ਸੂ ਚੀ ਨੇ ਭਾਰਤ ਨੂੰ ਸਾਥ ਨਾ ਨਿਭਾਉਣ ਦਾ ਉਲਾਂਭਾ ਦਿੱਤਾ

ਨਵੀਂ ਦਿੱਲੀ: ਮਿਆਂਮਾਰ ਪ੍ਰਤੀ ਭਾਰਤ ਦੇ ਰਵੱਈਏ ‘ਤੇ ਗਿਲਾ ਜ਼ਾਹਿਰ ਕਰਕੇ ਹੋਏ ਜਮਹੂਰੀਅਤ ਪੱਖੀ ਆਗੂ ਆਂਗ ਸਾਨ ਸੂ ਚੀ ਨੇ ਕਿਹਾ ਕਿ ਜੇ ਮਹਾਤਮਾ ਗਾਂਧੀ ਜਿਉਂਦੇ ਹੁੰਦੇ ਤਾਂ ਉਹ ਇਸ ਦਾ ਵਿਰੋਧ ਜ਼ਰੂਰ ਕਰਦੇ। ਉਨ੍ਹਾਂ ਕਿਹਾ ਕਿ ਜੇ ਮਹਾਤਮਾ ਗਾਂਧੀ ਜਿਉਂਦੇ ਹੁੰਦੇ ਤਾਂ ਉਹ ਮਿਆਂਮਾਰ ਵਾਸੀਆਂ ਦੇ ਹੱਕ ਵਿਚ ਖੜ੍ਹਦੇ ਤੇ ਭਾਰਤ ਵੱਲੋਂ ਲਏ ਸਟੈਂਡ ਦਾ ਵਿਰੋਧ ਕਰਦੇ। ਉਨ੍ਹਾਂ ਦੀ ਜਿਸ ਤਰ੍ਹਾਂ ਦੀ ਸ਼ਖ਼ਸੀਅਤ ਸੀ, ਉਹ ਮਿਆਂਮਾਰ ਦਾ ਸਾਥ ਨਹੀਂ ਛੱਡ ਸਕਦੇ ਸਨ।
ਸੂ ਚੀ ਨੇ ਕਿਹਾ ਕਿ ਉਹ ਭਾਰਤ ਨੂੰ ਮਿਆਂਮਾਰ ਦਾ ਕਰੀਬੀ ਮੰਨਦੀ ਹੈ ਪਰ ਭਾਰਤ ਨੇ ਜੋ ਸਟੈਂਡ ਲਿਆ, ਉਸ ਨੇ ਉਨ੍ਹਾਂ  ਨੂੰ ਉਦਾਸ ਕਰ ਦਿੱਤਾ। ਮਿਆਂਮਾਰ ਜਦੋਂ ਬੇਹੱਦ ਸੰਕਟ ਦੇ ਦਿਨਾਂ ਵਿਚੋਂ ਲੰਘ ਰਿਹਾ ਸੀ ਤਾਂ ਭਾਰਤ ਨੇ ਉਸ ਤੋਂ ਮੂੰਹ ਮੋੜ ਲਿਆ। ਉਨ੍ਹਾਂ ਆਸ ਪ੍ਰਗਟਾਈ ਕਿ ਭਾਰਤ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੇ ਨਾਲ ਖੜ੍ਹੇਗਾ ਤੇ ਜਮਹੂਰੀਅਤ ਹਾਸਲ ਕਰਨ ਵਿਚ ਸਾਥ ਦੇਵੇਗਾ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਕਈ ਵਾਰ ਕੋਈ ਸਰਕਾਰ ਉਹ ਰਾਹ ਚੁਣਦੀ ਹੈ ਜੋ ਉਸ ਦੇ ਆਪਣੇ ਦੇਸ਼ ਵਾਸਤੇ ਸਹੀ ਹੁੰਦਾ ਹੈ। ਉਹ ਉਦੋਂ ਦੂਜਿਆਂ ਦੀ ਭਲਾਈ ਬਾਰੇ ਨਹੀਂ ਸੋਚਦੀ। ਨੈਸ਼ਨਲ ਲੀਗ ਫਾਰ ਡੈਮੋਕਰੇਸੀ ਦੀ ਚੇਅਰਪਰਸਨ ਨੇ ਕਿਹਾ ਕਿ ਉਹ ਨਹੀਂ ਸੋਚਦੀ ਕਿ ਉਨ੍ਹਾਂ ਨੂੰ ਕਿਸੇ ਤੋਂ ਹਮਾਇਤ ਮੰਗਣ ਜਾਂ ਵਫ਼ਾਦਾਰੀ ਹਾਸਲ ਕਰਨ ਦਾ ਹੱਕ ਹੈ। ਉਹ ਇਹ ਵਫ਼ਾਦਾਰੀ ਜਾਂ ਹਮਾਇਤ ਹਾਸਲ ਕਰਨ ਵਾਸਤੇ ਯਤਨ ਕਰਦੇ ਹਨ ਪਰ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਨਿਰਾਸ਼ਾ ਜ਼ਰੂਰ ਹੁੰਦੀ ਹੈ।
ਭਾਰਤੀ ਦੌਰੇ ‘ਤੇ ਆਈ ਮਿਆਂਮਾਰ ਦੀ ਵਿਰੋਧੀ ਧਿਰ ਦੀ ਆਗੂ ਆਂਗ ਸਾਨ ਸੂ ਚੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ‘ਚ ਜਮਹੂਰੀਅਤ ਦੀ ਬਹਾਲੀ ਬਾਰੇ ਪ੍ਰਗਤੀ ਸਣੇ ਕਈ ਹੋਰ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਸੂ ਚੀ ਨੂੰ ਕਿਹਾ ਕਿ ਉਹ ਮਿਆਂਮਾਰ ਵਿਚ ਜਮਹੂਰੀਅਤ ਦੀ ਬਹਾਲੀ ਲਈ ਜੋ ਸੰਘਰਸ਼ ਕਰ ਰਹੇ ਹਨ, ਉਸ ਲਈ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ ਤੇ ਭਾਰਤ ਕੀਤੇ ਜਾ ਰਹੇ ਸੰਘਰਸ਼ ਦਾ ਪ੍ਰਸ਼ੰਸਕ ਹੈ। ਪ੍ਰਧਾਨ ਮੰਤਰੀ ਤੇ ਸੂ ਚੀ ਵਿਚਾਲੇ ਕੌਮੀ ਤੇ ਕੌਮਾਂਤਰੀ ਮੁੱਦਿਆਂ ‘ਤੇ ਚਰਚਾ ਹੋਈ।
ਇਸ ਦੌਰਾਨ ਮਿਆਂਮਾਰ ਵਿਚ ਚੱਲ ਰਹੀ ਕੌਮੀ ਸੁਲ੍ਹਾ-ਸਫਾਈ ਪ੍ਰਕਿਰਿਆ ਤੇ ਜਮਹੂਰੀਅਤ ਬਹਾਲੀ ਪ੍ਰਕਿਰਿਆ ਦੀ ਭਾਰਤ ਨੇ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂ ਚੀ ਤੇ ਮਿਆਂਮਾਰ ਦੇ ਰਾਸ਼ਟਰਪਤੀ ਵੱਲੋਂ ਇਸ ਕੀਤੀ ਜਾ ਰਹੀ ਪਹਿਲ ਦਾ ਸੁਆਗਤ ਕਰਦੇ ਹਨ। ਦੋਵਾਂ ਨੇਤਾਵਾਂ ਨੇ ਭਾਰਤ ਤੇ ਮਿਆਂਮਾਰ ਦੇ ਲੋਕਾਂ ਵਿਚਾਲੇ ਰਾਬਤਾ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਸ੍ਰੀ ਮਨਮੋਹਨ ਸਿੰਘ ਨੇ ਕਿਹਾ ਕਿ ਸੂ ਚੀ ਦੇ ਭਾਰਤ ਆਉਣ ‘ਤੇ ਉਹ ਖੁਸ਼ ਹਨ। ਮਿਆਂਮਾਰ ਦੀ ਆਗੂ ਯੂæਪੀæਏæ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਸੱਦੇ ‘ਤੇ ਜਵਾਹਰ ਲਾਲ ਨਹਿਰੂ ਬਾਰੇ ਭਾਸ਼ਨ ਦੇਣ ਲਈ ਪੁੱਜੇ ਸਨ।
__________________________________________
ਅਮਰੀਕਾ ਹੋਇਆ ਮਿਆਂਮਾਰ ‘ਤੇ ਮਿਹਰਬਾਨ
ਵਾਸ਼ਿੰਗਟਨ: ਅਮਰੀਕਾ ਨੇ ਮਿਆਂਮਾਰ ਪ੍ਰਤੀ ਨਰਮ ਰੁਖ਼ ਅਪਣਾਉਂਦੇ ਹੋਏ ਤਕਰੀਬਨ ਇਕ ਦਹਾਕੇ ਤੋਂ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ ਹਨ ਜਿਸ ਨਾਲ ਹੁਣ ਮਿਆਂਮਾਰ ਦਾ ਸਾਜ਼ੋ-ਸਾਮਾਨ ਅਮਰੀਕਾ ਜਾ ਸਕੇਗਾ। ਓਬਾਮਾ ਪ੍ਰਸ਼ਾਸਨ ਅਨੁਸਾਰ ਦੁਨੀਆ ਦੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਨੇ ਲੰਮੇ ਸਮੇਂ ਮਗਰੋਂ ਬਰਮਾ ਨਾਲ ਆਰਥਕ ਸਾਂਝ ਕਾਇਮ ਕਰ ਲਈ ਹੈ। ਪਾਬੰਦੀਆਂ ਚੁੱਕਣ ਦਾ ਮਕਸਦ ਇਸ ਦੇਸ਼ ਦੀ ਸਰਕਾਰ ਨੂੰ ਆਰਥਕ ਸੁਧਾਰ ਕਰਨ ਤੇ ਜਮਹੂਰੀਅਤ ਬਹਾਲੀ ਲਈ ਉਤਸ਼ਾਹਤ ਕਰਨਾ ਹੈ। ਦੂਜੇ ਪਾਸੇ ਮਨੁੱਖੀ ਅਧਿਕਾਰਾਂ ਬਾਰੇ ਕੁਝ ਜਥੇਬੰਦੀਆਂ ਨੇ ਕਿਹਾ ਹੈ ਕਿ ਓਬਾਮਾ ਨੇ ਮਿਆਂਮਾਰ ਦਾ ਦੌਰਾ ਕਰਨ ਦਾ ਫੈਸਲਾ ਕਾਹਲੀ ਵਿਚ ਲਿਆ ਲੱਗਦਾ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਦੇਸ਼ ਦੇ ਫੌਜੀ ਹਕੂਮਤ ਨੇ ਨਾ ਤਾਂ ਸਿਆਸੀ ਕੈਦੀਆਂ ਨੂੰ ਛੱਡਣ ਦਾ ਮਨ ਬਣਾਇਆ ਹੈ ਤੇ ਨਾ ਹੀ ਜਮਹੂਰੀਅਤ ਦੀ ਬਹਾਲੀ ਲਈ ਚੋਣ ਕਰਾਉਣ ਲਈ ਕੋਈ ਖਾਸ ਕਦਮ ਚੁੱਕਿਆ ਹੈ। ਰਾਸ਼ਟਰਪਤੀ ਬਰਾਕ ਓਬਾਮਾ ਦੇ ਦੌਰੇ ਮੌਕੇ ਇਸ ਮੁਲਕ ਨੂੰ ਮਿਆਂਮਾਰ ਜਾਂ ਬਰਮਾ ਕਹਿਣ ਬਾਰੇ ਮੱਤਭੇਦ ਬਰਕਰਾਰ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਇਸ ਨੂੰ ਬਰਮਾ ਹੀ ਮੰਨਿਆ ਜਾਂਦਾ ਹੈ ਜਦਕਿ ਫੌਜੀ ਹਕੂਮਤ ਨੇ ਇਸ ਦਾ ਨਾਂ ਮਿਆਂਮਾਰ ਰੱਖਿਆ ਹੈ। 23 ਸਾਲ ਪਹਿਲਾਂ ਫੌਜੀ ਹਕੂਮਤ ਨੇ ਲੋਕਾਂ ਦੀ ਰਾਇ ਲਏ ਬਗੈਰ ਬਰਮਾ ਨੂੰ ਮਿਆਂਮਾਰ ਬਣਾ ਦਿੱਤਾ ਸੀ। ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇਸ ਮੁਲਕ ਦੇ ਦੌਰੇ ਮੌਕੇ ਕੋਈ ਨਾਂ ਨਹੀਂ ਸੀ ਲਿਆ। ਉਨ੍ਹਾਂ ਨੇ ਭਾਸ਼ਨ ਵਿਚ ਸਿਰਫ਼ ‘ਇਸ ਮੁਲਕ ਜਾਂ ਇਹ ਮੁਲਕ’ ਸ਼ਬਦ ਵਰਤੇ ਸਨ।

Be the first to comment

Leave a Reply

Your email address will not be published.