ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿਚ ਪਾਕਿਸਤਾਨ ਸਣੇ ਸਾਰਕ ਦੇਸ਼ਾਂ ਦੇ ਆਗੂਆਂ ਨੂੰ ਬੁਲਾ ਕੇ ਗੁਆਂਢੀ ਮੁਲਕਾਂ ਨਾਲ ਸੁਖਵੇਂ ਮਾਹੌਲ ਬਣਾਈ ਰੱਖਣ ਦਾ ਸੰਕੇਤ ਦਿੱਤਾ ਹੈ। ਉਂਝ ਭਾਜਪਾ ਦੀ ਪਾਕਿਸਤਾਨ ਪ੍ਰਤੀ ਇਕਦਮ ਨਰਮ ਹੋਈ ਨੀਤੀ ਨੇ ਸਭ ਨੂੰ ਹੈਰਾਨ ਕੀਤਾ ਹੈ। ਹੁਣ ਤੱਕ ਭਾਜਪਾ ਅਤਿਵਾਦ ਦਾ ਸਾਰਾ ਦੋਸ਼ ਗੁਆਂਢੀ ਮੁਲਕ ਸਿਰ ਮੜ੍ਹ ਕੇ ਇਸ ਨਾਲ ਸਖਤੀ ਵਰਤਣ ਦੀਆਂ ਦਲੀਲਾਂ ਦਿੰਦੀ ਰਹੀ ਹੈ ਪਰ ਸ੍ਰੀ ਮੋਦੀ ਨੇ ਸਰਕਾਰ ਦੀ ਕਮਾਨ ਸੰਭਾਲਦਿਆਂ ਹੀ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕਰ ਕੇ ਰੁਕੀ ਸ਼ਾਂਤੀ ਵਾਰਤਾ ਨੂੰ ਮੁੜ ਸ਼ੁਰੂ ਕਰਨ ਦਾ ਸੰਕੇਤ ਦਿੱਤਾ ਹੈ। ਇਸ ਤੋਂ ਪਹਿਲਾਂ ਭਾਜਪਾ ਦਾ ਤਰਕ ਰਿਹਾ ਹੈ ਕਿ ਜਿੰਨਾ ਚਿਰ ਪਾਕਿਸਤਾਨ ਆਪਣੀ ਧਰਤੀ ਤੋਂ ਭਾਰਤ ਖ਼ਿਲਾਫ਼ ਅਤਿਵਾਦੀ ਸਰਗਰਮੀਆਂ ਨੂੰ ਠੱਲ੍ਹ ਨਹੀਂ ਪਾਉਂਦਾ, ਉਨਾ ਚਿਰ ਕਿਸੇ ਸ਼ਾਂਤੀ ਵਾਰਤਾ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਸ੍ਰੀ ਮੋਦੀ ਨੇ ਸਰਕਾਰ ਦੀ ਵਾਗਡੋਰ ਸੰਭਾਲਣ ਮਗਰੋਂ ਪਹਿਲਾ ਫੈਸਲਾ ਲੈਂਦਿਆਂ ਕਾਲੇ ਧਨ ਦਾ ਪਤਾ ਲਾਉਣ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਹੈ। ਇਸ ਟੀਮ ਦੇ ਮੁਖੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਐਮæਬੀæ ਸ਼ਾਹ ਹੋਣਗੇ ਜਦਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਰਿਜੀਤ ਪਸਾਇਤ ਉਪ ਮੁਖੀ ਵਜੋਂ ਕੰਮ ਕਰਨਗੇ। ਵਿਸ਼ੇਸ਼ ਜਾਂਚ ਟੀਮ ਦਾ ਮਾਲ ਸਕੱਤਰ, ਸੀæਬੀæਆਈæ ਤੇ ਆਈæਬੀæ ਦੇ ਡਾਇਰੈਕਟਰ, ਐਨਫੋਰਸਮੈਂਟ ਡਾਇਰੈਕਟੋਰੇਟ ਅਧਿਕਾਰੀ, ਸੀæਬੀæਡੀæਟੀæ ਦੀ ਚੇਅਰਮੈਨ ਤੇ ਆਰæਬੀæਆਈæ ਦੇ ਡਿਪਟੀ ਗਵਰਨਰ ਹਿੱਸਾ ਹੋਣਗੇ। ਸੁਪਰੀਮ ਕੋਰਟ ਨੇ ਬੀਤੇ ਹਫਤੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਹਫਤੇ ਕਾਲੇ ਧਨ ਦੇ ਸਾਰੇ ਕੇਸਾਂ ਦੀ ਨਿਗਰਾਨੀ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਜਾਵੇ।
________________________
ਛੋਹਲੇ ਕਦਮ ਦਿਖਾਏ
ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਨੇ ਕਮਾਨ ਸੰਭਲ ਲਈ ਹੈ। ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਿਆਂ ਨਰੇਂਦਰ ਮੋਦੀ ਨੇ 45 ਮੈਂਬਰੀ ਮੰਤਰੀ ਮੰਡਲ ਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਹਨ। ਇਨ੍ਹਾਂ ਵਿਚ 23 ਨੂੰ ਕੈਬਨਿਟ, 12 ਨੂੰ ਰਾਜ ਮੰਤਰੀ ਤੇ 10 ਨੂੰ ਰਾਜ ਮੰਤਰੀ (ਸੁਤੰਤਰ ਚਾਰਜ) ਸ਼ਾਮਲ ਹਨ। ਕੈਬਨਿਟ ਦੇ 36 ਮੈਂਬਰਾਂ ਨੇ ਹਿੰਦੀ ਵਿਚ ਹਲਫ਼ ਲਿਆ ਜਦਕਿ ਹਰਸਿਮਰਤ ਕੌਰ ਬਾਦਲ ਸਮੇਤ 10 ਮੈਂਬਰਾਂ ਨੇ ਅੰਗਰੇਜ਼ੀ ਵਿਚ ਸਹੁੰ ਚੁੱਕੀ। ਨਵੇਂ ਮੰਤਰੀਆਂ ਨੇ ਛੋਹਲੇ ਕਦਮੀਂ ਕੰਮ ਵੀ ਆਰੰਭ ਕਰ ਦਿੱਤਾ ਹੈ।ਸ੍ਰੀ ਮੋਦੀ ਦੀ ਟੀਮ ਵਿਚ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਐਮæ ਵੈਂਕਈਆ ਨਾਇਡੂ, ਨਿਤਿਨ ਗਡਕਰੀ, ਉਮਾ ਭਾਰਤੀ, ਮੇਨਕਾ ਗਾਂਧੀ, ਅਨੰਤ ਕੁਮਾਰ, ਰਵੀ ਸ਼ੰਕਰ ਪ੍ਰਸਾਦ, ਸਮ੍ਰਿਤੀ ਇਰਾਨੀ ਤੇ ਹਰਸ਼ਵਰਧਨ ਅਹਿਮ ਚਿਹਰੇ ਹਨ। ਇਸ ਤੋਂ ਇਲਾਵਾ ਕੌਮੀ ਜਮਹੂਰੀ ਗੱਠਜੋੜ ਦੇ ਭਾਈਵਾਲਾਂ ਵਿਚੋਂ ਰਾਮ ਵਿਲਾਸ ਪਾਸਵਾਨ (ਲੋਕ ਜਨ ਸ਼ਕਤੀ ਪਾਰਟੀ), ਹਰਸਿਮਰਤ ਕੌਰ ਬਾਦਲ (ਅਕਾਲੀ ਦਲ), ਅਨੰਤ ਗੀਤੇ (ਸ਼ਿਵ ਸੈਨਾ) ਤੇ ਅਸ਼ੋਕ ਰਾਜਪਤੀ ਰਾਜੂ (ਤੇਲਗੂ ਦੇਸਮ ਪਾਰਟੀ) ਨੂੰ ਮੰਤਰੀ ਮੰਡਲ ਵਿਚ ਲਿਆ ਗਿਆ ਹੈ।
ਸ੍ਰੀ ਮੋਦੀ ਦੀ ਟੀਮ ਵਿਚ ਔਰਤਾਂ ਨੂੰ ਭਾਵੇਂ 35 ਫੀਸਦੀ ਨੁਮਾਇੰਦਗੀ ਤਾਂ ਨਹੀਂ ਮਿਲੀ, ਫਿਰ ਵੀ ਸੱਤ ਇਸਤਰੀਆਂ ਨੂੰ ਮੰਤਰੀ ਮੰਡਲ ਵਿਚ ਲੈ ਕੇ ਪ੍ਰਧਾਨ ਮੰਤਰੀ ਨੇ ਇਹ ਦਰਸਾ ਦਿੱਤਾ ਕਿ ਉਹ ਨਾਰੀ ਜਾਤੀ ਨੂੰ ਬਣਦਾ ਮਾਣ-ਸਨਮਾਨ ਦੇਣ ਦੇ ਚਾਹਵਾਨ ਹਨ। ਮੰਤਰੀ ਮੰਡਲ ਵਿਚ ਜਿਨ੍ਹਾਂ ਮਹਿਲਾ ਨੇਤਾਵਾਂ ਨੂੰ ਲਿਆ ਗਿਆ ਹੈ, ਉਨ੍ਹਾਂ ਵਿਚ ਸੁਸ਼ਮਾ ਸਵਰਾਜ, ਉਮਾ ਭਾਰਤੀ ਤੇ ਮੇਨਕਾ ਗਾਂਧੀ ਤੋਂ ਇਲਾਵਾ ਨਜਮਾ ਹੈਪਤੁੱਲਾ, ਹਰਸਿਮਰਤ ਕੌਰ ਬਾਦਲ, ਸਮ੍ਰਿਤੀ ਇਰਾਨੀ ਤੇ ਨਿਰਮਲਾ ਸੀਤਾਰਾਮਨ ਸ਼ਾਮਲ ਹਨ। ਸ੍ਰੀ ਮੋਦੀ ਦੀ ਟੀਮ ਵਿਚ ਇਕੋ ਇਕ ਮੁਸਲਿਮ ਚਿਹਰਾ ਨਜਮਾ ਹੈਪਤੁੱਲਾ ਹੈ। ਹੈਰਾਨੀ ਦੀ ਗੱਲ ਹੈ ਕਿ ਭਾਜਪਾ ਨੇ ਆਪਣੇ ਸੀਨੀਅਰ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਮੰਤਰੀ ਮੰਡਲ ਵਿਚ ਕੋਈ ਥਾਂ ਨਹੀਂ ਦਿੱਤੀ ਹੈ। ਇਹ ਦੋਵੇਂ ਆਗੂਆਂ ਨੇ ਕਈ ਵਾਰ ਖੁੱਲ੍ਹੇ ਤੌਰ ‘ਤੇ ਸ੍ਰੀ ਮੋਦੀ ਦਾ ਵਿਰੋਧ ਕੀਤਾ ਸੀ।
ਸ੍ਰੀ ਮੋਦੀ ਦੀ ਅਗਵਾਈ ਹੇਠ ਕਾਇਮ ਹੋਏ ਕੇਂਦਰੀ ਮੰਤਰੀ ਮੰਡਲ ਵਿਚ ਪੰਜਾਬੀ ਚੰਗਾ ਮੋਰਚਾ ਮਾਰ ਗਏ। ਅੰਮ੍ਰਿਤਸਰ ਤੋਂ ਚੋਣ ਲੜਨ ਵਾਲੇ ਅਰੁਣ ਜੇਤਲੀ ਜਿੱਥੇ ਵਿੱਤ ਤੇ ਰੱਖਿਆ ਮੰਤਰੀ ਬਣੇ ਹਨ, ਉੱਥੇ ਸੁਸ਼ਮਾ ਸਵਰਾਜ ਨੂੰ ਵਿਦੇਸ਼ ਮੰਤਰੀ ਦਾ ਅਹੁਦਾ ਮਿਲਿਆ ਹੈ। ਸੁਸ਼ਮਾ ਸਵਰਾਜ ਅਣਵੰਡੇ ਪੰਜਾਬ ਦੇ ਅੰਬਾਲਾ ਜ਼ਿਲ੍ਹੇ ਦੇ ਜੰਮਪਲ ਹਨ। ਉਨ੍ਹਾਂ ਦੇ ਪਤੀ ਸਵਾਰਜ ਕੌਸ਼ਲ ਪਟਿਆਲੇ ਜ਼ਿਲ੍ਹੇ ਨਾਲ ਸਬੰਧਤ ਹਨ। ਔਰਤਾਂ ਤੇ ਬੱਚਿਆਂ ਦੇ ਕਲਿਆਣ ਬਾਰੇ ਮੰਤਰੀ ਮੇਨਕਾ ਗਾਂਧੀ ਸਿੱਖ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਟੀæਐਸ਼ ਆਨੰਦ ਫੌਜ ਵਿਚ ਲੈਫਟੀਨੈਂਟ ਕਰਨਲ ਸਨ। ਨਾਨਕਿਆਂ ਵੱਲੋਂ ਉਸ ਦਾ ਸਬੰਧ ਸਰ ਦਾਤਾਰ ਸਿੰਘ ਨਾਲ ਹੈ ਜੋ ਅੰਗਰੇਜ਼ਾਂ ਦੇ ਰਾਜਕਾਲ ਸਮੇਂ ਸਨਮਾਨੇ ਗਏ ਭਾਰਤੀਆਂ ਵਿਚੋਂ ਇਕ ਸਨ ਤੇ ਉਨ੍ਹਾਂ ਨੇ ਨਵੀਂ ਦਿੱਲੀ ਦੀ ਉਸਾਰੀ ਵਿਚ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਵੀ ਕੈਬਨਿਟ ਮੰਤਰੀ ਬਣੇ ਹਨ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹੋਣ ਤੋਂ ਇਲਾਵਾ ਪੰਡਿਤ ਜਵਾਹਰ ਲਾਲ ਨਹਿਰੂ ਦੇ ਰਾਜਕਾਲ ਸਮੇਂ ਕੇਂਦਰੀ ਮੰਤਰੀ ਰਹੇ ਸਰਦਾਰ ਸੁਰਜੀਤ ਸਿੰਘ ਮਜੀਠੀਆ ਦੀ ਪੋਤਰੀ ਹਨ।
Leave a Reply