ਸੁੱਚੇ ਇਨਕਲਾਬ ਦੀਆਂ ਕਨਸੋਆਂ…

ਕਾਰਲ ਮਾਰਕਸ ਦੀ ਜੀਵਨ ਕਹਾਣੀ-3
ਜਰਮਨੀ ਵਿਚ ਜਨਮੇ ਸੰਸਾਰ ਦੇ ਉਘੇ ਵਿਦਵਾਨ ਕਾਰਲ ਮਾਰਕਸ (5 ਮਈ 1818-14 ਮਰਚ 1883) ਨੇ ਸੰਸਾਰ ਨੂੰ ਦੋ ਅਜਿਹੀਆਂ ਅਦੁੱਤੀ ਰਚਨਾਵਾਂ ‘ਦਿ ਕਮਿਊਨਿਸਟ ਮੈਨੀਫੈਸਟੋ’ ਅਤੇ ‘ਦਾਸ ਕੈਪੀਟਲ’ ਦਿੱਤੀਆਂ ਜਿਸ ਨੇ ਕਿਰਤੀਆਂ ਦੇ ਹੱਕ ਵਿਚ ਸੰਸਾਰ ਭਰ ਵਿਚ ਤਰਥੱਲੀ ਮਚਾ ਦਿੱਤੀ। ਇਨ੍ਹਾਂ ਰਚਨਾਵਾਂ ਦਾ ਨਿਚੋੜ ਸਰਬੱਤ ਦਾ ਭਲਾ ਹੈ। ਇਨ੍ਹਾਂ ਨੂੰ ਪੜ੍ਹ-ਗੁੜ ਕੇ ਰੂਸੀ ਲੀਡਰ ਲੈਨਿਨ ਨੇ ਸੰਸਾਰ ਦਾ ਪਹਿਲਾ ਇਨਕਲਾਬ ਲਿਆਂਦਾ ਜਿਸ ਨੇ ਸੰਸਾਰ ਭਰ ਦੇ ਨਿਤਾਣਿਆਂ ਅਤੇ ਨਿਮਾਣਿਆਂ ਲਈ ਆਸ ਦੀ ਕਿਰਨ ਜਗਾਈ। ਨਾਸਤਿਕ ਹੋਣ ਕਰ ਕੇ ਮਾਰਕਸ ਨੂੰ ਉਮਰ ਭਰ ਔਕੜਾਂ ਝਾਗਣੀਆਂ ਪਈਆਂ ਪਰ ਜਿਸ ਤਰ੍ਹਾਂ ਦਾ ਸਿਧਾਂਤ ਉਹ ਮਨੁੱਖ ਜਾਤੀ ਲਈ ਦੇ ਗਿਆ, ਉਹ ਲਾ-ਜਵਾਬ ਹੈ। ਹੁਣ ਤੱਕ ਸੈਂਕੜੇ-ਹਜ਼ਾਰਾਂ ਗ੍ਰੰਥ ਮਾਰਕਸ ਅਤੇ ਉਸ ਦੇ ਸਿਧਾਂਤ ਬਾਰੇ ਛਪ ਚੁੱਕੇ ਹਨ। 2011 ਵਿਚ ਅਮਰੀਕੀ ਲੇਖਕਾ ਮੇਰੀ ਜਬਰੀਲ ਨੇ ਮਾਰਕਸ ਤੇ ਉਹਦੇ ਜੀਵਨ ਬਾਰੇ ਕਿਤਾਬ ਲਿਖੀ, ‘ਲਵ ਐਂਡ ਕੈਪੀਟਲ।’ ਇਸ ਕਿਤਾਬ ਦੇ ਆਧਾਰ ‘ਤੇ ਪ੍ਰੋæ ਹਰਪਾਲ ਸਿੰਘ ਪੰਨੂ ਨੇ ਲੰਮਾ ਲੇਖ ਲਿਖਿਆ ਹੈ। ਇਹ ਲੇਖ ਇਸ ਕਰ ਕੇ ਵੀ ਦਿਲਚਸਪ ਹੈ ਕਿਉਂਕਿ ਇਹ ਆਸਤਿਕ ਚਿੰਤਕ ਵਲੋਂ ਨਾਸਤਿਕ ਚਿੰਤਕ ਬਾਰੇ ਲਿਖਿਆ ਗਿਆ ਹੈ। ਲੇਖ ਦੀ ਇਸ ਤੀਜੀ ਲੜੀ ਵਿਚ ਪੈਰਿਸ ਕਮਿਊਨ ਅਤੇ ਮਾਰਕਸ ਦੇ ਜੀਵਨ ਬਾਰੇ ਚਰਚਾ ਕੀਤੀ ਗਈ ਹੈ। -ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਮਹੀਨੇ ਦੇ ਟੂਰ Ḕਤੇ ਜੈਨੀ ਆਪਣੀਆਂ ਧੀਆਂ ਨੂੰ ਲੈ ਕੇ ਚਲੀ ਗਈ। ਨਾਲੇ ਆਊਟਿੰਗ ਹੋ ਜਾਏਗੀ, ਨਾਲੇ ਕਾਰਲ ਇਕਾਂਤ ਵਿਚ ਕੁਝ ਲਿਖ ਲਵੇਗਾ। ਵਾਪਸ ਆਈਆਂ ਤਾਂ Ḕਦਾਸ ਕੈਪੀਟਲḔ ਦੇ ਸੱਤ ਸੌ ਪੰਨੇ ਲਿਖ ਚੁੱਕਾ ਸੀ। ਜੈਨੀ ਨੇ ਖੁਸ਼ ਹੁੰਦਿਆਂ ਕਿਹਾ, ਜਰਮਨੀ ਦੀ ਧਰਤੀ ਉਤੇ ਇਹ ਕਿਤਾਬ ਬੰਬ ਬਣ ਕੇ ਡਿਗੇਗੀ।
ਖਬਰ ਮਿਲੀ ਕਿ ਕਾਰਲ ਦੀ ਮਾਂ ਦਾ ਦੇਹਾਂਤ ਹੋ ਗਿਆ। ਪਿੰਡ ਚਲਾ ਗਿਆ। ਵਸੀਅਤ ਦੀ ਕੁਝ ਰਕਮ ਮਿਲੀ, ਹਾਲੈਂਡ ਚਾਚੇ ਫਿਲਿਪ ਕੋਲ ਚਲਾ ਗਿਆ। ਜੈਨੀ ਨੂੰ ਖਤ ਲਿਖਿਆ ਕਿ ਬਿਮਾਰ ਹਾਂ, ਦੇਰ ਬਾਅਦ ਰਾਜ਼ੀ ਹੋ ਕੇ ਪਰਤਾਂਗਾ। ਬਿਮਾਰ ਸੀ ਕਿ ਬਿਮਾਰੀ ਦਾ ਬਹਾਨਾ ਸੀ, ਪਤਾ ਨਹੀਂ ਪਰ ਜੈਨੀ ਸਿਰੇ ਦੀ ਤੰਗੀ ਤੁਰਸ਼ੀ ਵਿਚੋਂ ਲੰਘ ਰਹੀ ਸੀ। ਏਂਗਲਜ਼ ਇਸ ਪਰਿਵਾਰ ਦੀ ਮਦਦ, ਮਿੱਲ ਸਿਸਟਮ ਵਿਚੋਂ ਕਮਾਏ ਪੈਸੇ ਨਾਲ ਕਰ ਰਿਹਾ ਸੀ ਤਾਂ ਕਿ ਕਾਰਲ ਇਸ ਸਿਸਟਮ ਨੂੰ ਤੋੜਨ ਵਾਲਾ ਬਰੂਦ ਤਿਆਰ ਕਰ ਸਕੇ।
ਫੈਸਲਾ ਹੋਇਆ ਕਿ ਲੰਡਨ ਵਿਚ ਵਰਕਿੰਗ ਮੈਨ’ਜ਼ ਇੰਟਰਨੈਸ਼ਨਲ ਬੁਲਾਈ ਜਾਵੇ। ਅੰਦਾਜ਼ਾ ਨਹੀਂ ਸੀ ਕਿ ਇੰਨੀ ਵੱਡੀ ਗਿਣਤੀ ਵਿਚ ਲੋਕ ਆਉਣਗੇ। ਫਰਾਂਸ, ਆਇਰਲੈਂਡ, ਪੋਲੈਂਡ ਅਤੇ ਜਰਮਨੀ ਦੇ ਮਜ਼ਦੂਰ ਲੀਡਰ ਆਏ। ਕਾਰਲ ਨੂੰ ਇੰਟਰਨੈਸ਼ਨਲ ਦਾ ਵਿਧਾਨ ਲਿਖਣ ਲਈ ਕਿਹਾ। ਜਰਮਨੀ ਦੇ ਆਗੂਆਂ ਨੇ ਤਾਂ ਕਾਰਲ ਨੂੰ ਇਸ ਦੀ ਪ੍ਰਧਾਨਗੀ ਕਰਨ ਲਈ ਕਿਹਾ ਪਰ ਕਿਤਾਬ ਲਿਖਣ ਦੀ ਜ਼ਿੰਮੇਵਾਰੀ ਤਿਆਗਣੀ ਉਹਨੇ ਠੀਕ ਨਾ ਸਮਝੀ।
ਅਬਰਾਹਮ ਲਿੰਕਨ ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦਾ ਖਤ ਲਿਖਿਆ। ਲਿੰਕਨ ਨੇ ਇੰਗਲੈਂਡ ਆਪਣੇ ਰਾਜਦੂਤ ਰਾਹੀਂ ਕਾਰਲ ਦਾ ਸ਼ੁਕਰਾਨਾ ਕੀਤਾ। ਜਦੋਂ ਖਬਰ ਮਿਲੀ ਕਿ ਲਿੰਕਨ ਦੀ ਹੱਤਿਆ ਹੋ ਗਈ ਹੈ, ਲਿਖਿਆ-ਸੰਸਾਰ ਸੋਗ ਵਿਚ ਡੁੱਬ ਗਿਆ ਹੈ। ਉਹਨੇ ਔਖਾ ਕੰਮ ਛੇੜ ਲਿਆ ਸੀ। ਦਿਆਲੂ ਦਿਲ ਵਾਲੇ ਆਦਮੀ ਨੇ ਦਲੇਰ ਫੈਸਲੇ ਕੀਤੇ। ਆਪਣੀ ਮਿਨੀ ਮੁਸਕਾਨ ਨਾਲ ਉਹ ਹਨ੍ਹੇਰਿਆਂ ਵਿਚ ਰੋਸ਼ਨੀ ਕਰ ਦਿੰਦਾ ਸੀ। ਲਿੰਕਨ ਉਨ੍ਹਾਂ ਮੁੱਠੀ ਭਰ ਬੰਦਿਆਂ ਵਿਚੋਂ ਸੀ ਜਿਹੜੇ ਨੇਕੀ ਛੱਡਣ ਬਗੈਰ ਮਹਾਨ ਹੋ ਜਾਂਦੇ ਹਨ।
ਬਾਰਾਂ ਸੌ ਪਦੀ ਕਿਤਾਬ ਨੂੰ ਸੰਵਾਰਨ ਲੱਗਾ, ਸਟਾਈਲ ਸੋਧਣ ਲੱਗਾ, ਲਿਖਦਾ ਹੈ, ਗਾਂ ਜਿਵੇਂ ਨਵ-ਜਾਏ ਵਛੜੂ ਨੂੰ ਚੱਟਣ ਲਗਦੀ ਹੈ, ਉਸ ਤਰ੍ਹਾਂ।
ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰਾ ਪਾ ਲਿਆ, ਵਧੀਕ ਕੰਮ ਕਰਨ ਦਾ ਨਤੀਜਾ। ਜਰਮਨ ਡਾਕਟਰ ਦੀ ਨਿਗਰਾਨੀ ਵਿਚ ਆਰਸੈਨਿਕ ਜ਼ਹਿਰ ਦੀਆਂ ਤਿੰਨ ਵਾਰ ਹਲਕੀਆਂ ਖੁਰਾਕਾਂ ਲੈਂਦਾ। ਅਫੀਮ ਲੈਣੀ ਪੈਂਦੀ। ਏਂਗਲਜ਼ ਆ ਗਿਆ, ਕਿਹਾ-ਕਿਤਾਬ ਤਿੰਨ ਮਹੀਨੇ ਪਿੱਛੇ ਪੈਂਦੀ ਹੈ, ਪੈਣ ਦੇਹ। ਸਾਗਰ ਕੰਢੇ ਛੁੱਟੀਆਂ ਮਨਾ। ਤੇਰੀ ਸਿਹਤ ਵਿਗੜ ਗਈ ਤਾਂ ਸੰਸਾਰ ਵੱਡੀ ਲਹਿਰ ਤੋਂ ਵਾਂਝਾ ਰਹਿ ਜਾਏਗਾ।
ਇੰਟਰਨੈਸ਼ਨਲ ਵਿਚ ਫੁੱਟ ਪੈਣੀ ਸ਼ੁਰੂ ਹੋ ਗਈ ਸੀ। ਫਰਾਂਸੀਸੀ ਨਹੀਂ ਚਾਹੁੰਦੇ ਸਨ ਕਿ ਜਰਮਨ ਇਸ Ḕਤੇ ਕਾਬਜ਼ ਹੋ ਜਾਣ; ਜਰਮਨ ਮਤਲਬ ਕਾਰਲ।
ਲਫਾਰਗ ਨਾਮ ਦਾ ਤਿੱਖੇ ਦਿਲ-ਦਿਮਾਗ ਦਾ ਕ੍ਰਾਂਤੀਕਾਰੀ ਫਰਾਂਸੀਸੀ ਜੁਆਨ ਕਾਰਲ ਦੇ ਘਰ ਆ ਗਿਆ। ਮੀਟਿੰਗਾਂ ਵਿਚ ਮਿਲਦਾ ਰਹਿੰਦਾ ਸੀ। ਵਿਚਕਾਰਲੀ ਧੀ ਲਾਰਾ ਨੂੰ ਚਾਹੁਣ ਲੱਗਾ। ਹਫਤੇ ਵਿਚ ਹੀ ਉਹਨੇ ਵਿਆਹ ਦੀ ਇੱਛਾ ਪ੍ਰਗਟਾ ਦਿੱਤੀ। ਕਾਰਲ ਨੇ ਕਿਹਾ, ਦੇਖ ਜੁਆਨ, ਤੂੰ ਆਪਣੀ ਮੈਡੀਕਲ ਦੀ ਪੜ੍ਹਾਈ ਵਿਚੇ ਛੱਡ ਕੇ ਪਾਰਟੀ ਦਾ ਕੰਮ ਕਰਨ ਲੱਗਾਂ। ਮੈਂ ਚਾਹੁੰਨਾ ਮੇਰੀਆਂ ਧੀਆਂ ਭਲੇ ਘਰਾਂ ਵਿਚ ਜਾਣ ਤਾਂ ਕਿ ਜੋ ਮੁਸੀਬਤਾਂ ਇਨ੍ਹਾਂ ਦੀ ਮਾਂ ਨੇ ਝੱਲੀਆਂ, ਉਨ੍ਹਾਂ ਤੋਂ ਬਚਣ। ਪਾਰਟੀ ਵਾਸਤੇ ਜੋ ਮੈਂ ਕੀਤਾ, ਇਨ੍ਹਾਂ ਦਾ ਨੁਕਸਾਨ ਕਰ ਕੇ ਕੀਤਾ। ਮੈਨੂੰ ਮੇਰੇ ਕੀਤੇ ਦਾ ਪਛਤਾਵਾ ਨਹੀਂ, ਸਗੋਂ ਜੇ ਕਿਤੇ ਦੁਬਾਰਾ ਜਨਮ ਮਿਲੇ, ਇਹੀ ਕੰਮ ਮੈਂ ਫਿਰ ਕਰਾਂਗਾ, ਪਰ ਫਿਰ ਮੈਂ ਵਿਆਹ ਨਾ ਕਰਵਾਵਾਂ। ਤੂੰ ਸਾਬਤ ਕਰ ਕਿ ਤੇਰੇ ਕੋਲ ਮੇਰੀ ਧੀ ਵਾਸਤੇ ਆਮਦਨ ਦੇ ਸਾਧਨ ਨੇ।
ਕਾਰਲ ਨੂੰ ਇਕ ਪ੍ਰਸਿੱਧ ਡਾਕਟਰ ਮਿਲਿਆ ਤੇ ਕਿਹਾ, ਮੈਨੂੰ ਲਫਾਰਗ ਦੇ ਪਾਪਾ ਨੇ ਤੁਹਾਨੂੰ ਇਹ ਕਹਿਣ ਲਈ ਭੇਜਿਆ ਹੈ ਕਿ ਮੇਰੇ ਕੋਲ ਆਪਣੇ ਬੇਟੇ ਵਾਸਤੇ ਬਥੇਰੀ ਜਾਇਦਾਦ ਹੈ। ਬੇਫਿਕਰੀ ਨਾਲ ਮੇਰੇ ਬੇਟੇ ਨੂੰ ਆਪਣੇ ਫੈਸਲੇ ਕਰਨ ਦਿਓ। ਕਾਰਲ ਨੇ ਲਾਰਾ ਅਤੇ ਸਭ ਤੋਂ ਛੋਟੀ ਤੂਸੀ ਸਕੂਲ ਹੋਸਟਲ ਵਿਚ ਭੇਜ ਦਿੱਤੀਆਂ। ਚਿਨ ਤੇ ਲਫਾਰਗ ਨੂੰ ਪਾਰਟੀ ਕੰਮਾਂ Ḕਤੇ ਆਪਣੇ ਕੋਲ ਰੱਖ ਲਿਆ। ਆਖਰ 26 ਸਤੰਬਰ 1866 ਨੂੰ ਲਾਰਾ ਦੀ ਲਫਾਰਗ ਨਾਲ ਮੰਗਣੀ ਕਰ ਦਿੱਤੀ।
ḔਕੈਪੀਟਲḔ ਦੀ ਪਹਿਲੀ ਜਿਲਦ ਮੀਸਨਰ ਕੋਲ ਛਪਣ ਵਾਸਤੇ ਭੇਜ ਦਿੱਤੀ। ਏਂਗਲਜ਼ ਖਬਰ ਸੁਣ ਕੇ ਖੁਸ਼ ਹੋਇਆ ਪਰ ਮੀਸਨਰ ਦਾ ਜਵਾਬ ਆਇਆ, ਮੈਂ ਇਕੱਲੀ ਜਿਲਦ ਨਹੀਂ ਛਾਪਾਂਗਾ। ਦੂਜੀ ਜਿਲਦ ਭੇਜੋ, ਇਕੱਠੀਆਂ ਛਪਣਗੀਆਂ। 49ਵੇਂ ਜਨਮ ਦਿਨ ਮੌਕੇ ਉਹਨੂੰ ਪਹਿਲੇ ਪਰੂਫ ਮਿਲੇ। ਪ੍ਰਕਾਸ਼ਕ ਆ ਰਹੀ ਕਿਤਾਬ ਦੇ ਇਸ਼ਤਿਹਾਰ ਅਖਬਾਰਾਂ ਵਿਚ ਛਪਾਉਣ ਲੱਗਾ। ਕਾਰਲ ਦੀ ਸਿਹਤ ਸੰਵਰਨ ਲੱਗੀ। ਜਰਮਨ ਪ੍ਰਧਾਨ ਮੰਤਰੀ ਬਿਸਮਾਰਕ ਨੇ ਕਾਰਲ ਕੋਲ ਸੁਨੇਹਾ ਭੇਜਿਆ ਕਿ ਮੇਰੇ ਨਾਲ ਰਲ ਕੇ ਜਰਮਨ ਸਮਾਜ ਦੀ ਸੇਵਾ ਕਰੋ। ਕਾਰਲ ਹੱਸ ਪਿਆ।
ਲਾਰਾ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਪਰ ਇਸ ਗੱਲ ਦੀ ਉਦਾਸੀ ਛਾਈ ਰਹੀ ਕਿ ਵੱਡੀ ਚਿਨ ਅਜੇ ਕੁਆਰੀ ਹੈ। ਲਫਾਰਗ ਦੇ ਪਾਪਾ ਨੇ ਕਿਹਾ, ਵਿਆਹ ਦੇ ਗਿਫਟ ਵਜੋਂ ਮੈਂ ਜੋੜੀ ਨੂੰ ਇਕ ਲੱਖ ਫਰਾਂਕ ਦਿਆਂਗਾ। ਉਹਦੀਆਂ ਵਾਈਨ ਫੈਕਟਰੀਆਂ ਸਨ।
ḔਕੈਪੀਟਲḔ ਦੀ ਪਹਿਲੀ ਜਿਲਦ ਦੀ ਹਜ਼ਾਰ ਕਾਪੀ ਛਪ ਗਈ। ਕਿਤੇ ਲੋਕ ਇਸ ਨੂੰ ਨਜ਼ਰ-ਅੰਦਾਜ਼ ਨਾ ਕਰ ਦੇਣ, ਪਬਲਿਸਿਟੀ ਦੀ ਜ਼ਰੂਰਤ ਹੈ; ਚਿਨ ਅਤੇ ਲਫਾਰਗ ਨੇ ਇਸ ਦੀ ਭੂਮਿਕਾ ਦਾ ਫਰੈਂਚ ਵਿਚ ਅਨੁਵਾਦ ਕਰ ਕੇ ਅਖਬਾਰਾਂ ਨੂੰ ਭੇਜਿਆ। ਆਪਣੇ ਜਰਮਨ ਦੋਸਤਾਂ ਨੂੰ ਕਿਹਾ ਕਿ ਸਾਰੇ ਜਣੇ ਕਿਤਾਬ ਪੜ੍ਹੋ ਤੇ ਰੀਵਿਊ ਲਿਖੋ। ਏਂਗਲਜ਼ ਨੇ ਫਰਜ਼ੀ ਨਾਂਵਾਂ ਹੇਠ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਸੱਤ ਰੀਵਿਊ ਲਿਖ ਕੇ ਯੂਰਪ ਅਤੇ ਅਮਰੀਕਨ ਅਖਬਾਰਾਂ ਨੂੰ ਭੇਜੇ। ਉਹਨੇ ਬਾਕੀ ਦੋਸਤਾਂ ਨੂੰ ਵੀ ਕਈ-ਕਈ ਰੀਵਿਊ ਵੱਖ-ਵੱਖ ਅੰਦਾਜ਼ ਵਿਚ ਲਿਖਣ ਲਈ ਕਿਹਾ ਤੇ ਲਿਖਿਆ, ਯਸੂ ਮਸੀਹ ਦੇ ਕਥਨ ਵਾਂਗ ਸਾਨੂੰ ਘੁੱਗੀਆਂ ਜਿੰਨੇ ਮਾਸੂਮ ਅਤੇ ਸੱਪਾਂ ਵਰਗੇ ਸਿਆਣੇ ਹੋਣਾ ਪਏਗਾ। ਕਿਸੇ ਪਾਠਕ ਨੇ ਰਾਇ ਦਿੱਤੀ, ਜਿਵੇਂ ਕਿਸੇ ਨੂੰ ਹਾਥੀ ਮਿਲ ਜਾਵੇ ਪਰ ਉਹਨੂੰ ਪਤਾ ਨਾ ਹੋਵੇ ਇਹਦਾ ਕੀ ਕਰਾਂ, ਇਸ ਤਰ੍ਹਾਂ ਦੀ ਹੈ Ḕਕੈਪੀਟਲ।Ḕ ਇਕ ਮਿੱਲ ਮਾਲਕ ਨੇ ਪੜ੍ਹੀ ਤੇ ਕਿਹਾ, ਹੋਰ ਤਾਂ ਕੁਝ ਪਤਾ ਨਹੀਂ ਲਗਦਾ, ਸਿਲਾਈ ਕਤਾਈ ਦੀਆਂ ਬੜੀਆਂ ਉਦਾਹਰਣਾਂ ਹਨ, ਕਾਰਲ ਦਰਜੀ ਹੋਣੈ। ਲੋਕਾਂ ਨੇ ਕਮਿਊਨਿਸਟ ਮੈਨੀਫੈਸਟੋ ਪੜ੍ਹਿਆ ਸੀ, ਸੋਚਦੇ ਕਿ ਕੈਪੀਟਲ ਸੰਗਰਾਮ ਛੇੜਨ ਦਾ ਵਧੀਆ ਹਥਿਆਰ ਹੋਵੇਗਾ, ਪਰ ਅਜਿਹਾ ਨਹੀਂ; ਕਾਰਲ ਇਥੇ ਲੜਾਕੂ ਨਹੀਂ, ਫਿਲਾਸਫਰ ਹੈ, ਅਰਥ-ਸ਼ਾਸਤਰੀ ਹੈ, ਅਧਿਆਪਕ ਹੈ। ਪਾਠਕ ਸਿਰ ਫੜ ਕੇ ਬੈਠ ਗਏ।
ਉਹਨੇ ਮਜ਼ਦੂਰ ਦੀ ਤਸਵੀਰ ਬਣਾਈ, ਮਿੱਲ ਦੇ ਬਾਕੀ ਪੁਰਜ਼ਿਆਂ ਵਾਂਗ ਉਹ ਵੀ ਪੁਰਜ਼ਾ ਹੈ ਜਿਹੜਾ ਘਸਦਾ ਰਹਿੰਦਾ ਹੈ, ਇਕ ਦਿਨ ਟੁੱਟ ਜਾਵੇਗਾ। ਉਸ ਨੂੰ ਦੇਰ ਤੱਕ ਕੰਮ ਕਰਨ ਲਈ ਦਿਹਾੜੀ ਦੇਣੀ ਜ਼ਰੂਰੀ ਹੈ ਤੇ ਇੰਨੀ ਕੁ ਦਿਹਾੜੀ ਜ਼ਰੂਰੀ ਹੈ ਕਿ ਮਰਨ ਤੋਂ ਪਹਿਲਾਂ ਆਪਣੇ ਵਰਗੇ ਪੁਰਜ਼ੇ ਜੰਮ ਦਏ।
ਕਾਰਲ ਨੇ ਲਿਖਿਆ, ਕੈਪੀਟਲ ਦੀ ਵਿਕਰੀ ਤੋਂ ਇੰਨੀ ਆਮਦਨ ਵੀ ਨਹੀਂ ਹੋਈ ਜਿੰਨੀ ਰਕਮ ਦੀ ਮੈਂ ਇਹਨੂੰ ਲਿਖਣ ਵਾਸਤੇ ਸਿਗਾਰ ਪੀ ਗਿਆ।
ਲਿੰਕਨ ਦੀ ਹਮਾਇਤ ਵਿਚ ਜਿਹੜੇ ਆਇਰਿਸ਼ ਸੈਨਿਕ ਲੜੇ ਸਨ, ਉਨ੍ਹਾਂ ਨੇ ਆਪਣੀ ਜਥੇਬੰਦੀ ਕਾਇਮ ਕਰ ਲਈ ਜਿਸ ਦਾ ਨਾਮ ਫੇਨੀ ਰੱਖਿਆ। ਅਮਰੀਕਾ ਅਤੇ ਇੰਗਲੈਂਡ ਵਿਚ ਇਸ ਦੇ ਇਕ ਲੱਖ ਮੈਂਬਰ ਹੋ ਗਏ। ਸਤੰਬਰ 1867 ਨੂੰ ਪੁਲਿਸ ਨੇ ਆਵਾਰਾਗਰਦੀ ਦੇ ਦੋਸ਼ ਵਿਚ ਮਾਨਚੈਸਟਰਸ ਵਿਖੇ ਦੋ ਅਮਰੀਕਨ ਆਰਮੀ ਅਫਸਰ ਗ੍ਰਿਫਤਾਰ ਕਰ ਲਏ। ਪਤਾ ਲੱਗਾ ਕਿ ਇਹ ਤਾਂ ਫੇਨੀ ਦਾ ਚੀਫ, ਕਰਨਲ ਕੇਲੀ ਅਤੇ ਉਸ ਦਾ ਕਮਾਂਡਰ ਕੈਪਟਨ ਡੇਜ਼ੀ ਹਨ। ਮੂੰਹੋਂ-ਮੂੰਹੀਂ ਘਰ-ਘਰ ਖਬਰ ਪੁੱਜ ਗਈ ਕਿ ਫੇਨੀ ਦੇ ਅਫਸਰ ਫੜੇ ਗਏ। ਆਇਰਿਸ਼ ਸਿਪਾਹੀ ਹਥਿਆਰਬੰਦ ਹੋ ਕੇ ਆ ਗਏ ਤੇ ਘੋੜਾ-ਬੱਘੀ ਘੇਰ ਲਈ ਜਿਸ ਵਿਚ ਦੋਵੇਂ ਬੰਦੀ ਸਨ। ਗੋਲੀ ਮਾਰੀ, ਘੋੜਾ ਡਿੱਗ ਪਿਆ। ਹੋਰ ਫਾਇਰਿੰਗ ਵਿਚ ਇਕ ਪੁਲਸੀਆ ਤੇ ਇਕ ਸਿਵਲੀਅਨ ਮਾਰੇ ਗਏ। ਅਜੇ ਹੋਰ ਫੋਰਸ ਆਈ ਨਹੀਂ ਸੀ, ਬੰਦੀ ਭੱਜ ਗਏ, ਆਖਰ ਅਮਰੀਕਾ ਪੁੱਜ ਗਏ। ਜਦੋਂ ਭਾਰੀ ਫੋਰਸ ਪੁੱਜੀ ਤਾਂ ਆਇਰਿਸ਼ ਲੋਕ ਖਿਸਕਣੇ ਸ਼ੁਰੂ ਹੋ ਗਏ। ਘਟਨਾ ਏਂਗਲਜ਼ ਦੇ ਘਰ ਨਜ਼ਦੀਕ ਵਾਪਰੀ, ਪਤਨੀ ਲਿਜ਼ੀ ਨੇ ਬਹੁਤ ਸਾਰੇ ਭਗੌੜੇ ਲਕੋਏ।
ਪੁਲਿਸ ਨੇ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ, ਉਨ੍ਹਾਂ ਵਿਚੋਂ ਤਿੰਨ ਫੇਨੀ ਹਿੰਸਾ ਲਈ ਕਸੂਰਵਾਰ ਠਹਿਰਾਏ ਗਏ ਤੇ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾਇਆ। 21 ਨਵੰਬਰ ਨੂੰ 25 ਹਜ਼ਾਰ ਹਮਦਰਦਾਂ ਨੇ ਮਹਾਰਾਣੀ ਨੂੰ ਦਰਖਾਸਤ ਦਿੱਤੀ ਕਿ ਖਿਮਾ ਕਰ ਦਿਓ। ਖਿਮਾ ਨਹੀਂ ਫਾਂਸੀ ਮਿਲੀ। ਫਾਂਸੀ ਵਾਲੇ ਦਿਨ ਗਲੀਆਂ ਵਿਚ ਸੁੰਨ ਵਰਤੀ ਹੋਈ ਸੀ ਪਰ ਆਇਰਿਸ਼ ਚਰਚਾਂ ਵਿਚ ਇੰਨੀ ਭੀੜ ਕਿ ਥਾਂ ਨਾ ਮਿਲੇ। ਆਪਣੇ ਸ਼ਹੀਦਾਂ ਵਾਸਤੇ ਪ੍ਰਾਰਥਨਾ ਕਰਨ ਆਏ ਲੋਕਾਂ ਨੂੰ ਏਂਗਲਜ਼ ਨੇ ਕਿਹਾ, ਮਲਕਾ, ਆਇਰਲੈਂਡ ਨੂੰ ਹੋਰ ਤਾਂ ਕੁਝ ਨਹੀਂ ਦੇ ਸਕੀ, ਤਿੰਨ ਸ਼ਹੀਦ ਦੇ ਦਿੱਤੇ। ਦੇਖਿਓ, ਇਨ੍ਹਾਂ ਸ਼ਹਾਦਤਾਂ ਦੇ ਗੀਤ ਪੰਘੂੜਿਆਂ ਵਿਚ ਲੇਟੇ ਬੱਚੇ ਆਇਰਿਸ਼ ਮਾਂਵਾਂ ਦੇ ਹੋਠਾਂ ਤੋਂ ਸੁਣਨਗੇ, ਇਨ੍ਹਾਂ ਲੋਰੀਆਂ ਵਿਚ ਰੁਦਨ ਅਤੇ ਸਿੰਘਨਾਦ-ਦੋਵੇਂ ਹੋਣਗੇ।
ਕਾਰਲ ਅਤੇ ਏਂਗਲਜ਼ ਨੇ ਹਿੰਸਾ ਦੀ ਨਿਖੇਧੀ ਕੀਤੀ ਪਰ ਕਿਹਾ, ਆਇਰਲੈਂਡ ਨੂੰ ਆਜ਼ਾਦੀ ਨਹੀਂ ਦੇਣੀ, ਵਧ ਅਧਿਕਾਰ ਤਾਂ ਦਿਓ।
ਨਿੱਕੀ ਤੂਸੀ ਨੂੰ ਏਂਗਲਜ਼ ਨੇ ਵੱਖ-ਵੱਖ ਸਮੇਂ ਛੇ ਚਿੱਠੀਆਂ ਲਿਖੀਆਂ, ਛੇ ਦੀਆਂ ਛੇ ਉਸ ਨੇ ਜ਼ੁਬਾਨੀ ਯਾਦ ਕਰ ਲਈਆਂ। ਵਿਆਹ ਹੋਣ ਪਿਛੋਂ ਲਾਰਾ ਪੈਰਿਸ ਚਲੀ ਗਈ ਤੇ ਮਾਪਿਆਂ ਨੂੰ ਦੱਸਣ ਬਗੈਰ ਚਿਨ ਵੀ ਚਲੀ ਗਈ। ਕੇਵਲ ਨੌਕਰਾਣੀ ਨੂੰ ਪਤਾ ਸੀ ਕਿ ਕਿਸੇ ਦੇ ਘਰ ਵਿਚ ਨੌਕਰਾਣੀ ਲੱਗ ਗਈ ਹੈ। ਮਾਂ ਗੱਲ-ਗੱਲ Ḕਤੇ ਖਿਝਣ ਲੱਗ ਪਈ ਸੀ।
ਰੂਸ ਵਿਚੋਂ ਖਤ ਆਇਆ, ਰੂਸੀ ਜ਼ੁਬਾਨ ਵਿਚ ḔਕੈਪੀਟਲḔ ਅਨੁਵਾਦ ਕਰਨ ਦੀ ਆਗਿਆ ਮੰਗੀ ਗਈ ਸੀ। ਕਾਰਲ ਖੁਸ਼ ਹੋ ਗਿਆ, ਕਿਹਾ, ਰੂਸੀ ਜੁਆਨ ਜਰਮਨੀ ਅਤੇ ਫਰਾਂਸ ਦੀਆਂ ਯੂਨੀਵਰਸਿਟੀਆਂ ਵਿਚੋਂ ਪੜ੍ਹ ਕੇ ਜਾਂਦੇ ਨੇ, ਤੇ ਚਾਹੁੰਦੇ ਨੇ ਪੱਛਮ ਦਾ ਗਿਆਨ ਉਨ੍ਹਾਂ ਪਾਸ ਜਾਏ। ਉਹ ਗੰਭੀਰਤਾ ਨਾਲ ਪੜ੍ਹਦੇ ਨੇ ਪਰ ਸਰਕਾਰ ਵਿਚ ਜਾ ਕੇ ਫਿਰ ਹਰਾਮਜ਼ਦਗੀਆਂ ਕਰਦੇ ਨੇ।
1869 ਵਿਚ ਏਂਗਲਜ਼ ਨੇ ਆਪਣਾ ਸਾਰਾ ਕਾਰੋਬਾਰ ਆਪਣੇ ਹਿੱਸੇਦਾਰ ਨੂੰ ਵੇਚ ਕੇ ਇੰਨੀ ਵੱਡੀ ਰਕਮ ਹਾਸਲ ਕਰ ਲਈ ਕਿ ਉਸ ਦਾ ਤੇ ਕਾਰਲ ਦਾ ਉਮਰ ਭਰ ਗੁਜ਼ਾਰਾ ਹੋ ਸਕੇ।
ਚਾਰਲਸ ਪਰੋਲ ਨੇ ਲਿਖਿਆ, ਆਦਮੀ ਬੌਣੇ, ਸਿਆਸੀ ਪਾਰਟੀਆਂ ਅੰਨ੍ਹੀਆਂ, ਤਰੀਕੇ ਗਲਤ-ਮਲਤ ਅਤੇ ਹਿੰਸਕ, ਤਾਂ ਵੀ ਸਮਾਜਕ ਅਤੇ ਸਿਆਸੀ ਕ੍ਰਾਂਤੀ ਆਪਣੇ ਮਜ਼ਬੂਤ ਕਦਮਾਂ ਨਾਲ ਅੱਗੇ ਤੁਰੀ ਜਾਂਦੀ ਹੈ।
ਇੰਟਰਨੈਸ਼ਨਲ ਵਿਚ ਕਾਰਲ ਦੀ ਤਾਨਾਸ਼ਾਹੀ ਚੁਭਦੀ ਸੀ ਜਿਸ ਕਾਰਨ ਇਸ ਦੇ ਬਰਾਬਰ ਜਥੇਬੰਦੀਆਂ ਖੜ੍ਹੀਆਂ ਹੋਈਆਂ। ਵਿਕਟਰ ਹਿਊਗੋ, ਲੂਈ ਬਲਾਂਕ, ਜੇæਐਸ਼ ਮਿੱਲ, ਗੈਰੀਬਾਲਡੀ ਨੇ ਰਲਮਿਲ ਕੇ 1867 ਵਿਚ ਲੀਗ ਆਫ ਪੀਸ ਐਂਡ ਫਰੀਡਮ ਬਣਾਈ। ਇਜ਼ਤਦਾਰ ਧਨੀ ਚਿੰਤਕਾਂ ਦੀ ਇਹ ਜਥੇਬੰਦੀ ਕਾਮਿਆਂ ਨੂੰ ਆਪਣੇ ਵੱਲ ਖਿੱਚ ਨਾ ਸਕੀ, ਕਿਉਂਕਿ ਕੋਈ ਪ੍ਰੋਗਰਾਮ ਨਾ ਦੇ ਸਕੀ। ਇਕ ਮੀਟਿੰਗ ਵਿਚ ਜੇ ਕੋਈ ਬੰਦਾ ਸਾਰਥਕ ਗੱਲ ਕਰ ਸਕਿਆ, ਉਹ ਰੂਸੀ ਬਾਕੂਨਿਨ ਸੀ, ਉਸ ਕੋਲ ਵੀ ਕੇਵਲ ਜਜ਼ਬਾ ਸੀ, ਚੰਗੇ ਬੋਲ ਸਨ ਪਰ ਬੇਮਾਇਨੇ। ਛੇਤੀ ਉਹ ਖੁਦ ਲੀਗ ਤੋਂ ਉਕਤਾ ਗਿਆ ਤੇ ਇੰਟਰਨੈਸ਼ਨਲ ਦਾ ਮੈਂਬਰ ਬਣ ਗਿਆ। ਆਖਦਾ ਸੀ, ਮੈਨੂੰ ਚੌਧਰ ਨਹੀਂ ਚਾਹੀਦੀ ਪਰ ਉਹ ਮਾਰਕਸ ਨੂੰ ਹਟਾ ਕੇ ਇੰਟਰਨੈਸ਼ਨਲ ਦਾ ਚੀਫ ਬਣਨਾ ਚਾਹੁੰਦਾ ਸੀ।
ਲਾਰਾ ਤੇ ਲਫਾਰਗ ਪੈਰਿਸ ਵਿਚ ਸਨ। ਲਫਾਰਗ ਨੇ ਕਲੀਨਿਕ ਖੋਲ੍ਹਣ ਦੀ ਆਗਿਆ ਮੰਗੀ ਤਾਂ ਜਵਾਬ ਮਿਲਿਆ ਕਿ ਪੰਜ ਪੇਪਰ ਹੋਰ ਪਾਸ ਕਰੋ। ਪੇਪਰ ਪਾਸ ਕਰਨ ਲਈ ਯੂਨੀਵਰਸਿਟੀ ਵਿਚ ਦਾਖਲ ਹੋਣਾ ਪੈਣਾ ਸੀ, ਦਾਖਲਾ ਤਦ ਮਿਲਣਾ ਸੀ ਜਦ ਉਸ ਦੀ ਬਹਾਲੀ ਹੁੰਦੀ ਕਿਉਂਕਿ ਕੱਢਿਆ ਗਿਆ ਸੀ ਤੇ ਕੈਂਪਸ ਅੰਦਰ ਆਉਣ ਦੀ ਮਨਾਹੀ ਸੀ। ਉਹ ਫਿਰ ਸਿਆਸਤ ਵਿਚ ਸਰਗਰਮ ਹੋ ਗਿਆ। ਖੁਫੀਆ ਵਿਭਾਗ ਨਿਗਰਾਨੀ ਕਰਨ ਲੱਗਾ। ਲਫਾਰਗ ਨੇ ਕਾਰਲ ਨੂੰ ਖਤ ਲਿਖਿਆ ਕਿ ਮੈਂ ਅਖਬਾਰ ਕੱਢਣਾ ਚਾਹੁੰਦਾ ਹਾਂ, ਚੀਫ ਐਡੀਟਰ ਵਜੋਂ ਤੁਹਾਡਾ ਨਾਮ ਛਾਪ ਦਿਆਂ? ਸਾਨੂੰ ਤੁਹਾਡੇ ਲੇਖ ਵੀ ਚਾਹੀਦੇ ਹੋਣਗੇ। ਕਾਰਲ ਨੇ ਕਿਹਾ, ਬਿਲਕੁਲ ਨਹੀਂ। ਮੈਨੂੰ ਤੇ ਤੇਰੇ ਪਾਪਾ ਨੂੰ ਪਤਾ ਹੈ ਕਿ ਯੂਨੀਵਰਸਿਟੀ ਮੰਨ ਗਈ ਹੈ, ਤੂੰ ਸਿਰਫ ਦੋ ਪੇਪਰ ਪਾਸ ਕਰ ਲੈ, ਤੈਨੂੰ ਡਾਕਟਰ ਦੀ ਡਿਗਰੀ ਮਿਲ ਜਾਏਗੀ। ਜੇ ਤੂੰ ਅਖਬਾਰ ਕੱਢ ਲਿਆ, ਤੇ ਮੇਰਾ ਨਾਂ ਛਾਪ ਦਿੱਤਾ, ਤੇਰਾ ਪਾਪਾ ਤੇਰੀ ਬਰਬਾਦੀ ਵਾਸਤੇ ਮੈਨੂੰ ਜ਼ਿੰਮੇਵਾਰ ਠਹਿਰਾਏਗਾ। ਤੈਨੂੰ ਸਰਕਾਰਾਂ ਦੇ ਗੁੱਸੇ ਦਾ ਪਤਾ ਨਹੀਂ।
ਚਿਨ ਅਤੇ ਤੂਸੀ ਨੂੰ ਇਨ੍ਹਾਂ ਗੱਲਾਂ ਨਾਲ ਕੋਈ ਵਾਸਤਾ ਨਹੀਂ ਸੀ, ਉਹ ਆਪਣੀ ਭੈਣ ਲਾਰਾ ਨੂੰ ਮਿਲਣ ਆਈਆਂ ਕਿਉਂਕਿ ਲਫਾਰਗ ਨੇ ਕਿਸੇ ਖਤ ਵਿਚ ਉਸ ਦਾ ਜ਼ਿਕਰ ਨਹੀਂ ਕੀਤਾ ਕਦੀ। ਲਾਰਾ ਨੇ ਅਜੀਬ ਗੱਲਾਂ ਦੱਸੀਆਂ, ਇਥੇ ਫਰਾਂਸ ਵਿਚ ਔਰਤ, ਮਰਦ ਦੇ ਬਰਾਬਰ ਹੈ। ਮਰਦ ਆਪਣੀ ਔਰਤ ਵੱਲ ਧਿਆਨ ਨਹੀਂ ਦਿੰਦੇ, ਤਾਂ ਕੀ! ਹੋਰ ਬਥੇਰੇ ਮਰਦ ਹਨ ਜੋ ਧਿਆਨ ਦਿੰਦੇ ਰਹਿੰਦੇ ਹਨ। ਇਥੇ ਔਰਤਾਂ ਫਖਰ ਨਾਲ ਦੱਸਦੀਆਂ ਹਨ ਕਿ ਮੇਰੇ ਪਤੀ ਨੂੰ ਛੱਡ ਕੇ ਹੋਰ ਹਨ ਕਈ ਸਾਨੂੰ ਪਿਆਰ ਕਰਨ ਵਾਲੇ। ਚਿਨ ਨੂੰ ਇਹ ਗੱਲਾਂ ਚੰਗੀਆਂ ਲਗਦੀਆਂ, ਲਾਰਾ ਨੂੰ ਨਹੀਂ। ਲਾਰਾ ਵਿਕਟੋਰੀਅਨ ਔਰਤ ਸੀ ਜਿਸ ਨੂੰ ਦੁਖ ਸੀ ਕਿ ਉਸ ਦਾ ਪਤੀ ਕਿੰਨੇ-ਕਿੰਨੇ ਦਿਨ ਘਰ ਨਹੀਂ ਪਰਤਦਾ। ਲਾਰਾ ਨੇ ਬੇਟੇ ਨੂੰ ਜਨਮ ਦਿੱਤਾ, ਬੇਟਾ ਨਾਨੇ ਵਰਗਾ ਸੀ ਮਜ਼ਬੂਤ, ਵੱਡੇ ਸਿਰ ਵਾਲਾ।
ਛੋਟੀ ਧੀ ਤੂਸੀ ਜਵਾਨ ਹੋ ਚੱਲੀ ਸੀ। ਉਸ ਨੂੰ ਏਂਗਲਜ਼ ਕੋਲ ਛੱਡ ਕੇ ਕਾਰਲ ਪੈਰਿਸ ਲਈ ਰਵਾਨਾ ਹੋ ਗਿਆ। ਇਥੇ ਉਹ ਚਾਰ ਮਹੀਨੇ ਰਹੀ। ਏਂਗਲਜ਼ ਦੀ ਪਤਨੀ ਲਿਜ਼ੀ ਬਰਨਜ਼ ਨੇ ਉਸ ਨੂੰ ਅੰਗਰੇਜ਼ੀ ਸਿਖਾਈ। ਲਿਜ਼ੀ ਪੜ੍ਹੀ ਲਿਖੀ ਨਹੀਂ ਸੀ, ਬੋਲਾਂ ਰਾਹੀਂ ਅੰਗਰੇਜ਼ੀ ਸਿਖਾਈ। ਉਹ ਸਾਰੇ ਥਾਂ ਦਿਖਾਏ ਜਿਥੇ ਆਇਰਿਸ਼ ਯੋਧਿਆਂ ਦੀਆਂ ਯਾਦਗਾਰਾਂ ਸਨ। ਏਂਗਲਜ਼ ਨੇ ਉਸ ਨੂੰ ਮੂਲ ਜਰਮਨ ਵਿਚ ਗੇਟੇ ਪੜ੍ਹਾਇਆ, ਡੈਨਿਸ਼ ਬੋਲੀ ਸਿਖਾਈ। ਏਂਗਲਜ਼ ਕੰਮ ਤੋਂ ਪੂਰਾ ਵਿਹਲਾ ਸੀ, ਉਸ ਨੂੰ ਕਾਰੋਬਾਰ ਵੇਚਣ ਬਦਲੇ ਸਾਢੇ ਬਾਰਾਂ ਹਜ਼ਾਰ ਪੌਂਡ ਮਿਲੇ ਜੋ ਅੱਜ ਦੇ ਵੀਹ ਲੱਖ ਡਾਲਰ ਬਰਾਬਰ ਹਨ।
ਏਂਗਲਜ਼ ਫਿਰ ਲਿਜ਼ੀ ਅਤੇ ਤੂਸੀ ਨੂੰ ਆਇਰਲੈਂਡ ਦਿਖਾਉਣ ਲੈ ਗਿਆ। ਤੂਸੀ ਨੇ ਉਜੜੇ ਪਿੰਡ ਦੇਖੇ, ਕਿਤੇ-ਕਿਤੇ ਕਿਸੇ ਘਰ ਵਿਚੋਂ ਧੂੰਆਂ ਨਿਕਲਦਾ ਦਿਸਦਾ ਤਾਂ ਅੰਦਾਜ਼ਾ ਲਗਦਾ, ਕੋਈ ਵਸਦਾ ਹੈ। ਬਰਫਾਨੀ ਹਵਾਵਾਂ ਵਿਚ ਨੰਗੇ ਸਿਰ ਨੰਗੇ ਪੈਰ ਬੱਚੇ ਦੇਖੇ। ਹਥਿਆਰਬੰਦ ਘੋੜਸਵਾਰ ਅੰਗਰੇਜ਼ ਸਿਪਾਹੀ ਗਸ਼ਤ ਕਰਦੇ ਦੇਖੇ। ਧਨਾਢ ਲੋਕ ਸਹਿਮੇ ਹੋਏ ਦੇਖੇ, ਕਿਉਂਕਿ ਗਰੀਬ ਆਇਰਿਸ਼ ਲੋਕ ਗਿਣਤੀ ਵਿਚ ਉਨ੍ਹਾਂ ਨਾਲੋਂ ਕਿਤੇ ਵਧੀਕ ਸਨ। ਤੂਸੀ ਪੂਰੀ ਆਇਰਿਸ਼ ਬਣੀ ਵਾਪਸ ਪਰਤੀ। ਆਇਰਲੈਂਡ ਦੇ ਲੋਕਾਂ ਦੀ ਬੇਵਸੀ, ਗਰੀਬੀ ਇਕ ਪਾਸੇ ਅਤੇ ਹਥਿਆਰਬੰਦ ਗੋਰਿਆਂ ਦੀ ਸਰਕਾਰੀ ਤਾਕਤ ਦੂਜੇ ਪਾਸੇ, ਜੀਵਨ ਦੇ ਦੋਵੇਂ ਰੰਗ ਦੇਖੇ। ਸਕੂਲੀਆ ਕੁੜੀ ਗੰਭੀਰ ਹੋ ਗਈ। ਜਿਨ੍ਹਾਂ ਲੋਕਾਂ ਨੇ ਪੂੰਜੀ ਦੀ ਬਰਾਬਰ ਵੰਡ ਅਤੇ ਸਰਮਾਏਦਾਰੀ ਦੇ ਖਤਰੇ ਦੀ ਮੰਗ ਕੀਤੀ, ਉਨ੍ਹਾਂ ਨੂੰ ਵੀਹ-ਵੀਹ ਸਾਲ ਕੈਦ ਦੀ ਸਜ਼ਾ ਹੋਈ। ਅਜਿਹੀ ਸਿਆਸੀ ਬਗਾਵਤ ਦੀ ਸਜ਼ਾ ਛੇ ਮਹੀਨੇ ਹੁੰਦੀ ਹੈ।
24 ਅਕੂਤਬਰ 1869 ਨੂੰ ਲੰਡਨ ਦੇ ਹਾਈਡ ਪਾਰਕ ਵਿਚ ਆਇਰਿਸ਼ ਲੋਕਾਂ ਦਾ ਇਕੱਠ ਕਾਰਲ, ਜੈਨੀ ਅਤੇ ਚਿਨ ਦੇਖਣ ਲਈ ਗਏ। ਝੰਡਿਆਂ ਅਤੇ ਬੈਨਰਾਂ ਦਾ ਹੜ੍ਹ ਸੀ। ਮੈਦਾਨ ਵਡੇਰਿਆਂ ਨਾਲ ਤੇ ਦਰਖਤਾਂ ਦੇ ਟਾਹਣ ਬੱਚਿਆਂ ਨਾਲ ਭਰੇ ਹੋਏ ਸਨ। ਮਾਟੋ ਸਨ-ਜ਼ਾਲਮਾਂ ਵਿਰੁਧ ਬਗਾਵਤ ਰੱਬ ਦੀ ਸੇਵਾ ਹੈ। ਜਿਨ੍ਹਾਂ ਅਖਬਾਰਾਂ ਨੇ ਇਸ ਨੂੰ ਨਿਗੂਣਾ ਇਕੱਠ ਕਿਹਾ, ਉਨ੍ਹਾਂ ਨੇ ਅੰਦਾਜ਼ਨ ਗਿਣਤੀ 70 ਹਜ਼ਾਰ ਲਿਖੀ। ਕਾਰਲ ਨੇ ਕਿਹਾ, ਸਫਲਤਾ ਦੀ ਘੰਟੀ ਵੱਜ ਗਈ।
10 ਜਨਵਰੀ 1870 ਨੂੰ ਬਾਦਸ਼ਾਹ ਨੈਪੋਲੀਅਨ ਦੇ ਭਤੀਜੇ ਪੀਅਰੀ ਨੈਪੋਲੀਅਨ ਨੇ ਪੱਤਰਕਾਰ ਵਿਕਟਰ ਨੋਇਰ ਨੂੰ ਗੋਲੀ ਨਾਲ ਫੁੰਡ ਦਿੱਤਾ। ਨੋਇਰ, ਕਾਮਿਆਂ ਦਾ ਹਮਦਰਦ ਕਾਮਰੇਡ ਸੀ। ਕਾਮਿਆਂ ਦੇ ਇਕੱਠ ਬੇਸ਼ਕ ਅਕਸਰ ਹੁੰਦੇ ਰਹਿੰਦੇ, ਪਰ ਨੋਇਰ ਦੇ ਜਨਾਜ਼ੇ ਵਿਚ ਦੋ ਲੱਖ ਮਜ਼ਦੂਰ ਸ਼ਾਮਲ ਹੋਏ। ਬਗਾਵਤ Ḕਤੇ ਕਾਬੂ ਪਾਉਣ ਲਈ 60 ਹਜ਼ਾਰ ਸਿਪਾਹੀ ਤਾਇਨਾਤ ਹੋਏ। ਵਿਆਪਕ ਖੂਨ ਖਰਾਬਾ ਨਾ ਹੋ ਜਾਏ, ਲੋਕ ਚੁੱਪ-ਚਾਪ ਘਰ ਪਰਤ ਗਏ।
ਇੰਗਲੈਂਡ ਦੀਆਂ ਜੇਲ੍ਹਾਂ ਵਿਚਲੇ ਆਇਰਿਸ਼ ਬੰਦੀਆਂ ਉਤੇ ਹੁੰਦੇ ਜ਼ੁਲਮਾਂ ਦੀ ਦਾਸਤਾਨ ਚਿਨ ਨੇ ਅਖਬਾਰਾਂ ਲਈ ਭੇਜਣੀ ਸ਼ੁਰੂ ਕਰ ਦਿੱਤੀ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਦਿਨ ਭਰ ਨੌਕਰਾਣੀ ਦੀ ਡਿਊਟੀ ਕਰ ਕੇ ਰਾਤ ਨੂੰ ਲੇਖ ਲਿਖਦੀ। ਜੇਲ੍ਹ ਵਿਚੋਂ ਉਸ ਨੂੰ ਓਡੋਨੋਵ ਰੌਸ ਦਾ ਖਤ ਮਿਲਿਆ ਜੋ ਪੈਨਸਿਲ ਨਾਲ ਟਾਇਲਟ ਪੇਪਰ ਉਪਰ ਲਿਖ ਕੇ ਘੱਲਿਆ। ਉਸ ਨੂੰ ਕਿਹਾ ਜਾਂਦਾ ਕਿ ਗੋਡਿਆਂ ਅਤੇ ਕੂਹਣੀਆਂ ਭਾਰ ਹੋ ਕੇ ਪਸ਼ੂਆਂ ਵਾਂਗ ਖਾਣਾ ਖਾਏ। ਗਲ ਵਿਚ ਰੱਸਾ ਪਾ ਕੇ ਗੱਡੇ ਨਾਲ ਬੰਨ੍ਹਿਆਂ ਜਾਂਦਾ। ਭੁੱਖਾ ਪਿਆਸਾ ਆਪਣੇ ਸਾਥੀ ਬੰਦੀਆਂ ਨੂੰ ਮਰਦੇ ਦੇਖਦਾ। ਲਿਖਿਆ, “ਜਿਹੜੀਆਂ ਸਜ਼ਾਵਾਂ ਮੈਨੂੰ ਮਿਲ ਰਹੀਆਂ ਨੇ, ਮੈਂ ਉਨ੍ਹਾਂ ਵਿਰੁਧ ਸ਼ਿਕਾਇਤ ਨਹੀਂ ਕਰ ਰਿਹਾ, ਜ਼ੁਲਮ ਸਹਿਣੇ ਤਾਂ ਮੇਰਾ ਕਿੱਤਾ ਹੈ। ਮੇਰੇ ਪਰਿਵਾਰ ਅਤੇ ਮਿੱਤਰਾਂ ਨੂੰ ਮੇਰਾ ਹਾਲ ਪਤਾ ਹੋਣਾ ਚਾਹੀਦੈ ਬੱਸ।” ਦਸਤਖਤਾਂ ਹੇਠ ਲਿਖਿਆ-ਬਾਮੁਸ਼ੱਕਤ ਸਿਆਸੀ ਕੈਦੀ।
ਚਿਨ ਦੇ ਇਸ ਲੇਖ ਨੇ ਯੂਰਪ ਅਤੇ ਅਮਰੀਕਾ ਹਿਲਾ ਦਿੱਤਾ। ਲਿਖਤ ਸ਼ੇਕਸਪੀਰੀਅਨ ਸ਼ੈਲੀ ਦੀ ਸੀ ਜਿਵੇਂ ਕਬਰ ਵਿਚੋਂ ਬਾਹਰ ਨਿਕਲ ਕੇ ਕੋਈ ਮੁਰਦਾ ਆਪਣੇ ਕਾਤਲਾਂ ਨੂੰ ਲਲਕਾਰੇ। ਪੱਛਮ ਦੇ ਸਾਰੇ ਅਖਬਾਰਾਂ ਨੇ ਆਪਣੀ ਆਪਣੀ ਜ਼ੁਬਾਨ ਵਿਚ ਛਾਪਿਆ। ਹੋਮ ਸਕੱਤਰ ਨੂੰ ਸਰਕਾਰ ਵਲੋਂ ਬਿਆਨ ਦੇਣਾ ਪਿਆ-ਰੌਸ ਲੋਹੇ ਦੀਆਂ ਸਲਾਖਾਂ ਪਿਛੇ ਬੰਦ ਜ਼ਰੂਰ ਹੈ, ਬਾਕੀ ਗੱਲਾਂ ਝੂਠ ਹਨ। ਇੰਗਲੈਂਡ ਵਿਚ ਉਠੇ ਰੋਹ ਕਾਰਨ ਪ੍ਰਧਾਨ ਮੰਤਰੀ ਗਲੈਡਸਟੋਨ ਨੂੰ ਇਨਕੁਆਰੀ ਦੇ ਹੁਕਮ ਦੇਣੇ ਪਏ। ਕਾਰਲ ਨੇ ਕਿਹਾ, ਮੈਨੂੰ ਆਪਣੀ ਧੀ Ḕਤੇ ਮਾਣ ਹੈ।
ਚੋਣਾਂ ਆ ਗਈਆਂ। ਆਇਰਲੈਂਡ ਦੇ ਲੋਕਾਂ ਨੇ ਆਪਣੇ ਨੇਤਾ ਓਡੋਨੋਵ ਰੌਸ ਨੂੰ ਰਿਕਾਰਡ ਤੋੜ ਵੋਟ ਪਾ ਕੇ ਜਿਤਾ ਲਿਆ। ਕਾਰਲ ਨੇ ਕਿਹਾ, ਹੁਣ ਕਾਮੇ ਜਿੱਤਣਗੇ, ਹਿੰਸਾ ਨਾਲ ਨਹੀਂ, ਵੋਟ ਨਾਲ। ਆਇਰਲੈਂਡ ਇੰਗਲੈਂਡ ਦਾ ਕਮਜ਼ੋਰ ਪਾਸਾ ਹੈ। ਆਇਰਲੈਂਡ ਗਿਆ ਤਾਂ ਇੰਗਲੈਂਡ ਦੀ ਹਕੂਮਤ ਗਈ, ਇਸ ਪਿਛੋਂ ਸਾਰੇ ਯੂਰਪ ਦੇ ਕਾਮੇ ਮੁਕਤ ਹੋ ਜਾਣਗੇ।
ਇੱਧਰ ਚਿਨ ਦੀਆਂ ਖੁਸ਼ੀਆਂ, ਉਧਰ ਲਾਰਾ ਦੀ ਧੀ ਦੀ ਮੌਤ। ਲਫਾਰਗ ਬੇਕਾਰ ਦਿਨ ਕਟੀ ਕਰ ਰਿਹਾ ਸੀ, ਗਰੀਬੀ ਤੋਂ ਬੇਫਿਕਰ। ਲਾਰਾ ਵਾਸਤੇ ਚੁਫੇਰੇ ਹਨ੍ਹੇਰਾ।
ਫਰਾਂਸ ਅਤੇ ਜਰਮਨੀ ਵਿਚਕਾਰ ਯੁੱਧ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤਾਂ ਜਰਮਨੀ ਦੀ ਇੰਟਰਨੈਸ਼ਨਲ ਨੇ ਬਿਆਨ ਦਿੱਤਾ-ਭਾਈਓ, ਸਾਡੀਆਂ ਕੋਈ ਹੱਦਾਂ ਨਹੀਂ, ਸਾਡੀ ਕਿਸੇ ਵਿਰੁਧ ਲੜਾਈ ਨਹੀਂ। ਜੰਗੀ ਬਿਗਲ ਅਤੇ ਤੋਪਾਂ ਦੀ ਗਰਜ ਸਾਡੀ ਨਹੀਂ, ਨਾ ਸਾਡੀ ਜਿੱਤ ਨਾ ਹਾਰ। ਅਸੀਂ ਗਲੋਬ ਉਪਰ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਫਿਰਦੇ ਗਰੀਬ ਕਾਮੇ ਹਾਂ। ਫਰਾਂਸ ਦੇ ਮਜ਼ਦੂਰਾਂ ਨੇ ਉਨ੍ਹਾਂ ਦੇ ਬਿਆਨ ਦਾ ਸੁਆਗਤ ਕਰਦਿਆਂ ਇਹੋ ਭਾਵਨਾਵਾਂ ਪ੍ਰਗਟਾਈਆਂ। ਕਾਰਲ ਦਾ ਬਿਆਨ ਛਪਿਆ-ਕੌਮਾਂਤਰੀ ਕਾਮਿਆਂ ਦਾ ਪ੍ਰੇਤ, ਜੰਗਾਂ ਨੂੰ ਖਤਮ ਕਰੇਗਾ। ਉਸ ਦੇ ਇਸ ਲੰਮੇ ਬਿਆਨ ਨੂੰ ਜੇæਐਸ਼ ਮਿੱਲ ਦੀ ਦਾਦ ਮਿਲੀ, ਮਿੱਲ ਨੇ ਆਪਣੇ ਖਰਚੇ Ḕਤੇ ਫਰੈਂਚ, ਜਰਮਨ ਅਤੇ ਅੰਗਰੇਜ਼ੀ ਵਿਚ ਇਸ ਬਿਆਨ ਦੀਆਂ 30 ਹਜ਼ਾਰ ਕਾਪੀਆਂ ਛਪਵਾ ਕੇ ਵੰਡੀਆਂ।
2 ਸਤੰਬਰ 1870 ਨੂੰ ਜਰਮਨੀ ਤੋਂ ਫਰਾਂਸ ਹਾਰ ਗਿਆ, ਸਮੇਤ ਬਾਦਸ਼ਾਹ ਦੇ ਇਕ ਲੱਖ ਫੌਜੀ ਬੰਦੀ ਬਣਾਏ ਗਏ, ਫਰਾਂਸੀਸੀਆਂ ਨੂੰ ਲੱਗਾ, ਚੰਗਾ ਹੋਇਆ, ਹੁਣ ਲੋਕਤੰਤਰ ਬਹਾਲ ਹੋਏਗਾ। ਚੰਗੀ ਕਿਸਮਤ, ਇਕ ਦਿਨ ਪਹਿਲਾਂ ਲਾਰਾ ਤੇ ਲਫਾਰਗ ਪੈਰਿਸ ਵਿਚੋਂ ਨਿਕਲ ਆਪਣੇ ਪਿੰਡ ਚਲੇ ਗਏ।
ਪੈਰਿਸ ਸ਼ਹਿਰ ਦੇ ਵਸਨੀਕਾਂ ਨੇ ਸਾਰੇ ਗੇਟ ਬੰਦ ਕਰ ਲਏ। ਜਰਮਨ ਫੌਜਾਂ ਨੇ ਘੇਰਾ ਪਾ ਲਿਆ। ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਨੈਪੋਲੀਅਨ ਦੇ ਜਰਨੈਲ ਲੂਈ ਨੂੰ ਗੱਦੀਓਂ ਲਾਹੁਣ ਦਾ ਐਲਾਨ ਕਰ ਦਿੱਤਾ, ਅੰਤਰਿਮ ਸਰਕਾਰ ਚਲਾਉਣ ਲਈ ਕਮੇਟੀ ਬਣਾ ਦਿੱਤੀ। ਉਨ੍ਹਾਂ ਨੂੰ ਕੀ ਪਤਾ ਸੀ ਕਿ ਘੇਰਾਬੰਦੀ ਲੰਮਾ ਸਮਾਂ ਰਹੇਗੀ। ਖਾਣ-ਪੀਣ ਦੀਆਂ ਵਸਤਾਂ ਮੁੱਕ ਗਈਆਂ। ਬਾਲਣ ਮੁੱਕਣ ਲੱਗਾ। ਪਹਿਲੋਂ ਘੋੜੇ ਖਾਧੇ ਗਏ, ਫਿਰ ਗਧਿਆਂ ਦੀ ਵਾਰੀ ਆ ਗਈ। ਗੰਦਗੀ ਦੇ ਢੇਰ ਲੱਗ ਗਏ।
ਲਫਾਰਗ ਦਾ ਪਾਪਾ ਡਾਢਾ ਨਰਾਜ਼ ਕਿ ਉਸ ਨੇ ਮੈਡੀਕਲ ਛੱਡ ਕੇ ਸਿਆਸਤ ਦਾ ਪੰਗਾ ਕਿਉਂ ਲਿਆ। ਬਿਮਾਰ ਹੋ ਗਿਆ, ਗਾਲ੍ਹਾਂ ਦੀਆਂ ਵਾਛੜਾਂ ਸੁੱਟਦਾ। ਮੌਤ ਹੋ ਗਈ। ਮਾਂ ਨੇ ਮੌਤ ਲਈ ਲਾਰਾ ਨੂੰ ਜ਼ਿੰਮੇਵਾਰ ਠਹਿਰਾਇਆ। ਚਿਨ ਨੂੰ ਖਤ ਵਿਚ ਦੱਸਦੀ ਹੈ, ਇੰਨੀਆਂ ਗੰਦੀਆਂ ਗਾਲ੍ਹਾਂ ਮੈ ਕਦੀ ਨਹੀਂ ਸੁਣੀਆਂ ਸਨ। ਮਾਂ-ਪੁੱਤ ਵਿਚ ਜਾਇਦਾਦ ਵੰਡਣ ਲਈ ਝਗੜਾ ਛਿੜਿਆ ਰਹਿੰਦੈ। ਆਖਰ ਮਾਂ ਨੇ ਦੂਜੇ ਪਿੰਡ ਦੇ ਘਰ ਜਾਣ ਦਾ ਫੈਸਲਾ ਕਰ ਲਿਆ। ਸਾਰੇ ਭਾਂਡੇ, ਸਾਰਾ ਫਰਨੀਚਰ, ਸਾਰੇ ਕੱਪੜੇ ਲੈ ਗਈ। ਘਰ ਭਾਂ-ਭਾਂ ਕਰ ਰਿਹੈ, ਤਾਂ ਵੀ ਸ਼ੁਕਰ ਹੈ ਸ਼ਾਂਤੀ ਮਿਲੀ।
ਉਧਰ ਪੈਰਿਸ ਵਿਚ ਭੁੱਖਮਰੀ ਫੈਲ ਗਈ, ਹੋਕੇ ਲੱਗ ਰਹੇ ਸਨ-ਬਿੱਲੀ ਅੱਠ ਫਰਾਂਕ ਦੀ, ਚੂਹਾ ਦੋ ਫਰਾਂਕ ਦਾ, ਲੰਮੀ ਪੂਛ ਵਾਲਾ ਚੂਹਾ ਢਾਈ ਫਰਾਂਕ ਦਾ। ਇਹ ਵੀ ਫਟਾਫਟ ਵਿਕ ਜਾਂਦੇ। ਆਖਰ ਪੈਰਿਸ ਵਾਸੀਆਂ ਨੇ ਹਥਿਆਰ ਸੁੱਟ ਦਿੱਤੇ ਤੇ ਜਰਮਨੀ ਦਾ ਝੰਡਾ ਉਚਾ ਲਹਿਰਾਉਂਦਾ ਦੇਖਿਆ।
ਏਂਗਲਜ਼ ਮਾਨਚੈਸਟਰ ਛੱਡ ਕੇ ਲੰਡਨ ਕਾਰਲ ਦੇ ਨਜ਼ਦੀਕ ਆ ਗਿਆ ਜਿਸ ਸਦਕਾ ਕਾਰਲ ਤੰਦਰੁਸਤ ਹੋ ਗਿਆ। ਇਕੱਠੇ ਬੈਠਿਆਂ ਖੁਸ਼ਖਬਰੀ ਮਿਲੀ ਕਿ ਚਿਨ ਦੀ ਮੰਗ ਅਨੁਸਾਰ ਪਾਰਲੀਮੈਂਟ ਕਮੇਟੀ ਨੇ ਅੱਠ ਮਹੀਨਿਆਂ ਦੀ ਪੜਤਾਲ ਮਗਰੋਂ ਸਾਰੇ ਆਇਰਿਸ਼ ਬੰਦੀਆਂ ਨੂੰ ਆਮ ਮਾਫੀ ਦੇਣ ਦਾ ਐਲਾਨ ਕਰ ਦਿੱਤਾ, ਬਸ਼ਰਤਿ ਉਹ ਵਾਪਸ ਇੰਗਲੈਂਡ ਨਾ ਆਉਣ। ਓਡੋਨੋਵ ਰੌਸ ਰਿਹਾ ਹੋ ਗਿਆ।
ਪੈਰਿਸ ਵਿਚ ਫੌਜ ਵਲੋਂ ਕੀਤੇ ਭਿਆਨਕ ਕਤਲੇਆਮ ਵਾਸਤੇ ਇਕ ਖਤਰਨਾਕ ਜਰਮਨ ਦਾ ਹੱਥ ਦੱਸਿਆ ਗਿਆ ਜਿਹੜਾ ਲੰਡਨ ਵਿਚ ਬੈਠਾ ਹੈ ਤੇ ਬਿਸਮਾਰਕ ਦਾ ਦੋਸਤ ਹੈ। ਲੰਡਨ ਦੇ ਅਖਬਾਰ Ḕਪਾਲਮਾਲ ਗਜ਼ਟḔ ਨੇ ਮਈ 1871 ਨੂੰ ਛਾਪਿਆ-ਕਾਮਰੇਡਾਂ ਦੀ ਇੰਟਰਨੈਸ਼ਨਲ ਅੰਦਰ ਕੇਵਲ ਨੌਂ ਸਾਲ ਦੇ ਅਰਸੇ ਵਿਚ 25 ਲੱਖ ਕਾਮੇ ਭਰਤੀ ਹੋ ਚੁੱਕੇ ਹਨ। ਇਸ ਦਾ ਹੈਡਕੁਆਰਟਰ ਲੰਡਨ ਵਿਚ ਹੈ ਤੇ ਚੀਫ, ਜਰਮਨੀ ਦਾ ਨਾਗਰਿਕ ਹੈ। ਤਿੰਨ ਜੂਨ ਨੂੰ Ḕਨਿਊ ਯਾਰਕ ਵਰਲਡḔ ਨੇ ਛਾਪਿਆ-ਕਮਿਊਨ ਦਾ ਅਸਲ ਲੀਡਰ ਕਾਰਲ ਮਾਰਕਸ ਹੈ। ਸੂਤਰ ਦੱਸਦੇ ਹਨ ਕਿ ਪੈਰਿਸ ਵਰਗੀ ਤਬਾਹੀ ਹੁਣ ਉਹ ਸਾਰੇ ਯੂਰਪ ਦੀਆਂ ਰਾਜਧਾਨੀਆਂ ਵਿਚ ਮਚਾਉਣਗੇ। ਪੰਜ ਜੂਨ, Ḕਸ਼ਿਕਾਗੋ ਟ੍ਰਿਬਿਊਨḔ-ਇਕ ਜਾਣਿਆ ਪਛਾਣਿਆ ਬਾਗੀ ਸ਼ੇਖੀ ਮਾਰ ਰਿਹਾ ਹੈ ਕਿ ਲੰਡਨ ਦੀਆਂ ਬੰਦਰਗਾਹਾਂ ਉਤੇ ਹੋਣ ਵਾਲੀ ਤਬਾਹੀ ਅੱਗੇ ਪੈਰਿਸ ਦਾ ਕਤਲੇਆਮ ਤੁੱਛ ਦਿਖਾਈ ਦਏਗਾ। ਅਮੀਰਾਂ ਦਾ ਧਨ ਲੁੱਟ ਲਿਆ ਜਾਏਗਾ। ਵਿਉਂਤਬੰਦੀ ਲੰਡਨ ਵਿਚ ਹੋ ਰਹੀ ਹੈ। ਤੇਈ ਜੂਨ ਲੰਡਨ ਤੋਂ Ḕਈਵਨਿੰਗ ਸਟੈਂਡਰਡḔ-ਬਦਕਿਸਮਤੀ ਨਾਲ ਅਜਿਹੀ ਤਬਾਹਕੁਨ ਇਨਕਲਾਬੀ ਪਾਰਟੀ ਪੈਦਾ ਹੋ ਗਈ ਹੈ ਜੋ ਪਹਿਲਾਂ ਕਦੀ ਨਹੀਂ ਦਿਸੀ। ਪੈਰਿਸ ਵਰਗਾ ਤਮਾਸ਼ਾ ਕਿਸੇ ਵੀ ਸ਼ਹਿਰ ਵਿਚ ਹੋ ਸਕਦਾ ਹੈ।
ਚਿਨ ਅਤੇ ਤੂਸੀ, ਲਾਰਾ ਭੈਣ ਨੂੰ ਮਿਲਣ ਗਈਆਂ। ਦੋ ਸਾਲ ਦੇ ਸਮੇਂ ਅੰਦਰ ਲਾਰਾ ਦੇ ਦੂਜੇ ਬੱਚੇ ਦੀ ਵੀ ਮੌਤ ਹੋ ਗਈ। ਲਫਾਰਗ ਕੋਲ ਪੁਲਿਸ ਅਫਸਰ ਆਇਆ ਤੇ ਦੱਸਿਆ-ਤੁਹਾਡੇ ਗ੍ਰਿਫਤਾਰੀ ਵਾਰੰਟ ਉਤੇ ਦਸਤਖਤ ਹੋ ਚੁੱਕੇ ਹਨ। ਮੈਂ ਤੁਹਾਡਾ ਹਮਦਰਦ ਤੁਹਾਨੂੰ ਇਤਲਾਹ ਦੇਣ ਆਇਆਂ। ਇਕ ਘੰਟੇ ਅੰਦਰ ਭੱਜ ਜਾਓ। ਉਹ ਖੱਚਰ Ḕਤੇ ਸਵਾਰ ਹੋ ਕੇ ਨਿਕਲ ਗਿਆ। ਦੋ ਘੰਟਿਆਂ ਬਾਅਦ ਪੁਲਿਸ ਨੇ ਘਰ ਦੁਆਲੇ ਘੇਰਾ ਪਾ ਲਿਆ। ਫੜੇ ਕਾਗਜ਼ਾਂ ਤੋਂ ਪਤਾ ਲੱਗ ਗਿਆ ਕਿ ਇੰਟਰਨੈਸ਼ਨਲ ਦਾ ਕਾਰਿੰਦਾ ਹੈ। ਔਰਤਾਂ ਨੂੰ ਛੱਡ ਗਏ। ਉਹ ਸਮਝ ਗਈਆਂ ਕਿ ਹੋਰ ਦੇਰ ਨਹੀਂ ਕਰਨੀ ਚਾਹੀਦੀ। ਲਫਾਰਗ ਦੇ ਪਿਛੇ-ਪਿਛੇ ਇਹ ਕਾਰਵਾਂ ਵੀ ਸਪੇਨ ਵਾਸਤੇ ਰਵਾਨਾ ਹੋ ਗਿਆ। ਸ਼ੁਕਰ ਹੋਇਆ, ਉਹ ਸਲਾਮਤ ਸੀ ਪਰ ਬੇਟਾ ਬਿਮਾਰ ਹੋ ਗਿਆ। ਇਕਲੌਤੀ ਸੰਤਾਨ ਵੱਲ ਪੂਰਾ ਧਿਆਨ ਦੇਣਾ ਜ਼ਰੂਰੀ ਹੈ। ਲਾਰਾ ਨੂੰ ਛੱਡ ਕੇ ਦੋਵੇਂ ਭੈਣਾਂ ਪੈਰਿਸ ਲਈ ਰਵਾਨਾ ਹੋ ਗਈਆਂ। ਕੋਈ ਬੱਘੀਵਾਨ ਮਿਲ ਗਿਆ।
ਕਸਟਮ ਆਫਿਸ ਨੇ ਤਲਾਸ਼ੀ ਵਾਸਤੇ ਘੇਰ ਲਈਆਂ। ਅਫਸਰ ਨੇ ਕਿਹਾ, ਇਥੇ ਬੈਠੋ ਮੈਂ ਔਰਤ ਨੂੰ ਬੁਲਾ ਕੇ ਲਿਆਉਂਦਾ ਹਾਂ। ਜਦੋਂ ਉਹ ਬਾਹਰ ਗਿਆ, ਚਿਨ ਨੇ ਇਕ ਖਤ ਫਟਾਫਟ ਉਥੇ ਪਏ ਰਜਿਸਟਰ ਵਿਚ ਲਕੋ ਦਿੱਤਾ। ਪੁਲਿਸ, ਕਸਟਡੀ ਵਾਲੀ ਵੈਨ ਵਿਚ ਬਿਠਾ ਕੇ ਲੈ ਗਈ। ਖੁਫੀਆ ਏਜੰਸੀ ਦੇ ਬੰਦੇ, ਪੁਲਿਸ ਅਫਸਰ ਅਤੇ ਮੈਜਿਸਟਰੇਟ ਤਫਤੀਸ਼ ਵਿਚ ਲੱਗ ਗਏ। ਸਾਰੀ ਰਾਤ ਇੰਟੈਰੋਗੇਸ਼ਨ ਹੋਈ। ਇਕ ਅਫਸਰ ਨੇ ਕਿਹਾ, ਲਫਾਰਗ ਇੰਨਾ ਖਤਰਨਾਕ ਨਹੀਂ ਜਿੰਨੀਆਂ ਤੁਸੀਂ। ਉਹ ਤਾਂ ਕਾਰਲ ਦਾ ਜਵਾਈ ਹੈ ਬਸ, ਤੁਸੀਂ ਉਸ ਸ਼ੈਤਾਨ ਦੀਆਂ ਧੀਆਂ ਹੋ। ਵੈਨ ਵਿਚ ਬਿਠਾ ਕੇ ਥਾਣੇ ਦੀ ਹਵਾਲਾਤ ਵਿਚ ਬੰਦ ਕਰ ਦਿੱਤੀਆਂ। ਅਗਲੇ ਦਿਨ ਇੰਸਪੈਕਟਰ ਆਇਆ ਤਾਂ ਉਸ ਨੂੰ ਪੁੱਛਿਆ, ਸਾਨੂੰ ਕਿਸ ਕਾਰਨ ਬੰਦ ਕੀਤਾ ਗਿਐ? ਇੰਸਪੈਕਟਰ ਨੇ ਕਿਹਾ, ਮੇਰੀ ਹਮਦਰਦੀ ਸਦਕਾ ਤੁਸੀਂ ਇਥੇ ਹੋ, ਨਹੀਂ ਤਾਂ ਦੂਰ ਸੇਂਟ ਗੋਦਿਨ ਦੀ ਜੇਲ੍ਹ ਜਾਂਦੀਆਂ। ਅਹਿ ਲਓ ਦੋ ਹਜ਼ਾਰ ਫਰਾਂਕ, ਲਫਾਰਗ ਨੇ ਭੇਜੇ ਨੇ। ਹੁਣ ਤੁਸੀਂ ਜਾਓ ਪਰ ਤੁਹਾਡੇ ਪਾਸਪੋਰਟ ਜ਼ਬਤ ਰਹਿਣਗੇ। ਇਹ ਕਿਹੜੀ ਰਿਹਾਈ ਹੋਈ! ਇਸ ਸਦਕਾ ਤਾਂ ਫਿਰ ਜਦੋਂ ਮਰਜ਼ੀ ਫੜ ਲੈਣ, ਕਿਉਂਕਿ ਪਾਸਪੋਰਟ ਬਗੈਰ ਬਾਰਡਰ ਪਾਰ ਨਹੀਂ ਕਰ ਸਕਦੀਆਂ।
ਪੁਲਸੀਆਂ ਨੇ ਬੱਘੀਵਾਨ ਨੂੰ ਕਿਹਾ, ਉਸ ਘਰ ਲੈ ਚੱਲ ਜਿਥੋਂ ਇਨ੍ਹਾਂ ਜਨਾਨੀਆਂ ਨੂੰ ਚੜ੍ਹਾ ਕੇ ਲਿਆਇਆ ਹੈਂ। ਬੱਘੀਵਾਨ ਸਮਝ ਗਿਆ ਕਿ ਕਿਸੇ ਹੋਰ ਨੂੰ ਫੜਨਗੇ। ਉਸ ਨੇ ਸਾਫ ਇਨਕਾਰ ਕਰ ਦਿੱਤਾ। ਪੁਲਿਸ ਵਾਲੇ ਆਪਣੀ ਜੀਪ ਲੈ ਗਏ। ਪਿੰਡ ਜਾ ਕੇ ਉਨ੍ਹਾਂ ਨੇ ਆਪਣੀ ਸ਼ਕਤੀ ਦਾ ਅਜਿਹੇ ਰੋਬਦਾਬ ਨਾਲ ਦਿਖਾਵਾ ਕੀਤਾ ਕਿ ਕਿਸੇ ਨੇ ਲਫਾਰਗ ਨੂੰ ਦੱਸ ਦਿੱਤਾ। ਉਹ ਤੁਰੰਤ ਪਿਛਲੇ ਪਾਸੇ ਦੀ ਪਗਡੰਡੀ ਰਾਹੀਂ ਖਿਸਕ ਗਿਆ।
ਆਖਰ ਚਿਨ ਤੇ ਤੂਸੀ ਨੂੰ ਬ੍ਰਿਟਿਸ਼ ਪਾਸਪੋਰਟ ਦੇ ਦਿੱਤੇ। ਹੋਰ ਕੋਈ ਖਤਰਾ ਸਹੇੜਨ ਦੀ ਥਾਂ ਉਨ੍ਹਾਂ ਲੰਡਨ ਜਾਣ ਦਾ ਫੈਸਲਾ ਕੀਤਾ-ਬਾਗੀਆਂ, ਸ਼ਰਨਾਰਥੀਆਂ, ਭਗੌੜਿਆਂ ਅਤੇ ਜਲਾਵਤਨ ਬਾਦਸ਼ਾਹਾਂ ਦੀ ਠਾਹਰ ਇੰਗਲੈਂਡ ਸੀ। ਜਦੋਂ ਨੈਪੋਲੀਅਨ ਤੀਜੇ ਨੂੰ ਜਰਮਨਾਂ ਨੇ ਰਿਹਾ ਕਰ ਦਿੱਤਾ, ਉਹ ਵੀ ਇੰਗਲੈਂਡ ਆਪਣੇ ਪਰਿਵਾਰ ਕੋਲ ਪੁੱਜ ਗਿਆ। ਉਲਝੇ ਵਾਲ, ਹੈਰਾਨ ਅੱਖਾਂ, ਅੰਗਰੇਜ਼ੀ ਤੋਂ ਕੋਰੇ ਇਹ ਲੋਕ ਦੂਰੋਂ ਪਛਾਣੇ ਜਾਂਦੇ ਜਿਨ੍ਹਾਂ ਕੋਲ ਨਾ ਪੈਸਾ, ਨਾ ਰੋਟੀ, ਨਾ ਕੋਈ ਉਮੀਦ ਹੁੰਦੀ। ਇੰਗਲੈਂਡ ਦੀ ਸਰਕਾਰ ਇਕ ਵਾਰ ਸੋਚਣ ਤਾਂ ਲੱਗੀ ਸੀ ਕਿ ਕਾਮਰੇਡਾਂ ਨੂੰ ਪਨਾਹ ਦਿੱਤੀ ਜਾਏ ਕਿ ਨਹੀਂ, ਕਿਉਂਕਿ ਉਹ ਲੰਡਨ ਨੂੰ ਸਾੜ ਕੇ ਸੁਆਹ ਕਰ ਦੇਣਗੇ। ਉਨ੍ਹਾਂ Ḕਤੇ ਬੰਦੀ ਤਾਂ ਕੀ ਲਾਉਣੀ, ਫਰਾਂਸ ਦੀ ਮੰਗ ਕਿ ਸਾਡੇ ਕਾਮਰੇਡ ਸਾਡੇ ਹਵਾਲੇ ਕਰੋ, ਵੀ ਨਹੀਂ ਮੰਨੀ। ਅੰਗਰੇਜ਼ਾਂ ਵਾਸਤੇ ਇਹ ਕਰਨਾ ਬੜਾ ਸੌਖਾ ਕੰਮ ਸੀ ਕਿਉਂਕਿ ਹਰ ਸ਼ਾਮ ਉਹ ਇਕ ਥਾਂ ਇਕੱਠੇ ਹੁੰਦੇ ਸਨ, ਉਹ ਥਾਂ ਜਿਸ ਨੂੰ ਉਹ ਆਪਣਾ ਮੱਕਾ ਕਹਿੰਦੇ ਸਨ-ਕਾਰਲ ਮਾਰਕਸ ਦਾ ਘਰ।
ਕਾਰਲ ਅਤੇ ਏਂਗਲਜ਼ ਨੇ ਰਫਿਊਜੀਆਂ ਦੀ ਮਦਦ ਵਾਸਤੇ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਉਨ੍ਹਾਂ ਨੂੰ ਭੋਜਨ ਮਿਲੇ, ਛੱਤ ਮਿਲੇ, ਕੰਮ ਮਿਲੇ, ਬੱਚਿਆਂ ਨੂੰ ਸਕੂਲ ਮਿਲੇ। ਫਰਾਂਸ ਦੀ ਸਰਕਾਰ ਨੇ ਬੀਤੀਆਂ ਘਟਨਾਵਾਂ ਦਾ ਇਤਿਹਾਸ ਲਿਖ ਕੇ ਦੱਸਿਆ ਕਿ ਸਾਰੀ ਤਬਾਹੀ ਦਾ ਕਾਰਨ ਕਾਮਰੇਡ ਹਨ, ਜਰਾਇਮ ਪੇਸ਼ਾ ਹਨ। ਚੋਰ, ਡਾਕੂ ਅਤੇ ਕਾਤਲ ਹਨ। ਜੇ ਫੜੇ ਨਾ, ਸ਼ਹਿਰ ਤਾਂ ਕੀ ਇਨ੍ਹਾਂ ਨੇ ਕੋਈ ਪਿੰਡ ਵੀ ਫੂਕੇ ਬਿਨਾਂ ਨਹੀਂ ਛੱਡਣਾ। ਕਾਰਲ ਆਪਣੇ ਨੈਟਵਰਕ ਰਾਹੀਂ ਉਨ੍ਹਾਂ ਨੂੰ ਬਚਾ ਰਿਹਾ ਸੀ। ਹਜ਼ਾਰਾਂ ਕਾਮਰੇਡ ਫਾਸਟ ਕੋਰਟਾਂ ਰਾਹੀਂ ਫਾਹੇ ਲੱਗ ਚੁਕੇ ਸਨ। ਕਾਰਲ ਦਾ ਬੂਹਾ ਖੜਕਦਾ, ਬਾਹਰ ਕੋਈ ਸ਼ਰਨਾਰਥੀ ਖੜ੍ਹਾ ਹੁੰਦਾ। ਪਿਆਰ ਨਾਲ ਅੰਦਰ ਬੁਲਾ ਕੇ ਖਾਣ-ਪੀਣ ਲਈ ਦਿੱਤਾ ਜਾਂਦਾ, ਥਾਂ ਨਾ ਹੁੰਦੀ ਤਾਂ ਏਂਗਲਜ਼ ਦੇ ਘਰ ਛੱਡ ਆਉਂਦੇ। ਜੈਨੀ ਇਨ੍ਹਾਂ ਬੇਘਰ ਲੋਕਾਂ ਦਾ ਆਦਰ ਇਉਂ ਕਰਦੀ ਜਿਵੇਂ ਸ਼ਾਹਜ਼ਾਦੇ ਹੋਣ। ਕਿਸੇ ਨੂੰ ਯਕੀਨ ਨਾ ਹੁੰਦਾ ਇਹ ਜਗੀਰਦਾਰ ਅਮੀਰ ਪਿਉ ਦੀ ਧੀ ਹੈ ਤੇ ਇਸ ਦਾ ਭਰਾ ਜਰਮਨੀ ਵਿਚ ਵਜ਼ੀਰ ਹੈ।
ਸਾਰੇ ਯੂਰਪ ਅਤੇ ਅਮਰੀਕਾ ਤੋਂ ਪੱਤਰਕਾਰ ਆਉਂਦੇ। ਇੰਟਰਵਿਊ ਬਾਅਦ ਹੈਰਾਨ ਹੁੰਦੇ, ਕਿਉਂਕਿ ਉਸ ਦਾ ਵਰਤਾਰਾ ਬੜਾ ਨਿੱਘਾ ਤੇ ਬੋਲੀ ਸਭਿਅਕ, ਮਿੱਠੀ; ਉਹ ਤਾਂ ਸੋਚ ਕੇ ਆਉਂਦੇ ਸਨ ਕਿ ਕੋਈ ਜਵਾਲਾਮੁਖੀ ਹੋਵੇਗਾ। ਕਈਆਂ ਨੇ ਲਿਖਿਆ ਕਿ ਬੰਦਾ ਪੜ੍ਹਿਆ-ਲਿਖਿਆ ਤੇ ਸਿਆਣਾ ਹੋਣ ਦੇ ਬਾਵਜੂਦ ਹਵਾਈ ਕਿਲ੍ਹੇ ਕਿਉਂ ਉਸਾਰਦਾ ਹੈ? ਕਦੀ-ਕਦਾਈਂ ਖਿਝ ਵੀ ਜਾਂਦਾ ਸੀ। ਕਿਸੇ ਰਿਪੋਰਟਰ ਨੇ ਪੁੱਛਿਆ, ਮੈਨੂੰ ਇੰਟਰਨੈਸ਼ਨਲ ਦਾ ਰਹੱਸ ਦੱਸੋ? ਕਾਰਲ ਨੇ ਕਿਹਾ, ਕੋਈ ਰਹੱਸ ਹੈ ਈ ਨੀ, ਦਿਨ ਵਰਗਾ ਚਿੱਟਾ ਸੱਚ ਹੈ, ਇਸ ਦੀ ਸਾਰੀ ਕਾਰਵਾਈ ਦੀਆਂ ਰਿਪੋਰਟਾਂ ਛਪਦੀਆਂ ਹਨ। ਜਿਹੜਾ ਮੂਰਖ ਇਨ੍ਹਾਂ ਨੂੰ ਨਾ ਪੜ੍ਹੇ, ਉਸ ਅੱਗੇ ਰਹੱਸ ਕਿਵੇਂ ਖੁੱਲ੍ਹੇ! ਟੱਲੇਬਾਜ਼ੀਆਂ ਵੀ ਚਲਦੀਆਂ, ਕਦੀ ਖਬਰ ਛਪਦੀ ਉਸ ਨੂੰ ਬੈਲਜੀਅਮ ਵਿਚ ਗ੍ਰਿਫਤਾਰ ਕਰ ਲਿਐ, ਕਦੀ ਛਪਦਾ ਉਹ ਮਰ ਗਿਐ। ਫਰੈਂਚ ਪ੍ਰੈਸ ਵਿਚ ਇਹ ਖਬਰ ਵੀ ਛਪੀ-ਕਾਰਲ ਦੇ ਦੋ ਭਰਾ ਚਿਨ ਅਤੇ ਤੂਸੀ ਪੈਰਿਸ ਵਿਚ ਗ੍ਰਿਫਤਾਰ ਕਰ ਲਏ ਹਨ। ਇਹ ਤਾਂ ਆਮ ਛਪਦਾ ਰਹਿੰਦਾ ਕਿ ਕਾਮਿਆਂ ਦੇ ਪੈਸੇ ਨਾਲ ਉਹ ਅੱਯਾਸ਼ੀ ਕਰ ਰਿਹੈ, ਕੋਈ ਮਜ਼ਦੂਰ ਮਦਦ ਮੰਗੇ ਤਾਂ ਗਾਲ੍ਹਾਂ ਦਿੰਦੈ।
ਆਪਣੇ ਇਕ ਖਤ ਵਿਚ ਕਾਰਲ ਲਿਖਦੈ, ਦਿਨ 48 ਘੰਟਿਆਂ ਦਾ ਹੋ ਜਾਏ ਤਾਂ ਵੀ ਸਾਲਾਂ ਤਕ ਮੇਰਾ ਲਿਖਣ ਦਾ ਕੰਮ ਪੂਰਾ ਨਹੀਂ ਹੋਣਾ। ਜਾਸੂਸ, ਅਖਬਾਰ ਵਾਲੇ, ਰਿਫਿਊਜੀ ਪੜ੍ਹਨ ਨਹੀਂ ਦਿੰਦੇ। ਕਈ ਤਮਾਸ਼ਬੀਨ ਸਿਰਫ ਇਸ ਲਈ ਆਉਂਦੇ ਹਨ ਕਿ ਆਪਣੀਆਂ ਅੱਖਾਂ ਨਾਲ ਇਸ ਦੈਂਤ ਨੂੰ ਦੇਖੀਏ। ਮੈਂ ਸੋਚਦਾਂ ਕਿ ਇਸਾਈ ਮੂਸਾਈ ਮਿੱਥਾਂ ਇਸ ਕਰ ਕੇ ਫੈਲ ਗਈਆਂ ਕਿਉਂਕਿ ਉਦੋਂ ਅੱਜ ਵਰਗੇ ਸੰਚਾਰ ਸਾਧਨ ਨਹੀਂ ਸਨ। ਇਹ ਗੱਲ ਗਲਤ ਸਾਬਤ ਹੋ ਗਈ ਐ। ਹੁਣ ਤਾਰ, ਟੈਲੀਫੋਨ, ਅਖਬਾਰ, ਸਕਿੰਟਾਂ ਵਿਚ ਕਿੱਸੇ ਘੜ ਕੇ ਦੁਨੀਆਂ ਅੱਗੇ ਪਰੋਸ ਦਿੰਦੇ ਹਨ।
(ਚੱਲਦਾ)

Be the first to comment

Leave a Reply

Your email address will not be published.