ਉਰਦੂ, ਪੰਜਾਬੀ, ਹਿੰਦੀ ਵਿਚ ਕੁਝ ਮੁਹਾਵਰੇ ਅਜਿਹੇ ਹਨ ਜਿਨ੍ਹਾਂ ਦਾ ਕੋਈ ਪਿਛੋਕੜ ਜ਼ਰੂਰ ਹੋਵੇਗਾ ਪਰ ਹੁਣ ਪਤਾ ਨਹੀਂ, ਜਿਵੇਂ ‘ਫੱਟੇ ਚੱਕ ਦਿੱਤੇ’, ਮਾਇਨੇ ਕਮਾਲ ਕਰ ਦਿੱਤੀ, ਪਰ ਫੱਟੇ ਕਿਸ ਨੇ, ਕਿਸ ਦੇ, ਕਿਹੜੇ ਚੱਕੇ ਸਨ, ਕਿਥੇ ਚੱਕੇ ਸਨ, ਕਦੋਂ ਚੱਕੇ ਸਨ, ਪਤਾ ਨਹੀਂ। ਇਸੇ ਤਰ੍ਹਾਂ ‘ਪੱਤੇ ਤੋੜ ਗਿਆ’ ਦਾ ਮਤਲਬ ਹੈ ਭੱਜ ਗਿਆ ਪਰ ਪੱਤਿਆਂ ਦਾ ਭੱਜਣ ਨਾਲ ਕੀ ਸਬੰਧ ਹੋਇਆ? ਇਕ ਮੁਹਾਵਰਾ ਹੈ ‘ਨੌਂ ਦੋ ਗਿਆਰਾਂ ਹੋ ਗਏ’, ਯਾਨਿ ਭੱਜ ਗਏ। ਨੌਂ ਦੋ ਗਿਆਰਾਂ ਦਾ ਭੱਜਣ ਨਾਲ ਕੀ ਤਅਲੁਕ? ਅੱਟੇ-ਸੱਟੇ ਨਹੀਂ ਲਾਉਣੇ। ਜਿਸ ਨੂੰ ਇਨ੍ਹਾਂ ਮੁਹਾਵਰਿਆਂ ਦੇ ਪਿਛੋਕੜ ਦਾ ਪਤਾ ਹੈ, ਜ਼ਰੂਰ ਪੰਜਾਬੀ ਪਾਠਕਾਂ ਨੂੰ ਦੱਸੇ। ‘ਦੋ ਟੁਕ ਜਵਾਬ ਦੇਹ’, ਦੋ ਟੁਕ, ਮਾਇਨੇ ਹਾਂ ਜਾਂ ਨਾਂਹ। ਵਿਚਕਾਰਲਾ ਨਹੀਂ।
ਪ੍ਰੋਫੈਸਰ ਜੀæਐਸ਼ ਰਿਆਲ ਇਹੋ ਜਿਹੇ ਸਵਾਲਾਂ ਦਾ ਜਵਾਬ ਲੱਭ ਲਿਆ ਕਰਦੇ ਸਨ, ਹੁਣ ਉਨ੍ਹਾਂ ਦੀ ਥਾਂ ਬਲਜੀਤ ਬਾਸੀ ਫਰਜ਼ ਨਿਭਾ ਰਹੇ ਹਨ। ਪਿਛਲੇ ਦਿਨੀਂ ਖਬਰਾਂ ਪੜ੍ਹੀਆਂ, ਕਈ ਸਿੱਖ ਜਥੇਬੰਦੀਆਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਅਸਤੀਫਾ ਦੇਣ। ਕਾਰਨ ਇਹ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੰਟੇਨਰਾਂ ਵਿਚ ਭੇਜਣ ਦਾ ਫੈਸਲਾ ਕਿਉਂ ਕੀਤਾ। ਦੇਸਾਂ-ਪਰਦੇਸਾਂ ਵਿਚ ਗੁਰੂ ਗ੍ਰੰਥ ਦਾ ਪ੍ਰਕਾਸ਼ ਹੋਵੇ, ਹਰ ਸਿੱਖ ਦੀ ਇੱਛਾ ਹੈ। ਗੁਰੂ ਗ੍ਰੰਥ ਦੇ ਸਰੂਪ ਬਾਹਰ ਕਿਵੇਂ ਲਿਜਾਏ ਜਾਣ? ਧਨਾਢਾਂ ਨੇ ਤਰੀਕਾ ਕੱਢਿਆ। ਹਵਾਈ ਜਹਾਜ਼ ਦੀ ਇਕ ਸੀਟ ਉਤੇ ਬੀੜ ਸੁਸ਼ੋਭਤ ਕਰ ਕੇ ਲੈ ਜਾਓ। ਪੰਜ ਬੀੜਾਂ ਲਿਜਾਣੀਆਂ ਹਨ, ਪੰਜ ਸੀਟਾਂ ਬੁੱਕ ਕਰੋ। ਅੱਜ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਣ ਵਾਸਤੇ ਆਮ ਸੀਟ 70, 80 ਹਜ਼ਾਰ ਰੁਪਏ ਦੀ ਹੈ। ਇਥੇ ਵੀ ਇਕ ਘੁਣਤਰ ਹੋਰ ਬੈਠੀ ਹੈ। ਵੀæਆਈæਪੀæ ਸੀਟ ਸਵਾ ਲੱਖ ਦੀ ਹੈ। ਵੀæਆਈæਪੀæ ਸੀਟ ‘ਤੇ ਬੰਦੇ ਬੈਠੇ ਹੋਣ ਤੇ ਗੁਰੂ ਗ੍ਰੰਥ ਸਾਹਿਬ ਆਮ ਸੀਟ ਉਪਰ, ਇਹ ਵੀ ਬੇਅਦਬੀ ਹੋਈ। ਇਸ ਬਾਰੇ ਕਿਸੇ ਨੇ ਅਜੇ ਬਿਆਨ ਨਹੀਂ ਦਿੱਤਾ। ਮਹਾਰਾਜ ਦਾ ਸਰੂਪ ਕੰਟੇਨਰਾਂ ਵਿਚ ਜਾਵੇ, ਇਹ ਫੈਸਲਾ ਪੰਜ ਸਿੰਘ ਸਾਹਿਬਾਨ ਦਾ ਹੈ। ਇਸ ਨੂੰ ਪ੍ਰੈਸ ਵਿਚ ਵੰਗਾਰਨਾ ਕਿਸ ਪਾਸੇ ਦੀ ਸਿੱਖੀ ਹੋਈ?
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੀ ਹਥਿਆਰਬੰਦ ਟੁਕੜੀ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਜਾਇਆ ਕਰਦੇ ਸਨ। ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਨੇ ਪਰਿਕਰਮਾ ਵਿਚ ਹਥਿਆਰ ਲਿਜਾਣ ਖਿਲਾਫ ਹੁਕਮਨਾਮਾ ਜਾਰੀ ਕਰ ਦਿੱਤਾ। ਪ੍ਰੈਸ ਨੇ ਸੰਤ ਜੀ ਤੋਂ ਪ੍ਰਤੀਕਰਮ ਲਿਆ। ਸੰਤ ਜੀ ਨੇ ਕਿਹਾ-ਮੈਂ ਸਿੰਘ ਸਾਹਿਬ ਨੂੰ ਦੱਸਾਂਗਾ ਕਿ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸ਼ਸਤਰਧਾਰੀ ਸਿੰਘਾਂ ਨੂੰ ਪਸੰਦ ਕਰਦੇ ਸਨ, ਸ਼ਸਤਰ ਸਜਾਉਣ ਲਈ ਕਹਿੰਦੇ ਸਨ ਪਰ ਜੇ ਇਹ ਹੁਕਮਨਾਮਾ ਵਾਪਸ ਨਹੀਂ ਲੈਂਦੇ ਤਾਂ ਮੰਨਾਂਗਾ, ਕਿਉਂਕਿ ਹੁਕਮ ਅਕਾਲ ਤਖਤ ਸਾਹਿਬ ਦਾ ਹੈ, ਸਿੰਘ ਸਾਹਿਬ ਦਾ ਹੈ।æææ ਇਨ੍ਹਾਂ ਜਥੇਬੰਦੀਆਂ ਦੀ ਕੋਈ ਆਚਾਰ ਸੰਘਿਤਾ ਨਹੀਂ?
ਬ੍ਰਾਹਮਣਵਾਦ ਦਾ ਬ੍ਰਾਹਮਣ ਜਾਤੀ ਨਾਲ ਕੋਈ ਸਬੰਧ ਨਹੀਂ। ਮੇਰਾ ਵਾਹ ਬਹੁਤ ਸਾਰੇ ਬ੍ਰਾਹਮਣਾਂ ਨਾਲ ਪਿਆ ਹੈ ਜਿਹੜੇ ਬ੍ਰਾਹਮਣਵਾਦ ਦੇ ਸਖਤ ਖਿਲਾਫ ਹਨ। ਉਨ੍ਹਾਂ ਵਿਚੋਂ ਇਕ ਹਿਮਾਦਰੀ ਬੈਨਰਜੀ ਵੀ ਹਨ। ਪਹਿਲੋਂ ਇੰਦੂ ਭੂਸ਼ਨ ਬੈਨਰਜੀ, ਫਿਰ ਏæਸੀæ ਬੈਨਰਜੀ, ਹੁਣ ਹਿਮਾਦਰੀ ਬੈਨਰਜੀ ਨੇ ਸਿੱਖ ਧਰਮ ਦੀ ਵਿਆਖਿਆਕਾਰੀ ਵਿਚ ਉਮਰਾਂ ਲੇਖੇ ਲਾ ਦਿੱਤੀਆਂ। ਉਨ੍ਹਾਂ ਨੂੰ ਸਿੱਖ ਧਰਮ ਇਸ ਕਰ ਕੇ ਚੰਗਾ ਲੱਗਿਆ, ਕਿਉਂਕਿ ਇਸ ਵਿਚ ਬ੍ਰਾਹਮਣਵਾਦ ਨਹੀਂ ਹੈ। ਹਿਮਾਦਰੀ ਜੀ ਕਦੀ-ਕਦੀ ਇਸ ਤਰ੍ਹਾਂ ਦੀ ਗੱਲ ਵੀ ਕਰ ਦਿਆ ਕਰਦੇ ਹਨ-ਪੰਨੂ ਸਾਹਿਬ, ਦਰਬਾਰ ਸਾਹਿਬ ਊਪਰ ਜੂਨ 1984 ਮੇਂ ਸੈਨਿਕ ਹਮਲਾ ਹੂਆ। ਮੈਨੇ ਯੇ ਹਮਲਾ ਨਹੀਂ ਕਰਵਾਇਆ, ਮੈਂ ਇਸ ਹਮਲੇ ਮੇਂ ਸ਼ਾਮਿਲ ਨਹੀਂ, ਮੈਂ ਇਸ ਹਮਲੇ ਕੇ ਖਿਲਾਫ ਹੂੰ। ਤੋ ਭੀ ਕਿਉਂਕਿ ਮੈਂ ਹਿੰਦੂ ਹੂੰ, ਇਸ ਲੀਏ ਇਸ ਹਮਲੇ ਕੀ ਸ਼ਰਮਿੰਦਗੀ ਕਾ ਅਪਨੇ ਹਿੱਸੇ ਕਾ ਭਾਰ ਤੋ ਮੁਝੇ ਭੀ ਉਠਾਨਾ ਪੜਾ, ਉਠਾਨਾ ਪੜੇਗਾ। ਮੈਂ ਇਤਿਹਾਸਕਾਰ ਹੂੰ, ਸਿੱਖ ਮੁਝ ਸੇ ਪੂਛਤੇ ਹੈਂ, ਮੈਨੇ ਯੇ ਹਮਲਾ ਕਯੂੰ ਕੀਆ।
ਗੱਲ ਹੋ ਰਹੀ ਸੀ ਗੁਰੂ ਗ੍ਰੰਥ ਸਾਹਿਬ ਨੂੰ ਕੰਟੇਨਰਾਂ ਵਿਚ ਲਿਜਾਣ ਦੀ। ਅਰਦਾਸ ਕਰ ਕੇ ਮਹਾਰਾਜ ਦੇ ਸਰੂਪ ਜੇ ਕੰਟੇਨਰਾਂ ਵਿਚ ਸਜਾ ਦਿੱਤੇ ਜਾਣ ਤੇ ਪੁੱਜਣ ਉਪਰੰਤ ਸ਼ੁਕਰਾਨੇ ਦੀ ਅਰਦਾਸ ਕੀਤੀ ਜਾਵੇ ਤਾਂ ਇਸ ਵਿਚ ਕੀ ਹਰਜ? ਅਸੀਂ ਬਾਣੀ ਨੂੰ ਪਹੁੰਚ ਦੇ ਨੇੜੇ ਰੱਖਣਾ ਹੈ ਕਿ ਦੂਰ ਲਿਜਾਣਾ ਹੈ? ਇਹੋ ਜਿਹੇ ਬਿਆਨਾਂ ਕਰ ਕੇ ਅਮਰੀਕਾ ਦੇ ਇਕ ਪ੍ਰਕਾਸ਼ਨ ਘਰ ਨੇ ਫੈਸਲਾ ਕੀਤਾ ਸੀ ਕਿ ਅਸੀਂ ਉਥੇ ਆਪੇ ਗੁਰੂ ਜੀ ਦੀਆਂ ਬੀੜਾਂ ਛਾਪ ਲਿਆ ਕਰਾਂਗੇ।
ਇਸ ਵੇਲੇ ਦੁਨੀਆਂ ਅੰਦਰ ਸਿੱਖ ਧਰਮ ਤੋਂ ਵਡੇਰੀ ਗਿਣਤੀ ਵਿਚ ਈਸਾਈ, ਮੁਸਲਮਾਨ ਅਤੇ ਹਿੰਦੂ ਹਨ। ਬਾਈਬਲ, ਕੁਰਾਨ ਤੇ ਗੀਤਾ ਬਾਰੇ ਕਦੀ ਇਸ ਤਰ੍ਹਾਂ ਦਾ ਤੂਫਾਨ ਨਹੀਂ ਉਠਿਆ ਕਿ ਇਹ ਧਰਮ ਗ੍ਰੰਥ ਕਿਵੇਂ ਲਿਜਾਏ ਜਾਣ। ਸਿੱਖ ਕਿਸ ਵਹਿਮ ਤੋਂ ਡਰੇ ਹੋਏ ਹਨ? ਗੁਰੂ ਗ੍ਰੰਥ ਦੀ ਛਪਾਈ ਵੇਲੇ ਇਕ-ਇਕ ਅੱਖਰ ਜੁੜਦਾ, ਫਿਰ ਛਪਦਾ, ਫਿਰ ਜਿਲਦਬੰਦੀ ਹੁੰਦੀ ਹੈ। ਇਹ ਕੰਮ ਵੀ ਬੇਅਦਬੀ ਪੂਰਨ ਲੱਗ ਸਕਦਾ ਹੈ, ਕਿਉਂਕਿ ਵਹਿਮ ਦੀ ਕੋਈ ਹੱਦ ਨਹੀਂ। ਇਹ ਵੀ ਮੰਗ ਹੋ ਸਕਦੀ ਹੈ ਕਿ ਹਵਾਈ ਜਹਾਜ਼ ਵਿਚ ਇਕ-ਇਕ ਸਰੂਪ ਨਾਲ ਪੰਜ-ਪੰਜ ਸਿੰਘ, ਸੇਵਾਦਾਰਾਂ ਵਜੋਂ ਜਾਣੇ ਚਾਹੀਦੇ ਹਨ ਤਾਂ ਕਿ ਗੁਰੂ ਬਾਬਾ ਜੀ ਗੁਰਦੁਆਰੇ ਸੁਸ਼ੋਭਿਤ ਹੋ ਜਾਣ ਤੇ ਸੇਵਾਦਾਰ ਕਬੂਤਰ ਬਣ ਕੇ ਉਡ ਜਾਣ। ਬਾਹਰਲੇ ਦੇਸਾਂ ਵਿਚ ਜਾਣ ਲਈ ਸ਼ਰਮਨਾਕ ਕਿਸਮ ਦੇ ਤਰੀਕੇ ਵਰਤੀਂਦੇ ਦੇਖ ਚੁਕੇ ਹਾਂ।
30 ਮਈ ਨੂੰ ਫਤਹਿਗੜ੍ਹ ਸਾਹਿਬ ਤੋਂ ਖਬਰ ਛਪੀ ਹੈ-ਦੋ ਅਧਿਆਪਕਾਵਾਂ ਨੂੰ ਮਾਲਤੀ ਦੇਵੀ ਪੁਰਸਕਾਰ। ਖਬਰ ਵਿਚ ਦੱਸਿਆ ਹੈ ਕਿ ਇਸ ਜ਼ਿਲੇ ਦੀਆਂ ਦੋ ਅਧਿਆਪਕਾਵਾਂ ਨੂੰ ਉਕਤ ਪੁਰਸਕਾਰ ਮਿਲਿਆ ਹੈ। ਪੁਰਸਕਾਰ ਦੀ ਰਾਸ਼ੀ, ਮਾਣ ਪੱਤਰ ਤੇ ਦੇਣ ਵਾਲਿਆਂ ਦੇ ਨਾਮ ਛਪੇ ਹਨ। ਦਿੱਲੀ ਵਿਚ ਇਹ ਇਨਾਮ ਕਿਸ ਥਾਂ ਦਿੱਤਾ ਗਿਆ, ਇਹ ਵੀ ਪਤਾ ਲੱਗ ਗਿਆ। ਖਬਰ ਵਿਚ ਇਹ ਨਹੀਂ ਲਿਖਿਆ ਕਿ ਕਰਮਾ ਵਾਲੀਆਂ ਇਹ ਸਨਮਾਨਿਤ ਮਾਸਟਰਨੀਆਂ ਹੈਣ ਕੌਣ? ਢੋਲ ਢਮੱਕੇ ਨਾਲ ਗੱਜ-ਵੱਜ ਕੇ ਬਰਾਤ ਜਾ ਰਹੀ ਹੈ, ਲਾੜਾ-ਲਾੜੀ ਗੈਰ-ਹਾਜ਼ਰ ਹਨ।
ਇਕ ਵਾਰੀ ਕਿਸੇ ਕਾਲਜ ਵਿਚ ਇਹੋ ਕੁਝ ਹੋਇਆ ਸੀ। ਇਕ ਅਧਿਆਪਕ ਨੂੰ ਰਿਟਾਇਰਮੈਂਟ ਵੇਲੇ ਚਾਹ ਪਾਰਟੀ ਦਿੱਤੀ ਗਈ। ਸ਼ਬਦਾਂ ਦੇ ਹੰਝੂ ਵਹਾਏ ਗਏ, ਜਜ਼ਬਾਤੀ ਲੱਛੇਦਾਰ ਤਕਰੀਰਾਂ ਹੋਈਆਂ, ਫਿਰ ਚਾਹ-ਪੀਣ ਦੀ ਬੇਨਤੀ ਹੋਈ। ਸਾਰੇ ਚਾਹ ਸਮੋਸਿਆਂ ਉਪਰ ਟੁੱਟ ਕੇ ਪੈ ਗਏ। ਜਿਸ ਅਧਿਆਪਕ ਵਾਸਤੇ ਵਿਦਾਇਗੀ ਪਾਰਟੀ ਦਾ ਇੰਤਜ਼ਾਮ ਕੀਤਾ ਗਿਆ, ਉਸ ਦੇ ਖਾਣ ਲਈ ਨਾ ਸਮੋਸਾ ਬਚਿਆ, ਨਾ ਚਾਹ ਦਾ ਕੱਪ। ਚਲੋ ਤਾਂ ਕੀ ਹੋਇਆ, ਜੇ ਭੁੱਖ ਲੱਗੀ ਹੈ ਤਾਂ ਦਸ ਰੁਪਏ ਖਰਚ ਕੇ ਰਸਤੇ ਵਿਚੋਂ ਖਾ ਲਏ।
ਇਨ੍ਹਾਂ ਬਿਆਨਾਂ, ਖਬਰਾਂ, ਘਟਨਾਵਾਂ ਨੂੰ ਅਜੀਬੋ-ਗਰੀਬ ਕਿਹਾ ਜਾਂਦਾ ਹੈ। ਇਹ ਅਜੀਬ ਤਾਂ ਹਨ, ਗਰੀਬ ਬਿਲਕੁਲ ਨਹੀਂ। ਫਿਰ ਇਹ ਮੁਹਾਵਰਾ ਕਿਵੇਂ ਬਣ ਗਿਆ? ਅਜੀਬੋ-ਗਰੀਬ ਵਿਚ ਗਰੀਬ ਸ਼ਬਦ ਨੂੰ ਕਿਉਂ ਬਦਨਾਮ ਕੀਤਾ ਜਾ ਰਿਹੈ? ਗਰੀਬਾਂ ਦੀ ਬੇਇਜ਼ਤੀ ਕਰਨ ਦੇ ਹੋਰ ਬਥੇਰੇ ਢੰਗ ਹਨ। ਇਬਨੇ ਇੰਸ਼ਾ ਲਿਖਦਾ ਹੈ-ਪਹਿਲਾਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸਾਂ, ਹੁਣ ਆਜ਼ਾਦ ਹਾਂ। ਪਹਿਲਾਂ ਬੇਰੁਜ਼ਗਾਰੀ, ਬੇਈਮਾਨੀ ਬੜੀ ਹੁੰਦੀ ਸੀ, ਹੁਣ ਨਾ ਕੋਈ ਬੇਰੁਜ਼ਗਾਰ ਹੈ ਨਾ ਬੇਈਮਾਨ। ਪਹਿਲਾਂ ਗਰੀਬਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਸੀ। ਹੁਣ ਗਰੀਬਾਂ ਦੀ ਪੁੱਛ-ਪ੍ਰਤੀਤ ਇੰਨੀ ਵਧ ਗਈ ਹੈ ਕਿ ਉਹ ਤੰਗ ਆਏ ਕਹਿੰਦੇ ਹਨ-ਸਾਡਾ ਖਹਿੜਾ ਛੱਡੋ, ਹੁਣ ਅਮੀਰਾਂ ਦੀ ਪੁੱਛ-ਪ੍ਰਤੀਤ ਕਰੋ।
-ਹਰਪਾਲ ਸਿੰਘ ਪੰਨੂ
ਫੋਨ: 91-94642- 51454
Leave a Reply