ਬਰਨਾਲਾ: ਆਪਣੇ ਰਵਾਇਤੀ ਵਿਰੋਧੀ ਸੁਖਦੇਵ ਸਿੰਘ ਢੀਂਡਸਾ ਦੀ ਹਾਰ ਦੇ ਬਾਵਜੂਦ ਬਰਨਾਲਾ ਪਰਿਵਾਰ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਕਿਸੇ ਵੀ ਤਰ੍ਹਾਂ ਦਾ ਅਸਰ ਛੱਡਣ ਵਿਚ ਅਸਫ਼ਲ ਰਿਹਾ ਹੈ। ਤਕਰੀਬਨ ਦੋ ਦਹਾਕਿਆਂ ਤੋਂ ਪੰਜਾਬ ਦੀ ਰਾਜਨੀਤੀ ਵਿਚ ਆਪਣੀ ਹੋਂਦ ਬਚਾਉਣ ਦੀ ਜੱਦੋਜਹਿਦ ਵਿਚ ਲੱਗੇ ਬਰਨਾਲਾ ਪਰਿਵਾਰ ਵੱਲੋਂ ਸਥਾਪਤ ਅਕਾਲੀ ਦਲ (ਲੌਂਗੋਵਾਲ) ਨੂੰ ਕਾਂਗਰਸ ਨਾਲ ਸਮਝੌਤਾ ਕਰਨਾ ਪਿਆ।
ਹਕੀਕੀ ਤੌਰ ‘ਤੇ ਸਿਰਫ਼ ਸੰਗਰੂਰ ਲੋਕ ਸਭਾ ਹਲਕੇ ਵਿਚ ਆਪਣੀਆਂ ਸਰਗਰਮੀਆਂ ਚਲਾ ਰਹੇ ਇਸ ਅਕਾਲੀ ਦਲ ਨੇ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਦੀ ਹਮਾਇਤ ਦਾ ਐਲਾਨ ਕੀਤਾ। ਆਪਣੇ ਉਮੀਦਵਾਰ ਵਾਸਤੇ ਚੋਣ ਪ੍ਰਚਾਰ ਕਰਨ ਬਰਨਾਲਾ ਆਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀ ਰੈਲੀ ਵਾਲੀ ਸਟੇਜ ‘ਤੇ ਸੁਰਜੀਤ ਕੌਰ ਬਰਨਾਲਾ ਨੂੰ ਪੂਰਾ ਮਾਣ-ਸਨਮਾਨ ਦਿੱਤਾ ਪਰ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਨਾਲ ਬਰਨਾਲਾ ਜ਼ਿਲ੍ਹੇ ਅੰਦਰ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਦੇ ਪ੍ਰਭਾਵ ਤੇ ਅਸਰ-ਰਸੂਖ ‘ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ।
ਸਰੀਰਕ ਤੌਰ ‘ਤੇ ਬੇਹੱਦ ਕਮਜ਼ੋਰ ਹੋ ਚੁੱਕੇ ਸੁਰਜੀਤ ਸਿੰਘ ਬਰਨਾਲਾ ਭਾਵੇਂ ਕਾਫ਼ੀ ਲੰਮੇ ਸਮੇਂ ਤੋਂ ਸਰਗਰਮ ਰਾਜਨੀਤੀ ਤੋਂ ਦੂਰ ਹਨ, ਪਰ ਉਨ੍ਹਾਂ ਦੇ ਨਾਂਅ ਦਾ ਸਹਾਰਾ ਲੈ ਕੇ ਬਾਕੀ ਪਰਿਵਾਰਕ ਮੈਂਬਰ ਹਾਲੇ ਵੀ ਸਥਾਨਕ ਸਿਆਸਤ ਵਿਚ ਆਪਣਾ ਦਬਦਬਾ ਰੱਖਣ ਦੇ ਚਾਹਵਾਨ ਹਨ। ਸੁਰਜੀਤ ਸਿੰਘ ਬਰਨਾਲਾ ਦੀ ਪਤਨੀ ਸੁਰਜੀਤ ਕੌਰ ਅਕਾਲੀ ਦਲ (ਲੌਂਗੋਵਾਲ) ਦੇ ਪ੍ਰਧਾਨ ਹਨ ਜਦਕਿ ਬੇਟਾ ਗਗਨਦੀਪ ਸਿੰਘ ਬਰਨਾਲਾ ਧੂਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹਿ ਚੁੱਕਾ ਹੈ। ਸੁਰਜੀਤ ਸਿੰਘ ਬਰਨਾਲਾ 1977 ਵਿਚ ਸੰਗਰੂਰ ਲੋਕ ਸਭਾ ਸੀਟ ਜਿੱਤ ਕੇ ਕੇਂਦਰ ਵਿਚ ਮੰਤਰੀ ਬਣੇ ਸਨ। ਇਸ ਤੋਂ ਬਾਅਦ ਇਕ ਵਾਰ ਫਿਰ ਉਹ ਸੰਗਰੂਰ ਸੀਟ ਤੋਂ ਜੇਤੂ ਰਹੇ ਸਨ।
ਉਨ੍ਹਾਂ ਬਰਨਾਲਾ ਵਿਧਾਨ ਸਭਾ ਹਲਕੇ ਦੀ ਪ੍ਰਤੀਨਿਧਤਾ ਕਰਦੇ ਹੋਏ 1985 ਵਿਚ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਵੀ ਸੰਭਾਲੀ। ਅਕਾਲੀ ਦਲ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਸਰਦਾਰੀ ਸਥਾਪਤ ਹੋਣ ਮਗਰੋਂ ਸੁਰਜੀਤ ਸਿੰਘ ਬਰਨਾਲਾ ਦੀ ਪੁੱਛ-ਪੜਤਾਲ ਘਟਣ ਲੱਗੀ। ਲੋਕ ਸਭਾ ਹਲਕਾ ਸੰਗਰੂਰ ਵਿਚ ਬਰਨਾਲਾ ਦੇ ਕੱਟੜ ਵਿਰੋਧੀ ਸੁਖਦੇਵ ਸਿੰਘ ਢੀਂਡਸਾ ਦਾ ਸ਼ ਬਾਦਲ ਦੇ ਆਸ਼ੀਰਵਾਦ ਨਾਲ ਬੜੀ ਤੇਜ਼ੀ ਨਾਲ ਕੱਦ ਵਧਿਆ, ਜੋ ਅਜੇ ਤੱਕ ਕਾਇਮ ਹੈ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਸੁਰਜੀਤ ਸਿੰਘ ਬਰਨਾਲਾ ਨੂੰ ਤਾਮਿਲਨਾਡੂ ਦਾ ਰਾਜਪਾਲ ਬਣਾ ਕੇ ਪੰਜਾਬ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ। ਬਾਅਦ ਵਿਚ ਯੂਪੀਏ ਸਰਕਾਰ ਤੋਂ ਵੀ ਉਨ੍ਹਾਂ ਨੂੰ ਮਾਨਤਾ ਮਿਲੀ। ਇਸ ਮਾਨਤਾ ਦੀ ਇਕ ਵਜ੍ਹਾ ਸੀ ਕਿ ਉਨ੍ਹਾਂ ਨੂੰ ਸ਼ ਬਾਦਲ ਦੇ ਵਿਰੋਧੀ ਵਜੋਂ ਦੇਖਿਆ ਜਾਂਦਾ ਸੀ, ਹਾਲਾਂਕਿ ਅਸਲੀਅਤ ਇਹ ਸੀ ਕਿ ਪੰਜਾਬ ਦੀ ਸਿਆਸਤ ਵਿਚ ਉਨ੍ਹਾਂ ਦਾ ਪ੍ਰਭਾਵ ਖੇਤਰ ਲਗਾਤਾਰ ਸੁੰਗੜਦਾ ਜਾ ਰਿਹਾ ਸੀ। ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸੱਤਾ ਤੋਂ ਦੂਰ ਰਹਿ ਰਹੇ ਇਸ ਪਰਿਵਾਰ ਦੇ ਬਹੁਤੇ ਕੱਟੜ ਸਮਰਥਕ ਵੀ ਹੁਣ ਇਸ ਪਰਿਵਾਰ ਦਾ ਸਾਥ ਛੱਡ ਚੁੱਕੇ ਹਨ। ਇਨ੍ਹਾਂ ਚੋਣਾਂ ਦੌਰਾਨ ਬਰਨਾਲਾ ਪਰਿਵਾਰ ਦਾ ਕਾਂਗਰਸੀ ਉਮੀਦਵਾਰ ਨੂੰ ਖੁੱਲ੍ਹ ਕੇ ਸਮਰਥਨ ਦੇਣਾ ਤੇ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਨਾਲ ਰਾਜਨੀਤਕ ਤੌਰ ‘ਤੇ ਇਹ ਪਰਿਵਾਰ ਹਾਸ਼ੀਏ ‘ਤੇ ਪਹੁੰਚ ਗਿਆ।
Leave a Reply