ਚੰਡੀਗੜ੍ਹ: ਪੰਜਾਬ ਵਿਚ ਹੁਕਮਰਾਨ ਅਕਾਲੀ-ਭਾਜਪਾ ਗਠਜੋੜ ਨੇ ਲੋਕ ਸਭਾ ਚੋਣਾਂ ਵਿਚ ਨਸ਼ਿਆਂ ਨੂੰ ਆਪਣੀ ਮਾੜੀ ਕਾਰਗੁਜ਼ਾਰੀ ਦਾ ਕਾਰਨ ਮੰਨਦੇ ਹੋਏ ਨਸ਼ਾ ਤਸਕਰਾਂ ਖ਼ਿਲਾਫ਼ ਵਿਆਪਕ ਮੁਹਿੰਮ ਛੇੜ ਦਿੱਤੀ ਹੈ। ਚੋਣਾਂ ਵਿਚ ਝਟਕੇ ਤੋਂ ਬਾਅਦ ਸਰਕਾਰ ਨੇ ਜਿਥੇ ਜੇਲ੍ਹ ਤੇ ਸਭਿਆਚਾਰਕ ਮੰਤਰੀ ਸਰਵਣ ਸਿੰਘ ਫਿਲੌਰ ਦੀ ਛੁੱਟੀ ਕਰ ਦਿੱਤੀ ਹੈ ਉਥੇ ਪੁਲਿਸ ਵੱਲੋਂ ਸੂਬੇ ਭਰ ਵਿਚ ਤਸਕਰਾਂ ਦੀ ਸ਼ਾਮਤ ਲਿਆਂਦੀ ਹੋਈ ਹੈ।
ਸੂਤਰਾਂ ਮੁਤਾਬਕ ਡੀæਜੀæਪੀ ਸੁਮੇਧ ਸਿੰਘ ਸੈਣੀ ਵੱਲੋਂ ਚੋਣ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ 20 ਮਈ ਨੂੰ ਮੁੜ ਪੁਲਿਸ ਮੁਖੀ ਦਾ ਅਹੁਦਾ ਸਾਂਭਦਿਆਂ ਹੀ ਸਮੂਹ ਐਸ਼ਐਸ਼ਪੀਜ਼ ਨੂੰ ਡਰੱਗ ਮਾਫੀਏ ਨੂੰ ਜੜ੍ਹੋਂ ਵੱਢਣ ਦੇ ਸਖ਼ਤ ਹੁਕਮ ਦਿੱਤੇ ਗਏ ਹਨ। ਇਸ ਤਹਿਤ ਸਮੂਹ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੇ ਡਰੱਗ ਮਾਫੀਏ ਵਿਰੁੱਧ ਵਿਆਪਕ ਮੁਹਿੰਮ ਛੇੜ ਕੇ ਇਕ ਹਫਤੇ ਦੌਰਾਨ ਐਨæਡੀæਪੀæਐਸ਼ ਐਕਟ ਤਹਿਤ ਰਿਕਾਰਡ ਕੇਸ ਦਰਜ ਕੀਤੇ ਹਨ। ਸਭ ਤੋਂ ਵੱਧ ਜਲੰਧਰ ਜ਼ਿਲ੍ਹੇ ਵਿਚ 50 ਤੇ ਅੰਮ੍ਰਿਤਸਰ ਜਿਲ੍ਹੇ ਵਿਚ 39 ਐਨæਡੀæਪੀæਐਸ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ। ਉਂਜ ਬਠਿੰਡਾ ਜ਼ਿਲ੍ਹੇ ਵਿਚ ਇਕ ਵੀ ਅਜਿਹਾ ਕੇਸ ਦਰਜ ਨਹੀਂ ਕੀਤਾ ਗਿਆ। ਵੇਰਵਿਆਂ ਮੁਤਾਬਕ ਪੰਜਾਬ ਵਿਚ ਪਿਛਲੇ ਇਕ ਹਫਤੇ ਦੌਰਾਨ ਤਕਰੀਬਨ 700 ਤਸਕਰਾਂ ਨੂੰ ਹਿਰਾਸਤ ਵਿਚ ਲਿਆ ਹੈ।23 ਮਈ ਵਾਲੇ ਦਿਨ ਬਠਿੰਡਾ ਜ਼ੋਨ ਵਿਚ ਇਕੋ ਦਿਨ ਵਿਚ 72 ਪੁਲਿਸ ਕੇਸ ਐਨæਡੀæਪੀæਐਸ਼ ਐਕਟ ਤਹਿਤ ਦਰਜ ਕੀਤੇ ਗਏ ਹਨ। ਬਠਿੰਡਾ ਜ਼ੋਨ ਦੇ ਆਈæਜੀæ ਪਰਮਰਾਜ ਸਿੰਘ ਉਮਰਾਨੰਗਲ ਦਾ ਕਹਿਣਾ ਸੀ ਕਿ ਉਹ ਬਠਿੰਡਾ ਜ਼ੋਨ ਨੂੰ ਨਸ਼ਿਆਂ ਤੋਂ ਮੁਕਤ ਕਰਨ ਵਾਸਤੇ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲੈ ਰਹੇ ਹਨ। ਦੱਸਣਯੋਗ ਹੈ ਕਿ ਉਪ ਮੁੱਖ ਮੰਤਰੀ ਤੇ ਗ੍ਰਹਿ ਵਿਭਾਗ ਦੇ ਇੰਚਾਰਜ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ‘ਤੇ ਪਿਛਲੇ ਵਰ੍ਹੇ ਡਰੱਗ ਮਾਫੀਏ ਵਿਰੁੱਧ ਵੱਡੀ ਮੁਹਿੰਮ ਚਲਾਈ ਗਈ ਸੀ। ਇਸ ਤਹਿਤ 2013 ਦੌਰਾਨ ਡਰੱਗ ਮਾਫੀਏ ਵਿਰੁੱਧ ਐਨæਡੀæਪੀæਐਸ ਐਕਟ ਤਹਿਤ ਕੁੱਲ 14,650 ਐਫ਼ਆਈæਆਰਜ਼ ਦਰਜ ਕਰਕੇ 16,820 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤਰ੍ਹਾਂ ਪਿਛਲੇ ਵਰ੍ਹੇ ਸੂਬੇ ਦੇ ਸਮੂਹ ਥਾਣਿਆਂ ਵਿਚ ਪ੍ਰਤੀ ਦਿਨ ਔਸਤਨ 40 ਐਨæਡੀæਪੀæਐਸ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ। ਇਕ ਪੁਲਿਸ ਅਧਿਕਾਰੀ ਮੁਤਾਬਕ ਭਾਵੇਂ ਪੁਲਿਸ ਕਾਨੂੰਨ ਮੁਤਾਬਕ ਪਾਬੰਦੀਸ਼ੁਦਾ ਨਸ਼ਾ ਕਰਨ ਵਾਲਿਆਂ ਵਿਰੁੱਧ ਵੀ ਕੇਸ ਦਰਜ ਕਰ ਸਕਦੀ ਹੈ ਪਰ ਫਿਲਹਾਲ ਨਸ਼ੇ ਦੀਆਂ ਪੁੜੀਆਂ ਵੇਚਣ ਵਾਲਿਆਂ ਵਿਰੁੱਧ ਹੀ ਮੁਹਿੰਮ ਚਲਾਈ ਗਈ ਹੈ।ਅਗਲੇ ਪੜਾਅ ਵਿਚ ਨਸ਼ੇ ਕਰਨ ਵਾਲਿਆਂ ਵਿਰੁੱਧ ਵੀ ਮੁਹਿੰਮ ਚਲਾਉਣ ਦੇ ਸੰਕੇਤ ਮਿਲੇ ਹਨ। ਪੰਜਾਬ ਭਰ ਵਿਚ ਪੁਲਿਸ ਅਧਿਕਾਰੀ ਨਸ਼ੇ ਵੇਚਣ ਵਾਲੇ ਵਿਅਕਤੀਆਂ ਦੀਆਂ ਸੂਚੀਆਂ ਫਰੋਲ ਰਹੇ ਹਨ। ਪੁਲਿਸ ਵੱਲੋਂ ਡਰੱਗ ਮਾਫੀਆ ਨੂੰ ਵੱਖ-ਵੱਖ ਵਰਗਾਂ ਵਿਚ ਵੰਡ ਕੇ ਕੰਮ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਪ੍ਰਚੂਨ ਵਿਚ ਨਸ਼ਿਆਂ ਦੀਆਂ ਪੁੜੀਆਂ ਵੇਚਣ ਵਾਲਿਆਂ ‘ਤੇ ਨਕੇਲ ਕੱਸਣ ਤੱਕ ਹੀ ਸੀਮਤ ਹੈ। ਪੁਲਿਸ ਨੇ ਇਸ ਮੁਹਿੰਮ ਤਹਿਤ ਫਿਲਹਾਲ ਕਿਸੇ ਵੱਡੇ ਡਰੱਗ ਮਾਫੀਆ ਨੂੰ ਹੱਥ ਨਹੀਂ ਪਾਇਆ ਹੈ। ਸੂਤਰਾਂ ਮੁਤਾਬਕ ਪੰਜਾਬ ਦਾ ਖੁਫੀਆ ਵਿੰਗ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਡਰੱਗ ਮਾਫੀਆ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਤੇ ਗੁਪਤ ਅੱਖ ਰੱਖ ਰਿਹਾ ਹੈ ਕਿਉਂਕਿ ਅਜਿਹੀਆਂ ਵੀ ਸੂਚਨਾਵਾਂ ਹਨ ਕਿ ਕਈ ਥਾਈਂ ਪੁਲਿਸ ਦੀ ਮਿਲੀਭੁਗਤ ਨਾਲ ਹੀ ਡਰੱਗ ਦਾ ਧੰਦਾ ਚੱਲ ਰਿਹਾ ਹੈ।
____________________________________
ਜੇਲ੍ਹਾਂ ਵਿਚ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ
ਜੇਲ੍ਹ ਵਿਭਾਗ ਪੰਜਾਬ ਦੇ ਆਈæਜੀ ਜਗਜੀਤ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਦੀ ਮੁਹਿੰਮ ਤਹਿਤ ਫੜੇ ਤਸਕਰ ਤਾਂ ਹਾਲੇ ਥਾਣਿਆਂ ਵਿਚ ਹੀ ਹਨ। ਉਹ ਜੇਲ੍ਹਾਂ ਤੱਕ ਪੁੱਜਣੇ ਸ਼ੁਰੂ ਨਹੀਂ ਹੋਏ ਹਨ। ਜੇਲ੍ਹ ਵਿਭਾਗ ਵੱਲੋਂ ਪਹਿਲਾਂ ਵੀ ਚਿਤਾਵਨੀ ਪੱਤਰ ਜਾਰੀ ਕੀਤੇ ਜਾਂਦੇ ਹਨ। ਜਾਣਕਾਰੀ ਮੁਤਬਕ ਜੇਲ੍ਹ ਵਿਭਾਗ ਵੱਲੋਂ ਹੁਣ ਜੇਲ੍ਹਾਂ ਦੇ ਬੰਦੀਆਂ ਨੂੰ ਨਸ਼ਿਆਂ ਆਦਿ ਤੋਂ ਜਾਗਰੂਕ ਕਰਨ ਵਾਸਤੇ ਨਾਟਕ ਆਦਿ ਕਰਾਉਣ ਦਾ ਪ੍ਰੋਗਰਾਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
______________________________________
ਜੇਲ੍ਹ ਵਿਭਾਗ ਨੂੰ ਸਤਾਉਣ ਲੱਗਾ ਨਸ਼ੇੜੀ ਸਾਂਭਣ ਦਾ ਡਰ
ਬਠਿੰਡਾ: ਪੰਜਾਬ ਪੁਲਿਸ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਨੇ ਜੇਲ੍ਹ ਵਿਭਾਗ ਦੀ ਜਾਨ ਸੁੱਕਣੇ ਪਾ ਦਿੱਤੀ ਹੈ। ਜੇਲ੍ਹਾਂ ਵਿਚ ਪਹਿਲਾਂ ਹੀ ਸਮਰੱਥਾ ਘੱਟ ਹੈ, ਉਪਰੋਂ ਇਸ ਮੁਹਿੰਮ ਤਹਿਤ ਜੇਲ੍ਹਾਂ ਵਿਚ ਵੱਡੀ ਗਿਣਤੀ ਵਿਚ ਨਸ਼ੇੜੀ ਪੁੱਜਣੇ ਸ਼ੁਰੂ ਹੋ ਗਏ ਹਨ। ਪੁਲਿਸ ਵੱਲੋਂ ਵੱਡੇ ਤਸਕਰਾਂ ਦੀ ਥਾਂ ਛੋਟੇ-ਛੋਟੇ ਨਸ਼ੇੜੀ ਫੜ ਕੇ ਜੇਲ੍ਹਾਂ ਵਿਚ ਬੰਦ ਕਰਵਾਏ ਜਾ ਰਹੇ ਹਨ। ਜੇਲ੍ਹ ਵਿਭਾਗ ਫਿਕਰਮੰਦ ਹੋ ਗਿਆ ਹੈ ਕਿਉਂØਕਿ ਇਕੋ ਦਮ ਨਸ਼ਾ ਬੰਦ ਹੋਣ ਕਰਕੇ ਇਹ ਨਸ਼ੇੜੀ ਜੇਲ੍ਹਾਂ ਲਈ ਸਮੱਸਿਆ ਪੈਦਾ ਕਰ ਸਕਦੇ ਹਨ।ਜੇਲ੍ਹਾਂ ਨੂੰ ਨਸ਼ੇੜੀਆਂ ਬਾਰੇ ਰੋਜ਼ਾਨਾ ਦੀ ਰਿਪੋਰਟ ਵੀ ਦੇਣ ਲਈ ਆਖਿਆ ਗਿਆ ਹੈ। ਪੰਜਾਬ ਦੀਆਂ ਅੱਠ ਜੇਲ੍ਹਾਂ ਵਿਚ ਨਸਾ ਛੁਡਾਊ ਕੇਂਦਰ ਹਨ, ਜਿਨ੍ਹਾਂ ਦਾ ਹੁਣ ਇਕ ਡੀæਆਈæਜੀ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ ਜੋ ਕਿ ਰੋਜ਼ਾਨਾ ਇਨ੍ਹਾਂ ਕੇਂਦਰਾਂ ਦੀ ਨਿਗਰਾਨੀ ਕਰੇਗਾ। ਜੇਲ੍ਹਾਂ ਨੂੰ ਦਵਾਈ ਆਦਿ ਦੇ ਪ੍ਰਬੰਧ ਪੂਰੇ ਕਰਨ ਵਾਸਤੇ ਆਖਿਆ ਗਿਆ ਹੈ। ਪਤਾ ਲੱਗਾ ਹੈ ਕਿ ਮਈ ਦੇ ਸ਼ੁਰੂ ਵਿਚ ਪੰਜਾਬ ਦੀਆਂ 26 ਜੇਲ੍ਹਾਂ ਤੇ ਇੱਕ ਖੁੱਲ੍ਹੀ ਜੇਲ੍ਹ ਵਿਚ 26990 ਹਵਾਲਾਤੀ ਤੇ ਕੈਦੀ ਬੰਦ ਸਨ। ਇਸ ਵੇਲੇ ਇਨ੍ਹਾਂ ਦੀ ਗਿਣਤੀ ਤਕਰੀਬਨ 28 ਹਜ਼ਾਰ ਦੱਸੀ ਜਾ ਰਹੀ ਹੈ। ਪੰਜਾਬ ਵਿਚ ਨੌਂ ਕੇਂਦਰੀ ਜੇਲ੍ਹਾਂ ਤੇ ਅੱਠ ਜ਼ਿਲ੍ਹਾ ਜੇਲ੍ਹਾਂ ਹਨ। ਇਨ੍ਹਾਂ ਸਾਰੀਆਂ ਜੇਲ੍ਹਾਂ ਦੀ ਸਮਰੱਥਾ ਤਕਰੀਬਨ 18 ਹਜ਼ਾਰ ਬੰਦੀਆਂ ਦੀ ਹੈ। ਸਮਰੱਥਾ ਤੋਂ ਜ਼ਿਆਦਾ ਬੰਦੀ ਤਾਂ ਪਹਿਲਾਂ ਹੀ ਜੇਲ੍ਹਾਂ ਵਿਚ ਹਨ।
Leave a Reply