ਬਲਜੀਤ ਬਾਸੀ
ਆਹ ਕੁਝ ਸਮੇਂ ਤੋਂ ਚੱਤੋ ਪਹਿਰ ਕੰਨਾਂ ਵਿਚ ਝਰਨ-ਝਰਨ ਜਿਹੀ ਹੁੰਦੀ ਰਹਿੰਦੀ ਸੀ। ਸਾਲੀ ਸਾਹਿਬਾ ਜਲੰਧਰ ਦੇ ਇਕ ਵੱਡੇ ਹਸਪਤਾਲ ਵਿਚ ਡਾਕਟਰਨੀ ਲੱਗੀ ਹੋਈ ਹੈ। ਸੋਚਿਆ ਉਥੇ ਦੇ ਡਾਕਟਰ ਨੂੰ ਹੀ ਦਿਖਾ ਲਈਏ, ਖਰਚੇ ਵਿਚ ਕਾਫੀ ਬਚਤ ਦੀ ਸੰਭਾਵਨਾ ਸੀ। ਬੱਸ ਫੜ ਕੇ ਪਹੁੰਚ ਗਏ ਉਨ੍ਹਾਂ ਦੇ ਘਰ। ਹਸਪਤਾਲ ਪਹੁੰਚਦਿਆਂ ਹੀ ਸਾਲੀ ਸਾਹਿਬਾ ਮਾਣ ਨਾਲ ਮੈਨੂੰ ਕੰਨਾਂ ਵਾਲੇ ਡਾਕਟਰ ਦੇ ਕਮਰੇ ਵੱਲ ਲੈ ਤੁਰੇ। ਝਰਨ-ਝਰਨ ਬਾਰੇ ਦੱਸਣ ਪਿਛੋਂ ਡਾਕਟਰ ਨੇ ਪੁਛਿਆ, “ਸੁਣਦਾ ਕਿਵੇਂ ਹੈ?” “ਪਤਾ ਨਹੀਂ ਜੀ ਕੁਝ ਸਮੇਂ ਤੋਂ ਨਰ ਕੁਝ ਵੀ ਬੋਲਣ, ਬਹੁਤ ਵਾਰੀ ਹੈਂ ਹੈਂ ਕਰਨਾ ਪੈਂਦਾ ਹੈ ਜਦ ਕਿ ਮਦੀਨ ਭਾਵੇਂ ਧੀਮਾ ਹੀ ਬੋਲੇ, ਝੱਟ ਕੰਨ ਖੜੇ ਹੋ ਜਾਂਦੇ ਹਨ, ਸੁਣਾਈ ਵੀ ਸਾਫ ਦਿੰਦਾ ਹੈ। ਕਈ ਵਾਰੀ ਤਾਂ ਨਾ ਬੋਲਿਆ ਵੀ ਸੁਣਨ ਲੱਗ ਪੈਂਦਾ ਹੈ।” ਆਪਣੀ ਬੀਮਾਰੀ ਦਾ ਮੈਂ ਇਕ ਲੱਛਣ ਦੱਸਿਆ। “ਅੱਛਾ ਅੱਛਾ, ਇਸ ਨੂੰ ਸਿਲੈਕਟਿਵ ਹੀਅਰਿੰਗ ਕਹਿੰਦੇ ਹਨ। ਨਾਲੇ ਤੁਹਾਡੇ ਕੰਨਾਂ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ ਹੈ” ਡਾਕਟਰ ਨੇ ਫਰਮਾਇਆ।
“ਹਾਂ, ਹਾਂ, ਹਾਂ” ਮੈਨੂੰ ਤਸੱਲੀ ਹੋਈ, ਡਾਕਟਰ ਸਮਝਦਾਰ ਹੈ। ਸਾਹਮਣੇ ਬੈਠੀ ਸਾਲੀ ਸਾਹਿਬਾ ਦੇ ਹੱਥੋਂ ਕਾਫੀ ਦਾ ਪਿਆਲਾ ਛਲਕ ਗਿਆ ਗਿਆ।
“ਗੱਲ ਇਹ ਹੈ”, ਡਾਕਟਰ ਨੇ ਕਹਿਣਾ ਸ਼ੁਰੂ ਕੀਤਾ, “ਸੁਣਨ-ਸ਼ਕਤੀ ਟੈਸਟ ਕਰਨ ਵਾਲੀ ਮਸ਼ੀਨ ਤਾਂ ਅਜੇ ਖਰਾਬ ਪਈ ਹੈ। ਚਲੋ ਪਹਿਲਾਂ ਓਦਾਂ ਕੰਨ ਚੈਕ ਕਰ ਲੈਂਦੇ ਹਾਂ।” ਇਹ ਕੰਨਾਂ ਵਾਲੇ ਡਾਕਟਰ ਇਕ ਤਿਕੋਨੀ ਜਿਹੀ ਚੀਜ਼ ਤੁਹਾਡੇ ਕੰਨ ਵਿਚ ਵਾੜ ਦਿੰਦੇ ਹਨ, ਫਿਰ ਇੱਕ ਅੱਖ ਬੰਦ ਕਰਕੇ ਕੰਨ ਦੇ ਅੰਦਰਲੀ ਦੁਨੀਆਂ ਝਾਕਣ ਲਗਦੇ ਹਨ। ਡਾਕਟਰ ਨੇ ਇਹ ਸ਼ੰਕੂ ਜਿਹਾ ਵਾਰੀ ਵਾਰੀ ਮੇਰੇ ਦੋਨਾਂ ਕੰਨਾਂ ਨੂੰ ਲਾ ਕੇ ਕੰਨਾਂ ਵਿਚ ਫੇਰਿਆ ਤੇ ਅੰਤ “ਹੂੰ” ਕਹਿੰਦਿਆਂ ਬੋਲਿਆ, “ਗਭਲੇ ਕੰਨਾਂ ਵਿਚ ਰੁਕਾਵਟ ਹੈ, ਮੈਲ ਕਢਣੀ ਪੈਣੀ ਹੈ।” ਮੈਂ ਖੁਸ਼ ਹੋ ਗਿਆ, ਬੀਮਾਰੀ ਬਹੁਤੀ ਗੰਭੀਰ ਨਹੀਂ ਲਗਦੀ। ਨਾਲੇ ਮੈਲ ਕਢਾਉਣ ਵਿਚ ਤਾਂ ਮਜ਼ਾ ਹੀ ਬਹੁਤ ਆਉਂਦਾ ਹੈ, ਖਾਜ ਨਾਲੋਂ ਕਿਤੋਂ ਵੱਧ, ਰਾਜ ਨਾਲੋਂ ਵੀ। ਉੁਸ ਨੇ ਇਕ ਤਰਲ ਜਿਹੀ ਦਵਾਈ ਮੇਰੇ ਕੰਨ ਵਿਚ ਟਪਕਾਈ ਤੇ ਏਧਰ ਉਧਰ ਦੀਆਂ ਗੱਲਾਂ ਕਰਨ ਲੱਗ ਪਿਆ। ਥੋੜਾ ਸਮਾਂ ਬੀਤਿਆ ਕਹਿੰਦਾ, “ਆ ਜਾਓ ਜੀ ਹੁਣ ਕਰੀਏ ਅਪਰੇਸ਼ਨ।” ਉਸ ਨੇ ਮੇਰੇ ਸਿਰ ਨੂੰ ਮੇਜ਼ ‘ਤੇ ਟੇਢਾ ਕਰ ਲਿਆ ਤੇ ਲੱਗ ਪਿਆ ਸੱਜੇ ਕੰਨ ਵਿਚ ਇਕ ਖੁਰਚਣੀ ਜਿਹੀ ਘੁਸੇੜਨ। ਉਹ ਕੰਨ ਵਿਚ ਖੁਰਚਣੀ ਫੇਰਦਾ ਤੇ ਫਿਰ ਮੇਜ਼ ‘ਤੇ ਟੱਕ-ਟੱਕ ਜਿਹੀ ਹੁੰਦੀ। ਮੇਰੀਆਂ ਅੱਖਾਂ ਨਸ਼ੇ ਜਿਹੇ ਵਿਚ ਮੁੰਦੀਆਂ ਜਾਣ ਲੱਗੀਆਂ। ਮੈਂ ਤਾਂ ਜਾਣੋ ਹੌਲਾ ਫੁੱਲ ਹੁੰਦਾ ਗਿਆ। ਪਰੇ ਟੂਟੀ ‘ਚੋਂ ਗਿਰਦੀਆ ਬੂੰਦਾਂ ਦੀ ਟੱਪ ਟੱਪ ਸਪਸ਼ਟ ਸੁਣਾਈ ਦੇਣ ਲੱਗ ਪਈ। ਜੀਅ ਕਰੇ ਅਜ਼ਲਾਂ ਤਾਈਂ ਇਵੇਂ ਪਿਆ ਰਹਾਂ। ਪਤਾ ਨਹੀਂ ਕਿੰਨਾ ਚਿਰ ਲੱਗਾ। ਆਖਰ ਡਾਕਟਰ ਕਹਿੰਦਾ, “ਸਿਰ ਚੁੱਕੋ ਬਾਦਸ਼ਾਹੋ।” ਬਾਦਸ਼ਾਹ ਨੇ ਹੁਕਮ ਦੀ ਪਾਲਣਾ ਕੀਤੀ ਤਾਂ ਕੀ ਦੇਖਦਾ ਹੈ ਕਿ ਸਾਹਮਣੇ ਪਏ ਕੋਰੇ ਕਾਗਜ਼ ‘ਤੇ ਗੁੜ ਦੀ ਪੇਸੀ ਜਿੱਡਾ ਮੈਲ ਦਾ ਢੇਰ ਲੱਗਾ ਪਿਆ ਸੀ। ਮੇਰੀ ਤਾਂ ਖਾਨਿਓਂ ਗਈ, ਖਾਨਿਓਂ ਕੀ ਕੰਨਿਓਂ ਗਈ। ਦੂਜੇ ਪਾਸੇ ਐਨ ਸਾਹਮਣੇ ਸਾਲੀ ਸਾਹਿਬਾ ਬਿਰਾਜੇ ਹੋਏ ਸਨ। ਉਨ੍ਹਾਂ ਅੱਖਾ ਮਿਲਾਈਆਂ, ਇਕ ਤਾੜੀ ਮਾਰੀ ਤੇ ਨਾਲ ਹੀ ਠਹਾਕਾ ਛੱਡ ਦਿੱਤਾ। ਮੇਰਾ ਕੰਨ ਕੀ ਖੁਲ੍ਹਿਆ, ਜਾਣੋਂ ਕੰਨ ਬੰਦ ਹੀ ਹੋ ਗਿਆ। ਜਿਵੇਂ ਸਾਰਾ ਵਜੂਦ ਹੀ ਸੁੰਗੜ ਗਿਆ। ਸਾਲੀ ਦੇ ਸਾਹਮਣੇ ਮੈਂ ਤਾਂ ਕੱਖ ਦਾ ਨਾਂ ਰਿਹਾ। ਜੀ ਕਰੇ ਇਥੋਂ ਛੂਟ ਵੱਟ ਜਾਵਾਂ। ਮੈ ਵੀ ਕੀ ਹੋਛਾ ਜਿਹਾ ਬੰਦਾ ਹਾਂ, ਚੰਦ ਸਿੱਕਿਆਂ ਨੂੰ ਬਚਾਉਣ ਦੀ ਖਾਤਿਰ ਆਪਣੀ ਇਜ਼ਤ ਰੋਲ ਦਿੱਤੀ। ਨਾਲੇ ਇਹ ਤਾਂ ਅਜੇ ਇਕ ਕੰਨ ਦੀ ਹੀ ਮੈਲ ਹੈ ਦੂਜਾ ਕੰਨ ਤਾਂ ਖੁਰਚਣਾ ਰਹਿੰਦਾ ਹੈ। ਛਿੱਥਾ ਪੈਂਦਿਆਂ ਮੈਂ ਡਾਕਟਰ ਨੂੰ ਪੁਛ ਬੈਠਾ, “ਜੀ ਇਹ ਸਾਰਾ ਮਾਵਾ ਮੇਰੇ ਕੱਲੇ ਦੇ ਕੰਨ ਵਿਚੋਂ ਨਿਕਲਿਆ ਜਾਂ ਹੋਰ ਸਾਰੇ ਮਰੀਜ਼ਾਂ ਦਾ ਵੀ ਇਸ ਵਿਚ ਯੋਗਦਾਨ ਹੈ?”
ਡਾਕਟਰ ਮੁਸਕਰਾਇਆ, “ਸਾਲਾਂ ਤੋਂ ਬਿਲਡ ਅੱਪ ਹੋਇਆ ਲਗਦਾ ਹੈ। ਕਈ ਵਾਰ ਅਜਿਹਾ ਹੋ ਜਾਂਦਾ ਹੈ। ਘਬਰਾਉਣ ਦੀ ਗੱਲ ਨਹੀਂ ਮੈਂ ਇਸ ਨੂੰ ਮਰਤਬਾਨ ਵਿਚ ਨਹੀਂ ਰੱਖਦਾ।” ਡਾਕਟਰ ਨੇ ਮੈਲ ਵਾਲੇ ਕਾਗਜ਼ ਨੂੰ ਮਰੋੜਿਆ ਤੇ ਟਰੈਸ਼ ਵਿਚ ਸੁੱਟ ਦਿੱਤਾ। ਮੇਰੇ ਲਈ ਦੁਨੀਆਂ ਹੋਰ ਵੀ ਸੁੰਨ ਸਾਨ ਹੋ ਗਈ। ਸਾਲੀ ਵੱਲ ਮੈਂ ਅੱਖ ਚੁਕਣ ਜੋਗਾ ਨਾ ਰਿਹਾ। ਮੈਨੂੰ ਲੱਗਾ ਮੇਰਾ ਕੰਨ ਅੰਦਰਲਾ ਹਿੱਸਾ ਮੈਲੋ-ਮੈਲ ਹੋਇਆ ਪਿਆ ਹੈ। ਆਪਣੇ ਆਪ ਤੇ ਘਿਣ ਜਿਹੀ ਆਈ ਜਿਵੇਂ ਮੈਂ ਕੱਖੋਂ ਵੀ ਹੌਲਾ ਹੋ ਗਿਆ ਹੁੰਨਾਂ। ਇਸ ਨਾਲੋਂ ਤਾਂ ਕੈਂਸਰ ਹੋ ਜਾਂਦਾ, ਕਿੰਨੀ ਸਤਿਕਾਰਯੋਗ ਬੀਮਾਰੀ ਹੈ, ਹਰ ਕੋਈ ਤੁਹਾਡਾ ਪਿਆਰਾ ਬਣ ਜਾਂਦਾ। ਪੰਜਾਬੀਆਂ ਨੂੰ ਕੰਨ ਦੀ ਮੈਲ ਲਈ ਕੋਈ ਵਖਰਾ ਸ਼ਬਦ ਕਿਉਂ ਨਹੀਂ ਲੱਭਾ? ਅੱਖਾਂ ਵਿਚ ਗਿੱਡ ਹੈ, ਨੱਕ ਵਿਚ ਸੀਂਢ ਹੈ, ਗਲੇ ਵਿਚ ਖੰਘਾਰ ਹੈ। ਕਿੰਨੇ ਵਧੀਆ ਸ਼ਬਦ ਹਨ। ਕੰਨਾਂ ਲਈ ਇਕ ਆਮ ਸ਼ਬਦ ਮੈਲ ਤੋਂ ਹੀ ਕਿਉਂ ਕੰਮ ਸਾਰਿਆ ਗਿਆ ਹੈ?æææਤਾਂ ਕਿ ਸਾਲੀ ਸਾਹਿਬਾ ਦੇ ਸਾਹਮਣੇ ਮੇਰੀ ਔਕਾਤ ਪ੍ਰਗਟ ਹੋ ਜਾਵੇ। ਮੈਨੂੰ ਸਾਰਾ ਆਲਮ ਸਾਜ਼ਸ਼ੀ ਜਿਹਾ ਲੱਗਾ।
“ਅੱਛਾ ਜੀ, ਮੈਂ ਹੋਰ ਵੀ ਮਰੀਜ਼ ਦੇਖਣੇ ਹਨ, ਆਹ ਦਵਾਈ ਲਿਖ ਦਿੰਦਾ ਹਾਂ ਦਿਨ ਵਿਚ ਦੋ ਤਿੰਨ ਵਾਰ ਪਾਉਂਦੇ ਰਹਿਣਾ, ਦੋਨੋਂ ਕੰਨਾਂ ਵਿਚ। ਇਸ ਨਾਲ ਸਾਰੀ ਮੈਲ ਉਗਲ ਆਵੇਗੀ। ਕਲ੍ਹ ਨੂੰ ਦੂਜੇ ਕੰਨ ਦੀ ਖੁਦਾਈ ਹੋਵੇਗੀ, ਨਾਲੇ ਪਹਿਲੇ ਕੰਨ ਦੀ ਰਹਿੰਦ ਖੂੰਦ ਵੀ ਕਢੀ ਜਾਵੇਗੀ। ਕਲ੍ਹ ਤੱਕ ਮਸ਼ੀਨ ਵੀ ਠੀਕ ਹੋ ਜਾਵੇਗੀ। ਇਸੇ ਵਕਤ ਆ ਜਾਣਾ।” ਡਾਕਟਰ ਨੇ ਸਾਰੀਆਂ ਸੁਣੌਤਾਂ ਸੁੱਟੀਆਂ ਕਿ ਹੁਣ ਅਸੀਂ ਟਿਬ ਜਾਈਏ, ਉਸ ਨੂੰ ਹੋਰ ਵੀ ਰੁਝੇਵੇਂ ਹਨ। “ਅੱਛਾ ਅਜੇ ਪਹਿਲੇ ਕੰਨ ਵਿਚ ਰਹਿੰਦ ਖੂੰਦ ਵੀ ਹੈ। ਸੋਚਦਿਆਂ “ਮੈਂ ਤੇਜ਼ ਕਦਮਾਂ ਨਾਲ ਦਰਵਾਜ਼ੇ ਵੱਲ ਵਧਿਆ। ਫੈਸਲਾ ਕੀਤਾ ਦੌੜ ਜਾਵਾਂ, ਸਾਲੀ ਦੇ ਹੋਰ ਮੱਥੇ ਨਹੀਂ ਲੱਗਿਆ ਜਾ ਸਕਦਾ। ਪਰ ਸਾਲੀ ਪਿਛੇ ਪਿਛੇ। ਮੈਂ ਫਟਾ ਫਟ ਪੌੜੀਆ ਉਤਰਨ ਲੱਗਾ। ਤੀਸਰੀ ਮੰਜ਼ਿਲ ਤੋਂ ਥੱਲੇ ਉਤਰ ਕੇ ਬਾਹਰ ਨਿਕਲਿਆ ਕਿ ਇਹ ਮੁਹਤਰਿਮਾ ਜੀ ਫਿਰ ਅੱਗੇ ਖੜੇ। ਇਸ ਨੂੰ ਕਹਿੰਦੇ, ਮੂਸਾ ਭੱਜਾ ਮੌਤ ਤੋਂ, ਅੱਗੇ ਮੌਤ ਖੜੀ। ਮੇਰੇ ਪੈਰਾਂ ਹੇਠਾਂ ਜ਼ਮੀਨ ਨਹੀਂ ਸੀ। ਦਰਅਸਲ ਉਹ ਲਿਫਟ ਰਾਹੀਂ ਮੇਰੇ ਤੋਂ ਵੀ ਪਹਿਲਾਂ ਉਤਰ ਆਈ ਸੀ। ਮੈਂ ਮੂੰਹ ਦੂਜੇ ਪਾਸੇ ਫੇਰਿਆ ਪਰ ਦਿਮਾਗੀ ਭੰਬਲਭੂਸੇ ਵਿਚ ਫਿਰ ਵੀ ਮੈਨੂੰ ਉਸ ਦੇ ਲਫਜ਼ ਸੁਣਾਈ ਦਿੱਤੇ, “ਚਲੋ ਘਰ ਚਲਦੇ ਹਾਂ, ਮੈਂ ਕਾਰ ਵਿਚ ਛੱਡ ਆਉਂਦੀ ਹਾਂ। ਸਾਡੇ ਕੋਲ ਹੀ ਰਹੋ, ਸਵੇਰ ਨੂੰ ਫਿਰ ਕੰਨ ਦਿਖਾਲਣੇ ਹਨ।”
ਕੰਨ ਸ਼ਬਦ ਸੁਣਦਿਆਂ ਹੀ ਮੈਂ ਕੰਨ ਬੰਦ ਕਰ ਲਏ। ਮੈਨੂੰ ਲੱਗਾ ਉਹ ਮੇਰੇ ਕੰਨ ਖਿਚ ਰਹੀ ਸੀ। ਹਫਿਆ ਤੇ ਹੌਲਾ ਹੋਇਆ ਮੈਂ ਹਸਪਤਾਲ ਦੇ ਗੇਟ ਵੱਲ ਦੌੜਨ ਲੱਗਾ। ਸਾਲੀ ਸਾਹਿਬਾ ਸਾੜੀ ਦਾ ਪੱਲੂ ਸਾਂਭਦੀ ਹੋਈ ਮੇਰੇ ਪਿਛੇ-ਪਿਛੇ, ਜਿਵੇਂ ਕੋਈ ਫਿਲਮ ਦਾ ਸੀਨ ਹੁੰਦਾ ਹੈ। “ਬੱਸ, ਹੁਣ ਮੈਂ ਇਸ ਦੇ ਕਾਬੂ ਨਹੀਂ ਆਉਂਦਾ। ਇਸ ਨਾਲੋਂ ਤਾਂ ਮੈਂ ਫਗਵਾੜੇ ਦੇ ਸਟੇਸ਼ਨ ਤੇ ਜਾ ਕੇ ਲਾਲ ਪੱਗਾਂ ਵਾਲਿਆਂ ਕੋਲੋਂ ਕੰਨ ਖੁਰਚਵਾ ਲਵਾਂਗਾ। ਆਹ ਹੇਠੀ ਨਹੀਂ ਕਰਵਾ ਸਕਦਾ।” ਸਾਹਮਣੇ ਇਕ ਰਿਕਸ਼ੇ ਵਾਲਾ ਦਿਖਾਈ ਦਿੱਤਾ।
“ਚੱਲ ਬਈ ਬੱਸ ਅੱਡੇ, ਛੇਤੀ ਕਰ ਮੈਨੂੰ ਕਾਹਲੀ ਹੈ। ਮੈਂ ਦੂਰ ਜਾਣਾ ਹੈ, ਜਿੰਨੇ ਮਰਜ਼ੀ ਪੈਸੇ ਲੈ ਲਵੇ। ਪਿਛੇ ਇਕ ਬਲਾ ਲੱਗੀ ਹੋਈ ਹੈ, ਕਿਤੇ ਉਹ ਨਾ ਘੇਰ ਲਵੇ।” ਤੇ ਮੈਂ ਟਪੂਸੀ ਮਾਰ ਕੇ ਰਿਕਸ਼ੇ ‘ਤੇ ਬਹਿ ਗਿਆ।
Leave a Reply