ਪ੍ਰਿੰਸੀਪਲ ਸਰਵਣ ਸਿੰਘ ਦੀ ਵਾਰਤਕ ਦਾ ਰੰਗ ਸਤਰੰਗੀ ਪੀਂਘ ਵਰਗਾ ਨਜ਼ਾਰਾ ਬੰਨ੍ਹਦਾ ਹੈ। ਪੜ੍ਹਦਿਆਂ-ਪੜ੍ਹਦਿਆਂ ਇਹ ਅਹਿਸਾਸ ਹੁੰਦਾ ਹੈ ਜਿਵੇਂ ਥਾਂ-ਪੁਰ-ਥਾਂ ਰੰਗ-ਬਰੰਗੇ ਝਰਨੇ ਫੁੱਟ ਰਹੇ ਹੋਣ। ਸ਼ਬਦਾਂ ਦੀ ਜੜਤ ਜਿਵੇਂ ਸਾਰੰਗੀ ਦੀਆਂ ਤਾਰਾਂ ਉਤੇ ਕੋਈ ਗਵੱਈਆ ਗਜ ਫੇਰ ਰਿਹਾ ਹੋਵੇ। ਹਾਕੀ ਬਾਰੇ ਲਿਖੇ ਇਸ ਲੇਖ ਵਿਚ ਜਿਹੜੇ ਨਕਸ਼ ਉਹਨੇ ਉਨ੍ਹਾਂ ਸਮਿਆਂ ਦੇ ਉਭਾਰੇ ਹਨ, ਉਹ ਹੌਲੀ-ਹੌਲੀ ਚੇਤਿਆਂ ਦੀ ਚੰਗੇਰ ਵਿਚ ਇਕੱਠੇ ਹੋਈ ਜਾਂਦੇ ਹਨ, ਕਦੀ ਵੀ ਨਾ ਭੁੱਲਣ ਲਈ। ਪੰਜਾਬੀ ਵਾਰਤਕ ਵਿਚ ਇਸ ਤਰ੍ਹਾਂ ਦਾ ਵੇਗ ਬਹੁਤ ਘੱਟ ਪੜ੍ਹਨ-ਸੁਣਨ ਨੂੰ ਮਿਲਦਾ ਹੈ। -ਸੰਪਾਦਕ
ਪ੍ਰਿੰæ ਸਰਵਣ ਸਿੰਘ, ਕੈਨੇਡਾ
ਹੁਣ ਜਦੋਂ ਹਾਲੈਂਡ ਦੇ ਸ਼ਹਿਰ ਹੇਗ ਵਿਚ ਹਾਕੀ ਦਾ ਵਰਲਡ ਕੱਪ ਖੇਡਿਆ ਜਾ ਰਿਹੈ ਤਾਂ ਮੈਨੂੰ ਤੇਤੀ ਸਾਲ ਪਹਿਲਾਂ ਦੀਆਂ ਗੱਲਾਂ ਯਾਦ ਆ ਰਹੀਆਂ। 1981-82 ਵਿਚ ਮੈਂ ਮੁੰਬਈ ਦਾ ਵਿਸ਼ਵ ਹਾਕੀ ਕੱਪ ‘ਪੰਜਾਬੀ ਟ੍ਰਿਬਿਊਨ’ ਲਈ ਕਵਰ ਕੀਤਾ ਸੀ। ਮੁੰਬਈ ਨੂੰ ਉਦੋਂ ਬੰਬਈ ਕਹਿੰਦੇ ਸਨ। ਅੱਜ ਇਹ ਸਤਰਾਂ ਲਿਖਣ ਲੱਗਿਆਂ ਸੱਜੇ ਮੋਢੇ ਉਤੇ ਪਏ ਹੁਲਾਸਮਈ ਹੱਥੜ ਦੀ ਮਿੱਠੀ ਕਸਕ ਮੁੜ ਯਾਦ ਆ ਗਈ ਹੈ। ਇਹ ਸੁਆਦਲਾ ਕੌਤਕ ਉਦੋਂ ਵਰਤਿਆ ਜਦੋਂ ਜਰਮਨੀ ਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਕੱਪ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਸੀ। ਵਾਨਖੇੜੇ ਸਟੇਡੀਅਮ ਕੰਢਿਆਂ ਤਕ ਭਰਪੂਰ ਸੀ। ਚਾਰ-ਚੁਫੇਰੇ ਚੰਦ-ਤਾਰੇ ਵਾਲੇ ਪਾਕਿਸਤਾਨੀ ਪਰਚਮ ਲਹਿਰਾਏ ਜਾ ਰਹੇ ਸਨ। ਪਟਾਕੇ ਚੱਲ ਰਹੇ ਸਨ ਤੇ ‘ਪਾਕਿਸਤਾਨ ਜ਼ਿੰਦਾਬਾਦ’ ਦਾ ਸ਼ੋਰ ਗੂੰਜ ਰਿਹਾ ਸੀ। ਜਰਮਨੀ ਦੇ ਹਮਾਇਤੀ ਬਹੁਤ ਘੱਟ ਸਨ।
ਉਦਣ ਮੈਂ ਪਾਕਿਸਤਾਨੀ ਪੱਤਰ ਪ੍ਰੇਰਕਾਂ ਵਿਚਕਾਰ ਸੀਟ ਮੱਲੀ ਹੋਈ ਸੀ। ਮੇਰੇ ਪਿਛਲੇ ਪਾਸੇ ਕਰਾਚੀ ਤੋਂ ਆਈ ਪ੍ਰੈੱਸ ਰਿਪੋਰਟਰ ਬੈਠੀ ਸੀ ਜੋ ਨਿੱਗਰ ਜੁੱਸੇ ਤੇ ਮਰਦਾਵੀਂ ਸਲਵਾਰ ਕਮੀਜ਼ ਨਾਲ ਮਰਦਾਂ ਵਰਗੀ ਹੀ ਲੱਗ ਰਹੀ ਸੀ। ਉਹਦਾ ਇਤਰ ਫੁਲੇਲ ਮਹਿਕ ਰਿਹਾ ਸੀ ਪਰ ਉਹ ਸਿਗਰਟ ਨਹੀਂ ਸੀ ਬੁਝਣ ਦੇ ਰਹੀ, ਤੇ ਧੂੰਏਂ ਦੇ ਲਹਿਰੀਏ ਛੱਡਦੀ ਆਪਣੀ ਟੀਮ ਨੂੰ ਲਲਕਾਰ ਰਹੀ ਸੀ। ਉਹਦਾ ਪ੍ਰੈੱਸ ਗੈਲਰੀ ‘ਚੋਂ ਪਾਕਿਸਤਾਨੀ ਟੀਮ ਨੂੰ ਲਲਕਾਰਨਾ ਲੱਗਦਾ ਤਾਂ ਗੰਵਾਰ ਸੀ, ਪਰ ਸੀ ਆਨੰਦਦਾਇਕ। ਜਦੋਂ ਜਰਮਨੀ ਨੇ ਮੈਚ ਦੇ ਆਰੰਭ ਵਿਚ ਹੀ ਪਾਕਿਸਤਾਨ ਸਿਰ ਗੋਲ ਕਰ ਦਿੱਤਾ ਤਾਂ ਉਹ ਸਿਗਰਟ ਦੇ ਕਸ਼ ਲਾਉਣੇ ਭੁੱਲ ਗਈ, ਤੇ ਨਾਲ ਹੀ ਉਹਦੇ ਲਲਕਾਰੇ ਵੀ ਬੰਦ ਹੋ ਗਏ।
ਫਿਰ ਜਦੋਂ ਛੱਬੀਵੇਂ ਮਿੰਟ ‘ਚ ਪਾਕਿਸਤਾਨ ਦੇ ਹਸਨ ਸਰਦਾਰ ਨੇ ਗੋਲ ਲਾਹਿਆ ਤਾਂ ਉਹ ਮੁੜ ਜੋਸ਼ ਵਿਚ ਕੂਕੀ, ਤੇ ਨਵੀਂ ਸਿਗਰਟ ਸੁਲਘਾਉਣ ਲੱਗੀ। ਅਜੇ ਉਹਨੇ ਖਿੱਚਵਾਂ ਸੂਟਾ ਭਰਿਆ ਈ ਸੀ ਕਿ ਮਨਜ਼ੂਰ ਜੂਨੀਅਰ ਨੇ ਦੂਜਾ ਗੋਲ ਦਾਗ ਦਿੱਤਾ। ਉਧਰ ਫੱਟਾ ਖੜਕਿਆ ਤੇ ਇੱਧਰ ਉਚੀ ਲੰਮੀ ਸਿੰਧਣ ਨੇ ਜੋਸ਼ ਤੇ ਹੁਲਾਸ ਵਿਚ ਮੇਰੇ ਮੋਢੇ ‘ਤੇ ਅਜਿਹਾ ਜ਼ੋਰ ਦਾ ਹੱਥੜ ਮਾਰਿਆ ਕਿ ਉਹਦੀ ਕਸਕ ਹਾਲਾਂ ਤਕ ਯਾਦ ਆ ਜਾਂਦੀ ਹੈ।
ਜਿੱਦਣ ਪਾਕਿਸਤਾਨ ਨੇ ਹਾਲੈਂਡ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ, ਉਦਣ ਹੇਠਲੀਆਂ ਪੌੜੀਆਂ ‘ਤੇ ਜੇਤੂ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਲਈ ਧੱਕਾ ਪੈਂਦਾ ਸੀ। ਮੂਹਰੇ ਤਾਰਾਂ ਦਾ ਉਚਾ ਜੰਗਲਾ ਲੱਗਿਆ ਹੋਇਆ ਸੀ ਪਰ ਦਰਸ਼ਕ ਫਿਰ ਵੀ ਤਾਰਾਂ ਵਿਚ ਦੀ ਹੱਥ ਬਾਹਰ ਕੱਢੀ ਖੜ੍ਹੇ ਸਨ। ਜਿਥੇ ਜੇਤੂਆਂ ਦਾ ਜਲੌਅ ਵਾਰ-ਵਾਰ ਯਾਦ ਆਉਂਦਾ ਹੈ, ਉਥੇ ਭਾਰਤੀ ਖਿਡਾਰੀਆਂ ਦੀ ਹਾਰ ਵੀ ਭੁੱਲਣ ਵਿਚ ਨਹੀਂ ਆਉਂਦੀ। ਭਾਰਤ ਤੇ ਆਸਟ੍ਰੇਲੀਆ ਦਾ ਮੈਚ ਦੋਵਾਂ ਟੀਮਾਂ ਲਈ ਜ਼ਿੰਦਗੀ-ਮੌਤ ਦਾ ਸਵਾਲ ਸੀ। ਮੈਚ ਤੋਂ ਪਹਿਲਾਂ ਕੈਪਟਨ ਸੁਰਜੀਤ ਸਿੰਘ ਨੇ ਸਾਨੂੰ ਕਿਹਾ ਸੀ ਕਿ ਉਹ ਜਾਨ ਮਾਰ ਕੇ ਖੇਡਣਗੇ। ਤੇ ਉਹ ਖੇਡੇ ਵੀ ਜਾਨ ਮਾਰ ਕੇ। ਪਹਿਲਾ ਗੋਲ ਭਾਰਤ ਨੇ ਕੀਤਾ ਤਾਂ ਇੰਨੇ ਪਟਾਕੇ ਚੱਲੇ ਕਿ ਕੰਨ ਬੋਲੇ ਹੋ ਗਏ। ਕੁਝ ਮਿੰਟਾਂ ਪਿੱਛੋਂ ਆਸਟ੍ਰੇਲੀਆ ਨੇ ਗੋਲ ਲਾਹ ਕੇ ਮੈਚ ਬਰਾਬਰ ਕਰ ਲਿਆ। ਭਾਰਤੀ ਖਿਡਾਰੀ ਜੇਤੂ ਗੋਲ ਕਰਨ ਲਈ ਮੁੜ-ਮੁੜ ਹਮਲੇ ਕਰਦੇ ਰਹੇ ਪਰ ਕਿਸਮਤ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ। ਇਸ ਦੇ ਉਲਟ ਆਸਟ੍ਰੇਲੀਆ ਇਕ ਗੋਲ ਹੋਰ ਕਰ ਗਿਆ।
ਅਖ਼ੀਰਲੇ ਮਿੰਟਾਂ ਵਿਚ ਭਾਰਤੀ ਖਿਡਾਰੀਆਂ ਨੇ ਜਿੰਨਾ ਜ਼ੋਰ ਲਾਇਆ, ਉਹ ਵੇਖਣ ਵਾਲੇ ਹੀ ਜਾਣਦੇ ਹਨ। ਫੁੱਲ ਬੈਕ ਸੁਰਜੀਤ ਸਿੰਘ ਅਗਾਂਹ ਗੋਲਾਂ ਤਕ ਜਾਣ ਲੱਗ ਪਿਆ ਪਰ ਗੋਲ ਨਾ ਉਤਰਿਆ। ਅੰਤਲੇ ਮਿੰਟ ਮਿਲਿਆ ਪੈਨਲਟੀ ਕਾਰਨਰ ਰਾਜਿੰਦਰ ਸਿੰਘ ਨੇ ਗੋਲ ਵਿਚ ਟੰਗਿਆ ਤਾਂ ਸਾਰਾ ਸਟੇਡੀਅਮ ਖ਼ੁਸ਼ੀ ਵਿਚ ਬੱਦਲ ਵਾਂਗ ਗੱਜਿਆ। ਜਦੋਂ ਅੰਪਾਇਰ ਨੇ ਹਿੱਟ ਅੰਡਰ ਕੱਟ ਕਰਾਰ ਦੇ ਦਿੱਤੀ ਤਾਂ ਸਟੇਡੀਅਮ ਨੇ ਡੂੰਘਾ ਹਉਕਾ ਭਰਿਆ, ਤੇ ਚੁਫੇਰੇ ਚੁੱਪ ਪਸਰ ਗਈ। ਉਸ ਦਿਨ ਮੈਚ ਮੁੱਕਣ ਦਾ ਸਮਾਂ ਦੱਸਣ ਵਾਲੀ ਘੁੱਗੂ ਦੀ ਆਵਾਜ਼ ਰੋਹੀ ਵਿਚ ਰੋਂਦੇ ਕੁੱਤੇ ਵਰਗੀ ਲੱਗੀ।
ਹਾਰੇ ਹੋਏ ਖਿਡਾਰੀਆਂ ਦੀ ਜੋ ਮੰਦੀ ਹਾਲਤ ਸੀ, ਉਹ ਬਿਆਨੋਂ ਬਾਹਰ ਸੀ। ਸੁਰਜੀਤ ਤੇ ਰਾਜਿੰਦਰ ਤਾਂ ਹਾਕੀਆਂ ਸੁੱਟ ਕੇ ਹਾਕੀ ਮੈਦਾਨ ਦੇ ਕਿਨਾਰੇ ਹੀ ਡਿੱਗ ਢਹਿ ਪਏ। ਸੁਰਿੰਦਰ ਸੋਢੀ, ਮੁਹੰਮਦ ਸ਼ਾਹਿਦ ਤੇ ਕੌਸ਼ਿਕ ਵਰਗੇ ਬੈਂਚਾਂ ਤਕ ਪਹੁੰਚ ਤਾਂ ਗਏ ਪਰ ਉਨ੍ਹਾਂ ਨੇ ਹਾਰ ਦੀ ਨਮੋਸ਼ੀ ਦਾ ਭਾਰ ਹਾਕੀਆਂ ਉਤੇ ਠੋਡੀਆਂ ਧਰ ਕੇ ਝੱਲਿਆ। ਕਈਆਂ ਨੇ ਸਿਰ ਹੱਥਾਂ ਵਿਚ ਫੜ ਲਏ, ਤੇ ਕਈ ਉਂਝ ਹੀ ਸਿਰ ਗੋਡਿਆਂ ‘ਚ ਦੇ ਕੇ ਬਹਿ ਗਏ। ਮੈਂ ਵੇਖਿਆ, ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਡੱਕੀਆਂ ਹੋਈਆਂ ਸਨ। ਅਸੀਂ ‘ਹਾਰਡ ਲੱਕ’ ਕਹਿੰਦਿਆਂ ਹੱਥ ਮਿਲਾਏ ਤਾਂ ਸੱਤਰ ਮਿੰਟਾਂ ਦੀ ਧੂੰਆਂਧਾਰ ਖੇਡ ਖੇਡਣ ਪਿੱਛੋਂ ਵੀ ਉਨ੍ਹਾਂ ਦੇ ਹੱਥ ਠੰਢੇ ਠਾਰ ਪਏ ਸਨ।
ਦਿਲਬਰੀਆਂ ਤੇ ਦਿਲਾਸਿਆਂ ਪਿੱਛੋਂ ਭਾਰਤੀ ਟੀਮ ਸਟੇਡੀਅਮ ਤੋਂ ਬਾਹਰ ਜਾਣ ਲੱਗੀ ਤਾਂ ਉਪਰੋਂ ਇਕ ਛੋਕਰੇ ਨੇ ਖਿਡਾਰੀਆਂ ਤੇ ਚੋਣਕਾਰਾਂ ਨੂੰ ਗਾਲ੍ਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹਨੇ ਮਿਹਣਾ ਮਾਰਿਆ, “ਅਰੇ ਸੁਸਰੋ, ਅਬ ਗੁੱਲੀ ਡੰਡਾ ਖੇਲਨੇ ਲੱਗ ਜਾਓ।” ਤਾਂ ਕਈਆਂ ਤੋਂ ਡੱਕੇ ਹੋਏ ਹੰਝੂ ਹੋਰ ਨਾ ਡੱਕੇ ਜਾ ਸਕੇ, ਤੇ ਉਹ ਆਖ਼ਰਕਾਰ ਡੁੱਲ੍ਹ ਹੀ ਗਏ। ਉਦੋਂ ਸੁਰਜੀਤ ਤੇ ਉਹਦੇ ਸਾਥੀਆਂ ਦੇ ਦਿਲਾਂ ਉਤੇ ਜੋ ਬੀਤੀ, ਉਹਦਾ ਦਰਦ ਉਨ੍ਹਾਂ ਨੂੰ ਪਤਾ ਸੀ।
ਅਸੀਂ ਸਟੇਡੀਅਮ ਤੋਂ ਬਾਹਰ ਨਿਕਲੇ ਤਾਂ ਹਰ ਰੋਜ਼ ਮਿਲਦੀ ਪਾਕਿਸਤਾਨੀ ਦਰਸ਼ਕਾਂ ਦੀ ਢਾਣੀ ਮਸੋਸੀ ਖੜ੍ਹੀ ਸੀ। ਮੈਂ ਉਨ੍ਹਾਂ ਕੋਲ ਰੁਕਿਆ ਤਾਂ ਉਹ ਭਾਰਤੀ ਟੀਮ ਦੇ ਹਾਰ ਜਾਣ ਦਾ ਦਿਲੀ ਅਫਸੋਸ ਕਰਨ ਲੱਗੇ। ਅਜੀਬ ਗੱਲ ਸੀ। ਹਾਰਿਆ ਭਾਰਤ, ਨਮੋਸ਼ੀ ਭਾਰਤੀਆਂ ਦੀ ਹੋਈ ਤੇ ਉਹ ਸਾਡੇ ਸ਼ਰੀਕ, ਖ਼ੁਸ਼ ਹੋਣ ਦੀ ਥਾਂ ਉਲਟਾ ਸਾਡੇ ਗ਼ਮ ‘ਚ ਭਿੱਜੇ ਖੜ੍ਹੇ ਸਨ। ਸ਼ਰੀਕ ਦਾ ਰਿਸ਼ਤਾ ਵੀ ਕਿਆ ਰਿਸ਼ਤਾ ਹੈ! ਅਪਣੱਤ ਵੀ ਪੁੱਜ ਕੇ, ਤੇ ਬੇਗਾਨਗੀ ਵੀ ਪੁੱਜ ਕੇ!! ਨਾ ਸ਼ਰੀਕ ਜਿੰਨਾ ਕੋਈ ਮੋਹ ਪਾਲ ਸਕਦਾ ਹੈ, ਤੇ ਨਾ ਉਹਦੇ ਜਿੰਨਾ ਕੋਈ ਵੈਰ ਪੁਗਾ ਸਕਦਾ ਹੈ। ਉਹ ਲਾਹੌਰੀਏ ਭਾਊ ਮੁੜ-ਮੁੜ ਆਂਹਦੇ, “ਧੁਆਡੀ ਟੀਮ ਭਾਅ ਜੀ ਤਕੜੀ ਸੀ। ਬੱਸ ਕਿਸਮਤ ਦਗ਼ਾ ਦੇ ਗਈ। ਅਸੀਂ ਤਾਂ ਲਾਔ੍ਹਰੋਂ ਚੱਲੇ ਈ ਆਪਣੀਆਂ ਟੀਮਾਂ ਦਾ ਫਾਈਨਲ ਮੈਚ ਵੇਖਣ ਲਈ ਸੀ। ਕਿਧਰੇ ਫਾਈਨਲ ਮੈਚ ਹਿੰਦੁਸਤਾਨ ਤੇ ਪਾਕਿਸਤਾਨ ਦਾ ਹੁੰਦਾ ਤਾਂ ਨਜ਼ਾਰੇ ਬੱਝ ਜਾਂਦੇ। ਹੁਣ ਤੇ ਮਜ਼ਾ ਈ ਕਿਰਕਰਾ ਹੋ ਗਿਆ।”
ਬੀæਐੱਚæਏæ ਸਟੇਡੀਅਮ ਵਿਚ ਰੂਸ ਤੇ ਆਸਟ੍ਰੇਲੀਆ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਜਾ ਰਿਹਾ ਸੀ। ਖਿਡਾਰੀਆਂ ਦੇ ਨਾਂ ਜਾਨਣ ਲਈ ਮੇਰਾ ਜੇਬੀ ਟ੍ਰਾਂਜ਼ਿਸਟਰ ਪਾਕਿਸਤਾਨੀ ਹਾਕੀ ਟੀਮ ਦੇ ਸਾਬਕਾ ਕਪਤਾਨ ਇਸਲਾਹੁਦੀਨ ਨੇ ਮੰਗ ਲਿਆ। ਉਹ ਉਥੇ ਕੁਮੈਂਟੇਟਰ ਬਣਿਆ ਹੋਇਆ ਸੀ। ਸਾਥੋਂ ਕੁਝ ਪੌੜੀਆਂ ਥੱਲੇ ਭਾਰਤੀ ਖਿਡਾਰੀ ਦਸਤਾਰਾਂ ਸਜਾਈ ਬੈਠੇ ਸਨ। ਮੈਂ ਸੋਚਿਆ- ਮਨਾਂ, ਮੈਚ ਤਾਂ ਆਮ ਹੀ ਵੇਖੀਦੇ ਹਨæææਅੱਜ ਖਿਡਾਰੀਆਂ ਕੋਲ ਬਹਿ ਕੇ ਮੈਚ ਬਾਰੇ ਉਨ੍ਹਾਂ ਦੀ ਕੁਮੈਂਟਰੀ ਸੁਣੀਏਂ। ਮੈਂ ਚੁੱਪ-ਚਾਪ ਉਨ੍ਹਾਂ ਦੇ ਪਿਛਾੜੀ ਜਾ ਬੈਠਾ। ਮਝੈਲ ਸੁਰਜੀਤ ਸਿੰਘ ਕਦੇ ਆਖਦਾ, “ਔਹ ਪਲੇਅਰ ਬੜਾ ਭੈੜਾ ਈ। ਗੁੱਝੀ ਹਾਕੀ ਲਾਉਂਦਾ ਈ।” ਤੇ ਕਦੇ ਆਖਦਾ, “ਇਹ ਬੜੀ ਕੁੱਤੀ ਸ਼ੈਅ ਏ। ਦੇਖੋ ਕਿਵੇਂ ਡਾਜ ਮਾਰਦੈ?” ਇਕ ਖਿਡਾਰੀ ਨੂੰ ਉਹਨੇ ‘ਬੜਾ ਜ਼ਹਿਰੀ ਈ’ ਹੋਣ ਦਾ ਸਰਟੀਫਿਕੇਟ ਦਿੱਤਾ।
ਲਾਗੇ ਹੀ ਰੇਲਵੇ ਦਾ ਬਲਬੀਰ ਸਿੰਘ ਤੋਤੇਰੰਗੀ ਪੱਗ ਬੰਨ੍ਹੀ ਬੈਠਾ ਸੀ। ਖਿਡਾਰੀਆਂ ਬਾਰੇ ਉਹ ਆਪਣੇ ਸੁਖਨ ਅਲਾਅ ਰਿਹਾ ਸੀ, “ਮੈਨੂੰ ਅਹੁਦੇ ਪੱਟ ਮੁੰਨੇ ਲੱਗਦੇ ਆ। ਦੇਖ ਕਿਵੇਂ ਚਮਕਦੇ ਆ? ਅਹੁ ਚਾਪੜ ਜਿਹਾ ‘ਕੱਠੀ ਕਿਲੋ ਦੀ ਡਾਜ ਮਾਰਦੈ”। ਫਿਰ ਉਹਨੇ ਆਸਟ੍ਰੇਲੀਆ ਦੇ ਕਪਤਾਨ ਚਾਰਲਸਵਰਥ ਦੀ ਉਪਮਾ ਕੀਤੀ, “ਕਿਵੇਂ ਘਸੁੰਨ ਅਰਗਾ ਪਿਐ ਜਿਵੇਂ ਕੱਟੇ ਖਾਧੇ ਹੁੰਦੇ ਆ।” ਉਹਨੇ ਮੱਤ ਵੀ ਦਿੱਤੀ, “ਸੁਰਜੀਤ, ਐਸ ਵਿੰਗੇ-ਜੇ ਰੈਫਰੀ ਤੋਂ ਬਚਿਓ। ਇਹ ਗੋਲ ਕਰਾ ਕੇ ਈ ਸੀਟੀ ਮਾਰੂ। ਫਾਈਵ ਯਾਰਡ ਤਾਂ ਇਹ ਦਿੰਦਾ ਈ ਨe੍ਹੀਂ।”
ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਤਾਂ ਪੰਜਾਬੀ ਖਿਡਾਰੀਆਂ ਨਾਲ ਭਰਪੂਰ ਸਨ। ਉਨ੍ਹਾਂ ਦੀ ਖੇਡ ਮੈਦਾਨ ਦੀ ਬੋਲੀ ਪੰਜਾਬੀ ਸੀ। ਮਲੇਸ਼ੀਆ ਦੀ ਟੀਮ ਵਿਚ ਮਹਿੰਦਰ ਸਿੰਘ ਗਰੇਵਾਲ ਤੇ ਅਵਤਾਰ ਸਿੰਘ ਗਿੱਲ, ਪੰਜਾਬੀ ਮੂਲ ਦੇ ਦੋ ਖਿਡਾਰੀ ਸਨ। ਇੰਗਲੈਂਡ ਦੀ ਟੀਮ ਵਿਚ ਵੀ ਸਤਿੰਦਰ ਸਿੰਘ ਤੇ ਕੁਲਦੀਪ ਸਿੰਘ ਭੌਰਾ ਖੇਡ ਰਹੇ ਸਨ। ਮੈਚ ਪਿੱਛੋਂ ਮੈਂ ਉਨ੍ਹਾਂ ਨਾਲ ਗੱਲਾਂ ਕੀਤੀਆਂ ਤਾਂ ਪਤਾ ਲੱਗਾ ਕਿ ਉਹ ਪੰਜਾਬੀ ਬੋਲਣੀ ਨਹੀਂ ਸਨ ਭੁੱਲੇ। ਸਤਿੰਦਰ ਸਿੰਘ ਦਾ ਵਿਆਹ ਤਾਜ਼ਾ ਹੀ ਹੋਇਆ ਸੀ, ਤੇ ਉਸ ਨੂੰ ਇੰਗਲੈਂਡ ਦੀ ਟੀਮ ਨਾਲ ਟੂਰ ‘ਤੇ ਨਿਕਲਣਾ ਪਿਆ ਸੀ। ਮੈਂ ਆਖਿਆ, “ਫਿਰ ਤਾਂ ਟੂਰ ‘ਤੇ ਵਰਲਡ ਕੱਪ ਕਾਰਨ ਵਿਆਹ ਦਾ ਅਨੰਦ ਵੀ ਨਹੀਂ ਆਇਆ ਹੋਣਾ।” ਸਤਿੰਦਰ ਤਾਂ ਖ਼ੈਰ ਸੰਗ ਗਿਆ ਪਰ ਭੌਰਾ ਕਹਿਣ ਲੱਗਾ, “ਅਨੰਦ ਇਹਨੇ ਵਿਆਹ ਤੋਂ ਪਹਿਲਾਂ ਈ ਲੈ ਲਿਆ ਸੀ।”
ਫਿਰ ਉਹ ਦਿਨ ਆਇਆ ਜਿੱਦਣ ਜੇਤੂਆਂ ਨੇ ਜਿੱਤ-ਮੰਚ ‘ਤੇ ਚੜ੍ਹਨਾ ਸੀ। ਜਿੱਤ-ਮੰਚ ‘ਤੇ ਚੜ੍ਹਨ ਵਰਗਾ ਹੋਰ ਕੋਈ ਨਸ਼ਾ ਨਹੀਂ ਹੁੰਦਾ। ਪਾਕਿਸਤਾਨੀ ਖਿਡਾਰੀਆਂ ਦੇ ਮੂੰਹਾਂ ਉਤੇ ਲਾਲੀਆਂ ਸਨ। ਹਾਕੀ ਦੀ ਵਿਸ਼ਵ ਸਰਦਾਰੀ ਦਾ ਚਿੰਨ੍ਹ ਸੋਨ-ਰੰਗਾ ਵਿਸ਼ਵ ਕੱਪ ਮੇਜ਼ ਉਤੇ ਪਿਆ ਲਿਸ਼ਕਾਂ ਮਾਰ ਰਿਹਾ ਸੀ। ਉਹ ਕੱਪ 1971 ਵਿਚ ਪਾਕਿਸਤਾਨ ਨੇ ਹੀ ਕੌਮਾਂਤਰੀ ਹਾਕੀ ਫੈਡਰੇਸ਼ਨ ਨੂੰ ਭੇਟ ਕੀਤਾ ਸੀ। ਉਸ ਦੀ ਉਚਾਈ æ650 ਮੀਟਰ ਤੇ ਵਜ਼ਨ 11560 ਗਰਾਮ ਹੈ। ਇਸ ਵਿਚ 895 ਗਰਾਮ ਸੋਨਾ, 6851 ਗਰਾਮ ਚਾਂਦੀ ਤੇ 350 ਗਰਾਮ ਹਾਥੀ ਦੰਦ ਲੱਗਾ ਹੋਇਆ ਹੈ। ਬਾਕੀ ਵਜ਼ਨ ਸਾਗਵਾਨ ਦੀ ਲੱਕੜੀ ਦਾ ਹੈ।
ਭਾਰਤ ਦੇ ਰਾਸ਼ਟਰਪਤੀ ਲਾਲ ਦਰੀ ਉਤੇ ਤੁਰ ਕੇ ਉਸ ਕੱਪ ਤਕ ਗਏ। ਜਦੋਂ ਉਹ ਕੱਪ ਪਾਕਿਸਤਾਨੀ ਟੀਮ ਦੇ ਕਪਤਾਨ ਲਾਇਲਪੁਰੀਏ ਅਖ਼ਤਰ ਰਸੂਲ ਨੂੰ ਭੇਂਟ ਕੀਤਾ ਤਾਂ ਉਸ ਨੇ ਇੰਨੀ ਸ਼ਿੱਦਤ ਨਾਲ ਚੁੰਮਿਆ ਜਿਵੇਂ ਵਰ੍ਹਿਆਂ ਦਾ ਵਿਛੜਿਆ ਮਹਿਬੂਬ ਮਸਾਂ ਮਿਲਿਆ ਹੋਵੇ। ਉਸ ਸਮੇਂ ਸੈਂਕੜੇ ਕੈਮਰਿਆਂ ਨੇ ਅੱਖਾਂ ਖੋਲ੍ਹੀਆਂ ਤੇ ਉਸ ਯਾਦਗਾਰੀ ਦ੍ਰਿਸ਼ ਨੂੰ ਆਪਣੇ ਸੀਨਿਆਂ ‘ਚ ਸਮੋ ਲਿਆ। ਫਿਰ ਪਾਕਿਸਤਾਨ ਦੀ ਸਾਰੀ ਦੀ ਸਾਰੀ ਟੀਮ ਲੰਮੇ ਸਫੈਦ ਜਿੱਤ-ਮੰਚ ਉਤੇ ਜਾ ਖੜ੍ਹੀ ਹੋਈ। ਖਿਡਾਰੀਆਂ ਨੇ ਬਾਹਾਂ ਉਚੀਆਂ ਕਰ ਕੇ ਜੇਤੂ ਸਲਾਮੀਆਂ ਲਈਆਂ ਤੇ ਚੁਫੇਰੇ ਹਜ਼ਾਰਾਂ ਤਾੜੀਆਂ ਨੇ ਭਰਵੀਂ ਦਾਦ ਦਿੱਤੀ। ਉਸ ਪਿੱਛੋਂ ਸਟੇਡੀਅਮ ਦੀ ਫ਼ਿਜ਼ਾ ਅੰਦਰ ਪਾਕਿਸਤਾਨ ਦਾ ਕੌਮੀ ਤਰਾਨਾ ਗੂੰਜਿਆ, ਤੇ ਚੰਦ-ਤਾਰੇ ਵਾਲਾ ਪਰਚਮ ਉਚਾ ਉਠਿਆ। ਬਹੁਤੇ ਦਰਸ਼ਕ ਇਸ ਗੱਲੋਂ ਖ਼ੁਸ਼ ਸਨ ਕਿ ਹਾਕੀ ਦਾ ਆਲਮੀ ਕੱਪ ਏਸ਼ੀਆ ਵਿਚ ਹੀ ਰਹਿ ਗਿਆ ਸੀ।
ਜਦੋਂ ਸੋਨ-ਰੰਗਾ ਵਿਸ਼ਵ ਕੱਪ ਸਟੇਡੀਅਮ ਤੋਂ ਬਾਹਰ ਜਾਣ ਲੱਗਾ ਤਾਂ ਅਸੀਂ ਵੀ ਉਹਦੇ ਨਾਲ ਹੋ ਤੁਰੇ। ਦਰਸ਼ਕ ਉਹਨੂੰ ਹੱਥ ਲਾ-ਲਾ ਵੇਖ ਰਹੇ ਸਨ। ਜਿਸ ਬੱਸ ਵਿਚ ਪਾਕਿਸਤਾਨ ਦੀ ਟੀਮ ਨੇ ਬਹਿਣਾ ਸੀ, ਮੈਂ ਪਹਿਲਾਂ ਹੀ ਉਹਦੀ ਬਾਰੀ ਕੋਲ ਜਾ ਖੜ੍ਹਾ ਹੋਇਆ। ਜਦੋਂ ਕੱਪ ਮੇਰੇ ਮੂਹਰ ਦੀ ਲੰਘਣ ਲੱਗਾ ਤਾਂ ਮੈਥੋਂ ਵੀ ਉਹਦਾ ਸਿਰ ਪਲੋਸਣੋਂ ਨਾ ਰਿਹਾ ਗਿਆ। ਮੈਂ ਆਪਣਾ ਸੱਜਾ ਹੱਥ ਉਪਰ ਚੁੱਕਿਆ ਤੇ ਸੋਨੇ-ਚਾਂਦੀ ਦੇ ਚਮਕਦੇ ਗਲੋਬ ਉਤੇ ਪੋਲਾ ਜਿਹਾ ਛੁਹਾਇਆ। ਉਹਦੀ ਕੂਲੀ ਸੁਨਹਿਰੀ ਛੋਹ ਮੈਨੂੰ ਅੱਜ ਵੀ ਕਿਸੇ ਰੰਗੀਨ ਸੁਫ਼ਨੇ ਵਾਂਗ ਯਾਦ ਹੈ। ਤੇ ਯਾਦ ਹੈ ਉਹ ਮਿੱਠੀ ਜਿਹੀ ਕਸਕ ਜਿਹੜੀ ਇਕ ਪਰਦੇਸਣ ਨੇ ਆਪਣੇ ਵਤਨ ਦੀ ਟੀਮ ਜਿੱਤਦੀ ਵੇਖ ਕੇ ਮੈਨੂੰ ਆਪ-ਮੁਹਾਰੇ ਬਖਸ਼ੀ ਸੀ।
Leave a Reply