ਗੁਲਜ਼ਾਰ ਸਿੰਘ ਸੰਧੂ
ਇਨ੍ਹਾਂ ਸਤਰਾਂ ਦੇ ਲਿਖਣ ਤੱਕ ਭਾਰਤ ਦੇ ਪ੍ਰਥਮ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਇਸ ਦੁਨੀਆਂ ਤੋਂ ਅਕਾਲ ਚਲਾਣਾ ਕੀਤਿਆਂ 50 ਸਾਲ ਹੋ ਚੁੱਕੇ ਹਨ। ਦੇਸ਼ ਦਾ 15ਵਾਂ ਪ੍ਰਧਾਨ ਮੰਤਰੀ ਨਰਿੰਦਰ ਦਮੋਦਰਦਾਸ ਮੋਦੀ ਤੇ ਉਸਦੀ ਟੀਮ ਸਹੁੰ ਚੁੱਕਣ ਉਪਰੰਤ ਆਪੋ ਆਪਣੇ ਮੰਤਰਾਲੇ ਸੰਭਾਲ ਚੁੱਕੀ ਹੈ। ਨਵੀਂ ਸਰਕਾਰ ਦੇ ਮੰਤਰੀਆਂ ਤੇ ਰਾਜ ਮੰਤਰੀਆਂ ਦੇ ਜੀਵਨ ਵੇਰਵਿਆਂ ਤੇ ਪਹੁੰਚ ਦ੍ਰਿਸ਼ਟੀ ਦਾ ਰੰਗ-ਰੰਗ ਰੂਪ ਪੇਸ਼ ਕਰਨ ਹਿੱਤ ਸਭ ਸਮਾਚਾਰ ਪੱਤਰ ਨਵੇਂ ਨਵੇਲੇ ਚਿਹਰਿਆਂ ਨਾਲ ਭਰੇ ਪਏ ਹਨ। ਪੰਡਤ ਨਹਿਰੂ ਦੀ 50ਵੀਂ ਬਰਸੀ ਦਾ ਇਸ਼ਤਿਹਾਰ ਹਰਿਆਣਾ ਦੀ ਹੂਡਾ ਸਰਕਾਰ ਤੋਂ ਬਿਨਾ ਹੋਰ ਕਿਸੇ ਨੇ ਦਿੱਤਾ ਹੋਵੇ ਤਾਂ ਮੇਰੇ ਦੇਖਣ ਵਿਚ ਨਹੀਂ ਆਇਆ। ਮੇਰੇ ਕੋਲ ਉਤਰੀ ਭਾਰਤ ਦੇ ਸਾਰੇ ਪ੍ਰਮੁੱਖ ਪੱਤਰ ਆਉਂਦੇ ਹਨ। ਪੰਜਾਬੀ ਤੋਂ ਬਿਨਾਂ ਹਿੰਦੀ, ਉਰਦੂ ਤੇ ਅੰਗਰੇਜ਼ੀ ਵਾਲੇ ਵੀ ਨਵੀਂ ਦਿੱਲੀ ਤੋਂ ਸੱਤ ਸਾਲ ਪਹਿਲਾਂ ਪ੍ਰਕਾਸ਼ਤ ਹੋਏ ਅੰਗਰੇਜ਼ੀ ਦੇ ਰਿਸਾਲਾ ਰੂਪੀ ਪਰਚੇ Ḕਮੇਲ ਟੂਡੇ’ ਸਮੇਤ ਇਹ ਇਕੋ ਇੱਕ ਪਰਚਾ ਹੈ ਜਿਸ ਵਿਚ ਭਾਰਤ ਦੇ ਸੂਚਨਾ ਤੇ ਸੰਚਾਰ ਮੰਤਰਾਲੇ ਵੱਲੋਂ ਜਾਰੀ ਕੀਤਾ ਇਸ਼ਤਿਹਾਰ ਪੰਡਤ ਨਹਿਰੂ ਦੀ 50 ਵੀਂ ਵਰਸੀ ਸਮੇਂ ਗੰਭੀਰ ਮੁਦਰਾ ਵਿਚ ਬੈਠੇ ਪੰਡਤ ਨਹਿਰੂ ਦੀ ਤਸਵੀਰ ਦੇ ਨਾਲ ਉਸ ਦਾ ਪ੍ਰਧਾਨ ਮੰਤਰੀ ਵਜੋਂ ਨੋਜਵਾਨਾਂ ਲਈ ਦਿੱਤਾ ਸੰਦੇਸ਼ ਵੀ ਪੇਸ਼ ਕਰਦਾ ਹੈ। “ਅੱਜ ਦਾ ਦਿਨ ਦੇਸ਼ ਦੇ ਸਮੁੱਚੇ ਵਸਨੀਕਾਂ, ਖਾਸ ਕਰਕੇ ਯੁਵਕਾਂ ਲਈ, ਵੰਗਾਰ ਦਾ ਦਿਨ ਹੈ। ਅੱਜ ਭਾਰਤ ਮਾਂ ਹਰ ਪ੍ਰਾਣੀ ਕੋਲੋਂ ਇਹ ਵਚਨ ਮੰਗਦੀ ਹੈ ਕਿ ਉਹ ਇਕ ਜੁਟ ਹੋ ਕੇ ਆਪਣੀ ਮਾਤ ਭੂਮੀ ਦੇ ਨਵ-ਨਿਰਮਾਣ ਲਈ ਕੁੱਦ ਪੈਣ। ਖਾਸ ਕਰਕੇ ਯੁਵਾ ਪੀੜ੍ਹੀ।”
ਪ੍ਰਥਮ ਪ੍ਰਧਾਨ ਮੰਤਰੀ ਦੇ ਅਕਾਲ ਚਲਾਣੇ ਵਾਲੇ ਦਿਨ 15ਵਾਂ ਪ੍ਰਧਾਨ ਮੰਤਰੀ 13 ਸਾਲ ਦਾ ਸੀ। ਇਸ ਉਮਰੇ ਬੰਦਾ ਆਪਣੀ ਜਵਾਨੀ ਵਿਚ ਪੈਰ ਧਰਦਾ ਹੈ। ਉਪਰੋਕਤ ਵੰਗਾਰ ਉਹਦੇ ਉਤੇ ਦੂਜਿਆਂ ਨਾਲੋਂ ਵਧ ਲਾਗੂ ਹੁੰਦੀ ਹੈ। ਜੇ ਉਹ ਕਿਸੇ ਨਵ-ਨਿਰਮਾਣ ਨੂੰ ਪਰਨਾਏ ਸਮੂਹ ਦਾ ਮੈਂਬਰ ਹੈ ਤਾਂ ਹੋਰ ਵੀ ਵੱਧ। ਨਿਸਚੇ ਹੀ ਪੰਡਤ ਨਹਿਰੂ ਵੱਲੋਂ ਆਪਣੇ ਅਕਾਲ ਚਲਾਣੇ ਤੋਂ ਬਹੁਤ ਪਹਿਲਾਂ ਦਿੱਤਾ ਇਹ ਸੰਦੇਸ਼ 14 ਵਰ੍ਹੇ ਵਿਚ ਪੈਰ ਧਰਦੇ ਨੌਜਵਾਨ ਨਰਿੰਦਰ ਮੋਦੀ ਉਤੇ ਵੀ ਲਾਗੂ ਹੁੰਦਾ ਹੈ।
ਓਸ ਸੋਗੀ ਦਿਹਾੜੇ ਮੈਂ 30 ਵਰ੍ਹਿਆਂ ਦਾ ਸਾਂ ਅਤੇ ਨਵੀਂ ਦਿੱਲੀ ਵਿਚ ਭਾਰਤ ਸਰਕਾਰ ਦੇ ਕ੍ਰਿਸ਼ੀ ਮੰਤਰਾਲੇ ਵਿਚ ਨੌਕਰੀ ਕਰਦਾ ਸਾਂ। ਮੈਨੂੰ ਉਹ ਦਿਨ ਅੱਜ ਵੀ ਕੱਲ੍ਹ ਵਾਂਗ ਚੇਤੇ ਹੈ। ਦੇਸ਼ ਦੇ 15 ਵੇਂ ਪ੍ਰਧਾਨ ਮੰਤਰੀ ਵੱਲੋਂ ਵਾਗ ਡੋਰ ਸੰਭਾਲਣ ਸਮੇਂ ਉਸ ਦਿਨ ਵਾਲੀ ਵਾਰਤਾ ਸਾਂਝੀ ਕਰਨ ਨੂੰ ਜੀ ਕਰ ਆਇਆ ਹੈ।
ਬਾਰਾਂ ਇਕ ਵਜੇ ਦੁਪਹਿਰੇ ਮੈਂ ਪਟਿਆਲਾ ਤੋਂ ਦਿੱਲੀ ਵਾਲੀ ਬੱਸ ਵਿਚ ਬੈਠਾ ਸਾਂ। ਅੰਬਾਲੇ ਤੋਂ ਇਕ ਬੱਸ ਕੰਡਕਟਰ ਚੜ੍ਹਿਆ ਜਿਹੜਾ ਸਾਡੇ ਵਾਲੀ ਬੱਸ ਦੀਆਂ ਟਿਕਟਾਂ ਕੱਟਣ ਵਾਲੇ ਨਾਲ ਕਿਸੇ ਗਲੋਂ ਪਹਿਲਾਂ ਹੀ ਨਾਰਾਜ਼ ਸੀ ਤੇ ਗਰਮੀ ਵਿਚ ਆ ਗਿਆ। ਜਦੋਂ ਉਸਨੂੰ ਪਤਾ ਲਗਿਆ ਕਿ ਟਿਕਟ ਕੱਟਣ ਵਾਲਾ ਠੀਕ ਸੀ ਤਾਂ ਠੰਢਾ ਹੋ ਗਿਆ ਪੂਰਾ ਸ਼ਾਂਤ। “ਤੈਨੂੰ ਪਤੈ ਪੰਡਤ ਨਹਿਰੂ ਚਲਾਣਾ ਕਰ ਗਏ” ਉਸ ਨੇ ਇੰਜ ਕਿਹਾ ਜਿਵੇਂ ਕੋਈ ਭੁੱਲੀ ਵਿਸਰੀ ਗੱਲ ਚੇਤੇ ਆ ਗਈ ਹੋਵੇ। ਉਸ ਦੇ ਮੂੰਹ ਤੋਂ ਇਹ ਵਾਕ ਨਿਕਲਣ ਦੀ ਦੇਰ ਸੀ ਕਿ ਪਲਾਂ ਛਿਣਾਂ ਵਿਚ ਪੰਡਤ ਨਹਿਰੂ ਦੇ ਅਕਾਲ ਚਲਾਣੇ ਦੀ ਖਬਰ ਬੱਸ ਦੇ ਡਰਾਈਵਰ ਤੱਕ ਵੀ ਪਹੁੰਚ ਗਈ। ਅੱਖ ਦੇ ਫੋਰ ਵਿਚ ਉਸ ਨੇ ਆਪਣਾ ਸੱਜਾ ਪੈਰ ਐਕਸੈਲਰੇਟਰ ਤੋਂ ਚੁੱਕਿਆ ਤੇ ਬੱਸ ਹੌਲੀ ਕਰਕੇ ਖੱਬੇ ਹੱਥ ਖੜੀ ਕਰ ਲਈ। ਬੱਸ ਦਾ ਡਰਾਈਵਰ ਦਾੜ੍ਹੀ-ਪਗੜੀ ਵਾਲਾ ਪੂਰਨ ਸਿੱਖ ਸੀ। ਬੱਸ ਦੀਆਂ ਸਵਾਰੀਆਂ ਆਪੋ ਵਿਚ ਕੀ ਗੱਲਾਂ ਕਰ ਰਹੀਆਂ ਸਨ ਉਸ ਨੇ ਸੁਣੀਆਂ ਜਾ ਨਹੀਂ ਪਰ ਦੋ ਕੁ ਮਿੰਟ ਦਾ ਮੌਨ ਧਾਰਨ ਉਪਰੰਤ ਉਸਨੇ ਆਪਣੇ ਮੱਥੇ ਉਤੇ ਹੱਥ ਫੇਰਿਆ ਤੇ ਬੱਸ ਮੁੜ ਸਟਾਰਟ ਕਰ ਲਈ। ਮੈਂ ਬਾਹਰ ਨਿਗ੍ਹਾ ਮਾਰੀ ਤਾਂ ਮੀਲ ਪੱਥਰ ਅਨੁਸਾਰ ਅਸੀਂ ਕੁਰੂਕਸ਼ੇਤਰ ਪਹੁੰਚਣ ਵਾਲੇ ਸਾਂ। ਖਬਰ ਸੁਣਨ ਤੋਂ ਪਿੱਛੋਂ ਡਰਾਈਵਰ ਨੇ ਬੱਸ ਦੀ ਰਫਤਾਰ ਪਹਿਲਾਂ ਨਾਲੋਂ ਧੀਮੀ ਹੀ ਰੱਖੀ। ਬੱਸ ਦੀ ਹਰ ਇਕ ਸਵਾਰੀ ਕੋਲ ਤੁਰ ਗਈ ਆਤਮਾ ਬਾਰੇ ਕੋਈ ਨਾ ਕੋਈ ਉਸਤਤੀ ਗਾਥਾ ਸੀ। ਇੱਕ ਬੰਦ ਹੁੰਦਾ ਸੀ ਤਾਂ ਦੂਜਾ ਬੋਲ ਪੈਂਦਾ। ਅਸੀਂ ਕਰਨਾਲ ਵਿਖੇ ਆਮ ਨਾਲੋਂ ਘਟ ਸਮਾਂ ਠਹਿਰ ਕੇ ਦਿੱਲੀ ਨੂੰ ਤੁਰ ਪਏ। ਡਰਾਈਵਰ ਬੜਾ ਧਿਆਨ ਨਾਲ ਗੱਡੀ ਚਲਾ ਰਿਹਾ ਸੀ। ਉਸ ਨੇ ਵੇਖ ਲਿਆ ਸੀ ਕਿ ਰਾਹ ਵਿਚ ਪੈਂਦੇ ਕਸਬਿਆਂ ਤੇ ਸ਼ਹਿਰਾਂ ਵਿਚ ਲੋਕ ਸੋਗ ਪਰਗਟ ਕਰਨ ਦੀ ਭਾਵਨਾ ਨਾਲ ਦੁਕਾਨਾਂ ਬੰਦ ਕਰਕੇ ਸੜਕ ਉਤੇ ਆ ਗਏ ਸਨ।
ਸਾਡੀ ਬੱਸ ਦੇ ਪਾਨੀਪਤ ਪਹੁੰਚਣ ਤੱਕ ਸੜਕ ਉਤੇ ਆਏ ਲੋਕਾਂ ਦੀ ਭੀੜ ਜਲੂਸ ਦਾ ਰੂਪ ਧਾਰਨ ਕਰ ਚੁੱਕੀ ਸੀ। ਇਸ ਵਿਚੋਂ ਬਸ ਲੰਘਾਉਣੀ ਔਖੀ ਸੀ। ਡਰਾਈਵਰ ਨੇ ਬੱਸ ਖੜੀ ਕਰ ਲਈ ਤੇ ਭੀੜ ਨੂੰ ਲਾਂਭੇ ਕਰਨ ਲਈ ਹਾਰਨ ਵਜਾ ਦਿੱਤਾ। ਭੀੜ ਵਿਚੋਂ ਕੁਝ ਬੰਦੇ ਡਰਾਈਵਰ ਨੂੰ ਉਸ ਦੀ ਸੀਟ ਤੋਂ ਥੱਲੇ ਖਿਚਦੇ ਹੋਏ ਉਚੀ ਉਚੀ ਕਹਿ ਰਹੇ ਸਨ, “ਪੰਡਤ ਜੀ ਸੁਰਗਵਾਸ ਹੋ ਗਏ ਨੇ ਤੇ ਤੈਨੂੰ ਹਾਰਨ ਵਜਾਉਣ ਦੀ ਪਈ ਹੋਈ ਏ।” ਬੱਸ ਦੀਆਂ ਸਵਾਰੀਆਂ ਡਰਾਈਵਰ ਦੇ ਬੱਸ ਖੜੀ ਕਰਕੇ ਮੌਨ ਧਾਰਨ ਤੋਂ ਏਨੀਆਂ ਪ੍ਰਭਾਵਤ ਸਨ ਕਿ ਮੈਂ ਤੇ ਮੇਰੇ ਵਰਗੇ ਦੋ ਚਾਰ ਹੋਰ ਗਭਰੂ ਡਰਾਈਵਰ ਦਾ ਪੱਖ ਪੂਰਨ ਲਈ ਥੱਲੇ ਉਤਰ ਕੇ ਭੀੜ ਵਲ ਨੂੰ ਵਧੇ। ਅਸੀਂ ਵੇਖਿਆ ਕਿ ਡਰਾਈਵਰ ਨਾਲ ਹੱਥੋ-ਪਾਈ ਕਰਨ ਵਾਲਿਆਂ ਵਿਚ ਸਭ ਤੋਂ ਅੱਗੇ ਇੱਕ ਸਿੱਖ ਹੀ ਸੀ। ਸਾਡੇ ਸਮਝਾਉਣ ਉਤੇ ਮਾਮਲਾ ਰਫਾ ਦਫਾ ਹੋ ਜਾਣਾ ਸੀ ਤੇ ਹੋ ਗਿਆ।
ਪਾਨੀਪਤ ਤੋਂ ਬਾਹਰ ਨਿਕਲ ਕੇ ਮੇਰਾ ਗੱਚ ਭਰ ਆਇਆ। ਬਹੁਤਾ ਏਸ ਲਈ ਕਿ ਉਨ੍ਹਾਂ ਦਿਨਾਂ ਵਿਚ ਕਿਸੇ ਕਾਰਨ ਹਰਿਆਣੇ ਵਾਲੇ ਆਨੀ ਬਹਾਨੀ ਸਿੱਖਾਂ ਦੇ ਗਲ ਪੈ ਰਹੇ ਸਨ। ਪੰਡਤ ਨਹਿਰੂ ਦੇ ਤੁਰ ਜਾਣ ਦੀ ਖਬਰ ਨੇ ਸਭਨਾਂ ਨੂੰ ਇਕ ਕਰ ਦਿੱਤਾ ਸੀ।
ਉਸ ਦਿਨ ਤੱਕ ਪੰਡਤ ਨਹਿਰੂ ਨੂੰ ਪ੍ਰਧਾਨ ਮੰਤਰੀ ਬਣਿਆ 17 ਸਾਲ ਹੋ ਚੁੱਕੇ ਸਨ। ਦੋ ਕੁ ਸਾਲ ਪਹਿਲਾਂ ਭਾਰਤ ਉਤੇ ਚੀਨ ਦੇ ਅਕਾਰਨ ਹਮਲੇ ਨੇ ਪੰਡਤ ਨਹਿਰੂ ਨੂੰ ਅੰਦਰੋਂ ਤੋੜ ਛੱਡਿਆ ਸੀ ਤਾਂ ਵੀ ਉਸ ਦੀ ਪ੍ਰਵਾਨਗੀ ਦਾ ਇਹ ਹਾਲ ਸੀ ਕਿ ਉਸ ਦੀ ਮੌਤ ਟੁੱਟਿਆਂ ਨੂੰ ਜੋੜਨ ਦੀ ਸਮਰਥਾ ਰਖਦੀ ਸੀ।
ਕਾਰਨ ਕੁਝ ਵੀ ਹੋਵੇ ਮਾਤਰ ਭੂਮੀ ਦੀ ਰਖਿਆ ਦੇ ਮੁਤਲਾਸ਼ੀ ਨਵੀਂ ਸਰਕਾਰ ਨੂੰ ਮਿਲੇ ਜਨਾਦੇਸ਼ ਤੋਂ ਨਹਿਰੂ ਸਰਕਾਰ ਵਰਗੇ ਨਤੀਜਿਆਂ ਦੀ ਆਸ ਰਖਦੇ ਹਨ। ਨਵੇਂ ਚਾਲਕਾਂ ਕੋਲ ਉਨ੍ਹਾਂ ਸਮਿਆਂ ਵਾਲੀ ਦਿਬ ਦ੍ਰਿਸ਼ਟੀ ਹੈ ਜਾਂ ਨਹੀਂ ਸਮੇਂ ਨੇ ਦੱਸਣਾ ਹੈ। ਸ਼ੁਭ ਚਿੰਤਕ ਭਲੇ ਦਿਨਾਂ ਦੀ ਆਸ ਵਿਚ ਬੈਠੇ ਹਨ। ਇਹ ਆਸ਼ਾ ਸੁਤੰਤਰ ਭਾਰਤ ਵਿਚ ਪੈਦਾ ਹੋਏ ਪ੍ਰਧਾਨ ਮੰਤਰੀ ਕੋਲੋਂ ਹੋਰ ਵੀ ਵੱਧ ਹੈ।
ਜ਼ੁਲਫਿਕਾਰ ਖਾਨ ਦਾ ਸਨਮਾਨ
ਦੈਨਿਕ ਭਾਸਕਰ ਨੇ ਚੰਡੀਗੜ੍ਹ ਵਿਚ ਆਪਣੀ ਚੌਧਵੀਂ ਵਰ੍ਹੇ ਗੰਢ ਮਨਾਉਂਦਿਆਂ ਸਾਹਿਤ, ਸਭਿਆਚਾਰ, ਕਲਾ, ਹੁਸਨ ਤੇ ਖੇਡਾਂ ਵਿਚ ਨਾਂ ਰੌਸ਼ਨ ਕਰਨ ਵਾਲੇ ਨੌਂ ਵਿਅਕਤੀਆਂ ਨੂੰ ਰਾਜਪਾਲ ਦੇ ਹੱਥੋਂ ਸਨਮਾਨ ਦਿਲਵਾਇਆ ਹੈ। ਉਨ੍ਹਾਂ ਵਿਚੋਂ ਜ਼ੁਲਫਿਕਾਰ ਖਾਨ ਦੀ ਪ੍ਰਾਪਤੀ ਵਿਲੱਖਣ ਹੈ। ਉਤਰ ਪ੍ਰਦੇਸ਼ ਦੇ ਹਰਦੋਈ ਸ਼ਹਿਰ ਤੋਂ 1986 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਥੀਏਟਰ ਦੀ ਐਮ ਏ ਕਰਨ ਆਏ ਇਸ ਨੌਜਵਾਨ ਦਾ ਧਿਆਨ ਬੂਟ ਪਾਲਿਸ਼ ਕਰਕੇ, ਰੱਦੀ ਵੇਚ ਕੇ, ਕੁਲੀਆਂ ਵਾਲੇ ਕੰਮ ਕਰਕੇ ਜਾਂ ਮੰਗ-ਤੰਗ ਕੇ ਗੁਜ਼ਾਰਾ ਕਰਨ ਵਾਲੇ ਬੱਚਿਆਂ ਨੇ ਆਪਣੇ ਵੱਲ ਖਿੱਚ ਲਿਆ। ਗੋਲਡ ਮੈਡਲ ਲੈ ਕੇ ਥੀਏਟਰ ਦੀ ਐਮæ ਏæ ਕਰਨ ਵਾਲੇ ਜ਼ੁਲਫਿਕਾਰ ਨੇ ਇਕ ਸੰਘਣੇ ਰੁੱਖ ਦੀ ਛਾਵੇਂ ਉਨ੍ਹਾਂ ਨੂੰ ਪੜ੍ਹਾ ਕੇ ਨਾਟਕ ਕਰਨ ਦੀ ਜਾਚ ਦੱਸਣੀ ਸ਼ੁਰੂ ਕੀਤੀ। ਬੱਚਿਆਂ ਦੀ ਮਾਸੂਮੀਅਤ, ਬੇਬਸੀ ਤੇ ਕੁਝ ਕਰ ਸਕਣ ਦੀ ਭਾਵਨਾ ਨੇ ਉਸ ਨੂੰ ਏਨਾ ਮੋਹਿਆ ਕਿ ਉਸ ਨੇ ਮੁੰਬਈ ਦੀ ਫਿਲਮੀ ਦੁਨੀਆਂ ਵਿਚ, ਜਿਸ ਲਈ ਉਸਨੇ ਉਚੀ ਵਿਦਿਆ ਪ੍ਰਾਪਤ ਕੀਤੀ ਸੀ, ਜਾਣ ਦੀ ਥਾਂ ਇਨ੍ਹਾਂ ਵਿਚ ਹੀ ਰਚ ਮਿਚ ਕੇ ਰਹਿਣ ਦਾ ਫੈਸਲਾ ਕਰ ਲਿਆ। ਅਵਾਰਾ ਫਿਰਦੇ ਬੱਚਿਆਂ ਤੋਂ ਰੱਦੀ ਇਕੱਠੀ ਕਰਵਾ ਕੇ ਕਮਾਏ ਪੈਸਿਆਂ ਨਾਲ ਕਾਗਜ਼, ਕਲਮ, ਕਿਤਾਬਾਂ ਲਿਆਂਦੀਆਂ ਤਾਂ ਦੇਖਣ ਸੁਣਨ ਵਾਲਿਆਂ ਵੀ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ। ਸਰਕਾਰ ਨੇ ਇੱਕ ਇੱਕ ਕਰਕੇ ਪੰਜ ਕਮਰੇ ਬਣਾ ਦਿੱਤੇ। ਅੱਜ ਕਈ ਬੱਚੇ ਚੰਗੀ ਨੌਕਰੀ ਕਰ ਰਹੇ ਹਨ। ਉਹ ਵੀ ਕਿਸੇ ਨਾ ਕਿਸੇ ਰੂਪ ਵਿਚ ਸਕੂਲ ਦੀ ਸਹਾਇਤਾ ਕਰਦੇ ਹਨ। ਦੈਨਿਕ ਭਾਸਕਰ ਦੀ ਚੋਣ ਸਵਾਗਤ ਮੰਗਦੀ ਹੈ।
ਅੰਤਿਕਾ: (ਚਰਾਗ਼ ਹਸਨ ਹਸਰਤ)
ਇਕ ਇਸ਼ਕ ਕਾ ਗ਼ਮ ਆਫਤ ਔਰ ਉਸ ਪੇ ਯੇ ਦਿਲ ਆਫਤ
ਯਾ ਗਮ ਨਾ ਦੀਆ ਹੋਤਾ, ਯਾ ਦਿਲ ਨਾ ਦੀਆ ਹੋਤਾ।
ਉਮੀਦ ਤੋ ਬੰਧ ਜਾਤੀ, ਤਸਕੀਨ ਤੋ ਹੋ ਜਾਤੀ
ਵਾਅਦਾ ਨਾ ਵਫ਼ਾ ਕਰਤੇ, ਵਾਅਦਾ ਤੋ ਕੀਆ ਹੋਤਾ।
Leave a Reply