ਬਲਜੀਤ ਬਾਸੀ
ਮਘਰ ਨੂੰ ਸਰਦ ਰੁੱਤ ਦਾ ਪਹਿਲਾ ਮਹੀਨਾ ਕਿਹਾ ਜਾਂਦਾ ਹੈ। ਇਸ ਰੁਤ ਨੂੰ ਬਿਆਨਣ ਲਈ ਮਘਰ-ਪੋਹ ਜਾਂ ਪੋਹ-ਮਾਘ ਜੁੱਟਾਂ ਦੀ ਵਰਤੋਂ ਕੀਤੀ ਜਾਂਦੀ ਹੈ, ਰੁਤਿ ਸਿਸੀਅਰ ਸੀਤਲ ਹਰ ਪ੍ਰਗਟੇ ਮੰਘਰ ਪੋਹਿ ਜੀਉ॥ ਜਲਨਿ ਬੁਝੀ ਦਰਸੁ ਪਾਇਆ ਬਿਨਸੇ ਮਾਇਆ ਧ੍ਰੋਹ ਜੀਉ॥ -ਗੁਰੂ ਅਰਜਨ ਦੇਵ
ਗੁਰੂ ਨਾਨਕ ਦੇਵ ਦੇ ਬਾਰਾਮਾਹ ਅਨੁਸਾਰ, “ਮੰਘਰ ਮਾਹਿ ਹਰ ਗੁਣੁ ਅੰਕਿ ਸਮਾਵਏ।” ਲਹਿੰਦੀ ਵਿਚ ਮਘਰ ਨੂੰ ਮੰਘਰ ਕਿਹਾ ਜਾਂਦਾ ਹੈ। ਇਕ ਲੋਕ ਕਹਾਵਤ ਅਨੁਸਾਰ ਮਘਰ ਵਿਚ ਜੀਰਾ ਨਹੀਂ ਖਾਣਾ ਚਾਹੀਦਾ,
ਮਘਰ ਜੀਰਾ, ਪੋਹ ਵਿਚ ਧਨਾ,
ਮਾਘ ਵਿਚ ਮਿਸਰੀ, ਫਗਣ ਚਨਾ।
ਇਨ੍ਹਾਂ ਬਾਰਾਂ ਤੋਂ ਲਏ ਬਚਾਏ,
ਤਾਂ ਘਰ ਵੈਦ ਕਦੇ ਨਾ ਆਏ।
ਅਜਿਹੀ ਲੋਕ ਸਿਆਣਪ ਅਸਲ ਵਿਚ ਅਯੁਰਵੈਦਿਕ ਦੇ ਤ੍ਰਿਦੋਸ਼ ਸਿਧਾਂਤ ‘ਤੇ ਹੀ ਟਿਕੀ ਹੋਈ ਹੈ ਜਿਸ ਅਨੁਸਾਰ ਹਰ ਖਾਣ ਵਾਲੀ ਚੀਜ਼ ਵਾਤ, ਪਿਤ ਤੇ ਕਫ਼ ਵਿਚੋਂ ਕੋਈ ਦੋਸ਼ ਸਾਡੇ ਸਰੀਰ ਵਿਚ ਪੈਦਾ ਕਰਦੀ ਹੈ। ਅਜੋਕੀ ਡਾਕਟਰੀ ਇਨ੍ਹਾਂ ਦੀ ਸੱਚਾਈ ਨੂੰ ਨਹੀਂ ਮੰਨਦੀ। ਇਸ ਮਹੀਨੇ ਤੱਕ ਹਾੜੀ ਬੀਜ ਲਈ ਜਾਂਦੀ ਹੈ ਪਰ “ਮਘਰ ਪੋਹ ਚਲਾਵਣ ਜਿਹੜੇ, ਪੱਲਿਉਂ ਮੂਲ ਦੇਵਣ” ਕਿਉਂਕਿ “ਜੇ ਮੀਂਹ ਵਸੇ ਮਘਰੀਂ ਬਹੁਤਾ ਕਰੇ ਖੁਆਰ, ਕਰੰਡ ਕਰੇਂਦਾ ਹਾਵੀਏਂ, ਸਾਵਣ ਚੇਤ ਵਿਗਾੜ।” ਨਾਲੇ, “ਮਘਰ ਵਿਚ ਜੇ ਹੋਵੇ ਝੜੀ, ਜੋ ਕੋਈ ਬੂਟੀ, ਸਭ ਕੋਈ ਹਰੀ।” ਅਰਥਾਤ ਹਾੜੀ ਵਿਚ ਜੰਮੀ ਪਿਆਜ਼ੀ ਆਦਿ ਦੀ ਬੂਟੀ ਮੀਂਹ ਕਾਰਨ ਹੋਰ ਹਰੀ ਹੋ ਜਾਂਦੀ ਹੈ ਤੇ ਕਿਸਾਨ ਦੀ ਬਰਬਾਦੀ ਦਾ ਕਾਰਨ ਬਣਦੀ ਹੈ।
ਮਘਰ ਮਹੀਨੇ ਦੀ ਪੂਰਨਮਾਸ਼ੀ ਨੂੰ ਚੰਦਰਮਾ ‘ਮਿਰਗਸ਼ਿਰ’ ਨਛੱਤਰ ਦੇ ਕੋਲ ਹੁੰਦਾ ਹੈ। ਪਰ ਇਸ ਮਹੀਨੇ ਦਾ ਸੰਸਕ੍ਰਿਤ ਵਿਚ ਨਾਂ ‘ਮਾਰਗਸ਼ੀਰਸ਼’ ਹੈ ਜਿਸ ਤੋਂ ਸੰਕੁਚਿਤ ਹੋ ਕੇ ਮਘਰ, ਮੰਘਰ ਆਦਿ ਬਣੇ ਹਨ। ਮਿਰਗਸ਼ਿਰ ਦੁਨੀਆਂ ਭਰ ਵਿਚ ਦਿਸਣ ਵਾਲਾ ਨਛਤਰ ਹੈ। ਇਸ ਵਿਚ ਸੱਤ ਮੁਖ ਤਾਰੇ ਹਨ ਜਿਨ੍ਹਾਂ ਵਿਚੋਂ ਤਿੰਨ ਤੇਜ਼ ਰੋਸ਼ਨੀ ਵਾਲੇ ਹਨ। ਇਹ ਤਾਰੇ ਇਕ ਵਕ੍ਰਤ ਰੇਖਾ ਵਿਚ ਕਮਰਬੰਦ ਵਾਂਗ ਦਿਖਾਈ ਦਿੰਦੇ ਹਨ। ਇਨ੍ਹਾਂ ਤਾਰਿਆਂ ਦੀ ਦਿਖ ਤੋਂ ਭਿੰਨ ਭਿੰਨ ਸਭਿਅਤਾਵਾਂ ਵਿਚ ਸ਼ਿਕਾਰ ਨਾਲ ਸਬੰਧਤ ਬਿੰਬ ਘੜੇ ਗਏ ਹਨ। ਮਿਸਾਲ ਵਜੋਂ ਅੰਗਰੇਜ਼ੀ ੌਰਿਨ ਦਾ ਸਬੰਧ ਇਕ ਗਰੀਕ ਮਿਥਿਹਾਸਕ ਯੋਧੇ ਨਾਲ ਹੈ। ਇਸ ਨੂੰ ਇਸ ਦੀ ਪਤਨੀ ਅਰਟਮਸ ਨੇ ਮਾਰਿਆ। ਅਰਟਮਸ ਨੂੰ ਭੁਲੇਖਾ ਲੱਗਾ ਕਿ ਓਰੀਅਨ ਇਕ ਚੱਟਾਨ ਹੈ। ਗਰੀਕ ਦੇਵਤਿਆਂ ਨੇ ਓਰੀਅਨ ਨੂੰ ਅਕਾਸ਼ ਵਿਚ ਟੰਗ ਦਿੱਤਾ। ਹੰਗਰੀ ਦੀ ਮਿਥ ਅਨੁਸਾਰ ਉਸ ਦਾ ਨਾਂ ਨਿਮਰੋਦ ਹੈ ਜੋ ਬਹੁਤ ਵੱਡਾ ਤੇ ਸ਼ਕਤੀਸ਼ਾਲੀ ਸ਼ਿਕਾਰੀ ਹੈ। ਨਛਤਰ ਦੇ ਦੋ ਤਾਰੇ ਧਨੁਖ ਸਮਾਨ ਚਿਤਵੇ ਗਏ ਹਨ। ਮੈਕਸੀਕੋ ਦੇ ਸੇਰੀ ਲੋਕਾਂ ਅਨੁਸਾਰ ਚਮਕਦੇ ਤਿੰਨਾਂ ਤਾਰਿਆਂ ਦਾ ਨਾਂ ਹਪਜ ਹੈ ਜਿਸ ਦਾ ਅਰਥ ਸ਼ਿਕਾਰੀ ਹੈ। ਭਾਰਤ ਵਿਚ ਪੂਰੇ ਮਘਰ ਨੂੰ ਪਵਿਤਰ ਮਹੀਨਾ ਮੰਨਿਆ ਗਿਆ ਹੈ, ਇਸ ਕਰਕੇ ਇਸ ਮਹੀਨੇ ਧਾਰਮਿਕ ਰਹੁ ਰੀਤਾਂ, ਵਰਤਾਂ ਆਦਿ ਦੀ ਭਰਮਾਰ ਹੈ। ਕਸ਼ਪ ਰਿਸ਼ੀ ਨੇ ਇਸ ਮਹੀਨੇ ਸੁੰਦਰ ਕਸ਼ਮੀਰ ਦੀ ਰਚਨਾ ਕੀਤੀ। ਮਘਰ ਦੀ ਪੁੰਨਿਆ ਨੂੰ ਚੰਦਰਮਾ ਦੀ ਪੂਜਾ ਕੀਤੀ ਜਾਂਦੀ ਹੈ, ਗਊਆਂ ਨੂੰ ਨਮਕ ਦਿਤਾ ਜਾਂਦਾ ਹੈ, ਤੇ ਹੋਰ ਪੁੰਨ ਦਾਨ ਕੀਤੇ ਜਾਂਦੇ ਹਨ। ਇਸੇ ਦਿਨ ਹੀ ਦੱਤਾਤ੍ਰੇਅ ਦੀ ਜਅੰਤੀ ਮਨਾਈ ਜਾਂਦੀ ਹੈ।
‘ਮਿਰਗਸ਼ਿਰ’ ਬਣਿਆ ਹੈ, ‘ਮਰਗ+ਸ਼ਿਰਸ’ ਤੋਂ। ਨਾਂਵ ਵਜੋਂ ਮਾਰਗ ਦਾ ਅਰਥ ਰਾਹ, ਪਹਿਆ, ਹਵਾ ਜਾਂ ਤਾਰਿਆਂ ਦਾ ਪਥ ਆਦਿ ਹੁੰਦਾ ਹੈ। ਇਸੇ ਨਾਲ ਜੁੜਦੇ ਸ਼ਬਦ ‘ਮਿਰਗ’ ਦਾ ਅਸਲੀ ਅਰਥ ਕੋਈ ਜਾਨਵਰ ਹੈ ਪਰ ਬਾਅਦ ਵਿਚ ਇਹ ਹਿਰਨ ਦੇ ਅਰਥ ਵਜੋਂ ਰੂੜ੍ਹ ਹੋ ਗਿਆ। ਸ਼ਿਰਸ ਦਾ ਮਤਲਬ ਸਿਰ ਹੁੰਦਾ ਹੈ, ਸੋ ਸ਼ਾਬਦਿਕ ਅਰਥ ਬਣਿਆ ‘ਹਿਰਨ ਦਾ ਸਿਰ।’ ਇਹ ਸ਼ਬਦ ‘ਮ੍ਰਿਗ’ ਧਾਤੂ ਤੋਂ ਬਣਿਆ ਹੈ ਜਿਸ ਦਾ ਮੂਲ ਭਾਵ ਢੂੰਢਣਾ, ਲਭਣਾ, ਭਾਲਣਾ ਹੈ। ਪ੍ਰਾਚੀਨ ਸਮਿਆਂ ਵਿਚ ਮਨੁਖ ਹਰ ਜਾਨਵਰ ਦਾ ਸ਼ਿਕਾਰ ਕਰਦਾ ਸੀ, ਇਸ ਕਰਕੇ ਇਸ ਧਾਰਨਾ ਤੋਂਂ ਕੋਈ ਵੀ ਜਾਨਵਰ, ਪਸ਼ੂ ਜਾਂ ਪੰਛੀ ਦੇ ਭਾਵ ਵਿਕਸਿਤ ਹੋਏ, “ਬਨ ਕਾ ਮਿਰਗੁ ਮੁਕਤਿ ਸਭੁ ਹੋਗੁ” -ਭਗਤ ਕਬੀਰ। ਹਿਰਨ ਦੇ ਅਰਥਾਂ ਵਿਚ, “ਫਾਹੀ ਫਾਥੈ ਮਿਰਗ ਜਿਉ ਦੂਖੁ ਘਣੋ ਨਿਤ ਰੋਇ” -ਗੁਰੂ ਨਾਨਕ। ਇਸ ਸ਼ਬਦ ਦੇ ਤਲਾਸ਼ ਦੇ ਭਾਵ ਮਿਰਗ-ਤ੍ਰਿਸ਼ਨਾ ਸ਼ਬਦ ਵਿਚੋਂ ਵੀ ਪ੍ਰਗਟ ਹੁੰਦੇ ਹਨ। ਮਿਰਗਛਾਲ ਹਿਰਨ ਦੀ ਖੱਲ ਤੋਂ ਬਣਾਇਆ ਸਾਧੂ ਲੋਕਾਂ ਦਾ ਆਸਣ ਹੈ। ਇਸ ਸ਼ਬਦ ਵਿਚ ਛਾਲ ਦਾ ਅਰਥ ਖੱਲ ਹੈ। ਛਾਲ, ਛਿਲ, ਖਲ ਆਦਿ ਸਮੂਲਕ ਸ਼ਬਦ ਹਨ। ਮਿਰਗਛਾਲ ਲਈ ‘ਮਿਰਗਾਣੀ’ ਸ਼ਬਦ ਵੀ ਵਰਤਿਆ ਜਾਂਦਾ ਹੈ, “ਪੰਚ ਤਤ ਕੀ ਕਰਿ ਮਿਰਗਾਣੀ” -ਕਬੀਰ। ਇਸੇ ਤੋਂ ਮੂੰਹੋਂ ਝੱਗ ਛਡਣ ਤੇ ਅੰਗ ਮੁੜਨ ਵਾਲੇ ਲਛਣਾਂ ਵਾਲੀ ਬੀਮਾਰੀ ‘ਮਿਰਗੀ’ ਦਾ ਨਾਂ ਪਿਆ। ਘਾਇਲ ਮਿਰਗ ਦੇ ਤੜਫਣ ਤੋਂ ਇਸ ਸ਼ਬਦ ਦਾ ਸੰਕੇਤ ਲਿਆ ਗਿਆ ਲਗਦਾ ਹੈ। ਕਾਮ ਸੂਤਰ ਅਨੁਸਾਰ ਚਾਰ ਤਰ੍ਹਾਂ ਦੇ ਪੁਰਖਾਂ ਵਿਚ ਇਕ ਮ੍ਰਿਗ ਨਿਆਈ ਹੁੰਦਾ ਹੈ ਜੋ ਸੁੰਦਰ, ਚਪਲ, ਮਿਹਨਤੀ, ਤੁਰਨ ਵਿਚ ਚਲਾਕ, ਹਾਸਰਸ ਤੇ ਨਾਚਗਾਣੇ ਦਾ ਸ਼ੌਕੀਨ ਹੁੰਦਾ ਹੈ। ਇਸ ਪੁਰਖ ਦਾ ਸਬੰਧ ਚਿਤ੍ਰਿਨੀ ਇਸਤਰੀ ਨਾਲ ਹੋਣਾ ਯੋਗ ਹੈ।
ਮ੍ਰਿਗ ਸ਼ਬਦ ਦਾ ਇਕ ਹੋਰ ਭੇਦ ਹੈ ‘ਮਾਰਗ’ ਜਿਸ ਦਾ ਅਰਥ ਰਸਤਾ, ਪਥ ਆਦਿ ਹੁੰਦਾ ਹੈ। ਇਹ ਭਾਵ ਸ਼ਿਕਾਰ ਦੀ ਭਾਲ ਲਈ ਪਏ ਰਾਹ ਤੋਂ ਵਿਕਸਿਤ ਹੋਇਆ ਹੈ। ਇਸ ਦਾ ਇਕ ਭਾਵ ਤਲਾਸ਼ ਜਾਂ ਖੋਜ ਵੀ ਹੈ। ਕਿਸੇ ਲਕਸ਼ ‘ਤੇ ਪੁੱਜਣ ਲਈ ਅਖਤਿਆਰ ਕੀਤੀ ਵਿਧੀ, ਵਿਚਾਰ ਜਾਂ ਸਿਧਾਂਤ ਵੀ ਮਾਰਗ ਅਖਾਉਂਦਾ ਹੈ। “ਜੈਨ ਮਾਰਗ ਸੰਜਮ ਅਤਿ ਸਾਧਨ” -ਗੁਰੂ ਅਰਜਨ ਦੇਵ। ਗਿਆਨ ਮਾਰਗ, ਵਾਮ ਮਾਰਗ, ਅਰੋਗਤਾ ਮਾਰਗ ਜਿਹੇ ਜੁੱਟਾਂ ਵਿਚ ਇਹ ਸ਼ਬਦ ਝਲਕਦਾ ਹੈ। ਚਰਾਗਾਹ ਵਿਚ ਚਰਦਾ ਹੋਇਆ ਜਾਨਵਰ ਇਸ ਤਰ੍ਹਾਂ ਲਗਦਾ ਹੈ ਜਿਵੇਂ ਖੋਜ ਕਰ ਰਿਹਾ ਹੋਵੇ। ਇਸ ਲਈ ਇਸ ਦਾ ਅਰਥ ਖੋਜ ਬਣਿਆ। ਅੰਗਰੇਜ਼ੀ ਬਰੋੱਸe ਵਿਚ ਵੀ ਇਹ ਦੋਵੇਂ ਭਾਵ ਕੰਮ ਕਰਦੇ ਹਨ। ਇਸ ਅੰਗਰੇਜ਼ੀ ਸ਼ਬਦ ਦਾ ਮੁਢਲਾ ਅਰਥ ਚਰਨਾ, ਚੁਗਣਾ ਹੈ ਪਰ ਵਿਕਸਤ ਅਰਥ ਵਰਕੇ ਪਲਟਣਾ, ਪੜ੍ਹਨਾ ਆਦਿ ਹੈ। ਕੰਪਿਊਟਰ ਵਿਚ ਬਰਾਊਜ਼ ਦਾ ਅਰਥ ਸਰਸਰੀ ਤਲਾਸ਼ ਕਰਨਾ ਹੈ।
ਮਿਰਗ ਧਾਤੂ ਨਾਲ ਸਬੰਧਤ ਸ਼ਬਦਾਂ ਦੇ ਫਾਰਸੀ ਵਿਚ ਸੁਜਾਤੀ ਸ਼ਬਦ ਮਿਲਦੇ ਹਨ। ਲਗਦਾ ਹੈ ਫਾਰਸੀ ਵਿਚ ਵੀ ਇਸ ਦੇ ਮੁਢਲੇ ਅਰਥ ਚੁਗਣ ਵਾਲਾ ਜਾਨਵਰ ਹੀ ਸਨ ਪਰ ਅਖੀਰ ਵਿਚ ਪੰਛੀ ਵਜੋਂ ਰੂੜ੍ਹ ਹੋ ਗਏ। ਮਿਰਗ ਦਾ ਫਾਰਸੀ ਸੁਜਾਤੀ ਕੁਕੜ ਦੇ ਅਰਥਾਂ ਵਾਲਾ ‘ਮੁਰਗ’ ਹੈ ਜੋ ਪੰਜਾਬੀ ਵਿਚ ਆ ਕੇ ਮੁਰਗਾ ਬਣ ਗਿਆ। ਇਸ ਦਾ ਇਸਤਰੀ-ਲਿੰਗ ਹੈ ਮੁਰਗੀ। ਇਹ ਸ਼ਬਦ ਮਰਦਾਂ ਵਲੋਂ ਇਸਤਰੀ ਨੂੰ ਕਾਮ ਵਸਤੂ ਵਜੋਂ ਵੀ ਵਰਤਿਆ ਜਾਂਦਾ ਹੈ। ਪਰ ਮੁਰਗੀਖਾਨਾ ਦਾ ਅਰਥ ਵੇਸਵਾ ਦਾ ਕੋਠਾ ਨਹੀਂ! ਮੁਰਗਾਬੀ, ਮੁਰਗ+ਆਬੀ, ਪਾਣੀ ਵਿਚ ਤੈਰਨ ਵਾਲਾ ਇਕ ਛੋਟਾ ਪੰਛੀ ਹੈ। ਕੁੱਕੜਾਂ ਦੀ ਲੜਾਈ ਨੂੰ ਮੁਰਗਬਾਜ਼ੀ ਕਿਹਾ ਜਾਂਦਾ ਹੈ। ਫਾਰਸੀ ਵਿਚ ਮੁਰਗਜ਼ਾਰ ਇਕ ਕਿਸਮ ਦੇ ਘਾਹ ਅਤੇ ਚਰਾਗਾਹ ਨੂੰ ਕਹਿੰਦੇ ਹਨ। ਵੈਦਿਕੀ ਵਿਚ ਮਿਰਗ ਦਾ ਅਰਥ ਹਰਾ ਘਾਹ ਅਤੇ ਚਰਾਗਾਹ ਮਿਲਦਾ ਹੈ। ‘ਮਰਗ’ ਘਾਟੀ ਦੇ ਅਰਥਾਂ ਵਿਚ ਵੀ ਆਉਂਦਾ ਹੈ। ਕਸ਼ਮੀਰ ਵਿਚ ਗੁਲਮਰਗ, ਸੋਨਾਮਰਗ, ਯੂਸਮਰਗ, ਖਿਲਨਮਰਗ, ਤੰਗਮਰਗ ਸੁੰਦਰ ਘਾਹ ਵਾਲੀਆਂ ਵਾਦੀਆਂ ਹਨ। ਸ਼ੁਤਰਮੁਰਗ ਵਿਚ ਸੂਤਰ ਦਾ ਅਰਥ ਊਠ ਹੁੰਦਾ ਹੈ। ਸੋ ਸ਼ੁਤਰਮੁਰਗ ਦਾ ਅਰਥ ਹੋਇਆ, ਊਠ ਵਰਗਾ ਜਾਂ ਜਿੱਡਾ ਪੰਛੀ।
‘ਮਾਰਗਸ਼ੀਰਸ਼’ ਸ਼ਬਦ ਦਾ ਦੂਜਾ ਅੰਗ ਹੈ ‘ਸ਼ਿਰਸ’ ਜਿਸ ਤੋਂ ਸੰਸਕ੍ਰਿਤ ‘ਸ਼ਿਰ’ ਤੇ ਅੱਗੋਂ ਪੰਜਾਬੀ ‘ਸਿਰ’ ਬਣਿਆ ਹੈ। ਸ਼ਿਰਸ ਦਾ ‘ਰ’ ਅਲੋਪ ਹੋ ਕੇ ਸ਼ੀਸ਼ ਤੇ ਫਿਰ ਸੀਸ ਬਣ ਗਿਆ ਜਿਸ ਦਾ ਮਤਲਬ ਭੀ ਸਿਰ ਹੀ ਹੈ ਭਾਵੇਂ ਅਸੀਂ ਇਸ ਨੂੰ ਵਧੇਰੇ ਰਸਮੀ ਜਾਂ ਧਾਰਮਿਕ ਸੰਦਰਭਾਂ ਵਿਚ ਹੀ ਵਰਤਦੇ ਹਾਂ ਜਿਵੇਂ, ਸੀਸ ਨਿਵਾਉਣਾ। ਸ਼ੀਰਸ਼ਕ ਸ਼ਬਦ ਵਿਚ ਇਸ ਦਾ ਪੂਰਾ ਰੂਪ ਵੀ ਕੁਝ ਹੱਦ ਤੱਕ ਕਾਇਮ ਹੈ। ਸੰਸਕ੍ਰਿਤ ‘ਸ਼ਿਰਸ’ ਤੋਂ ਹੀ ਸ਼ਰਿੰਗ ਸ਼ਬਦ ਬਣਿਆ ਹੈ ਜਿਸ ਦਾ ਪੰਜਾਬੀ ਰੂਪ ਸਿੰਗ ਹੈ। ਇਸ ਤੋਂ ਹੋਰ ਅਨੇਕਾਂ ਸ਼ਬਦ ਬਣੇ ਹਨ ਜਿਵੇਂ ਸਿਰਨਾਵਾਂ, ਸਿਰਲੱਥ, ਸਿਰੋਪਾ, ਸਿਰਸਾਮ, ਸਿਰਹਾਣਾ, ਸਿਰਮੌਰ, ਸਿਰਤੋੜ, ਸਿਰਲੇਖ, ਸਿਰੜ, ਸਿਰਕੱਪ, ਸਿਰਖੰਡੀ, ਸਿਰਖੁਥਾ, ਸਿਰ੍ਹਾਂਦ, ਸਿਰਮੁੰਨੀ, ਸਿਰਨਾਵਣੀ, ਸ਼ਿਰੋਮਣੀ, ਸੇਰ ਜਾਂ ਸੇਰੂਆ, ਸਿਹਰਾ, ਬੇਸਿਰ, ਦਹਿਸਰ। ਪਰ ਮੁਹਾਵਰਿਆਂ ਤੇ ਕਹਾਵਤਾਂ ਵਿਚ ਸਿਰ ਨੇ ਖੂਬ ਸਿਰ ਚੁਕਿਆ ਹੋਇਆ ਹੈ ਜਿਵੇਂ ਸਿਰ ਕਰਨਾ, ਸਿਰ ਲੈਣਾ, ਸਿਰ ਦੇਣਾ, ਸਿਰ ਆਉਣਾ, ਸਿਰ ਜਾਣਾ (ਸਿਰ ਜਾਏ ਤਾਂ ਜਾਏææææ), (ਤਊਲੇ ਜਿੱਡਾ) ਸਿਰ ਮਾਰਨਾ, ਸਿਰ ਖਾਣਾ, ਸਿਰ ਪੈਣਾ, ਸਿਰ ਸੁੱਟਣਾ, ਸਿਰ ਮੁੰਨਣਾ। ਸਿਰ ਚੁੱਕਣਾ (ਬਾਗੀ ਹੋਣਾ) ਹੈ ਪਰ ਸਿਰ ‘ਤੇ ਚੁਕਣਾ ਕਿਸੇ ਦਾ ਆਦਰ ਕਰਨਾ ਹੈ-ਜੇ ਅਯੋਗ ਵਿਅਕਤੀ ਨਾਲ ਅਜਿਹਾ ਵਿਹਾਰ ਕੀਤਾ ਜਾਵੇ ਤਾਂ ਉਸ ਨੂੰ ਅਸੀਂ ਸਿਰ ਚੜ੍ਹਾਉਣਾ ਆਖ ਦਿੰਦੇ ਹਾਂ। ਹੋਰ ਨਮੂਨੇ ਦੇਖੋ, ਸਿਰ ਸੜਿਆ, ਸਿਰ ਮੱਥੇ, ਸਿਰ ਮੁਨਾਉਂਦੇ ਹੀ ਓਲੇ ਪੈਣਾ, ਸਿਰ ‘ਚ ਮਾਰਨਾ, ਸਿਰ ਧੜ ਦੀ ਬਾਜ਼ੀ, ਸਿਰ ਤੋਂ ਪੈਰ ਤੱਕ, ਸਿਰ ਦਾ ਸਾਂਈਂ, ਸਿਰ ਸੁੱਟ ਕੇ ਕੰਮ ਕਰਨਾæææ। ਛੋਟੇ ਜਾਨਵਰ ਦੇ ਸਿਰ ਨੂੰ ਸਿਰੀ ਕਹਿ ਦਿੱਤਾ ਜਾਂਦਾ ਹੈ ਪਰ ਸ੍ਰੀ ਇਸ ਨਾਲ ਸਬੰਧਤ ਨਹੀਂ।
ਸਿਰ ਦਾ ਮੂਲਕ ‘ਸ਼ਿਰਸ’ ਹਿੰਦ-ਆਰਿਆਈ ਸ਼ਬਦ ਹੈ ਜਿਸ ਦੇ ਸੁਜਾਤੀ ਰੂਪ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਵਿਚ ਉਪਲਭਦ ਹਨ। ਇਸ ਦਾ ਭਾਰੋਪੀ ਮੂਲ ਕeਰ(ਸ) ਹੈ ਤੇ ਵਿਭਿੰਨ ਭਾਸ਼ਾਵਾਂ ਵਿਚ ਇਸ ਤੋਂ ਉਪਜੇ ਸ਼ਬਦਾਂ ਦੇ ਅਰਥ ਹਨ: ਸਿਰ, ਸਿੰਗ, ਸਿਖਰ, ਚੋਟੀ, ਉਭਾਰ ਆਦਿ। ਅਵੇਸਤਾ ਵਿਚ ‘ਸਰਹ’ ਦਾ ਮਤਲਬ ਸਿਰ ਹੈ। ਇਹ ਸ਼ਬਦ ਗਰੀਕ ਵਿਚ ਕਅਰਨੋਨ ਅਤੇ ਲਾਤੀਨੀ ਵਿਚ ਚੋਰਨੁ ਹੈ। ਅੰਗਰੇਜ਼ੀ ਸ਼ਬਦ ਹੌਰਨ (ਹੋਰਨ) ਵੀ ਇਸੇ ਤੋਂ ਵਿਕਸਿਤ ਹੋਇਆ। ਪਹਿਲਾਂ ਸਿੰਗ ਤੋਂ ਹੀ ਭੌਂਪੂ ਬਣਾਏ ਜਾਂਦੇ ਸਨ, ਇਸ ਲਈ ਹੌਰਨ ਸ਼ਬਦ ਪ੍ਰਚਲਿਤ ਹੋਇਆ। ਸਿੰਗ ਦਾ ਭਾਵ ਸਮੋਣ ਕਾਰਨ ਅੰਗਰੇਜ਼ੀ ਹਅਰਟ (ਹਿਰਨ) ਵੀ ਇਸੇ ਤੋਂ ਬਣਿਆ। ਪੰਜਾਬੀ ਬਾਰਾਂਸਿੰਗਾ ਵਿਚ ਵੀ ਸਿੰਗ ਹੀ ਸਿੰਗ ਦਿਸਦੇ ਹਨ। ਸਿੰਗ ਵਰਗੇ ਕਿਸੇ ਉਭਾਰ ਨੂੰ ਅੰਗਰੇਜ਼ੀ ਵਿਚ ਚੋਰਨ ਕਹਿ ਦਿੱਤਾ ਜਾਂਦਾ ਹੈ। ਭੌਰੀ ਦੇ ਅਰਥਾਂ ਵਾਲਾ ਅੰਗਰੇਜ਼ੀ ਚੋਰਨ ਵੀ ਇਸੇ ਮੂਲ ਦੀ ਪੈਦਾਵਾਰ ਹੈ। ਦੂਜੇ ਪਾਸੇ ਲਾਤੀਨੀ ਵਲੋਂ ਅੰਗਰੇਜ਼ੀ ਵਿਚ ਆਇਆ ਸ਼ਬਦ ਛeਰeਬਰeਮ ਜਿਸ ਦਾ ਅਰਥ ਦਿਮਾਗ, ਭੇਜਾ ਹੁੰਦਾ ਹੈ, ਵੀ ਇਸੇ ਮੂਲ ਕeਰ(ਸ) ਤੋਂ ਹੀ ਵਿਕਸਿਤ ਹੋਇਆ ਹੈ। ਅੰਗਰੇਜ਼ੀ ਚਰਅਨਿਮ (ਕਪਾਲ) ਦਾ ਵੀ ਇਸੇ ਨਾਲ ਨਾਤਾ ਜੁੜਦਾ ਹੈ।
ਇਤਿਹਾਸਕ ਕਾਰਨਾਂ ਕਰਕੇ ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਦੇ ਮੁਹਾਂਦਰੇ ‘ਤੇ ਫਾਰਸੀ ਅਰਬੀ ਨੇ ਬਹੁਤ ਅਸਰ ਪਾਇਆ ਹੈ। ਅਜਿਹੇ ਸੰਗਮ ਨਾਲ ਹੀ ਉਰਦੂ ਨੇ ਜਨਮ ਲਿਆ। ਫਾਰਸੀ ‘ਚ ਸਿਰ ਸ਼ਬਦ ਦਾ ਰੂਪ ‘ਸਰ’ ਹੈ ਤੇ ਇਸ ਸ਼ਬਦ ਨੇ ਆਪਣੇ ਤੌਰ ‘ਤੇ ਸਾਡੀਆਂ ਭਾਸ਼ਾਵਾਂ ‘ਚ ਸਿਰ ਮਾਰਿਆ ਹੈ। ਸਿਰ ਤੇ ਸਰ ਦਾ ਏਨਾ ਘੜਮੱਸ ਹੈ ਕਿ ਕਈ ਵਾਰੀ ਪਤਾ ਨਹੀਂ ਲਗਦਾ ਕਿਹੜਾ ਕਿਥੋਂ ਹੈ। ਕਈ ਹਾਲਤਾਂ ਵਿਚ ਸੰਸਕ੍ਰਿਤ ਬਾਰਾਸਤਾ ਸਿਰ ਵੀ ਸਰ ‘ਚ ਬਦਲ ਗਿਆ ਹੈ ਜਿਵੇਂ ਸਰਪੰਚ। ‘ਸਰ’ ਸ਼ਬਦ ‘ਚੋਂ ਸਿਰ ਦੇ ਸਮਾਨੰਤਰ ਬਹੁਤ ਸਾਰੇ ਹੋਰ ਅਰਥਾਂ, ਵਿਉਤਪਤ ਸ਼ਬਦਾਂ, ਮੁਹਾਵਰਿਆਂ, ਉਕਤੀਆਂ ਆਦਿ ਦੀ ਲੜੀ ਤੁਰਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਬੇਸ਼ਕ ਪੰਜਾਬੀ ਵਿਚ ਸਿਰ ਸ਼ਬਦ ਦੀ ਰੂਪਕ ਪੱਖ ਤੋਂ ਖਾਸੀ ਵਿਉਤਪਤੀ ਹੋਈ ਦਿਸਦੀ ਹੈ ਪਰ ਇਸ ਦੇ ਆਪਣੇ ਬਹੁਤੇ ਅਰਥ ਨਹੀਂ। ਦੂਜੇ ਪਾਸੇ ਫਾਰਸੀ ‘ਸਰ’ ਸ਼ਬਦ ਦੇ ਆਪਣੇ ਅਨੇਕਾਂ ਅਰਥ ਹਨ ਜਿਵੇਂ ਚੋਟੀ, ਸਿਖਰ, ਅਰੰਭ, ਸਿਰਾ, ਪਾਸਾ, ਦਿਸ਼ਾ, ਮੁਖੀਆ, ਢੱਕਣ, ਇਰਾਦਾ, ਦਬਦਬਾ, ਜੀਅ (ਜਿਵੇਂ ਘਰ ‘ਚ ਕਿੰਨੇ ਸਰ ਹਨ), ਨੋਕ, ਗੋਡੇ ਦੀ ਚੱਪਣੀ। ਇੰਨੇ ਅਰਥ ਗਿਣਾਉਣ ਦਾ ਮੰਤਵ ਇਹ ਦਰਸਾਉਣਾ ਹੈ ਕਿ ਪੰਜਾਬੀ ਸਿਰ ਨੇ ਇਹ ਸਾਰੇ ਅਰਥ ਗ੍ਰਹਿਣ ਨਹੀਂ ਕੀਤੇ।
Leave a Reply