ਭਾਜਪਾ ਲੀਡਰਾਂ ਦੇ ਆਪਸ ਵਿਚ ਹੀ ਸਿੰਗ ਫਸੇ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਦਨ ਮੋਹਨ ਮਿੱਤਲ ਦੇ ਆਪਣੇ ਹੀ ਵਿਭਾਗ ਦੀ ਮੁੱਖ ਸੰਸਦੀ ਸਕੱਤਰ ਡਾæ ਨਵਜੋਤ ਕੌਰ ਸਿੱਧੂ ਨਾਲ ਸਿੰਗ ਫਸ ਗਏ ਹਨ। ਦੋਹਾਂ ਵੱਲੋਂ ਮੀਡੀਆ ਵਿਚ ਇਕ ਦੂਜੇ ਨੂੰ ਖੁੱਲ੍ਹ ਕੇ ਭੰਡਿਆ ਜਾ ਰਿਹਾ ਹੈ। ਸਿਹਤ ਮੰਤਰੀ ਦਾ ਆਪਣੇ ਵਿਭਾਗ ਦੀ ਮੁੱਖ ਸੰਸਦੀ ਸਕੱਤਰ ਨਾਲ ਟਕਰਾਅ ਡਾæ ਸਿੱਧੂ ਵੱਲੋਂ ਸਰਕਾਰੀ ਸੇਵਾ ਕਰਦੇ ਦੋ ਡਾਕਟਰਾਂ ਨੂੰ ਪ੍ਰਾਈਵੇਟ ਪ੍ਰੈਕਟਿਸ ਕਰਦਿਆਂ ਫੜੇ ਜਾਣ ਤੋਂ ਪੈਦਾ ਹੋਇਆ ਹੈ। ਇਹ ਮਾਮਲਾ ਬੇਸ਼ੱਕ ਭਾਜਪਾ ਹਾਈ ਕਮਾਨ ਤੱਕ ਵੀ ਪਹੁੰਚ ਗਿਆ ਹੈ ਪਰ ਪਾਰਟੀ ਦੇ ਸੀਨੀਅਰ ਆਗੂਆਂ ਨੇ ਹੁਣ ਤੱਕ ਕੋਈ ਦਖ਼ਲ ਨਹੀਂ ਦਿੱਤਾ।
ਡਾæ ਸਿੱਧੂ ਦੀਆਂ ਸਰਗਰਮੀਆਂ ‘ਤੇ ਟਿੱਪਣੀ ਕਰਦਿਆਂ ਸ੍ਰੀ ਮਿੱਤਲ ਨੇ ਕਿਹਾ ਹੈ ਕਿ ਉਹ ਆਪਣੇ ਅਧਿਕਾਰਾਂ ਤੇ ਸ਼ਕਤੀਆਂ ਤੋਂ ਬਾਹਰ ਜਾ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵਿਸ਼ੇਸ਼ ਲਈ ਆਪਣੇ ਅਧਿਕਾਰਾਂ ਤੇ ਅਖਤਿਆਰਾਂ ਤੋਂ ਬਾਹਰ ਜਾ ਕੇ ਕੰਮ ਕਰਨਾ ਸ਼ੋਭਾ ਨਹੀਂ ਦਿੰਦਾ। ਮੁੱਖ ਸੰਸਦੀ ਸਕੱਤਰ ਵੱਲੋਂ ਸਰਕਾਰੀ ਡਾਕਟਰਾਂ ਨੂੰ ਨਿੱਜੀ ਹਸਪਤਾਲਾਂ ਵਿਚ ਪ੍ਰੈਕਟਿਸ ਕਰਦਿਆਂ ਫੜ੍ਹੇ ਜਾਣ ਤੋਂ ਬਾਅਦ ਦੀ ਪੁਲਿਸ ਕਾਰਵਾਈ ਨੂੰ ਗਲਤ ਕਰਾਰ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਡਾਕਟਰ ਪ੍ਰਾਈਵੇਟ ਹਸਪਤਾਲ ਵਿਚ ਪ੍ਰੈਕਟਿਸ ਕਰਦਾ ਹੈ ਤਾਂ ਉਸ ਵਿਰੁੱਧ ਅਪਰਾਧਕ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ।
ਡਾæ ਸਿੱਧੂ ਵੱਲੋਂ ਕੀਤੀਆਂ ਸਰਗਰਮੀਆਂ ਬਾਰੇ ਸ੍ਰੀ ਮਿੱਤਲ ਨੇ ਇੱਥੋਂ ਤੱਕ ਕਿਹਾ ਕਿ ਰਾਜਨੀਤਕ ਵਿਅਕਤੀਆਂ ਨੂੰ ‘ਥਾਣੇਦਾਰਾਂ’ ਵਾਂਗ ਵਿਵਹਾਰ ਕਰਨਾ ਸ਼ੋਭਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਡਾਕਟਰਾਂ ਖ਼ਿਲਾਫ਼ ਸੇਵਾ ਨਿਯਮਾਂ ਮੁਤਾਬਕ ਹੀ ਕਾਰਵਾਈ ਕੀਤੀ ਜਾ ਸਕਦੀ ਹੈ। ਸ੍ਰੀ ਮਿੱਤਲ ਨੇ ਕਿਹਾ ਕਿ ਡਾਕਟਰਾਂ ਵਿਰੁੱਧ ਅਪਰਾਧਕ ਮਾਮਲੇ ਦਰਜ ਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਹੀ ਫੌਜਦਾਰੀ ਕੇਸ ਦਰਜ ਹੋ ਸਕਦਾ ਹੈ।
ਮੰਤਰੀ ਨੇ ਕਿਹਾ ਕਿ ਬਿਨਾਂ ਸ਼ੱਕ ਮੁੱਖ ਸੰਸਦੀ ਸਕੱਤਰ ਦੀਆਂ ਕਾਰਵਾਈਆਂ ਵਿਭਾਗ ਦੇ ਡਾਕਟਰਾਂ ਵਿਚ ਅਸੁਰੱਖਿਆ ਤੇ ਭੈਅ ਦਾ ਮਾਹੌਲ ਪੈਦਾ ਕਰ ਰਹੀਆਂ ਹਨ ਜਿਸ ਦਾ ਅਸਰ ਵਿਭਾਗ ਦੇ ਕੰਮ ‘ਤੇ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਮੰਤਰੀਆਂ ਦੇ ਸਹਾਇਕ ਵਜੋਂ ਕੀਤੀ ਗਈ ਹੈ। ਇਹ ਕੋਈ ਵਿਧਾਨਕ ਅਹੁਦਾ ਨਹੀਂ। ਮੁੱਖ ਸੰਸਦੀ ਸਕੱਤਰ ਨਾ ਤਾਂ ਵਿਭਾਗ ਦੀ ਕੋਈ ਫਾਈਲ ਦੇਖ ਸਕਦੇ ਹਨ ਤੇ ਨਾ ਹੀ ਕੁਝ ਲਿਖ ਸਕਦੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਰਾਜਨੀਤੀ ਵਿਚ ਦਾਖਲ ਹੋਣ ਤੋਂ ਬਾਅਦ ਕੋਈ ਵੀ ਵਿਅਕਤੀ ਕਿਸੇ ‘ਤੇ ਅਹਿਸਾਨ ਨਹੀਂ ਕਰਦਾ, ਉਹ ਆਪਣੀ ਇੱਛਾ ਮੁਤਾਬਕ ਹੀ ਇਸ ਖੇਤਰ ਵਿਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਕੋਈ ਪੇਸ਼ਾ ਨਹੀਂ ਹੈ ਇਹ ਤਾਂ ਲੋਕ ਸੇਵਾ ਹੈ। ਉਨ੍ਹਾਂ ਕਿਹਾ ਕਿ ਹਰ ਖੇਤਰ ਵਿਚ ਕੰਮ ਕਰਦੇ ਬੰਦੇ ਨੇ ਆਪਣੇ ਲਈ ਸਵੈ ਅਨੁਸ਼ਾਸਨ ਬਣਾਉਣਾ ਹੁੰਦਾ ਹੈ ਤੇ ਉਸ ਮੁਤਾਬਕ ਹੀ ਕੰਮ ਕਰਨਾ ਹੁੰਦਾ ਹੈ।
ਉਧਰ, ਡਾæ ਸਿੱਧੂ ਨੇ ਵੀ ਸਿਹਤ ਮੰਤਰੀ ਦੀ ਕਾਰਗੁਜ਼ਾਰੀ ‘ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਮਦਨ ਮੋਹਨ ਮਿੱਤਲ ਵੱਲੋਂ ਡਾæ ਸਿੱਧੂ ਨੂੰ ਅਖਤਿਆਰੀ ਖੇਤਰ ਵਿਚ ਰਹਿਣ ਦੀ ਨਸੀਹਤ ‘ਤੇ ਉਨ੍ਹਾਂ ਕਿਹਾ ਸੀ ਕਿ ਮੰਤਰੀ ਲਿਖਤੀ ਤੌਰ ‘ਤੇ ਦੱਸ ਦੇਣ ਉਨ੍ਹਾਂ ਦੇ ਕੀ ਕੰਮ ਹਨ। ਮੁੱਖ ਸੰਸਦੀ ਸਕੱਤਰ ਨੇ ਦੋਸ਼ ਲਾਇਆ ਸੀ ਕਿ ਜੋ ਕੰਮ ਮੰਤਰੀ ਨਹੀਂ ਕਰ ਰਿਹਾ ਉਹ ਤਾਂ ਉਹ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਦਰਸ਼ਨੀ ਘੋੜਾ ਬਣਿਆ ਰਹਿਣਾ ਪਸੰਦ ਨਹੀਂ ਕਰਦੀ ਤੇ ਡਾਕਟਰੀ ਦਾ ਪੇਸ਼ਾ ਛੱਡ ਕੇ ਵਿਭਾਗ ਦੇ ਸੁਧਾਰ ਲਈ ਆਈ ਹੈ ਤੇ ਇਹ ਮੁਹਿੰਮ ਜਾਰੀ ਰਹੇਗੀ।
ਡਾæ ਸਿੱਧੂ ਨੇ ਆਖਿਆ ਕਿ ਉਹ ਸਰਕਾਰੀ ਡਾਕਟਰਾਂ ਨੂੰ ਡਰਾ ਧਮਕਾ ਨਹੀਂ ਰਹੇ ਸਗੋਂ ਵਿਗੜੀ ਤਾਣੀ ਨੂੰ ਲੀਹ ‘ਤੇ ਲਿਆਉਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਬਤੌਰ ਵਿਧਾਇਕ ਉਨ੍ਹਾਂ ਨੂੰ ਇਹ ਹੱਕ ਪ੍ਰਾਪਤ ਹੈ ਕਿ ਉਹ ਸਰਕਾਰੀ ਹਸਪਤਾਲਾਂ ਤੇ ਸਕੂਲਾਂ ਦੀ ਕਾਰਗੁਜ਼ਾਰੀ ‘ਤੇ ਅੱਖ ਰੱਖ ਸਕਦੇ ਹਨ।
________________________________
ਬਾਦਲ ਵੱਲੋਂ ਦਖਲ ਦੇਣ ਤੋਂ ਨਾਂਹ
ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿਹਤ ਭਲਾਈ ਵਿਭਾਗ ਦੇ ਮੰਤਰੀ ਮਦਨ ਮੋਹਨ ਮਿੱਤਲ ਤੇ ਇਸੇ ਵਿਭਾਗ ਦੀ ਮੁੱਖ ਸੰਸਦੀ ਸਕੱਤਰ ਡਾæ ਨਵਜੋਤ ਕੌਰ ਸਿੱਧੂ ਵਿਚਾਲੇ ਚੱਲ ਰਹੇ ਟਕਰਾਅ ਨੂੰ ਖ਼ਤਮ ਕਰਨ ਲਈ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਧਰ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਮਿੱਤਲ-ਸਿੱਧੂ ਵਿਵਾਦ ਦੇ ਮੁੱਦੇ ‘ਤੇ ਹਰਕਤ ਵਿਚ ਆਈ ਹੈ। ਪਾਰਟੀ ਦੀ ਪੰਜਾਬ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਸ਼ਾਂਤਾ ਕੁਮਾਰ ਨੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸਿਹਤ ਮੰਤਰੀ ਤੇ ਮੁੱਖ ਸੰਸਦੀ ਸਕੱਤਰ ਵਿਚਾਲੇ ਚੱਲਦੇ ਵਿਵਾਦ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼ ਬਾਦਲ ਨੇ ਕਿਹਾ ਹੈ ਕਿ ਸਿਹਤ ਮੰਤਰੀ ਤੇ ਮੁੱਖ ਸੰਸਦੀ ਸਕੱਤਰ ਦਾ ਸਬੰਧ ਭਾਰਤੀ ਜਨਤਾ ਪਾਰਟੀ ਨਾਲ ਹੈ ਤੇ ਭਾਜਪਾ ਦੇ ਸੂਬਾ ਪ੍ਰਧਾਨ ਹੀ ਇਸ ਮਾਮਲੇ ਨੂੰ ਹੱਲ ਕਰਨਗੇ। ਸ਼ ਬਾਦਲ ਨੇ ਇਹ ਵੀ ਮੰਨਿਆ ਕਿ ਸਿਹਤ ਮੰਤਰੀ ਤੇ ਮੁੱਖ ਸੰਸਦੀ ਸਕੱਤਰ ਵਿਚਾਲੇ ਵਿਵਾਦ ਕਾਰਨ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਚ ਅਹੁਦਿਆਂ ‘ਤੇ ਬੈਠੇ ਵਿਅਕਤੀਆਂ ਵਿਚਾਲੇ ਵਿਵਾਦ ਬਹੁਤ ਮੰਦਭਾਗਾ ਹੈ ਪਰ ਇਸ ਮਾਮਲੇ ਵਿਚ ਮੁੱਖ ਮੰਤਰੀ ਦੇ ਦਖਲ ਦੀ ਅਜੇ ਕੋਈ ਜ਼ਰੂਰਤ ਨਹੀਂ। ਰੌਚਕ ਤੱਥ ਇਹ ਵੀ ਹੈ ਕਿ ਡਾæ ਸਿੱਧੂ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਅਸ਼ੀਰਵਾਦ ਹਾਸਲ ਹੈ। ਇਸੇ ਕਰਕੇ ਉਹ ਸਿਹਤ ਵਿਭਾਗ ਸੁਧਾਰਨ ‘ਤੇ ਤੁਰੇ ਹੋਏ ਹਨ। ਪਾਰਟੀ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਡਾæ ਨਵਜੋਤ ਕੌਰ ਸਿੱਧੂ ਦੇ ਪਤੀ ਨਵਜੋਤ ਸਿੰਘ ਸਿੱਧੂ ਦਾ ਪਾਰਟੀ ਹਾਈ ਕਮਾਂਡ ਵਿਚ ਦਬਦਬਾ ਹੋਣ ਕਾਰਨ ਕੋਈ ਵੀ ਵੱਡਾ ਆਗੂ ਦਖਲ ਨਹੀਂ ਦੇ ਰਿਹਾ।

Be the first to comment

Leave a Reply

Your email address will not be published.