ਲੋਕਾਂ ਵਿਚ ਮੁੜ ਭੱਲ ਬਣਾਉਣ ਲਈ ਜੁਟੀਆਂ ਸਿਆਸੀ ਧਿਰਾਂ

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਮਾੜੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਰਵਾਇਤੀ ਪਾਰਟੀਆਂ ਆਪਣੇ ਪੈਰ ਮੁੜ ਜਮਾਉਣ ਲਈ ਮੰਥਨ ਵਿਚ ਜੁਟ ਗਈਆਂ ਹਨ। ਬੀਤੇ ਤੋਂ ਸਬਕ ਲੈਣ ਤੇ ਭਵਿੱਖ ਵਿਚ ਸੰਗਠਨ ਨੂੰ ਮਜਬੂਤ ਬਣਾਉਣ ਲਈ ਇਨ੍ਹਾਂ ਪਾਰਟੀਆਂ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਬਹੁਜਨ ਸਮਾਜ ਪਾਰਟੀ ਦੀ ਹਾਈਕਮਾਂਡ ਨੇ ਸਭ ਤੋਂ ਸਖ਼ਤ ਕਦਮ ਚੁੱਕਦਿਆਂ ਪੰਜਾਬ ਇਕਾਈ ਭੰਗ ਕਰ ਦਿੱਤੀ ਹੈ ਤੇ ਸੂਬਾ ਇੰਚਾਰਜ ਬਦਲ ਦਿੱਤੇ ਹਨ।
ਬਸਪਾ ਦੀ 29 ਮਈ ਨੂੰ ਜਲੰਧਰ ਵਿਚ ਹੋਈ ਮੀਟਿੰਗ ਵਿਚ ਪਾਰਟੀ ਹਾਈਕਮਾਂਡ ਦੇ ਹੁਕਮਾਂ ‘ਤੇ ਪ੍ਰਧਾਨ ਪ੍ਰਕਾਸ਼ ਜੰਡਾਲੀ ਨੇ ਰਾਜ ਇਕਾਈ ਭੰਗ ਕਰ ਦਿੱਤੀ । ਪਾਰਟੀ ਸੁਪਰੀਮੋ ਮਾਇਆਵਤੀ ਨੇ ਪੰਜਾਬ ਇਕਾਈ ਦੇ ਇੰਚਾਰਜ ਪ੍ਰਕਾਸ਼ ਭਾਰਤੀ ਨੂੰ ਹਟਾ ਕੇ ਕਮਲ ਜਾਟਵ ਤੇ ਡਾæ ਰਾਮ ਗੋਪਾਲ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਹੈ। ਸੂਤਰਾਂ ਦਾ ਦੱਸਣਾ ਹੈ ਕਿ ਮੀਟਿੰਗ ਵਿਚ ਹਾਰੇ ਉਮੀਦਵਾਰਾਂ ਨੇ ਆਪਣੇ ਸਾਥੀਆਂ ‘ਤੇ ਰੱਜ ਕੇ ਦੋਸ਼ ਲਾਏ। ਪਾਰਟੀ ਪ੍ਰਧਾਨ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਕਈ ਅਹੁਦੇਦਾਰਾਂ ਨੇ ਇਹ ਕਹਿ ਦਿੱਤਾ ਕਿ ਉਨ੍ਹਾਂ ਦੇ ਵਾਰਡ ਵਿਚੋਂ ਪਾਰਟੀ ਦੇ ਉਮੀਦਵਾਰ ਲਈ ਸਿਰਫ 253 ਵੋਟਾਂ ਨਿਕਲੀਆਂ। ਸ੍ਰੀ ਜੰਡਾਲੀ ਦਾ ਕਹਿਣਾ ਹੈ ਕਿ ਉਹ ਲੋਕਾਂ ਵਿਚ ਵਿਸ਼ਵਾਸ ਪੈਦਾ ਕਰਨ ਦੀ ਰਣਨੀਤੀ ਤਿਆਰ ਕਰ ਰਹੇ ਹਨ।
ਖੱਬੇ ਪੱਖੀ ਪਾਰਟੀਆਂ ਸੀæਪੀæਆਈæ ਨੇ 20 ਤੇ 21 ਜੂਨ ਤੇ ਸੀæਪੀæਆਈæ (ਐਮæ) ਨੇ ਸੱਤ ਤੇ ਅੱਠ ਜੂਨ ਨੂੰ ਮੀਟਿੰਗ ਸੱਦੀ ਹੈ। ਦੋਵੇਂ ਪਾਰਟੀਆਂ ਨੇ ਲੋਕ ਸਭਾ ਚੋਣਾਂ ਵਿਚ ਹਾਰ ਦੇ ਕਾਰਨਾਂ ਬਾਰੇ ਚਰਚਾ ਕਰਨ ਤੇ ਲੋਕਾਂ ਵਿਚ ਮੁੜ ਤੋਂ ਆਪਣੀ ਭੱਲ ਬਣਾਉਣ ਦਾ ਮੁੱਦਾ ਰੱਖਿਆ ਹੈ। ਖੱਬੇ ਪੱਖੀ ਨੇਤਾਵਾਂ ਨੂੰ ਚੋਣ ਨਤੀਜਿਆਂ ਤੋਂ ਇਸ ਗੱਲ ਦਾ ਧਰਵਾਸ ਹੈ ਕਿ ਉਨ੍ਹਾਂ ਦੀ ਵੋਟ ਜ਼ਿਆਦਾ ਨਹੀਂ ਖਿਸਕੀ ਹੈ। ਉਂਜ ਇਸ ਤੱਥ ਨੂੰ ਲੈ ਕੇ ਚਿੰਤਤ ਜ਼ਰੂਰ ਹਨ ਕਿ ਲੋਕ ਸਭਾ ਚੋਣਾਂ ਵਿਚ ਵੱਡੀਆਂ ਪਾਰਟੀਆਂ ਨੂੰ ਰਗੜਾ ਲੱਗਣ ਦੇ ਬਾਵਜੂਦ ਆਮ ਆਦਮੀ ਪਾਰਟੀ ਪੰਜਾਬ ਵਿਚ ਆਪਣਾ ਆਧਾਰ ਕਾਇਮ ਕਰਨ ਵਿਚ ਕਿਵੇਂ ਸਫਲ ਹੋ ਗਈ ਹੈ।
ਸੀæਪੀæਆਈæ ਤੇ ਸੀæਪੀæਆਈæ (ਐਮæ) ਸਾਂਝੇ ਮੋਰਚੇ ਦਾ ਹਿੱਸਾ ਸਨ ਪਰ ਚੋਣਾਂ ਦਾ ਐਲਾਨ ਹੁੰਦਿਆਂ ਹੀ ਮੋਰਚਾ ਖ਼ਿੱਲਰ ਗਿਆ ਸੀ ਤੇ ਇਹ ਪਾਰਟੀਆਂ ਵੀ ਆਪੋ ਆਪਣੇ ਰਾਹ ਤੁਰ ਪਈਆਂ ਸਨ। ਸੀæਪੀæਆਈæ (ਐਮæ) ਨੇ ਮੋਰਚੇ ਦੇ ਮੁੜ ਤੋਂ ਹੋਂਦ ਵਿਚ ਆਉਣ ਦੀ ਸੂਰਤ ਵਿਚ ਆਪਣੇ ਆਪ ਨੂੰ ਇਸ ਤੋਂ ਦੂਰ ਰੱਖਣ ਦਾ ਫੈਸਲਾ ਲਿਆ ਹੈ ਜਦਕਿ ਸੀæਪੀæਆਈæ ਗੈਰ ਕਾਂਗਰਸ ਪਾਰਟੀਆਂ ਨਾਲ ਦੁਬਾਰਾ ਹੱਥ ਮਿਲਾਉਣ ਦੇ ਰੌਂਅ ਵਿਚ ਹੈ। ਸੀæਪੀæਆਈæ (ਐਮæ) ਨੇ ਨੇੜ ਭਵਿੱਖ ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਤੋਬਾ ਕੀਤੀ ਹੈ। ਸੀæਪੀæਆਈæ ਨੇ ਫੈਸਲਾ ਪਾਰਟੀ ਹਾਈਕਮਾਂਡ ‘ਤੇ ਛੱਡਿਆ ਹੋਇਆ ਹੈ।
__________________________________
ਮਾਨ ਧਿਰ ਵੱਲੋਂ ਵੀ ਨਵੀਂ ਰਣਨੀਤੀ ਤਿਆਰ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਕਰਨ ਲਈ ਸੱਦੀ ਮੀਟਿੰਗ ਵਿਚ ਆਪਣੀ ਹਾਰ ਨੂੰ ਜ਼ਿਆਦਾ ਗੰਭੀਰਤਾ ਨਾਲ ਲੈਣ ਦੀ ਥਾਂ ਪੰਜਾਬ ਵਿਚ ਨਰਿੰਦਰ ਮੋਦੀ ਲਹਿਰ ਨੂੰ ਬੇਅਸਰ ਕਰਨ ਦਾ ਸਿਹਰਾ ਆਪਣੇ ਸਿਰ ਲਿਆ ਹੈ। ਪਾਰਟੀ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਦੀ ਮੋਗਾ ਰੈਲੀ ਮੌਕੇ ਦਲ ਵੱਲੋਂ ਵਿਰੋਧ ਦੇ ਦਿੱਤੇ ਸੱਦੇ ਦਾ ਵੋਟਰਾਂ ‘ਤੇ ਕਾਫੀ ਅਸਰ ਹੋਇਆ ਹੈ। ਦਲ ਨੇ ਜ਼ਿਮਨੀ ਚੋਣਾਂ ਲੜਣ ਦਾ ਫੈਸਲਾ ਲਿਆ ਹੈ। ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵਰਕਰਾਂ ਵਿਚ ਨਵਾਂ ਜੋਸ਼ ਭਰਨ ਲਈ ਪੰਜਾਬ ਤੇ ਹਰਿਆਣਾ ਦੇ ਯੂਥ ਵਿੰਗ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਹਨ। ਜ਼ਿਲ੍ਹਾ ਪ੍ਰਧਾਨਾ ਦੀਆਂ ਨਿਯੁਕਤੀਆਂ ਦਾ ਏਜੰਡਾ ਵੀ ਤਿਆਰ ਕੀਤਾ ਗਿਆ ਹੈ। ਸ਼ ਮਾਨ ਨੂੰ ਆਸ ਹੈ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਦੁਬਾਰਾ ਹੁੰਗਾਰਾ ਦੇਣਗੇ।ੇ
_______________________________________
ਪਾਰਟੀ ਤੇ ਸਰਕਾਰ ਦੀ ਕਾਰਗੁਜ਼ਾਰੀ ਦੀ ਪੜਚੋਲ ਹੋਵੇਗੀ: ਸੁਖਬੀਰ
ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਉਹ ਸਵੀਕਾਰ ਕਰਦੇ ਹਨ ਪਰ ਇਸ ਮਾਮਲੇ ਵਿਚ ਪਾਰਟੀ ਤੇ ਸਰਕਾਰ ਦੀ ਕਾਰਗੁਜ਼ਾਰੀ ਦੀ ਪੜਚੋਲ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਨਾਰਾਜ਼ਗੀ ਨੂੰ ਜਾਣਨ ਲਈ ਯਤਨ ਸ਼ੁਰੂ ਕੀਤੇ ਗਏ ਹਨ ਤੇ ਛੇਤੀ ਹੀ ਇਹ ਨਾਰਾਜ਼ਗੀ ਦੂਰ ਕਰਨ ਲਈ ਉਪਰਾਲੇ ਕੀਤੇ ਜਾਣਗੇ।
ਆਮ ਆਦਮੀ ਪਾਰਟੀ ਬਾਰੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਾਰਟੀ ਦੀ ਜਿੱਤ ਪਾਣੀ ਦੇ ਬੁਲਬਲੇ ਵਾਂਗ ਹੈ, ਜੋ ਛੇਤੀ ਹੀ ਮੁੜ ਪਾਣੀ ਨਾਲ ਪਾਣੀ ਹੋ ਜਾਵੇਗੀ।

Be the first to comment

Leave a Reply

Your email address will not be published.