ਧਰਮ, ਕਾਨੂੰਨ ਅਤੇ ਇਨਸਾਨੀਅਤ

ਪ੍ਰਸੰਗ ਵਖਤਾਂ ਮਾਰੀ ਮਾਂ ਡਾਕਟਰ ਸਵਿਤਾ
ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਪੇਸ਼ੇ ਤੋਂ ਦੰਦਾਂ ਦੀ ਡਾਕਟਰ ਇਕੱਤੀ ਸਾਲਾ ਭਾਰਤੀ ਕੁੜੀ ਸਵਿਤਾ ਹਲੱਪਾਨਵਾਰ ਆਪਣੇ ਪਤੀ ਪ੍ਰਵੀਨ ਅਤੇ ਪਰਿਵਾਰ ਨਾਲ ਆਇਰਲੈਂਡ ਵਿਚ ਰਹਿ ਰਹੀ ਸੀ। ਉਹ ਚਾਰ ਮਹੀਨੇ ਤੋਂ ਗਰਭਵਤੀ ਸੀ ਕਿ ਅਚਾਨਕ ਉਸ ਨੂੰ ਜਣੇਪੇ ਦੀਆਂ ਪੀੜਾਂ ਸ਼ੁਰੂ ਹੋ ਗਈਆਂ। ਸਵਿਤਾ ਦਾ ਪਤੀ ਤੇ ਪਰਿਵਾਰ ਉਸ ਨੂੰ ਲੈ ਕੇ ਹਸਪਤਾਲ ਪਹੁੰਚੇ ਜਿਥੇ ਉਸ ਦਾ ਮੁਆਇਨਾ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਕਿ ਸਵਿਤਾ ਹੁਣ ਇਸ ਬੱਚੇ ਨੂੰ ਜਨਮ ਨਹੀਂ ਦੇ ਸਕੇਗੀ ਕਿਉਂਕਿ ਇਸ ਦਾ ਗਰਭ ਗਿਰ ਚੁੱਕਾ ਹੈ ਅਤੇ ਬੱਚਾ ਮਰ ਰਿਹਾ ਹੈ। ਉਧਰ, ਸਵਿਤਾ ਦੀ ਹਾਲਤ ਵੀ ਬੇਹੱਦ ਨਾਜ਼ਕ ਸੀ। ਸੋ, ਸਵਿਤਾ ਅਤੇ ਉਸ ਦੇ ਪਤੀ ਪ੍ਰਵੀਨ ਨੇ ਤਰਲੇ ਪਾਏ ਕਿ ਸਵਿਤਾ ਦਾ ਗਰਭਪਾਤ ਕਰ ਕੇ ਸਵਿਤਾ ਦੀ ਜਾਨ ਬਚਾਈ ਜਾਵੇ ਪਰ ਡਾਕਟਰਾਂ ਦਾ ਜਵਾਬ ਸੀ ਕਿ ਇਹ ਕੈਥੋਲਿਕ ਧਾਰਮਿਕ ਮੁਲਕ ਹੈ, ਬੱਚੇ ਦੇ ਸਾਹ ਅਜੇ ਚੱਲ ਰਹੇ ਹਨ; ਸੋ, ਜਿੰਨਾ ਚਿਰ ਬੱਚਾ ਮਰ ਨਹੀਂ ਜਾਂਦਾ, ਉਦੋਂ ਤਕ ਗਰਭਪਾਤ ਨਹੀਂ ਕਰ ਸਕਦੇ।
ਸਵਿਤਾ ਪੀੜਾਂ ਨਾਲ ਕੁਰਲਾ ਰਹੀ ਸੀ ਅਤੇ ਹਾੜ੍ਹੇ ਪਾ ਪਾ ਕੇ ਡਾਕਟਰਾਂ ਕੋਲੋਂ ਆਪਣੀ ਜ਼ਿੰਦਗੀ ਦੀ ਭੀਖ ਮੰਗ ਰਹੀ ਸੀæææਦੋਵੇਂ ਪਤੀ ਪਤਨੀ ਤੜਪਦੇ ਰਹੇ, ਕੁਰਲਾਉਂਦੇ ਰਹੇ ਪਰ ਉਨ੍ਹਾਂ ਦੀ ਕਿਸੇ ਨੇ ਇਕ ਵੀ ਨਾ ਸੁਣੀ। ਹਸਪਤਾਲ ਵਿਚ ਪਈ ਸਵਿਤਾ ਦੇ ਅੰਦਰ ਜ਼ਹਿਰ ਫੈਲਦਾ ਗਿਆ ਅਤੇ ਡਾਕਟਰ ਬੱਚਾ ਮਰਨ ਦੀ ਉਡੀਕ ਕਰਦੇ ਰਹੇ। ਆਖੀਰ ਤੀਜੇ ਦਿਨ ਸਵਿਤਾ ਦਮ ਤੋੜ ਗਈ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਆਇਰਲੈਂਡ ਕੱਟੜ ਈਸਾਈ ਕੈਥੋਲਿਕ ਮੁਲਕ ਹੈ ਅਤੇ ਉਥੇ ਭਰੂਣ ਹੱਤਿਆ ਜਾਂ ਗਰਭਪਾਤ ਗ਼ੈਰਕਾਨੂੰਨੀ ਹੈ ਤੇ ਇਸ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਂਦਾ ਹੈ ਜਿਸ ਦਾ ਖਮਿਆਜ਼ਾ ਸਵਿਤਾ ਅਤੇ ਉਸ ਦੇ ਪਰਿਵਾਰ ਨੂੰ ਭੁਗਤਣਾ ਪਿਆ। ਆਉ, ਜ਼ਰਾ ਵਿਚਾਰ ਕਰੀਏ ਕਿ ਕੀ ਸਵਿਤਾ ਆਪਣੇ ਬੱਚੇ ਨੂੰ ਜਨਮ ਨਹੀਂ ਸੀ ਦੇਣਾ ਚਾਹੁੰਦੀ? ਕੀ ਸਵਿਤਾ ਜਾਣ-ਬੁੱਝ ਕੇ ਗਰਭਪਾਤ ਕਰਵਾਉਣਾ ਚਾਹੁੰਦੀ ਸੀ ਅਤੇ ਇਸ ਲਈ ਹਸਪਤਾਲ ਗਈ ਸੀ? ਕੀ ਸਵਿਤਾ ਦਾ ਪਤੀ ਜਾਂ ਪਰਿਵਾਰ ਉਸ ਦੀ ਕੁਦਰਤੀ ਪੀੜਾ ਜਾਂ ਤਕਲੀਫ ਤੋਂ ਅਣਜਾਣ ਸਨ? ਜਵਾਬ ਹੈ ਬਿਲਕੁਲ ਨਹੀਂ। ਸਵਿਤਾ ਪੜ੍ਹੀ ਲਿਖੀ ਸੀ ਅਤੇ ਉਸ ਦੇ ਜੀਵਨ ਵਿਚ ਇਹ ਮੁਸੀਬਤ ਕੁਦਰਤੀ ਹੀ ਆਣ ਪਈ ਸੀ; ਇਸ ਮੁਸ਼ਕਿਲ ਵਿਚੋਂ ਨਿਕਲਣ ਦਾ ਇਕੋ ਇਕ ਚਾਰਾ ਇਹ ਸੀ ਕਿ ਉਹ ਸਵਿਤਾ ਦਾ ਗਰਭਪਾਤ ਕਰਵਾ ਕੇ ਹੀ ਉਸ ਦੀ ਜਾਨ ਬਚਾਈ ਜਾਵੇ ਪਰ ਕੱਟੜ ਧਾਰਮਿਕ ਲੋਕਾਂ ਦਾ ਹੀ ਬਣਾਇਆ ਹੋਇਆ ਕਾਨੂੰਨ ਇਸ ਬੇਗੁਨਾਹ ਕੁੜੀ ਦੀ ਜਾਨ ਲੈ ਕੇ ਤੁਰਦਾ ਬਣਿਆ; ਸਵਿਤਾ ਧਰਮ ਦੀ ਬਲੀ ਚੜ੍ਹ ਗਈ।
ਅੱਜ ਸਵਿਤਾ ਭਾਵੇਂ ਦੁਨੀਆਂ ਤੋਂ ਜਾ ਚੁੱਕੀ ਹੈ ਪਰ ਦੁਨੀਆਂ ਵਿਚ ਇਸ ਅਨਿਆਂ ਨੂੰ ਲੈ ਕੇ ਹਰ ਪਾਸੇ ਤਹਿਲਕਾ ਮਚਿਆ ਹੋਇਆ ਹੈ ਅਤੇ ਬਹੁਤ ਸਾਰੇ ਮੁਲਕਾਂ ਵਿਚ ਲੋਕਾਂ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚ ਹਰ ਧਰਮ ਤੇ ਹਰ ਮੁਲਕ ਦੀਆਂ ਅਣਗਿਣਤ ਔਰਤਾਂ ਇਨਸਾਫ ਵਾਲੇ ਬੈਨਰ ਚੁੱਕੀ ਦੁਹਾਈ ਪਾ ਰਹੀਆਂ ਹਨ ਕਿ ਇਹ ਅਤਿ ਘਿਨਾਉਣਾ ਜ਼ੁਲਮ ਕਿਉਂ ਕੀਤਾ ਗਿਆ? ਸਵਿਤਾ ਇਸ ਪੀੜਾ ਨਾਲ ਆਪਣੇ ਘਰ ਵਿਚ ਮਰ ਜਾਂਦੀ ਤਾਂ ਅਫ਼ਸੋਸ ਨਾ ਹੁੰਦਾ, ਅਫਸੋਸ ਤਾਂ ਇਸ ਗੱਲ ਦਾ ਹੈ ਕਿ ਜਦ ਡਾਕਟਰਾਂ ਨੇ ਕਿਹਾ ਕਿ ਇਹ ਮੁਲਕ ਕੈਥੋਲਿਕ ਹੈ, ਅਸੀਂ ਗਰਭਪਾਤ ਨਹੀਂ ਕਰਨਾ; ਡਾਕਟਰ ਉਸ ਨੂੰ ਪਲ ਪਲ ਮਰਦੀ ਦੇਖਦੇ ਰਹੇ ਅਤੇ ਆਪਣੇ ਧਾਰਮਿਕ ਕਾਨੂੰਨ ਦੀ ਡੱਟ ਕੇ ਸਖ਼ਤੀ ਨਾਲ ਪਾਲਣਾ ਕਰਦੇ ਰਹੇ। ਉਨ੍ਹਾਂ ਦੇ ਸਾਹਮਣੇ ਹੀ ਸਵਿਤਾ ਜੀਵਨ ਦੀ ਬਾਜ਼ੀ ਹਾਰ ਗਈ!
ਇਹ ਕੈਸੇ ਕਾਨੂੰਨ ਹਨ? ਇਹ ਕੈਸੇ ਧਰਮ ਹਨ? ਡਾਕਟਰ ਤਾਂ ਉਹ ਨਾਮ ਹੁੰਦਾ ਹੈ ਜਿਸ ਨੂੰ ਸੁਣ ਕੇ ਸਤਿਕਾਰ ਨਾਲ ਝੁਕ ਜਾਈਦਾ ਹੈ, ਜਦ ਡਾਕਟਰ ਕਿਸੇ ਬਿਮਾਰ ਪਏ ਬੰਦੇ ਨੂੰ ਤਸੱਲੀ ਦੇ ਕੇ ਉਸ ਨਾਲ ਗੱਲ ਕਰਦਾ ਹੈ ਤਾਂ ਬਿਮਾਰ ਆਦਮੀ ਵੀ ਮਹਿਸੂਸ ਕਰਦਾ ਹੈ ਕਿ ਹੁਣ ਉਹ ਸੁਰੱਖਿਅਤ ਹੱਥਾਂ ਵਿਚ ਪਹੁੰਚ ਗਿਆ ਹੈ। ਅਤਿ ਮਾੜੇ ਹਾਲਾਤ ਵਿਚ ਵੀ ਬਿਮਾਰ ਆਦਮੀ ਅਤੇ ਉਹਦੇ ਪਰਿਵਾਰ ਦੀਆਂ ਮਰ ਰਹੀਆਂ ਆਸਾਂ ਦਾ ਦੀਵਾ ਫਿਰ ਟਿਮ-ਟਿਮਾ ਉਠਦਾ ਹੈ ਅਤੇ ਬਿਮਾਰ ਆਦਮੀ ਅੱਧਾ ਉਸੇ ਵੇਲੇ ਹੀ ਠੀਕ ਹੋ ਜਾਂਦਾ ਹੈ। ਡਾਕਟਰੀ ਪੇਸ਼ਾ ਸਭ ਤੋਂ ਉਤਮ ਅਤੇ ਅਤਿ ਸਤਿਕਾਰਤ ਹੈ। ਕਈ ਵਾਰ ਤਾਂ ਲੋਕ ਇਹ ਵੀ ਆਖਦੇ ਹਨ ਕਿ ਰੱਬ ਤੋਂ ਬਾਅਦ ਜੇ ਕੋਈ ਆਦਮੀ ਨੂੰ ਬਚਾਉਣ ਵਾਲਾ ਹੈ, ਤਾਂ ਉਹ ਡਾਕਟਰ ਹੀ ਹੈ। ਪਰ ਜਦੋਂ ਕੋਈ ਆਦਮੀ ਤਕਲੀਫ਼ ਨਾਲ ਤੜਫ ਰਿਹਾ ਹੋਵੇ, ਹਸਪਤਾਲ ਵਿਚ ਵੀ ਹੋਵੇ, ਡਾਕਟਰ ਵੀ ਕੋਲ ਖੜ੍ਹੇ ਹੋਣ, ਇਲਾਜ ਵੀ ਹੋ ਸਕਦਾ ਹੋਵੇ ਪਰ ਧਰਮ ਅਤੇ ਕਾਨੂੰਨ ਦੀਵਾਰ ਬਣ ਕੇ ਖੜ੍ਹੇ ਹੋ ਜਾਣ; ਤੇ ਡਾਕਟਰ ਇਲਾਜ ਕਰਨ ਤੋਂ ਆਕੀ ਹੋ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਧਰਮ ਦੇ ਬੂਟੇ ਦੀਆਂ ਜੜ੍ਹਾਂ ਹਿੱਲ ਗਈਆਂ ਹਨ! ਕਾਨੂੰਨ ਵੀ ਬੇਮਤਲਬ ਹੋ ਗਿਆ ਹੈ!!
ਸਵਿਤਾ ਕੱਟੜਤਾ ਦੀ ਭੇਟ ਚੜ੍ਹ ਗਈ। ਸੋਚਣਾ ਬਣਦਾ ਹੈ ਕਿ ਬੰਦੇ ਦਾ ਸਭ ਤੋਂ ਵੱਡਾ ਅਤੇ ਅਸਲੀ ਧਰਮ ਕਿਹੜਾ ਹੈ? ਉਸ ਧਰਮ ਦੇ ਅਸੂਲ ਕੀ ਹੁੰਦੇ ਹਨ? ਉਸ ਧਰਮ ਦੀਆਂ ਪਹਿਲੀਆਂ ਜ਼ਿੰਮੇਵਾਰੀਆਂ ਤੇ ਪਹਿਲੇ ਫਰਜ਼ ਕੀ ਹਨ? ਉਹ ਧਰਮ ਹੈ ਇਨਸਾਨੀਅਤ ਦਾ ਧਰਮ; ਜੋ ਸਭ ਧਰਮਾਂ ਤੋਂ ਉਪਰ ਹੈ; ਸਭ ਧਰਮਾਂ ਤੋਂ ਸ਼੍ਰੇਸ਼ਟ ਹੈ। ਉਹ ਧਰਮ ਕਿਸੇ ਜਾਤ-ਪਾਤ, ਕਿਸੇ ਦੀਨ-ਮਜ਼੍ਹਬ, ਕਿਸੇ ਅਮੀਰ-ਗਰੀਬ, ਕਿਸੇ ਕੌਮ ਜਾਂ ਮੁਲਕ ਦੇ ਕਾਨੂੰਨ ਜਾਂ ਬੰਧਨਾਂ ਤੋਂ ਉਪਰ ਹੁੰਦਾ ਹੈ, ਇਹ ਕਿਸੇ ਦੇ ਅਧੀਨ ਨਹੀਂ ਹੁੰਦਾ। ਇਹ ਧਰਮ ਸਿਰਫ਼ ਅਤੇ ਸਿਰਫ਼ ਮਾਨਵਤਾ ਤੇ ਇਨਸਾਨੀਅਤ ਨੂੰ ਇਕ ਨਜ਼ਰ ਨਾਲ ਵੇਖਦਾ ਹੈ; ਇਹ ਧਰਮ ਆਖਦਾ ਹੈ-ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ।
ਜਿਥੇ ਅੱਜ ਦੁਨੀਆ ਭਰ ਵਿਚੋਂ ਇਸ ਇਨਸਾਨੀਅਤ ਤੋਂ ਗਿਰੇ ਹੋਏ ਅਤਿਆਚਾਰ ਤੇ ਘਿਨੌਣੇ ਜ਼ੁਲਮ ਖ਼ਿਲਾਫ਼ ਆਵਾਜ਼ਾਂ ਉਠ ਰਹੀਆਂ ਹਨ, ਸਾਨੂੰ ਗੁਰੂ ਨਾਨਕ ਨਾਮਲੇਵਾ ਪ੍ਰਾਣੀਆਂ ਨੂੰ ਵੀ ਇਸ ਜ਼ੁਲਮ ਖ਼ਿਲਾਫ਼ ਇਨ੍ਹਾਂ ਆਵਾਜ਼ਾਂ ਵਿਚ ਸ਼ਾਮਲ ਹੋ ਕੇ ਹਾਅ ਦਾ ਨਾਅਰਾ ਮਾਰਨਾ ਚਾਹੀਦਾ ਹੈ ਤਾਂ ਕਿ ਅਸੀਂ ਵੀ ਆਪਣੇ ਗੁਰੂ ਦੇ ਸੱਚੇ ਪੈਰੋਕਾਰ ਬਣ ਕੇ ਸੱਚ ਦੇ ਮਾਰਗ ਦੇ ਪਾਂਧੀ ਬਣ ਸਕੀਏ। ਗੁਰਬਾਣੀ ਦਾ ਫਰਮਾਨ ਹੈ,
ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ॥

Be the first to comment

Leave a Reply

Your email address will not be published.