ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਲੱਗਦੇ ਸਨ ਸਕੂਲ

ਚੰਡੀਗੜ੍ਹ : ਇਸ ਗੱਲ ਤੋਂ ਬਹੁਤ ਘੱਟ ਲੋਕ ਜਾਣੂ ਹੋਣਗੇ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਅੱਜ ਤੋਂ 100-150 ਸਾਲ ਪਹਿਲਾਂ ਹਿੰਦੂ-ਸਿੱਖ ਬੱਚਿਆਂ ਦੇ ਸਕੂਲ ਲਗਦੇ ਸਨ ਤੇ ਬਰਤਾਨਵੀ ਰਾਣੀ ਦੀ ਆਮਦ ਮੌਕੇ ਅੰਮ੍ਰਿਤਸਰ ਦੇ ਲੋਕਾਂ ਨੇ ਆਪਣੇ ਘਰਾਂ ਤੇ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਫੁਲਕਾਰੀਆਂ ਸਜਾ ਕੇ ਨਿੱਘਾ ਸਵਾਗਤ ਕੀਤਾ ਸੀ।
ਇਸ ਬਾਰੇ ਕਈ ਹੋਰ ਜਾਣਕਾਰੀਆਂ ਦਾ ਖ਼ੁਲਾਸਾ 1808 ਤੋਂ 1959 ਤੱਕ ਅੰਗਰੇਜ਼ਾਂ ਵੱਲੋਂ ਖਿੱਚੀਆਂ ਸ੍ਰੀ ਦਰਬਾਰ ਸਾਹਿਬ ਤੇ ਉੱਥੇ ਆਉਂਦੀ ਸਿੱਖ ਸੰਗਤ ਦੀਆਂ ਦੁਰਲੱਭ ਤਸਵੀਰਾਂ ਵਿਚ ਹੋਇਆ ਹੈ ਜੋ ਅਨੋਖੀ ਪੁਸਤਕ ਦੇ ਰੂਪ ਵਿਚ ਬੀਤੇ ਦਿਨੀਂ ਚੰਡੀਗੜ੍ਹ ਵਿਚ ਰਿਲੀਜ਼ ਕੀਤੀਆਂ ਗਈਆਂ। ਇਹ ਤਸਵੀਰਾਂ ਇੰਗਲੈਂਡ ਵਿਚ ਰਹਿੰਦੇ ਦੋ ਸਿੱਖਾਂ ਅਮਨਦੀਪ ਸਿੰਘ ਮਾਦਰਾ ਤੇ ਪਰਮਜੀਤ ਸਿੰਘ ਨੇ ਅਮਰੀਕਾ, ਜਾਪਾਨ, ਜਰਮਨੀ ਤੇ ਯੂæਕੇæ ਸਮੇਤ ਹੋਰ ਕਈ ਦੇਸ਼ਾਂ ਵਿਚੋਂ ਕਈ ਸਾਲਾਂ ਦੀ ਮਿਹਨਤ ਨਾਲ ਇਕੱਠੀਆਂ ਕੀਤੀਆਂ। ਇਨ੍ਹਾਂ ਵਿਚ ਸਭ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ 1900 ਤੋਂ 1903 ਤੱਕ ਦੀਆਂ ਹਨ ਜੋ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਤੋਂ ਪ੍ਰਾਪਤ ਕੀਤੀਆਂ ਗਈਆਂ।
ਤਸਵੀਰਾਂ ਵਿਚ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਲਗਦੇ ਸਕੂਲ ਨਜ਼ਰ ਆ ਰਹੇ ਹਨ ਤੇ ਹਿੰਦੂ-ਸਿੱਖ ਬੱਚੇ ਦਸਤਾਰਾਂ ਸਜਾ ਕੇ ਫੱਟੀਆਂ ਤੇ ਕਲਮਾਂ ਰਾਹੀਂ ਪੜ੍ਹਾਈ ਕਰ ਰਹੇ ਹਨ। ਕੁਝ ਤਸਵੀਰਾਂ 1850 ਵੇਲੇ ਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਕਿਉਂਕਿ ਇਨ੍ਹਾਂ ਤਸਵੀਰਾਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਹਰਿਆਵਲ ਹੈ ਜੋ ਹੁਣ ਨਜ਼ਰ ਨਹੀਂ ਆਉਂਦੀ। ਇਥੋਂ ਤੱਕ ਕੇ ਇਨ੍ਹਾਂ ਦੁਰਲੱਭ ਤਸਵੀਰਾਂ ਵਿਚ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੇ ਬਾਬਾ ਅਟੱਲ ਬੁੰਗੇ ਦੁਆਲੇ ਬੇਸ਼ੁਮਾਰ ਦਰੱਖ਼ਤ ਨਜ਼ਰ ਆ ਰਹੇ ਹਨ ਜੋ ਹੁਣ ਮੌਜੂਦ ਨਹੀਂ।
ਤਸਵੀਰਾਂ ਵਿਚ ਅੰਗਰੇਜ਼ਾਂ ਵੱਲੋਂ 1860 ਵਿਚ ਖਿੱਚੀਆਂ ਤਸਵੀਰਾਂ ਵੀ ਮੌਜੂਦ ਹਨ ਜਿਨ੍ਹਾਂ ਵਿਚ ਦਰਸ਼ਨੀ ਡਿਉੜੀ ਤੋਂ ਸ੍ਰੀ ਦਰਬਾਰ ਸਾਹਿਬ ਵਿਚਲੇ ਰਾਹ ਵਿਚ ਕੁਝ ਮੰਗਤੇ ਬੈਠੇ ਵਿਖਾਈ ਦੇ ਰਹੇ ਹਨ ਜਿਨ੍ਹਾਂ ਨੂੰ ਸੰਗਤਾਂ ਕਣਕ ਜਾਂ ਚਾਵਲ ਦੇ ਦਿੰਦੀਆਂ ਸਨ। 1875 ਦੀ ਇਕ ਤਸਵੀਰ ਵਿਚ ਅੰਮ੍ਰਿਤਸਰ ਦੀਆਂ ਸਕੂਲੀ ਲੜਕੀਆਂ ਨਜ਼ਰ ਆ ਰਹੀਆਂ ਹਨ। 1870-80 ਦੌਰਾਨ ਖਿੱਚੀ ਤਸਵੀਰ ਵਿਚ ਦਰਬਾਰ ਸਾਹਿਬ ਦੇ ਉਸ ਵੇਲੇ ਦੇ ਮੈਨੇਜਰ ਮੰਗਲ ਸਿੰਘ ਰਾਮਗੜ੍ਹੀਆ ਦੀ ਤਸਵੀਰ ਹੈ। 1880-85 ਦੌਰਾਨ ਖਿੱਚੀ ਗਈ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ  ਮਾਨ ਸਿੰਘ ਵੜੈਚ ਦੀ ਤਸਵੀਰ ਹੈ ਜਿਸ ਵਿਚ ਸ਼ ਵੜੈਚ ਦਰਸ਼ਨੀ ਡਿਉੜੀ ਨੇੜੇ ਸਿੱਖ ਆਗੂਆਂ ਤੇ ਵਿਦਵਾਨਾਂ ਨਾਲ ਅਹਿਮ ਮੀਟਿੰਗ ਕਰਦੇ ਨਜ਼ਰ ਆ ਰਹੇ ਹਨ।
1890 ਵਿਚ ਸ੍ਰੀ ਦਰਬਾਰ ਸਾਹਿਬ ਆਏ ਕਿਸੇ ਸੰਪ੍ਰਦਾਇ ਨਾਲ ਸਬੰਧਤ ਫ਼ਕੀਰ ਦੀ ਤਸਵੀਰ ਵੀ ਵੇਖਣਯੋਗ ਹੈ। ਸੰਨ 1900 ਵਿਚ ਖਿੱਚੀ ਗਈ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਹੀਰਾ ਸਿੰਘ ਦੀ ਤਸਵੀਰ, 1901 ਵਿਚ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲ੍ਹੇ ਵਿਚ ਬੈਠੇ ਬਰਤਾਨਵੀ ਅਧਿਕਾਰੀਆਂ ਦੀ ਤਸਵੀਰ, ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਵੱਖ-ਵੱਖ ਸੰਪ੍ਰਦਾਵਾਂ ਦੇ ਸਾਧੂਆਂ ਦੀਆਂ ਤਸਵੀਰਾਂ, ਸਿੱਖ ਸੰਗਤਾਂ ਦੀਆਂ ਤਸਵੀਰਾਂ, ਬਰਤਾਨਵੀ ਰਾਣੀ ਦੀ ਅੰਮ੍ਰਿਤਸਰ ਆਮਦ ਮੌਕੇ ਲੋਕਾਂ ਵੱਲੋਂ ਉਸ ਦੇ ਸਵਾਗਤ ਲਈ ਘਰਾਂ ਬਾਹਰ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨੀ ਡਿਉੜੀ ‘ਤੇ ਸਜਾਈਆਂ ਫੁਲਕਾਰੀਆਂ ਤੇ ਰੰਗਦਾਰ ਚਾਦਰਾਂ ਦੀਆਂ ਤਸਵੀਰਾਂ, ਅਕਾਲ ਤਖ਼ਤ ਸਾਹਿਬ ਸਾਹਮਣੇ ਘੁੰਮਦੀਆਂ ਗਾਵਾਂ, ਚੜ੍ਹਦੀ ਕਲਾ ਵਾਲੇ ਸਿੱਖ, ਅੰਮ੍ਰਿਤਸਰ ਦੇ 1910 ਦੌਰਾਨ ਨਜ਼ਰ ਆਉਂਦੇ ਬਾਜ਼ਾਰ, ਜਲ੍ਹਿਆਂ ਵਾਲੇ ਬਾਗ਼ ਦੀ ਬਹੁਤ ਹੀ ਅਨੋਖੀ ਤਸਵੀਰ, ਦਰਸ਼ਨੀ ਡਿਉੜੀ ਨੇੜੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਕੀਰਤਨੀਏ, 1930 ਵਿਚ ਅੰਗਰੇਜ਼ ਹਕੂਮਤ ਵੱਲੋਂ ਜਾਰੀ ਕੀਤੀ ਗਈ ਸ੍ਰੀ ਦਰਬਾਰ ਸਾਹਿਬ ਦੀ ਟਿਕਟ ਅਤੇ 1935 ਵਿਚ ਬ੍ਰਿਟਿਸ਼ ਅਫ਼ਸਰਾਂ ਨੂੰ ਅੰਮ੍ਰਿਤਸਰ ਵਿਚ ਖੁਆਏ ਗਏ ਰਾਤ ਦੇ ਖਾਣੇ (ਮਾਸਾਹਾਰੀ ਤੇ ਸ਼ਾਕਾਹਾਰੀ) ਦੀ ਸੂਚੀ, 1940 ਵਿਚ ਸਿੱਖ ਸਿਪਾਹੀਆਂ ਤੇ ਫ਼ੌਜੀਆਂ ਨਾਲ ਮੁਲਾਕਾਤ ਕਰਦੇ ਬ੍ਰਿਟਿਸ਼ ਅਧਿਕਾਰੀ ਤੇ ਦਸਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਦੇ ਕੰਧ ਚਿੱਤਰਾਂ ਦੀਆਂ ਤਸਵੀਰਾਂ ਸ਼ਾਮਲ ਹਨ। ਇਹ ਪੁਸਤਕ ਇੰਗਲੈਂਡ ਦੇ ਕਾਸ਼ੀ ਹਾਊਸ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Be the first to comment

Leave a Reply

Your email address will not be published.