ਲਿਖੇ ਮੂਸਾ, ਪੜ੍ਹੇ ਖ਼ੁਦਾ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਚੰਗਾ ਰਹੇਗਾ ਜੇ ਸਿਰਲੇਖ ਬਣਾਈ ਗਈ ਕਹਾਵਤ ਦਾ ਭਾਵ ਅਰਥ ਸਮਝਣ ਲਈ ਪਹਿਲਾਂ ਇਕ ਲਤੀਫਾ ਸੁਣ ਲਈਏ। ਕਿਸੇ ਕੁੜੀ ਦੀ ਨਵੀਂ ਨਵੀਂ ਮੰਗਣੀ ਹੋਈ ਸੀ। ਉਹ ਆਪਣੀਆਂ ਸਹੇਲੀਆਂ ‘ਤੇ ਰੋਅਬ ਜਮਾਉਣ ਲਈ ਹੁੱਬ ਹੁੱਬ ਦੱਸ ਰਹੀ ਸੀ ਕਿ ਉਹ ਡਾਕਟਰ ਨਾਲ ਮੰਗੀ ਗਈ ਹੈ। ਬਾਕੀ ਦੀਆਂ ਕੁੜੀਆਂ ਤਾਂ ਉਹਦੇ ਵੱਲ ਬੜੇ ਰਸ਼ਕ ਨਾਲ ਦੇਖਣ ਲੱਗੀਆਂ ਪਰ ਇਕ ਚਲਾਕ ਜਿਹੀ ਕੁੜੀ ਮੂੰਹ ਬਣਾ ਕੇ ਕਹਿੰਦੀ, “ਪਤੀ ਦੇਵ ਡਾਕਟਰ ਸਾ’ਬ ਦੀਆਂ ਲਿਖੀਆਂ ਚਿੱਠੀਆਂ ਪੜ੍ਹਾਉਣ ਲਈ, ਮੈਡੀਕਲ ਸਟੋਰਾਂ ‘ਤੇ ਗੇੜੇ ਮਾਰਦੀ ਰਿਹਾ ਕਰੇਂਗੀ।”
ਕੋਈ ਐਸਾ ਵਿਅਕਤੀ ਨਹੀਂ ਹੋਣਾ ਜਿਸ ਦਾ ਕਦੇ ਡਾਕਟਰਾਂ ਦੀਆਂ ਪਰਚੀਆਂ ਨਾਲ ਵਾਹ ਨਾ ਪਿਆ ਹੋਵੇ। ਟਾਵੇਂ ਡਾਕਟਰਾਂ ਨੂੰ ਛੱਡ ਕੇ ਬਹੁਤਿਆਂ ਦੀਆਂ ਲਿਖੀਆਂ ਪਰਚੀਆਂ ਉਪਰ ਸਿਰਫ ‘ਆਰ ਐਕਸ’ ਤਾਂ ਪੜ੍ਹ ਹੋ ਜਾਂਦਾ ਹੈ ਪਰ ਦਵਾਈਆਂ ਦੇ ਨਾਂ ਇੰਨੀ ਰੱਦੀ ਲਿਖਾਈ ‘ਚ ਲਿਖੇ ਹੁੰਦੇ ਹਨ ਜਿਵੇਂ ਵੰਗਾਂ/ਚੂੜੀਆਂ ਭੰਨ ਕੇ ਖਿਲਾਰੀਆਂ ਹੋਈਆਂ ਹੋਣ। ਉਦੋਂ ਫਾਰਮੇਸੀਆਂ ਵਾਲੇ ‘ਖੁਦਾ’ ਹੀ ਜਾਪਦੇ ਹੁੰਦੇ ਹਨ, ਜਦ ਉਹ ਡਾਕਟਰ ‘ਮੂਸਿਆਂ’ ਦੀਆਂ ਪਰਚੀਆਂ ਤੋਂ ਦਵਾਈਆਂ ਦੇ ਨਾਮ ਪੜ੍ਹ ਕੇ ਮਰੀਜ਼ਾਂ ਨੂੰ ਸਮਝਾ ਰਹੇ ਹੁੰਦੇ ਨੇ।
ਕਿਸੇ ਦੋ ਜਣਿਆਂ ਦੀ ਕਿਸਮਤ ਇਕੋ ਜਿਹੀ ਹੋ ਸਕਦੀ ਹੈ ਪਰ ਹੱਥਲਿਖਤ ਹਰ ਇਕ ਦੀ ਆਪੋ ਆਪਣੀ ਹੁੰਦੀ ਹੈ। ਸਾਫ਼ ਸਪੱਸ਼ਟ ਤੇ ਸੁੰਦਰ ਲਿਖਾਈ ਵਾਲਿਆਂ ਦੀਆਂ ਲਿਖਤਾਂ ਪੜ੍ਹਨ ਵਿਚ ਕੋਈ ਦਿੱਕਤ ਨਹੀਂ ਹੁੰਦੀ, ਸਗੋਂ ਮੋਤੀਆਂ ਵਾਂਗ ਪਰੋਏ ਅੱਖਰ ਦੇਖ ਕੇ ਪੜਨ ਵਾਲਾ ‘ਅਸ਼ ਅਸ਼’ ਕਰ ਉਠਦਾ ਹੈ। ਇਸ ਦੇ ਉਲਟ ਜਿਨ੍ਹਾਂ ਦੀ ਲਿਖਾਈ ਇਹੋ ਜਿਹੀ ਹੋਵੇ, ਜਿਵੇਂ ਕੀੜਾ ਸਿਆਹੀ ਨਾਲ ਲਬੇੜ ਕੇ ਕਾਗਜ਼ ‘ਤੇ ਛੱਡਿਆ ਹੁੰਦਾ ਹੈ, ਉਨ੍ਹਾਂ ਦੀ ਲਿਖਤ ਕੋਈ ਸਬਰ ਸੰਤੋਖ ਵਾਲਾ ਹੀ ਪੜ੍ਹ ਸਕਦਾ ਹੈ। ਭੱਦੀ ਲਿਖਾਈ ਦੇ ਨਾਲ ਨਾਲ ਜੇ ਲਗਾਂ ਮਾਤਰਾਂ ਵਰਤਣ ਪੱਖੋਂ ਵੀ ‘ਹੱਥ ਤੰਗ’ ਹੋਵੇ, ਫਿਰ ਤਾਂ ਅਜਿਹੇ ਮੂਸੇ ਲਿਖਾਰੀਆਂ ਦੀਆਂ ਲਿਖਤਾਂ ਖੁਦਾ ਤੋਂ ਇਲਾਵਾ ਹੋਰ ਕੋਈ ਮਾਈ ਦਾ ਲਾਲ ਪੜ੍ਹ ਹੀ ਨਹੀਂ ਸਕਦਾ। ਇਹੀ ਹਾਲ ਆਪਣੀਆਂ ਲਿਖਤਾਂ ਵਿਚ ਬੁਝਾਰਤਾਂ ਵਰਗੇ ਗੁੱਝੇ ਇਸ਼ਾਰੇ ਕਰਨ ਵਾਲਿਆਂ ਦਾ ਹੁੰਦਾ ਹੈ।
ਬੜੇ ਚਿਰਾਂ ਦੀ ਗੱਲ ਹੈ। ਮੈਨੂੰ ਆਪਣੇ ਪਿੰਡੋਂ ਬਲਾਚੌਰ ਲਾਗੇ ਪੈਂਦੇ ਪਿੰਡ ਬੀਰੋਵਾਲ ਜਾਣ ਲਈ ਮਸ਼ਹੂਰ ਪਿੰਡ ਮੀਰਪੁਰ ਜੱਟਾਂ ਵਿਚੋਂ ਲੰਘਣਾ ਪੈਂਦਾ ਸੀ। ਇਸ ਪਿੰਡ ਵਿਚ ਵੜਦਿਆਂ ਹੀ ਸੜਕ ਦੇ ਨਾਲ ਲਗਦੇ ਪੱਕੇ ਕੋਠੇ ਉਤੇ ਚਿੱਟੀ ਸਫੇਦੀ ਨਾਲ ਉਘੜ-ਦੁਘੜੇ ਅੱਖਰਾਂ ‘ਚ ਲਿਖਿਆ ਹੁੰਦਾ ਸੀ,
‘ਹਾਪਿ ਦਾਵਿਲੀ ਮਾਕਨ ਮਲਕਾ ਬਲਿ’
ਆਪੋ-ਆਪਣਾ ਸੁਭਾਅ ਹੁੰਦਾ ਹੈ। ਇਸ ਅਨੋਖੀ ਸਤਰ ਵੱਲ ਦੇਖਦਿਆਂ ਸੈਂਕੜੇ ਹਜ਼ਾਰਾਂ ਮੁਸਾਫਰ ਲੰਘਦੇ ਹੋਣਗੇ ਪਰ ਮੈਂ ਹਰ ਵਾਰੀ ਉਸ ਕੋਠੇ ਕੋਲੋਂ ਲੰਘਦਿਆਂ ਸਾਇਕਲ ਹੌਲੀ ਕਰ ਕੇ ਸੁਆਰ ਸੁਆਰ ਕੇ ਪੜ੍ਹਦਾ ਰਹਿੰਦਾ। ਮਨ ਹੀ ਮਨ ਤੀਰ-ਤੁੱਕੇ ਲਾਉਂਦਿਆਂ ਮੈਂ ਸੋਚਦਾ ਰਹਿੰਦਾ ਕਿ ਇਹ ਸਤਰ ਲਿਖਣ ਵਾਲਾ ਕੀ ਕਹਿਣਾ ਚਾਹੁੰਦਾ ਹੋਵੇਗਾ? ਆਖਰ ਇਕ ਦਿਨ ਮੇਰੇ ਸਬਰ ਦਾ ਪਿਆਲਾ ਭਰ ਗਿਆ। ਇਹ ਗੁੰਝਲ ਖੋਲ੍ਹਣ ਲਈ ਮੈਂ ਸਾਇਕਲ ਖੜ੍ਹਾ ਕੇ ਉਸ ਘਰੇ ਜਾ ਵੜਿਆ। ਇਕ ਹਲਕੀ ਜਿਹੀ ਉਮਰ ਦਾ ਮੁੰਡਾ ਭੁੰਜੇ ਹੀ ਕਾਪੀਆਂ ਕਿਤਾਬਾਂ ਦਾ ਖਿਲਾਰਾ ਪਾਈ ਬੈਠਾ ਸਕੂਲ ਦਾ ਕੰਮ ਕਰ ਰਿਹਾ ਸੀ। ਬੜੇ ਪ੍ਰੇਮ ਨਾਲ ਉਸ ਨੂੰ ਕੋਠੇ ਦੀ ਕੰਧ ‘ਤੇ ਲਿਖੇ ਹੋਏ ‘ਗੁੱਝੇ ਮੰਤਰ’ ਦਾ ਮਤਲਬ ਪੁੱਛਿਆ। ਸੰਗਦੇ ਸੰਗਦੇ ਮੁੰਡੇ ਨੇ ਜੋ ਭੇਦ ਖੋਲ੍ਹਿਆ, ਉਸ ਨੂੰ ਸੁਣ ਕੇ ਮੇਰਾ ਹਾਸਾ ਨਾ ਬੰਦ ਹੋਵੇ। ਲਗਾਂ-ਮਾਤਰਾਂ ਤੋਂ ਅਨਜਾਣ ਮੁੰਡੇ ਤੋਂ ਪਤਾ ਚੱਲਿਆ ਕਿ ਇਹ ਤਾਂ ਉਸ ਨੇ ਆਪਣੇ ਚਿੱਤੋਂ ਦੀਵਾਲੀ ਦੀ ਵਧਾਈ ਦੇ ਕੇ ਆਪਣੇ ਭਾਪੇ ਦਾ ਨਾਂ ਲਿਖਿਆ ਹੋਇਐ, ‘ਹੈਪੀ ਦੀਵਾਲੀ ਮਕਾਨ ਮਾਲਕ ਬੱਲੀ’
ਗੁਰਪੁਰਬ ਮਨਾਉਣ ਲਈ ਸਾਡੇ ਪਿੰਡ ਦੇ ਗੁਰਦੁਆਰੇ ਅਖੰਡ ਪਾਠ ਅਰੰਭ ਹੋਇਆ। ਗੁਰਦੁਆਰੇ ਮੱਥਾ ਟੇਕਣ ਲੱਗੇ ਨੇ ਮੈਂ ਦੇਖਿਆ ਕਿ ਰੁਮਾਲਿਆਂ ‘ਤੇ ਇਕ ਕਾਗਜ਼ ਪਿਆ ਹੈ। ਸੋਚਿਆ ਕਿ ਸ਼ਾਇਦ ਸ਼ਰਧਾਲੂਆਂ ਲਈ ਕੋਈ ਸੂਚਨਾ ਲਿਖੀ ਪਈ ਹੋਵੇਗੀ। ਕਾਗਜ਼ ਚੁੱਕ ਕੇ ਮੈਂ ਪੜ੍ਹਨ ਲੱਗ ਪਿਆ। ਉਹਦੇ ਉਪਰ ਵਿੰਗੇ ਟੇਢੇ ਜਿਹੇ ਅੱਖਰਾਂ ‘ਚ ਲਿਖਿਆ ਹੋਇਆ ਸੀ, ‘ਧੁਪਿਆ ਦੇ ਟਿਡਿਆ।’ ਪ੍ਰਸ਼ਾਦ ਲੈ ਕੇ ਮੈਂ ਇਕ ਪਾਸੇ ਬਹਿ ਗਿਆ। ਪਾਠ ਸੁਣਨ ਦੀ ਥਾਂ ਮੇਰੇ ਦਿਮਾਗ ਵਿਚ ਉਕਤ ਪੰਕਤੀ ਹੀ ਘੁੰਮੀ ਜਾਵੇ। ਇਹਦੇ ਥੱਲੇ ਨਾ ਉਪਰ, ਹੋਰ ਕੁਝ ਵੀ ਨਹੀਂ ਸੀ ਲਿਖਿਆ ਹੋਇਆ। ਬੱਸ ਇਹੀ ਫਾਰਸੀ ਜਿਹੀ ਲਿਖੀ ਹੋਈ ਸੀ। ਬੜਾ ਦਿਮਾਗ ਲੜਾਇਆ ਪਰ ਕੁਝ ਪੱਲੇ ਨਾ ਪਵੇ। ਇੰਨੇ ਨੂੰ ਸਾਡੇ ਪਿੰਡ ਦੇ ਉਸ ਸੱਜਣ ਨੇ ਇਹ ਕਾਗਜ਼ ਚੁੱਕ ਲਿਆ ਜੋ ਪਾਠੀਆਂ ਦੇ ਨਾਲ ਜਪੁ ਜੀ ਸਾਹਿਬ ਦੀਆਂ ਰੌਲਾਂ ਲਾਉਣ ਵਾਲਿਆਂ ਵਿਚ ਸ਼ਾਮਲ ਸੀ। ਕਾਗ਼ਜ਼ ਚੁੱਕ ਕੇ ਜਦ ਉਹ ਲੰਗਰ ਹਾਲ ਵੱਲ ਤੁਰਿਆ ਤਾਂ ਮੈਂ ਵੀ ਦਿਮਾਗ ‘ਚ ਪਈ ਅੜਾਉਣੀ ਖੋਲ੍ਹਣ ਲਈ ਉਹਦੇ ਮਗਰੇ ਹੋ ਲਿਆ। ਕੋਲ ਜਾ ਕੇ ਪੁੱਛਿਆ ਕਿ ਬਾਬਾ ਜੀ, ਅਹਿ ਕੀ ਲਿਖਿਆ ਹੋਇਐ? ਪੋਲੇ ਜਿਹੇ ਮੂੰਹ ਨਾਲ ਉਹ ਬੋਲਿਆ, “ਧੂਫੀਆਂ ਦੀਆਂ ਡ੍ਹੀਟੀਆਂ!” ਮੈਨੂੰ ਜਦੋਂ ਵੀ ਇਹ ਗੱਲ ਯਾਦ ਆਉਂਦੀ ਹੈ, ਮੈਂ ਸੋਚਦਾ ਹੁੰਨਾ ਕਿ ਧੂਫੀਆਂ ਦੀਆਂ ਡਿਊਟੀਆਂ ਨੂੰ ‘ਧੁਪਿਆ ਦੇ ਟਿਡਿਆ’ ਲਿਖਣ ਵਾਲਾ ਧੂਫੀਆ ਬਾਬਾ ਜਪੁ ਜੀ ਸਾਹਿਬ ਦਾ ਪਾਠ ਕਿੰਨਾ ਕੁ ‘ਸ਼ੁੱਧ’ ਕਰ ਲੈਂਦਾ ਹੋਵੇਗਾ? ਐਹੋ ਜਿਹੇ ‘ਧੁਪਿਆ’ ਅਤੇ ‘ਟਿਡਿਆ’ ਦੇ ਬਲਿਹਾਰੇ ਜਾਈਏ!
ਪਿੱਛੇ ਜਿਹੇ ਸਾਡੇ ਇਕ ਜਾਣੂ ਪਰਿਵਾਰ ਨੂੰ ਪੰਜਾਬ ਤੋਂ ਕਿਸੇ ਨੇ ਪਤਲੇ ਹੋਣ ਦਾ ਨੁਸਖਾ ਲਿਖ ਭੇਜਿਆ। ਭਾਰ ਘਟਾਉਣ ਜਾਂ ਪਤਲੇ ਹੋਣ ਦਾ ਫਰਮਾਨ ਡਾਕਟਰ ਸਾਰਿਆਂ ਨੂੰ ਹੀ ਕਰੀ ਜਾਂਦੇ ਹਨ। ਖਾਸ ਕਰ ਕੇ ਬੀਬੀਆਂ ਨੂੰ ਇਹ ਝੱਲ ਵਧੇਰੇ ਹੀ ਕੁੱਦਿਆ ਰਹਿੰਦਾ ਹੈ। ਸੋ ਜਾਣੂ ਪਰਿਵਾਰ ਨੇ ਸਾਡੀ ਮੰਗ ‘ਤੇ ਉਸ ਨੁਸਖੇ ਦੀ ਇਕ ਫੋਟੋ ਕਾਪੀ ਸਾਡੇ ਘਰ ਵੀ ਪਹੁੰਚਦੀ ਕਰ ਦਿੱਤੀ। ਇਸ ਵਿਚ ਪੰਜਾਬੀ ਦੀ ਬੇਸੁਰੀ ਅਤੇ ਬੇਤਰਤੀਬੀ ਲਿਖਤ ਵਿਚ ਪੱਚੀ ਦਿਨਾਂ ਦਾ ਖਾਣ-ਪੀਣ ਲਿਖਿਆ ਹੋਇਆ ਸੀ। ਇਕ, ਦੋ, ਤਿੰਨ, ਚਾਰ, ਪੰਜ ਆਦਿਕ ਪੱਚੀ ਤੱਕ ਗਿਣਤੀ ਦੇ ਹਿੰਦਸੇ ਲਿਖ ਕੇ, ਮੋਹਰੇ ‘ਕੀ ਕੀ, ਕਿੰਨੀ ਮਿਕਦਾਰ ਵਿਚ ਖਾਣਾ ਹੈ?’ ਦੀਆਂ ਹਦਾਇਤਾਂ ਲਿਖੀਆਂ ਹੋਈਆਂ ਸਨ। ਜਿਵੇਂ 1æ ਪਾਲਕ ਦਾ ਸੂਪ ਪੀਣਾ 2æ ਉਬਲੀਆਂ ਸਬਜ਼ੀਆਂ ਖਾਣੀਆਂ 3æ ਟਮਾਟਰ ਸੂਪ ਪੀਣਾ ਵਗੈਰਾ ਵਗੈਰਾ।
ਔਖੇ ਸੌਖੇ ਦਿਮਾਗ ਲੜਾਉਂਦਿਆਂ ਅਸੀਂ ਬਾਕੀ ਤਾਂ ਸਾਰਾ ਵੇਰਵਾ ਪੜ੍ਹ ਲਿਆ ਤੇ ਸਮਝ ਲਿਆ ਪਰ ਨੰਬਰ 19 ‘ਤੇ ਜਾ ਕੇ ਘੁੰਡੀ ਫਸ ਗਈ! ਉਥੇ ਲਿਖਿਆ ਹੋਇਆ, ‘ਮਾਦੀਨ ਹਲਕਾ ਜਿਹਾ ਖਾਣਾ।’ ਇਸ ‘ਮਾਦੀਨ’ ਸ਼ਬਦ ਨੇ ਸਾਡੇ ਘਰ ਹਫ਼ਤਾ ਭਰ ਭੰਬਲਭੂਸਾ ਪਾਈ ਰੱਖਿਆ। ਕਿਸੇ ਨੂੰ ਕੁਝ ਪਤਾ ਨਾ ਲੱਗੇ ਕਿ ਇਹ ‘ਮਾਦੀਨ’ ਕਿਹੜੀ ਬਲਾ ਹੋਈ? ਕੋਈ ਕਹੇ ‘ਪੁਦੀਨ’ ਲਿਖਿਆ ਹੋਣੈ, ਕੋਈ ਕਹੇ ਕਿ ਜੌਂਆਂ ਦੇ ਸੱਤੂਆਂ ਨੂੰ ਕਿਸੇ ਹੋਰ ਬੋਲੀ ‘ਚ ਮਾਦੀਨ ਕਹਿੰਦੇ ਹੋਣਗੇ। ਮਗਜ਼ਪੱਚੀ ਕਰਦਿਆਂ ਮੈਂ ‘ਮਹਾਨ ਕੋਸ਼’ ਵੀ ਫਰੋਲਿਆ ਪਰ ਮਸਲਾ ਹੱਲ ਨਾ ਹੋਇਆ। ਸਾਨੂੰ ਇਸ ‘ਨੁਸਖੇ ਦੀ ਬਖ਼ਸ਼ਿਸ਼’ ਕਰਨ ਵਾਲਾ ਟੱਬਰ ਪੰਜਾਬ ਜਾ ਚੁੱਕਾ ਸੀ। ਫੋਨ ਕਰ ਕੇ ਪੁੱਛਣਾ ਸਾਨੂੰ ਉਨ੍ਹਾਂ ਦੇ ‘ਰੰਗ’ ਵਿਚ ਭੰਗ ਪਾਉਣ ਵਰਗਾ ਲੱਗਿਆ। ਇਸ ਕਰ ਕੇ ਆਪੇ ਹੀ ਟੱਕਰਾਂ ਮਾਰੀ ਗਏ।
ਇਸੇ ਹੀ ਚੱਕਰ ‘ਚ ਪਏ ਨੂੰ ਮੈਨੂੰ ਨਾਨਕ ਸਿੰਘ ਦੀ ਲਿਖੀ ਉਹ ਕਹਾਣੀ ਚੇਤੇ ਆਈ, ਜਿਸ ਵਿਚ ਕਿਸੇ ਅਮੀਰ ਪਰਿਵਾਰ ਦਾ ਛੋਟਾ ਜਿਹਾ ਬੱਚਾ ਕੱਚੀ ਨੀਂਦੇ ਉਠ ਖੜ੍ਹਦਾ ਹੈ। ਜ਼ਿਦ ਜਿਹੀ ਕਰਦਿਆਂ ਉਹ ਦੇ ਮੂੰਹੋਂ ‘ਆæææਆæææਈ’ ਨਿਕਲ ਜਾਂਦਾ ਐ। ਪੜ੍ਹੇ ਲਿਖੇ ਮੰਮੀ-ਪਾਪਾ ‘ਆæææਆæææਈ’ ਦੇ ਅਰਥ ਕਰਦਿਆਂ ਆਪਸ ਵਿਚੀਂ ਖਹਿਬੜਨ ਲੱਗ ਪੈਂਦੇ ਹਨ। ਇਕ ਜਣਾ ਕਹਿੰਦਾ-ਮੁੰਡਾ ਮਠਿਆਈ ਮੰਗਦਾ। ਮੰਮੀ ਕਹਿੰਦੀ ਹੈ-ਨਹੀਂ, ਇਹ ‘ਦਵਾਈ’ ਕਹਿੰਦਾ ਹੋਣਾ। ਉਹ ਦੋਵੇਂ ਜਣੇ ਕਾਪੀ ਪੈਨਸਿਲ ਲੈ ਕੇ ‘ਆਈ’ ਪਿਛੇਤਰ ਜਾਂ ਅਗੇਤਰ ਵਾਲੇ ਸ਼ਬਦਾਂ ਦੀ ਲਿਸਟ ਬਣਾਉਣ ਜੁੱਟ ਪੈਂਦੇ ਹਨ। ਸ਼ਬਦਾਂ ਦੇ ਗੋਰਖ ਧੰਦੇ ਵਿਚ ਫਸਿਆਂ ਨੂੰ ਇਹ ਧਿਆਨ ਹੀ ਨਹੀਂ ਰਹਿੰਦਾ ਕਿ ਮੁੰਡਾ ਸੌਂ ਵੀ ਚੁੱਕਾ ਹੈ। ਇਸ ਕਹਾਣੀ ਵਿਚਲਾ ‘ਮਾਂ ਕਾ ਦੀਨਾ’ ਤਾਂ ਜਲਦੀ ਸੌਂ ਜਾਂਦਾ ਹੈ ਲੇਕਿਨ ਸਾਡਾ ‘ਮਾਦੀਨ’ ਕਈ ਦਿਨ ਅੜੀਆਂ ਕਰਦਾ ਰਿਹਾ।
ਆਖਰ ਇਕ ਦਿਨ ਸੁਲੱਖਣੀ ਘੜੀ ਆ ਗਈ। ਕੰਧ ‘ਤੇ ਲਟਕਦੇ ਕੈਲੰਡਰ ‘ਤੇ ਕਿਸੇ ਤਰੀਕ ਉਪਰ ਨਿਸ਼ਾਨ ਲਾਉਣ ਵੇਲੇ ਅਚਾਨਕ ਮੈਨੂੰ ‘ਇਲਹਾਮ’ ਹੋ ਗਿਆ। ਖੁਸ਼ੀ ਵਿਚ ਚਹਿਕਦਿਆਂ ਮੈਂ ਸਾਰੇ ਘਰਦਿਆਂ ਨੂੰ ਇਕੱਠੇ ਕਰ ਕੇ ‘ਮਾਦੀਨ’ ਦਾ ਅਰਥ ਲੱਭ ਲੈਣ ਦਾ ਐਲਾਨ ਕਰ ਦਿੱਤਾ। ਭਾਰ ਘਟਾਉਣ ਲਈ ਕਈ ਦਿਨਾਂ ਤੋਂ ਤਰਸਦੇ ਸਾਡੇ ਘਰ ਦੇ ਜੀਆਂ ਦੇ ਚਿਹਰੇ ਇਕ ਦਮ ਚਮਕ ਉਠੇ!! ਵੱਡੀ ਉਤਸੁਕਤਾ ਨਾਲ ਉਹ ਮੇਰੇ ਵੱਲ ਦੇਖਣ ਲੱਗੇ!!! ਨੁਸਖਾ ਲੇਖਕ ਨੇ ‘ਅਸਲ ਵਿਚ’ ਇਹ ਲਿਖਿਆ ਹੋਇਆ ਸੀ, ‘ਉਨ੍ਹੀਂ ਵਾਂ ਦਿਨ ਹਲਕਾ ਜਿਹਾ ਖਾਣਾ।’
ਲਿਖਾਰੀ ਵੱਲੋਂ ‘ਵਾਂ’ ਨੂੰ ‘ਮਾ’ ਅਤੇ ਮਾ ਦੇ ਨਾਲ ਹੀ ‘ਦਿਨ’ ਨੂੰ ‘ਦੀਨ’ ਬਣਾ ਕੇ ਲਿਖਣ ਨੇ, ਸਾਨੂੰ ਕਈ ਦਿਨ ਸੁੱਕਣੇ ਪਾਈ ਰੱਖਿਆ!
ਪੁਰਾਣੇ ਜ਼ਮਾਨਿਆਂ ‘ਚ ਚਾਰ ਪਤਨੀਆਂ ਦਾ ਇਕ ਪਤੀ ਵਿਦੇਸ਼ ਖੱਟਣ-ਕਮਾਉਣ ਲਈ ਗਿਆ ਹੋਇਆ ਸੀ। ਵਾਪਸ ਆਉਣ ਦੀ ਤਿਆਰੀ ਕਰਦਿਆਂ ਉਸ ਨੇ ਅਲੱਗ ਅਲੱਗ ਚਾਰ ਚਿੱਠੀਆਂ ਲਿਖ ਕੇ ਆਪਣੀਆਂ ਪਤਨੀਆਂ ਨੂੰ ਆਪੋ ਆਪਣੀ ਪਸੰਦ ਦੀ ਮੰਗ ਕਰਨ ਲਈ ਆਖਿਆ। ਜਵਾਬ ਵਜੋਂ ਚਹੁੰਆਂ ਬੀਬੀਆਂ ਦੀਆਂ ਚਿੱਠੀਆਂ ਪਤੀ ਕੋਲ ਪਹੁੰਚ ਗਈਆਂ। ਇਕ ਨੇ ਸਾੜੀਆਂ, ਦੂਜੀ ਨੇ ਰੰਗ-ਬਰੰਗੇ ਸੂਟਾਂ ਅਤੇ ਤੀਜੀ ਨੇ ਸੋਨੇ ਚਾਂਦੀ ਦੇ ਗਹਿਣਿਆਂ ਦੀ ਫਰਮਾਇਸ਼ ਕੀਤੀ ਹੋਈ ਸੀ; ਲੇਕਿਨ ਚੌਥੀ ਦੀ ਚਿੱਠੀ ਬੜੀ ਅਜੀਬ ਕਿਸਮ ਦੀ ਸੀ। ਸਾਰੇ ਦਾ ਸਾਰਾ ਸਫ਼ਾ ਖਾਲੀ, ਵਿਚਕਾਰ ‘ਸੱਸੇ’ ਅੱਖਰ ਨੂੰ ‘ਕੰਨਾ’ ਲਾ ਕੇ ‘ਸਾ’ ਲਿਖਿਆ ਹੋਇਆ ਸੀ। ਵਿਚਾਰੇ ਪਤੀ ਨੇ ਸਾਰੇ ਮਿੱਤਰਾਂ ਦੋਸਤਾਂ ਨੂੰ ਚਿੱਠੀ ਦਿਖਾ ਕੇ ‘ਸਾ’ ਨਾਂ ਦੀ ਕਿਸੇ ਚੀਜ਼ ਦਾ ਖੁਰਾ ਖੋਜ ਲੱਭਣ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਪਰ ਇਹਦੇ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਾ ਲੱਗਾ। ਟੈਲੀਫੋਨਾਂ ਦਾ ਅਜੇ ਜ਼ਮਾਨਾ ਨਹੀਂ ਸੀ ਆਇਆ। ਦਿਨ ਥੋੜ੍ਹੇ ਹੋਣ ਕਾਰਨ ਦੁਬਾਰਾ ਚਿੱਠੀ ਪੱਤਰ ਨਹੀਂ ਸੀ ਹੋ ਸਕਦਾ। ਇਸ ਲਈ ਚੌਥੀ ਪਤਨੀ ਲਈ ਬਿਨਾਂ ਕੁਝ ਲਿਆਂ, ਉਹ ਆਪਣੇ ਵਤਨ ਆ ਗਿਆ। ਤਿੰਨੇ ਪਤਨੀਆਂ ਆਪਣੀ ਆਪਣੀ ਪਸੰਦ ਦਾ ਸਾਮਾਨ ਦੇਖ ਕੇ ਚਹਿਕਣ ਲੱਗੀਆਂ। ਚੌਥੀ ਪਤਨੀ ਕੋਲ ਜਾ ਕੇ ਪਤੀ ਸ਼ਰਮਿੰਦਾ ਹੁੰਦਿਆਂ ਕਹਿਣ ਲੱਗਾ ਕਿ ਪਿਆਰੀ, ਮੈਂ ਤੇਰੀ ਮੰਗ ਸਮਝ ਹੀ ਨਹੀਂ ਸਕਿਆ। ਇਸੇ ਕਰ ਕੇ ਤੂੰ ਮੈਨੂੰ ਹੁਣ ਦੱਸ ਕਿ ਤੈਨੂੰ ਕੀ ਲੈ ਦਿਆਂ?
“ਮੇਰੇ ਸਿਰਤਾਜ, ਜੋ ਮੈਂ ਚਿੱਠੀ ਵਿਚ ਤੁਹਾਥੋਂ ਮੰਗਿਆ ਸੀ, ਉਹ ਮੈਨੂੰ ਮਿਲ ਗਿਆ।” ਸੁਘੜ ਸਿਆਣੀ ਚੌਥੀ ਪਤਨੀ ਬੋਲੀ।
ਹੈਰਾਨ ਹੋਏ ਪਤੀ ਨੇ ਖੀਸੇ ‘ਚੋਂ ‘ਸਾ’ ਵਾਲਾ ਖਾਲੀ ਸਫ਼ਾ ਪਤਨੀ ਅੱਗੇ ਕਰਦਿਆਂ ਪੁੱਛਿਆ ਕਿ ਇਹਦੇ ਵਿਚ ਕੀ ਮੰਗ ਮੰਗੀ ਹੋਈ ਹੈ? ਮੈਨੂੰ ਵੀ ਉਹ ਚੀਜ਼ ਦਿਖਾ ਜੋ ਤੈਨੂੰ ਮਿਲ ਗਈ ਹੈ? ਮੁਸਕਰਾਉਂਦਿਆਂ ਪਤਨੀ ਨੇ ਉਹੀ ਕਾਗ਼ਜ਼ ਪਤੀ ਨੂੰ ਦਿਖਾ ਕੇ ਪੁੱਛਿਆ ਕਿ ਇਸ ਦਾ ਰੰਗ ਦੱਸੋ ਕੀ ਹੈ? ਪਤੀ ਨੇ ਝੱਟ ਜਵਾਬ ਦਿੱਤਾ, “ਲਾਲ।”
“ਬੱਸ, ਇਹਦੇ ਨਾਲ ਮੇਰਾ ਲਿਖਿਆ ‘ਸਾ’ ਜੋੜ ਲਉæææ’ਲਾਲਸਾ’ ਬਣ ਗਿਆ! ਮੈਨੂੰ ਸਿਰਫ਼ ਤੁਹਾਡੇ ਦਰਸ਼ਨ ਦੀ ਹੀ ਲਾਲਸਾ ਸੀ। ਤੁਹਾਡੇ ਆਉਣ ਨਾਲ ਉਹ ਪੂਰੀ ਹੋ ਗਈ ਹੈ।” ਚੌਥੀ ਪਤਨੀ ਦੀ ਲਿਖਤ ਦਾ ਅਰਥ ਸਮਝ ਕੇ ਪਤੀ ਵਿਸਮਾਦਿਤ ਹੋ ਹੀ ਗਿਆ ਹੋਵੇਗਾ!
ਸਾਡੇ ਇਕ ਗੁਆਂਢੀ ਮੁੰਡੇ ਦੀ ਨਵੀਂ ਨਵੀਂ ਵਹੁਟੀ ਆਪਣੇ ਪੇਕੇ ਲੁਧਿਆਣੇ ਰਹਿਣ ਚਲੇ ਗਈ। ਬੜੇ ਚਾਅਵਾਂ ਤੇ ਰੀਝਾਂ ਨਾਲ ਮੁੰਡੇ ਨੇ ਪਤਨੀ ਨੂੰ ਚਿੱਠੀ ਪਾਈ। ਉਹ ਵਿਚਾਰਾ ਵਹੁਟੀ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਾਲਾ ਜਵਾਬ ਉਡੀਕਦਾ ਰਿਹਾ। ਦਸੀਂ ਪੰਦਰ੍ਹੀਂ ਦਿਨੀਂ ਪਤਨੀ ਵਾਪਸ ਆਈ ਤਾਂ ਡਾਕੀਏ ਨੇ ‘ਅਣਵੰਡੀ ਚਿੱਠੀ’ ਵੀ ਲਿਆ ਫੜਾਈ। ਡਾਕਖਾਨੇ ਵਾਲਿਆਂ ਨੇ ਅਡਰੈਸ ‘ਤੇ ਨੋਟ ਲਿਖਿਆ ਹੋਇਆ ਸੀ ਕਿ ਲੁਧਿਆਣੇ ਵਿਚ ‘ਯੋਧਿਆਲ’ ਨਾਂ ਦਾ ਕੋਈ ਮਹੱਲਾ ਨਹੀਂ ਮਿਲਿਆ। ਉਸ ਭਲੇਮਾਣਸ ਨੇ ‘ਜੋਧੇ ਵਾਲ’ ਆਪਣੇ ਹੀ ਸਟਾਈਲ ਨਾਲ ਲਿਖ ਕੇ ‘ਯੋਧਿਆਲ’ ਬਣਾ ਛੱਡਿਆ ਸੀ।
ਇਕ ਦਫਾ ਮੈਂ ਆਪਣੇ ਸਹੁਰੇ ਘਰ ਗਿਆ ਹੋਇਆ ਸਾਂ। ਸਕੂਲ ‘ਚ ਪੜ੍ਹਦੀ ਆਪਣੀ ਸਾਲੀ ਦੀ ਲਿਖਾਈ ਵਾਲੀ ਕਾਪੀ ਚੁੱਕ ਕੇ ਮੈਂ ਦੇਖਣ ਲੱਗ ਪਿਆ। ਇਕ ਸਫ਼ੇ ਦੇ ਉਪਰ ਮੋਟੇ ਅੱਖਰਾਂ ‘ਚ ਲਿਖਿਆ ਹੋਇਆ ਸੀ, ‘ਮੋਗਰ ਜੀ ਡਾਸੀ!’ ਕਿੰਨਾ ਚਿਰ ਮੈਂ ਸ਼ਸ਼ੋਪੰਜ ‘ਚ ਪਿਆ ਰਿਹਾ ਕਿ ਇਹਦਾ ਕੀ ਮਤਲਬ ਹੋਵੇਗਾ? ਜਦ ਮੇਰੀ ਅਕਲ ‘ਚ ਕੁਝ ਨਾ ਪਿਆ, ਤਦ ਮੈਂ ਕੁੜੀ ਨੂੰ ਪੁੱਛ ਲਿਆ।
“ਭਾਅ ਜੀ, ਮੈਂ ਪ੍ਰਧਾਨ ਮੰਤਰੀ ਮੁਰਾਰ ਜੀ ਡਿਸਾਈ ਬਾਰੇ ਲੇਖ ਲਿਖਣ ਲੱਗੀ ਸੀ ਕਿ ਤੁਸੀਂ ਆ ਗਏ।” ਕੁੜੀ ਨੇ ਭੋਲੇ-ਭਾਅ ਜਵਾਬ ਦਿੱਤਾ। ਕਿੰਨਾ ਚਿਰ ਮੈਂ ਉਸ ਕੁੜੀ ਦੀ ‘ਮੋਗਰ ਜੀ ਡਾਸੀ’ ਵਾਲੀ ਛੇੜ ਪਾਈ ਰੱਖੀ!
æææਤੇ ਅੰਤ ਵਿਚ ਇਸੇ ਗੱਲ ਨਾਲ ਮਿਲਦਾ ਜੁਲਦਾ ਇਕ ਲਤੀਫ਼ਾ! ਸਕੂਲ ਵਿਚ ਆਏ ਇੰਸਪੈਕਟਰ ਨੇ ਇਕ ਕਲਾਸ ਦੇ ਵਿਦਿਆਰਥੀਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਮ ਪੁੱਛਿਆ। ਭਰੀ ਭੁਕੰਨੀ ਕਲਾਸ ਵਿਚੋਂ ਕਿਸੇ ਇਕ ਵਿਦਿਆਰਥੀ ਨੇ ਵੀ ਹੱਥ ਖੜ੍ਹਾ ਨਾ ਕੀਤਾ। ਇੰਸਪੈਕਟਰ ਨੇ ਹੈਰਾਨੀ ਨਾਲ ਮੱਥੇ ਵੱਟ ਪਾਉਂਦਿਆਂ ਕਲਾਸ ਇੰਚਾਰਜ ਟੀਚਰ ਵੱਲ ਦੇਖਿਆ। ਆਪਣੀ ਬੇਇਜ਼ੱਤੀ ਹੋਣੋਂ ਬਚਾਉਂਦਿਆਂ, ਕਲਾਸ ਇੰਚਾਰਜ ਨੇ ਇੰਸਪੈਕਟਰ ਤੋਂ ਅੱਖ ਬਚਾ ਕੇ ਇਕ ਹੁਸ਼ਿਆਰ ਜਿਹੇ ਮੁੰਡੇ ਦੇ ਡੈਸਕ ‘ਤੇ ਪਈ ਕਾਪੀ ਉਪਰ ਫੁਰਤੀ ਨਾਲ ਤਿੰਨ ਅੱਖਰ ਲਿਖ ਦਿੱਤੇ। ਉਦੋਂ ਪ੍ਰਧਾਨ ਮੰਤਰੀ ਸਨ ਸ੍ਰੀ ਇੰਦਰ ਕੁਮਾਰ ਗੁਜਰਾਲ। ਸੋ ਮੁੰਡੇ ਦੇ ਮੂੰਹ ਜ਼ੁਬਾਨ ਪਾਉਣ ਲਈ, ਕਲਾਸ ਇੰਚਾਰਜ ਨੇ ਅੰਗਰੇਜ਼ੀ ਦੇ ਤਿੰਨ ਅੱਖਰ ‘ਆਈ’ (ੀ) ‘ਕੇ’ (ਖ) ‘ਜੀ’ (ਘ) ਲਿਖ ਦਿੱਤੇ। ਉਸ ਮੁੰਡੇ ਨੇ ਫੌਰਨ ਹੱਥ ਖੜ੍ਹਾ ਕਰ ਦਿੱਤਾ। “ਸ਼ਾਬਸ਼ ਬੇਟਾ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਕੀ ਨਾਂ ਏ?” ਇੰਸਪੈਕਟਰ ਨੇ ਖ਼ੁਸ਼ ਹੋ ਕੇ ਪੁੱਛਿਆ।
“ਸਰ, ਇਕ ਕਿਲੋ ਗ੍ਰਾਮ!” ਮੁੰਡਾ ਬੋਲਿਆ।

Be the first to comment

Leave a Reply

Your email address will not be published.