ਰਾਸ਼ਟਰਪਤੀ ਚੋਣਾਂ: ਕੀ ਸਿੱਖ ਵੀ ਕੁਝ ਸਿੱਖਣਗੇ?

ਦਲੀਪ ਸਿੰਘ
ਫੋਨ: 559-824-1983
ਅਮਰੀਕਾ ਵਿਚ 6 ਨਵੰਬਰ ਨੂੰ ਚੋਣਾਂ ਹੋਈਆਂ ਜਿਸ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਦੂਜੀ ਵਾਰ ਜਿੱਤ ਗਏ। ਉਹ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਸਨ। ਸਾਰੇ ਦੇਸ਼ ਵਿਚ ਸੈਨੇਟਰਾਂ ਅਤੇ ਕਾਂਗਰਸਮੈੱਨ ਦੀ ਵੀ ਚੋਣ ਸੀ ਜਿਸ ਵਿਚ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਪਾਰਟੀਆਂ ਦੇ ਉਮੀਦਵਾਰ ਬਰਾਬਰ ਜੇਤੂ ਰਹੇ ਅਤੇ ਸਥਿਤੀ ਜਿਉਂ ਦੀ ਤਿਉਂ ਹੀ ਹੈ। ਬਾਕੀ ਗੱਲਾਂ ਤਾਂ ਬਾਅਦ ਵਿਚ, ਸਭ ਤੋਂ ਪਹਿਲਾਂ ਤਾਂ ਸ਼ਾਂਤਮਈ ਚੋਣਾਂ ਲਈ ਸਮੂਹ ਅਮਰੀਕਨ ਵਧਾਈ ਦੇ ਹੱਕਦਾਰ ਹਨ। ਕਿਸੇ ਵੀ ਬੂਥ ਉਪਰ ਪੁਲਿਸ ਦਾ ਇਕ ਵੀ ਅਫ਼ਸਰ ਨਹੀਂ ਸੀ, ਸਾਰੇ ਥਾਈਂ ਸੋਸ਼ਲ ਵਰਕਰ ਕੰਮ ਕਰ ਰਹੇ ਸਨ। ਇਥੇ ਤਾਂ ਉਚੀ ਬੋਲਣਾ ਵੀ ਘਟੀਆ ਸ਼੍ਰਿਸਟਾਚਾਰ ਸਮਝਿਆ ਜਾਂਦਾ ਹੈ। ਮੈਂ ਆਪ ਰਿਪਬਲਿਕਨ ਉਮੀਦਵਾਰ ਮਿੱਟ ਰੋਮਨੀ ਨੂੰ ਵੋਟ ਪਾਈ ਸੀ। ਹੁਣ ਮੈਂ ਸਮੂਹ ਡੈਮੋਕ੍ਰੇਟਿਕਾਂ ਨੂੰ ਉਨ੍ਹਾਂ ਦਾ ਉਮੀਦਵਾਰ ਜਿੱਤਣ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਦੁਬਾਰਾ ਜਿੱਤਣ ਦੀ ਲੱਖ-ਲੱਖ ਵਧਾਈ ਦਿੰਦਾ ਹਾਂ। ਉਮੀਦ ਕਰਦਾ ਹਾਂ ਕਿ ਉਨ੍ਹਾਂ ਨੇ ਦੇਸ਼ ਵਾਸੀਆਂ ਨਾਲ ਜੋ ਵਾਅਦੇ ਕੀਤੇ ਹਨ, ਉਨ੍ਹਾਂ ਉਪਰ ਉਹ ਪੂਰੇ ਉਤਰਨਗੇ।
ਹੁਣ ਆਉਂਦੇ ਹਾਂ ਆਪਣੇ ਪਾਸੇ, ਮਤਲਬ ਹੁਣ ਰਤਾ ਕੁ ਪੰਜਾਬੀਆਂ ਦੀ ਗੱਲ ਕਰ ਲਈਏ। ਇੱਥੋਂ ਦੇ ਲੀਡਰ ਬਹੁਤ ਵਾਰ ਪੰਜਾਬ ਦੇ ਲੀਡਰਾਂ ਨੂੰ ਇੱਥੇ ਸੱਦਦੇ ਹਨ, ਇਸ ਆਸ ਨਾਲ ਕਿ ਉਹ ਇਥੋਂ ਦਾ ਸਿਸਟਮ ਦੇਖਣਗੇ ਅਤੇ ਪੰਜਾਬ ਨੂੰ ਸੱਚ-ਮੁੱਚ ਕੈਲੇਫੋਰਨੀਆ ਬਣਾ ਦੇਣਗੇ। ਪੰਜਾਬ ਦੇ ਲੀਡਰ ਇੱਥੇ ਆਉਂਦੇ ਜ਼ਰੂਰ ਹਨ, ਪਰ ਮੁਫ਼ਤ ਸੈਰਾਂ ਕਰ ਕੇ ਅਤੇ ਦਾਅਵਤਾਂ ਛਕ ਕੇ ਵਾਪਸ ਚਲੇ ਜਾਂਦੇ ਹਨ। ਸੋਚਣ-ਵਿਚਾਰਨ ਵਾਲੀ ਗੱਲ ਇਹ ਹੈ ਕਿ ਉਹ 10 ਦਿਨ ਵਿਚ ਭਲਾ ਕੀ ਸਿੱਖ ਜਾਣਗੇ? ਇਕ ਗੱਲ ਹੋਰ, ਉਨ੍ਹਾਂ ਦੀ ਤਾਂ ਇਸ ਪਾਸੇ ਕੋਈ ਦਿਲਚਸਪੀ ਵੀ ਨਹੀਂ ਹੁੰਦੀ! ਸਾਡੇ ਆਪਣੇ ਬਾਰੇ ਤਾਂ ਇਹੀ ਸੱਚ ਹੈ ਕਿ ਅਸੀਂ ਦਹਾਕਿਆਂ ਤੋਂ ਇਥੇ ਰਹਿੰਦਿਆਂ ਨੇ ਇੱਥੋਂ ਦੀਆਂ ਮਾੜੀਆਂ ਗੱਲਾਂ ਜ਼ਰੂਰ ਅਪਣਾਈਆਂ ਹਨ ਪਰ ਚੰਗੀਆਂ ਗੱਲਾਂ ਤੋਂ ਸਦਾ ਪਾਸਾ ਹੀ ਵੱਟਿਆ ਹੈ।
ਹੁਣ ਮੈਂ ਗੁਰਦੁਆਰਾ ਸਾਹਿਬਾਨ ਬਾਰੇ ਕੁਝ ਗੱਲਾਂ ਕਰਾਂਗਾ ਜਿੱਥੇ ਅਕਸਰ ਧਮੱਚੜ ਪਿਆ ਰਹਿੰਦਾ ਹੈ। ਇਹ ਗੱਲ ਉੱਕਾ ਹੀ ਵੱਖਰੀ ਹੈ ਕਿ ਹੋਰ ਕਿਤੇ ਜਾ ਕੇ ਅਸੀਂ ਲਾਈਨ ਤੋੜਨ ਬਾਰੇ ਸੋਚ ਵੀ ਨਹੀਂ ਸਕਦੇ ਪਰ ਗੁਰਦੁਆਰੇ ਦੇ ਲੰਗਰ ਹਾਲ ਵਿਚ ਅਸੀਂ ਜ਼ਰੂਰ ਅਜਿਹਾ ਕਰਦੇ ਹਾਂ। ਚੰਗੀ ਗੱਲ ਸਿੱਖਣ ਲਈ ਪਤਾ ਨਹੀਂ ਕਿਉਂ, ਅਸੀਂ ਪਿਛਾਂਹ ਰਹਿ ਗਏ!æææਖੈਰ! ਗੱਲ ਸ਼ੁਰੂ ਹੋਈ ਸੀ ਚੋਣਾਂ ਤੋਂ, ਗੁਰਦੁਆਰਿਆਂ ਦੀਆਂ ਚੋਣਾਂ ਅਵੱਲੀਆਂ ਹੀ ਹੁੰਦੀਆਂ ਹਨ। ਇੱਥੇ ਬਹੁਤੇ ਗੁਰਦੁਆਰਿਆਂ ਵਿਚ ਵੋਟਾਂ ਪਾ ਕੇ ਪ੍ਰਬੰਧਕ ਚੁਣੇ ਜਾਂਦੇ ਹਨ। ਜੋ ਵੀ ਪ੍ਰਬੰਧਕ ਆਉਂਦੇ ਹਨ, ਉਹ ਸੰਵਿਧਾਨ ਨੂੰ ਮੋਮ ਦੇ ਨੋਕ ਵਾਂਗ ਮੋੜ ਕੇ ਆਪਣੇ ਹਿਸਾਬ ਵਿਚ ਕਰਨਾ ਚਾਹੁੰਦੇ ਹਨ; ਉਹ ਸੋਚਦੇ ਹਨ ਕਿ ਹੁਣ ਤਾਂ ਆਪਣਾ ਰਾਜ ਆ ਗਿਆ, ਸਾਰੀ ਉਮਰ ਕੋਲ ਹੀ ਰਹੇ, ਕਿਤੇ ਕਿਸੇ ਹੋਰ ਕੋਲ ਨਾ ਚਲਿਆ ਜਾਵੇ। ਬੱਸ, ਇੱਥੋਂ ਹੀ ਮਸਲੇ ਆਰੰਭ ਹੁੰਦੇ ਹਨ; ਜ਼ੋਰ-ਅਜ਼ਮਾਈ ਹੁੰਦੀ ਹੈ। ਵਿਰੋਧੀ ਅਦਾਲਤਾਂ ਵਿਚ ਜਾਂਦੇ ਹਨ, ਵਕੀਲ ਦੋਹੀਂ ਹੱਥੀਂ ਲੁੱਟਦੇ ਹਨ। ਪ੍ਰਬੰਧਕ ਸੰਗਤ ਦੇ ਪੈਸੇ ਨੂੰ ਅਤੇ ਵਿਰੋਧੀ ਧੜੇ ਵਾਲੇ ਖੌਰੇ ਪਿਛਲੀ ਲੁੱਟ ਜਾਂ ਅਗਲੀ ਲੁੱਟ ਦੀ ਤਾਕ ਵਿਚ ਪੈਸਾ ਤੰਗਲੀ ਨਾਲ ਉਡਾਉਂਦੇ ਹਨ। ਨਾਲ ਹੀ ਸਾਰੇ ਭਾਈਚਾਰੇ ਦੀ ਖਿੱਲੀ ਉਡਦੀ ਹੈ। ਪੇਪਰਾਂ ਵਿਚ ਇਕ ਦੂਜੇ ਦੇ ਖ਼ਿਲਾਫ਼ ਇਲਜ਼ਾਮ ਲਾ ਕੇ ਵਰਕਿਆਂ ਦੇ ਵਰਕੇ ਭਰ ਕੇ ਆਪਣੇ ਮਨ ਦੀ ਭੜਾਸ ਕੱਢਦੇ ਹਨ। ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਬੱਸ ਅਸੀਂ ਹੀ ਦੁੱਧ ਧੋਤੇ ਹਾਂ; ਵਿਰੋਧੀ ਤਾਂ ਔਗੁਣਾਂ ਨਾਲ ਭਰੇ ਹੋਏ ਹਨ। ਇਲਜ਼ਾਮ ਵੀ ਕਿਹੋ ਜਿਹੇ ਹੁੰਦੇ ਹਨ?æææਜਿਸ ਤਰ੍ਹਾਂ ਬੱਚੇ ਮਾਸਟਰ ਜੀ ਨੂੰ ਦੱਸਦੇ ਹਨ ਕਿ ਫਲਾਣੇ ਨੇ ਮੇਰੀ ਦਵਾਤ ਵਿਚ ਡੁਬਕਾ ਲਾ ਲਿਆ।æææਕੋਈ ਕਹਿੰਦਾ-ਉਥੇ ਸਿਗਰਟਾਂ ਪਈਆਂ ਸੀ, ਕੋਈ ਕਹਿੰਦਾ ਇਸ ਨੇ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰ ਲਈ।æææਕੋਈ ਗੱਲ ਬਣੀ?
ਕਈ ਕਈ ਸਾਲ ਅਦਾਲਤਾਂ ਵਿਚ ਖੱਜਲ ਹੋਣ ਤੋਂ ਬਾਅਦ ਫਿਰ ਚੋਣਾਂ ਆ ਜਾਂਦੀਆਂ ਹਨ। ਉਸ ਵਿਚ ਵੀ ਧਾਂਦਲੀਆਂ! ਹੋਰ ਇਲਾਕਿਆਂ ਵਿਚ ਵਸਦੇ ਸਕੇ-ਸਬੰਧੀਆਂ ਦੀਆਂ ਵੋਟਾਂ ਆਪਣੇ ਇਲਾਕੇ ਵਿਚ ਬਣਾ ਲਈਆਂ ਜਾਦੀਆਂ ਹਨ। ਜਿੱਥੇ ਤਿੰਨ ਵੋਟਾਂ ਹਨ, ਉਥੇ 13 ਬਣੀਆਂ ਹੁੰਦੀਆਂ ਹਨ। ਵੋਟਾਂ ਵਿਚ ਇਕ ਨੇ ਤਾਂ ਜਿੱਤਣਾ ਹੀ ਹੈ। ਜਿੱਤਣ ਵਾਲੇ ਖਰੂਦ ਪਾਉਂਦੇ ਹਨ, ਹਾਰਨ ਵਾਲੇ ਇਲਜ਼ਾਮ ਲਾਉਂਦੇ ਹਨ ਕਿ ਵੋਟਾਂ ਵਿਚ ਹੇਰਾ-ਫੇਰੀ ਹੋਈ ਹੈ। ਫਿਰ ਸ਼ੁਰੂ ਹੁੰਦਾ ਹੈ ਪੱਗਾਂ ਅਤੇ ਦਾੜ੍ਹੀਆਂ ਦੀ ਬੇਅਦਬੀ ਦਾ ਸਿਲਸਿਲਾ। ਜਿੱਤਣ ਵਾਲੇ ਵਿਰੋਧੀਆਂ ਨੂੰ ਜਲੀਲ ਕਰਨ ਦੀ ਹਰ ਕੋਸ਼ਿਸ਼ ਕਰਦੇ ਹਨ। ਵਿਰੋਧੀ ਕਿਹੜਾ ਘੱਟ ਹਨ! ਉਹ ਹਰ ਠੀਕ ਗਲਤ ਕੰਮ ਵਿਚ ਲੱਤ ਅੜਾਉਂਦੇ ਹਨ। ਪੁਲਿਸ ਆਉਂਦੀ ਹੈ, ਹੋਰ ਕੌਮਾਂ ਦੇ ਲੋਕ ਟੀæਵੀæ ਅਤੇ ਅਖਬਾਰਾਂ ਰਾਹੀਂ ਇਹ ਸਭ ਦੇਖਦੇ ਹਨ। ਉਹ ਜ਼ਰੂਰ ਸੋਚਦੇ ਹੋਣਗੇ ਕਿ ਇਹ ਹੋ ਕੀ ਰਿਹਾ ਹੈ? ਅਸੀਂ ਸ਼ਾਂਤੀ ਦੇ ਪੁੰਜ ਆਪਣੇ ਗੁਰਦੁਆਰਿਆਂ ਨੂੰ ਪਾਣੀਪਤ ਦਾ ਮੈਦਾਨ ਬਣਾ ਧਰਦੇ ਹਾਂ। ਇਸ ਦੀ ਸ਼ੁਰੂਆਤ ਸ਼ਾਇਦ ਸਰੀ (ਕੈਨੇਡਾ) ਤੋਂ ਹੋਈ ਸੀ ਜੋ ਹੁਣ ਤੱਕ ਜਾਰੀ ਹੈ।
ਇਥੇ ਸਿਰਫ ਇਕ ਹੀ ਮਿਸਾਲ ਦੇਵਾਂਗਾ, ਸਭ ਤਾਣਾ-ਬਾਣਾ ਸਮਝ ਪੈ ਜਾਵੇਗਾ। ਚਲੋ, ਸ਼ਹਿਰ ਦਾ ਨਾਂ ਵੀ ਨਹੀਂ ਲੈਂਦਾ ਅਤੇ ਪ੍ਰਧਾਨ ਦਾ ਨਾਂ ਵੀ ਨਹੀਂ ਦੱਸਦਾ।æææਪ੍ਰਧਾਨ ਜੀ ਸਰਬਸੰਮਤੀ ਨਾਲ ਚੁਣੇ ਗਏ। ਦੋ ਸਾਲ ਉਨ੍ਹਾਂ ਵਾਹਵਾ ਪ੍ਰਧਾਨਗੀ ਕੀਤੀ। ਜਦੋਂ ਪ੍ਰਧਾਨਗੀ ਛੱਡਣ ਦਾ ਸਮਾਂ ਆਇਆ ਤਾਂ ਕਹਿੰਦੇ ਕਿ ਸਰਬਸੰਮਤੀ ਦੀ ਥਾਂ ਵੋਟਾਂ ਪੈਣੀਆਂ ਚਾਹੀਦੀਆਂ ਹਨ। ਅਖੇ, ਸੰਗਤ ਨੂੰ ਵੋਟ ਦਾ ਹੱਕ ਮਿਲਣਾ ਚਾਹੀਦਾ ਹੈ। ਪ੍ਰਧਾਨਗੀ ਲੈਣ ਵੇਲੇ ਸਰਬਸੰਤੀ ਠੀਕ ਸੀ ਪਰ ਛੱਡਣ ਵੇਲੇ ਸੰਗਤ ਦੇ ਹੱਕ ਯਾਦ ਆ ਗਏ! ਹੁਣ ਸੰਗਤ ਦੱਸੇ, ਕਿ ਇਸ ਸਭ ਕੁਝ ਦਾ ਸਿੱਖੀ ਨਾਲ ਕੋਈ ਸਬੰਧ ਹੈ?
ਗੁਰੂ ਪਿਆਰਿਓ! ਗੁਰੂ ਨਾਨਕ ਨੇ ਸੱਚ ਦਾ ਸੁਨੇਹਾ ਵੰਡਿਆ, ਸਿੱਖੀ ਦਾ ਬੂਟਾ ਲਾਇਆ; ਗੁਰੂ ਗੋਬਿੰਦ ਸਿੰਘ ਨੇ ਇਸ ਬੂਟੇ ਨੂੰ ਅੰਮ੍ਰਿਤ ਦੀ ਪਿਉਂਦ ਦਿੱਤੀ, ਪੰਜ ਕਕਾਰਾਂ ਦੀ ਬਖ਼ਿਸ਼ਸ਼ ਕਰ ਕੇ ਦੁਨੀਆ ਦੇ ਰੰਗਮੰਚ ਉਪਰ ਨਿਆਰੇ ਰੂਪ ਵਿਚ ਖਾਲਸਾ ਪੰਥ ਦੀ ਸਾਜਨਾ ਕੀਤੀ। ਜਦ ਕਿਤੇ ਗੁਰੂ ਸਹਿਬਾਨ ਦੇ ਬਖ਼ਸ਼ਿਸ਼ ਕੀਤੇ ਸਰੂਪ, ਸੋਹਣੀ ਦਸਤਾਰ ਸਜਾਈ ਖੁੱਲ੍ਹੇ ਦਾੜ੍ਹੇ ਵਾਲੇ ਕਿਸੇ ਸਿੱਖ ਦੇ ਦਰਸ਼ਨ ਹੁੰਦੇ ਹਨ ਤਾਂ ਜਾਪਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਦੇ ਗੁਲਦਸਤੇ ਦੇ ਦਰਸ਼ਨ ਹੋ ਰਹੇ ਹੋਣ। ਗੁਲਦਸਤੇ ਵਿਚੋਂ ਗੁਰੂ ਜੀ ਦੀਆਂ ਬਖ਼ਸ਼ੀਆਂ ਦਾਤਾਂ ਪਿਆਰ, ਸਤਿਕਾਰ ਮਿਠਾਸ ਅਤੇ ਤਿਆਗ ਦੀ ਮਹਿਕ ਆਉਣੀ ਚਾਹੀਦੀ ਹੈ। ਇਹ ਮਹਿਕ ਦੂਜਿਆਂ ਦੇ ਸੀਨੇ ਤਾਂ ਠਾਰੇਗੀ ਹੀ, ਪਹਿਲਾਂ ਉਸ ਦੇ ਅੰਦਰ-ਬਾਹਰ ਨੂੰ ਖੇੜਾ ਬਖ਼ਸ਼ੇਗੀ। ਜੇ ਉਸ ਗੁਲਦਸਤੇ ਵਿਚੋਂ ਈਰਖਾ ਅਤੇ ਸੜੇਂਵਾਂ ਨਿਕਲੇਗਾ ਤਾਂ ਉਸ ਦਾ ਅੰਦਰ-ਬਾਹਰ ਤਾਂ ਸੜਿਆ ਹੀ ਰਹੇਗਾ, ਉਹ ਹੋਰਨਾਂ ਨੂੰ ਵੀ ਸਾੜੇਗਾ।
ਇਸ ਲਈ ਸਭ ਨੂੰ ਬੇਨਤੀ ਹੈ ਕਿ ਗੁਰੂ ਦੇ ਸਿੱਖ ਬਣੋ, ਸਰਬੱਤ ਦੇ ਭਲੇ ਦੀ ਸੋਚੋ। ਗੁਰੂ ਦੇ ਸਿੱਖਾਂ ਦਾ ਤਾਂ ਇਕੋ ਪਿਓ, ਇਕੋ ਮਾਂ ਹੁੰਦੀ ਹੈ। ਫਿਰ ਭਰਾਵਾਂ ਵਿਚਕਾਰ ਲੜਾਈ ਕਿਸ ਗੱਲ ਦੀ ਹੈ? ਗੁਰੂ ਦੇ ਸਿੱਖ ਬਣੋਗੇ ਤਾਂ ਮਸਲੇ ਇਕ ਦਿਨ ਵਿਚ ਨਿੱਬੜ ਜਾਣਗੇ। ਤੁਹਾਡੇ ਅਤੇ ਸੰਗਤ ਦੇ ਮਨਾਂ ਵਿਚ ਠੰਢਕ ਪੈ ਜਾਵੇਗੀ। ਚੋਣਾਂ ਨੂੰ ਸਭ ਜਣੇ ਭੁੱਲ ਹੀ ਜਾਣਗੇ। ਫਿਰ ਇਸ ਤੋਂ ਵੱਧ ਹੋਰ ਸਾਨੂੰ ਚਾਹੀਦਾ ਕੀ ਹੈ?
ਹਾਂ, ਇਹ ਵੀ ਜ਼ਰੂਰੀ ਨਹੀਂ ਕਿ ਸੱਤ ਭੈਣਾਂ, ਭਰਾਵਾਂ ਦੀ ਮੱਤ ਮਿਲਦੀ ਹੋਵੇæææਆਪਾਂ ਘਰ ਵਿਚ ਵੀ ਕਿਸੇ ਮਸਲੇ ਬਾਰੇ ਫੈਸਲਾ ਕਰਨ ਲੱਗਿਆਂ ਕਹਿ ਲੈਂਦੇ ਹਾਂ ਕਿ ਵੋਟਾਂ ਪਾ ਕੇ ਦੇਖ ਲਓ! ਸੋ, ਜੇ ਚੋਣਾਂ ਜ਼ਰੂਰੀ ਹੋਣ ਤਾਂ ਉਹ ਢੰਗ ਵੀ ਵਰਤ ਲਓ ਪਰ ਇਹ ਢੰਗ ਸ਼ਾਂਤਮਈ ਹੋਣਾ ਚਾਹੀਦਾ ਹੈ। ਇਕ-ਦੂਜੇ ਦੀ ਜਿੱਤ-ਹਾਰ ਨੂੰ ਬਰਦਾਸ਼ਤ ਕਰਨਾ ਸਿੱਖੋ।æææਖਾਸ ਕਰ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਥੋਂ ਦੀਆਂ ਅਸੈਂਬਲੀਆਂ ਦੀ ਕਾਰਵਾਈ ਜ਼ਰੂਰ ਦੇਖਿਆ ਕਰਨæææਕਿੰਨਾ ਸ਼ਾਂਤਮਈ ਮਾਹੌਲ ਹੁੰਦਾ ਹੈ। ਬਥੇਰੇ ਮਸਲੇ ਹੁੰਦੇ ਹਨ ਜਿਨ੍ਹਾਂ ਉਪਰ ਸਹਿਮਤੀ ਨਹੀਂ ਬਣਦੀ। ਇਨ੍ਹਾਂ ਨੂੰ ਬੈਠ ਕੇ ਸ਼ਾਂਤਮਈ ਤਰੀਕੇ ਨਾਲ ਨਿਬੇੜਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਬਹੁਤੇ ਕਾਨੂੰਨ ਵਿਰੋਧੀਆਂ ਦੀ ਸਹਿਮਤੀ ਤੋਂ ਬਗੈਰ ਵੀ ਤਾਂ ਪਾਸ ਹੁੰਦੇ ਹੀ ਹਨ, ਪਰ ਉਹ ਆਪਣੀ ਘੱਟ-ਗਿਣਤੀ ਹੋਂਦ ਨੂੰ ਸਵੀਕਾਰਦੇ ਹਨ, ਅਸੈਂਬਲੀ ਦਾ ਸਤਿਕਾਰ ਕਰਦੇ ਹਨ ਅਤੇ ਆਪਣੀ ਹਾਰ ਨੂੰ ਕਬੂਲਦੇ ਹਨ। ਆਸ ਕਰਨੀ ਚਾਹੀਦੀ ਹੈ ਕਿ ਅਮਰੀਕਾ ਵਿਚ ਹੋਈਆਂ ਸ਼ਾਂਤਮਈ ਚੋਣਾਂ ਤੋਂ ਅਸੀਂ ਸਾਰੇ ਪੂਰਾ ਸਬਕ ਸਿੱਖਾਂਗੇ। ਹੁਣ ਦੱਸਣ ਦੀ ਤਾਂ ਲੋੜ ਨਹੀਂ ਨਾ, ਕਿ ਇਸ ਨੂੰ ਜਮਹੂਰੀਅਤ ਕਹਿੰਦੇ ਹਨ। ਸਾਨੂੰ ‘ਪੰਚਾਂ ਵਿਚ ਪਰਮੇਸ਼ਰ’ ਵਾਲੀ ਗੱਲ ਵੀ ਕਦੀ ਨਹੀਂ ਭੁੱਲਣੀ ਚਾਹੀਦੀ।

Be the first to comment

Leave a Reply

Your email address will not be published.