ਚੰਡੀਗੜ੍ਹ: ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਵਿਚ ਮਿਲੇ ਚੰਗੇ ਹੁੰਗਾਰੇ ਪਿੱਛੋਂ ਹੁਣ ਤੱਕ ਨੁੱਕਰੇ ਲੱਗੇ ਰਹੇ ਪੰਜਾਬ ਭਾਜਪਾ ਦੇ ਆਗੂਆਂ ਨੇ ਮੁੱਖ ਹਾਕਮ ਧਿਰ ਨੂੰ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਕਾਰਨ ਤਕਰੀਬਨ ਪੌਣੇ ਦੋ ਦਹਾਕਿਆਂ ਤੋਂ ਚੱਲੇ ਆ ਰਹੇ ਗਠਜੋੜ ਦਰਮਿਆਨ ਅਕਾਲੀ ਦਲ ਪਹਿਲੀ ਵਾਰ ਭਾਜਪਾ ਦੇ ਦਬਾਅ ਅਧੀਨ ਆਇਆ ਦਿਖਾਈ ਦੇ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਭਾਜਪਾ ਆਗੂਆਂ ਦੀਆਂ ਅਕਾਲੀਆਂ ਪ੍ਰਤੀ ਤਿੱਖੀਆਂ ਟਿੱਪਣੀਆਂ ‘ਤੇ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹਨ। ਇਸ ਦੇ ਉਲਟ ਭਾਜਪਾ ਆਗੂਆਂ ਵੱਲੋਂ ਆਪਣੀ ਭਾਈਵਾਲ ਪਾਰਟੀ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਸ ਰਾਜਸੀ ਘਟਨਾਕ੍ਰਮ ਦੌਰਾਨ ਦਿਲਚਸਪ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਆਗੂਆਂ ਵਿਰੁੱਧ ਖੁੱਲ੍ਹੇਆਮ ਬੋਲਣ ਵਾਲੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾæ ਨਵਜੋਤ ਕੌਰ ਸਿੱਧੂ (ਮੁੱਖ ਸੰਸਦੀ ਸਕੱਤਰ) ਨੇ ਇਕ ਤਰ੍ਹਾਂ ਨਾਲ ਮੁੜ ਤੋਂ ਭਾਈਵਾਲ ਤੇ ਆਪਣੀ ਪਾਰਟੀ ਦੇ ਆਗੂਆਂ ਵਿਰੁਧ ਮੋਰਚਾ ਖੋਲ੍ਹ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਦੀ ਪੰਜਾਬ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਸ਼ਾਂਤਾ ਕੁਮਾਰ ਨੇ ਨਸ਼ਿਆਂ ਦੀ ਸਮਗਲਿੰਗ ਤੇ ਰੇਤ ਬਜਰੀ ਦੇ ਮੁੱਦੇ ‘ਤੇ ਅਕਾਲੀ ਆਗੂਆਂ ਵਿਰੁੱਧ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਬਲਰਾਮਜੀ ਦਾਸ ਟੰਡਨ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਖ਼ਤਿਆਰ ਕੀਤੀ ‘ਹਲਕਾ ਇੰਚਾਰਜਾਂ’ ਦੀ ਪ੍ਰਣਾਲੀ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਇਸੇ ਤਰ੍ਹਾਂ ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਆਖ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਹੁਣ ਦੱਬੂ ਪਾਰਟੀ ਨਹੀਂ ਰਹੇਗੀ। ਭਾਜਪਾ ਆਗੂਆਂ ਦੀਆਂ ਇਨ੍ਹ੍ਹਾਂ ਟਿੱਪਣੀਆਂ ਨੇ ਅਕਾਲੀ ਦਲ ਦੇ ਆਗੂਆਂ ਦੇ ਮੁੰਹ ਬੰਦ ਕਰ ਦਿੱਤੇ ਹਨ। ਅਕਾਲੀ ਆਗੂ ਭਾਜਪਾ ਵਿਰੁੱਧ ਕੁਝ ਵੀ ਕਹਿਣ ਨੂੰ ਤਿਆਰ ਨਹੀਂ।
ਭਾਜਪਾ ਆਗੂਆਂ ਦੇ ਇਕ ਦਮ ਹਰਕਤ ਵਿਚ ਆਉਣ ਨਾਲ ਭਾਵੇਂ ਗਠਜੋੜ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਪਰ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਪਿਛਲੇ ਸੱਤਾਂ ਸਾਲਾਂ ਤੋਂ ਨੁਕਰੇ ਲੱਗੀ ਭਾਜਪਾ ਸੂਬੇ ਦੀ ਸੱਤਾ ਵਿਚ ਹੁਣ ਬਰਾਬਰ ਦੀ ਹਿੱਸੇਦਾਰ ਬਣੇਗੀ। ਅਕਾਲੀ ਦਲ ਤੇ ਭਾਜਪਾ ਦਾ ਗਠਜੋੜ 1997 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਣਿਆ ਸੀ ਤੇ ਉਦੋਂ ਤੋਂ ਹੀ ਚਲਦਾ ਆ ਰਿਹਾ ਹੈ। ਇਸ ਰਾਜਸੀ ਗਠਜੋੜ ਨੇ ਹੁਣ ਤੱਕ ਪੰਜ ਲੋਕ ਸਭਾ ਚੋਣਾਂ ਇਕੱਠਿਆਂ ਹੀ ਲੜੀਆਂ ਹਨ। ਇਸ ਰਾਜਸੀ ਗਠਜੋੜ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਵਿਚ 1997 ਤੇ 2007 ਵਿਚ ਸਰਕਾਰਾਂ ਬਣਾਉਣ ਤੋਂ ਬਾਅਦ ਤੀਜੀ ਵਾਰੀ 2012 ਵਿਚ ਸਰਕਾਰ ਬਣਾਈ ਹੈ। ਸਾਲ 2007 ਵਿਚ ਭਾਜਪਾ ਦੇ 23 ਉਮੀਦਵਾਰਾਂ ਵਿਚੋਂ 19 ਵਿਧਾਇਕ ਜਿੱਤ ਗਏ ਸਨ। ਸਾਲ 2012 ਦੀਆਂ ਚੋਣਾਂ ਨੇ ਰਾਜਸੀ ਦ੍ਰਿਸ਼ ਅਜਿਹਾ ਬਦਲਿਆ ਕਿ ਅਕਾਲੀ ਦਲ ਦੇ ਵਿਧਾਇਕਾਂ ਦੀ ਗਿਣਤੀ 56 ਹੋ ਗਈ ਤੇ ਭਾਜਪਾ ਦੇ ਵਿਧਾਇਕਾਂ ਦੀ ਘੱਟ ਕੇ 12 ਹੀ ਰਹਿ ਗਈ ਸੀ। ਸਾਲ 2012 ਤੋਂ ਬਾਅਦ ਅਕਾਲੀ ਦਲ ਦਾ ਹੱਥ ਉਪਰ ਹੀ ਰਿਹਾ ਹੈ ਪਰ ਤਾਜ਼ਾ ਚੋਣਾਂ ਨੇ ਸਥਿਤੀ ਬਦਲ ਦਿੱਤੀ ਹੈ। ਅਕਾਲੀ ਦਲ ਦੇ ਸੰਸਦ ਮੈਂਬਰ ਨੇ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਉਨ੍ਹਾਂ ਦੇ ਨਿੱਜੀ ਵਿਚਾਰ ਦੱਸਦਿਆਂ ਕਿਹਾ ਕਿ ਇਸ ਬਾਰੇ ਉਹ ਕੁਝ ਵੀ ਨਹੀਂ ਕਹਿਣਗੇ। ਸ਼ ਬ੍ਰਹਮਪੁਰਾ ਦਾ ਮੰਨਣਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਨਸ਼ਿਆਂ ਦੀ ਸਮਗਲਿੰਗ ਤੇ ਰੇਤ ਬਜਰੀ ਦੇ ਮੁੱਦੇ ਹਾਵੀ ਰਹੇ। ਇਨ੍ਹਾਂ ਲਈ ਕਿਸੇ ਖਾਸ ਵਿਅਕਤੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
_________________________________
ਦੱਬੇ-ਘੁੱਟੇ ਜਵਾਬ ਦੇਣ ਲੱਗੇ ਅਕਾਲੀ ਆਗੂ
ਭਾਜਪਾ ਆਗੂਆਂ ਦੀਆਂ ਤਿੱਖੀਆਂ ਟਿੱਪਣੀਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਦਬੇ-ਘੁੱਟੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਕੱਤਰ ਡਾæ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਅਕਾਲੀ-ਭਾਜਪਾ ਦੀ ਤਾਲਮੇਲ ਕਮੇਟੀ ਵਿਚ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਗਠਜੋੜ ਪਾਰਟੀਆਂ ਦੇ ਉਮੀਦਵਾਰਾਂ ਦੀ ਹਾਰ ਦੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ਬਾਰੇ ਚਰਚਾ ਕੀਤੀ ਜਾਣੀ ਚਾਹੀਦੀ ਹੈ। ਡਾæ ਚੀਮਾ ਨੇ ਕਿਹਾ ਕਿ ਕਿਸੇ ਵੀ ਪਾਰਟੀ ਦੇ ਆਗੂ ਨੂੰ ਕੋਈ ਵੀ ਗੱਲ ਮੀਡੀਆ ਵਿਚ ਕਰਨ ਦੀ ਥਾਂ ਪਹਿਲਾਂ ਤਾਲਮੇਲ ਕਮੇਟੀ ਵਿਚ ਵਿਚਾਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦਰਮਿਆਨ ਗਠਜੋੜ ਬਹੁਤ ਪੁਰਾਣਾ ਹੈ ਤੇ ਇਸ ਉਪਰ ਕੋਈ ਅਸਰ ਨਹੀਂ ਪੈਣ ਵਾਲਾ। ਪਾਰਟੀ ਦੇ ਇਕ ਹੋਰ ਸੀਨੀਅਰ ਆਗੂ ਤੇ ਨਵੇਂ ਚੁਣੇ ਐਮਪੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਕਹਿਣਾ ਹੈ ਕਿ ਅਕਾਲੀਆਂ ਤੇ ਭਾਜਪਾਈਆਂ ਦਰਮਿਆਨ ਅਕਸਰ ਤਿੱਖੀਆਂ ਗੱਲਾਂ ਚਲਦੀਆਂ ਰਹਿੰਦੀਆਂ ਹਨ ਪਰ ਇਸ ਦੇ ਅਰਥ ਇਹ ਨਹੀਂ ਕੱਢਣੇ ਚਾਹੀਦੇ ਕਿ ਗਠਜੋੜ ਨੂੰ ਕੋਈ ਖ਼ਤਰਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਤੇ ਰੇਤੇ ਦੀ ਮਾਈਨਿੰਗ ਵਿØਭਾਗ ਭਾਜਪਾ ਦੇ ਮੰਤਰੀਆਂ ਅਧੀਨ ਆਉਂਦੇ ਹਨ। ਇਹ ਮੰਤਰੀ ਆਪਣੇ-ਆਪਣੇ ਵਿਭਾਗਾਂ ਵਿਚ ਆਜ਼ਾਦੀ ਨਾਲ ਕੰਮ ਕਰ ਰਹੇ ਹਨ। ਅਜਿਹੇ ਵਿਚ ਇਨ੍ਹਾਂ ਫ਼ੈਸਲਿਆਂ ਤੇ ਨੀਤੀਆਂ ਬਾਰੇ ਅਕਾਲੀ ਦਲ ‘ਤੇ ਦੋਸ਼ ਲਾਉਣਾ ਗਲਤ ਹੈ।
Leave a Reply