ਮਾਨਸਾ: ਮਾਨਸਾ ਵਿਚ ਰਾਸ਼ਟਰੀ ਸਵੈਮਸੇਵਕ ਸੰਘ (ਆਰæਐਸ਼ਐਸ਼) ਦੇ ਪ੍ਰਮੁੱਖ ਮੋਹਨ ਭਾਗਵਤ ਤੇ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕੀਤੀ ਗਈ ਬੰਦ ਕਮਰਾ ਮੀਟਿੰਗ ਨੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਦੋਵਾਂ ਨੇ ਨਰਾਇਣ ਸ਼ਿਖਸ਼ਾ ਕੇਂਦਰ ਵਿਚ ਤਕਰੀਬਨ 27 ਮਿੰਟ ਬੰਦ ਕਮਰਾ ਮੁਲਾਕਾਤ ਕੀਤੀ। ਮਾਲਵੇ ਦੇ ਰਾਜਸੀ ਹਲਕੇ ਇਨ੍ਹਾਂ ਦੋਵਾਂ ਆਗੂਆਂ ਦੀ ਇਸ ਮੀਟਿੰਗ ਬਾਰੇ ਅਜੇ ਚੁੱਪ ਵੱਟੀ ਬੈਠੇ ਹਨ, ਪਰ ਕੁਝ ਰਾਜਸੀ ਨੇਤਾਵਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਵੱਡੇ ਪੱਧਰ ‘ਤੇ ਭਾਜਪਾ ਨੂੰ ਪ੍ਰਾਪਤ ਹੋਈ ਜਿੱਤ ਤੋਂ ਬਾਅਦ ਜਾਪਦਾ ਹੈ ਕਿ ਉਹ ਹੁਣ ਮਾਲਵਾ ਪੱਟੀ ਵਿਚ ਸਿਆਸੀ ਤੌਰ ‘ਤੇ ਪੈਰ ਜਮਾਉਣ ਲਈ ਅਜਿਹੀਆਂ ਗੁਪਤ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰਨ ਲੱਗੀ ਹੈ। ਇਸ ਤੋਂ ਪਹਿਲਾਂ ਮਾਝੇ ਤੇ ਦੁਆਬੇ ਖੇਤਰ ਵਿਚ ਭਾਜਪਾ ਦੇ ਪਹਿਲਾਂ ਹੀ ਪੈਰ ਲੱਗੇ ਹੋਏ ਹਨ। ਇਸ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ ਤੇ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ ਤੇ ਇਸ ਦੀ ਕਮਾਂਡ ਖੁਦ ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਖੱਟੜਾ ਨੇ ਸੰਭਾਲੀ ਹੋਈ ਸੀ। ਮਾਲਵਾ ਸੈਕਟਰ ਵਿਚ ਆਰæਐਸ਼ਐਸ਼ ਦੇ ਮੁਖੀ ਮੋਹਨ ਭਾਗਵਤ ਦੀ ਪਹਿਲੀ ਵਾਰ ਕਿਸੇ ਧਾਰਮਿਕ ਸੰਗਠਨ ਦੇ ਮੁਖੀ ਨਾਲ ਅਜਿਹੀ ਗੁਪਤ ਮੀਟਿੰਗ ਹੋਈ ਹੈ। ਇਸ ਨੂੰ ਰਾਜਸੀ ਤੇ ਧਾਰਮਿਕ ਹਲਕਿਆਂ ਵਿਚ ਬੜੀ ਅਹਿਮੀਅਤ ਨਾਲ ਲਿਆ ਜਾ ਰਿਹਾ ਹੈ।
ਬੇਸ਼ੱਕ ਇਸ ਨੂੰ ਇਕ ਆਮ ਮੁਲਾਕਾਤ ਤੇ ਦੋਵਾਂ ਵਿਚ ਪਹਿਲਾਂ ਦੀ ਜਾਣ-ਪਛਾਣ ਹੋਣਾ ਦੱਸਿਆ ਜਾ ਰਿਹਾ ਹੈ, ਪਰ ਦੋਵਾਂ ਦੀ ਮੁਲਾਕਾਤ ਨੂੰ ਰਾਜਨੀਤਿਕ ਗਲਿਆਰਿਆਂ ਵਿਚ ਵੀ ਬੇਸਬਰੀ ਤੇ ਉਤਸੁਕਤਾ ਨਾਲ ਲਿਆ ਗਿਆ ਤੇ ਕਈ ਤਰ੍ਹਾਂ ਦੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਡੇਰਾ ਮੁਖੀ ਤੇ ਸੰਘ ਪ੍ਰਮੁੱਖ ਪਹਿਲੀ ਵਾਰ ਹੀ ਮਾਨਸਾ ਆਏ ਹਨ ਤੇ ਡੇਰਾ ਮੁਖੀ ਦੀ ਆਮਦ ਨੂੰ ਲੈ ਕੇ ਸੰਗਤਾਂ ਵੱਲੋਂ ਦੋ ਦਿਨਾਂ ਵਿਚ ਹੀ ਹੈਲੀਪੈਡ ਵੀ ਬਣਾਇਆ ਗਿਆ। ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਡੇਰਾ ਰਾਧਾ ਸੁਆਮੀ ਬਿਆਸ ਤੇ ਡੇਰਾ ਮੁਖੀ ਸੰਘ ਪ੍ਰਮੁੱਖ ਨੂੰ ਚੋਣਾਂ ਤੋਂ ਪਹਿਲਾਂ ਨਾਗਪੁਰ ਮਿਲ ਚੁੱਕੇ ਹਨ। ਇਸ ਮੌਕੇ ਡੇਰਾ ਮੁਖੀ ਵੱਲੋਂ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਤੋਂ 350 ਆਰæਐਸ਼ਐਸ਼ ਵਰਕਰਾਂ ਨਾਲ ਵੀ ਗੱਲ ਕੀਤੀ। ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਖੱਟੜਾ ਨੇ ਕਿਹਾ ਕਿ ਡੇਰਾ ਮੁਖੀ ਤੇ ਸੰਘ ਪ੍ਰਮੁੱਖ ਦੀ ਤਕਰੀਬਨ ਅੱਧਾ ਘੰਟਾ ਆਪਸੀ ਗੱਲਬਾਤ ਹੋਈ ਹੈ, ਜਿਸ ਲਈ ਪੁਲਿਸ ਦੇ ਸਖ਼ਤ ਪ੍ਰਬੰਧ ਸਨ ਤੇ ਇਸ ਤੋਂ ਵੱਧ ਇਸ ਬਾਰੇ ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ। ਦੂਜੇ ਪਾਸੇ ਮਾਲਵਾ ਪੱਟੀ, ਜਿਸ ਨੂੰ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਵਿਚ ਦੋਵੇਂ ਆਗੂਆਂ ਦੀ ਅਜਿਹੀ ਮੀਟਿੰਗ ਨੂੰ ਰਾਜ ਦੀ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੜੀ ਅਹਿਮੀਅਤ ਦੇ ਕੇ ਇਸ ਦੀਆਂ ਕੰਨਸੋਆਂ ਲੈਣ ਲਈ ਇੰਟੈਲੀਜੈਂਸੀ ਦੀ ਵਿਸ਼ੇਸ ਡਿਊਟੀ ਲਗਾਈ ਹੋਈ ਹੈ। ਮੀਟਿੰਗ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਨੇ ਗੰਭੀਰਤਾ ਨਾਲ ਲੈਂਦਿਆਂ ਇਸ ਦੀਆਂ ਕੰਨਸੋਆਂ ਦੀ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਦੋਵਾਂ ਮੁਖੀਆਂ ਦੀ ਇਸ ਮੀਟਿੰਗ ਬਾਰੇ ਵਿਚਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
Leave a Reply