ਭਾਰਤ ਵਿਚ ਕੇਂਦਰ ਸਰਕਾਰ ਦੀ ਕਮਾਨ ਆਪਣੇ ਸਮਿਆਂ ਦੇ ਸਭ ਤੋਂ ਵਿਵਾਦਗ੍ਰਸਤ ਭਾਜਪਾ ਆਗੂ ਨਰੇਂਦਰ ਮੋਦੀ ਨੇ ਸੰਭਾਲ ਲਈ ਹੈ। ਸਰਕਾਰ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਉਸ ਨੇ ਬੜਾ ਤਿੱਖਾ ਮੋੜ ਕੱਟਦਿਆਂ ਪਾਕਿਸਤਾਨ ਨਾਲ ਗੱਲਬਾਤ ਦਾ ਰਾਹ ਖੋਲ੍ਹਿਆ ਹੈ। ਇਸ ਵਿਚਾਰ ਦੇ ਹੱਕ ਵਿਚ ਵੀ ਅਤੇ ਵਿਰੋਧ ਵਿਚ ਵੀ ਬੜਾ ਕੁਝ ਲਿਖਿਆ ਗਿਆ, ਪਰ ਖਿੱਤੇ ਦੇ ਹਿਸਾਬ ਨਾਲ ਇਹ ਪਹਿਲਕਦਮੀ ਚੰਗਾ ਕਦਮ ਹੀ ਮੰਨਿਆ ਜਾਣਾ ਚਾਹੀਦਾ ਹੈ; ਹਾਲਾਂਕਿ ਇਹ ਵੱਖਰੀ ਬਹਿਸ ਦਾ ਮੁੱਦਾ ਹੈ ਕਿ ਮੋਦੀ ਨੇ ਇਸ ਮੁੱਦੇ ਵਿਚ ਕਿੰਨੀ ਅਤੇ ਕਿਸ ਪੱਧਰ ਦੀ ਸਿਆਸਤ ਕਰਨ ਦਾ ਯਤਨ ਕੀਤਾ ਹੈ। ਵਿਚਾਰਨ ਵਾਲਾ ਮੁੱਦਾ ਇਹ ਵੀ ਹੈ ਕਿ ਭਾਜਪਾ ਸਦਾ ਹੀ ਪਾਕਿਸਤਾਨ ਦੇ ਖਿਲਾਫ ਪੈਂਤੜਾ ਮੱਲਦੀ ਰਹੀ ਹੈ, ਆਪਣੀਆਂ ਚੋਣ ਰੈਲੀਆਂ ਵਿਚ ਵੀ ਨਰੇਂਦਰ ਮੋਦੀ ਕਦੀ ਅਜਿਹਾ ਮੌਕਾ ਨਹੀਂ ਸਨ ਛੱਡਦੇ ਜਦੋਂ ਉਨ੍ਹਾਂ ਪਾਕਿਸਤਾਨ ਖਿਲਾਫ ਨਫਰਤ ਨਾ ਦਿਖਾਈ ਹੋਵੇ, ਫਿਰ ਹੁਣ ਅਜਿਹੀ ਕਿਹੜੀ ਗੱਲ ਹੋ ਗਈ ਕਿ ਉਨ੍ਹਾਂ ਆਪਣਾ ਪੈਂਤੜਾ ਬਦਲਿਆ ਹੈ? ਚੋਣਾਂ ਦੌਰਾਨ ਉਹ ਜਿਸ ਵੀ ਖਿੱਤੇ ਵਿਚ ਜਾਂਦੇ ਸਨ, ਉਸ ਖਿੱਤੇ ਦੀ ਸਿਆਸਤ ਦੇ ਹਿਸਾਬ ਨਾਲ ਭਾਸ਼ਨ ਦਿੰਦੇ ਸਨ। ਪੱਛਮੀ ਬੰਗਾਲ ਵਿਚ ਜਾ ਕੇ ਉਨ੍ਹਾਂ ਬੰਗਲਾਦੇਸ਼ੀਆਂ ਬਾਰੇ ਜੋ ਬਿਆਨ ਦਿੱਤਾ, ਉਹ ਨਿਰੀ ਜ਼ਹਿਰ ਹੀ ਤਾਂ ਸੀ। ਇਹ ਗੱਲ ਨੋਟ ਕੀਤੀ ਗਈ ਸੀ ਕਿ ਉਨ੍ਹਾਂ ਦੇ ਅਜਿਹੇ ਭੜਕਾਊ ਭਾਸ਼ਨਾਂ ਕਰ ਕੇ ਹੀ ਆਸਾਮ ਵਿਚ ਮੁਸਲਮਾਨਾਂ ਉਤੇ ਹਮਲਾ ਹੋਇਆ ਸੀ। ਜ਼ਾਹਿਰ ਹੈ ਕਿ ਲੋਕਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਉਹ ਕੋਈ ਵੀ ਨੁਕਤਾ ਛੱਡਦੇ ਨਹੀਂ ਸਨ, ਉਸ ਨਾਲ ਮਨੁੱਖਤਾ ਦਾ ਨੁਕਸਾਨ ਭਾਵੇਂ ਜਿੰਨਾ ਮਰਜ਼ੀ ਹੋ ਜਾਵੇ। ਉਂਜ ਵੀ ਅਜਿਹੇ ਸਾਰੇ ਮੁੱਦਿਆਂ ਬਾਰੇ ਭਾਜਪਾ ਅਤੇ ਇਸ ਦੀ ਮਾਂ-ਪਾਰਟੀ ਆਰæਐਸ਼ਐਸ਼ ਬਿਲਕੁੱਲ ਸਪਸ਼ਟ ਹੈ। ਹਿੰਦੂ ਰਾਸ਼ਟਰ ਦਾ ਇਨ੍ਹਾਂ ਦਾ ਆਪਣਾ ਦਾਈਆ ਹੈ ਅਤੇ ਮੁੱਢ ਤੋਂ ਹੀ ਇਹ ਇਸੇ ਨੁਕਤੇ ਤੋਂ ਸਿਆਸਤ ਕਰਦੀਆਂ ਰਹੀਆਂ ਹਨ। ਇਸੇ ਕਰ ਕੇ ਜਦੋਂ ਵਾਜਪਾਈ ਦੀ ਅਗਵਾਈ ਵਿਚ ਪਹਿਲਾਂ ਐਨæਡੀæਏæ ਸਰਕਾਰ ਬਣੀ ਸੀ ਤਾਂ ਭਾਜਪਾ ਕਈ ਮਾਮਲਿਆਂ ਵਿਚ ਆਪਣੀ ਮਰਜ਼ੀ ਤਾਂ ਭਾਵੇਂ ਨਹੀਂ ਸੀ ਕਰ ਸਕੀ, ਪਰ ਇਸ ਨੇ ਵੱਖ-ਵੱਖ ਖੇਤਰਾਂ, ਨਿਯੁਕਤੀਆਂ ਆਦਿ ਵਿਚ ਬਾਕਾਇਦਾ ਆਪਣੇ ਏਜੰਡੇ ਤਹਿਤ ਹੀ ਕਾਰਵਾਈਆਂ ਕੀਤੀਆਂ ਸਨ। ਹੁਣ ਵੀ ਇਸ ਦਾ ਨਜ਼ਰੀਆ ਪਹਿਲਾਂ ਨਾਲੋਂ ਵੱਖਰਾ ਨਹੀਂ ਹੋਵੇਗਾ। ਅਸਲ ਵਿਚ ਮੋਦੀ ਨੇ ਜਿਹੜਾ ਸਿਆਸੀ ਛੱਕਾ ਮਾਰਨ ਦਾ ਯਤਨ ਕੀਤਾ ਹੈ, ਇਸ ਨਾਲ ਚੋਣ ਨਤੀਜਿਆਂ ਨਾਲ ਪਹਿਲਾਂ ਹੀ ਪਸਤ ਹੋਈ ਕਾਂਗਰਸ ਅਤੇ ਬੇਵੱਸ ਹੋਏ ਡਾæ ਮਨਮੋਹਨ ਸਿੰਘ ਹੋਰ ਵੀ ਪਸਤ ਹੋ ਗਏ ਹਨ। ਭਾਜਪਾ ਦੀ ਇਸ ਕਥਿਤ ‘ਨਰਮੀ’ ਦਾ ਇਕ ਕਾਰਨ ਸੱਤਾ ਦੀ ਮਜਬੂਰੀ ਵੀ ਹੋ ਸਕਦਾ ਹੈ। ਵਿਰੋਧੀ ਧਿਰ ਵਿਚ ਰਹਿ ਕੇ ਭਾਜਪਾ ਜੋ ਸਿਆਸਤ ਕਰਦੀ ਰਹੀ ਹੈ, ਹੁਣ ਸੱਤਾ ਸਾਂਭਣ ਤੋਂ ਬਾਅਦ ਉਨ੍ਹਾਂ ਨੁਕਤਿਆਂ ਬਾਰੇ ਖੁਦ ਸੋਘੀ ਹੋ ਗਈ ਹੈ। ਇਸ ਤੱਥ ਨੂੰ ਸਮਝਣ ਲਈ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੇ ਪਾਕਿਸਤਾਨ ਦੌਰੇ ਨੂੰ ਵਿਚਾਰਿਆ ਜਾ ਸਕਦਾ ਹੈ।
ਮੋਦੀ ਦੀ ਤਾਜਪੋਸ਼ੀ ਨੂੰ ਪੰਜਾਬ ਦੇ ਕੋਣ ਤੋਂ ਵੱਖਰੇ ਢੰਗ ਨਾਲ ਵੀ ਵਿਚਾਰਿਆ ਜਾ ਸਕਦਾ ਹੈ। ਇਸ ਨਾਲ ਹੁਣ ਬਾਦਲਾਂ ਨੂੰ ਆਪਣੇ ਦਾਅਵੇ-ਵਾਅਦੇ ਪੂਰੇ ਕਰਨ ਦਾ ਇਕ ਹੋਰ ਮੌਕਾ ਵੀ ਮਿਲਿਆ ਹੈ। ਆਪਣੇ ਭਾਸ਼ਨਾਂ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਹਨ ਕਿ ਜੇ ਕੇਂਦਰ ਵਿਚ ਮੋਦੀ ਸਰਕਾਰ ਬਣ ਜਾਵੇ ਤਾਂ ਪੰਜਾਬ ਦੇ ਵਾਰੇ-ਨਿਆਰੇ ਹੋ ਜਾਣ, ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਅਕਾਲੀ ਸਰਕਾਰ ਰਲ ਕੇ ਪੰਜਾਬ ਦਾ ਮਿਸਾਲੀ ਵਿਕਾਸ ਕਰ ਸਕਦੀਆਂ ਹਨ। ਬਾਦਲ ਪੰਜਾਬ ਵਿਚ ਨਸ਼ਿਆਂ ਦੇ ਫੈਲਾਓ ਅਤੇ ਹੋਰ ਮਾੜੀਆਂ ਅਲਾਮਤਾਂ ਲਈ ਅਕਸਰ ਕੇਂਦਰ ਸਰਕਾਰ ਨੂੰ ਦੋਸ਼ੀ ਗਰਦਾਨਦੇ ਰਹੇ ਹਨ। ਹੁਣ ਦੋਹੀਂ ਥਾਈਂ ਬਾਦਲ ਦੀਆਂ ‘ਆਪਣੀਆਂ’ ਸਰਕਾਰਾਂ ਹਨ। ਹੁਣ ਤਵੱਕੋ ਕਰਨੀ ਚਾਹੀਦੀ ਹੈ ਕਿ ਪੰਜਾਬ ਚਾਰ ਕਦਮ ਅਗਾਂਹ ਵਧੇਗਾ। ਉਂਜ ਇਸ ਮਾਮਲੇ ਵਿਚ ਮੋਦੀ ਅਤੇ ਬਾਦਲ ਦੇ ਪਹਿਲੇ ਹੀ ਫੈਸਲੇ ਨੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿਣ ਦਿੱਤੀ ਹੈ। ਮੋਦੀ ਆਪਣੇ ਭਾਸ਼ਨਾਂ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਸ ਦੇ ਪੁੱਤਰ ਰਾਹੁਲ ਗਾਂਧੀ ਉਤੇ ਹਮਲੇ ਕਰਨ ਲਈ ਕਾਂਗਰਸ ਦੇ ਪਰਿਵਾਰਵਾਦ ਦੀਆਂ ਗੱਲਾਂ ਕਰਦੇ ਰਹੇ ਹਨ, ਪਰ ਪੰਜਾਬ ਦੇ ਕੋਟੇ ਵਿਚੋਂ ਮੰਤਰੀ ਬਣਾਉਣ ਦੇ ਮਾਮਲੇ ਵਿਚ ਉਨ੍ਹਾਂ ਪਰਿਵਾਰਵਾਦ ਨੂੰ ਹੀ ਸ਼ਹਿ ਦਿੱਤੀ ਅਤੇ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜ਼ਾਰਤ ਵਿਚ ਲੈ ਲਿਆ। ਮੁੱਖ ਮੰਤਰੀ ਬਾਦਲ ਪਹਿਲਾਂ ਇਹ ਕਹਿੰਦੇ ਰਹੇ ਕਿ ਐਤਕੀਂ ਕੇਂਦਰੀ ਵਜ਼ਾਰਤ ਵਿਚ ਕੋਈ ਅਕਾਲੀ ਮੰਤਰੀ ਨਹੀਂ ਬਣੇਗਾ ਪਰ ਜਦੋਂ ਵਾਰੀ ਆਈ ਤਾਂ ਉਨ੍ਹਾਂ ਨੂੰ ਸਿਰਫ ਆਪਣੀ ਨੂੰਹ ਦਾ ਨਾਂ ਹੀ ਯਾਦ ਰਿਹਾ। ਸਭ ਤੋਂ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਂ ਉਤੇ ਤਾਂ ਵਿਚਾਰ ਵੀ ਨਹੀਂ ਹੋਇਆ। ਸਪਸ਼ਟ ਹੈ ਕਿ ਇਨ੍ਹਾਂ ਲੀਡਰਾਂ ਲਈ ਭਾਸ਼ਨਾਂ ਵਾਲੀਆਂ ਗੱਲਾਂ ਹੋਰ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਅਮਲ ਹੋਰ ਹੁੰਦੇ ਹਨ। ਇਸੇ ਕਰ ਕੇ ਹੀ ਸਿਆਸਤ ਵਿਚ ਆ ਰਹੇ ਨਿਘਾਰ ਨੂੰ ਠੱਲ੍ਹ ਨਹੀਂ ਪੈ ਰਹੀ, ਇਸੇ ਕਰ ਕੇ ਸ਼੍ਰੋਮਣੀ ਅਕਾਲੀ ਦਲ ਵਰਗੀ ਇਤਿਹਾਸਕ ਤੇ ਜੁਝਾਰੂ ਜਥੇਬੰਦੀ ਬਾਦਲਾਂ ਦੀ ਬਾਂਦੀ ਬਣ ਕੇ ਰਹਿ ਗਈ ਹੈ। ਸਿਤਮਜ਼ਰੀਫੀ ਇਹ ਹੈ ਕਿ ਕਿਸੇ ਵੀ ਅਕਾਲੀ ਲੀਡਰ ਵਿਚ ਇੰਨਾ ਦਮ ਨਹੀਂ ਕਿ ਬਾਦਲਾਂ ਦੀਆਂ ਮਨਮਾਨੀਆਂ ਨੂੰ ਵੰਗਾਰ ਸਕਣ। ਖੈਰ! ਬਾਦਲਾਂ ਦਾ ਆਪਣਾ ਪਹਿਲਾ ਏਜੰਡਾ ਸੱਤਾ ਉਤੇ ਕਬਜ਼ਾ ਰੱਖਣਾ ਹੈ, ਪਰ ਇਨ੍ਹਾਂ ਦੇ ਜੋਟੀਦਾਰ ਮੋਦੀ ਦਾ ਏਜੰਡਾ ਇਕੱਲੀ ਸੱਤਾ ਨਹੀਂ। ਮੋਦੀ ਐਂਡ ਪਾਰਟੀ ਦਾ ਏਜੰਡਾ ਮੁੱਖ ਰੂਪ ਵਿਚ ਹਿੰਦੁਤਵ ਸਿਆਸਤ ਨਾਲ ਜੁੜਿਆ ਹੋਇਆ ਹੈ। ਇਹ ਸਿਆਸਤ ਆਉਣ ਵਾਲੇ ਦਿਨਾਂ ਵਿਚ ਕੀ ਗੁਲ ਖਿਲਾਉਂਦੀ ਹੈ, ਇਹ ਪੰਜਾਬ ਕਾਂਗਰਸ ਅਤੇ ਹੋਰ ਅਹਿਮ ਧਿਰਾਂ ਦੀ ਸਿਆਸਤ ਉਤੇ ਵੀ ਨਿਰਭਰ ਕਰਦਾ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਦੀ ਵੱਡੀ ਜਿੱਤ ਨੇ ਵੀ ਪੰਜਾਬ ਲਈ ਆਸ ਬੰਨ੍ਹਾਈ ਹੈ, ਪਰ ‘ਆਪ’ ਦੇ ਆਗੂ ਆਪਣੀ ਸਿਆਸਤ ਨਾਲ ਸੂਬੇ ਦੀ ਲੀਹੋਂ ਲਹਿ ਚੁੱਕੀ ਸਿਆਸਤ ਨੂੰ ਲੀਹ ਉਤੇ ਪਾਉਣ ਵਿਚ ਕਿੰਨਾ ਸਫਲ ਹੁੰਦੇ ਹਨ, ਇਹ ਉਨ੍ਹਾਂ ਦੀ ਜਥੇਬੰਦ ਸਰਗਰਮੀ ਉਤੇ ਨਿਰਭਰ ਹੈ।
Leave a Reply