ਖੱਬੀ ਪੱਖੀ ਮਨਪ੍ਰੀਤ ਦੇ ਰਾਹ ਦਾ ਰੋੜਾ ਬਣੇ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸਾਂਝਾ ਮੋਰਚਾ ਦੀ ਕਾਂਗਰਸ ਨਾਲ ਸਿਆਸੀ ਸਾਂਝ ਪਾਉਣ ਦੀ ਉਮੀਦ ਘਟ ਗਈ ਹੈ। ਸਾਂਝੇ ਮੋਰਚੇ ਨੇ ਪੰਜਾਬ ਸਰਕਾਰ ਖ਼ਿਲਾਫ਼ ਇਕੱਲਿਆਂ ਲੜਾਈ ਲੜਨ ਦਾ ਮਨ ਬਣਾ ਲਿਆ ਹੈ। ਲੰਘੇ ਦਿਨੀਂ ਸਾਂਝੇ ਮੋਰਚੇ ਦੀ ਚੰਡੀਗੜ੍ਹ ਵਿਚ ਹੋਈ ਮੀਟਿੰਗ ਵਿਚ ਪੀਪਲਜ਼ ਪਾਰਟੀ ਆਫ਼ ਪੰਜਾਬ, ਸੀæਪੀæਆਈæ, ਸੀæਪੀæਆਈæ (ਐਮ) ਤੇ ਅਕਾਲੀ ਦਲ ਲੌਂਗੋਵਾਲ ਦੇ ਆਗੂਆਂ ਨੇ ਹਿੱਸਾ ਲਿਆ।
ਉਧਰ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਾਂਝੇ ਮੋਰਚੇ ਦੀ ਕਾਂਗਰਸ ਪਾਰਟੀ ਨਾਲ ਗੱਲ ਟੁੱਟੀ ਨਹੀਂ ਤੇ ਜਲਦੀ ਹੀ ਮੋਰਚਾ, ਕਾਂਗਰਸ ਤੇ ਬਸਪਾ ਨਾਲ ਸਾਂਝੀ ਮੀਟਿੰਗ ਕਰ ਰਿਹਾ ਹੈ। ਕਾਂਗਰਸ ਤੇ ਬਸਪਾ ਨਾਲ ਗੱਲਬਾਤ ਹੋਈ ਹੈ ਤੇ ਇਨ੍ਹਾਂ ਦੇ ਆਗੂ ਸਾਂਝੇ ਮੋਰਚੇ ਨਾਲ ਮੀਟਿੰਗ ਤੋਂ ਪਹਿਲਾਂ ਆਪੋ-ਆਪਣੀ ਹਾਈ ਕਮਾਨ ਤੋਂ ਹਰੀ ਝੰਡੀ ਲੈ ਰਹੇ ਹਨ। ਉਨ੍ਹਾਂ ਆਖਿਆ ਕਿ ਸਭ ਸਿਆਸੀ ਧਿਰਾਂ ਦੇ ਮੁੱਦੇ ਇਕੋ ਹਨ ਤੇ ਸਾਂਝਾ ਮੋਰਚਾ ਆਪਣੇ ਅਸੂਲਾਂ ਦੇ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਕਰੇਗਾ।
ਉਂਜ, ਮੀਟਿੰਗ ਵਿਚ ਇਸ ਗੱਲ ‘ਤੇ ਸਹਿਮਤੀ ਜ਼ਰੂਰ ਬਣੀ ਕਿ ਸਰਕਾਰ ਵਿਰੁੱਧ ਸ਼ੁਰੂ ਕੀਤੇ ਜਾਣ ਵਾਲੇ ਘੋਲ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਛੱਡ ਕੇ ਦੂਜੀਆਂ ਸਿਆਸੀਆਂ ਪਾਰਟੀਆਂ ਨਾਲ ਭਵਿੱਖ ਵਿਚ ਸ਼ਰਤਾਂ ਤਹਿਤ ਸੀਮਤ ਸਾਂਝ ਪਾਈ ਜਾਵੇ। ਸੂਤਰਾਂ ਅਨੁਸਾਰ ਸਾਂਝੇ ਮੋਰਚੇ ਦੀ ਇਸ ਮੀਟਿੰਗ ਵਿਚ ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਲੰਘੇ ਦਿਨ ਹੋਈ ਮੀਟਿੰਗ ਦੇ ਮੁੱਦੇ ‘ਤੇ ਘੇਰਿਆ ਗਿਆ ਜਦਕਿ ਮਨਪ੍ਰੀਤ ਬਾਦਲ ਨੇ ਕੈਪਟਨ ਨਾਲ ਮੀਟਿੰਗ ਦੀਆਂ ਖ਼ਬਰਾਂ ਨੂੰ ਬੇਬੁਨਿਆਦ ਦੱਸਿਆ।
ਕਾਂਗਰਸ ਨਾਲ ਮੀਟਿੰਗਾਂ ਦੀਆਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਅਜਿਹੀਆਂ ਖ਼ਬਰਾਂ ਉਨ੍ਹਾਂ ਦੀ ਪਾਰਟੀ ਨੂੰ ਕਮਜ਼ੋਰ ਕਰਨ ਲਈ ਗਿਣੀਮਿਥੀ ਸਾਜ਼ਿਸ਼ ਹੈ ਤੇ ਦਿੱਲੀ ਵਿਚ ਉਨ੍ਹਾਂ ਦੀ ਕੈਪਟਨ ਨਾਲ ਹੋਈ ਮੀਟਿੰਗ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ ਹਨ। ਉਂਜ ਮਨਪ੍ਰੀਤ ਬਾਦਲ ਨੇ ਖੁੱਲ੍ਹੇ ਮਨ ਨਾਲ ਕਿਹਾ ਕਿ ਉਹ ਜਿਸ ਨੂੰ ਵੀ ਮਿਲਣਗੇ, ਚੋਰਾਂ ਵਾਂਗ ਲੁਕ-ਛਿਪ ਕੇ ਨਹੀਂ ਸਗੋਂ ਸ਼ਰੇਆਮ ਮਿਲਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਉਪਰ ਕਿਸੇ ਨੂੰ ਵੀ ਮਿਲਣ ਦੀ ਕੋਈ ਪਾਬੰਦੀ ਨਹੀਂ ਤੇ ਜਦੋਂ ਉਹ ਕੈਪਟਨ ਨੂੰ ਮਿਲਣਾ ਚਾਹੁਣਗੇ ਤਾਂ ਉਹ ਸ਼ਰੇਆਮ ਚੰਡੀਗੜ੍ਹ ਵੀ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸੱਤਾਧਾਰੀ ਪਾਰਟੀ ਦੀ ਸਾਜ਼ਿਸ਼ ਜਾਪਦੀ ਹੈ ਕਿਉਂਕਿ ਅਜਿਹਾ ਖੁਲਾਸਾ ਨਾ ਤਾਂ ਉਨ੍ਹਾਂ ਦੀ ਪਾਰਟੀ ਨੇ ਕੀਤਾ ਹੈ ਤੇ ਨਾ ਹੀ ਕਾਂਗਰਸ ਨੇ ਅਜਿਹਾ ਦਾਅਵਾ ਕੀਤਾ ਹੈ। ਉਨ੍ਹਾਂ ਦੁਹਰਾਇਆ ਕਿ ਕੁਝ ਦੋਖੀਆਂ ਵੱਲੋਂ ਵਿਸ਼ੇਸ਼ ਯਤਨ ਕਰਕੇ ਅਜਿਹੀਆਂ ਖ਼ਬਰਾਂ ਛਪਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ਨੇ ਸਪੱਸ਼ਟ ਕੀਤਾ ਕਿ ਉਹ ਪਿਛਲੇ ਮਹੀਨੇ ਕਾਂਗਰਸ ਆਗੂ ਰਾਣਾ ਸੋਢੀ ਦੀ ਬੇਟੀ ਦੇ ਵਿਆਹ ਵਿਚ ਕੈਪਟਨ ਨੂੰ ਰਸਮੀ ਤੌਰ ‘ਤੇ ਜ਼ਰੂਰ ਮਿਲੇ ਸਨ ਤੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਹਾਜ਼ਰ ਸਨ। ਪੀæਪੀæਪੀæ ਦੇ ਪ੍ਰਧਾਨ ਨੇ ਕਾਂਗਰਸ ਨਾਲ ਰਲ ਕੇ ਚੋਣ ਲੜਨ ਦੀਆਂ ਚੱਲ ਰਹੀਆਂ ਅਟਕਲਾਂ ਨੂੰ ਵੀ ਰੱਦ ਕਰ ਦਿੱਤਾ।
ਮੀਟਿੰਗ ਦੀ ਪ੍ਰਧਾਨਗੀ ਅਕਾਲੀ ਦਲ ਲੌਂਗੋਵਾਲ ਦੇ ਪ੍ਰਧਾਨ ਤੇ ਸਾਂਝੇ ਮੋਰਚੇ ਦੇ ਸਰਪ੍ਰਸਤ ਸੁਰਜੀਤ ਸਿੰਘ ਬਰਨਾਲਾ ਨੇ ਕੀਤੀ। ਪੀæਪੀæਪੀæ ਵੱਲੋਂ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਤੇ ਸੀਨੀਅਰ ਮੀਤ ਪ੍ਰਧਾਨ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਖੱਬੇ-ਪੱਖੀਆਂ ਦੀ ਤਰਫੋਂ ਡਾæ ਜੁਗਿੰਦਰ ਦਿਆਲ,  ਚਰਨ ਸਿੰਘ ਵਿਰਦੀ, ਬੰਤ ਸਿੰਘ ਬਰਾੜ, ਵਿਜੈ ਮਿਸ਼ਰਾ ਤੇ ਰਘੂਨਾਥ ਸ਼ਾਮਲ ਹੋਏ।

Be the first to comment

Leave a Reply

Your email address will not be published.