਪਣੀ ਆਪਣੀ ਗ੍ਰਾਹਕੀ ਵਿਚ ਇਹ ਜਿੰਨੀ ਮਰਜ਼ੀ ਪ੍ਰਾਪਤੀ ਕਰ ਲੈਣ, ਇਨ੍ਹਾਂ ਦੀ ਤ੍ਰਿਪਤੀ ਨਹੀਂ ਹੁੰਦੀ। ਬੇਸ਼ਕ ਇਨ੍ਹਾਂ ਇੰਦਰਿਆਂ ਨੂੰ ਜਿੰਨਾ ਮਰਜ਼ੀ ਸਮਝਾ ਲਿਆ ਜਾਵੇ, ਇਹ ਸਮਝਦੇ ਨਹੀਂ ਅਤੇ ਨਾ ਹੀ ਸਮਝਾਉਣ ਨਾਲ ਰੱਜਦੇ ਹਨ। ਗੱਲਾਂ ਨਾਲ ਇਨ੍ਹਾਂ ਦੀ ਭੁੱਖ ਪੂਰੀ ਨਹੀਂ ਹੁੰਦੀ। ਇਨ੍ਹਾਂ ਇੰਦਰਿਆਂ ਦੀ ਭੁੱਖ ਤਾਂ ਹੀ ਤ੍ਰਿਪਤ ਹੋ ਸਕਦੀ ਹੈ ਜੇ ਇਹ ਹਰ ਸਮੇਂ ਉਸ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਨ ਅਤੇ ਉਸ ਦੇ ਗੁਣਾਂ ਦਾ ਗਾਇਨ ਕਰਦੇ ਕਰਦੇ ਉਸ ਵਿਚ ਸਮਾ ਜਾਣ,
ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ॥
ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ॥
ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ॥
ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ॥੨॥ (ਪੰਨਾ ੧੪੬)
ਇਸ ਤੋਂ ਅੱਗੇ ਪਉੜੀ ਵਿਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਅਕਾਲ ਪੁਰਖ ਦੇ ਨਾਮ ਨੂੰ ਵਿਸਾਰ ਕੇ, ਉਸ ਦੀ ਅਗਵਾਈ ਤੋਂ ਬਿਨਾ ਜੋ ਵੀ ਕਮਾਈ ਕੀਤੀ ਜਾਂਦੀ ਹੈ, ਉਹ ਸਭ ਕੂੜ ਹੈ। ਗੁਰੂ ਨਾਨਕ ਮਨੁੱਖ ਨੂੰ ਸਮਝਾਉਂਦੇ ਹਨ ਕਿ ਇਸ ਸੰਸਾਰ ‘ਤੇ ਆ ਕੇ ਜੇ ਪਰਮਾਤਮਾ ਨੂੰ ਮਨ ਤੋਂ ਵਿਸਾਰ ਦੇਈਏ ਤਾਂ ਬਾਕੀ ਜੋ ਕਮਾਈ ਕੀਤੀ ਜਾਂਦੀ ਹੈ, ਉਹ ਸਭ ਕੂੜ ਹੈ ਕਿਉਂਕਿ ਉਸ ਨੂੰ ਵਿਸਾਰ ਕੇ ਜੋ ਵੀ ਕਮਾਈ ਕੀਤੀ ਜਾਂਦੀ ਹੈ, ਉਹ ਮਨੁੱਖ ਨੂੰ ਮਾਇਆ ਦੀ ਲਪੇਟ ਵਿਚ ਲੈ ਜਾਂਦੀ ਹੈ। ਇਸ ਲਈ ਸੱਚੇ ਨਾਮ ਨੂੰ ਵਿਸਾਰ ਕੇ ਕੂੜ ਦਾ ਵਪਾਰ ਕਰਦਿਆਂ ਮਨੁੱਖ ਨੂੰ ਮਾਇਆ ਦੇ ਬੰਧਨ ਇਸ ਸੰਸਾਰ ਵਿਚ ਭਟਕਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਮਾਇਆ ਕਾਰਨ ਨਕਾਰਾ ਸਰੀਰ ਮਿੱਟੀ ਵਿਚ ਹੀ ਰੁਲ ਜਾਂਦਾ ਹੈ ਅਰਥਾਤ ਉਸ ਦਾ ਸੰਸਾਰ ‘ਤੇ ਆਉਣਾ ਅਜਾਈਂ ਜਾਂਦਾ ਹੈ, ਵਿਅਰਥ ਚਲਾ ਜਾਂਦਾ ਹੈ। ਮਾਇਆ ਵਿਚ ਉਲਝਿਆ ਹੋਇਆ ਮਨੁੱਖ ਜੋ ਵੀ ਖਾਂਦਾ ਹੈ ਜਾਂ ਪਹਿਨਦਾ ਹੈ, ਉਸ ਨਾਲ ਉਸ ਦੀ ਤ੍ਰਿਪਤੀ ਹੋਣ ਦੀ ਥਾਂ ਸਗੋਂ ਉਸ ਦੀ ਤ੍ਰਿਸ਼ਨਾ, ਭਟਕਣ ਵਧ ਜਾਂਦੀ ਹੈ।
ਅਕਾਲ ਪੁਰਖ ਦਾ ਨਾਮ ਵਿਸਾਰ ਕੇ ਸੱਚੇ ਦਰਬਾਰ ਦੀ ਪ੍ਰਾਪਤੀ ਨਹੀਂ ਹੋ ਸਕਦੀ, ਮਨੁੱਖ ਝੂਠ ਦੇ ਆਸਰੇ ਸੱਚੇ ਦਰਬਾਰ ਦੀ ਪ੍ਰਾਪਤੀ ਨਹੀਂ ਕਰ ਸਕਦਾ। ਮਾਇਆ ਦੇ ਝੂਠੇ ਲਾਲਚ ਵਿਚ ਪੈ ਕੇ ਮਨੁੱਖ ਖੁਆਰ ਹੁੰਦਾ ਰਹਿੰਦਾ ਹੈ। ਇਸ ਮਾਇਆ ਕਾਰਨ ਠੱਗਿਆ ਹੋਇਆ ਇਹ ਸੰਸਾਰ ਜਨਮ ਅਤੇ ਮਰਨ ਦੇ ਚੱਕਰ ਵਿਚ ਪਿਆ ਰਹਿੰਦਾ ਹੈ। ਮਨੁੱਖ ਦੇ ਸਰੀਰ ਵਿਚ ਇਹ ਤ੍ਰਿਸ਼ਨਾ ਦੀ ਅੱਗ ਗੁਰੂ ਦੇ ਸ਼ਬਦ ਰਾਹੀਂ ਹੀ ਸ਼ਾਂਤ ਹੋ ਸਕਦੀ ਹੈ,
ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ॥
ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ॥æææ
ਸਭੁ ਜਗੁ ਠਗਿਓ ਠਗਿ ਆਈਐ ਜਾਈਐ॥
ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ॥੧੯॥ (ਪੰਨਾ ੧੪੭)
ਅਗਲੇ ਸਲੋਕ ਵਿਚ ਗੁਰੂ ਅਤੇ ਗੁਰੂ ਦੀ ਅਗਵਾਈ ਦੇ ਮਹੱਤਵ ਨੂੰ ਗੁਰੂ ਨਾਨਕ ਸਾਹਿਬ ਇੱਕ ਬ੍ਰਿਛ ਦੇ ਦ੍ਰਿਸ਼ਟਾਂਤ ਰਾਹੀਂ ਸਮਝਾਉਂਦੇ ਹਨ ਕਿ ਪੂਰਨ ਸੰਤੋਖ ਸਰੂਪ ਗੁਰੂ ਇੱਕ ਅਜਿਹਾ ਰੁੱਖ ਹੈ ਜਿਸ ਨੂੰ ਧਰਮ ਰੂਪ ਫੁੱਲ ਲੱਗਦੇ ਹਨ ਅਤੇ ਉਸ ਦਾ ਫਲ ਗਿਆਨ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ। ਕਹਿਣ ਤੋਂ ਭਾਵ ਗੁਰੂ ਸੰਤੋਖ ਸਰੂਪ ਉਸ ਬ੍ਰਿਛ ਦੀ ਨਿਆਈਂ ਹੈ ਜਿਸ ਨੂੰ ਧਰਮ ਦੇ ਫੁੱਲ ਪੈਂਦੇ ਹਨ ਅਤੇ ਫਿਰ ਧਰਮ ਰੂਪ ਉਨ੍ਹਾਂ ਫੁੱਲਾਂ ਤੋਂ ਗਿਆਨ ਰੂਪ ਫਲ ਦੀ ਪ੍ਰਾਪਤੀ ਹੁੰਦੀ ਹੈ। ਪ੍ਰੇਮ ਰੂਪੀ ਪਾਣੀ ਨਾਲ ਸਿੰਜਿਆ ਹੋਇਆ ਇਹ ਦਰੱਖਤ ਸਦਾ ਹਰਿਆ-ਭਰਿਆ ਰਹਿੰਦਾ ਹੈ, ਕਦੀ ਸੁੱਕਦਾ ਜਾਂ ਮੁਰਝਾਉਂਦਾ ਨਹੀਂ। ਅਕਾਲ ਪੁਰਖ ਦੇ ਕਰਮ ਨਾਲ, ਉਸ ਦੀ ਬਖਸ਼ਿਸ਼ ਨਾਲ ਇਹ ਫਲ ਉਸ ਵਿਚ ਧਿਆਨ ਲਾਇਆਂ ਪੱਕ ਜਾਂਦਾ ਹੈ ਅਰਥਾਤ ਉਸ ਅਕਾਲ ਪੁਰਖ ਦੀ ਮਿਹਰ ਸਦਕਾ ਜਿਹੜਾ ਮਨੁੱਖ ਉਸ ਵਿਚ ਧਿਆਨ ਜੋੜਦਾ ਹੈ, ਉਸ ਦਾ ਗਿਆਨ ਪਰਪੱਕ ਹੋ ਜਾਂਦਾ ਹੈ, ਉਸ ਨੂੰ ਪੂਰਨ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਗਿਆਨ-ਫਲ ਨੂੰ ਖਾਣ ਵਾਲਾ ਮਨੁੱਖ ਭਾਵ ਜੋ ਇਸ ਨੂੰ ਪ੍ਰਾਪਤ ਕਰ ਲੈਂਦਾ ਹੈ ਉਹ ਫਿਰ ਪਰਮਾਤਮ-ਮੇਲ ਦੇ ਸਦੀਵੀ ਅਨੰਦ ਨੂੰ ਮਾਣਦਾ ਹੈ, ਉਸ ਦਾ ਮਨ ਸਦਾ ਖਿੜਾਉ ਵਿਚ ਰਹਿੰਦਾ ਹੈ। ਇਹ ਮਨੁੱਖ ਉਤੇ ਅਕਾਲ ਪੁਰਖ ਦੀ ਸਭ ਤੋਂ ਵੱਡੀ ਬਖ਼ਸ਼ਿਸ਼ ਹੈ,
ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ॥
ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ॥
ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ॥੧॥ (ਪੰਨਾ ੧੪੭)
ਗੁਰੂ ਨਾਨਕ ਸਾਹਿਬ ਨੇ ਸਿੱਖ ਸਿਧਾਂਤਾਂ ਨੂੰ ਦ੍ਰਿੜ ਕਰਾਉਣ ਲਈ ਜਿੱਥੇ ਰੋਜ਼ਾਨਾ ਜੀਵਨ, ਵਾਪਾਰ, ਖੇਤੀ ਆਦਿ ਧੰਦਿਆਂ ਵਿਚੋਂ ਅਨੇਕਾਂ ਦ੍ਰਿਸ਼ਟਾਂਤਾਂ ਦੀ ਵਰਤੋਂ ਕੀਤੀ ਹੈ, ਉਥੇ ਹੀ ਉਨ੍ਹਾਂ ਨੇ ਕੁਦਰਤ ਵਿਚੋਂ ਵੀ ਅਨੇਕਾ ਦ੍ਰਿਸ਼ਟਾਂਤ ਲਏ ਹਨ। ਪਹਿਲੇ ਸਲੋਕ ਦੀ ਤਰ੍ਹਾਂ ਹੀ ਇਸ ਸਲੋਕ ਵਿਚ ਵੀ ਗੁਰੂ ਦੀ ਮਹੱਤਤਾ ਨੂੰ ਇੱਕ ਬ੍ਰਿਛ ਦੇ ਦ੍ਰਿਸ਼ਟਾਂਤ ਰਾਹੀਂ ਸਮਝਾਇਆ ਹੈ। ਇਥੇ ਸੰਸਾਰ ਦੇ ਬਹੁਤ ਹੀ ਅਮੋਲਕ ਪਦਾਰਥਾਂ ਨਾਲ ਤੁਲਨਾ ਕਰਦਿਆਂ ਗੁਰੂ ਨਾਨਕ ਸਾਹਿਬ ਉਪਦੇਸ਼ ਦਿੰਦੇ ਹਨ ਕਿ ਗੁਰੂ ਸਮਝੋ ਉਹ ਸੋਨੇ ਦਾ ਰੁੱਖ ਹੈ (ਸੋਨੇ ਦੀ ਧਾਤ ਨੁੰ ਬਹੁਤ ਕੀਮਤੀ ਮੰਨਿਆ ਜਾਂਦਾ ਹੈ), ਜਿਸ ਦੇ ਉਤਮ ਬਚਨ ਮਾਨੋ ਉਸ ਰੁੱਖ ਦੇ ਮੂੰਗੇ ਦੇ ਪੱਤਰ ਹਨ, ਗੁਰੂ ਦੇ ਵਾਕ ਉਸ ਰੁੱਖ ਦੇ ਲਾਲ, ਜਵਾਹਰ ਫੁੱਲ ਹਨ, ਗੁਰੂ ਦੇ ਮੁੱਖੋਂ ਨਿਕਲੇ ਹੋਏ ਸ੍ਰੇਸ਼ਟ ਬਚਨ ਅਰਥਾਤ ਗੁਰੂ ਰਾਹੀਂ ਦਿੱਤਾ ਹੋਇਆ ਗਿਆਨ ਰੂਪੀ ਰਤਨ ਫਲ ਹੈ। ਜੋ ਵੀ ਇਨ੍ਹਾਂ ਬਚਨਾਂ ਨੂੰ ਸੁਣਦਾ ਹੈ, ਇਨ੍ਹਾਂ ‘ਤੇ ਵਿਚਾਰ ਕਰਦਾ ਹੈ ਉਸ ਦਾ ਹਿਰਦਾ ਸਦੀਵੀ ਖਿੜਿਆ ਰਹਿੰਦਾ ਹੈ। ਜਿਸ ਮਨੁੱਖ ਉਤੇ ਅਕਾਲ ਪੁਰਖ ਦੀ ਮਿਹਰ ਹੋਵੇ, ਉਹ ਗੁਰੂ ਦੇ ਚਰਨਾਂ ਨੂੰ ਅਠਾਹਠ ਤੀਰਥਾਂ ਦਾ ਇਸ਼ਨਾਨ ਸਮਝ ਕੇ ਗੁਰੂ ਦੇ ਚਰਨੀਂ ਲੱਗਦਾ ਹੈ। ਨਿਰਦਇਤਾ, ਮੋਹ, ਲੋਭ ਅਤੇ ਕ੍ਰੋਧ ਇਹ ਚਾਰੇ ਅੱਗ ਦੀਆਂ ਨਦੀਆਂ ਸੰਸਾਰ ਵਿਚ ਵੱਗ ਰਹੀਆਂ ਹਨ। ਜਿਹੜੇ ਮਨੁੱਖ ਇਨ੍ਹਾਂ ਨਦੀਆਂ ਵਿਚ ਵੜਦੇ ਹਨ, ਉਹ ਸੜ ਜਾਂਦੇ ਹਨ। ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਜਿਸ ਮਨੁੱਖ ‘ਤੇ ਅਕਾਲ ਪੁਰਖ ਦੀ ਮਿਹਰ ਹੋ ਜਾਂਦੀ ਹੈ, ਉਹ ਗੁਰੂ ਦੇ ਚਰਨੀਂ ਲੱਗ ਕੇ ਇਨ੍ਹਾਂ ਨਦੀਆਂ ਤੋਂ ਪਾਰ ਲੰਘ ਜਾਂਦਾ ਹੈ,
ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ॥
ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ॥
ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ॥
ਅਠਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ॥
ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ॥
ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ॥੧॥ (ਪੰਨਾ ੧੪੭)
ਗੁਰੂ ਸਾਹਿਬ ਇਸ ਪਉੜੀ ਵਿਚ ਮਨੁੱਖ ਨੂੰ ਸਮਝਾਉਂਦੇ ਹਨ ਕਿ ਤ੍ਰਿਸ਼ਨਾ ਨੂੰ ਮਾਰ ਕੇ ਜਿਉਂਦਿਆ ਹੀ ਮਰ ਤਾਂ ਕਿ ਅੰਤ ਵਿਚ ਪਛਤਾਉਣਾ ਨਾ ਪਵੇ। ਇਸ ਤੱਥ ਦੀ ਸਮਝ ਕਿਸੇ ਵਿਰਲੇ ਮਨੁੱਖ ਨੂੰ ਹੀ ਆਈ ਹੈ ਕਿ ਇਹ ਸੰਸਾਰ ਚਲਾਇਮਾਨ ਹੈ, ਇਸ ਲਈ ਝੂਠਾ ਹੈ, ਮਨੁੱਖ ਤ੍ਰਿਸ਼ਨਾ ਦੇ ਅਧੀਨ ਇਸ ਸੰਸਾਰ ਦੇ ਧੰਦਿਆਂ ਵਿਚ ਭਟਕਦਾ ਤੁਰਿਆ ਰਹਿੰਦਾ ਹੈ ਜਿਸ ਕਰਕੇ ਸੱਚ ਨਾਲ ਪਿਆਰ ਨਹੀਂ ਪਾਉਂਦਾ। ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਰਹਿੰਦਾ ਕਿ ਇਹ ਕਾਲ ਜੋ ਕਿ ਬੁਰਾ ਹੈ ਅਤੇ ਸਭ ਨੂੰ ਖਾ ਜਾਣ ਵਾਲਾ ਹੈ, ਹਰ ਇੱਕ ਦੇ ਸਿਰ ‘ਤੇ ਖੜ੍ਹਾ ਰਹਿੰਦਾ ਹੈ। ਇਹ ਮੌਤ ਅਕਾਲ ਪੁਰਖ ਦੇ ਹੁਕਮ ਅੰਦਰ ਸਭ ਥਾਂ ਮੌਜੂਦ ਹੈ ਅਤੇ ਜਿਸ ‘ਤੇ ਵੀ ਇਸ ਦਾ ਦਾਅ ਲੱਗਦਾ ਹੈ, ਉਸ ਨੂੰ ਮਾਰ ਦਿੰਦੀ ਹੈ। ਮਨੁੱਖ ਦੇ ਹੱਥ-ਵੱਸ ਕੁਝ ਨਹੀਂ ਹੈ, ਜਿਸ ਉਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ ਉਹ ਉਸ ਨੂੰ ਹੀ ਆਪਣਾ ਪ੍ਰੇਮ ਬਖਸ਼ਿਸ਼ ਕਰਦਾ ਹੈ ਅਤੇ ਆਪਣਾ ਪ੍ਰੇਮ ਮਨੁੱਖ ਦੇ ਹਿਰਦੇ ਵਿਚ ਵਸਾਉਂਦਾ ਹੈ। ਜਦੋਂ ਮਨੁੱਖ ਦੇ ਸੁਆਸ ਪੂਰੇ ਹੋ ਜਾਂਦੇ ਹਨ ਤਾਂ ਉਸ ਨੂੰ ਥੋੜੀ ਜਿੰਨੀ ਵੀ ਦੇਰ ਨਹੀਂ ਲੱਗਦੀ ਅਤੇ ਉਹ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਵਿਰਲੇ ਮਨੁੱਖਾਂ ਨੂੰ ਇਸ ਗੱਲ ਦੀ ਸਮਝ ਸਤਿਗੁਰੂ ਦੀ ਮਿਹਰ ਨਾਲ ਲੱਗਦੀ ਹੈ ਅਤੇ ਉਹ ਸੱਚ ਨਾਲ ਜੁੜਦੇ ਹਨ,
ਜੀਵਦਿਆ ਮਰੁ ਮਾਰਿ ਨ ਪਛੋਤਾਈਐ॥
ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ॥
ਸਚਿ ਨ ਧਰੇ ਪਿਆਰੁ ਧੰਧੈ ਧਾਈਐ॥
ਕਾਲੁ ਬੁਰਾ ਖੈ ਕਾਲੁ ਸਿਰਿ ਦੁਨਿਆਈਐ॥æææ (ਪੰਨਾ ੧੪੭)
ਅੱਗੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਸੰਸਾਰ ਦੀਆਂ ਬਹੁਤ ਕੌੜੀਆਂ ਮੰਨੀਆਂ ਜਾਣ ਵਾਲੀਆਂ ਵਸਤਾਂ ਦੀ ਉਦਾਹਰਣ ਰਾਹੀਂ ਦੱਸਦੇ ਹਨ ਕਿ ਜਿਸ ਮਨੁੱਖ ਦੇ ਮਨ ਵਿਚ ਉਹ ਅਕਾਲ ਪੁਰਖ ਨਹੀਂ ਵੱਸਦਾ, ਸਮਝੋ ਉਨ੍ਹਾਂ ਮਨੁੱਖਾਂ ਦਾ ਮੂੰਹ ਇਨ੍ਹਾਂ ਕੌੜੀਆਂ ਚੀਜ਼ਾਂ ਵਰਗਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਸ ਮਨੁੱਖ ਦੇ ਹਿਰਦੇ ਵਿਚ ਅਕਾਲ ਪੁਰਖ ਨਹੀਂ ਵੱਸਦਾ, ਉਸ ਦੇ ਮੂੰਹ ਵਿਚ ਤੁੰਮੀ-ਤੁੰਮਾ, ਜ਼ਹਿਰ, ਅੱਕ, ਧਤੂਰਾ ਅਤੇ ਨਿੰਮ ਆਦਿ ਕੌੜੇ ਫਲ ਵੱਸ ਰਹੇ ਹਨ। ਭਾਵ ਉਸ ਮਨੁੱਖ ਦੇ ਮਨ ਅੰਦਰ ਵੀ ਕੁੜੱਤਣ ਹੁੰਦੀ ਹੈ ਅਤੇ ਜ਼ੁਬਾਨ ‘ਤੇ ਵੀ ਕੁੱੜਤਣ ਰਹਿੰਦੀ ਹੈ, ਸਦੀਵੀ ਕੌੜੇ ਬਚਨ ਬੋਲਦਾ ਹੈ।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਅਜਿਹੇ ਬੰਦੇ ਭਟਕਦੇ ਤੁਰੇ ਫਿਰਦੇ ਹਨ। ਅਕਾਲ ਪੁਰਖ ਤੋਂ ਬਿਨਾ ਹੋਰ ਕਿਸੇ ਅੱਗੇ ਇਨ੍ਹਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਅਕਾਲ ਪੁਰਖ ਹੀ ਹੈ ਜਿਹੜਾ ਆਪਣੀ ਮਿਹਰ ਕਰਕੇ ਇਨ੍ਹਾਂ ਦਾ ਇਹ ਰੋਗ ਦੂਰ ਕਰ ਸਕਦਾ ਹੈ,
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ॥
ਮਨਿ ਮੁਖਿ ਵਸਹਿ ਤਿਸੁ ਜਿਸ ਤੂੰ ਚਿਤਿ ਨ ਆਵਹੀ॥
ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ॥੧॥ (ਪੰਨਾ ੧੪੭)
ਅਗਲੇ ਸਲੋਕ ਵਿਚ ਮਨੁੱਖ ਦੀ ਮੱਤ ਨੂੰ ਇੱਕ ਪੰਛੀ ਨਾਲ ਤੁਲਨਾ ਦਿੱਤੀ ਹੈ ਜੋ ਸਥਿਰ ਨਹੀਂ ਹੁੰਦਾ, ਕਦੇ ਉਚਾ ਉਡਦਾ ਹੈ, ਕਦੇ ਨੀਵਾਂ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਮਨੁੱਖ ਦੀ ਮੱਤ ਵੀ ਸਮਝੋ ਇੱਕ ਤਰ੍ਹਾਂ ਦਾ ਪੰਛੀ ਹੈ, ਉਸ ਦਾ ਜੀਅ ਕਦੇ ਸਥਿਰ ਨਹੀਂ ਰਹਿੰਦਾ। ਇਸ ਦੇ ਪਿਛਲੇ ਕੀਤੇ ਹੋਏ ਕਰਮ ਸਦੀਵੀ ਇਸ ਦੇ ਨਾਲ ਚੱਲਦੇ ਹਨ ਜਿਨ੍ਹਾਂ ਕਰਕੇ ਆਪਣੇ ਬਣੇ ਹੋਏ ਸੰਸਕਾਰਾਂ ਕਾਰਨ ਮੱਤ ਕਦੀ ਬਹੁਤ ਨੀਵੀਂ ਚਲੀ ਜਾਂਦੀ ਹੈ ਅਤੇ ਕਦੀ ਉਚੀ। ਆਪਣੇ ਇਸ ਸੁਭਾ ਕਾਰਨ ਕਦੀ ਇਹ ਚੰਦਨ ਦੇ ਰੁੱਖ ‘ਤੇ ਬੈਠਦਾ ਹੈ ਅਤੇ ਕਦੀ ਅੱਕ ਦੀ ਡਾਲੀ ‘ਤੇ ਅਤੇ ਕਦੇ ਇਸ ਦੇ ਅੰਦਰ ਅਕਾਲ ਪੁਰਖ ਦੇ ਚਰਨਾਂ ਦੀ ਪ੍ਰੀਤ ਜਾਗਦੀ ਹੈ। ਪਰ ਇਹ ਸਭ ਕੁਝ ਮਨੁੱਖ ਦੇ ਵੱਸ ਵਿਚ ਨਹੀਂ ਹੈ, ਅਕਾਲ ਪੁਰਖ ਦੀ ਧੁਰੋਂ ਚਲਾਈ ਰੀਤ ਹੈ ਕਿ ਉਹ ਸਾਰੇ ਜੀਆਂ ਨੂੰ ਆਪਣੇ ਹੁਕਮ ਵਿਚ ਚਲਾਉਂਦਾ ਹੈ।
ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ॥
ਕਬ ਚੰਦਨਿ ਕਬ ਅਕਿ ਡਾਲ ਕਬ ਉਚੀ ਪਰੀਤਿ॥
ਨਾਨਕ ਹੁਕਮ ਚਲਾਈਐ ਸਾਹਿਬ ਲਗੀ ਰੀਤਿ॥ (ਪੰਨਾ ੧੪੭)

Be the first to comment

Leave a Reply

Your email address will not be published.