ਬਾਦਲਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਵੰਗਾਰ!

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਮਗਰੋਂ ਪੰਜਾਬ ਵਿਚ ਸਿਆਸੀ ਸਮੀਕਰਨ ਬਦਲਣੇ ਸ਼ੁਰੂ ਹੋ ਗਏ ਹਨ। ਸੱਤਾ ਧਿਰ ਅਕਾਲੀ-ਭਾਜਪਾ ਗੱਠਜੋੜ ਵਿਚਾਲੇ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਤੱਕ ਭਾਈਵਾਲ ਪਾਰਟੀ ਭਾਜਪਾ ‘ਤੇ ਅਕਾਲੀ ਦਲ ਹਾਵੀ ਰਿਹਾ ਹੈ ਪਰ ਦੇਸ਼ ਵਿਚ ਹੂੰਝਾ ਫੇਰ ਜਿੱਤ ਮਗਰੋਂ ਭਾਰਤੀ ਜਨਤਾ ਪਾਰਟੀ ਦੇ ਤੇਵਰ ਬਦਲ ਗਏ ਹਨ। ਪੰਜਾਬ ਭਾਜਪਾ ਦੇ ਆਗੂਆਂ ਨੇ ਸੂਬੇ ਵਿਚ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੀ ਹਾਰ ਦਾ ਭਾਂਡਾ ਅਕਾਲੀਆਂ ਸਿਰ ਭੰਨਦਿਆਂ ਦਾਅਵਾ ਕੀਤਾ ਹੈ ਕਿ ਅਕਾਲੀ ਆਗੂਆਂ ਦੇ ਮਾੜੇ ਅਕਸ ਨੇ ਗੱਠਜੋੜ ਨੂੰ ਨੁਕਸਾਨ ਪਹੁੰਚਾਇਆ ਹੈ। ਭਾਜਪਾ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਹੀ ਚੋਣਾਂ ਦੌਰਾਨ ਗੱਠਜੋੜ ਨੂੰ ਮਹਿੰਗੀਆਂ ਪਈਆਂ ਹਨ।
ਦੂਜੇ ਪਾਸੇ ਅਕਾਲੀ ਦਲ ਦੇ ਆਗੂਆਂ ਵੱਲੋਂ ਵੀ ਤਿੱਖੇ ਵਾਰ ਕੀਤੇ ਜਾ ਰਹੇ ਹਨ। ਹੁਣ ਤੱਕ ਉਭਰ ਕੇ ਆਏ ਸਮੀਕਰਨ ਤੋਂ ਇਹ ਸੰਕੇਤ ਮਿਲਦੇ ਹਨ ਕਿ ਭਵਿੱਖ ਵਿਚ ਭਾਜਪਾ ਪੰਜਾਬ ਵਿਚ ਵੱਧ ਸੀਟਾਂ ਤੇ ਵਜ਼ੀਰੀਆਂ ਦੀ ਮੰਗ ਕਰੇਗੀ ਤੇ ਨਾਲ ਹੀ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਦਬਾਅ ਵਧਾ ਸਕਦੀ ਹੈ। ਇਸ ਵੇਲੇ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਹਨ ਜਿਸ ਦਾ ਭਾਜਪਾ ਪਹਿਲਾਂ ਵੀ ਦੱਬਵੀਂ ਸੁਰ ਵਿਚ ਵਿਰੋਧ ਕਰ ਚੁੱਕੀ ਹੈ। ਭਾਜਪਾ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਨਸ਼ੇ, ਗੁੰਡਾਗਰਦੀ, ਟੈਕਸ, ਰੇਤਾ ਬਜਰੀ, ਮਹਿੰਗਾਈ ਤੇ ਭ੍ਰਿਸ਼ਟਾਚਾਰ ਅਹਿਮ ਮੁੱਦੇ ਰਹੇ ਜਿਨ੍ਹਾਂ ਕਰ ਕੇ ਲੋਕਾਂ ਵਿਚ ਰੋਸ ਸੀ।
ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਦੋ ਤੇ ਅਕਾਲੀ ਦਲ ਨੂੰ ਚਾਰ ਸੀਟਾਂ ਮਿਲੀਆਂ। ਅੰਮ੍ਰਿਤਸਰ ਤੋਂ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਪੂਰਾ ਟਿੱਲ ਲਾਉਣ ਦੇ ਬਾਵਜੂਦ ਹਾਰ ਗਏ। ਉਂਝ, ਇਸ ਵਾਰ ਅਕਾਲੀ ਭਾਜਪਾ ਨੂੰ ਚਾਹੇ ਪਿਛਲੀ ਵਾਰ ਨਾਲੋਂ ਇਕ ਸੀਟ ਵੱਧ ਮਿਲੀ ਪਰ ਦੇਸ਼ ਭਰ ਵਿਚ ਚੱਲੀ ਮੋਦੀ ਲਹਿਰ ਦਾ ਸੱਤਾ ਧਿਰ ਨੂੰ ਕੋਈ ਲਾਹਾ ਨਹੀਂ ਮਿਲਿਆ।
ਇਸ ਗੱਲ ਤੋਂ ਪੰਜਾਬ ਭਾਜਪਾ ਦੇ ਆਗੂ ਕਾਫੀ ਖਫਾ ਹਨ। ਇਹ ਆਗੂ ਭਾਵੇਂ ਪਹਿਲਾਂ ਵੀ ਦੁਬਵੀਂ ਸੁਰ ਵਿਚ ਬੋਲਦੇ ਸਨ ਪਰ ਹੁਣ ਦੇਸ਼ ਵਿਚ ਸਰਕਾਰ ਬਣਨ ਮਗਰੋਂ ਇਨ੍ਹਾਂ ਦੇ ਹੌਸਲੇ ਬੁਲੰਦ ਹੋ ਗਏ ਹਨ। ਭਾਜਪਾ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪਾਰਟੀ ਨਾਲ ਸਬੰਧਤ ਮੰਤਰੀਆਂ ਦੇ ਵਿਭਾਗਾਂ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸਿੱਧਾ ਦਖ਼ਲ ਹੈ।
ਪੰਜਾਬ ਭਾਜਪਾ ਦੇ ਆਗੂਆਂ ਨੇ ਸਪਸ਼ਟ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਹੋਰ ਸੂਬਿਆਂ ਵਿਚ ਜਿੱਥੇ ਕਾਂਗਰਸ ਵਿਰੋਧੀ ਲਹਿਰ ਸੀ, ਉਥੇ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਖ਼ਿਲਾਫ਼ ਲੋਕ ਰੋਹ ਸੀ। ਇਸ ਰੋਹ ਦਾ ਕਾਰਨ ਨਸ਼ਾ ਤਸਕਰੀ, ਪ੍ਰਾਪਰਟੀ ਟੈਕਸ, ਸ਼ਹਿਰੀ ਤੇ ਦਿਹਾਤੀ ਖੇਤਰ ਦੇ ਲੋਕਾਂ ਦਰਮਿਆਨ ਵਿਤਕਰਾ, ਰੇਤ-ਬੱਜਰੀ ਦੀ ਕਾਲਾਬਾਜ਼ਾਰੀ, ਮੈਰਿਜ ਪੈਲੇਸਾਂ ਵਿਚ ਆਬਕਾਰੀ ਵਿਭਾਗ ਦੇ ਠੇਕੇਦਾਰਾਂ ਦੀ ਦਹਿਸ਼ਤ ਤੇ ਵੈਟ ਹਨ। ਉਨ੍ਹਾਂ ਮੰਨਿਆ ਕਿ ਰੇਤ-ਬੱਜਰੀ ਦੀ ਮਾਈਨਿੰਗ ਦਾ ਵਿਭਾਗ ਤਾਂ ਭਾਜਪਾ ਦੇ ਮੰਤਰੀ ਕੋਲ ਹੈ ਪਰ ਇਸ ਧੰਦੇ ‘ਤੇ ਕੰਟਰੋਲ ਅਕਾਲੀ ਦਲ ਨਾਲ ਸਬੰਧਤ ਵਿਅਕਤੀਆਂ ਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ‘ਤੇ ਅਕਾਲੀ ਦਲ ਦੇ ਆਗੂਆਂ ਨੇ ਕਦੀ ਕੋਈ ਲੜ-ਪੱਲਾ ਨਹੀਂ ਫੜਾਇਆ ਹੈ।

Be the first to comment

Leave a Reply

Your email address will not be published.