ਵਿਸ਼ਵ ਸਿੱਖ ਕੌਂਸਲ ਦੇ ਕੌਮੀ ਸੰਮੇਲਨ ‘ਚ ਸਿੱਖ ਮਸਲਿਆਂ ‘ਤੇ ਵਿਚਾਰ

ਸੈਨ ਹੋਜ਼ੇ (ਬਿਊਰੋ): ਅਮਰੀਕਾ ਦੀਆਂ ਵੱਖ ਵੱਖ ਸਟੇਟਾਂ ਤੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਇਥੇ ਗੁਰਦੁਆਰਾ ਸੈਨ ਹੋਜ਼ੇ ਵਿਖੇ 9 ਨਵੰਬਰ ਤੋਂ 11 ਨਵੰਬਰ ਤੱਕ ਹੋਈ ਨੈਸ਼ਨਲ ਸਿੱਖ ਕਨਵੈਨਸ਼ਨ ਵਿਚ ਸ਼ਰੀਕ ਹੋਏ। ਵਿਸ਼ਵ ਸਿੱਖ ਕੌਂਸਲ-ਅਮਰੀਕਾ ਖੇਤਰ ਵਲੋਂ ਕਰਵਾਈ ਗਈ ਇਸ ਕਨਵੈਨਸ਼ਨ ਵਿਚ ਮੈਸਾਚੂਸੈਟਸ ਤੋਂ ਲੈ ਕੇ ਕੈਲੀਫੋਰਨੀਆ ਅਤੇ ਵਿਸਕਾਨਸਿਨ ਤੋਂ ਲੈ ਕੇ ਅਲਬਾਮਾ ਤੱਕ ਦੇ ਨੁਮਾਇੰਦੇ ਪਹੁੰਚੇ। ਇਸ ਨੈਸ਼ਨਲ ਕਨਵੈਨਸ਼ਨ ਦੌਰਾਨ ਵਿਸ਼ਵ ਸਿੱਖ ਕੌਂਸਲ ਨੇ ਗੁਰਦੁਆਰਿਆਂ ਦੇ ਪ੍ਰਬੰਧਕੀ ਝਗੜੇ ਗੁਰਮਤਿ ਮਰਿਆਦਾ ਅਨੁਸਾਰ ਹੱਲ ਕਰਵਾਉਣ ਲਈ ਵਿਕਸਿਤ ਕੀਤੀਆਂ ਗਈਆਂ ਵਿਵਾਦ ਹੱਲ ਸੇਵਾਵਾਂ ਮੁਹੱਈਆ ਕਰਨ ਪ੍ਰਤੀ ਆਪਣੇ ਆਪ ਨੂੰ ਪ੍ਰਤੀਬੱਧ ਕੀਤਾ ਤਾਂ ਜੋ ਗੁਰੂ ਘਰਾਂ ਦੇ ਝਗੜੇ ਘੱਟ ਤੋਂ ਘੱਟ ਅਦਾਲਤਾਂ ਵਿਚ ਜਾਣ। ਇਸ ਤੋਂ ਇਲਾਵਾ ਕੌਂਸਲ ਵਲੋਂ ਇਕ ਕੌਮਾਂਤਰੀ ਸਿੱਖ ਨੁਮਾਇੰਦਾ ਢਾਂਚਾ ਵਿਕਸਿਤ ਕਰਨ ਬਾਰੇ ਵੀ ਵਿਚਾਰ ਹੋਈ ਅਤੇ ਇਸ ਬਾਰੇ ਯਤਨ ਹੋਰ ਤੇਜ ਕਰਨ ਦਾ ਫੈਸਲਾ ਲਿਆ ਗਿਆ।
ਇਹ ਜਾਣਕਾਰੀ ਦਿੰਦਿਆਂ ਕੌਂਸਲ ਦੇ ਚੇਅਰਪਰਸਨ ਡਾæ ਸਤਪਾਲ ਸਿੰਘ ਨੇ ਦੱਸਿਆ ਕਿ ਇਸ ਕਨਵੈਨਸ਼ਨ ਵਿਚ ਹਿੱਸਾ ਲੈਣ ਲਈ ਅਮਰੀਕਾ ਦੇ ਉਨ੍ਹਾਂ ਸਿੱਖ ਗੁਰੂ ਘਰਾਂ (ਜਿਨ੍ਹਾਂ ਦਾ ਪ੍ਰਬੰਧ ਸਿੱਖ ਭਾਈਚਾਰੇ ਵਲੋਂ ਕੀਤਾ ਜਾਂਦਾ ਹੈ) ਅਤੇ ਅਮਰੀਕੀ ਸਿੱਖ ਪੰਥਕ ਜਥੇਬੰਦੀਆਂ ਨੂੰ ਆਪਣਾ ਇਕ ਇਕ ਨੁਮਾਇੰਦਾ ਭੇਜਣ ਲਈ ਸੱਦਾ ਦਿੱਤਾ ਗਿਆ ਸੀ ਜੋ ਸਿੱਖ ਰਹਿਤ ਮਰਿਆਦਾ ਮੰਨਦੀਆਂ ਹਨ।
ਇਹ ਕਨਵੈਨਸ਼ਨ ਵੀਰਵਾਰ ਸ਼ਾਮੀਂ ਗੁਰਦੁਆਰਾ ਸੈਨ ਹੋਜ਼ੇ ਵਿਖੇ ਅਰੰਭ ਹੋਈ ਅਤੇ ਸ਼ੁਰੂਆਤੀ ਸੈਸ਼ਨ ਦੌਰਾਨ ਨੁਮਾਇੰਦਿਆਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ। ਇਸ ਦੌਰਾਨ ਮਿਲਣ-ਗਿਲਣ ਤੋਂ ਇਲਾਵਾ ਗੈਰ ਰਸਮੀ ਵਿਚਾਰ-ਵਟਾਂਦਰੇ ਹੋਏ। ਸ਼ੁੱਕਰਵਾਰ ਸਵੇਰ ਦੇ ਸੈਸ਼ਨ ਦੌਰਾਨ ਵਿਸ਼ਵ ਸਿੱਖ ਕੌਂਸਲ-ਅਮਰੀਕਾ ਖੇਤਰ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ-ਵਟਾਂਦਰਾ ਹੋਇਆ ਅਤੇ ਸਿੱਖ ਭਾਈਚਾਰੇ ਦੀਆਂ ਕੌਮੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪੋ-ਆਪਣੇ ਪ੍ਰਾਜੈਕਟਾਂ ਬਾਰੇ ਵਿਚਾਰ ਪੇਸ਼ ਕੀਤੇ। ਸ਼ੁੱਕਰਵਾਰ ਸਵੇਰ ਦੇ ਸਮਾਗਮ ਦੀ ਇਕ ਖਾਸ ਗੱਲ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿਚ ਸਿੱਖ ਜਥੇਬੰਦੀਆਂ ਵਿਚਾਲੇ ਸਹਿਯੋਗ ਅਤੇ ਆਪਸੀ ਮਿਲਵਰਤਣ ਬਾਰੇ ਇਕ ਵਿਸ਼ਵ ਪੱਧਰੀ ਢਾਂਚਾ ਤਿਆਰ ਕਰਨ ਦੀ ਲੋੜ ਬਾਰੇ ਖਾਕੇ ਦੀ ਪੇਸ਼ਕਾਰੀ ਸੀ। ਸ਼ਾਮ ਦੇ ਸੈਸ਼ਨ ਦੌਰਾਨ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਆਪਣੇ ਵਿਚਾਰਾਂ ਦੀ ਪੇਸ਼ਕਾਰੀ ਕੀਤੀ।
ਸਨਿਚਰਵਾਰ ਸਵੇਰ ਦੇ ਸੈਸ਼ਨ ਦੌਰਾਨ ਸਕੂਲਾਂ ਦੇ ਸਿਲੇਬਸ, ਚਾਰਟਰ ਸਕੂਲਾਂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਪਬਲਿਕ ਸਕੂਲਾਂ ਵਿਚ ਅਧਿਆਪਨ ਦਾ ਕਿੱਤਾ ਅਪਨਾਉਣ ਪ੍ਰਤੀ ਉਤਸ਼ਾਹਿਤ ਕਰਨ ਬਾਰੇ ਵਿਚਾਰ ਹੋਈ। ਇਸ ਤੋਂ ਇਲਾਵਾ ਸਿੱਖ ਨੈਟਵਰਕ ਅਤੇ ਲੋਕ ਨੀਤੀਆਂ ਬਾਰੇ ਪਹਿਲਕਦਮੀ ਵਿਚ ਸ਼ਾਮਲ ਹੋਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਮਾਗਮ ਦੀ ਖਾਸ ਗੱਲ ਵਿਸ਼ਵ ਸਿੱਖ ਕੌਂਸਲ-ਅਮਰੀਕਾ ਖੇਤਰ ਵਲੋਂ ਮੁਹੱਈਆ ਕੀਤੀਆਂ ਜਾ ਰਹੀਆਂ ਵਿਵਾਦ ਹੱਲ ਸੇਵਾਵਾਂ ਬਾਰੇ ਪੇਸ਼ਕਾਰੀ ਸੀ। ਸਨਿਚਰਵਾਰ ਬਾਅਦ ਦੁਪਹਿਰ ਕੌਂਸਲ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ ਜਿਸ ਵਿਚ ਵੱਖ ਵੱਖ ਮਸਲੇ ਵਿਚਾਰੇ ਗਏ ਅਤੇ ਮਤੇ ਪਾਸ ਕੀਤੇ ਗਏ। ਇਨ੍ਹਾਂ ਵਿਚ ਵਿਵਾਦ ਹੱਲ ਸੇਵਾਵਾਂ ਅਤੇ ਕੌਂਸਲ ਦੇ ਕੰਮ-ਢੰਗ ਨੂੰ ਬਿਹਤਰ ਬਣਾਉਣ ਲਈ ਬਾਈਲਾਅਜ਼ ਵਿਚ ਕੁਝ ਤਬਦੀਲੀਆਂ ਕੀਤੇ ਜਾਣਾ ਸ਼ਾਮਲ ਸੀ।
ਸਨਿਚਰਵਾਰ ਦੀ ਸ਼ਾਮ ਸੈਨ ਹੋਜ਼ੇ ਦੇ ਡਾਊਨ ਟਾਊਨ ਵਿਚ ਸ਼ਾਮ ਦੀ ਦਾਅਵਤ ਰੱਖੀ ਗਈ ਜਿਸ ਵਿਚ ਡੈਲੀਗੇਟਾਂ, ਨੁਮਾਇੰਦਿਆਂ ਅਤੇ ਉਨ੍ਹਾਂ ਵਿਅਕਤੀਆਂ ਤੇ ਨੁਮਾਇੰਦਿਆਂ ਦਾ ਮਾਣ-ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਕੈਲੀਫੋਰਨੀਆ ਦੇ ਸਕੂਲਾਂ ਦੇ ਪਾਠਕ੍ਰਮ ਵਿਚ ਸਿੱਖ ਇਤਿਹਾਸ ਨੂੰ ਸ਼ਾਮਲ ਕੀਤੇ ਜਾਣ ਸਬੰਧੀ ਮਤਾ ਨੰਬਰ ਐਸ ਬੀ 1540 ਪਾਸ ਕਰਵਾਉਣ ਲਈ ਉਚੇਚੀ ਭੂਮਿਕਾ ਨਿਭਾਈ। ਇਨ੍ਹਾਂ ਵਿਚ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਸੈਕਰਾਮੈਂਟੋ ਦੇ ਪ੍ਰੋਫੈਸਰ ਜੈਫਰੀ ਬਰੌਡ ਵੀ ਸ਼ਾਮਲ ਸਨ।
ਐਤਵਾਰ ਸਵੇਰੇ ਕੌਂਸਲ ਦੀ ਗੁਰਦੁਆਰਾ ਸੈਨ ਹੋਜ਼ੇ ਵਿਖੇ ਮੀਟਿੰਗ ਹੋਈ ਜਿਸ ਵਿਚ ਕਨਵੈਨਸ਼ਨ ਦੌਰਾਨ ਹੋਏ ਮੁੱਖ ਫੈਸਲੇ ਅਪਨਾਏ ਗਏ। ਇਸ ਉਪਰੰਤ ਇਨ੍ਹਾਂ ਬਾਰੇ ਗੁਰੂ ਘਰ ਵਿਚ ਹਾਜਰ ਸੰਗਤ ਨੂੰ ਦੱਸਿਆ ਗਿਆ। ਕਨਵੈਨਸ਼ਨ ਵਿਚ ਹਾਜ਼ਰ ਨੁਮਾਇੰਦਿਆਂ ਨੇ ਇਕ ਮਤਾ ਪਾਸ ਕਰਕੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਉਨ੍ਹਾਂ ਦੀ ਦੂਜੀ ਵਾਰ ਹੋਈ ਜਿੱਤ ਲਈ ਵਧਾਈ ਦਿੱਤੀ। ਇਸ ਤੋਂ ਇਲਾਵਾ ਕੈਲੀਫੋਰਨੀਆ ਸੈਨੇਟ ਮੈਜੌਰਟੀ ਲੀਡਰ ਸੈਨੇਟਰ ਐਲਨ ਕੋਰਬੈਟ ਦਾ ਸਿੱਖ ਭਾਈਚਾਰੇ ਪ੍ਰਤੀ ਸੇਵਾਵਾਂ ਬਦਲੇ ਸਨਮਾਨ ਕੀਤਾ ਗਿਆ। ਸੈਨੇਟਰ ਕੋਰਬੈਟ ਨੇ ਕੈਲੀਫੋਰਨੀਆ ਸੈਨੇਟ ਵਲੋਂ ਪਾਸ ਕੀਤਾ ਗਿਆ ਉਹ ਮਤਾ ਵਿਸ਼ਵ ਸਿੱਖ ਕੌਂਸਲ-ਅਮਰੀਕਾ ਖੇਤਰ ਨੂੰ ਭੇਟ ਕੀਤਾ ਜਿਸ ਵਿਚ ਇਸ ਦੀਆਂ ਪ੍ਰਾਪਤੀਆਂ ਦੀ ਪ੍ਰਸੰæਸਾ ਕੀਤੀ ਗਈ ਸੀ ਅਤੇ ਇਸ ਨੂੰ ਆਪਣੇ ਟੀਚਿਆਂ ਅਤੇ ਮਿਸ਼ਨ ਵਿਚ ਕਾਮਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਸਨ।
ਇਸ ਕਨਵੈਨਸ਼ਨ ਵਿਚ ਜਿਹੜੇ ਸਿੱਖ ਗੁਰੂ ਘਰਾਂ ਅਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ ਉਨ੍ਹਾਂ ਵਿਚ ਗੁਰਦੁਆਰਾ ਸਿੰਘ ਸਭਾ-ਓਪੈਲਿਕਾ (ਅਲਬਾਮਾ), ਕੈਲੀਫੋਰਨੀਆ ਦੇ ਗੁਰੂ ਘਰਾਂ-ਗੁਰੂ ਨਾਨਕ ਮਿਸ਼ਨ-ਲਿਵਿੰਗਸਟਨ, ਗੁਰਦੁਆਰਾ ਗੁਰੂ ਅੰਗਦ ਦਰਬਾਰ-ਬੇਕਰਜ਼ਫੀਲਡ, ਗੁਰਦੁਆਰਾ ਫਰੀਮਾਂਟ ਅਤੇ ਗੁਰਦੁਆਰਾ ਮਰਸਡ, ਕਾਲੋਰਾਡੋ ਸਿੰਘ ਸਭਾ-ਡੈਨਵਰ (ਕਾਲੋਰਾਡੋ), ਸਿੰਘ ਸਭਾ-ਅਗਸਤਾ (ਜਾਰਜੀਆ), ਸਿੱਖ ਸਟੱਡੀ ਸਰਕਲ-ਅਟਲਾਂਟਾ (ਜਾਰਜੀਆ), ਸਿੱਖ ਗੁਰਦੁਆਰਾ ਨਾਰਥ ਕੈਰੋਲਾਈਨਾ-ਡਰਹਮ (ਨਾਰਥ ਕੈਰੋਲਾਈਨਾ), ਗੁਰੂ ਨਾਨਕ ਸਿੱਖ ਸੁਸਾਇਟੀ ਆਫ ਸੈਂਟਰਲ ਓਹਾਇਓ-ਕੋਲੰਬਸ (ਓਹਾਇਓ), ਨਿਊ ਇੰਗਲੈਂਡ ਸਿੱਖ ਸਟੱਡੀ ਸਰਕਲ-ਬੋਸਟਨ (ਮੈਸਾਚੂਸੈਟਸ), ਸਿੱਖ ਕਲਚਰਲ ਐਂਡ ਐਜੂਕੇਸ਼ਨਲ ਸੁਸਾਇਟੀ ਆਫ ਵੈਸਟਰਨ ਨਿਊ ਯਾਰਕ-ਬਫਲੋ (ਨਿਊ ਯਾਰਕ), ਸਿੱਖ ਐਜੂਕੇਸ਼ਨਲ ਐਂਡ ਰਿਲੀਜੀਅਸ ਫਾਊਂਡੇਸ਼ਨ-ਡਬਲਿਨ (ਓਹਾਇਓ), ਸਿੱਖ ਫਾਊਂਡੇਸ਼ਨ ਆਫ ਸਾਇਰਾਕੂਜ਼-ਲੀਵਰਪੂਲ (ਨਿਊ ਯਾਰਕ), ਸਿੱਖ ਰਿਲੀਜੀਅਸ ਸੁਸਾਇਟੀ ਆਫ ਸ਼ਿਕਾਗੋ-ਪੈਲਾਟਾਈਨ (ਇਲੀਨਾਏ), ਸਿੱਖ ਸਭਾ ਆਫ ਨਿਊ ਜਰਸੀ-ਲਾਰੈਂਸਵਿਲ (ਨਿਊ ਜਰਸੀ), ਸਿੰਘ ਸਭਾ ਆਫ ਅੱਪਰਵੈਲੀ-ਹੈਨੋਵਰ (ਨਿਊ ਹੈਂਪਸ਼ਾਇਰ), ਸਿੱਖ ਸੁਸਾਇਟੀ ਆਫ ਮਿਸ਼ੀਗਨ-ਮੈਡੀਸਨ ਹਾਈਟਸ (ਮਿਸ਼ੀਗਨ), ਸਿੱਖ ਯੂਥ ਅਲਾਇੰਸ ਆਫ ਅਮੈਰਿਕਾ-ਟੋਲੀਡੋ (ਓਹਾਇਓ), ਸਿੰਘ ਸਭਾ ਆਫ ਮਿਸ਼ੀਗਨ-ਕੈਂਟਨ (ਮਿਸ਼ੀਗਨ), ਟਰਾਈ ਸਟੇਟ ਸਿੱਖ ਕਲਚਰਲ ਸੁਸਾਇਟੀ-ਮੈਨੋਵਰਵਿਲ (ਪੈਨਸਿਲਵੇਨੀਆ) ਅਤੇ ਸਿੱਖ ਰਿਲੀਜੀਅਸ ਸੁਸਾਇਟੀ ਆਫ ਵਿਸਕਾਨਸਿਨ-ਬਰੁਕਫੀਲਡ (ਵਿਸਕਾਨਸਿਨ) ਦੇ ਨਾਂ ਸ਼ਾਮਲ ਹਨ।
ਇਸ ਤੋਂ ਇਲਾਵਾ ਯੁਨਾਈਟਿਡ ਸਿੱਖਸ, ਸਿੱਖ ਰਿਸਰਚ ਇੰਸਟੀਚਿਊਟ, ਸੈਲਡੈਫ, ਜੈਕਾਰਾ ਅਤੇ ਦੇਸ਼ ਭਰ ਤੋਂ ਖਾਲਸਾ ਸਕੂਲਾਂ ਤੇ ਸੈਨ ਹੋਜ਼ੇ ਸਿੱਖ ਸਟਕਾਊਟਸ-ਟਰੁਪ 600, ਸੰਜੋਗ ਸਿੱਖ ਫੈਮਿਲੀ ਸੈਂਟਰ ਅਤੇ ਕੌਰਿਸਟਾ ਆਦਿ ਜਥੇਬੰਦੀਆਂ ਦੇ ਨੁਮਾਇੰਦੇ ਇਸ ਕਨਵੈਨਸ਼ਨ ਵਿਚ ਸ਼ਾਮਲ ਹੋਏ।
ਜ਼ਿਕਰਯੋਗ ਹੈ ਕਿ ਵਿਸ਼ਵ ਸਿੱਖ ਕੌਂਸਲ-ਅਮਰੀਕਾ ਖੇਤਰ ਅਮਰੀਕਾ ਵਿਚ ਵਸਦੇ ਸਿੱਖਾਂ ਦੀ ਇਕ ਸਾਂਝੀ ਨੁਮਾਇੰਦਾ ਜਥੇਬੰਦੀ ਹੈ। ਇਹ ਸਿੱਖ ਗੁਰੂ ਘਰਾਂ ਅਤੇ ਸੰਸਥਾਵਾਂ ਦੀ ਇਕ ਚੁਣੀ ਹੋਈ ਜਥੇਬੰਦੀ ਹੈ। ਇਸ ਵੇਲੇ ਦੇਸ਼ ਭਰ ਵਿਚੋਂ 48 ਗੁਰੂ ਘਰਾਂ ਅਤੇ ਹੋਰ ਸਿੱਖ ਸੰਸਥਾਵਾਂ ਇਸ ਦੀਆਂ ਮੈਂਬਰ ਹਨ। ਇਸ ਜਥੇਬੰਦੀ ਦਾ ਮੁੱਖ ਮਕਸਦ ਅਮਰੀਕਾ ਵਿਚ ਸਿੱਖਾਂ ਦੇ ਸਾਂਝੇ ਦ੍ਰਿਸ਼ਟੀਕੋਣ ਦੀ ਨੁਮਾਇੰਦਗੀ ਕਰਨਾ ਹੈ। ਕੌਂਸਲ ਕੌਮੀ ਅਤੇ ਕੌਮਾਂਤਰੀ ਪੱਧਰ ਉਤੇ ਸਿੱਖਾਂ ਦੇ ਹਿੱਤਾਂ, ਸਿਖਿਆ ਅਤੇ ਸਰਬੱਤ ਦੇ ਭਲੇ ਲਈ ਕੰਮ ਕਰਦੀ ਹੈ।

Be the first to comment

Leave a Reply

Your email address will not be published.